ਕਾਰ ਸੇਵਾ (ਕਹਾਣੀ)

ਹਰਵਿੰਦਰ ਸਿੰਘ ਰੋਡੇ   

Email: harvinderbrar793@gmail.com
Address: ਪਿੰਡ ਤੇ ਡਾਕ:- ਰੋਡੇ
ਮੋਗਾ India
ਹਰਵਿੰਦਰ ਸਿੰਘ ਰੋਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਸਤਿਨਾ…ਮ…ਜੀ…… ਵਾਹਿਗੁਰੂ ਚੜ੍ਹਦੀ ਕਲਾ ਰੱਖੇ ਮਾਤਾ,ਗੁਰੂ ਭਾਗ ਲਾਵੇ……ਨਵੀਂ ਪਾਈ ਕੋਠੀ 'ਚ ਖੇਡਣ ਨਿਆਣੇ,ਭਰੇ ਰਹਿਣ ਡਰੰਮਾਂ 'ਚ ਦਾਣੇ…ਵਾਹਿਗੁਰੂ ਮੇਹਰਾਂ ਰੱਖੇ ਮਾਤਾ, ਗੁਰਦੁਆਰਾ ਸੰਗਤਸਰ ਸਾਹਿਬ ਦੀ ਸੇਵਾ ਚਲਦੀ ਏ……" ਬੈਠਕ 'ਚ ਪਏ ਬਚਨ ਸਿਉਂ ਦੇ ਕੰਨੀਂ ਜਦੋਂ ਇਹ ਆਵਾਜ਼ਾਂ ਪਈਆਂ ਤਾਂ ਉਹਨੇ ਪਏ ਨੇ ਹੀ ਪਾਸਾ ਲੈ ਕੇ ਠੋਡੀ ਨੂੰ ਡੌਲੇ ਤੇ ਰੱਖਦਿਆਂ ਬਾਰੀ ਥਾਣੀਂ ਬਾਹਰ ਦੇਖਿਆ ਤਾਂ ਜੀਤੋ ਦਾਣਿਆਂ ਦਾ ਥਾਲ ਭਰ ਕੇ ਉਗਰਾਹੀ ਵਾਲਿਆਂ ਨੂੰ ਪਾਉਂਦੀ ਦਿਸੀ।
"ਮੈਨੂੰ ਤਿੰਨ ਕੁ ਵਜੇ 'ਠਾਅ ਦੇਈਂ,ਖੇਤਾਂ ਵਾਲੀ ਲੈਟ ਚੱਲਣੀ ਐ,ਰੌਣੀ ਕਰ ਆਊਂ,ਦਿਨੇਂ-ਦਿਨੇਂ ਕੰਮ ਨਿੱਬੜਜੂ ਨਹੀਂ ਫੇਰ ਰਾਤ ਨੂੰ ਟੱਕਰਾਂ ਮਾਰਨੀਆਂ ਪੈਣੀਆਂ।" ਜੀਤੋ ਨੂੰ ਉੱਚੀ ਆਵਾਜ਼ ਦਿੰਦਿਆਂ ਏਨਾ ਕਹਿ ਕੇ ਬਚਨ ਸਿਉਂ ਫਿਰ ਪਾਸਾ ਮਾਰ ਸੌਂ ਗਿਆ।
     ਸ਼ਾਮ ਦੇ ਚਾਰ ਕੁ ਵਜੇ ਚਾਹ-ਪਾਣੀ ਪੀ ਕੇ ਬਚਨ ਸਿੰਘ ਖੇਤਾਂ ਵੱਲ ਰੌਣੀ ਕਰਨ ਚੱਲ ਪਿਆ। ਖੇਤ ਪਹੁੰਚਦਿਆਂ ਬਚਨ ਸਿਉਂ ਦੀ ਨਿਗ੍ਹਾ ਬੋਰੀਆਂ ਨਾਲ ਲੱਦੀ ਜਿਪਸੀ 'ਤੇ ਪਈ,ਜਿਸ 'ਤੇ ਮੋਟਾ ਕਰਕੇ ਲਿਖਿਆ ਹੋਇਆ ਸੀ 'ਕਾਰ ਸੇਵਾ'। ਮੋਟਰ ਦੇ ਥੋੜ੍ਹਾ ਹੋਰ ਨੇੜੇ ਗਿਆ ਤਾਂ ਦੇਖਿਆ ਕਿ ਚਾਰ-ਪੰਜ ਮੁੰਡੇ ਚੁਬੱਚੇ 'ਚ ਨਹਾ ਰਹੇ ਸੀ, ਚੁਬੱਚੇ ਤੋਂ ਨਿਗ੍ਹਾ ਚੁੱਕਦਿਆਂ ਉਹਨੂੰ ਚਲ੍ਹੇ ਕੋਲ ਲੱਗੀ ਨਿੰਮ 'ਤੇ ਚੋਲੇ,ਦਸਤਾਰਾਂ ਤੇ ਗਾਤਰੇ ਲਮਕਦੇ ਦਿਸੇ।
    ਇਹ ਸਭ ਦੇਖਦਿਆਂ ਹੀ ਬਚਨ ਸਿਉਂ ਦੀਆਂ ਅੱਖਾਂ ਅੱਗੇ ਉਗਰਾਹੀ ਪਾਉਂਦੀ ਜੀਤੋ ਦਾ ਸੀਨ ਘੁੰਮਣ ਲੱਗਾ,"ਪਰ ਉਹ ਤਾਂ ਦਾੜੀ ਕੇਸਾਂ ਵਾਲੇ ਬਾਬੇ ਸੀ ਤੇ ਇਹ ਰੋਂਡ ਮੋਂਡ ਮੁੰਡੇ!" ਉਸ ਦੇ ਚੇਤੇ 'ਚ ਉਗਰਾਹੀ ਵਾਲਿਆਂ ਦੇ ਚਿਹਰੇ ਉਘੜੇ। "……ਖੜੋ ਥੋਡੀ ਭੈ………" ਬਚਨ ਸਿaਂ ਦੀ ਏਸੇ ਦਹਾੜ ਨਾਲ ਮੁੰਡਿਆਂ ਨੇ ਚੁਬੱਚੇ 'ਚੋਂ ਸਿਰ ਕੱਢੇ ਤਾਂ ਪੈਂਦੀ ਸੱਟੇ ਹੀ ਬਚਨ ਸਿਉਂ ਨੇ ਦੋ ਮੁੰਡਿਆਂ ਦੇ ਸਿਰ ਇਉਂ ਦਬੋਚ ਲਏ ਜਿਵੇਂ ਬਾਜ਼ ਆਪਣੇ ਪੰਜੇ ਵਿੱਚ ਸਹਿਜੇ ਹੀ ਮਾੜਕੂ ਜਿਹੀ ਚਿੜੀ ਦਬੋਚ ਲੈਂਦਾ ਹੈ। ਸਿਰ ਉੱਪਰ ਚੁੱਕ ਜਦ ਉਹਨਾਂ ਬਚਨ ਸਿਉਂ ਵੱਲ ਤੱਕਿਆ ਤਾਂ ਸਵਾ ਛੇ ਫੁੱਟ ਕੱਦ ਦਾ ਭਰਵੇਂ ਮੁਛਹਿਰਿਆਂ ਵਾਲਾ ਭਰਵਾਂ ਸਰੀਰ ਵੇਖ ਉਹਨਾਂ ਮੁੰਡਿਆਂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਕਿਸੇ ਦਿਉ ਨੇ ਆ ਕੇ ਉਹਨਾਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੋਵੇ।
"ਪੁੱਤ ਮੇਰਿਓ ਭੱਜਣ ਦੀ ਗਸਤਾਖ਼ੀ ਨਾ ਕਰ ਬੈਠਿਉ, ਡੱਕਰੇ ਕਰਦੂੰ ਡੱਕਰੇ……ਜੇ ਮੇਰੇ ਅੱਖੀਂ ਘੱਟਾ ਪਾਉਣ ਦੀ ਸੋਚੀ ਵੀ ਤਾਂ ਆਵਦਾ ਪੜ੍ਹਿਆ ਵਿਚਾਰ ਲਿਉ।"
  ਬਚਨ ਸਿਉਂ ਨੇ ਭਾਵੇਂ ਦੋਹਾਂ ਨੂੰ ਹੀ ਫੜਿਆ ਸੀ,ਪਰ ਬਾਕੀ ਤਿੰਨਾਂ ਦਾ ਹੀਆ ਹੀ ਨਾ ਪਿਆ ਕਿ ਉਹ ਟੱਸ ਤੋਂ ਮੱਸ ਹੋ ਜਾਣ। ਰਾਹ ਜਾਂਦੇ ਜੈਲੇ ਨੇ ਜਦ ਬਚਨ ਸਿਉਂ ਦੀਆਂ ਦਹਾੜਾਂ ਸੁਣੀਆਂ ਉਸਨੇ ਵੀ ਸਾਇਕਲ ਬਚਨ ਸਿਉਂ ਦੀ ਮੋਟਰ ਵੱਲ ਕਰ ਲਿਆ।
"ਓ ਤਾਇਆ……ਕੀ ਗੱਲ ਹੋ ਗਈ,ਨਹਾ ਲੈਣ ਦੇ ਵਿਚਾਰੇ ਜਵਾਕਾਂ ਨੂੰ……ਗਰਮੀਂ ਐ……ਐਵੇਂ ਨਾ ਰੋਕਿਆ ਕਰ ਕਿਸੇ ਨੂੰ……ਨਾਲੇ ਹੁਣ ਕਿਹੜਾ ਪਾਣੀ ਖਰਾਬ ਹੁੰਦਾ,ਚਲਦੀ ਮੋਟਰ ਐ…ਵਈ ਵਗਦਾ ਪਾਣੀ ਵੀ ਕਦੇ ਜੂਠਾ ਹੋਇਐ?" ਜੈਲੇ ਨੇ ਆਉਂਦਿਆਂ ਹੀ ਕਿਹਾ।
"ਨਹਾਉਣ ਨੂੰ ਤਾਂ ਨੀ ਰੋਕਦੇ ਜੈਲਿਆ,ਇਸ਼ਨਾਨ ਤਾਂ ਇਹਨਾਂ ਦਾ ਚੰਗਾ ਹੀ ਕਰਾਵਾਂਗੇ,ਤੂੰ ਇਉਂ ਕਰ ਹਾਅ ਬੋਰੀਆਂ ਵਾਲੀ ਗੱਡੀ ਦੀ ਚਾਬੀ ਕੱਢ ਕੇ ਲਿਆ।" ਗੱਡੀ ਵੱਲ ਇਸ਼ਾਰਾ ਕਰਦਾ ਬਚਨ ਸਿੰਘ ਬੋਲਿਆ।
"ਲੌਕ ਐ ਗੱਡੀ ਤਾਂ ਤਾਇਆ,ਹੈਨੀ ਉਥੇ ਚਾਬੀ।" ਜੈਲੇ ਨੇ ਗੱਡੀ ਕੋਲੋਂ ਮੁੜਦਿਆਂ ਕਿਹਾ।
"ਬੋਲੋ ਉਏ ਕਿੱਥੇ ਐ ਚਾਬੀ?"
"ਮੈਂ ਦਿੰਨਾਂ ਬਾਬਾ" ਕਹਿੰਦਿਆਂ ਇੱਕ ਮੁੰਡੇ ਨੇ ਚੁਬੱਚੇ ਦੇ ਪਾਣੀ ਤੋਂ ਆਪਣਾ ਬਦਨ ਹੀ ਉੱਚਾ ਕੀਤਾ ਸੀ ਕਿ ਬਚਨ ਸਿਉਂ ਨੇ ਫਿਰ ਦਹਾੜ ਮਾਰੀ,"ਖ਼ਬਰਦਾਰ……ਜੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ……ਮੈਂ ਅੱਗੇ ਵੀ ਕਿਹਾ ਵਈ ਜੇ ਝਕਾਨੀ ਦੇ ਕੇ ਭੱਜਣ ਦੀ ਚਿੱਤ 'ਚ ਵੀ ਸੋਚੀ ਤਾਂ ਡੱਕਰੇ ਕਰਦੂੰ ਡੱਕਰੇ…। ਸਿਰਫ਼ ਤੇ ਸਿਰਫ਼ ਮੂੰਹ ਨਾਲ ਬੋਲ ਕੇ ਦੱਸ ਕਿੱਥੇ ਐ ਚਾਬੀ?"
"ਬਾਬਾ ਨ…ਨ…ਨਿੰਮ 'ਤੇ ਟੰਗੀ ਹੋਈ ਆ ਝੇਲੇ ਨਾਲ ।" ਡਰ ਨਾਲ ਕੰਬਦਾ ਇੱਕ ਮੁੰਡਾ ਬੋਲਿਆ।
    ਚਾਬੀ ਲਾਹੁਣ ਲੱਗਿਆਂ ਜੈਲੇ ਤੋਂ ਨਾਲ ਟੰਗਿਆ ਝੋਲਾ ਵੀ ਡਿੱਗ ਪਿਆ ਅਤੇ ਝੋਲੇ ਵਿੱਚੋਂ ਕੁਝ ਕੇਸ ਬਾਹਰ ਵੱਲ ਉੱਲਰੇ ਹੋਏ ਦਿਸੇ। ਕੇਸਾਂ ਦੇ ਦਿਸਦਿਆਂ ਹੀ ਬਚਨ ਸਿੰਘ ਦੀ ਸ਼ੱਕ ਵਾਲੀ ਸੂਈ ਹੋਰ ਵੀ ਘੁਕ ਗਈ। ਸ਼ੰਕਾ ਨਵਿਰਤੀ ਲਈ ਬਚਨ ਸਿਉਂ ਜੈਲੇ ਨੂੰ ਸੰਬੋਧਤ ਹੁੰਦਿਆਂ ਬੋਲਿਆ, "ਇਹ ਝੋਲਾ ਵੀ ਕਰਦੇ ਤਖ਼ਤਪੋਸ਼ ਤੇ ਢੇਰੀ।"
