'ਜਲ੍ਹਿਆਂ ਵਾਲ਼ਾ ਬਾਗ਼' ਨੂੰ ਸਮਰਪਿਤ ਮੀਟਿੰਗ (ਖ਼ਬਰਸਾਰ)


ਬਰੈਂਪਟਨ:-  'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਅਪਰੈਲ ਮਹੀਨੇ ਦੀ ਮੀਟਿੰਗ 'ਜਲ੍ਹਿਆਂ ਵਾਲ਼ਾ ਬਾਗ਼' ਦੇ ਦੁਖਾਂਤ ਦੀ ਸੌਵੀਂ ਵਰ੍ਹੇ-ਗੰਢ ਨੂੰ ਸਮਰਪਿਤ ਰਹੀ। ਇਸ ਵਿਸ਼ੇ 'ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਡਾæ ਬਲਜਿੰਦਰ ਸੇਖੋਂ ਨੇ ਕਿਹਾ ਕਿ ਜਿੱਥੇ ਸਾਨੂੰ ਜਲ੍ਹਿਆਂ ਵਾਲ਼ਾ ਬਾਗ਼ ਦੇ ਸਾਕੇ ਨੂੰ ਯਾਦ ਰੱਖਣ ਦੀ ਲੋੜ ਹੈ ਓਥੇ ਇਸ ਘਟਨਾ ਤੋਂ ਦੋ ਦਿਨ ਪਹਿਲਾਂ ਸ਼ਹੀਦ ਉਨ੍ਹਾਂ 25 ਲੋਕਾਂ ਨੂੰ ਵੀ ਯਾਦ ਕਰਨਾ ਬਣਦਾ ਹੈ ਜੋ ਸਰਕਾਰ ਕੋਲ਼ ਰੌਲੈਟ ਐਕਟ ਅਧੀਨ ਗ੍ਰਿਫ਼ਤਾਰ ਕੀਤੇ ਗਏ ਡਾæ ਕਿਚਲੂ ਅਤੇ ਡਾ ਸੱਤਪਾਲ ਦੀ ਰਿਹਾਈ ਦੀ ਮੰਗ ਕਰਨ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦਾ ਮਹੌਲ ਬਹੁਤਾ ਵੱਖਰਾ ਨਹੀਂ ਹੈ: ਜੇ ਉਦੋਂ ਸਰਕਾਰ ਨੇ ਲੋਕਾਂ ਨੂੰ ਰੋਕਣ ਲਈ ਦਫ਼ਾ 144 ਲਾਈ ਸੀ ਤਾਂ ਅੱਜ ਵੀ ਇਸ ਘਟਨਾ ਦੀ ਸ਼ਤਾਬਦੀ ਦੇ ਸਮਾਗਮਾਂ ਨੂੰ ਰੋਕਣ ਲਈ ਦਫ਼ਾ 144 ਲਾਈ ਗਈ ਹੈ, ਅੱਜ ਵੀ ਪੰਜਾਬ ਉੱਜੜ ਰਿਹਾ ਹੈ ਤੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਨੇ। ਇਸ ਸਬੰਧੀ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਬੇਸ਼ੱਕ ਅਸੀਂ ਆਜ਼ਾਦ ਭਾਰਤ ਵਿਚਲੇ ਪੰਜਾਬ ਵਿੱਚ ਰਹਿ ਰਹੇ ਹਾਂ ਪਰ ਰਾਜ ਅਜੇ ਵੀ ਉਹੀ ਲੋਕ ਕਰ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਅੰਗ੍ਰੇਜ਼ਾਂ ਦੀ ਖਿਦਮਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਜਾਂ ਅਕਾਲੀਆਂ ਦਾ ਹੀ ਰਾਜ ਰਿਹਾ ਹੈ ਤੇ ਅਕਾਲੀਆਂ ਵਿੱਚ ਰਾਜ ਕਰਨ ਵਾਲ਼ੇ ਬਾਦਲ ਪਰਵਾਰ ਦੇ ਵਡੇਰਿਆਂ ਨੇ ਜੈਤੋ ਦੇ ਮੋਰਚੇ ਸਮੇਂ ਖੂਹਾਂ 'ਚ ਜ਼ਹਿਰ ਮਿਲਾਇਆ ਸੀ ਜਦਕਿ ਕਾਂਗਰਸ ਦੇ ਲੀਡਰ ਕੈਪਟਨ ਦੇ ਬਾਬੇ ਵੱਲੋਂ ਅੰਗ੍ਰੇਜ਼ਾਂ ਨੂੰ ਉਹ ਤੋਪਾਂ ਭੇਜੀਆਂ ਗਈਆਂ ਸਨ ਜਿਨ੍ਹਾਂ ਨਾਲਗੋਰੀ ਸਰਕਾਰ ਵੱਲੋਂ 1872 ਵਿੱਚ ਕੂਕਿਆਂ ਨੂੰ ਉਡਾਇਆ ਗਿਆ ਸੀ ਜਦਕਿ ਰਾਜ ਕਰਨ ਦੀ ਆਸ ਕਰ ਰਹੀ ਤੀਸਰੀ ਧਿਰ ਖਾਲਿਸਤਾਨੀਆਂ ਦੇ ਲੀਡਰ ਸਿਮਰਨਜੀਤ ਸਿੰਘ ਮਾਨ ਦੇ ਨਾਨੇਂ ਵੱਲੋਂ ਜਲ੍ਹਿਆਂ ਵਾਲ਼ਾ ਬਾਗ਼ ਦੇ ਕਾਂਡ ਤੋਂ ਬਾਅਦ ਜਨਰਲ ਡਾਇਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਿਰੋਪਾ ਦਿੱਤਾ ਗਿਆ ਸੀ। ਇਸ ਗੱਲ ਨੂੰ ਅੱਗੇ ਤੋਰਦਿਆਂ ਜਸਵਿੰਦਰ ਸੰਧੂ ਨੇ ਕਿਹਾ ਕਿ ਮਾਨ ਦਾ ਨਾਨਾ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਅੰਮ੍ਰਿਤ ਛਕਣ ਲਈ ਕਹਿ ਰਿਹਾ ਸੀ ਜਦਕਿ ਡਾਇਰ ਕਹਿ ਰਿਹਾ ਸੀ ਕਿ ਨਾ ਤਾਂ ਉਸ ਦੇ ਕੇਸ ਹਨ ਅਤੇ ਨਾ ਹੀ ਉਹ ਸਿਗਰਟ ਛੱਡ ਸਕਦਾ ਹੈ। ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ ਵੀ ਹਲਾਤ 1919 ਵਰਗੇ ਹੀ ਨੇ ਕਿਉਂਕਿ ਅੱਜ ਵੀ ਕਰਫ਼ਿਊ ਕੇ ਲੋਕਾਂ ਦੀ ਜ਼ੁਬਾਨ 'ਤੇ ਤਾਲਾ ਲਾਇਆ ਜਾ ਰਿਹਾ ਹੈ। ਬਲਵਿੰਦਰ ਬਰਨਾਲਾ ਨੇ ਕਿਹਾ ਕਿ ਸਾਡੇ ਲੇਖਕਾਂ ਦੀ ਲੇਖਣੀ ਲੋਕਾਂ ਅੰਦਰ ਉਹ ਜੋ ਜੋਸ਼ ਪੈਦਾ ਨਹੀਂ ਕਰ ਸਕੀ ਜੋ ਇੱਕ ਲਿਖਤ ਨੇ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਅੱਜ ਵੀ ਜਾਰੀ ਹੈ ਤੇ ਜਾਰੀ ਰਹੇਗੀ।

ਉਲਫ਼ਤ ਬਾਜਵਾ ਦੇ ਸ਼ੇਅਰ "ਬਣਾ ਛੱਡਿਆ ਦੇਸ਼ ਸਾਰਾ ਜਲ੍ਹਿਆਂ ਵਾਲ਼ਾ, ਇਹ ਡਾਇਰ ਘਰ ਦੇ ਨੇ, ਇਨ੍ਹਾਂ ਲੋਕਾਂ ਨੂੰ ਕੀ ਕਹੀਏ?" ਨਾਲ਼ ਆਪਣੀ ਗੱਲ ਤੋਰਦਿਆਂ ਉਂਕਾਰਪ੍ਰੀਤ ਨੇ ਕਿਹਾ ਕਿ ਜਨਰਲ ਡਾਇਰ ਅੱਜ ਸਾਡੇ ਘਰਾਂ ਅੰਦਰ ਟੱਪ ਕੇ ਆ ਚੁੱਕਾ ਹੈ। ਬਰਨਾਲ਼ਾ ਦੀ ਗੱਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੁਸ਼ਕਲ ਇਹ ਹੈ ਕਿ ਅੱਜ ਦਾ ਲੇਖਕ ਆਪਣੇ ਮਾਨ-ਸਨਮਾਨ ਵੱਲ ਵੱਧ ਰੁਚਿਤ ਹੋ ਗਿਆ ਹੈ ਅਤੇ ਸਾਹਿਤ ਨਾਲ਼ੋਂ ਟੁੱਟ ਗਿਆ ਹੈ ਜਿਸ ਕਰਕੇ ਉੱਚ-ਪੱਧਰ ਦਾ ਸਾਹਿਤ ਪੈਦਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅੱਜਕਲ੍ਹ ਹੋ ਰਹੀਆਂ ਅੰਤਰਰਾਸ਼ਟਰੀ ਕਾਨਫ਼ਰੰਸਾਂ ਵੀ ਸਿਰਫ ਮੇਲ-ਮਿਲਾਪੀ ਬਣਕੇ ਰਹਿ ਗਈਆਂ ਨੇ। ਕਾਫ਼ਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਕਾਫ਼ਲਾ ਬਣਿਆ ਸੀ ਉਸ ਸਮੇਂ ਟਰਾਂਟੋ ਵਿੱਚ ਕੋਈ ਸਾਹਿਤਕ ਸੰਸਥਾ ਨਾ ਹੋਣ ਕਰਕੇ ਬਾਹਰੋਂ ਆਉਣ ਵਾਲ਼ੇ ਸਾਹਿਤਕਾਰ ਅਕਸਰ ਇੱਕ-ਦੋ ਲੇਖਕਾਂ ਨੂੰ ਮਿਲ-ਮਿਲਾ ਕੇ ਮੁੜ ਜਾਂਦੇ ਸਨ। ਕਾਫ਼ਲੇ ਨੇ ਬਾਹਰੋਂ ਆਉਣ ਵਾਲ਼ੇ ਲੇਖਕਾਂ ਨੂੰ ਜਨਤਕ ਪੱਧਰ 'ਤੇ ਏਥੋਂ ਦੇ ਸਾਹਿਤਕਾਰਾਂ ਅਤੇ ਪੰਜਾਬੀ ਪਾਠਕਾਂ ਨਾਲ਼ ਮਿਲਣ ਦਾ ਜਰਈਆ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਬਹੁਤ ਸਾਰੀਆਂ ਸੰਸਥਾਵਾਂ ਬਣ ਚੁੱਕੀਆਂ ਨੇ ਪਰ ਉਨ੍ਹਾਂ ਨੇ ਵੀ ਕੋਈ ਵੱਡੀ ਮੱਲ ਨਹੀਂ ਮਾਰੀ। ਉਨ੍ਹਾਂ ਕਿਹਾ ਕਿ ਅਸੀਂ ਨਿਰੋਲ ਸਾਹਿਤਕ ਪੱਧਰ ਦੀ ਗੱਲ ਕਰਕੇ ਹੀ ਸਾਹਿਤਕ ਪ੍ਰਦੂਸ਼ਣ ਨੂੰ ਸਾਫ਼ ਕਰ ਸਕਦੇ ਹਾਂ ਤੇ ਇਹ ਆਸ ਕਾਫ਼ਲੇ ਕੋਲ਼ੋਂ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਕਾਫ਼ਲੇ ਨੂੰ ਆਪਣੀਆਂ ਮੀਟਿੰਗਾਂ ਦੇ ਫੌਰਮੈਟ ਨੂੰ ਮੁੜ ਉਲੀਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੀਂ ਰੂਪ-ਰੇਖਾ ਅਧੀਨ ਸੰਚਾਲਕਾਂ ਦੀ ਲੋੜ ਵੀ ਨਹੀਂ ਰਹੇਗੀ ਅਤੇ ਬੇਨਤੀ ਕੀਤੀ ਕਿ ਕਾਫ਼ਲੇ ਦੀ ਚੋਣ ਨੂੰ ਅਗਲੀ ਮੀਟਿੰਗ ਤੱਕ ਮੁਲਤਵੀ ਕਰਕੇ ਨਵਾਂ ਅਜੰਡਾ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਕਾਫ਼ਲੇ ਦੀਆਂ ਮੀਟਿੰਗਾਂ ਜਿੱਥੇ ਹਾਜ਼ਰੀ ਪੱਖੋਂ ਸਫ਼ਲ ਰਹੀਆਂ ਓਥੇ ਇਨ੍ਹਾਂ ਵਿੱਚ ਵਿਚਾਰੇ ਗਏ ਵਿਸ਼ੇ ਅਤੇ ਮਹਿਮਾਨਾਂ ਨਾਲ਼ ਹੋਈਆਂ ਮੁਲਾਕਾਤਾਂ ਸਲਾਹੁਣਯੋਗ ਨੇ। ਉਨ੍ਹਾਂ ਕਿਹਾ ਕਿ ਸਾਨੂੰ ਹੱਦੋਂ ਵੱਧ ਆਸ ਵੀ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਨਵੇਂ ਲੇਖਕਾਂ ਨੂੰ ਨਾਲ਼ ਜੋੜਨ ਅਤੇ ਹੁਲਾਰਾ ਦੇਣ ਦੀ ਲੋੜ ਹੈ। ਬਹੁ-ਗਿਣਤੀ ਹਾਜ਼ਰ ਮੈਂਬਰਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮੌਜੂਦਾ ਸੰਚਾਲਕ ਕਮੇਟੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਅਗਲੀ ਮੀਟਿੰਗ ਵਿੱਚ ਨਵਾਂ ਅਜੰਡਾ ਵਿਚਾਰ ਲਿਆ ਜਾਵੇ।
ਕਵਿਤਾ ਦੇ ਦੌਰ ਵਿੱਚ ਇਕਬਾਲ ਬਰਾੜ ਨੇ ਉਂਕਾਰਪ੍ਰੀਤ ਦੀ ਗ਼ਜ਼ਲ "ਦਿਲ ਦੇ ਗ਼ਮ ਦੀ ਦਾਸਤਾਂ, ਕਹਿ ਦਿਆਂ ਜਾਂ ਨਾ ਕਹਾਂ', ਰਿੰਟੂ ਭਾਟੀਆ ਨੇ ਕੁਲਵਿੰਦਰ ਖਹਿਰਾ ਦੀ ਗ਼ਜ਼ਲ 'ਦਿਲਾ ਜੇ ਘੁੱਟ ਸਬਰਾਂ ਦਾ ਇਵੇਂ ਦਿਨ ਰਾਤ ਭਰਨਾ ਸੀ', ਲਖਬੀਰ ਸਿੰਘ ਕਾਹਲ਼ੋਂ ਨੇ ਹੀਰ, ਅਤੇ ਸੁਖਚਰਨ ਕੌਰ ਗਿੱਲ ਨੇ ਆਪਣਾ ਖ਼ੂਬਸੂਰਤ ਗੀਤ ਗਾ ਕੇ ਪੇਸ਼ ਕੀਤੇ ਜਦਕਿ ਜਗੀਰ ਸਿੰਘ ਕਾਹਲ਼ੋਂ, ਉਂਕਾਰਪ੍ਰੀਤ, ਜਸਵਿੰਦਰ ਸੰਧੂ, ਅਤੇ ਪਰਮਜੀਤ ਦਿਓਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪਰਮਜੀਤ ਦਿਓਲ ਵੱਲੋਂ ਸੰਖੇਪ ਜਾਣ-ਪਛਾਣ ਕਰਵਾਏ ਜਾਣ ਤੋਂ ਬਾਅਦ ਸੌ ਤੋਂ ਵੱਧ ਵਾਰ ਖ਼ੂਨ ਦਾਨ ਕਰ ਚੁੱਕੀ ਜੋੜੀ ਬਲਵੰਤ ਸਿੰਘ ਅਤੇ ਜਸਵੰਤ ਕੌਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਸਭ ਨੂੰ ਖ਼ੂਨ ਦਾਨ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਜਸਪਾਲ ਢਿੱਲੋਂ, ਗੁਰਜਿੰਦਰ ਸੰਘੇੜਾ, ਸੁਰਿੰਦਰ ਖਹਿਰਾ, ਪ੍ਰਤੀਕ, ਬਲਰਾਜ ਧਾਲੀਵਾਲ਼, ਸਰਬਜੀਤ ਕੌਰ ਕਾਹਲ਼ੋਂ, ਪੂਰਨ ਸਿੰਘ ਪਾਂਧੀ, ਜਸਵਿੰਦਰ ਸਿੰਘ, ਕਿਰਪਾਲ ਸਿੰਘ ਪੰਨੂੰ, ਜੋਗਿੰਦਰ ਸੰਘੇੜਾ, ਗੁਰਦੇਵ ਸਿੰਘ ਮਾਨ, ਮਿੰਨੀ ਗਰੇਵਾਲ, ਸੁੱਚਾ ਸਿੰਘ ਮਾਂਗਟ, ਅਤੇ ਹੋਰ ਬਹੁਤ ਸਾਰੇ ਦੋਸਤ ਹਾਜ਼ਰ ਸਨ। ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਅਤੇ ਜਦਕਿ  ਮੀਟਿੰਗ ਦੀ ਕਾਰਵਾਈ ਨੂੰ ਨਿਭਾਉਣ ਵਿੱਚ ਸੁਰਿੰਦਰ ਖਹਿਰਾ, ਰਿੰਟੂ ਭਾਟੀਆ, ਅਤੇ ਗੁਰਜਿੰਦਰ ਸੰਘੇੜਾ ਨੇ ਅਹਿਮ ਰੋਲ ਨਿਭਾਇਆ। 

ਪਰਮਜੀਤ ਦਿਓਲ
(ਪਰਮਜੀਤ ਦਿਓਲ