ਸਭ ਰੰਗ

 •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
 •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
 •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
 •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
 •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
 •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
 •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
 • ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ (ਲੇਖ )

  ਮਨਜੀਤ ਤਿਆਗੀ   

  Email: englishcollege@rocketmail.com
  Cell: +91 98140 96108
  Address:
  ਮਲੇਰਕੋਟਲਾ India
  ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਆਧੁਨਿਕ ਸਮਾਜ ਵੱਖ-ਵੱਖ ਲੋਕਾਂ ਦੇ ਸਮੂਹਾਂ ਦਾ ਇਕ ਗੁਲਦਸਤਾ ਹੈ। ਸਮਾਜ ’ਚ ਉਸਾਰੂ ਤੇ ਹਾਂ-ਪੱਖੀ ਭੂਮੀਕਾ ਨਿਭਾਉਣ ਵਾਲੇ ਲੋਕ ਸਮਾਜ ਦਾ ਅਨਿਖੜਵਾਂ  ਭਾਗ ਹਨ ਪਰ ਨਾ-ਪੱਖੀ ਤੇ ਵਿਚਾਰਕ ਪ੍ਰਦੂਸ਼ਣ ਫੈਲਾਉਣ ਵਾਲੇ ਘੜੰਮ-ਚੌਧਰੀ ਸਮਾਜ ਦਾ ਅਣ-ਖਿੜਵਾ ਭਾਗ ਹਨ। ਲੋਕਾਂ ਦੇ ਸਿਰ ’ਚ ਤਾਂ ਦਿਮਾਗ ਹੁੰਦਾ ਹੈ ਪਰ ਘੜੰਮ-ਚੌਧਰੀਆਂ ਦੇ ਸਿਰ ’ਚ ਡਮਾਗ ਹੁੰਦਾ ਹੈ। ਜਿਵੇਂ ਕੁੱਕੜ ਨੂੰ ਵਹਿਮ ਹੁੰਦਾ ਹੈ ਕਿ ਜੇਕਰ ਉਹ ਬਾਂਗ ਨਹੀਂ ਦੇਵੇਗਾ ਤਾਂ ਸੂਰਜ ਨਹੀਂ ਚੜੇਗਾ ਉਸ ਤਰ੍ਹਾਂ ਹੀ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਇਨ੍ਹਾਂ ਤੋਂ ਬਿਨਾਂ ਪਿੰਡ ਗਤੀ ਨਹੀਂ ਕਰ ਸਕਦਾ। ਸਵੇਰ ਹੁੰਦਿਆਂ ਹੀ ਇਹ ਆਪਣੇ ਏਰੀਏ ਦੇ ਲੋਕਾਂ ਦੇ ਘਰਾਂ ’ਚ ਬਿਨ ਬੁਲਾਏ ਮਹਿਮਾਨ ਵਾਂਗ ਘੁਸ ਜਾਂਦੇ ਹਨ। ਸਮੇਂ-ਸਮੇਂ ਤੇ ਇਹ ਆਪਣੇ ਮੋਢਿਆਂ ’ਤੇ ਲੱਗੀ ਏਅਰਗਨ ਰਾਹੀਂ ਸਨਸਨੀ ਫੈਲਾਊ ਗੋਲੇ ਦਾਗ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਰਹਿੰਦੇ ਹਨ। ਦੂਜਿਆਂ ਬਾਰੇ ਜ਼ਹਿਰ ਉਗਲਣਾ ਤੇ ਮਨਘੜਤ ਕਹਾਣੀਆਂ ਘੜ ਕੇ ਆਮ ਲੋਕਾਂ ਨੂੰ ਬਦਨਾਮ ਕਰਨਾ ਇਨ੍ਹਾਂ ਦਾ ਟਸ਼ਨ ਹੁੰਦਾ ਹੈ। ਬਤਮੀਜ਼ੀ ਕਰਦੇ ਸਮੇਂ ਇਨ੍ਹਾਂ ਨੂੰ ਖ਼ੁਦ ਵੀ ਨਹੀਂ ਪਤਾ ਹੁੰਦਾ ਕਿ ਇਹ ਬਤਮੀਜ਼ੀ ਕਰ ਰਹੇ ਹਨ। ਪਾਟੇ ਖਾਂ ਤੇ ਨਾਢੂ ਖਾ ਘੜੰਮ ਚੌਧਰੀਆਂ ਦੇ ਖ਼ਾਸ ਦੋਸਤ ਹੁੰਦੇ ਹਨ।
     ਇਨ੍ਹਾਂ ਦੀ ਪਹਿਚਾਣ ਦੂਰੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਹਾੜ ਦੇ ਮਹੀਨੇ ’ਚ ਵੀ ਕੱਛਾਂ ’ਚ ਹੱਥ ਦੇ ਕੇ ਇਸ ਤਰ੍ਹਾਂ ਖੜਦੇ ਹਨ ਜਿਵੇਂ ਪੋਹ ਦੇ ਮਹੀਨੇ ਲੋਕ  ਠੰਡ ਤੋਂ ਬਚਣ ਲਈ ਖੜਦੇ ਹਨ। ਇਨ੍ਹਾਂ ਦਾ ਦਿਮਾਗ ਘਟੀਆਂ ਵਿਚਾਰਾਂ ਨਾਲ ਭਰਿਆ ਹੋਣ ਕਰਕੇ ਇਨ੍ਹਾਂ ਦਾ ਸਿਰ ਪਿੱਛੇ ਵੱਲ ਝੁਕਿਆ ਹੀ ਰਹਿੰਦਾ ਹੈ ਤੇ ਇਹ ਹਮੇਸ਼ਾ ਆਫ਼ਰੇ ਹੋਏ ਸ਼ਬਦਾਂ ਦਾ ਇਸਤੇਮਾਲ ਕਰਕੇ ਆਪਣੀ ਅਕਲ ਦੀ ਮੁਨਿਆਦੀ ਕਰਦੇ ਰਹਿੰਦੇ ਹਨ।ਦੂਜਿਆਂ ਲਈ ਇੱਕਠਾ ਕੀਤਾ ਜ਼ਹਿਰ ਇਨ੍ਹਾਂ ਨੂੰ ਹੀ ਜਿਆਦਾ ਨੁਕਸਾਨ ਪਹੁੰਚਾਉਂਦਾ ਹੈ ਪਰ ਇਹ ਇਸ ਸਚਾਈ ਤੋਂ ਅਣਜਾਣ ਹੁੰਦੇ ਹਨ। ਜਿਵੇਂ ਵਿਰੋਧੀ ਧਿਰ ਪਹਿਲਾਂ ਰੌਲਾ ਪਾਈ ਜਾਂਦੀ ਹੈ ਕਿ ਸੜ੍ਹਕ ਨਹੀਂ ਬਣੀ, ਸੜ੍ਹਕ ਨਹੀਂ ਬਣੀ ਜਦੋਂ ਸੜ੍ਹਕ ਬਣ ਜਾਂਦੀ ਹੈ ਫਿਰ ਰੌਲਾ ਪਾਉਣ ਲੱਗ ਜਾਂਦੀ ਹੈ ਕਿ ਲੁੱਕ ਘੱਟ ਪਾਈ ਹੈ, ਲੁੱਕ ਘੱਟ ਪਾਈ ਹੈ, ੳਸੇ ਤਰ੍ਹਾਂ ਦੂਜਿਆਂ ਦੀ ਆਲੋਚਨਾ ਕਰਨਾ ਘੜੰਮ-ਚੌਧਰੀਆਂ ਦਾ ਮੁੱਖ ਕੰਮ ਹੁੰਦਾ ਹੈ। ਜੇਕਰ ਇਨ੍ਹਾਂ  ਨੂੰ ਕਿਤੇ ਕੋਈ ਦੇਵਤਾ ਵੀ ਮਿਲ ਜਾਵੇ ਤਾਂ ਇਹ ਉਸ ਵਿੱਚ ਵੀ ਅਨੇਕਾਂ ਕਮੀਆਂ ਲੱਭ ਦੇਣ! ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਬਹੁਤ ਲੋਕ ਇਨ੍ਹਾਂ ਦੇ ਵਾਕਫ਼ ਹਨ ਪਰ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ। ਹਰ ਇੱਕ ਚੰਗਾ ਬੰਦਾ ਅਜਿਹੇ ਗੰਦੇ ਬੰਦਿਆਂ ਤੋਂ ਦੂਰ ਹੋ ਕੇ ਲੰਘਣਾ ਹੀ ਸਿਆਣਪ ਸਮਝਦਾ ਹੈ, ਏਥੋਂ ਤੱਕ ਕਿ ਆਂਢ-ਗੁਆਂਢ ਹੀ ਨਹੀਂ ਸਗੋਂ ਪਰਿਵਾਰਕ ਮੈਂਬਰ ਵੀ ਇਨ੍ਹਾਂ ਦੇ ਰਵੱਈਏ ਤੋਂ ਤੰਗ ਹੁੰਦੇ ਹਨ। ਪਰ ਇਹ ਜਨਾਬ ‘ਗੁੰਡੀ ਰੰਨ ਪ੍ਰਧਾਨ’ ਦੇ ਸਿਧਾਂਤ ਨੂੰ ਫ਼ੇਲ ਨਹੀਂ ਹੋਣ ਦਿੰਦੇ।ਸਮਾਜ ਵਿੱਚ ਵਿਚਰਦੇ ਹੋਏ ਇਹ ਵੀ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਉਮਰ ਦੇ ਆਖ਼ਰੀ ਪੜ੍ਹਾਅ ’ਤੇ ਕੁੱਝ ਘੜੰਮ-ਚੌਧਰੀਆਂ ਨੂੰ ਜਦੋਂ ਆਪਣੀਆਂ ਕਰਤੂਤਾਂ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਕਿਸੇ ਧਾਰਮਿਕ ਲਹਿਰ ਨਾਲ ਜੁੜ ਕੇ ਸਮਾਜ ’ਚ ਆਪਣੀ ਸਵੀ ਸੁਧਾਰਨ ਦਾ ਅਸਫ਼ਲ ਯਤਨ ਵੀ ਕਰਦੇ ਹਨ।
