ਚਿੱਟਾ ਹੋਇਆ ਕਾਂ (ਬੱਚਿਆਂ ਲਈ) (ਕਹਾਣੀ)

ਇਕਬਾਲ ਸਿੰਘ ਹਮਜਾਪੁਰ   

Email: iqbalhamjapur@gmail.com
Cell: +91 94165 92149
Address: ਹਮਜਾਪੁਰ, ਤਹਿ. ਰਤੀਆ
ਫਤਿਆਬਾਦ India 125051
ਇਕਬਾਲ ਸਿੰਘ ਹਮਜਾਪੁਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੱਥੇ ਕਾਂ ਰਹਿੰਦਾ ਸੀ, ਉਥੇ ਨਜ਼ਦੀਕ ਹੀ ਇਕ ਕਿਸਾਨ ਦਾ ਘਰ ਸੀ। ਕਾਂ ਰੋਜ਼ਾਨਾ ਕਿਸਾਨ ਦੇ ਘਰ ਦੇ ਬਨੇਰੇ ਤੇ ਬਹਿ ਕੇ ਕਿੰਨੀ-ਕਿੰਨੀ ਦੇਰ ਕਾਂ-ਕਾਂ ਕਰਦਾ ਰਹਿੰਦਾ ਸੀ। ਪਰ ਕਿਸਾਨ ਕਾਂ ਨੂੰ ਕੁਝ ਵੀ ਖਾਣ ਨੂੰ ਨਹੀਂ ਸੀ ਦਿੰਦਾ। ਕਿਸਾਨ ਕਾਂ ਨੂੰ ਬੁਰਾ-ਭਲਾ ਕਹਿੰਦਾ ਹੋਇਆ ਆਪਣੇ ਬਨੇਰੇ ਤੋਂ ਉਡਾ ਦਿੰਦਾ ਸੀ। ਉਸੇ ਕਿਸਾਨ ਨੇ ਇਕ ਕਬੂਤਰ ਪਾਲਿਲ਼ਆ ਹੋਇਆ ਸੀ। ਕਿਸਾਨ ਕਬੂਤਰ ਨੂੰ ਬੇਹਦ ਪਿਆਰ ਕਰਦਾ ਸੀ। ਕਾਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਕਿਸਾਨ ਉਸ ਨਾਲ ਨਫ਼ਰਤ ਕਿਉਂ ਕਰਦਾ ਹੈ। ਕਬੂਤਰ ਦੀ ਤੇ ਉਹ ਰੱਜ ਕੇ ਸੇਵਾ ਕਰਦਾ ਸੀ।
ਕਾਂ ਕਈ ਦਿਨ ਸੋਚਦਾ ਰਿਹਾ। ਕਈ ਦਿਨ ਸੋਚਣ ਤੋਂ ਬਾਅਦ ਕਿਸਾਨ ਨੂੰ ਖਿਆਲ ਆਇਆ ਕਿ ਕਿਸਾਨ ਉਸਦੇ ਕਾਲ਼ੇ ਰੰਗ ਨੂੰ ਨਫ਼ਰਤ ਕਰਦਾ ਹੈ।
“ਗੋਰੇ-ਚਿੱਟੇ ਰੰਗ ਕਰਕੇ ਕਿਸਾਨ, ਕਬੂਤਰ ਨੂੰ ਪਿਆਰ ਕਰਦਾ ਹੈ। ਜੇ ਕਿਧਰੇ ਮੇਰਾ ਰੰਗ ਵੀ ਚਿੱਟਾ ਹੋਵੇ, ਫਿਰ ਕਿਸਾਨ ਮੈਨੂੰ ਵੀ ਪਿਆਰ ਕਰੇ।” ਕਾਂ ਨੇ ਸੋਚਿਆ ਤੇ ਕਾਂ ਨੇ ਵੀ ਗੋਰਾ-ਚਿੱਟਾ ਹੋਣ ਦਾ ਫੈਸਲਾ ਕਰ ਲਿਆ।
ਗੋਰਾ-ਚਿੱਟਾ ਹੋਣ ਲਈ ਹੁਣ ਕਾਂ ਰੋਜ਼ਾਨਾ ਨਹਿਰ ੱਤੇ ਜਾਣ ਲੱਗ ਪਿਆ। ਨਹਿਰ ੱਤੇ ਜਾਕੇ ਕਾਂ ਵਾਰ-ਵਾਰ ਅੰਗਰੇਜ਼ੀ ਸਾਬਣ ਲਾਕੇ ਨਹਾਉਂਦਾ। ਕਾਂ ਚੰਗੀ ਤਰ੍ਹਾਂ ਨਹਾਉਣ ਤੋਂ ਬਾਅਦ ਪਾਉਡਰ ਵੀ ਲਾਉਂਦਾ ਸੀ। ਕਾਂ ਨੂੰ ਅੰਗਰੇਜ਼ੀ ਸਾਬਣ ਨਾਲ ਨਹਾਉਂਦੇ ਨੂੰ ਤੇ ਪਾਉਡਰ ਲਾਉਂਦੇ ਨੂੰ ਕਈ ਦਿਨ ਹੋ ਗਏ ਸਨ। ਕਾਂ ਰੋਜ਼ਾਨਾ ਨਹਾ-ਧੋ ਕੇ ਸ਼ੀਸ਼ਾ ਵੇਖਦਾ ਸੀ ਤੇ ਸ਼ੀਸ਼ਾ ਵੇਖਕੇ ਕਾਂ ਦਾ ਮਨ ਖਰਾਬ ਹੋ ਜਾਂਦਾ। ਅਜੇ ਤਕ ਕਾਂ ਦੇ ਰੰਗ ਦਾ ਭੋਰਾ ਵੀ ਫ਼ਰਕ ਨਹੀਂ ਪਿਆ ਸੀ।
ਕਾਂ ਕਈ ਦਿਨ ਵੇਖਦਾ ਰਿਹਾ। ਉਸਦਾ ਕਾਲਾ ਰੰਗ ਟਸ ਤੋਂ ਮਸ ਨਾ ਹੋਇਆ। ਹਾਰ ਕੇ ਕਾਂ ਗੋਰੇ-ਚਿੱਟੇ ਹੋਣ ਦਾ ਕੋਈ ਹੋਰ ਢੰਗ ਸੋਚਣ ਲੱਗ ਪਿਆ।
ਕਾਂ ਸੋਚਦਾ-ਸੋਚਦਾ ਸ਼ਹਿਰ ਚਲਾ ਗਿਆ। ਕਾਂ ਨੂੰ ਪੂਰੀ ਉਮੀਦ ਸੀ ਕਿ ਸ਼ਹਿਰ ਵਿੱਚੋਂ ਉਸਨੂੰ ਗੋਰੇ-ਚਿੱਟੇ ਹੋਣ ਦਾ ਕੋਈ ਨਾ ਕੋਈ ਢੰਗ ਲੱਭ ਜਾਵੇਗਾ। 
ਸ਼ਹਿਰ ਆਕੇ ਕਾਂ ਨੇ ਇਕ ਨਾਈ ਨੂੰ ਲੋਕਾਂ ਦੇ ਵਾਲ ਰੰਗਦੇ ਵੇਖਿਆ। ਕਾਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ।
“ਮੈਂ ਵੀ ਨਾਈ ਤੋਂ ਖੰਭ ਰੰਗਵਾ ਕੇ ਚਿੱਟਾ ਬਣ ਸਕਦਾ ਹਾਂ।” ਕਾਂ ਨੇ ਸੋਚਿਆ ਤੇ ਉਹ ਵੀ ਆਪਣੇ ਖੰਭ ਰੰਗਵਾਉਣ ਲਈ ਨਾਈ ਕੋਲ ਪਹੁੰਚ ਗਿਆ। 
ਕਾਂ ਨੇ ਨਾਈ ਨੂੰ ਖੰਭ ਚਿੱਟੇ ਕਰ ਦੇਣ ਲਈ ਆਖਿਆ ਪਰ ਨਾਈ ਨਾ ਮੰਨਿਆ।
