ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ - ਕਵੀਆਂ ਦੀ ਨਜ਼ਰ 'ਚ (ਲੇਖ )

  ਰਵੇਲ ਸਿੰਘ ਇਟਲੀ   

  Email: singhrewail@yahoo.com
  Address:
  Italy
  ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੱਲਾ ਯਾਰ ਖਾਂ ਜੋਗੀ ਜੀ ਦਾ ਜਨਮ 1870 ਈਸਵੀ ਵਿੱਚ ਲਾਹੌਰ ਵਿੱਚ ਹੋਇਆ।ਆਪ ਪੇਸ਼ੇ ਵਜੋਂ ਹਕੀਮ ਸਨ, ਹਿਕਮਤ  ਦੇ ਨਾਲ ਨਾਲ ਉਰਦੂ ਸ਼ਾਇਰੀ ਅਤੇ ਉਰਦੂ ਫਾਰਸੀ ਦਾ ਵੀ ਚੰਗਾ ਗਿਆਨ ਰੱਖਦੇ ਸਨ। ਉਨ੍ਹਾਂ ਦੀ ਰਹਾਇਸ਼ ਅਨਾਰ ਕਲੀ ਬਾਜ਼ਾਰ ਵਿੱਚ ਦੱਸੀ ਜਾਂਦੀ ਹੈ।ਆਪ ਬੜੇ ਖੁਲ੍ਹੇ ਵਿਚਾਰਾਂ ਵਾਲੇ ਅਤੇ ਸੱਚ ਦੇ ਹਾਮੀ ਅਤੇ ਸੱਚੇ ਸੁੱਚੇ ਨੇਕ ਇਨਸਾਨ ਸਨ।
  ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਸੱਚ ਲਈ, ਉਨ੍ਹਾਂ ਦੀਆਂ ਬੇਮਿਸਾਲ, ਮਹਾਨ ਕੁਰਬਾਨੀਆਂ ਕਰਕੇ ਉਨ੍ਹਾਂ ਦੀ ਤੇ ਅਥਾਹ ਸ਼ਰਧਾ ਸੀ।ਜੋ ਉਨ੍ਹਾਂ ਦੀ ਆਪਣੀ ਲਿਖੀ ਛੋਟੇ ਸਾਹਿਬ ਜ਼ਾਦਿਆਂ ਦੀ ਸ਼ਹੀਦੀ ਬਾਰੇ  “ਸ਼ਹੀਦਾਨੇ ਵਫਾ” ਦੀ ਕਵਿਤਾ ਹੇਠ ਦਰਸਾਏ ਅਠਾਰਵੇਂ ਬੰਦ ਤੋਂ ਸਾਫ ਝਲਕਾਂ ਮਾਰਦੀ ਹੈ।  
   ਕਰਤਾਰ ਕੀ ਸੌਗੰਦ ਹੈ,ਨਾਨਕ ਕੀ ਕਸਮ ਹੈ।
   ਜਿਤਨੀ ਭੀ ਹੋ ਗੋਬੰਦ ਕੀ ਤਾਰੀਫ ਵੁਹ ਕਮ ਹੈ।
  ਹਰ ਚੰਦ ਮੇਰੇ ਹਾਥ ਮੈਂ ਪੁਰ ਜ਼ੋਰ ਕਲਮ ਹੈ।
  ਸਤਗੁਰ ਕੇ ਲਿਖੂੰ ਵਸਬ, ਕਹਾਂ ਤਾਬੇ ਕਰਮ ਹੈ।
  ਇਕ ਆਂਖ ਸੇ ਬੁਲਬੁਲਾ, ਕੁਲ ਬਹਿਰ ਕੋ ਦੇਖੇ।
  ਸਾਹਿਲ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ।
  ਬੰਦ 18ਵਾਂ (ਸ਼ਹੀਦਾਨੇ ਵਫਾ ਕ੍ਰਿਤ ਅੱਲਾ ਯਾਰ ਖਾਂ ਜੋਗੀ) 
