ਮੈਂ ਹਾਂ ਤੇਰੀ ਮਾਂ ਨੀ ਧੀਏ (ਗੀਤ )

ਸਵਰਨਜੀਤ ਕੌਰ ਗਰੇਵਾਲ( ਡਾ.)   

Email: dr.sawarngrewal@gmail.com
Cell: +91 98726 65229
Address:
Ludhiana India
ਸਵਰਨਜੀਤ ਕੌਰ ਗਰੇਵਾਲ( ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਹਾਂ ਤੇਰੀ ਮਾਂ ਨੀ ਧੀਏ, ਮੰਨ ਸਲਾਹਾਂ ਮੇਰੀਆਂ !

ਨਵੇਂ ਢੰਗ ਦਾ ਜੀਵਨ ਜੀਅ ਤੂੰ, ਰੌਸ਼ਨ ਰਾਹਾਂ ਤੇਰੀਆਂ !

 

ਪਤੀ ਕਦੇ ਪਰਮੇਸ਼ਰ ਨਹੀਂ ਏ, ਮਾਣ-ਮੱਤੀ ਏਂ ਸਾਥਣ ਤੂੰ

ਸਵੈ-ਵਿਸ਼ਵਾਸ ਨੂੰ ਭਰ ਲੈ ਅੰਦਰ, ਹਾਣੀ ਦੀ ਏਂ ਹਾਨਣ ਤੂੰ !

ਨਿੱਤ ਨਵੇਂ ਅੰਬਰਾਂ ਨੂੰ ਗਾਹੁਣਾ, ਹੋਵਣ ਚਾਹਾਂ ਤੇਰੀਆਂ !

ਮੈਂ ਹਾਂ ਤੇਰੀ ਮਾਂ ਨੀ ਧੀਏ.........

 

ਵਹਿਮ ਭਰਮ ਦੀ ਭੰਨ ਦੇ ਵਰਮੀ, ਲਾ ਲੈ ਹਿੱਕ ਦਲੀਲਾਂ ਨੂੰ !

ਤਰਕ ਨਾਲ ਗੱਲ ਕਹਿਣੀ ਸਿੱਖ ਲੈ,ਭਾਜੜ ਪਏ ਵਕੀਲਾਂ ਨੂੰ !

ਸਦਾਚਾਰ ਦੀ ਪੀਂਘ ਉਚੇਰੀ, ਝੂਟਣ ਬਾਹਾਂ ਤੇਰੀਆਂ ! 

ਮੈਂ ਹਾਂ ਤੇਰੀ ਮਾਂ ਨੀ ਧੀਏ...........

 

ਧੀ ਨੂੰ ਹਿੱਕ ਨਾਲ ਲਾ ਕੇ ਰੱਖੀਂ, ਪੁੱਤ ਨੂੰ ਵੀ ਦੱਸੀਂ ਨੈਤਿਕਤਾ!

ਦਈਂ ਦੋਹਾਂ ਨੂੰ ਹੱਕ ਬਰਾਬਰ, ਜਿਉਂਦੀ ਰਹਿ ਜਾਏ ਮਾਨਵਤਾ!

'ਗਰੇਵਾਲ' ਹਰ ਨਿੱਧਰੇ ਲਈ ਵੀ, ਖੁੱਲ੍ਹਣ ਬਾਹਾਂ ਤੇਰੀਆਂ !

ਮੈਂ ਹਾਂ ਤੇਰੀ ਮਾਂ ਨੀ ਧੀਏ, ਮੰਨ ਸਲਾਹਾਂ ਮੇਰੀਆਂ !

ਨਵੇਂ ਢੰਗ ਦਾ ਜੀਵਨ ਜੀਅ ਤੂੰ, ਰੌਸ਼ਨ ਰਾਹਾਂ ਤੇਰੀਆਂ !