    ਜੈਲੇ ਨੇ ਜਿਉਂ ਹੀ ਝੋਲਾ ਢੇਰੀ ਕੀਤਾ ਤਾਂ ਉਸ ਵਿੱਚੋਂ ਪੰਜ ਦਾੜ੍ਹੀਆਂ ਨਿਕਲੀਆਂ। ਇਹ ਵੇਖ ਕੇ ਤਾਂ ਜਿਵੇਂ ਬਚਨ ਸਿਉਂ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਹੋਵੇ। ਉਹ ਗੁੱਸੇ ਵਿੱਚ ਕੜਕਿਆ, "ਆਹ ਕੀ ਐ…ਕੰਜਰੋ……ਮੇਰੇ ਗੁਰੂ ਦੇ ਬਾਣੇ ਦੀ ਬੇਅਦਬੀ!……… ਦਸ਼ਮੇਸ਼ ਪਾਤਸ਼ਾਹ ਦੇ ਸਰੂਪ ਦੀ ਬੇਅਦਬੀ!........" ਕਹਿੰਦਿਆਂ-ਕਹਿੰਦਿਆਂ ਬਚਨ ਸਿਉਂ ਨੇ ਫੜ੍ਹੇ ਹੋਏ ਸਿਰ ਇੱਕ-ਦੂਜੇ ਵਿੱਚ ਇਉਂ ਮਾਰੇ ਜਿਵੇਂ ਜੱਟ ਤਾਜ਼ਾ ਪੱਟੇ ਗੋਂਗਲੂਆਂ ਤੋਂ ਮਿੱਟੀ ਝਾੜਣ ਲੱਗਿਆਂ ਮਾਰਦਾ ਏ।
"ਆਈ..ਈ..ਈ… ਬਾ…ਬਾ……" ਮੁੰਡਿਆਂ ਦੀ ਚੀਕ ਪਾਣੀ ਨੂੰ ਚੀਰਦੀ ਵਹਿ ਤੁਰੀ।
"ਜੈਲਿਆ ਸਰਪੰਚ ਨੂੰ ਫ਼ੋਨ ਕਰਦੇ ਤੇ ਆਖ ਵਈ ਪੰਜ ਚਾਰ ਮੈਬਰਾਂ ਤੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਛੇਤੀ ਨਾਲ ਬਚਨ ਸਿਉਂ ਦੇ ਖੇਤ ਪਹੁੰਚੋ। ਦੱਸਾਂ ਇਹਨਾਂ ਹਰਾਮਜ਼ਾਦਿਆਂ ਨੂੰ ਵਈ ਮੇਰੇ ਸ਼ਹਿਨਸ਼ਾਹ ਦੀ ਬਖ਼ਸ਼ੀ ਦਾਤ ਦਾ ਮੁੱਲ ਕਿਵੇਂ ਵੱਟੀਦਾ।"
 ਪੰਦਰਾਂ-ਵੀਹ ਮਿੰਟ ਤੱਕ ਸਰਪੰਚ ਤੇ ਦਸ-ਬਾਰਾਂ ਹੋਰ ਬੰਦੇ ਵੀ ਵਾਹੋ-ਦਾਹੀ ਬਚਨ ਸਿਉਂ ਦੇ ਖੇਤ ਪਹੁੰਚ ਗਏ। ਉਦੋਂ ਤੱਕ ਜੈਲੇ ਨੇ ਬਚਨ ਸਿਉਂ ਦੇ ਕਹਿਣ ਤੇ ਨਿੰਮ ਉੱਤੇ ਟੰਗੇ ਚੋਲੇ,ਦਸਤਾਰਾਂ ਅਤੇ ਗਾਤਰੇ ਲਾਹ ਕੇ ਤਖ਼ਤਪੋਸ਼ ਤੇ ਰੱਖ ਲਏ ਸਨ। ਸਭ ਦੇ ਚਿੱਤ 'ਚ ਗੱਲ ਸੀ ਕਿ ਕਿਧਰੇ ਬਚਨ ਸਿਉਂ ਨਾਲ ਖੇਤ ਕੋਈ ਅਣਸੁਖਾਵੀਂ ਘਟਨਾ ਹੀ ਨਾ ਵਾਪਰ ਗਈ ਹੋਵੇ। ਪਰ ਇਥੋਂ ਦਾ ਮਾਜ਼ਰਾ ਦੇਖ ਕੇ ਤਾਂ ਸਭ ਦੇ ਮੱਥੇ 'ਤੇ ਨਵੇਂ ਪ੍ਰਸ਼ਨ ਚਿੰਨ੍ਹ ਉਘੜ ਆਏ ਸਨ। ਸਰਪੰਚ ਨੇ ਨੇੜੇ ਹੁੰਦਿਆਂ ਬਚਨ ਸਿੰਘ ਤੋਂ ਅਸਲ ਗੱਲ ਜਾਣਨੀ ਚਾਹੀ।
"ਗੱਲ ਤਾਂ ਮੈਂ ਫੇਰ ਦੱਸਦਾਂ ਸਰਪੰਚ ਸਾਹਬ,ਹਾਲੇ ਤਾਂ ਵਿਚਾਰੇ ਪਿਆਰੇ ਇਸ਼ਨਾਨ ਕਰਕੇ ਹਟੇ ਆ,ਪਹਿਲਾਂ ਇਹਨਾਂ ਨੂੰ ਸੁੱਕ ਲੈਣ ਦੇਈਏ,ਐਵੇਂ ਠੰਢੇ ਹੋ ਗਏ ਹੋਣਗੇ।……ਚਲੋ ਉਏ ਓਸ ਸੜਕ ਤੇ ਪਉ ਲੰਮੇ।" ਬਚਨ ਸਿਉਂ ਸਰਪੰਚ ਨਾਲ ਗੱਲ ਕਰਦਾ ਕਰਦਾ ਯਕਦਮ ਗੜ੍ਹਕਿਆ। ਮੁੰਡੇ ਬੇਸੁਰਤ ਹੋਏ ਚੁਬੱਚੇ ਵਿੱਚ ਖੜ੍ਹੇ ਰਹੇ।
"ਓਏ ਸੁਣਿਆ ਨਈਂ…? ਜੇ ਭਲੀ ਚਾਹੁੰਦੇ ਹੋ ਤਾਂ ਚੁੱਪ ਕਰਕੇ ਸੜ੍ਹਕ ਤੇ ਲੰਮੇ ਪੈਜੋ…ਤੇ ਜੇ ਹੁਣ ਵੀ ਨਾ ਨਿਕਲੇ ਤਾਂ ਖੈਰ ਨਹੀਂ।" ਬਚਨ ਸਿਉਂ ਦੀ ਇਹ ਦੂਸਰੀ ਦਹਾੜ ਸੁਣ ਕੇ ਮੁੰਡੇ ਨਾ ਚਹੁੰਦਿਆਂ ਵੀ ਚੁੱਪ-ਚਾਪ ਸੜਕ ਤੇ ਜਾ ਲੰਮੇ ਪਏ।
"ਬਾਬਾ ਮੁਆਫ਼ ਕਰਦੋ……" ਯਕਦਮ ਗਰਮ ਸੜਕ ਤੋਂ ਉੱਠਦਿਆਂ ਇੱਕ ਮਲ੍ਹਕ ਜਿਹੇ ਬੋਲਿਆ।
"ਸਿੱਧਾ ਹੋ ਕੇ ਪੈਜਾ,ਹਾਲੇ ਕੋਈ ਗੱਲ ਨਿੱਬੜਣ ਦਿਉ, ਫੇਰ ਉੱਠਿਓ।" ਮੁੰਡਾ ਉਸੇ ਪਲ ਹੀ ਦੁਬਾਰਾ ਫਿਰ ਲੰਮਾ ਪੈ ਗਿਆ।
"ਗੱਲ ਇਉਂ ਐਂ ਸਰਪੰਚ ਸਾਹਬ….ਕਹਿੰਦੇ ਨੇ ਪੁਲਿਸ ਦੀ ਵਰਦੀ ਉਦੋਂ ਬਦਨਾਮ ਹੁੰਦੀ ਐ ਜਦੋਂ ਇਹ ਚੋਰਾਂ ਦੇ ਤਨ 'ਤੇ ਪੈ ਜਾਂਦੀ ਐ। ਤੇ ਆਹੀ ਕੁਝ ਕੀਤਾ ਏਹਨਾਂ ਕੁਤੀੜਾਂ ਨੇ। ਅੱਜ ਜੇ ਮੇਰੇ ਪਾਤਸ਼ਾਹ ਦੇ ਬਾਣੇ 'ਤੇ ਕੋਈ ਉਂਗਲੀ ਚੁੱਕਦਾ ਤਾਂ ਸਿਰਫ਼ ਐਹੋ ਜਿਹੀਆਂ ਕਾਂਗਗਿਆਰੀਆਂ ਕਰਕੇ ਚੁੱਕਦਾ। ਇਹਨਾਂ ਕਲੰਕ ਲਾਤਾ ਮੇਰੇ ਬਾਜ਼ਾਂ ਵਾਲੇ ਮਾਹੀ ਦੀ ਬਖ਼ਸ਼ੀ ਦਾਤ ਨੂੰ। ਆਹ ਵੇਖੋ….