ਪੜ੍ਹਨਾ - ਇਕ ਚੰਗੀ ਆਦਤ (ਲੇਖ )

ਕਮੋਡੋਰ ਗੁਰਨਾਮ ਸਿੰਘ   

Email: commodoregurnam@gmail.com
Cell: +91 98181 59944
Address:
ਜੇ 240, ਸੈਕਟਰ 25, ਨੌਏਡਾ ਯੂ ਪੀ India
ਕਮੋਡੋਰ ਗੁਰਨਾਮ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਜ ਕਲ ਦੇ ਮਾਪਦੰਡਾਂ ਅਨੁਸਾਰ ਪੜ੍ਹੇ ਲਿਖੇ ਹੋਣਾ ਅਤੇ ਪੜ੍ਹਣ ਦੀ ਆਦਤ ਹੋਣੀ ਦੋ ਵੱਖ ਵੱਖ ਚੀਜ਼ਾਂ ਹਨ। ਹਰ ਵਿਵੇਕਵਾਨ ਅਤੇ ਸੂਝਬੂਝ ਵਾਲੇ ਸਮਾਜ ਵਿਚ ਕਿਸੇ ਵੀ ਵਿਅਕਤੀ ਲਈ ਪੜ੍ਹਣ ਦੀ ਆਦਤ ਨੂੰ ਬਹੁਤ ਵਧੀਆ, ਉੱਤਮ ਅਤੇ ਸ਼੍ਰੇਸ਼ਠ ਗੁਣ ਮੰਨਿਆ ਜਾਂਦਾ ਹੈ।  ਪਰ ਹਰ ਪੜ੍ਹੇ ਲਿਖੇ ਵਿਅਕਤੀ ਨੂੰ ਪੜ੍ਹਣ ਦੀ ਆਦਤ ਨਹੀਂ ਹੁੰਦੀ। ਪੜ੍ਹਣ ਦੀ ਆਦਤ ਆਪਣੇ ਆਪ ਨਹੀਂ ਪੈਂਦੀ।  ਇਹ ਵੀ ਹੋਰ ਚੰਗੀਆਂ ਆਦਤਾਂ ਵਾਂਗ ਪਾਉਣੀ ਪੈਂਦੀ ਹੈ ਜਾਂ ਛੋਟੀ ਅਵਸਥਾ ਵਿਚ ਸਾਡੇ ਮਾਤਾ ਪਿਤਾ ਜਾਂ ਸਾਡੇ ਸਕੂਲ ਦੇ ਸਾਡੇ ਅਧਿਆਪਕਾਂ ਨੇ ਹੋਰ ਕਈ ਚੰਗੇ ਗੁਣਾਂ ਦੇ ਨਾਲ ਨਾਲ ਪੜ੍ਹਣ ਦੀ ਆਦਤ ਵੀ ਸਾਨੂੰ ਦੇਣੀ ਹੁੰਦੀ ਹੈ।  ਅਸੀਂ ਇਹ ਵੀ ਆਮ ਵੇਖਦੇ ਹਾਂ ਕਿ ਦੇਸ਼ ਵਿਚ ਅਣਪੜ੍ਹਤਾ ਘਟੀ ਹੈ, ਸਾਕਸ਼ਰਤਾ ਆਈ ਹੈ ਪਰ ਲੋਕਾਂ ਨੂੰ ਪੜ੍ਹਣ ਦੀ ਆਦਤ ਓਨੀਂ ਨਹੀਂ ਪਈ ਜਿੰਨੀਂ ਪੈਣੀ ਚਾਹੀਦੀ ਹੈ। ਤੁਹਾਡੇ ਸੰਪਰਕ ਵਿਚ ਰਹਿੰਦੇ ਤੁਹਾਨੂੰ ਆਪਣੀ ਜਾਣ ਪਛਾਣ ਦੇ ਬਹੁਤ ਲੋਗ ਮਿਲਣਗੇ ਜਿਨਾਂ੍ਹ ਦੀ ਗਿਣਤੀ ਅਜਕਲ ਦੇ ਮਿਆਰਾਂ ਅਨੁਸਾਰ ਪੜ੍ਹਿਆਂ ਲਿਖਿਆਂ ਵਿਚ ਹੁੰਦੀ ਹੈ। ਇਹ ਉਹ ਲੋਗ ਹਨ ਜੋ ਦਸ ਜਾਂ ਬਾਰਾਂ੍ਹ ਜਮਾਤਾਂ ਪਾਸ ਹਨ ਜਾਂ ਜਿਨਾਂ੍ਹ ਨੇ ਗ੍ਰੈਜੁਏਸ਼ਨ ਕੀਤੀ ਹੋਈ ਹੈ ਜਾਂ ਕੋਈ ਮਾਸਟਰ ਦੀ ਡਿਗਰੀ ਕੀਤੀ ਹੋਈ ਹੈ, ਏਥੋਂ ਤੱਕ ਕਿ ਪੀ ਐਚ ਡੀ ਤੱਕ ਦੀ ਡੌਕਟਰੇਟ ਹਾਸਲ ਕੀਤੀ ਹੋਈ ਹੈ। ਪਰ ਏਨੀਂ ਵਿਦਿਆ ਪ੍ਰਾਪਤੀ ਤੋਂ ਬਾਅਦ ਵੀ ਉਹਨਾਂ ਨੂੰ ਪੜ੍ਹਣ ਦੀ ਆਦਤ ਨਹੀਂ ਹੈ, ਅਤੇ ਜੇ ਹੈ ਵੀ ਤਾਂ ਕਦੀ ਕਦਾਈਂ ਦੀ ਹੈ ਅਤੇ ਬੜੀ ਘੱਟ ਹੈ। ਅੰਗ੍ਰੇਜ਼ੀ ਦੀ ਇਕ ਕਹਾਵਤ ਹੈ ਕਿ ਪੜ੍ਹਣ ਦੀ ਆਦਤ ਵਿਅਕਤੀ ਨੂੰ ਸ਼੍ਰੇਸ਼ਠ ਅਤੇ ਵਿਵੇਕੀ ਬਣਾਉਂਦੀ ਹੈ। (ਰੀਡਿੰਗ ਮੇਕਥ ਏ ਮੈਨ)। ਪੜ੍ਹਣ, ਲਿਖਣ ਅਤੇ ਗਣਿਤ ਜਾਨਣ ਦੇ ਤਿੰਨ ਗੁਣ  ਵਿਦਿਆਰਥੀਆਂ ਲਈ ਸਕੂਲੀ ਪੜ੍ਹਾਈ ਦੇ ਜ਼ਰੂਰੀ ਅੰਗ ਮੰਨੇਂ ਗਏ ਹਨ। ਹਰ ਵਿਕਸਿਤ ਸਮਾਜ ਮੰਨਦਾ ਹੈ ਕਿ ਹਰ ਵਿਅਕਤੀ ਨੂੰ ਚੰਗਾ ਜੀਵਨ ਬਤੀਤ ਕਰਨ ਲਈ ਇਹ ਤਿੰਨ ਗੁਣ ਬਹੁਤ ਸਹਾਈ ਹੁੰਦੇ ਹਨ। ਅੰਗ੍ਰੇਜ਼ੀ ਵਿਚ ਇਹਨਾਂ ਨੂੰ ਤਿੰਨ ਰਾਰੇ ਕਿਹਾ ਜਾਦਾ ਹੈ; ਯਾਨੀ ਰੀਡਿੰਗ, ਰਾਈਟਿੰਗ ਅਤੇ ਅਰਥਮੈਟਿਕ। ਰੀਡਿੰਗ ਜਾਂ ਪੜ੍ਹਣ ਦਾ ਗੁਣ ਇਹਨਾਂ ਵਿਚੋਂ ਪਹਿਲਾ ਗੁਣ ਮੰਨਿਆ ਗਿਆ ਹੈ।
ਵਿਕਸਿਤ ਦੇਸ਼ਾਂ ਵਿਚ ਪੜ੍ਹਣ ਦੀ ਆਦਤ ਨੂੰ, ਆਦਮੀ ਜਾਂ ਇਸਤਰੀ ਦੋਹਾਂ ਲਈ, ਵਿਅਕਤੀ ਦੀਆਂ ਨਿੱਜੀ ਆਦਤਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਇਹ ਇਕ ਅਜੇਹੀ ਆਦਤ ਹੈ ਜੋ ਸਮੇਂ ਨਾਲ ਹਰ ਵਿਅਕਤੀ ਦੇ ਗਿਆਨ ਵਿਚ ਵਾਧਾ ਕਰਦੀ ਹੈ ਅਤੇ ਉਸਨੂੰ ਬੀਤੇ ਹੋਏ ਅਤੇ ਆਉਣ ਵਾਲੇ ਸਮੇਂ ਨਾਲ ਜੋੜ ਕੇ ਰਖਦੀ ਹੈ। ਇਹ ਉਸ ਨੂੰ ਆਧੁਨਿਕਤਾ ਨਾਲ ਵੀ ਜੋੜ ਕੇ ਰੱਖਦੀ ਹੈ ਅਤੇ ਸੰਸਾਰ ਵਿਚ ਹੋ ਰਹੀਆਂ ਨਵੀਆਂ ਕਾਢਾਂ, ਨਵੀਆਂ ਸੋਚਾਂ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਦੇ ਕੇ ਉਸ ਦੇ ਵਿਅਕਤਿੱਤਵ ਨੂੰ ਦਿਨ ਬ ਦਿਨ ਹੋਰ ਨਿਖਾਰਦੀ ਹੈ।  ਆਮ ਤੌਰ ਤੇ ਇਹ ਆਦਤ ਬੱਚਿਆਂ ਨੂੰ ਚੰਗੇ ਸਕੂਲਾਂ ਵਿਚ ਬਚਪਨ ਤੋਂ ਹੀ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਪੜ੍ਹਣ ਦੀ ਆਦਤ ਪਾਉਣ ਵਿਚ ਅੱਠ ਦਸ ਸਾਲ ਲੱਗ ਜਾਂਦੇ ਹਨ। ਪਰ ਆਪਣੀ ਵਿਦਿਅਕ ਗੁਣਵੱਤਾ ਲਈ ਜਾਣੇ ਅਤੇ ਪਛਾਣੇ ਜਾਂਦੇ ਚੰਗੇ ਸਕੂਲ ਅਤੇ ਜਾਗਰੂਕ ਮਾਤਾ ਪਿਤਾ ਬੱਚੇ ਦੇ ਇਸ ਗੁਣ ਨੂੰ ਗ੍ਰਹਿਣ ਕਰਨ ਉੱਤੇ ਬਹੁਤ ਜ਼ੋਰ ਦੇਂਦੇ ਹਨ ਅਤੇ ਇਸ ਲਈ ਹਰ ਉਪਰਾਲਾ ਅਤੇ ਹਰ ਹੀਲਾ ਵਸੀਲਾ ਕਰਦੇ ਹਨ। 
ਬੱਚਿਆਂ ਵਿਚ ਪੜ੍ਹਣ ਦੀ ਆਦਤ ਦੇ ਵਿਕਾਸ ਲਈ, ਉਹਨਾਂ ਨੂੰ ਆਪਣੇ ਸਿੱਲੇਬਸ ਵਿਚ ਲੱਗੀਆਂ ਕਿਤਾਬਾਂ ਤੋਂ ਇਲਾਵਾ ਸਕੂਲ ਦੀ ਲਾਇਬ੍ਰੇਰੀ ਵਿਚੋਂ ਹੋਰ ਕਿਤਾਬਾਂ ਲੈ ਕੇ ਪੜ੍ਹਣ ਲਈ ਪ੍ਰੋਤਸਾਹਤ ਕੀਤਾ ਜਾਂਦਾ ਹੈ। ਚੰਗੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਦੀ ਉਮਰ ਨਾਲ ਢੁਕਦੀਆਂ ਕਿਤਾਬਾਂ ਰੱਖੀਆਂ ਜਾਂਦੀਆਂ ਹਨ। ਬੱਚੇ ਦੁਨੀਆਂ ਦੇ ਉੱਘੇ ਲੇਖਕਾਂ ਦੇ ਲਿਖੇ ਉਹ ਸ਼ਾਹਕਾਰ ਪੜ੍ਹਦੇ ਹਨ ਜੋ ਪੜ੍ਹਣ ਵਿਚ ਸੌਖੇ ਅਤੇ ਆਸਾਨ ਵੀ ਹਨ, ਕਲਾਸੀਕਲ ਸਾਹਿਤ ਦੀ ਸ਼੍ਰੇਣੀ ਵਿਚ ਵੀ ਆ ਚੁਕੇ ਹਨ, ਜਿਨਾਂ੍ਹ ਨੂੰ ਪਿਛਲੀਆਂ ਕਈ ਪੀੜ੍ਹੀਆਂ ਪੜ੍ਹਦੀਆਂ ਆਈਆਂ ਹਨ ਅਤੇ ਉਹਨਾਂ ਨੂੰ ਪੜ੍ਹ ਕੇ ਵੱਡੀਆਂ ਹੋਈਆਂ ਹਨ। ਹੌਲੀ ਹੌਲੀ, ਪੰਜ ਸੱਤ ਸਾਲਾਂ ਵਿਚ, ਬੱਚਿਆਂ ਨੇ ਕਈ ਕਿਤਾਬਾਂ ਪੜ੍ਹ ਲਈਆਂ ਹੁੰਦੀਆਂ ਹਨ। ਬੱਚਿਆਂ ਨੂੰ ਕਿਤਾਬਾਂ ਵਿਚ ਦੱਸੀਆਂ ਕਹਾਣੀਆਂ, ਵਿਚਾਰ, ਲੇਖ  ਅਤੇ ਵਿਸ਼ੇ ਚੰਗੇ ਲੱਗਣ ਲੱਗ ਜਾਂਦੇ ਹਨ ਅਤੇ ਉਹਨਾਂ  ਨੂੰ ਕਿਤਾਬਾਂ ਪੜ੍ਹਣ ਦਾ ਸ਼ੌਕ ਹੋ ਜਾਂਦਾ ਹੈ। ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਸਾਡੀ ਯਾਦਦਾਸ਼ਤ ਦਾ ਦਾਇਰਾ ਛੋਟਾ ਹੁੰਦਾ ਹੈ ਅਤੇ ਇਸ ਲਈ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਪਤਾ ਹੋਵੇ ਕਿ ਕੋਈ ਜਾਣਕਾਰੀ ਕਿਹੜੀਆਂ ਕਿਤਾਬਾਂ ਵਿਚੋਂ ਮਿਲੇਗੀ ਅਤੇ ਉਹਨਾਂ ਕਿਤਾਬਾਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ।
ਇਸ ਤੋਂ ਪੜ੍ਹਣ ਦੀ ਚੰਗੀ ਆਦਤ ਦੀ ਸ਼ੁਰੂਆਤ ਹੁੰਦੀ ਹੈ, ਜੋ ਇਕ ਵਾਰ ਮਿਲ ਜਾਵੇ ਤਾਂ ਸਾਰੀ ਉਮਰ ਇਕ ਸੁਗੰਧੀ ਅਤੇ ਖੁਸ਼ਬੋ ਵਾਗ ਵਿਅਕਤੀ ਦੇ ਨਾਲ ਰਹਿੰਦੀ ਹੈ। ਇਸ ਦੇ ਉਲਟ, ਜੇ ਕਰ ਸਕੂਲ ਜਾਂ ਬਚਪਨ ਵਿਚ ਪੜ੍ਹਣ ਦੀ ਆਦਤ ਨਾ ਪਈ ਹੋਵੇ ਤਾਂ ਵਿਅਕਤੀ ਇਸ ਅੱਤ ਸੋਹਣੀ ਆਦਤ ਤੋਂ ਵਾਂਝਿਆ ਰਹਿ ਜਾਂਦਾ ਹੈ ਅਤੇ ਸਾਰੀ ਉਮਰ ਵਾਂਝਿਆ ਹੀ ਰਹਿੰਦਾ ਹੈ। ਬਾਅਦ ਵਿਚ ਵੱਡਿਆਂ ਹੋ ਕੇ ਪੜ੍ਹਣ ਦੀ ਆਦਤ ਪਾਉਣੀ ਔਖਾ ਕੰਮ ਹੁੰਦਾ ਹੈ। ਅਜੇਹਾ ਨਹੀਂ ਹੈ ਕਿ ਇਸ ਨੂੰ ਪਾਇਆ ਨਹੀਂ ਜਾ ਸਕਦਾ। ਪੜ੍ਹਣ ਦੀ ਆਦਤ ਨਾਲ ਆਦਮੀ ਸਾਰੀ ਉਮਰ ਕੁਝ ਨਵਾਂ ਸਿੱਖਦਾ ਰਹਿੰਦਾ ਹੈ। ਅੱਜ ਕੱਲ ਦੀ ਜੀਵਨ ਸ਼ੈਲੀ ਵਿਚ ਪੜ੍ਹਣ ਦੀ ਆਦਤ ਹੋਰ ਵੀ ਸਹਾਈ ਹੁੰਦੀ ਹੈ ਕਿਓਂਕਿ ਇਸ ਆਦਤ ਨਾਲ ਵਿਅਕਤੀ ਕਿਤਾਬਾਂ ਦੀ ਸੰਗਤ ਵਿਚ ਆਪਣੇ ਆਪ ਨਾਲ ਸੋਹਣਾ ਸਮਾਂ ਬਿਤਾ ਸਕਦਾ ਹੈ। ਇਕੱਲਾ ਮਹਿਸੂਸ ਨਹੀਂ ਕਰਦਾ। ਉਸ ਨੂੰ ਇਕੱਲਤਾ ਪੋਹੰਦੀ ਹੀ ਨਹੀਂ। 
