ਅੱਜ ਬੁੱਧਵਾਰ ਦੀ ਸ਼ਾਮ ਸੀ ਤੇ ਮੈਂ ਆਪਣੀ ਇੱਕ ਦੋਸਤ ਦਾ ਇੰਤਜ਼ਾਰ ਕਰ ਰਹੀ ਸਾਂ, ਜੋ ਇਸ ਦਿਨ ਮੈਨੂੰ ਮਿਲਣ ਮੇਰੇ ਘਰ ਆਇਆ ਕਰਦੀ ਹੈ ਤੇ ਉਹ ਲੰਡਨ ਤੋਂ ਹੈ , ਜਿਸ ਦੀਆਂ ਨੀਲੀਆਂ ਅੱਖਾਂ , ਚਿੱਟੇ ਬਰਫ਼ ਵਰਗੇ ਵਾਲ ਤੇ ਰੰਗ ਤਾਂ ਅੰਗਰੇਜ਼ਾਂ ਦਾ ਦੱਸਣ ਦੀ ਮੇਰੇ ਖਿਆਲ ਵਿੱਚ ਕੋਈ ਲੋੜ ਨਹੀਂ ਹੈ । ਜਾਣੀ, ਕੁਦਰਤ ਦੀ ਬਹੁਤ ਸੋਹਣੀ ਘੜਤ !! ਮੈਂ ਉਸ ਦੇ ਘਰ ਅਕਸਰ ਸ਼ਨੀਵਾਰ ਨੂੰ ਜਾਂਦੀ ਹੁੰਦੀ ਸੀ, ਪਰ ਹੁਣ ਮੇਰੀ ਤਬੀਅਤ ਠੀਕ ਨਾ ਹੋਣ ਕਾਰਨ ਜ਼ਿਆਦਾਤਰ ਓਹੀ ਮੇਰੇ ਕੋਲ ਹਰ ਬੁੱਧਵਾਰ ਆਉਂਦੀ ਹੈ। ਉਹ ਮੈਨੂੰ ਹਰ ਵਾਰੀ ਆਉਣ ਤੋਂ ਪਹਿਲਾਂ ਫੋਨ ਕਰਕੇ ਪੁੱਛਿਆ ਕਰਦੀ ਐ ਕਿ ਕੁਝ ਚਾਹੀਦਾ ਤਾਂ ਨਹੀਂ!! ਕਿਉਂਕਿ ਮੈਂ ਅੱਜ ਕੱਲ੍ਹ ਮਾਰਕੀਟ ਵਗੈਰਾ ਨਹੀਂ ਜਾ ਸਕਦੀ , ਭਾਵੇਂ ਉਸਨੂੰ ਪਤਾ ਈ ਹੁੰਦਾ ਹੈ ਕਿ ਮੈਂ ਕੁਝ ਨਹੀਂ ਮੰਗਵਾਉਣਾ ਹੁੰਦਾ , ਪਰ ਫਿਰ ਵੀ ਉਸਨੇ ਪੁੱਛਣਾ ਹੀ ਪੁੱਛਣਾ ਹੁੰਦਾ ਹੈ । ਉਸਦਾ ਐਨਾ ਪਿਆਰ ਦੇਖ ਕੇ ਕਈ ਵਾਰੀ ਮੇਰੇ ਮਨ ਵਿੱਚ ਖਿਆਲ ਆਉਂਦੈ ਕਿ ਕਈ ਲੋਕਾਂ ਨਾਲ ਖੂਨ ਦਾ ਤਾਂ ਕੀ, ਕਿਤੇ ਦੂਰ -ਦੂਰ ਤੱਕ ਦਾ ਕੋਈ ਰਿਸ਼ਤਾ ਨਹੀਂ ਹੁੰਦਾ, ਪਰ ਫਿਰ ਵੀ ਉਹ ਕਿੰਨਾ ਖਿਆਲ ਰੱਖਦੇ ਹਨ , ਕਿਸੇ ਮੁਸੀਬਤ ਵੇਲੇ ਕਿੰਨਾ ਸਾਥ ਦਿੰਦੇ ਹਨ ਤੇ ਉਹ ਵੀ ਬਿਨਾਂ ਕਿਸੇ ਸਵਾਰਥ ਤੋਂ ! ਪਰ ਕਈ ਰਿਸ਼ਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਤੋਂ ਸਾਨੂੰ ਬੇਹੱਦ ਆਸਾਂ -ਉਮੀਦਾਂ ਹੁੰਦੀਆਂ ਹਨ , ਪਰ ਉਹ ਸਾਡੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੰਦੇ ਹਨ ।