    ਉਨ੍ਹਾਂ ਨੇ ਛੋਟੇ ਸਾਹਿਬ ਜ਼ਾਦਿਆਂ ਦਾ ਸਾਕਾ ਸਰਹੰਦ ਦੀ ਸ਼ਹਾਦਤ ਬਾਰੇ ਉਰਦੂ ਭਾਸ਼ਾ ਵਿੱਚ ਸ਼ਹੀਦਾਨੇ ਵਫਾ,1913 ਈਸਵੀ ਵਿਚ ਲਿਖਿਆ।ਜਿਸ ਦੇ ਕੁਲ 110 ਬੰਦ ਚਾਰ ਚਾਰ ਮਿਸਰਿਆਂ ਵਾਲੇ ਹਨ।ਫਿਰ ਦੂਜਾ ਮਰਸੀਆ ”ਗੰਜੇ ਸ਼ਹੀਦਾਂ” ਪੂਰੇ ਦੋ ਸਾਲ ਦੀ ਕਰੜੀ ਮੇਹਣਤ ਨਾਲ ਆਪਣੇ ਪ੍ਰਸ਼ੰਸਕਾਂ ਦੀ ਸਿਫਾਰਸ਼ ਤੇ ਪੁਰ ਜ਼ੋਰ ਮੰਗ ਤੇ ਉਨ੍ਹਾਂ 1915 ਵਿੱਚ ਲਿਖਿਆ ਜਿਸ ਦੇ 117 ਬੰਦ ਤਿੰਨ ਤਿੰਨ ਮਿਸਰਿਆਂ ਵਾਲੇ ਹਨ।ਸਤਾਰਵਾਂ ਤੇ ਅਖੀਰਲਾ ਬੰਦ ਜ਼ਰਾ ਲੰਬਾ ਤਾਂ ਹੈ ਪਰ ਜੋਗੀ ਜੀ ਕਿਵਤਾ ਦਾ ਇਹ ਬੰਦ ਉਨ੍ਹਾਂ ਦੀ ਸੋਚ ਉਡਾਰੀ ਦਾ ਸਿਖਰ ਹੀ ਕਿਹਾ ਜਾ ਸਕਦਾ ਹੈ।
   ਚਮਕੌਰ ਦੀ ਗੜ੍ਹੀ ਦਾ ਇਤਹਾਸਕ ਧਰਮ ਯੁੱਧ ਜੋ ਅਨੰਦਰ ਪੁਰ ਨੂੰ ਛੱਡ ਕੇ ਗੜ੍ਹੀ ਚਮਕੌਰ ਵਿੱਚ ਸਾਹਿਬ ਜ਼ਾਦੇ ਅਜੀਤ ਸਿਘ ਅਤੇ ਜੁਝਾਰ ਸਿੰਘ ਤੇ ਚਾਲੀ ਸਿੰਘਾਂ ਦਾ ਹਜ਼ਾਰਾਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਦਾ ਹਾਲ ਆਪਣੀ ਮਨ ਨੂੰ ਟੁੰਬਣ ਵਾਲੀ ਕਵਿਤਾ ਰਾਹੀਂ ਲਿਖਿਆ, ਜੋ ਜੋਗੀ ਜੀ ਦੀ ਕਵਿਤਾ ਦੇ ਹੁਨਰ ਦਾ ਕਮਾਲ ਹੈ।ਜਿਸ ਦਾ ਪੂਰੀ ਤਰ੍ਹਾਂ ਬਿਆਨ ਕਰਨਾ ਬਹੁਤ ਮੁਸ਼ਕਲ ਕੰਮ ਹੈ। 
   ਇਹ ਦੋਵੇਂ ਮਰਸੀਏ ਹੀ ਜੋਗੀ ਜੀ ਦੇ ਸ਼ਾਹਕਾਰ ਕਹੇ ਜਾ ਸਕਦੇ ਹਨ। ਗੰਜੇ ਸ਼ਹੀਦਾਂ ਦੇ 117 ਵੇਂ  ਅਖੀਰਲੇ ਬੰਦ  ਬਾਰੇ ਲਿਖੇ ਬਿਨਾ ਉਨ੍ਹਾਂ ਬਾਰੇ ਲਿਖਿਆ ਮੇਰਾ ਲੇਖ ਅਧੂਰਾ ਰਹੇ ਗਾ।ਜੋ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਪਾਵਣ ਧਰਤੀ ਬਾਰੇ ਜੋਗੀ ਜੀ ਇਵੇਂ ਬਿਆਨ ਕਰਦੇ ਹਨ,
    
  ਬਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਯੇ,
   ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਯੇ। 
  ਦਕਨ ਮੇਂ ਦੂਰ ਮਰਕਜ਼ ਹੈ,ਹਜ਼ੂਰ ਸਾਹਿਬ ਕਾ,
  ਪਹੁੰਚਨਾ ਜਿਸ ਜਗ੍ਹਾ ਮੁਸ਼ਕਿਲ.ਹੈ ਮੈ-ਨਵਾ ਕੇ ਲੀਯੇ।
  ਭਟਕਤੇ ਫਿਰਤੇ ਹੈ ਕਿਉਂ,ਹੱਜ ਕਰੇਂ ਯਹਾਂ ਆ ਕਰ,