“ਕਾਂ ਭਰਾਵਾ! ਮੈਂ ਲੋਕਾਂ ਦੇ ਵਾਲ ਕਾਲੇ ਕਰਦਾ ਹਾਂ, ਚਿੱਟੇ ਨਹੀਂ। ਮੈਂ ਤੇਰੇ ਖੰਬ ਕਾਲੇ ਕਰ ਸਕਦਾ ਹਾਂ, ਚਿੱਟੇ ਨਹੀਂ।” ਨਾਈ ਨੇ ਕਾਂ ਨੂੰ ਦੱਸਿਆ ਤੇ ਕਾਂ ਫਿਰ ਮਾਯੂਸ ਹੋ ਗਿਆ। ਪਰ ਕਾਂ ਏਨੀ ਜ਼ਲਦੀ ਹਾਰ ਮੰਨਣ ਵਾਲਾ ਨਹੀਂ ਸੀ। ਕਾਂ ਸ਼ਹਿਰ ਵਿਚ ਗੋਰਾ-ਚਿੱਟਾ ਹੋਣ ਦਾ ਕੋਈ ਹੋਰ ਢੰਗ ਲੱਭਣ ਤੁਰ ਪਿਆ।
ਕਾਂ ਸ਼ਹਿਰ ਵਿਚ ਕਈ ਦਿਨ ਭਾਉਂਦਾ ਰਿਹਾ। ਫਿਰ ਇਕ ਦਿਨ ਕਾਂ ਦੀ ਨਿਘਾ ਇਕ ਚਿੱਤਰਕਾਰ ੱਤੇ ਪੈ ਗਈ। ਚਿੱਤਰਕਾਰ ਕਈ ਰੰਗ ਲੈਕੇ ਚਿੱਤਰ ਬਣਾ ਰਿਹਾ ਸੀ। ਕਾਂ ਨੇ ਚਿੱਤਰਕਾਰ ਨੂੰ ਵੀ ਆਪਣੇ ਖੰਭ ਰੰਗ ਦੇਣ ਲਈ ਆਖਿਆ।
“ਕਾਂ ਭਰਾਵਾ! ਤੇਰੇ ਖੰਭ ਮੈਂ ਰੰਗ ਲਾਕੇ ਚਿੱਟੇ ਕਰ ਦਿਆਂਗਾ। ਪਰ ਰੰਗ ਸੁੱਕਣ ੱਤੇ ਤੇਰੇ ਖੰਭ ਆਪਸ ਵਿਚ ਜੁੜ ਜਾਣਗੇ। ਫਿਰ ਤੈਨੂੰ ਉਡਣ ਵਿਚ ਮੁਸ਼ਕਿਲ ਹੋਵੇਗੀ। ਉਂਜ ਵੀ ਰੰਗ ਵਿਚਲਾ ਰਸਾਇਣ ਤੇਰੀ ਚਮੜੀ ਨੂੰ ਖਰਾਬ ਕਰ ਦੇਵੇਗਾ।” ਚਿੱਤਰਕਾਰ ਨੇ ਕਾਂ ਨੂੰ ਦੱਸਿਆ। ਉਸਨੇ ਕਾਂ ਨੂੰ ਖੰਭ ਨਾ ਰੰਗਾਉਣ ਦੀ ਸਲਾਹ ਦਿੱਤੀ ਪਰ ਕਾਂ ਨਾ ਮੰਨਿਆ। ਕਾਂ ਕਿਸੇ ਨਾ ਕਿਸੇ ਤਰ੍ਹਾਂ ਕਬੂਤਰ ਵਰਗਾ ਚਿੱਟਾ ਦੁੱਧ ਬਣਨਾ ਚਾਹੁੰਦਾ ਸੀ ਤੇ ਕਾਂ ਦੇ ਵਾਰ-ਵਾਰ ਕਹਿਣ ੱਤੇ ਚਿੱਤਰਕਾਰ ਨੇ ਕਾਂ ਦੇ ਖੰਭਾਂ ਨੂੰ ਚਿੱਟਾ ਰੰਗ ਕਰ ਦਿੱਤਾ।
ਚਿੱਤਰਕਾਰ ਨੇ ਖੰਭਾਂ ਨੂੰ ਰੰਗ ਕੇ ਕਾਂ ਨੂੰ ਗੋਰਾ-ਚਿੱਟਾ ਬਣਾ ਦਿੱਤਾ ਸੀ। ਸਿਰਫ਼ ਉਸਦੀ ਚੁੰਜ ਤੇ ਪੈਰ ਕਾਲ਼ੇ ਰਹਿ ਗਏ ਸਨ।