ਤਖ਼ਤਪੋਸ਼ 'ਤੇ। ਆਹ ਮੇਰੇ ਪਾਤਸ਼ਾਹ ਦੇ ਬਖਸ਼ੇ ਬਾਣੇ ਪਾ ਕੇ ਤੇ ਦਾੜ੍ਹੀਆਂ ਲਾ ਕੇ ਇਹ ਕੰਜਰ ਦੇ ਪੁੱਤ ਘਰ-ਘਰ ਉਗਰਾਹੀ ਕਰਦੇ ਫਿਰਦੇ ਐ,ਤੇ ਆਪਾਂ ਕੜਾਹੀਏ ਭਰ-ਭਰ ਇਹਨਾਂ ਲਈ ਆਹ ਜਿਪਸੀ ਨੱਕੋ-ਨੱਕ ਭਰਤੀ। ਬਸ ਹੁਣ ਆਪਣੀ ਤਾਂ ਸੌ ਦੀ ਇੱਕ ਇਥੇ ਈ ਨਿੱਬੜਦੀ ਐ ਵਈ ਸੁੱਕੇ ਤਾਂ ਏਹਨਾਂ ਨੂੰ ਜਾਣ ਨਹੀਂ ਦੇਣਾ…ਬਣਦੀ ਸਜਾ ਤਾਂ ਹਰਗਿਜ਼ ਦੇਣੀ ਹੀ ਦੇਣੀ ਐ,ਉਹ ਆਪ ਸਭ ਮੋਹਤਬਰ ਬੰਦਿਆਂ ਤੋਂ ਪੁੱਛਣੀ ਚਾਹਾਂਗਾ। ਨਾਲੇ ਇੱਕ ਗੱਲ ਹੋਰ ਸੁਣ ਲਉ………ਕਿਸੇ ਨੇ ਵੀ ਇਹ ਨਈਂ ਕਹਿਣਾ ਕਿ ਪੁਲਿਸ ਨੂੰ ਫੜ੍ਹਾ ਦੇਈਏ,ਪੁਲਿਸ ਕੋਲੋਂ ਤਾਂ ਇਹਨਾਂ ਕੱਲ੍ਹ ਦਿਨ ਚੜ੍ਹਦੇ ਨੂੰ ਗਿੱਟ ਮਿੱਟ ਕਰਕੇ ਤਿੱਤਰ ਹੋ ਜਾਣਾ।" 
   ਬਚਨ ਸਿਉਂ ਦੀ ਗੱਲ ਦਾ ਕਿਸੇ ਕੋਲ਼ ਜਵਾਬ ਨਹੀਂ ਸੀ,ਉਂਝ ਵੀ ਬਚਨ ਸਿਉਂ ਦੇ ਸੁਭਾਅ ਤੇ ਅਸੂਲਾਂ ਤੋਂ ਸਾਰੇ ਭਲੀ-ਭਾਂਤ ਜਾਣੂੰ ਸਨ। ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਬਚਨ ਸਿੰਘ ਨੂੰ ਕਿਹੋ ਜਿਹੀ ਸਜਾ ਦੀ ਸਲਾਹ ਦੇਵੇ। ਹਰ ਕੋਈ ਏਸੇ ਗੱਲੋਂ ਹੀ ਚੁੱਪ ਖੜ੍ਹਾ ਰਿਹਾ ਕਿ ਹੋਰ ਨਾ ਬਚਨ ਸਿਉਂ ਉਸ ਦੇ ਹੀ ਗਲ਼ ਪੈ ਜਾਵੇ।
"ਤੂੰ ਆਪ ਹੀ ਦੱਸਦੇ ਬਾਈ…ਤੇਰਾ ਕਿਹਾ ਸਾਰਾ ਪਿੰਡ ਮੰਨਦਾ,ਜੋ ਤੂੰ ਕਹੇਂਗਾ,ਜਿਵੇਂ ਕਹੇਂਗਾ ਆਪਾਂ ਓਵੇਂ ਹੀ ਕਰਲਾਂਗੇ।" ਸਰਪੰਚ ਨੇ ਚੁੱਪ ਤੋੜੀ।