  ਯਿਹ ਕਾਬਾ ਖਾਸ ਹੈ ਹਰ ਇਕ ਖਾਲਸਾ ਕੇ ਲੀਯੇ।
  ਜਹਾਂ ਵੁਹ ਲੇਟੇ ਹੈਂ ਸਤਲੁਜ ਮੇਂ ਜੋਸ਼ ਮੇਂ ਆ ਕਰ,
  ਚਰਨ ਹਜ਼ੂਰ ਕੇ ਨਹਿਰੇਂ ਬਹਾ ਬਹਾ ਕੇ ਲੀਯੇ। 
  ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
  ਯਹੀਂ ਸੇ ਬਨ ਕੇ ਸਿਤਾਰੇ,ਸਮਾਂ ਕੇ ਲੀਯੇ।
   ਗੁਰੁ ਗੋਬਿੰਦ ਕੇ ਲਖਤੇ- ਜਿਗਰ,ਅਜੀਤ, ਜੂਝਾਰ,
  ਫਲਕ ਪੇ ਏਕ, ਯਹਾਂ ਦੋ ਚਾਂਦ ਹੈਂ ਜ਼ਿਆ ਕੇ ਲੀਯੇ।
  ਮਿਜ਼ਾਰ ਗੰਜੇ- ਏ-ਸ਼ਹੀਦਾਂ ਹੈ ਉਨ ਸ਼ਹੀਦੋਂ ਕਾ, 
  ਫਿਰਸ਼ਤੇ ਜਿਨ ਕੀ ਤਰਸਤੇ ਥੇ ਖਾਕੇ-ਪਾ ਕੇ ਲੀਯੇ।
  ਉਠਾਏਂ ਆਂਖੋਂ ਸੇ ਆਕਰ ਯਹਾਂ ਕੀ ਮੱਟੀ ਕੋ,
  ਜੋ ਖਾਕ ਛਾਨਤੇ ਫਿਰਤੇ ਹੈਂ ਕੀਮੀਯਾ ਕੇ ਲੀਯੇ।
  ਯਿਹ ਹੈ ਵੁਹ ਜਾ ਜਹਾਂ,ਚਾਲੀਸ ਤਨ ਸ਼ਹੀਦ ਹੂਏ,
  ਖਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਯੇ।
  ਦਿਲਾਈ ਪੰਥ ਕੋ ਸਰ-ਬਾਜ਼ੀਓਂ ਨੇ ਸਰਦਾਰੀ,
  ਬਰਾਇ ਕੌਮ ਯਿਹ ਰੁਤਬੇ,ਲਹੂ ਬਹਾ ਕੇ ਲੀਯੇ।

   ਉਨ੍ਹਾਂ ਦੀ ਉਮਰ ਬਾਰੇ ਇਹ ਅੰਦਾਜ਼ਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ‘ ਸ਼ਹੀਦਾਨੇ ਵਫਾ’ ਲਿਖਿਆ ਉਦੋਂ ਉਨ੍ਹਾਂ ਦੀ ਉਮਰ ਉਨ੍ਹਾਂ ਦੇ ਜਨਮ ਵਰ੍ਹੇ ਦਾ ਖਿਆਲ ਕਰਦਿਆਂ ਲਗ ਪਗ 43 ਸਾਲ ਦੀ ਹੋਵੇ ਗੀ। ਅਤੇ ਇਸੇ ਤਰ੍ਹਾਂ ‘ਗੰਜੇ ਸ਼ਹੀਦਾਨ’ ਲਿਖਣ ਵੇਲੇ 45 ਵਰ੍ਹੇ ਦੀ ਹੋਵੇ ਗੀ।ਉਨ੍ਹਾਂ ਦੀ ਕਾਵਿ ਪਰਵਾਜ਼, ਪੁਰ ਜੋਸ਼, ਬਾ ਕਮਾਲ ਅਤੇ ਮਨਾਂ ਨੂੰ ਧੂਹਾਂ ਪਾਉਣ ਵਾਲੀ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੋਹਾਂ ਰਚਨਾਂਵਾਂ ਦੇ ਇਲਾਵਾ ਜੋਗੀ ਜੀ ਨੇ ਹੋਰ ਵੀ ਰਚਨਾਂਵਾਂ ਜ਼ਰੂਰ ਲਿਖੀਆਂ ਹੋਣਗੀਆਂ। ਜਿਨ੍ਹਾਂ ਨੂੰ ਖੋਜੀ ਵਿਦਵਾਨਾਂ ਨੂੰ ਖੋਜ ਕਰਕੇ ਕੇ ਪਾਠਕਾਂ ਸਾਮ੍ਹਣੇ ਲਿਆਉਣ ਦੀ ਵੀ ਜ਼ਰੂਰਤ ਹੈ। 
