ਸਭ ਰੰਗ

 •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
 •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
 •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
 •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
 •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
 • ਰਵਿੰਦਰ ਸਹਿਰਾਅ ਅਤੇ ਮਨਜੀਤ ਇੰਦਰਾ ਨਾਲ਼ ਹੋਈ ਵਿਸ਼ੇਸ਼ ਬੈਠਕ (ਖ਼ਬਰਸਾਰ)


  ਟਰਾਂਟੋ:-  ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਪੰਜਾਬੀ ਪ੍ਰਗਤੀਵਾਦੀ ਕਵੀ ਰਵਿੰਦਰ ਸਹਿਰਾਅ ਅਤੇ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਨਾਲ਼ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਦੋਵਾਂ ਸ਼ਾਇਰਾਂ ਵੱਲੋਂ ਆਪਣੀ ਸ਼ਾਇਰੀ ਦੇ ਨਾਲ਼ ਨਾਲ਼ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਨੌਜਾਵਾਨ ਗਾਇਕ ਬਲਜੀਤ ਬੈਂਸ ਨੇ ਜੈਮਲ ਪੱਡਾ ਦੀ ਅਮਰ ਰਚਨਾ ਪੇਸ਼ ਕੀਤੀ:
  ਸਿਦਕ ਸਾਡੇ ਨੇ ਕਦੇ ਮਰਨਾ ਨਹੀਂ
  ਸੱਚ ਦੇ ਸੰਗਰਾਮ ਨੇ ਹਰਨਾ ਨਹੀਂ

  ਮਨਜੀਤ ਇੰਦਰਾ ਦੀ ਜਾਣ-ਪਛਾਣ ਕਰਵਾਉਂਦਿਆਂ ਪਰਮਜੀਤ ਦਿਓਲ ਨੇ ਕਿਹਾ ਕਿ ਮਨਜੀਤ ਇੰਦਰਾ ‘ਬੇਝਿਜਕ’ ਪੰਜਾਬੀ ਕਵਿੱਤਰੀ ਅਤੇ ਨਾਵਲਕਾਰਾ ਹੈ ਜਿਸ ਨੇ ਕਈ ਕਾਵਿ-ਸੰਗਹ੍ਰਿ ਅਤੇ ਇੱਕ ਕਾਵਿ-ਨਾਵਲ ‘ਤੂੰ ਆਵਾਜ਼ ਮਾਰੀ ਹੈ’, ਪਾਠਕਾਂ ਦੀ ਝੋਲ਼ੀ ਪਾਇਆ ਹੈ ਅਤੇ ਉਨ੍ਹਾਂ ਦੇ ਬਹੁਤ ਸਾਰੇ ਗੀਤ ਨਾਮਵਰ ਗਾਇਕਾਂ ਵੱਲੋਂ ਗਾਏ ਗਏ ਨੇ। ਉਹ ਬਹੁਪੱਖੀ ਲੇਖਿਕਾ ਹੋਣ ਦੇ ਨਾਲ਼ ਨਾਲ਼ ਸੋਸ਼ਲ ਵਰਕਰ ਵੀ ਨੇ। ਮਨਜੀਤ ਇੰਦਰਾ ਨੇ ਕਿਹਾ ਕਿ “ਕੈਨੇਡਾ ਆ ਕੇ ਵੀ ਮੈਨੂੰ ਇਹ ਧਰਤੀ ਬੇਗਾਨੀ ਨਹੀਂ ਲੱਗੀ। ਉਹੀ ਚਿਹਰੇ, ਉਹੀ ਸੁਭਾਅ, ਉਹੀ ਰਹਿਣੀ-ਬਹਿਣੀ ਮੈਨੂੰ ਵੇਖਣ ਨੂੰ ਮਿਲ਼ੀ ਹੈ।” ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ ਉਨ੍ਹਾਂ ਦੇ ਗੁਰੁ ਸਨ ਅਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਬਹੁਤ ਵਧੀਆ ਦੋਸਤ ਸਨ। “ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਰੱਖਾਂਗੀ ਕਿੱਥੇ” ਗੀਤ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਅਤੇ ਗੀਤ ਸਾਂਝੇ ਕੀਤੇ। ਇਸਤੋਂ ਬਾਅਦ ਤਰਸੇਮ ਅਤੇ ਡਾ ਕੁਲਦੀਪ ਸਿੰਘ ਦੀਪ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ‘ਸ਼ਬਦ ਸ਼ਬਦ ਨਾਨਕ’ ਰਲੀਜ਼ ਕੀਤੀ ਗਈ। ਇਸ ਕਿਤਾਬ ਵਿੱਚ ਬਾਬੇ ਨਾਨਕ ਨੂੰ ਸਮਰਪਿਤ ਕਵਿਤਾਵਾਂ ਸ਼ਾਮਲ ਹਨ। ਇਸ ਕਿਤਾਬ ਬਾਰੇ ਬੋਲਦਿਆਂ ਉਂਕਾਰਪ੍ਰੀਤ ਨੇ ਦੱਸਿਆ ਕਿ ਇਸ ਵਿੱਚ ਸ਼ਾਮਲ ਕਵਿਤਾਵਾਂ ਰਾਹੀਂ ਨਾਨਕ ਦੇਵ ਜੀ ਦੀ ਸ਼ਬਦ-ਮਹਿਮਾ ਬਿਆਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ 500 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ ਪਰ ਬਾਬੇ ਨਾਨਕ ਦੀ ਧੁਰ ਕੀ ਬਾਣੀ ਦੀ ਸਾਰਥਿਕਤਾ ਨਹੀਂ ਬਦਲੀ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਸ਼ਬਦ ਨੂੰ ਪਰਣਾਏ ਹੋਏ ਸਨ। ਉਂਕਾਰਪ੍ਰੀਤ ਨੇ ਇਸ ਕਿਤਾਬ ਵਿੱਚ ਛਪੀ ਆਪਣੀ ਕਵਿਤਾ ‘550 ਸਾਲਾਂ ਬਾਅਦ ਖ਼ਤ’ ਸਾਂਝੀ ਕੀਤੀ। 
  ਪ੍ਰਗਤੀਵਾਦੀ ਵਿਚਾਰਧਾਰਾ ਦੇ ਕਵੀ ਰਵਿੰਦਰ ਸਹਿਰਾਅ ਦੀ ਜਾਣ-ਪਛਾਣ ਥੰਮ੍ਹ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਕਰਵਾਈ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਨਕਸਲਵਾਦੀ ਲਹਿਰ ਦੀ ਪੈਦਾਵਾਰ ਹਾਂ। ਉਨ੍ਹਾਂ ਕਿਹਾ ਕਿ ਉਸ ਸੰਘਰਸ਼ ਨੂੰ ਸਹਿਰਾਅ ਨੇ ਜੀਅ-ਜਾਨ ਨਾਲ਼ ਆਪਣੇ ਪਿੰਡੇ ‘ਤੇ ਹੰਢਾਉਂਦਿਆਂ ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਅਤੇ ਉਮਰ ਦੇ ਫ਼ਰਕ ਦੇ ਹਿਸਾਬ ਨਾਲ਼ ਹੀ ਮੇਰੇ ਪਿੱਛੇ ਪਿੱਛੇ ਮੇਰੇ ਨਕਸ਼ੇ-ਕਦਮ ‘ਤੇ ਤੁਰਦਾ ਗਿਆ। ਉਨ੍ਹਾਂ ਕਿਹਾ ਕਿ ਰਵਿੰਦਰ ਸਹਿਰਾਅ ਨੇ ਹਮੇਸ਼ਾਂ ਸੱਚ ਲਿਖਿਆ ਅਤੇ ਸੱਚ ਬੋਲਿਆ ਅਤੇ ਸੱਚ ਬੋਲਣ ਦੀ ਕੀਮਤ ਵੀ ਤਾਰੀ ਹੈ। ਉਨ੍ਹਾਂ ਨੇ ਸਹਿਰਾਅ ਨੂੰ “ਸੱਚੇ ਬੋਲਾਂ ਦਾ ਕਵੀ’ ਕਿਹਾ।
