ਕਾਫ਼ਲੇ ਵੱਲੋਂ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਲਿਖਤ 'ਤੇ ਭਰਪੂਰ ਚਰਚਾ (ਖ਼ਬਰਸਾਰ)


ਟਰਾਂਟੋ: --  'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਜੂਨ ਮਹੀਨੇ ਦੀ ਮੀਟਿੰਗ ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਤੀ ਨੂੰ ਸਮਰਪਿਤ ਰਹੀ ਜਿਸ ਵਿੱਚ ਉਨ੍ਹਾਂ ਦੀ ਲਿਖਤ ਅਤੇ ਜੀਵਨ ਨੂੰ ਵਿਚਾਰਿਆ ਗਿਆ। ਪ੍ਰਿੰ. ਸਰਵਣ ਸਿੰਘ ਨੇ ਵਿਸਥਾਰ ਵਿੱਚ ਬੋਲਦਿਆਂ ਦੱਸਿਆ ਕਿ ਜਵਾਨੀ 'ਚ ਮਲਾਇਆ ਰਹਿੰਦਿਆਂ ਕੰਵਲ ਸਾਹਿਤ ਨਾਲ਼ ਜੁੜਿਆ ਅਤੇ ਕਵਿਤਾ ਲਿਖਣ ਦੇ ਨਾਲ਼ ਨਾਲ਼ ਉਸਨੇ ਆਪਣੇ ਵਿਚਾਰ ਲਿਖ ਕੇ 'ਜੀਵਨ ਕਣੀਆਂ' ਕਿਤਾਬ ਛਪਵਾਈ ਜਿਸ ਸਦਕਾ ਉਨ੍ਹਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਬਰੇਰੀ ਵਿੱਚ ਕਲਰਕੀ ਦੀ ਨੌਕਰੀ ਦੇ ਦਿੱਤੀ ਗਈ ਤੇ ਉਹ ਲਿਖਣ ਪੜ੍ਹਨ ਵੱਲ ਰੁਚਿਤ ਹੋ ਗਏ। ਉਨ੍ਹਾਂ ਕਿਹਾ ਕਿ ਕੰਵਲ ਦਾ ਨਾਵਲ 'ਪੂਰਨਮਾਸ਼ੀ' ਏਨਾ ਮਸ਼ਹੂਰ ਹੋਇਆ ਕਿ ਲੋਕ ਟੋਲੀਆਂ ਬਣਾ ਬਣਾ ਕਿ ਹੀਰ ਦੇ ਕਿੱਸੇ ਵਾਂਗ ਸੁਣਿਆ ਕਰਦੇ ਸਨ। ਡਾ. ਜਸਵੰਤ ਕੌਰ ਗਿੱਲ ਨਾਲ਼ ਗੈਰ-ਵਿਆਹੁਤਾ ਸਬੰਧਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 'ਰਾਤ ਬਾਕੀ ਹੈ' ਨਾਵਲ ਤੋਂ ਪ੍ਰਭਾਵਤ ਹੋ ਕੇ ਡਾ ਜਸਵੰਤ ਗਿੱਲ ਕੰਵਲ ਹੁਰਾਂ ਦੀ ਮੁਰੀਦ ਹੋ ਗਈ ਤੇ ਇਹ ਰਿਸ਼ਤਾ ਪਤੀ ਪਤਨੀ ਵਿੱਚ ਬਦਲ ਗਿਆ। ਸਰਵਣ ਸਿੰਘ ਨੇ ਦੱਸਿਆ ਕਿ ਬੇਸ਼ੱਕ ਕੰਵਲ ਦੀ ਸਕੂਲੀ ਪੜ੍ਹਾਈ ਦਸਵੀਂ ਤੱਕ ਵੀ ਨਹੀਂ ਸੀ ਪਰ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਬਹੁਤ ਮਿਹਨਤ ਕੀਤੀ ਅਤੇ ਉਨ੍ਹਾਂ ਨਾਲ਼ ਪੜ੍ਹਦੇ ਰਹੇ ਲਛਮਣ ਸਿੰਘ ਗਿੱਲ (ਚੂਹੜਚੱਕ) ਅਤੇ ਲਾਲ ਸਿੰਘ ਸਿੱਧੂ ਨੇ ਪੰਜਾਬੀ ਨੂੰ ਰਾਜ-ਭਾਸ਼ਾ ਦਾ ਦਰਜ਼ਾ ਦਿਵਾਉਣ ਅਤੇ ਦਫ਼ਤਰੀ ਕੰਮਾਂ 'ਚ ਲਾਗੂ ਕਰਵਾਉਣ ਦਾ ਕਾਰਜ ਕੀਤਾ। 