ਇਕ ਰਿਪੋਰਟ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਕਿਤਾਬਾਂ ਪੜ੍ਹਣਾ ਇਕ ਚੰਗੀ ਆਦਤ ਹੈ ਅਤੇ ਬਹੁਤੀ ਟੀ ਵੀ ਵੇਖਣ ਨਾਲੋਂ ਕਿਤੇ ਚੰਗੀ ਹੈ। ਕਿਤਾਬਾਂ ਪੜ੍ਹਣ ਨਾਲ ਉਮਰ ਵਧਦੀ ਹੈ ਅਤੇ ਟੀ ਵੀ ਵੇਖਣ ਨਾਲ ਉਮਰ ਘਟਦੀ ਹੈ। ਇਸ ਰਿਪੋਰਟ ਅਨੁਸਾਰ ਕਿਤਾਬਾਂ ਪੜ੍ਹਣ ਦਾ ਅਤੇ ਲੰਮੀਂ ਆਯੂ ਭੋਗਣ ਦਾ ਆਪਸ ਵਿਚ ਸਿੱਧਾ ਰਿਸ਼ਤਾ ਹੈ। ਜਿਨਾਂ੍ਹ ਲੋਕਾਂ ਉੱਤੇ ਇਹ ਰਿਸਰਚ ਕੀਤੀ ਗਈ ਉਹਨਾਂ ਨੂੰ ਤਿੰਨਾਂ ਸ਼੍ਰੇਣੀਆਂ ਵਿਚ ਵੰਡਿਆ ਗਿਆ ਸੀ। ਪਹਿਲੀ ਵਿਚ ਉਹ ਲੋਗ ਸਨ ਜੋ ਕੋਈ ਕਿਤਾਬ ਨਹੀਂ ਪੜ੍ਹਦੇ ਸਨ। ਦੂਸਰੀ ਵਿਚ ਉਹ ਲੋਗ ਸਨ ਜੋ ਇਕ ਹਫ਼ਤੇ ਵਿਚ ਸਾਢੇ ਤਿੰਨ ਘੰਟੇ ਤੱਕ ਕਿਤਾਬਾਂ ਪੜ੍ਹਦੇ ਸਨ। ਤੀਸਰੀ ਸ਼੍ਰੇਣੀ ਵਿਚ ਉਹ ਲੋਗ ਸਨ ਜੋ ਇਕ ਹਫ਼ਤੇ ਵਿਚ ਸਾਢੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਕਿਤਾਬਾਂ ਪੜ੍ਹਦੇ ਸਨ। 'ਸਮਾਜਕ ਵਿਗਿਆਨ ਅਤੇ ਔਸ਼ਧ' (ਸੋਸ਼ਲ ਸਾਇੰਸ ਐਂਡ ਮੈਡੀਸਿਨ) ਨਾਂ ਦੇ ਰਸਾਲੇ ਵਿਚ ਕੁਝ ਚਿਰ ਪਹਿਲਾਂ ਛਪੀ ਇਹ ਰਿਪੋਰਟ ਦੱਸਦੀ ਹੈ ਕਿ ਕਿਤਾਬਾਂ ਪੜ੍ਹਣ ਵਾਲਿਆਂ ਵਿਚ ਬਹੁਤਾ ਕਰਕੇ ਇਸਤਰੀਆਂ, ਕਾਲੇਜ ਤੱਕ ਦੀ ਵਿਦਿਆ ਪ੍ਰਾਪਤ ਕਰ ਚੁਕੇ ਲੋਗ ਅਤੇ ਬੇਹਤਰ ਆਮਦਨ ਵਾਲੇ ਲੋਗ ਹੁੰਦੇ ਹਨ। ਔਸਤਨ, ਇਹ ਵੇਖਿਆ ਗਿਆ ਹੈ ਕਿ  ਪੜ੍ਹਣ ਦਾ ਸ਼ੌਕ ਰੱਖਣ ਵਾਲੇ ਲੋਗ ਬਾਕੀਆਂ ਨਾਲੋਂ ਦੋ ਸਾਲ ਵੱਧ ਉਮਰ ਭੋਗਦੇ ਹਨ। ਅਖ਼ਬਾਰ ਜਾਂ ਰਸਾਲੇ ਪੜ੍ਹਣ ਵਾਲਿਆਂ ਨੂੰ ਵੀ ਫ਼ਾਇਦਾ ਹੂੰਦਾ ਹੈ ਪਰ ਕਿਤਾਬਾਂ ਪੜ੍ਹਣ ਵਾਲਿਆਂ ਜਿੰਨਾਂ ਨਹੀਂ। ਇਕ ਦਿਨ ਵਿਚ ਅੱਧਾ ਘੰਟਾ ਪੜ੍ਹਣ ਵਾਲਿਆਂ ਨੂੰ ਵੀ ਵਧੀ ਉਮਰ ਦਾ ਵਿਸ਼ੇਸ਼ ਲਾਭ ਹੁੰਦਾ ਹੈ।
ਜਿਨਾਂ੍ਹ ਨੂੰ ਪੜ੍ਹਣ ਦੀ ਆਦਤ ਨਹੀਂ ਹੈ ਉਹ ਬਹੁਤਾ ਕਰਕੇ ਆਪਣਾ ਵੇਹਲਾ ਸਮਾਂ ਟੀ ਵੀ ਵੇਖ ਕੇ ਬਿਤਾਉਂਦੇ ਹਨ। ਟੀ ਵੀ ਵੇਖਦੇ ਹੋਏ ਉਹ  ਕਿਸੇ ਸੋਫ਼ੇ ਜਾ ਆਰਾਮ ਕੁਰਸੀ ਤੇ ਇਕ ਥਾਂ ਤੇ ਅਤੇ ਇਕ ਹੀ ਮੁਦਰਾ ਵਿਚ ਬੈਠੇ ਰਹਿੰਦੇ ਹਨ। ਇਸ ਨਾਲ ਸ਼ਰੀਰ ਦੇ ਆਪਣੇ ਹੀ ਭਾਰ ਨਾਲ ਸ਼ਰੀਰ ਦੇ ਹੇਠਾਂ ਆਏ ਹਿੱਸਿਆਂ ਤੇ ਪੈਂਦੀਆਂ ਦੱਬਾਂ ਕਾਰਨ ਸ਼ਰੀਰ ਦੀਆਂ ਨਾੜਾਂ ਵੀ ਦੱਬੀਆਂ ਜਾਂਦੀਆਂ ਹਨ ਅਤੇ ਉਹਨਾਂ ਵਿਚ ਚੱਲ ਰਿਹੇ ਖੁਨ ਦਾ ਪ੍ਰਵਾਹ ਆਪਣੀ ਪੂਰੀ ਮਿਕਦਾਰ ਅਤੇ ਪ੍ਰਵਾਹ ਨਾਲ ਚਲ ਨਹੀਂ ਸਕਦਾ। ਇਸ ਦਾ ਸ਼ਰੀਰ ਤੇ ਮਾੜਾ ਅਸਰ ਪੈਂਦਾ ਹੈ। ਸ਼ਰੀਰ ਲਈ ਇਹ ਚੰਗੀ ਗੱਲ ਨਹੀਂ ਹੁੰਦੀ ਅਤੇ ਇਸ ਨੂੰ ਸ਼ਰੀਰ ਲਈ ਇਕ ਖਤਰੇ ਵਾਂਗ ਵੇਖਿਆ ਜਾਂਦਾ ਹੈ। । ਸ਼ਰੀਰ ਵਿਚ ਬਾਰਬਾਰ ਅਤੇ ਘੰਟਿਆਂ ਬੱਧੀ ਲਹੂ ਦੇ ਪ੍ਰਵਾਹ ਵਿਚ ਕਮੀ ਆ ਜਾਣ ਅਤੇ ਉਸ ਦੇ ਸਹੀ ਤਰਾਂ੍ਹ ਨਾ ਚੱਲਣ ਕਾਰਨ ਇਹ ਖਤਰਾ ਵੱਧ ਜਾਂਦਾ ਹੈ। ਜਾਪਾਨ ਵਿਚ ਹੋਈ ਇਕ ਖੋਜ ਨੇ ਛਿਆਸੀ ਹਜ਼ਾਰ ਲੋਕਾਂ ਨੂੰ ੧੯ ਸਾਲ ਆਪਣੀ ਖੋਜ ਥੱਲੇ ਰਖਿਆ ਅਤੇ ਉਹਨਾਂ ਦੀਆਂ ਟੀ ਵੀ ਵੇਖਣ ਦੀਆਂ ਆਦਤਾਂ ਉੱਤੇ ਨਜ਼ਰ ਰੱਖੀ। ਇਸ ਵਕਫ਼ੇ ਵਿਚ ੫੯ ਲੋਗ ਸ਼ਰੀਰ ਵਿਚ ਖੂਨ ਦੇ ਦੌਰੇ ਵਿਚ ਰੁਕਾਵਟ ਪੈਣ ਕਰਕੇ ਮਰ ਗਏ। ਖੋਜ ਕਰਨ ਵਾਲਿਆਂ ਮਾਹਿਰਾਂ ਅਨੁਸਾਰ ਦਿਨ ਵਿਚ ਢਾਈ ਘੰਟੇ ਤੋਂ ਵੱਧ ਟੀ ਵੀ ਵੇਖਣ ਨਾਲ ਖੂਨ ਦੇ ਦੌਰੇ ਵਿਚ ਰੁਕਾਵਟ ਪੈਣ ਦਾ ਖਤਰਾ ੭੦ ਪ੍ਰਤੀਸ਼ਤ ਵੱਧ ਜਾਂਦਾ ਹੈ। ਦਿਨ ਵਿਚ ਪੰਜ ਘੰਟੇ ਤੋਂ ਵੱਧ ਟੀ ਵੀ ਵੇਖਣ ਨਾਲ ਇਹ ਖਤਰਾ ਢਾਈ ਗੁਣਾ ਹੋਰ ਵਧ ਜਾਂਦਾ ਹੈ। ਪਰ ਦੋ ਘੰਟੇ ਟੀ ਵੀ ਵੇਖਣ ਨਾਲ ਇਹ ਖਤਰਾ ੪੦ ਪ੍ਰਤੀਸ਼ਤ ਹੀ ਵਧਦਾ ਹੈ। ਖੋਜ ਅਨੁਸਾਰ, ਟੀ ਵੀ ਵੇਖਣ ਦੌਰਾਨ ਟੀ ਵੀ ਵੇਖਣਾ ਕੁਝ ਚਿਰ ਬੰਦ ਕਰਨਾ, ਪਾਸਾ ਬਦਲਨਾ, ਉੱਠ ਕੇ ਖੜੇ ਹੋਣਾ ਜਾਂ ਏਧਰ ਓਧਰ ਤੁਰਨਾ, ਪਾਣੀ ਪੀਣਾ ਆਦਿ ਇਸ ਖਤਰੇ ਦੇ ਅਸਰ ਨੂੰ ਘੱਟ ਕਰਦੇ ਹਨ। ਜੇ ਕਰ ਸਾਨੂੰ ਪੜ੍ਹਣ ਦੀ ਆਦਤ ਹੋਵੇ ਤਾਂ ਇਹ ਟੀ ਵੀ ਦੇ ਸਾਹਮਣੇ ਬੈਠੇ ਰਹਿ ਕੇ ਟੀ ਵੀ ਨੂੰ ਵੇਖੀ ਜਾਣ ਦੇ ਸਮੇਂ ਵਿਚ ਕਟੌਤੀ ਕਰਨ ਵਿਚ ਮਦਦ ਕਰਦੀ ਹੈ।   
ਜੋ ਉਮਰ ਦੇ ਸਿਆਣੇ ਹੋ ਚੁਕੇ ਹਨ ਅਤੇ ਉਹਨਾਂ ਨੂੰ ਪੜ੍ਹਣ ਦੀ ਆਦਤ ਨਹੀਂ ਹੈ, ਉਹਨਾਂ ਲਈ ਸੁਝਾਅ ਹੈ ਕਿ ਪੜ੍ਹਣ ਦੀ ਆਦਤ ਨੂੰ ਅਪਨਾਉਣ। ਕਿਤਾਬਾਂ ਦੀ ਦੁਨੀਆਂ ਬਹੁਤ ਸੋਹਣੀ ਹੈ। ਸ਼ੁਰੂ ਵਿਚ ਕਿਹੜੀ ਕਿਤਾਬ ਪੜ੍ਹਣੀ ਹੈ ਉਸ ਲਈ ਕਿਸੇ ਜਾਣਕਾਰ ਮਿੱਤਰ ਜਾਂ ਕਿਸੇ ਪਬਲਿਕ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਦੀ ਮਦਦ ਲਈ ਜਾ ਸਕਦੀ ਹੈ। ਕਈ ਕਿਤਾਬਾਂ ਅਜੇਹੀਆਂ ਹਨ ਜਿਨਾਂ੍ਹ ਨੂੰ ਪਿਛਲੇ ਸੌ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕੁਲ ਦੁਨੀਆਂ ਵਿਚ ਮਕਬੂਲੀਅਤ ਹਾਸਲ ਹੋ ਚੁਕੀ ਹੈ। ਦੁਨੀਆਂ ਦੇ ਹਰ ਹਿੱਸੇ ਵਿਚ ਉਹ ਪੜ੍ਹੀਆਂ ਜਾਂਦੀਆਂ ਹਨ ਅਤੇ ਸਲਾਹੀਆਂ ਜਾਂਦੀਆਂ ਹਨ। ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿਚ ਉਹਨਾਂ ਦੇ ਉਲਥੇ ਹੋ ਚੁਕੇ ਹਨ। ਜਿਨਾਂ੍ਹ ਕਿਤਾਬਾਂ ਨੂੰ ਕੁੱਲ ਜੱਗ ਸਲਾਹੁੰਦਾ ਹੈ ਅਤੇ ਜਿਨਾਂ੍ਹ ਨੂੰ ਪੜ੍ਹ ਪੜ੍ਹ ਕੇ ਮਨੁੱਖਤਾ ਦੀਆਂ ਕਈ ਪੀੜ੍ਹੀਆਂ ਵੱਡੀਆਂ ਹੋਈਆਂ ਹਨ ਉਹਨਾਂ ਨੂੰ ਨਾ ਪੜ੍ਹਨਾ ਆਪਣੇ ਆਪ ਨੂੰ ਜਾਣ ਬੁੱਝ ਕੇ ਹਨੇਰੇ ਵਿਚ ਰੱਖਣ ਵਾਂਗ ਹੈ। ਅਜੇਹੇ ਵਿਅਕਤੀਆਂ ਦਾ ਇਹ ਰਵਈਆ ਉਹਨਾਂ ਦਾ ਆਪਣੇ ਆਪ ਨੂੰ ਅਗਿਆਨਤਾ ਵਿਚ ਰੱਖ ਕੇ ਆਪਣੇ ਪ੍ਰਤੀ ਜਾਣ ਬੁੱਝ ਕੇ ਕੀਤਾ ਅੰਨਿਆਂ ਹੀ ਕਿਹਾ ਜਾ ਸਕਦਾ ਹੈ। ਪੜ੍ਹਣ ਦੀ ਆਦਤ ਪਾਉਣ ਲਈ ਆਪਣਾ ਯਤਨ ਇਹਨਾਂ ਕਲਾਸੀਕਲ ਕ੍ਰਿਤੀਆਂ ਤੋਂ ਆਰੰਭਿਆ ਜਾ ਸਕਦਾ ਹੈ। 
ਪੜ੍ਹਣ ਦੀ ਆਦਤ ਦਾ ਗੁਣ ਹੋਣ ਨਾਲ ਦੋ ਫ਼ਾਇਦੇ ਹੂੰਦੇ ਹਨ। ਜਦੋਂ ਤੁਸੀਂ ਕਿਤਾਬ ਪੜ੍ਹ ਰਹੇ ਹੁੰਦੇ ਹੋ, ਓਨਾਂ ਚਿਰ ਤੁਸੀਂ ਟੀ ਵੀ ਨਹੀਂ ਵੇਖ ਰਹੇ ਹੁੰਦੇ।  ਕਿਤਾਬ ਪੜ੍ਹਣ ਨਾਲ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਆਪਣੇ ਆਪ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ ਅਤੇ ਟੀ ਵੀ ਨਾ ਵੇਖਣ ਨਾਲ ਜਾਂ ਮੋਬਾਈਲ ਉੱਪਰ ਨੀਝ ਲਾ ਕੇ ਕਈ ਘੰਟੇ ਨਾ ਬਿਤਾਉਣ ਨਾਲ ਸ਼ਰੀਰ ਅਤੇ ਮਨ ਦੋਵੇਂ ਹੀ ਸਵਸਥ ਰਹਿੰਦੇ ਹਨ। ਪੜ੍ਹਣ ਦੀ ਆਦਤ ਹਰ ਪੱਖੋਂ ਇਕ ਸੋਹਣੀ ਆਦਤ ਹੈ ਅਤੇ ਹਰ ਵਿਵੇਕੀ ਅਤੇ ਜਾਗਰੂਕ ਵਿਅਕਤੀ ਲਈ ਆਪਣੇ ਆਪ ਵਿਚ ਇਸ ਨੂੰ ਅਪਨਾਉਣ ਦੀ ਲੋੜ ਹੈ।