       ਥਾਣੇ-ਕਚਿਹਰੀ ਜਾਣ ਸਮੇਂ ਇਨ੍ਹਾਂ ਨੂੰ ਬਰਾਤ ਚੜ੍ਹਨ ਜਿਨ੍ਹਾਂ ਚਾਹ ਚੜ ਜਾਂਦਾ ਹੈ।ਇਨ੍ਹਾਂ ਦੀ ਆਪਣੀ ਤਾਂ ਕੋਈ ਇੱਜ਼ਤ ਨਹੀਂ ਹੁੰਦੀ ਪਰ ਇਹ ਹਰ ਸਮੇਂ ਦੂਜਿਆਂ ਦੀ ਇੱਜ਼ਤ ਉਤਾਰਨ ਲਈ ਤੱਤਪਰ ਰਹਿੰਦੇ ਹਨ।ਇਨ੍ਹਾਂ ਕੋਲ ਸਵਾਲ ਦਾ ਉੱਤਰ ਜਵਾਬ ਨਹੀਂ ਹੁੰਦਾ ਸਗੋਂ ਸਵਾਲ ਦਾ ੳੁੱਤਰ ਸਵਾਲ ਹੁੰਦਾ ਹੈ। ਨਤੀਜੇ ਵਜੋਂ ਅਜਿਹੇ ਘੜੰਮ-ਚੌਧਰੀ ਆਪਣੀ ਨਿੱਜੀ ਹਓਮੈਂ ਕਾਰਨ ਮਸਲੇ ਨੂੰ ਸੁਲਝਾਉਣ ਦੀ  ਬਜਾਏ ਉਲਝਾ ਦਿੰਦੇ ਹਨ। ਅੱਗ ਲਗਾਈ ਡੱਬੂ ਕੰਧ ’ਤੇ! ਜੇਕਰ ਇਹ ਦੂਜੀ ਧਿਰ ’ਤੇ ਮੁਕੱਦਮਾ ਦਰਜ ਕਰਵਾਉਣ ਵਿੱਚ ਸਫ਼ਲ ਹੋ ਜਾਣ ਤਾਂ ਇਨ੍ਹਾਂ ਨੂੰ  ਏਨੀ ਖ਼ੁਸ਼ੀ ਹੁੰਦੀ ਹੈ ਜਿੰਨੀ ਕਿਸੇ  ਬੇਸਹਾਰਾ ਗ਼ਰੀਬ ਬੁਜ਼ਰਗ ਨੂੰ ਬੁਢਾਪਾ ਪੈਨਸ਼ਨ ਲੱਗਣ ਤੇ ਹੁੰਦੀ ਹੈ। ਵੋਟਾਂ ਦੇ ਦਿਨ ਇਨ੍ਹਾਂ ਲਈ ਕਿਸੇ ਉਤਸਵ ਤੋਂ ਘੱਟ ਨਹੀਂ ਹੁੰਦੇ। ਇਹ ਰਾਜਨੀਤਿਕ ਪਾਰਟੀਆਂ ਤੇ ਆਪਣੀ ਜਾਣ-ਪਛਾਣ ਵਾਲੇ ਮਜ਼ਬੂਰ ਵੋਟਰਾਂ ਵਿਚਕਾਰ ਦਲਾਲ ਦੀ ਭੂਮਿਕਾ ਨਿਭਾਉਂਦੇ ਹਨ। ਜਿਵੇਂ ਆਜ਼ੜੀ ਭੇਡਾਂ ਨੂੰ ਕੰਟਰੋਲ ’ਚ ਰੱਖਣ ਲਈ ਉਨ੍ਹਾਂ ’ਚ ਕੁੱਤਾ ਛੱਡ ਦਿੰਦਾ ਹੈ, ਉਸੇ ਤਰ੍ਹਾਂ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਇਨ੍ਹਾਂ ਨੂੰ ਚੌਧਰ ਦਾ ਲਾਇਸੰਸ ਦੇ ਦਿੰਦੀ ਹੈ ਤੇ ਪ੍ਰਧਾਨ ਜੀ ਵੋਟਾਂ ਤੋਂ ਠੀਕ ਇੱਕ ਦਿਨ ਪਹਿਲਾਂ ਆਪਣੀਆਂ ‘ਭੇਡਾਂ’ ਦਾ ਮੁੱਲ ਵੱਟ ਲੈਂਦੇ ਹਨ। ਅਕਸਰ ਹੀ ਦੇਖਣ ’ਚ ਆਉਂਦਾ ਹੈ ਕਿ ਵੋਟਾਂ ਦੇ ਦਿਨਾਂ ’ਚ ਮੁਫ਼ਤ ਦੀ ਘਟੀਆ ਸ਼ਰਾਬ ਜਿਆਦਾ ਮਿਕਦਾਰ ’ਚ ਪੀਣ ਨਾਲ ਇੱਕ ਜਾਂ ਦੋ ਮੌਤਾਂ ਹੋ ਜਾਂਦੀਆਂ ਹਨ। ਫਿਰ ਇਹ ਪੀੜਤ ਪਤਨੀ ਨੂੰ ਵਿਧਵਾ ਪੈਨਸ਼ਨ ਲਗਾਉਣ ’ਚ ਮੱਦਦ ਕਰਕੇ ਉਸ ਪਰਿਵਾਰ ’ਤੇ ਆਪਣੀ ਧੌਂਸ ਜਮਾਉਂਦੇ ਰਹਿੰਦੇ ਹਨ ਜੇ ਪਰਿਵਾਰ ਇਨ੍ਹਾਂ ਦਾ ਰੋਅਬ ਨਹੀਂ ਝੱਲਦਾ ਤਾਂ ਉਸਦੇ ਉਲਟ ਹੋ ਜਾਂਦੇ ਹਨ।