ਸੁਪਨੇ ਮੇਰੇ (ਕਵਿਤਾ)

ਸਵਰਨਜੀਤ ਕੌਰ ਗਰੇਵਾਲ( ਡਾ.)   

Email: dr.sawarngrewal@gmail.com
Cell: +91 98726 65229
Address:
Ludhiana India
ਸਵਰਨਜੀਤ ਕੌਰ ਗਰੇਵਾਲ( ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖ਼ਾਹਿਸ਼ਾਂ ਨੂੰ ਕੁੰਡਲੀ ਮਾਰਾਂ !

ਅੱਖੀਂ ਲੈ ਅੱਥਰੂ ਧਾਰਾਂ !

ਸੁਪਨੇ ਮੇਰੇ ਬਣੇ ਵੰਗਾਰਾਂ !

ਵਿਗੋਚਿਆਂ ਦੇ ਸੱਲ ਹਜ਼ਾਰਾਂ !

ਇਕਲਾਪਾ ਵੀ ਬੈਠ ਸਹਾਰਾਂ !

ਪੋਟੇ ਕੀਤੇ ਛਲਣੀ ਖ਼ਾਰਾਂ !

ਜ਼ਿੰਦਗੀ ਨਹੀਂ ਫੁੱਲ ਬਹਾਰਾਂ !

ਬੈਠੀ ਮੈਂ ਕਰਾਂ ਵਿਚਾਰਾਂ !

ਕਿਸ ਨੂੰ ਮੈਂ ਗੱਲ ਚਿਤਾਰਾਂ ?

ਦੁੱਖਾਂ ਦੀਆਂ ਕਿਸਨੂੰ ਸਾਰਾਂ ? 

ਪੱਲੇ ਕਿਉਂ ਪਈਆਂ ਹਾਰਾਂ ?

ਖ਼ੁਸ਼ੀਆਂ ਦੀਆਂ ਕਿੱਥੇ ਠਾਹਰਾਂ ?

ਰੂਹ ਨੇ ਫਿਰ ਲਾਈਆਂ ਆਰਾਂ !

ਕਿਸੇ ਨੂੰ ਵੀ ਕਿਉਂ ਪੁਕਾਰਾਂ ?

ਬਣੀਆਂ ਤਾਂ ਕੱਟ ਗ਼ੁਜ਼ਾਰਾਂ!

ਮੋਹ ਦੀਆਂ ਸਭ ਕੱਟ ਦੇ ਤਾਰਾਂ!

ਓਧਰ ਤੂੰ ਮੋੜ ਮੁਹਾਰਾਂ !

ਰੂਹ ਨੂੰ ਜਿੱਥੋਂ ਆਉਣ ਪੁਕਾਰਾਂ !