ਚਿੱਟਾ ਕਬੂਤਰ ਵਰਗਾ ਬਣਨ ਤੋਂ ਬਾਅਦ ਕਾਂ ਦੇ ਨਿੱਕੇ-ਨਿੱਕੇ ਖੰਭ ਆਪਸ ਵਿਚ ਜੁੜ ਗਏ ਸਨ। ਉਸਨੂੰ ਉਡਣ ਵਿਚ ਮੁਸ਼ਕਲ ਹੋਣ ਲੱਗ ਪਈ ਸੀ। ਹੁਣ ਕਾਂ ਕੋਲੋਂ ਲੰਮੀ ਉਡਾਰੀ ਨਹੀਂ ਭਰੀ ਜਾਂਦੀ ਸੀ। ਰੰਗ ਵਿਚਲੇ ਰਸਾਇਣ ਕਾਰਣ ਕਾਂ ਨੂੰ ਗਰਮੀ ਵੀ ਵਧੇਰੇ ਲੱਗਣ ਲੱਗ ਪਈ ਸੀ।
ਗੋਰਾ-ਚਿੱਟਾ ਬਣਕੇ ਕਾਂ ਨੇ ਆਪਣੇ ਲਈ ਮੁਸੀਬਤਾਂ ਸਹੇੜ ਲਈਆਂ ਸਨ, ਫਿਰ ਵੀ ਉਹ ਬੇਹਦ ਖੁਸ਼ ਸੀ। ਉਸਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ ਤੇ ਉਹ ਚਾਈਂ-ਚਾਈਂ ਆਪਣੇ ਮਿੱਤਰ ਕਬੂਤਰ ਨੂੰ ਮਿਲਣ ਤੁਰ ਪਿਆ। 
ਕਾਂ ਨੂੰ ਪੂਰੀ ਉਮੀਦ ਸੀ ਕਿ ਹੁਣ ਕਿਸਾਨ, ਉਸਦੀ ਕਬੂਤਰ ਵਾਂਗ ਹੀ ਸੇਵਾ ਕਰੇਗਾ। ਪਰ ਕਾਂ ਨੂੰ ਵੇਖਕੇ ਕਿਸਾਨ ਪਹਿਲਾਂ ਨਾਲੋਂ ਵੀ ਵਧੇਰੇ ਗੁੱਸੇ ਵਿਚ ਆ ਗਿਆ।
“ਕਾਵਾਂ ਕਾਣਿਆ! ਮੈਨੂੰ ਪਹਿਲਾਂ ਤੇਰੀ ਬੋਲੀ ਤੇ ਚਲਾਕੀ ਭਰੀਆਂ ਆਦਤਾਂ ਹੀ ਭੈੜੀਆਂ ਲਗਦੀਆਂ ਸਨ, ਹੁਣ ਤੇਰੀ ਸ਼ਕਲ ਵੀ ਭੇੜੀ ਲੱਗਣ ਲੱਗ ਪਈ ਆ।” ਕਿਸਾਨ ਨੇ ਆਖਿਆ ਤੇ ਉਹ ਇੱਟ-ਵੱਟਾ ਲੈਕੇ ਕਾਂ ਨੂੰ ਮਾਰਨ ਭੱਜਾ। ਕਾਂ ਨੇ ਝਕਾਨੀ ਦੇ ਕੇ ਮਸ੍ਹਾਂ ਜਾਨ ਬਚਾਈ।
ਹੁਣ ਕਾਂ ਨੂੰ ਸਮਝ ਲੱਗ ਗਈ ਸੀ ਕਿ ਗੋਰਾ-ਚਿੱਟਾ ਬਣ ਕੇ ਉਸਨੇ ਐਵੇਂ ਹੀ ਆਪਣੀ ਚਮੜੀ ਤੇ ਖੰਭ ਖਰਾਬ ਕਰ ਲਏ ਸਨ। ਕਿਸੇ ਦੂਸਰੇ ਕੋਲੋਂ ਪਿਆਰ ਤੇ ਸਤਿਕਾਰ ਲੈਣ ਲਈ ਗੋਰੇ-ਚਿੱਟੇ ਬਣਨ ਦੀ ਜ਼ਰੂਰਤ ਨਹੀਂ ਹੈ। ਸਗੋਂ ਆਪਣੀ ਬੋਲੀ ਵਿਚ ਮਿਠਾਸ ਘੋਲਣ ਦੀ ਜ਼ਰੂਰਤ ਹੈ ਤੇ ਮੰਦੀਆਂ ਆਦਤਾਂ ਦਾ ਤਿਆਗ ਕਰਨ ਦੀ ਜ਼ਰੁਰਤ ਹੈ। ਕਾਂ ਹੁਣ ਆਪਣੇ ਪਿੰਡੇ ੱਤੇ ਲੱਗੇ ਰੰਗ ਨੂੰ ਲਾਹੁਣ ਦਾ ਕੋਈ ਢੰਗ ਸੋਚਣ ਲੱਗ ਪਿਆ।