ਕੁਲਵਿੰਦਰ ਖਹਿਰਾ ਨੇ ਕਿਹਾ ਕਿ ਭਾਵੇਂ ਉਸ 'ਤੇ ਕੰਵਲ ਦੀਆਂ ਲਿਖਤਾਂ ਵਿਚਲੀ ਚੁੰਬਕੀ ਖਿੱਚ ਦਾ ਬਹੁਤ ਅਸਰ ਸੀ ਪਰ 'ਐਨਿਆਂ 'ਚੋਂ ਉੱਠੋ ਸੂਰਮਾ' ਨਾਵਲ ਬਾਰੇ ਉਸ ਵੱਲੋਂ ਕੀਤੇ ਸਵਾਲ 'ਤੇ ਜਸਵੰਤ ਕੰਵਲ ਇੱਕ ਦਮ ਭੜਕ ਉੱਠੇ ਸਨ ਤੇ ਕਾਮਰੇਡਾਂ 'ਤੇ ਖ਼ੂਬ ਵਰ੍ਹੇ ਸਨ। 
ਸੁਰਜੀਤ ਸਿੰਘ ਬਰਾੜ ਹੁਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਵਲ ਦੀਆਂ ਕਈ ਕਿਤਾਬਾਂ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੇ ਉਨ੍ਹਾਂ ਦੀ ਕਿਤਾਬ 'ਪੰਜਾਬੀਓ ਜੀਣਾ ਕਿ ਮਰਨਾ' 'ਲਹੂ ਦੀ ਲੋਅ' ਵਾਂਗ ਹੀ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਕੂਲੀ ਅਲਜਬਰੇ ਕਾਰਨ ਕੰਵਲ ਸਕੂਲ ਵਿੱਚ ਕਾਮਯਾਬ ਨਹੀਂ ਸੀ ਹੋ ਸਕਿਆ ਪਰ ਉਸਨੇ ਜ਼ਿੰਦਗੀ ਦੇ ਅਲਜਬਰੇ ਨੂੰ ਖ਼ੂਬ ਸਮਝਿਆ। ਕੁਲਵਿੰਦਰ ਖਹਿਰਾ ਨਾਲ਼ ਸਹਿਮਤ ਹੁੰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਵੀ 'ਐਨਿਆਂ 'ਚੋਂ ਉੱਠੋ ਸੂਰਮਾ' ਨਾਵਲ ਪਸੰਦ ਨਹੀਂ ਆਇਆ ਪਰ ਕੰਵਲ ਆਪਣੇ ਕੰਮਾਂ ਸਦਕਾ ਆਪਣੇ ਆਪ ਵਿੱਚ ਹੀ ਇੱਕ ਸੰਸਥਾ, ਯੁਗ-ਪੁਰਸ਼, ਅਤੇ ਇਕੱਲਾ ਹੀ ਝੰਡਾ ਚੁੱਕ ਕੇ ਜੂਝਣ ਵਾਲ਼ਾ ਇਨਸਾਨ ਹੈ। 
ਅਮਰਜੀਤ ਕੌਂਕੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੀਐਚਡੀ ਕੰਵਲ ਦੇ ਛੇ ਨਾਵਲ: 'ਲਹੂ ਦੀ ਲੋਅ', 'ਪਾਲੀ', 'ਪੂਰਨਮਾਸ਼ੀ', ਮਿੱਤਰ ਪਿਆਰੇ ਨੂੰ', ਰਾਤ ਬਾਕੀ ਹੈ', ਅਤੇ 'ਏਨਿਆਂ 'ਚੋਂ ਉੱਠੋ ਸੂਰਮਾ' ਦੇ ਅਧਿਐਨ 'ਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਛੇਵੇਂ ਨਾਵਲ ਕੰਵਲ ਦੀ ਵਿਚਾਰਧਾਰਾ ਦੇ ਬਦਲਦੇ ਪੜਾਵਾਂ ਦੀ ਨਿਸ਼ਾਨਦੇਹੀ ਕਰਦੇ ਨੇ ਜਿਨ੍ਹਾਂ ਰਾਹੀਂ ਕੰਵਲ ਹਰ ਵਾਰ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਬਦਲਦਾ ਤੇ ਨਵੀਂ ਵਿਚਾਰਧਾਰਾ ਸਥਾਪਿਤ ਕਰਦਾ ਪ੍ਰਤੀਤ ਹੁੰਦਾ ਹੈ। 
ਕੰਵਲ ਦੀ ਬਦਲਦੀ ਵਿਚਾਰਧਾਰਾ ਬਾਰੇ ਆਏ ਵਿਚਾਰਾਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕੰਵਲ ਦੇ ਸਾਥੀ ਰਹੇ ਪ੍ਰਿੰਸੀਪਲ ਰਾਮ ਸਿੰਘ ਨੇ ਕਿਹਾ, "ਮੈਂ ਸਮਝਦਾਂ ਕਿ ਜੋ ਬੰਦਾ ਲਹਿਰਾਂ ਨਾਲ਼ ਨਹੀਂ ਬਦਲਦਾ ਉਹ ਲੇਖਕ ਹੀ ਨਹੀਂ, ਉਸਨੂੰ ਪਾਸੇ ਹਟ ਜਾਣਾ ਚਾਹੀਦਾ।"
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਬੁੱਟਰ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨੂੰ ਨਾਨਕ ਸਿੰਘ ਅਤੇ ਕੰਵਲ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਏਨੇ ਵੱਡੇ ਪੱਧਰ 'ਤੇ ਪੰਜਾਬੀਆਂ ਨੂੰ ਸ਼ਬਦ ਨਾਲ਼ ਜੋੜਿਆ ਅਤੇ ਜਿਨ੍ਹਾਂ ਦੀਆਂ ਲਿਖਤਾਂ ਨੇ ਪੰਜਾਬੀਆਂ ਨੂੰ ਬੌਧਿਕ ਤੌਰ 'ਤੇ ਵਿਕਸਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਲੋਚਨਾ ਦਾ ਇਹ ਦੁਖਾਂਤ ਹੈ ਕਿ ਇਹ ਜਾਂ ਤੇ ਨਮਸਕਾਰ ਅਲੋਚਨਾ ਹੁੰਦੀ ਅਤੇ ਜਾਂ ਤਿਰਸਕਾਰ ਜਦਕਿ ਅਲੋਚਨਾ ਨਿਰਪੱਖ ਹੋਣੀ ਚਾਹੀਦੀ ਹੈ ਤੇ ਲੇਖਕ ਦੇ ਵਿਸ਼ਾ-ਵਸਤੂ ਅਤੇ ਨਜ਼ਰੀਏ ਨੂੰ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ।
ਜੰਮੂੰ ਤੋਂ ਆਈ ਕਹਾਣੀਕਾਰਾ ਸੁਰਿੰਦਰ ਨੀਰ ਨੇ ਕਿਹਾ ਕਿ ਲੇਖਕ ਜੋ ਫ਼ੈਸਲੇ ਆਪਣੇ ਪਾਤਰਾਂ ਕੋਲ਼ੋਂ ਕਰਵਾ ਜਾਂਦਾ ਹੈ ਉਹ ਖੁਦ ਉਸ ਸਥਿਤੀ 'ਚ ਘਿਰਨ ਸਮੇਂ ਇਸ ਲਈ ਨਹੀਂ ਕਰ ਸਕਦਾ ਕਿ ਬਹੁਤੀ ਵਾਰ ਸਥਿਤੀ ਉਹ ਨਹੀਂ ਹੁੰਦੀ। ਇਸ ਲਈ ਲੇਖਕ ਅਤੇ ਲਿਖਤ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ।
ਦੂਰ-ਦਰਸ਼ਨ ਜਲੰਧਰ ਨਾਲ਼ ਜੁੜੀ ਕੁਲਵਿੰਦਰ ਕੌਰ ਬੁੱਟਰ ਨੇ ਬਿਲਗਾ ਪਿੰਡ ਅਤੇ ਬਾਬਾ ਭਗਤ  ਸਿੰਘ ਬਿਲਗਾ ਪਰਿਵਾਰ ਨਾਲ਼ ਜੁੜੇ ਹੋਣ ਦੇ ਮਾਣ-ਮੱਤੇ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸਨੂੰ ਦੂਰ-ਦਰਸ਼ਨ ਨਾਲ਼ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਨਾਮਵਰ ਸਾਹਿਤਕ ਹਸਤੀਆਂ 'ਤੇ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਦਾ ਮੌਕਾ ਮਿਲ਼ਿਆ। ਉਨ੍ਹਾਂ ਕਿਹਾ ਕਿ ਜਸਵੰਤ ਕੰਵਲ ਦੀ ਇੰਟਰਵਿਊ ਕਰਦਿਆਂ ਦੋ ਦਿਲਚਸਪ ਗੱਲਾਂ ਸਾਹਮਣੇ ਆਈਆਂ: ਇੱਕ ਤਾਂ ਕੰਵਲ ਜੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਵੀਡੀਓ ਬਣਾਈ ਜਾਵੇ ਉਦੋਂ ਜਸਵੰਤ ਕੌਰ ਗਿੱਲ ਦੀ ਤਸਵੀਰ ਪਿੱਛੇ ਜ਼ਰੂਰ ਵਿਖਾਈ ਦੇਵੇ ਅਤੇ ਜਸਵੰਤ ਕੌਰ ਗਿੱਲ ਦੇ ਤੁਰ ਜਾਣ ਨੂੰ ਹੀ ਉਨ੍ਹਾਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਦੱਸਿਆ। ਦੂਸਰਾ, ਵਾਰ ਵਾਰ ਆਪਣਾ ਨਜ਼ਰੀਆ ਬਦਲੇ ਜਾਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, "ਮੈਂ ਹਮੇਸ਼ਾਂ ਪੰਜਾਬ ਦਾ ਭਲਾ ਹੀ ਚਾਹਿਆ ਹੈ…।"
ਟਰਾਂਟੋ ਫੇਰੀ 'ਤੇ ਆਈ ਬਲਜੀਤ ਬੱਲ, ਜੋ ਆਪ ਬਹੁਤ ਵਧੀਆ ਸ਼ਾਇਰਾ ਹੋਣ ਦੇ ਨਾਲ਼ ਨਾਲ਼ ਪੰਜਾਬੀ ਜੁਝਾਰ ਕਵਿਤਾ ਦੇ ਨਾਮਵਰ ਕਵੀ ਫ਼ਤਿਹਜੀਤ ਦੀ ਬੇਟੀ ਵੀ ਹੈ, ਨੇ ਕਿਹਾ ਕਿ ਉਹ ਜਦੋਂ ਟਰਾਂਟੋ ਵਿੱਚ ਵੱਸ ਗਏ ਏਨੇ ਪੰਜਾਬੀ ਕਵੀਆਂ ਨੂੰ ਵੇਖਦੀ ਹੈ ਤਾਂ ਮਹਿਸੂਸ ਕਰਦੀ ਹੈ ਕਿ ਟਰਾਂਟੋ ਨੇ ਪੰਜਾਬ ਦਾ ਸਮੁੱਚਾ ਸਾਹਿਤ ਆਪਣੇ ਆਪ ਵਿੱਚ ਸਮੋਅ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦੇਸ ਨੇ ਸਾਡੇ ਵਤਨ ਦਾ ਸਰਮਾਇਆ ਸਾਥੋਂ ਖੋਹ ਲਿਆ ਹੈ। 