ਮੈਂ ਤਾਂ ਕਹਿੰਦੀ ਹਾਂ ਕਿ ਕਿਸੇ ਨੂੰ ਕਿਸੇ ਤੋਂ ਉਮੀਦ ਹੀ ਨਹੀਂ ਰੱਖਣੀ ਚਾਹੀਦੀ , ਕਈ ਵਾਰੀ ਤਾਂ ਇਹ ਸਾਡੀਆਂ ਢਹਿ -ਢੇਰੀ ਹੋਈਆਂ ਆਸਾਂ ਹੀ ਸਾਨੂੰ ਢਹਿ- ਢੇਰੀ ਕਰ ਦਿੰਦੀਆਂ ਹਨ, ਇਹ ਸਾਨੂੰ ਕਿਤੋਂ ਦਾ ਨਹੀਂ ਛੱਡਦੀਆਂ।
ਖੈਰ ! ਆਪਾਂ ਗੱਲ ਕਰ ਰਹੇ ਸਾਂ ਈਨਡ ਦੀ ,ਹਾਂ ਜੀ ਇਹ ਉਸ ਦਾ ਨਾਮ ਹੈ। ਉਮਰ ਵਿੱਚ ਮੈਥੋਂ ਕਾਫੀ ਵੱਡੀ ਹੈ, ਪਰ ਮੇਰੀਆਂ ਕਈ ਸਹੇਲੀਆਂ ਅਜਿਹੀਆਂ ਹੀ ਹਨ ਜੋ ਮੇਰੇ ਤੋਂ ਕਈ-ਕਈ ਸਾਲ ਵੱਡੀਆਂ ਹਨ ਤੇ ਕਈ ਤਾਂ ਮੇਰੇ ਮੰਮੀ ਦੀ ਉਮਰ ਦੀਆਂ ਵੀ ਹੋਣਗੀਆਂ । ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਤੋਂ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ, ਇਹਨਾਂ ਦੀ ਜ਼ਿੰਦਗੀ ਦੇ ਰੁੱਖੇ-ਮਿੱਸੇ ਤਜ਼ਰਬੇ ਸੁਣਨਾ, ਇਹਨਾਂ ਦੇ ਜੀਵਨ ਦੇ ਉਤਰਾਅ ਚੜ੍ਹਾਅ ਨੂੰ ਸੁਣ ਕੇ ਮਹਿਸੂਸ ਕਰਨਾ ਕਿ ਇਹੀ ਜ਼ਿੰਦਗੀ ਹੈ,, ਮੈਨੂੰ ਇੱਕ ਬਹੁਤ ਵੱਡਾ ਹੌਸਲਾ ਮਿਲਦਾ ਹੈ। ਜ਼ਿੰਦਗੀ ਨੂੰ ਹੋਰ ਸੋਹਣੇ ਢੰਗ ਨਾਲ ਜਿਉਣ ਦੀ ਸੇਧ ਮਿਲਦੀ ਹੈ, ਇਸ ਕਰਕੇ ਮੈਨੂੰ ਉਮਰ ਵਿੱਚ ਵੱਡੇ ਲੋਕਾਂ ਨਾਲ ਸਮਾਂ ਬਿਤਾਉਣਾ ਬਹੁਤ ਹੀ ਜ਼ਿਆਦਾ ਚੰਗਾ ਲਗਦਾ ਹੈ ।
ਅਸੀਂ ਕਾਫੀ ਸਮਾਂ ਗੱਲਬਾਤ ਕਰਦੇ ਰਹਿੰਦੇ ਹਾਂ, ਸਾਡੀ ਗੱਲਬਾਤ ਜ਼ਿਆਦਾਤਰ ਕੁਦਰਤ, ਕੁਦਰਤੀ ਆਫਤਾਂ , ਕੁਦਰਤੀ ਸਰੋਤਾਂ ਅਤੇ ਬੇਸ਼ੱਕ ਇਨਸਾਨੀ ਫਿਤਰਤ ਬਾਰੇ ਹੁੰਦੀਆਂ ਹਨ ।