"ਲੈ ਬਾਈ ਜੇ ਮੇਰੀ ਮੰਨੋ ਤਾਂ ਫਿਰ ਮੇਰਾ ਚਿੱਤ ਤਾਂ ਇਉਂ ਕਹਿੰਦਾ ਵਈ ਇਹਨਾਂ ਨੂੰ ਮਹੀਨਾ ਖੰਡ ਏਥੇ ਹੀ ਰੱਖੀਏ,ਜਾਣ ਨਾ ਦੇਈਏ। ਜੇ ਕੋਈ ਪਿੱਛਾ ਕਰਦਾ ਲੈਣ ਵੀ ਆਊ ਤਾਂ ਮੇਰੇ ਨਾਲ ਮਿਲਾ ਦਿਉ,ਆਪੇ ਸਾਂਭਲੂੰ ਮੈਂ।" ਬਚਨ ਸਿਉਂ ਬੋਲਿਆ।
"ਇਥੇ ਤਾਂ ਰੱਖ ਲਈਏ ਬਾਈ ਪਰ ਕਰਾਉਣਾ ਕੀ ਐ ਇਹੋ ਜਿਹਿਆਂ ਤੋਂ?" ਸਰਪੰਚ ਨੇ ਗੰਭੀਰ ਜਿਹੇ ਹੁੰਦਿਆਂ ਪੁੱਛਿਆ। ਉਹ ਅੰਦਰੋਂ-ਅੰਦਰੀਂ ਇਸ ਗੱਲੋਂ ਵੀ ਡਰਦਾ ਸੀ ਕਿ ਐਵੇਂ ਉਸ 'ਤੇ ਹੀ ਨਾ ਮੁੰਡੇ ਅਗਵਾ ਕਰਨ ਵਰਗਾ ਕੋਈ ਕੇਸ ਬਣਜੇ।
"ਕਰਾਉਣ ਨੂੰ ਬਥੇਰਾ ਕੁਝ ਐ ਸਰਪੰਚ ਸਾਹਬ। ਕੰਮ ਥੋਨੂੰ ਮੈਂ ਦੱਸਦਾਂ ਤੁਸੀਂ ਬਸ ਕਰਵਾਉਣ ਵਾਲੇ ਬਣੋ। ਪਹਿਲਾ ਕੰਮ ਤਾਂ ਇਹ ਐ ਵਈ ਜਿਹੜਾ ਆਪਣਾ ਪ੍ਰਾਇਮਰੀ ਸਕੂਲ ਵਾਲਾ ਕੰਮ ਰਹਿੰਦਾ ਉੱਥੇ ਲਾਉ ਮਿਸਤਰੀ ਤੇ ਦਿਹਾੜੀਏ ਆਪਣੇ ਕੋਲ ਇਹ ਹੈਗੇ ਈ ਐ। ਵਿਚਾਰੇ ਜਵਾਕਾਂ ਦੇ ਬਹਿਣ ਨੂੰ ਦੋ ਕਮਰੇ ਜੁੜ ਜਾਣਗੇ। ਓਦੂੰ ਮਗਰੋਂ ਹੋਰ ਜਿਹੜਾ ਧਰਮਸ਼ਾਲਾ ਦਾ ਜਾਂ ਆਪਣੇ ਵੱਡੇ ਗੁਰਦੁਆਰੇ ਦਾ ਕੰਮ ਰਹਿੰਦਾ ਉਹ ਵੀ ਇਹਨਾਂ ਦੇ ਜਿੰਮੇਂ ਲਾਉ। ਹਾਂ ਇੱਕ ਹੋਰ ਕੰਮ ਵੀ ਯਾਦ ਆਇਆ ਉਹ ਇਹ ਕਿ ਹਰ ਸ਼ਨਿੱਚਰਵਾਰ ਦੀ ਇਨ੍ਹਾਂ ਦੀ ਡਿਊਟੀ ਲਾ ਦਿਉ ਪਿੰਡ ਦੀਆਂ ਗਲੀਆਂ-ਨਾਲੀਆਂ ਸਾਫ਼ ਕਰਨ ਦੀ। ਬਸ ਮਖਿਆਂ ਮਹੀਨੇ 'ਚ ਪਿੰਡ ਨੂੰ ਸਟੀਲ ਦੇ ਗਲਾਸ ਵਾਂਙੂੰ ਚਮਕਣ ਲਾ ਦਿਉ। ਪਤਾ ਵੀ ਤਾਂ ਲੱਗੇ ਵਈ ਇਸ ਪਿੰਡ 'ਚ ਕਾਰ ਸੇਵਾ ਵਾਲੇ ਆਏ ਐ।" ਬਚਨ ਸਿੰਘ ਦੀ ਗੱਲ 'ਤੇ ਸਭ ਨੇ ਮੰਨੇ-ਅਣਮੰਨੇ ਮਨ ਨਾਲ ਸਹਿਮਤੀ ਪ੍ਰਗਟਾਅ ਦਿੱਤੀ।