  ਰਵਿੰਦਰ ਸਹਿਰਾਅ ਨੇ ਆਪਣੇ ਸਾਹਿਤਕ ਸ਼ਫਰ ਦੇ ਨਾਲ਼ ਨਾਲ਼ ਆਪਣੇ ਸੰਘਰਸ਼ਮਈ ਜੀਵਨ ਦੇ ਪਹਿਲੂ ਵੀ ਸਾਂਝੇ ਕੀਤੇ ਅਤੇ ਨਕਸਲੀ ਲਹਿਰ ਦੇ ਪ੍ਰਭਾਵ ਅਤੇ ਸੰਘਰਸ਼ ‘ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਸ਼, ਦਰਸ਼ਨ ਖਟਕੜ, ਅਮਰਜੀਤ ਚੰਦਨ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਅਤੇ ਗੁਰਦੀਪ ਗਰੇਵਾਲ਼ ਦੇ ਨਾਲ਼ ਨਾਲ਼ ਵਰਿਆਮ ਸਿੰਘ ਸੰਧੂ ਦਾ ਨਾਂ ਵੀ ਉਸ ਸਮੇਂ ਦੇ ਚੋਟੀ ਦੇ ਕੁਝ ਨਾਵਾਂ ‘ਚ ਆਉਂਦਾ ਸੀ ਜੋ ਨਕਸਲੀ ਲਹਿਰ ਨੂੰ ਪਰਣਾਏ ਹੋਏ ਸਨ। ਖ਼ਾਸ ਤੌਰ ‘ਤੇ ਜਸਵੰਤ ਖਟਕੜ ਦੀ ਕੁਰਬਾਨੀ ਦਾ ਜਿ਼ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਪੰਜਵੀਂ ਛੇਵੀਂ ‘ਚ ਪੜ੍ਹਦਿਆਂ ਹੀ ਉਹ ਨਕਸਲੀ ਕਾਰਕੁਨਾਂ ਦੇ ਸੁਨੇਹੇ ਪਹੁੰਚਾਉਂਦਾ ਹੋਇਆ ਪੁਲੀਸ ਦੇ ਹੱਥ ਲੱਗ ਗਿਆ ਅਤੇ ਤੇਰਾਂ ਚੌਦਾਂ ਸਾਲ ਦੀ ਉਮਰ ‘ਚ ਹੀ ਕੈਦ ਹੋ ਗਿਆ। ਉਨ੍ਹਾਂ ਨੇ ਆਪਣੇ ਰੂਪੋਸ਼ ਹੋਣ ਤੋਂ ਲੈ ਕੇ ਜੇਲ੍ਹ ਜਾਣ ਅਤੇ ਫਿਰ ਬਲੈਕ-ਲਿਸਟ ਹੋ ਕੇ ਕਾਲਜਾਂ ਯੂਨੀਵਰਸਿਟੀਆਂ ਤੋਂ ਬੇਦਖ਼ਲ ਹੋਣ ਤੱਕ ਦੇ ਸਫ਼ਰ ਦੀ ਵਾਰਤਾ ਸਾਂਝੀ ਕੀਤੀ। ਫ਼ਲਸਤੀਨੀ ਕੁੜੀ ‘ਤੇ ਲਿਖੀ ਬਹੁਤ ਹੀ ਭਾਵਪੂਰਤ ਕਵਿਤਾ ‘ਫ਼ਲਸਤੀਨੀ ਕੁੜੀ ਅਤੇ ਚੱਪਲ’  ਨਾਲ਼ ਆਪਣੀਆਂ ਕਵਿਤਾਵਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਕੁਝ ਕਵਿਤਾਵਾਂ ਸਾਝੀਆਂ ਕੀਤੀਆਂ ਜਿਨ੍ਹਾਂ ਤੋਂ ਉਨ੍ਹਾਂ ਦੀ ਵਿਚਾਰਧਾਰਕ ਦ੍ਰਿੜ੍ਹਤਾ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਵਿਖਾਈ ਦਿੰਦੀ ਸੀ।
  ਸਨੀ ਸਿ਼ਵਰਾਜ  ਅਤੇ ਰਿੰਟੂ ਭਾਟੀਆ ਵੱਲੋਂ ਬੜੇ ਹੀ ਖ਼ੂਬਸੂਰਤ ਤਰੰਨਮ ਵਿੱਚ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬਲਦੇਵ ਰਹਿਪਾ, ਭੁਪਿੰਦਰ ਦੁਲੈ, ਜਤਿੰਦਰ ਰੰਧਾਵਾ, ਬਲਜੀਤ ਧਾਲੀਵਾਲ਼, ਨੀਰੂ ਸਹਿਰਾਅ, ਸੁਰਿੰਦਰ ਖਹਿਰਾ, ਰਛਪਾਲ ਕੌਰ ਗਿੱਲ, ਸੁਰੀਜਤ ਕੌਰ, ਜਗੀਰ ਸਿੰਘ ਕਾਹਲੋਂ, ਗੁਰਦੇਵ ਮਾਨ, ਅਤੇ ਇਕਬਾਲ ਮਾਹਲ ਹਾਜ਼ਰ ਸਨ। ਇਸ ਵਾਰ ਸਟੇਜ ਦੀ ਕਾਰਵਾਈ ਬ੍ਰਜਿੰਦਰ ਗੁਲਾਟੀ ਨੇ ਨਿਭਾਈ ਅਤੇ ਕੁਲਵਿੰਦਰ ਖਹਿਰਾ ਅਤੇ ਮਨਮੋਹਨ ਸਿੰਘ ਗੁਲਾਟੀ ਵੱਲੋਂ ਮੀਟਿੰਗ ਦੀ ਕਾਰਵਾਈ ਨੂੰ ਚਲਾਇਆ ਗਿਆ।


  ਪਰਮਜੀਤ ਦਿਓਲ