ਇਸ ਚਰਚਾ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ । ਕਈ ਵਾਰੀ ਸਾਡੀ ਇਹ ਮੰਡਲੀ ਚਾਰ ਪੰਜ ਜਣਿਆਂ ਤੱਕ ਵੀ ਪਹੁੰਚ ਜਾਂਦੀ ਹੈ।
ਅੱਜ ਦਾ ਵਿਸ਼ਾ ਇਮਾਨਦਾਰੀ ਦਾ ਸੀ ਕਿ ਲੋਕ ਅੱਜ-ਕੱਲ੍ਹ ਕਿਸ ਤਰ੍ਹਾਂ ਦੇ ਹੋ ਗਏ ਹਨ ਤੇ ਦੁਨੀਆਂ ਤੇ ਬਹੁਤ ਕੁਝ ਅਜੀਬ- ਅਜੀਬ ਹੋ ਰਿਹਾ ਹੈ ।
ਅੱਜ ਗੱਲਾਂ ਕਰਦੇ-ਕਰਦੇ ਈਨਡ ਨੇ ਲੰਡਨ ਵਿੱਚ ਰਹਿੰਦੀ ਆਪਣੀ ਵੱਡੀ ਬੇਟੀ ਦੇ ਘਰ ਖਰੀਦਣ ਵੇਲੇ ਦੀ ਇੱਕ ਘਟਨਾ ਸੁਣਾਈ। ਜਿਸ ਨੂੰ ਸੁਣਕੇ ਅਸੀਂ ਧੰਨ-ਧੰਨ ਹੋ ਗਏ। ਕਹਿਣ ਲੱਗੀ ਕਿ ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਜਦ ਉਸਦੀ ਵੱਡੀ ਬੇਟੀ ਨੇ ਲੰਡਨ ਵਿੱਚ ਘਰ ਖਰੀਦਿਆ ਤਾਂ ਉਸ ਘਰ ਨੂੰ ਵੇਚਣ ਵਾਲੀ ਔਰਤ, ਭਾਰਤੀ ਸੀ ,ਬਿਨਾਂ ਸ਼ੱਕ ਉਹ ਘਰ ਬਹੁਤ ਹੀ ਵੱਡਾ ਅਤੇ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਸੀ, ਤਿੰਨ ਮੰਜ਼ਿਲਾ ਇਹ ਘਰ ਬਹੁਤ ਹੀ ਖੁਲ੍ਹਾ ਤੇ ਹਵਾਦਾਰ ਸੀ, ਹਰ ਪਾਸਿਉਂ ਪੂਰਾ ਤੇ ਇਸ ਘਰ ਵਿੱਚ ਮੌਜੂਦ ਗਾਰਡਨ ਨੇ ਤਾਂ ਇਸਨੂੰ ਚਾਰ ਚੰਨ ਲਾ ਰੱਖੇ ਸਨ । ਘਰ ਵਿੱਚ ਸਮਾਨ ਵਗੈਰਾ ਟਕਾਉਂਦਿਆਂ, ਸਜਾਉਂਦਿਆਂ ਕਈ ਦਿਨ ਬੀਤ ਗਏ। ਸਾਰਾ ਪਰਿਵਾਰ ਬਹੁਤ ਖੁਸ਼ ਸੀ , ਹੁੰਦੇ ਵੀ ਕਿਉਂ ਨਾ! ਬਈ, ਆਖ਼ਿਰ ਘਰ ਲੈਣਾ ਕੋਈ ਖਾਲਾ ਜੀ ਦਾ ਵਾੜਾ ਥੋੜ੍ਹੀ ਐ, ਉਹ ਵੀ ਲੰਡਨ ਵਰਗੇ ਸ਼ਹਿਰ ਵਿੱਚ! ਜੋ ਕਿ ਬਹੁਤ ਹੀ ਮਹਿੰਗਾਈ ਵਾਲਾ ਮੰਨਿਆ ਜਾਂਦਾ ਹੈ । ਚਲੋ ਖੈਰ ! ਉਸ ਘਰ ਵਿੱਚ ਆਇਆਂ ਕਈ ਦਿਨ ਬੀਤ ਗਏ ਸਨ ਤੇ ਸਭ ਕੁਝ ਟਿਕਾ ,ਸਜਾ ਲਿਆ ਕਿ ਅਚਾਨਕ ਇੱਕ ਦਿਨ ਉਸਦੀ ਬੇਟੀ ਦੀ ਨਜ਼ਰ ਇੱਕ ਅਲਮਾਰੀ ਵਿੱਚ ਬਣੇ ਛੋਟੇ ਜਿਹੇ ਬੌਕਸ ਤੇ ਪਈ ,ਜੋ ਕਿ ਬਹੁਤ ਹੀ ਰਹੱਸਮਈ ਤਰੀਕੇ ਨਾਲ ਅਲਮਾਰੀ ਦੇ ਬਿਲਕੁਲ ਥੱਲੇ ਦੇ ਉੱਪਰ ਬਣਾਇਆ ਗਿਆ ਸੀ, ਜਿਸ ਉੱਪਰ ਕੁਝ ਬਟਣ ਜਿਹੇ ਲੱਗੇ ਹੋਏ ਸਨ, ਜਿਵੇਂ ਆਪਣੇ ਫੋਨ ਤੇ ਲੱਗੇ ਹੁੰਦੇ ਹਨ ,ਸ਼ਾਇਦ ਜਿਨ੍ਹਾਂ ਨੂੰ ਨੱਪ ਕੇ ਹੀ ਉਹ ਖੁੱਲ੍ਹਦਾ ਹੋਵੇਗਾ, ਉਹਨਾਂ ਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਖੁੱਲ੍ਹਿਆ, ਕਿਉਂਕਿ ਉਸ ਉੱਪਰ ਇੱਕ ਕੋਡ ਲਗਦਾ ਸੀ, ਜੋ ਉਹਨਾਂ ਨੂੰ ਪਤਾ ਨਹੀਂ ਸੀ, ਉਸਦੇ ਦੱਸਣ ਮੁਤਾਬਿਕ ,ਉਹ ਹਰ ਰੋਜ਼ ਖੋਲ੍ਹਣ ਦੀ ਕੋਸ਼ਿਸ਼ ਕਰਦੇ , ਪਰ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਪੱਲੇ ਪੈਂਦਾ । ਉਹਨਾਂ ਨੂੰ ਇਹ ਗੱਲ ਵਾਰ -ਵਾਰ ਪਰੇਸ਼ਾਨ ਕਰ ਰਹੀ ਸੀ ਕਿ ਆਖ਼ਿਰ ਕਿਉਂ ? ਇਸ ਬੌਕਸ ਬਾਰੇ ਸਾਨੂੰ ਬਿਲਕੁਲ ਵੀ ਨਹੀਂ ਦੱਸਿਆ ਗਿਆ ਤੇ ਇਸ ਵਿੱਚ ਇਸ ਤਰ੍ਹਾਂ ਦਾ ਕੀ ਹੋਵੇਗਾ ! ਜੋ ਸਾਡੇ ਤੋਂ ਲੁਕੋ ਕੇ ਰੱਖਿਆ ਗਿਆ, ਚਲੋ ਫਿਰ, ਉਹਨਾਂ ਨੇ ਇਹ ਸੋਚ ਕੇ ਮਨ ਨੂੰ ਤਸੱਲੀ ਦੇ ਲਈ ਕਿ ਸ਼ਾਇਦ ਉਹ ਇਸ ਬਾਰੇ ਉਹਨਾਂ ਨੂੰ ਦੱਸਣਾ ਭੁੱਲ ਗਏ ਹੋਣਗੇ।
ਖੈਰ, ਉਹ ਕੋਸ਼ਿਸ਼ ਕਰਦੇ ਰਹੇ ਤੇ ਇੱਕ ਦਿਨ ਤੁੱਕੇ ਨਾਲ ਹੀ ਉਸ ਬੌਕਸ ਦਾ ਕੋਡ ਲੱਗ ਗਿਆ ਤੇ ਉਹ ਖੁੱਲ੍ਹ ਗਿਆ, ਸ਼ਾਇਦ ਉਹ ਅੱਕ ਕੇ ਈ ਖੁਲ੍ਹ ਗਿਆ ਹੋਣੈ ਜਾਂ ਫਿਰ ਉਸਨੂੰ ਉਹਨਾਂ ਤੇ ਤਰਸ ਆ ਗਿਆ ਹੋਣੈ। ਚਲੋ, ਕੁਝ ਵੀ ਹੋਇਆ ਹੋਵੇਗਾ, ਅੱਗੇ ਸੁਣੋ !