ਪੰਜਾਬੀ ਕਵਿੱਤਰੀ ਕੁਲਵਿੰਦਰ ਕੰਵਲ ਨੇ ਹਾਲ ਹੀ ਵਿੱਚ ਬਾਬੇ ਨਾਨਕ ਬਾਰੇ ਹੋਈਆ ਕਾਨਫ਼ਰੰਸਾਂ ਦੇ ਹਵਾਲੇ ਨਾਲ਼ ਕਿਹਾ ਕਿ ਸਾਡੀਆਂ ਕਾਨਫ਼ਰੰਸਾਂ ਤਦ ਹੀ ਸਾਰਥਿਕ ਨੇ ਜੇ ਅਸੀਂ ਨਾਨਕ ਦੀ ਸੋਚ ਦੀ ਜੋਤ ਹਰ ਮੱਥੇ 'ਚ ਜਗਾ ਸਕੀਏ।
ਕਵਿਤਾ ਦੇ ਦੌਰ ਵਿੱਚ ਜਿੱਥੇ ਬਲਜੀਤ ਬੱਲ, ਅਮਰਜੀਤ ਕੌਂਕੇ, ਅਤੇ ਕੁਲਵਿੰਦਰ ਕੰਵਲ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਓਥੇ ਰਿੰਟੂ ਭਾਟੀਆ, ਇਕਬਾਲ ਬਰਾੜ, ਬਲਜੀਤ ਬੈਂਸ, ਗੁਰਚਰਨਜੀਤ ਗਿੱਲ, ਅਤੇ ਇੰਡੀਆਂ ਤੋਂ ਆਏ ਸੀਮਾ ਚੱਢਾ ਜੀ ਨੇ ਖ਼ੂਬਸੂਰਤ ਤਰੰਨਮ 'ਚ ਗ਼ਜ਼ਲਾਂ ਪੇਸ਼ ਕੀਤੀਆਂ।
ਹੰਸਰਾਜ ਮਹਿਲਾ ਕਾਲਿਜ ਜਲੰਧਰ ਵਿੱਚ ਸੰਗੀਤ ਦੀ ਪ੍ਰੋਫ਼ੈਸਰ, ਸੰਤੋਸ਼ ਖੰਨਾ ਜੀ ਨੇ ਸਿਤਾਰ ਦੀਆਂ ਮਧੁਰ ਸੁਰਾ ਨਾਲ਼ ਸਭ ਨੂੰ ਮੰਤਰ-ਮੁਗਧ ਕਰ ਦਿੱਤਾ।
ਮੀਟਿੰਗ ਵਿੱਚ ਜਗੀਰ ਸਿੰਘ ਕਾਹਲੋਂ, ਮਹਿੰਦਰਦੀਪ ਗਰੇਵਾਲ਼, ਬਲਬੀਰ ਕੌਰ ਸੰਘੇੜਾ, ਲਾਲ ਸਿੰਘ ਸੰਘੇੜਾ, ਜਤਿੰਦਰ ਰੰਧਾਵਾ, ਬਲਜੀਤ ਧਾਲੀਵਾਲ, ਬਲਰਾਜ ਧਾਲੀਵਾਲ, ਭੁਪਿੰਦਰ ਦੁਲੈ, ਸੁੱਚਾ ਸਿੰਘ ਮਾਂਗਟ, ਰਿੰਟੂ ਭਾਟੀਆ, ਕਿਰਪਾਲ ਸਿੰਘ ਪੰਨੂੰ, ਸੁਰਿੰਦਰ ਖਹਿਰਾ, ਗੁਰਜਿੰਦਰ ਸੰਘੇੜਾ, ਬ੍ਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਮਿੰਨੀ ਗਰੇਵਾਲ, ਸਰਬਜੀਤ ਕੌਰ ਕਾਹਲੋਂ, ਹੀਰਾ ਰੰਧਾਵਾ, ਬਲਜੀਤ ਰੰਧਾਵਾ, ਨਾਹਰ ਔਜਲਾ ਤੋਂ ਇਲਾਵਾ ਬਹੁਤ ਸਾਰੇ ਸਾਹਿਤਕਾਰ ਅਤੇ ਪਾਠਕ ਹਾਜ਼ਰ ਸਨ। 

ਕੁਲਵਿੰਦਰ ਖਹਿਰਾ
(ਕੁਲਵਿੰਦਰ ਖਹਿਰਾ)