ਇਹ ਜਨਾਬ ਲੱਤਾਂ ਤੋੜ ਕੇ ਫੋੜੀਆਂ ਵੰਡਣ ਨੂੰ ਹੀ ਪਰਮ ਸੇਵਾ ਸਮਝਦੇ ਹਨ।ਇਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੁੰਦੀ ਹੈ।
      ਪਿੰਡ-ਪਿੰਡ ਤੁਹਾਨੂੰ ਘੜੰਮ-ਚੌਧਰੀਆਂ ਦੇ ਅਨੇਕਾਂ ਕਿੱਸੇ ਮਿਲ ਜਾਣਗੇ। ਇਕ ਪਿੰਡ ਜਦੋਂ ਇਕ ਘੜੰਮ-ਚੌਧਰੀ ਨੂੰ ਉਸ ਦੀ ਪਤਨੀ ਨੇ ਆਪਣੀ ਰਿਸ਼ਤੇਦਾਰੀ ’ਚੋਂ ਆਈ ਕੁੜ੍ਹੀ ਨਾਲ ਕੁਕਰਮ ਕਰਦੇ ਰੰਗੇ ਹੱਥੀ ਫੜ ਲਿਆ ਤਾਂ ਉਸ ਨੇ ਪਤਨੀ ਨੂੰ ਹੀ ‘ਗੱਡੀ’ ਚਾੜ੍ਹ ਦਿੱਤਾ।ਰਿਸ਼ਤੇਦਾਰਾਂ ਨੂੰ ਉਸ ਦੀ ਕਰਤੂਤ ਪਤਾ ਲੱਗਣ ’ਤੇ ਉਹ ਉਸ ਦੀ ਕੁੜ੍ਹੀ  ਨੂੰ ਉਸਦੇ ਪ੍ਰਛਾਂਵੇ ਤੋਂ ਦੂਰ ਆਪਣੇ ਨਾਲ ਲੈ ਗਏ। ਅੱਜਕਲ ਇਹ ਘੜੰਮ ਚੌਧਰੀ ਗ਼ਰੀਬ ਲੋਕਾਂ ਦੀਆਂ ਧੀਆਂ ਨੂੰ ਸਰਕਾਰ ਤੋਂ ਸ਼ਗਨ ਸਕੀਮ ਦਾ ਲਾਭ ਦਿਵਾ ਕੇ ਔਰਤ ਜਾਤੀ ਦੀ ਭਲਾਈ ਕਰ ਰਿਹਾ ਹੈ! ਇਸੇ ਤਰ੍ਹਾਂ ਇਕ ਪਿੰਡ’ਚ ਸਮੱਸਿਆ ਨੂੰ ਸੁਲਝਾਉਣ ਲਈ ਪੰਚਾਇਤ ਜੁੜੀ ਹੋਈ ਸੀ। ਮਸਲਾ ਇਕ ਅਨਪੜ੍ਹ ਪਰਿਵਾਰ ਵੱਲੋਂ ਉੱਚੀ ਲਾਊਡ ਸਪੀਕਰ ਚਲਾ ਕੇ ਗੁਆਢੀ ਨੂੰ ਤੰਗ ਕਰਨਾ ਦਾ ਸੀ। ਕਿਸੇ ਦੇ ਬੋਲਣ ਤੋਂ ਪਹਿਲਾਂ ਇਕ ਘੜੰਮ-ਚੌਧਰੀ ਨੇ ਗੁਆਢੀ ਨੂੰ ਕੰਧਾਂ ਉੱਚੀਆਂ ਕਰਨ ਦਾ ਸੁਝਾਅ ਦੇ ਦਿੱਤਾ। ਉਸ ਦੀ ਗੱਲ ਸੁਣ ਕੇ ਸਰਪੰਚ ਨੇ ਥੋੜਾ ਖਿੱਝ ਕੇ ਰੌਅਬ ਭਰੇ ਅੰਦਾਜ਼ ’ਚ ਕਿਹਾ, “ਯਾਰ ਚਿਉਂ ਛੱਤ ਰਹੀ ਏ, ਤੂੰ ਮੋਮਜਾਮਾ ਫ਼ਰਸ਼ ’ਤੇ ਪਾਉਣ ਨੂੰ ਫਿਰਦਾ !!”  