ਜਦੋਂ ਉਹ ਬੌਕਸ ਖੁੱਲ੍ਹਿਆ ਤਾਂ ਉਹਨਾਂ ਦੀ ਓਦੋਂ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਹਨਾਂ ਨੇ ਉਸ ਵਿੱਚ ਬਹੁਤ ਸਾਰਾ ਸੋਨਾ ਦੇਖਿਆ।
ਪਹਿਲੋ-ਪਹਿਲ ਤਾਂ ਉਹ ਇਹ ਖਜ਼ਾਨਾ ਵੇਖਕੇ ਉਹ ਬਹੁਤ ਖੁਸ਼ ਹੋਏ, ਪਰ ਨਾਲ ਦੀ ਨਾਲ ਹੀ ਇਹ ਘਟਨਾ ਉਹਨਾਂ ਲਈ ਬਹੁਤ ਹੀ ਵੱਡਾ ਬੋਝ ਬਣ ਗਈ, ਕਿਉਂਕਿ ਇਹ ਖਜ਼ਾਨਾ ਉਹਨਾਂ ਦਾ ਨਹੀਂ ਸੀ , ਤੇ ਕਿਸੇ ਦੀ ਚੀਜ਼ ਦੇ ਫਿਰ ਕਾਹਦੇ ਜਸ਼ਨ!
ਹੁਣ ਉਹਨਾਂ ਦਾ ਮਕਸਦ ਇਸ ਨੂੰ ਇਸਦੇ ਅਸਲੀ ਮਾਲਕ ਤੱਕ ਪਹੁੰਚਾਉਣਾ ਸੀ , ਪਰ ਕਿਵੇਂ? ਕਿਉਂਕਿ ਉਹਨਾਂ ਨੇ ਇਹ ਘਰ ਕਿਸੇ ਏਜੰਸੀ ਦੁਆਰਾ ਖਰੀਦਿਆ ਸੀ ਤੇ ਉਹ ਇਸ ਘਰ ਦੇ ਪਿਛਲੇ ਮਾਲਕ ਨੂੰ ਨਹੀਂ ਜਾਣਦੇ ਸਨ। ਪਰ ਉਹਨਾਂ ਨੇ ਅਗਲੇ ਹੀ ਦਿਨ ਉਸ ਏਜੰਸੀ ਵਿੱਚ ਫੋਨ ਕੀਤਾ ਤੇ ਉਸਨੂੰ ਵੇਚਣ ਵਾਲੀ ਭਾਰਤੀ ਔਰਤ ਦਾ ਨਾਮ ਪਤਾ ਲੈ ਲਿਆ ਤੇ ਉਸਨੂੰ ਘਰ ਬੁਲਾ ਕੇ ਸਾਰੀ ਗੱਲ ਦੱਸੀ,,,ਉਸ ਭਾਰਤੀ ਔਰਤ ਦੀ ਖੁਸ਼ੀ ਦਾ ਅੰਦਾਜ਼ਾ ਅਸੀਂ ਆਪਾਂ ਆਪ ਹੀ ਲਗਾ ਸਕਦੇ ਹਾਂ ਕਿ ਉਹ ਕਿੰਨ੍ਹੀ ਕੁ ਖੁਸ਼ ਹੋਈ ਹੋਵੇਗੀ! ਉਹਨਾਂ ਨੂੰ ਦੁਆਵਾਂ ਦੇ ਕੇ ਤੇ ਆਪਣਾ ਸੋਨਾ ਲੈ ਕੇ ਉਹ ਚਲੀ ਗਈ।
ਪਰ ਉਹਨਾਂ ਭਲੇ ਪੁਰਖਾਂ ਦੇ ਵਾਰੇ ਨਿਆਰੇ ਜਾਈਏ ,ਜਿਨ੍ਹਾਂ ਨੇ ਇੱਕ ਵਾਰੀ ਵੀ ਉਸ ਉੱਪਰ ਸ਼ੱਕ ਨਹੀਂ ਕੀਤਾ ਤੇ ਨਾ ਹੀ ਕੋਈ ਹੋਰ ਪੁੱਛ-ਗਿੱਛ ਕੀਤੀ।