   ਮੈਂ ਉਨ੍ਹਾਂ ਨੂੰ ਇਸ ਉੱਚੇ ਪਾਇ ਦੀ ਕਵਿਤਾ ਲਿਖਣ ਲਈ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ  ਪੇਸ਼ ਕਰਦਾ ਹਾਂ। ਆਸ ਕਰਦਾ ਹਾਂ ਕਿ ਪਾਠਕ ਉਨ੍ਹਾਂ ਦੇ ਉਪ੍ਰੋਕਤ ਦੋਵੇਂ ਮਹਾਨ ਰਚਨਾਂਵਾਂ ਨੂੰ ਪੜ੍ਹ ਕੇ ਅਨੰਦ ਮਾਣਦੇ ਰਹਿਣਗੇ।
    ਆਫਰੀਨ ਅੱਲਾਯਾਰ ਖਾਂ ਜੋਗੀ ਆਫਰੀਨ  
  ਅੱਲਾ ਯਾਰ ਜੋਗੀ,ਅੱਲਾ ਯਾਰ ਯੋਗੀ।
  ਤੂੰ ਸੀ ਸੱਚ ਨੂੰ ਕੀਤਾ ਪਿਆਰ ਜੋਗੀ।
  ਬਾਜਾਂ ਵਾਲੇ ਨੇ ਰੱਖਿਆ ਹੱਥ ਸਿਰ ਤੇ, 
  ਤੇਰੀ ਕਲਮ ਨੂੰ ਮਿਲੀ ਰਫਤਾਰ ਜੋਗੀ।
  ਗੁਣ ਹਿਕਮਤਾਂ ਦਾ ਸ਼ੌਕ,ਲਿਖਣ ਦਾ ਵੀ,
  ਤੂੰ ਸੀ ਗੁਣਾਂ ਦਾ ਅਜਬ ਭੰਡਾਰ ਜੋਗੀ।
  ਤੂੰ ਸੀ ਸੱਚ ਦੇ ਰਾਹ ਤੇ ਤੁਰਨ ਵਾਲਾ, 
  ਹਾਮੀ ਸੱਚ ਦਾ ਸੀ ਪਹਿਰੇ ਦਾਰ ਜੋਗੀ,
  ਲਿਖ ਕੇ ਮਰਸੀਆ ਨਵੇਂ ਅੰਦਾਜ਼ ਅੰਦਰ,
  ਦਿੱਤਾ ਸਾਹਿਤ ਨੂੰ ਨਵਾਂ ਸ਼ਿੰਗਾਰ ਜੋਗੀ।
  ਤੇਰੀ ਚਾਲ ਵੱਖਰੀ,ਤੇਰੀ ਢਾਲ ਵੱਖਰੀ,
  ਸੁਹਣੀ ਦਿੱਖ ਤੇ ਸ਼ਕਲ ਨੁਹਾਰ  ਜੋਗੀ।
  ਤੇਰੇ ਨਾਲ ਲਾਹੌਰ ਵੀ ਸੋਭਦਾ ਸੀ,
  ਜਿਹੜੇ ਵਿੱਚ ਤੂੰ ਰਿਹਾ ਬਾਜ਼ਾਰ ਜੋਗੀ।
  ਜਿੱਥੇ ਬੋਲਿਆ, ਕੀਲਿਆ ਸ੍ਰੋਤਿਆਂ ਨੂੰ, 
  ਰਹੇ ਸੋਭਦੇ ਭਰੇ  ਕਵੀ ਦਰਬਾਰ ਜੋਗੀ।
  ਦੋਵੇਂ ਮਰਸੀਏ ਲਿਖੇ ਵੈਰਾਗ ਅੰਦਰ,
  ਤੇਰੇ ਬਣ ਗਏ ਦੋਵੇਂ ਸ਼ਾਹਕਾਰ ਜੋਗੀ।
  ਜਦੋਂ ਪੜ੍ਹਾਂ ਤਾਂ ਨੈਣ ਨਾ ਰਹਿਣ ਕਾਬੂ,
  ਵਹੇ ਹੰਝੂਆਂ ਦੀ ਬਣਕੇ ਧਾਰ ਜੋਗੀ।
  ਤੇਰੇ ਅੱਖਰਾਂ ਵਿੱਚ ਤਾਸੀਰ ਢਾਡੀ,
  ਤੇਰੀ ਕਲਮ ਤੋਂ ਜਾਂਵਾਂ ਬਲਿਹਾਰ ਜੋਗੀ।
  ਕਿਵੇਂ ਮਾਂਜ ਕੇ, ਢਾਲ ਕੇ ਘੜੀ ਘਾੜਤ,
  ਤੇਰੇ ਪਾਸ ਸੀ ਸ਼ਬਦ ਭੰਡਾਰ ਜੋਗੀ।
  ਛੋਟੇ ਸਾਹਿਬ ਜ਼ਾਦੇ, ਜੇਰੇ ਵਾਂਗ ਪਰਬਤ,
  ਜਦੋਂ ਪੜ੍ਹੇ ਕਿਧਰੇ ਪਹਿਲੀ ਵਾਰ ਜੋਗੀ।
  ਕੰਬੀ ਰੂਹ ਤੇਰੀ,ਸੀਨਾ ਧੜਕਿਆ ਸੀ,