"ਲਉ ਵਈ ਹੁਣ ਇਉਂ ਕਰੋ ਪੰਚਾਇਤਨਾਮਾ ਲਿਖ ਲਉ ਬਈ ਜੇ ਇਹ ਮੁੰਡੇ ਕੰਮ ਨੂੰ ਛੱਡ ਕੇ ਇਥੋਂ ਭੱਜ ਜਾਂਦੇ ਐ ਤਾਂ ਇਨ੍ਹਾਂ ਦੀ ਗੱਡੀ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਜ਼ਬਤ ਕਰ ਲਈ ਜਾਵੇਗੀ। ਜੇਕਰ ਇਹ ਮੁੰਡੇ ਰੀਝ ਲਾ ਕੇ ਪਿੰਡ ਦੇ ਕੰਮ ਕਰਨਗੇ ਤਾਂ ਮਹੀਨੇ ਬਾਅਦ ਇਨ੍ਹਾਂ ਨੂੰ ਬਣਦਾ ਮਿਹਨਤਾਨਾ ਦੇ ਕੇ ਕੰਮ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਰਹੀ ਗੱਲ ਰੋਟੀ-ਪਾਣੀ ਦੀ,ਉਹ ਸੇਵਾ ਆਪਾਂ ਸਾਰੇ ਭਰਾਵਾਂ ਨੇ ਰੱਜ ਕੇ ਕਰਨੀ ਐ ਇਨ੍ਹਾਂ ਦੀ ਤੇ ਪਾਉਣ ਲਈ ਇਹਨਾਂ ਨੂੰ ਆਪਾਂ ਦੋ-ਦੋ ਸੂਟ ਬਣਾਅ ਦਿੰਨੇਂ ਆਂ ਵਰਦੀ ਆਂਙੂੰ…… " ਸਭ ਦੀ ਸਹਿਮਤੀ ਤੱਕਦਿਆਂ ਬਚਨ ਸਿਉਂ ਆਪਣੀ ਗੱਲ ਜਾਰੀ ਰੱਖ ਰਿਹਾ ਸੀ ਕਿ ਉਹਦੀ ਗੱਲ ਵਿਚੇ ਟੋਕਦਿਆਂ ਸਰਪੰਚ ਬੋਲਿਆ, "ਤੇ ਆਹ ਕਣਕ ਦਾ ਕੀ ਕਰੀਏ ਬਾਈ?"
"ਹੂੰਅਅ……ਕਣਕ ਦਾ…ਇਉਂ ਕਰੋ,ਨਾਲ ਦੇ ਪਿੰਡ ਜਿਹੜੇ ਬਾਈ ਦੀ ਪੱਕੀ ਕਣਕ ਨੂੰ ਅੱਗ ਲੱਗ ਕੇ ਸਾਰਾ ਵਾਹਣ ਸੜ ਗਿਆ ਸੀ,ਓਹਦੇ ਘਰ ਛੱਡ ਆਉ ਤੇ ਉਸ ਗੁਰਮੁਖ ਪਿਆਰੇ ਨੂੰ ਆਖ ਦਿਉ ਵਈ ਕਲਗੀਆਂ ਵਾਲੇ ਪਾਤਸ਼ਾਹ ਨੇ 'ਕੱਠੀ ਕਰਾ ਕੇ ਭੇਜੀ ਐ। ਅਗਲੀ ਗੱਲ,ਜਿੰਨਾ ਚਿਰ ਇਹ ਏਥੇ ਐ ਇਨ੍ਹਾਂ ਗੱਡੀ ਵੀ ਇਨ੍ਹਾਂ ਵਾਂਙੂੰ ਆਪਣੇ ਪਿੰਡ ਦੇ ਸਾਂਝੇ ਕੰਮਾਂ ਚ ਵਰਤੀ ਜਾਇਆ ਕਰੇਗੀ।" ਏਨਾ ਕਹਿੰਦਿਆਂ ਬਚਨ ਸਿਉਂ ਨੇ ਪੰਜ ਬੰਦਿਆਂ ਨੂੰ ਗੱਡੀ 'ਚ ਬਿਠਾ,ਨਾਲ ਦੇ ਪਿੰਡ ਵਾਲੇ ਉਸ ਕਿਸਾਨ ਦੇ ਘਰ ਵੱਲ ਤੋਰ ਦਿੱਤਾ ਜੋ ਆਪਣੀ ਪੁੱਤਾਂ ਵਾਂਙੂੰ ਪਾਲੀ ਫਸਲ ਨੂੰ ਵੱਢਣ ਤੋਂ ਵਾਂਝਾ ਰਹਿ ਗਿਆ ਸੀ ਅਤੇ ਮੁੰਡਿਆਂ ਨੂੰ ਪਿੰਡ ਵਾਲੀ ਧਰਮਸ਼ਾਲਾ 'ਚ ਰਹਿਣ ਲਈ ਇੱਕ ਕਮਰਾ ਖੋਲ ਦਿੱਤਾ।