ਸਾਡੀ ਗੱਲ ਜਾਰੀ ਸੀ ਕਿ ਹੁਣ ਇਸ ਵਕਤ ਮੇਰੀ ਇੱਕ ਹੋਰ ਸਹੇਲੀ ਵੀ ਆ ਚੁੱਕੀ ਸੀ, ਜੋ ਇੱਕ ਗਰੀਕ ਸੀ,ਉਸਨੇ ਓਸੇ ਵੇਲੇ ਉਸਨੂੰ ਕਿਹਾ, "ਜਦੋਂ ਆਪਾਂ ਕੋਈ ਵੀ ਪ੍ਰੋਪਰਟੀ ਖਰੀਦ ਲਈਏ ਤਾਂ ਉਸ ਵਿੱਚ ਜੋ ਵੀ ਕੁਝ ਹੁੰਦਾ ਹੈ, ਉਸਦਾ ਮਾਲਕ ,ਉਹ ਖਰੀਦਦਾਰ ਹੋ ਜਾਂਦਾ ਹੈ, ਭਾਵੇਂ ਕੋਈ ਖਜ਼ਾਨਾ ਹੀ ਕਿਉਂ ਨਾ ਹੋਵੇ, ਤਾਂ ਵੀ ਉਸਦਾ ਪੂਰਾ-ਪੂਰਾ ਹੱਕ ਹੁੰਦਾ ਹੈ, ਉਸ ਖਜ਼ਾਨੇ ਉੱਪਰ !"
ਈਨਡ ਕਹਿਣ ਲੱਗੀ, "ਉਹਨਾਂ ਨੂੰ ਇਹ ਗੱਲ ਪਤਾ ਸੀ ,ਪਰ ਫਿਰ ਵੀ ਉਹਨਾਂ ਨੇ ਇਹ ਸੋਚਿਆ ਕਿ ਉਹ ਔਰਤ ਪਤਾ ਨਹੀਂ ਕਿੰਨੀ ਕੁ ਪਰੇਸ਼ਾਨ ਹੋਵੇਗੀ! ਬਸ ਇਹੀ ਸੋਚ ਕੇ ਉਸਨੂੰ ਉਹਨਾਂ ਨੇ ਸੰਪਰਕ ਕੀਤਾ ਤੇ ਵਾਪਿਸ ਕਰਨਾ ਹੀ ਵਾਜਬ ਸਮਝਿਆ ।"
"ਪਰ ਉਸਨੇ ਇੰਨੀ ਦੇਰ ਖੋਜ ਕਿਉਂ ਨਹੀਂ ਕੀਤੀ?" ਮੇਰੀ ਗਰੀਕ ਫਰੈਂਡ ਨੇ ਪੁੱਛਿਆ ।
"ਇਹ ਨਹੀਂ ਉਹਨਾਂ ਨੇ ਉਸਨੂੰ ਪੁੱਛਿਆ ",ਈਨਡ ਆਖਣ ਲੱਗੀ ।
ਹਿਣ ਲੱਗੀ,"ਸ਼ਾਇਦ ਉਸ ਕੋਲ ਬਹੁਤ ਜ਼ਿਆਦਾ ਸੋਨਾ ਹੋਵੇਗਾ ਤੇ ਉਸਨੇ ਕਈ ਥਾਵਾਂ ਤੇ ਰੱਖਿਆ ਹੋਣੈ ਤੇ ਇਸ ਥਾਂ ਉੱਪਰ ਰੱਖ ਕੇ ਭੁੱਲ ਗਈ ਹੋਣੀ ਐ! ਜੋ ਵੀ ਹੋਵੇ, ਪਰ ਉਹ ਵਾਪਿਸ ਕਰਕੇ ਬਹੁਤ ਖੁਸ਼ ਸਨ, ਉਹਨਾਂ ਦਾ ਤਾਂ ਜਿਵੇਂ ਸਾਰਾ ਬੋਝ ਹੀ ਲਹਿ ਗਿਆ ਸੀ ।"
ਉਸਦੀ ਇਹ ਗੱਲ ਸੁਣ ਕੇ ਅਸੀਂ ਸਾਰੇ ਬਹੁਤ ਹੀ ਖੁਸ਼ ਹੋਏ।