  ਜਦੋਂ ਡਿੱਠੀ ਸਰਹੰਦ ਦੀਵਾਰ ਜੋਗੀ।
  ਤੇਰੀ ਕਲਮ ਨੇ ਵੇਖ ਕੇ ਵੈਣ ਪਾਏ,
  ਫਿਰ ਤੂੰ ਲਿਖੇ ਸੀ ਸੋਚ ਵਿਚਾਰ ਜੋਗੀ।
  ਡੋਲੇ ਮੂਲ ਨਾ ਡਰੇ ਨਾ ਜਾਬਰਾਂ ਤੋਂ,
  ਜਿੰਦਾਂ ਧਰਮ ਤੋਂ ਗਏ ਜੋ ਵਾਰ ਜੋਗੀ।
  ਜਦ ਤੂੰ ਸੱਚ ਤੇ ਹੱਕ ਦੀ ਬਾਤ ਪਾਈ,
  ਤੈਨੂੰ ਕਾਫਰ ਗਰਦਾਨਿਆ ਮੋਮਨਾਂ ਨੇ।
  ਤੈਨੂੰ ਛੇਕ ਦਿੱਤਾ ਅਪਨੇ ਧਰਮ ਵਿੱਚੋਂ,
  ਮੰਦਾ ਸਮਝ ਦੀਵਾਨਿਆਂ ਮੋਮਨਾਂ ਨੇ।
  ਤੇਰੀ ਸੋਚ ਨਾ ਉਨ੍ਹਾਂ ਨੂੰ ਰਾਸ ਆਈ, 
  ਗਲਤ ਸਮਝ ਅਣਜਾਣਿਆਂ ਮੋਮਨਾਂ ਨੇ।
  ਪੰਥ ਖਾਲਸੇ ਨੇ ਸੀਨੇ ਨਾਲ ਲਾਇਆ ਸੀ,
  ਧਰਮ ਕਰਮ ਨਿਭਾਉਣਿਆਂ ਮੋਮਨਾਂ ਨੇ।
  ਨਿੱਕੀ ਉਮਰ ਸ਼ਹਾਦਤਾਂ ਵੱਡੀਆਂ ਸਨ,
  ਪੜ੍ਹ ਕੇ ਜਿਨ੍ਹਾਂ ਨੂੰ ਤੂੰ ਹੈਰਾਨ ਹੋਇਆ।
  ਖੁੱਭ ਕੇ ਸੋਚ ਅੰਦਰ ਕਲਮ ਫੜੀ ਐਸੀ,
  ਦਸਮ ਪਿਤਾ ਡਾਢਾ ਮਿਹਰਬਾਨ ਹੋਇਆ।
  ਇਵੇਂ ਜਾਪਦਾ ਹੈ ਜਦੋਂ ਇਹ ਕਹਿਰ ਹੋਇਆ,
  ਭਾਣਾ ਵਰਤਿਆ,ਜ਼ਿਮੀਂ ਅਸਮਾਨ ਰੋਇਆ।
  ਚਿਣੀ ਜਾ ਰਹੀ ਕੰਧ ਸਰਹੰਦ ਜਦ ਸੀ,
  ਹੱਕ, ਸੱਚ, ਇਨਸਾਫ ਦਾ ਘਾਣ ਹੋਇਆ।
  ਤੇਰੀ ਕਲਮ ਕੰਬੀ, ਨਾਲੇ ਰੂਹ ਤੜਫੀ,
  ਤੇਰੀ ਕਲਮ ਨੇ ਕੀਰਨੇ ਪਾਏ ਲੱਖਾਂ।
  ਨਾ ਉਹ ਡਰੇ ਨਾ ਜ਼ਰਾ ਘਬਰਾਏ ਯੋਧੇ,
  ਬੇਸ਼ੱਕ ਜ਼ਾਲਮਾਂ ਜ਼ੋਰ ਲਗਾਏ ਲੱਖਾਂ।
  ਜਿੰਦਾਂ ਨਿੱਕੀਆਂ,ਹੌਸਲੇ ਵਾਂਗ ਪਰਬਤ,
  ਜ਼ੁਲਮ ਜਾਬਰਾਂ ਉਨ੍ਹਾਂ ਤੇ ਢਾਏ ਲੱਖਾਂ।
  ਲਾਲ ਪਿਤਾ ਦਸ਼ਮੇਸ਼ ਦੇ ਰਹੇ ਸਾਬਤ,
  ਦਿੱਤੇ ਕਈ ਲਾਲਚ ਚੋਗੇ ਪਾਏ ਲੱਖਾਂ।
  ਤੇਰੀ ਕਲਮ ਦੇ ਹੁਨਰ ਤੋਂ ਜਾਂ ਸਦਕੇ,
  ਜੋ ਤੂੰ ਕਲਮ ਦੇ ਜੌਹਰ ਵਿਖਾਏ ਲੱਖਾਂ।
  ਕਦਰ ਹੀਰਿਆਂ ਦੀ ਹੁੰਦੀ ਜੌਹਰੀਆਂ ਨੂੰ,
  ਬੜੀ ਪਾਰਖੂ  ਦੀ ਤਿੱਖੀ ਅੱਖ ਹੁੰਦੀ।
  ਮੱਛੀ ਪੱਥਰ ਨੂੰ ਚੱਟ ਕੇ ਮੁੜੇ ਬੇਸ਼ੱਕ,
  ਐਪਰ ਪਾਣੀ ਤੂੰ ਕਦੇ ਨਹੀਂ ਵੱਖ ਹੁੰਦੀ।