         ਘੜੰਮ-ਚੌਧਰੀ ਅਜਿਹੀ ਪ੍ਰਜਾਤੀ ਹੈ ਜੋ ਹਰੇਕ ਗਲੀ, ਮੁਹੱਲੇ, ਪਿੰਡ ਤੇ ਸ਼ਹਿਰ ’ਚ ਪਾਈ ਜਾਂਦੀ ਹੈ। ਕਿਸੇ ਪਿੰਡ ਜਾਂ ਮੁਹੱਲੇ ਵਿੱਚ ਜਿਸ ਅਨੁਪਾਤ ਵਿਚ ਘੜੰਮ-ਚੌਧਰੀ ਹੋਣਗੇ ਉਸ ਦੇ ਉਲਟ ਅਨੁਪਾਤ ’ਚ ਉਸ ਖੇਤਰ ਦਾ ਵਿਕਾਸ ਹੋਵੇਗਾ। ਭਾਵ ਜ਼ਿਆਦਾ ਘੜੰਮ-ਚੌਧਰੀ ਘੱਟ ਵਿਕਾਸ, ਘੱਟ ਘੜੰਮ-ਚੌਧਰੀ ਜ਼ਿਆਦਾ ਵਿਕਾਸ। ਇਹ ਲੇਖ ਪੜਦੇ-ਪੜਦੇ ਹੀ ਤੁਹਾਡੇ ਦਿਮਾਗ਼ ਵਿੱਚ ਅਜਿਹੇ ਘੜੰਮ-ਚੌਧਰੀਆਂ ਦੀ ਲਿਸਟ ਤਿਆਰ ਹੋਣ ਲੱਗ ਜਾਵੇਗੀ ਜਿਨ੍ਹਾਂ ਤੋਂ ਤੂਹਾਨੂੰ ਡਰਨ ਦੀ ਨਹੀਂ ਸਗੋਂ ਚੌਕਸ ਰਹਿਣ ਦੀ ਲੋੜ ਹੈ। ਕਿਉਂਕਿ ਘੜੰਮ-ਚੌਧਰੀ ਕਿਸੇ ਦਾ ਕੁੱਝ ਨੁਕਸਾਨ ਤਾਂ ਨਹੀਂ ਕਰ ਸਕਦੇ ਪਰ ਆਪਣੀ ਬੋਦੀ ਬੁੱਧੀ ਦੇ ਤਰਕਸ਼ ਚੋਂ ਤੀਰ ਚਲਾ ਕੇ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਤੁਹਾਡਾ ਕੀਮਤੀ ਸਮਾਂ ਨਸ਼ਟ ਕਰ ਸਕਦੇ ਹਨ । ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਤੋਂ ਗਿਆਰਾਂ ਫੁੱਟ ਦੀ ਦੂਰੀ ਬਣਾ ਕੇ ਰੱਖੋ। ਜੇਕਰ ਤੁਸੀ ਇਨ੍ਹਾਂ ਦੀ ਰੇਂਜ ’ਚ ਆ ਗਏ ਤਾਂ ਤੁਹਾਡੀ ਜ਼ਿੰਦਗੀ ਦਾ ਹਰਮੋਨੀਅਮ ਬੇਸੁਰਾ ਵੱਜਣ ਲੱਗ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਬਲੱਡ ਪ੍ਰੈਸਰ ਨਾਰਮਲ ਕਰਨ ਲਈ ਗੋਲੀਆ ਖਾਣੀਆ ਪੈਣ।

                                 


  samsun escort canakkale escort erzurum escort Isparta escort cesme escort duzce escort kusadasi escort osmaniye escort