ਇਸ ਤੋਂ ਬਾਅਦ ਅਸੀਂ ਹੋਰ ਕਈ ਵਿਸ਼ਿਆਂ ,ਘਟਨਾਵਾਂ ਤੇ ਕਈ ਹੋਰ ਜ਼ਿੰਦਗੀ ਦੇ ਪਹਿਲੂਆਂ ਤੇ ਚਰਚਾ ਕੀਤੀ। ਜਿਹਨਾਂ ਦੀ ਫਿਰ ਕਦੇ ਸਾਂਝ ਪਾਵਾਂਗੇ ।
ਹੁਣ ਉਹਨਾਂ ਨੂੰ ਆਈਆਂ ਨੂੰ ਕਾਫੀ ਸਮਾਂ ਹੋ ਚੁੱਕਿਆ ਸੀ, ਗੱਲਾਂ ਕਰਦਿਆਂ ਪਤਾ ਈ ਨਹੀਂ ਲੱਗਿਆ। ਉਹਨਾਂ ਨੇ ਅਗਲੇ ਬੁੱਧਵਾਰ ਆਉਣ ਦਾ ਵਾਅਦਾ ਕਰ, ਵਿਦਾ ਲਈ । ਪਰ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਸੋਚ ਰਹੀ ਸਾਂ, "ਬਈ , ਜਿਵੇਂ ਕਹਿੰਦੇ ਹੁੰਦੇ ਐ,, ਦੁਨੀਆਂ ਰੰਗ- ਬਿਰੰਗੀ, ਵਿੱਚੇ ਚੰਗੀ ਤੇ ਵਿੱਚੇ ਈ ਮੰਦੀ !"
ਕਈ ਲੋਕ ਅਜਿਹੇ ਵੀ ਹੁੰਦੇ ਹਨ, ਜੋ ਅਜਿਹੇ ਮੌਕਿਆਂ ਤੇ ਭਾਫ ਵੀ ਬਾਹਰ ਨਹੀਂ ਕੱਢਦੇ ਤੇ ਸਾਰਾ ਕੁਝ ਆਪ ਹੀ ਹੜੱਪ ਕਰ ਜਾਂਦੇ ਹਨ, ਪਰ ਕਈ ਅਜਿਹੇ ਵੀ ਹੁੰਦੇ ਹਨ, ਜੋ ਅਗਲੇ ਦਾ ਖਜ਼ਾਨਾ ਉਸ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਹਨ।
ਸੱਚੀਂ ਮੈਨੂੰ ਆਪਣੀ ਇਸ ਅੰਗਰੇਜ਼ ਸਹੇਲੀ ਅਤੇ ਉਸਦੀ ਬੇਟੀ ਦੇ ਪਰਿਵਾਰ ਤੇ ਮਣਾਂ -ਮੂੰਹੀਂ ਮਾਣ ਮਹਿਸੂਸ ਹੋ ਰਿਹਾ ਸੀ ਤੇ ਆਪਣੀ ਇਸ 11 ਸਾਲ ਦੀ ਉਮਰ ਦੀ ਦੋਸਤੀ ਦੀ ਕਮਾਈ ਵੀ ਇੱਕ ਖਜ਼ਾਨੇ ਤੋਂ ਘੱਟ ਨਹੀਂ ਲੱਗ ਰਹੀ ਸੀ । ਜਿਸ ਵਿੱਚ ਅਸੀਂ ਹਰ ਦੁੱਖ -ਸੁੱਖ ਸਾਂਝਾ ਕੀਤਾ ਤੇ ਇੱਕ ਦੂਜੇ ਦਾ ਹੌਸਲਾ ਬਣੇ । ਇਸ ਦੋਸਤੀ ਦਾ ਬਿਤਾਇਆ ਹਰ ਲਮਹਾ ਕਿਸੇ ਕੀਮਤੀ ਲਾਲ ਤੋਂ ਘੱਟ ਨਹੀਂ ਲੱਗ ਰਿਹਾ ਸੀ ।