  ਦੁਨੀਆ ਯਾਦ ਕਰਦੀ ਸੂਰੇ ਯੋਧਿਆਂ ਨੂੰ,
  ਐਪਰ ਕਾਇਰ ਦੀ ਕੀਮਤ ਨਹੀਂ ਕੱਖ ਹੁੰਦੀ।
  ਤੇਰੀ ਕਲਮ ਨੂੰ ਕਰਾਂ ਸਲਾਮ  ਜੋਗੀ,
  ਤਲਖ ਤਜੁਰਬੇ, ਪੜ੍ਹਾਂ ਪ੍ਰਤੱਖ ਹੁੰਦੀ।
  ਹੁਣ ਤੱਕ ਕਈ ਕਲਾਮ ਨੇ ਪੜ੍ਹੇ ਬੇਸ਼ਕ,
  ਤੇਰਾ ਲਿਖਣ ਤੇ ਕਹਿਣ ਦਾ ਢੰਗ ਵੱਖਰਾ।
  ਤੇਰੀ ਕਸਕ ਵੱਖਰੀ ਤੇਰੀ ਸੋਜ਼ ਵੱਖਰੀ,
  ਤੇਰੇ ਲਿਖਣ ਤੇ ਕਹਿਣ ਦਾ ਰੰਗ ਵੱਖਰਾ।
  ਤੇਰੇ ਅੱਖਰੀ ਕਾਫਿਲੇ ਤੁਰਨ ਵੱਖਰੇ,
  ਤੇਰੀ ਸੋਚ ਵਿਚਾਰਾਂ ਦਾ ਸੰਗ ਵੱਖਰਾ।
  ਤੇਰੀ ਰਮਜ਼,ਅਦਾ ਤੇ ਚੋਟ ਵੱਖਰੀ,
  ਮੈਨੂੰ ਜਾਪਿਆ ਸ਼ਾਇਰ ਮਲੰਗ ਵੱਖਰਾ।
  ਜਾਪੇ ਆਰਸੀ ਹੈ  ਬੂਹੇ ਬਾਰੀਆਂ ਹਨ,
  ਜਾਂ ਕੋਈ ਅਰਸ਼ ਹੈ ਨੂਰੀ ਸਿਤਾਰਿਆਂ ਦਾ।
  ਭਰਿਆਂ ਕਿਵੇਂ ਤੂੰ ਜੋਸ਼ ਤੇ ਹੋਸ਼ ਅੰਦਰ,
  ਅਜਬ ਰੰਗ ਸੀ ਜੰਗੀ ਨਜ਼ਾਰਿਆਂ ਦਾ।
  ਕਿਵੇਂ ਰਹੇ ਖੁਦਾ ਦੀ ਰਜ਼ਾ ਅੰਦਰ,
  ਲਿਖਿਆ ਮਰਸੀਆ ਰੱਬੀ ਪਿਆਰਿਆਂ ਦਾ।
  ਕਿਵੇਂ ਜੂਝਿਆ ਖਾਲਸਾ ਧਰਮ ਬਦਲੇ.
   ਹਾਲ ਦੱਸਿਆ ਗੁਰੂ ਦੁਲਾਰਿਆਂ  ਦਾ।
  ਪਹਿਲਾਂ ਲਿਖੀ ਸਰਹੰਦ ਦੀ  ਵਾਰਤਾ ਤੂੰ,
   ਲਾਲ ਗੁਰਾਂ ਦੇ  ਧਰਮ ਦੀ ਸ਼ਾਨ ਜਿਹੜੇ।  
  ਹੋਏ ਧਰਮ ਦੇ ਲਈ ਕੁਰਬਾਣ  ਜਿਹੜੇ।
  ਚਿਣੇ ਗਏ ਸਰਹੰਦ ਦੀ ਕੰਧ ਅੰਦਰ,
   ਮੰਨੀ ਈਨ ਨਾ, ਬੜੇ ਮਹਾਨ ਜਿਹੜੇ।
  ਹਾਕਮ ਵੇਖ ਕੇ ਜਦੋਂ ਹੈਰਾਨ ਹੋਏ ਜਿਹੜੇ।
  ਮੁਗਲ ਰਾਜ ਦੇ ਭਰੇ ਦਰਬਾਰ ਅੰਦਰ,
  ਡੋਲੇ ਡਰੇ ਨਾ,ਪਰਬਤ ਸਮਾਨ ਜਿਹੜੇ।
  ਜਦੋਂ ਗੜ੍ਹੀ ਚਮਕੌਰ ਦੀ ਗੱਲ ਛੇੜੀ, 
  ਲਿਖੀ ਜੰਗ, ਅਜੀਤ, ਜੁਝਾਰ ਦੀ ਤੂੰ,
  ਕਿਵੇਂ ਲਾਲ ਦੋਵੇਂ ਝੂਜੇ ਜੰਗ ਅੰਦਰ,
  ਬਿਜਲੀ ਵਾਂਗ ਸੀ ਚੱਲੀ ਤਲਵਾਰ ਦੀ ਤੂੰ।
  ਤੇਰੀ ਕਲਮ ਨੇ ਕਿਵੇਂ ਇਨਸਾਫ ਕੀਤਾ.
  ਕਿਵੇਂ ਧਰਮ ਦੇ ਯੁੱਧ ਲਲਕਾਰ ਦੀ ਤੂੰ।
  ਕਿਵੇ ਸਿਫਤ ਕੀਤੀ, ਦਿਲੋਂ ਖਾਲਸੇ ਦੀ.
  ਮੁਗਲ ਰਾਜ ਦਰਬਾਰ ਦੀ ਹਾਰ ਦੀ ਤੂੰ।
  ਤੇਰੀ ਸੋਚ ਉੱਚੀ, ਮੇਰੀ ਸੋਚ ਨੀਵੀਂ,
   ਕਰਦਾਂ ਤਨੋਂ ਤੇ ਮਨੋਂ  ਸਤਿਕਾਰ  ਜੋਗੀ।
  ਤੇਰੇ ਸ਼ੇਅਰ ਨੇ  ਵਾਂਗ ਮਸ਼ਾਲ ਬਲਦੇ,
   ਤੇਰੀ ਕਲਮ ਤੋਂ ਜਾਂਵਾਂ  ਬਲਿਹਾਰ  ਜੋਗੀ। 
  ਦੀਵਾ ਸੂਰਜ ਦੇ ਸਾਮ੍ਹਣੇ ਬਾਲੀਏ ਕਿਉਂ,  
  ਮੈਂ ਪੜ੍ਹ ਕੇ ਸੋਚਦਾਂ ਹਾਂ,  ਵਾਰੋ ਵਾਰ  ਜੋਗੀ।
  ਕਿੰਨਾ ਸਿੱਖੀ ਸਿਧਾਂਤਾਂ ਨੂੰ ਸਮਝਿਆ ਤੂੰ,
  ਤੇਰੀ ਸੋਚ ਦਾ ਨਾ ਪਾਰਾ ਵਾਰ ਜੋਗੀ।
    ਅੱਲਾ ਯਾਰ ਜੋਗੀ ਜੀ ਬਾਰੇ ਲਿਖਦਿਆਂ ਅਚਾਣਕ ਮੈਨੂੰ ਬਿਰਹੋਂ ਦੇ ਸੁਲਤਾਲ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਆ ਗਈ।ਜੋ ਮੇਰੇ ਜ਼ਿਲਾ ਗੁਰਦਾਸਪੁਰ ਦਾ  ਹੀ ਜੰਮ ਪਲ਼ ਸੀ।ਉਸ ਨੇ ਪੜ੍ਹਾਈ ਬੇਰਿੰਗ ਕਾਲੇਜ ਬਟਾਲਾ ਤੋਂ ਕੀਤੀ।ਉਸ ਨੇ ਮੇਰੇ ਨਾਲ ਹੀ 1958 ਵਿੱਚ ਪਟਵਾਰ ਪਾਸ ਕੀਤੀ।ਉਸ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਜੀ ਸਾਡੇ ਪਟਵਾਰ ਸਕੂਲ ਦੇ ਹੈਡ ਮਾਸਟਰ ਸਨ।ਉਨ੍ਹਾਂ ਨੇ ਕੁਝ ਕੁ ਮਹੀਨੇ  ਪਟਵਾਰ ਵੀ ਕੀਤੀ।ਉਨ੍ਹਾਂ ਦੇ ਵੱਡਾ ਭਰਾ ਸ੍ਰੀ ਦੁਆਰਕਾ ਦਾਸ ਵੀ ਮੇਰੇ ਨਾਲ ਹੀ ਪਟਵਾਰ ਦੀ ਨੌਕਰੀ ਕਰਦਾ ਸੀ। ਤਹਿਸੀਲ ਬਟਾਲੇ ਵਿੱਚ ਸ਼ਿਵ ਦਾ ਪਟਵਾਰ ਹਲਕਾ ਵੀ ਮੇਰੇ ਨਾਲ ਲਗਵਾਂ ਸੀ।ਪਰ ਇਹ ਪਟਵਾਰ ਦੀ ਨੌਕਰੀ ਇਸ ਆਜ਼ਾਦ ਤਬੀਅਤ ਸ਼ਾਇਰ ਨੂੰ ਕਿੱਥੋਂ ਰਾਸ ਆਉਣੀ ਸੀ। ਪਰ ਉਸ ਦੀ ਸ਼ਾਇਰੀ ਦੀ ਲਗਨ ਉਸ ਦੇ ਨਾਲ ਹੀ ਨਿਭ ਗਈ।ਉਦੋਂ ਸਵ, ਸ. ਪਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ।ਇਸ ਸਮਾ ਸਟੇਜੀ ਕਵੀਆਂ ਦਾ ਸੀ।ਉਦੋਂ ਸ਼ਿਵ ਕੁਮਾਰ ਅਜੇ ਪੁੰਗਰਦਾ ਸ਼ਾਇਰ ਸੀ।ਬਟਾਲਾ ਪੰਜਾਬੀ ਕਵੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਮਰਹੂਮ ਬਰਕਤ ਰਾਮ ਯਮਨ,ਦੀਵਾਨ ਸਿੰਘ ਮਹਿਰਮ,ਗੋਪਾਲ ਦਾਸ ਗੋਪਾਲ ਜੋ ਨੇਤ੍ਰ ਹੀਣ ਸਨ। ਹਾਸ ਰੱਸ ਦੇ ਮੰਨੇ ਪ੍ਰਮੰਨੇ ਕਵੀ ਸਨ।ਜਸਵੰਤ ਸਿੰਘ ਰਾਹੀ, ਬਲਵੰਤ ਸਿੰਘ ਜੋਸ਼, ਜਿਨ੍ਹਾਂ ਦੇ ਨਾਵਾਂ ਦੀ ਲੜੀ  ਬਹੁਤ ਲੰਮੀ ਹੈ।ਬਟਾਲਾ ਵਿਖੇ ਛੋਟੇ ਵੱਡੇ ਕਵੀ ਦਰਬਾਰ ਤਾਂ ਆਮ ਹੋਇਆ ਕਰਦੇ ਸਨ ਪਰ ਬਾਬੇ ਨਾਨਕ ਦੇ ਵਿਆਹ ਪੁਰਬ ਤੇ ਬੜੀਆਂ ਰੌਣਕਾਂ ਦੇ ਨਾਲ ਦਸਹਿਰਾ ਗ੍ਰਾਉਂਡ ਵਿੱਚ ਹਰ ਸਾਲ ਕਵੀ ਦਰਬਾਰ ਵੀ ਸਜਾਇਆ ਜਾਂਦਾ ਸੀ ਇਕ ਵੇਰਾਂ ਸਾਲ 1960 ਦੇ ਨੇੜੇ ਤੇੜੇ ਮੈਨੂੰ ਇਹ ਕਵੀ ਦਰਬਾਰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ।ਜਦੋਂ ਮੈਂ ਸ਼ਿਵ ਬਟਾਲਵੀ ਨੂੰ ਸੁਣਿਆ।
   ਇਹ ਗੀਤ ਜਦੋਂ ਗੁਰੂ ਨਾਨਕ ਜੀ ਜਦ ਕਾਫੀ ਦਿਨਾਂ ਤੋਂ ਵੇਈਂ ਨਦੀ ਤੋਂ ਇਸ਼ਨਾਨ ਕਰਕੇ ਵਾਪਸ ਨਹੀਂ ਪਰਤੇ ਬੇਬੇ ਨਾਨਕੀ ਦੀਆਂ ਗੁਆਂਢਣਾਂ ਜਦੋਂ  ਬੇਬੇ ਨਾਨਕੀ ਨੂੰ ਕਹਿੰਦੀਆਂ ਹਨ ਕਿ ਭੈਣ ਨਾਨਕੀ ਤੇਰਾ ਵੀਰ ਵੇਈਂ ਤੇ ਜਾ ਕੇ ਘਰ ਵਾਪਸ ਨਹੀਂ ਮੁੜਿਆ ਕਿਤੇ ਉਹ ਵੇਈਂ ਵਿੱਚ ਡੁਬ ਹੀ ਨਾ ਗਿਆ ਹੋਵੇ ਤਾਂ ਇਸ ਦੇ ਉੱਤਰ ਵਜੋਂ ਤਿਆਰ ਕੀਤਾ ਗੀਤ ਸਟੇਜ ਤੇ ਗਾਇਆ  ਜਿਸ ਦੇ ਬੋਲ ਹਨ,” ਸਈਓ ਨੀ ਉਹ ਡੁੱਬ ਨਹੀਂ ਸਕਦਾ,ਉਹ ਤਾਂ ਜਗਤਾ ਤਰਾਵਣ ਹਾਰਾ” ਤਾਂ ਸ੍ਰੋਤਿਆਂ ਦੀਆਂ ਅੱਖਾਂ ਹੰਜੂਆਂ ਨਾਲ ਤਰ ਹੋ ਗਈਆਂ।
   ਇਕ ਵੇਰ ਸ਼ਿੜ ਬਟਾਲਵੀ ਦੇ ਕਿਸੇ ਮਿੱਤਰ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੁਹਣ ਲਿਖਦਾ ਹੈਂ ਕੁਝ ਗੁਰੂ ਗੋਬਿੰਦ ਸੀੰਘ ਜੀ ਬਾਰੇ ਵੀ ਲਿਖ।ਸ਼ਿਵ ਬਟਾਲਵੀ ਨੇ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਮੈਂ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖ ਸਕਾਂ ਪਰ ਇੱਕ ਆਰਤੀ ਜ਼ਰੂਰ ਲਿਖੀ ਹੈ। ਜੋ ਇਸ ਤਰ੍ਹਾਂ ਹੈ।
  ਮੈਂ ਕਿਸ ਹੰਝੂਆਂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਂਵਾਂ।
  ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਂਵਾਂ। 
  ਜੋ ਤੈਨੂੰ ਕਰਨ ਭੇਟਾ ਤੇਰੇ ਦੁਆਰ ਤੇ ਆਂਵਾਂ।
  ਮੇਰਾ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ
  ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ।
  ਜੋ ਆਪਣੇ ਸੋਹਲ ਬੱਚੇ ਨੀਹਾਂ ਵਿੱਚ ਚਿਣਾ ਆਵੇ।
  ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ।
  ਜੋ ਲੁੱਟ ਜਾਵੇ ਤੇ ਯਾਰੜੇ ਦੇ ਸੱਥਰੀਂ ਗਾਵੇ।
  ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ। 
  ਮੈਂ ਕਿੰਝ ਤਲਵਾਰ ਦੀ ਗਾਨੀ,ਅੱਜ ਅਪਨੇ ਗੀਤ ਗਲ਼ ਪਾਵਾਂ।
  ਮੇਰਾ ਹਰ ਗੀਤ ਬੁਜ਼ਦਿਲ ਹੈ,ਮੈਂ ਕਿਹੜਾ ਗੀਤ ਲੈ ਅੱਜ ਆਂਵਾਂ।
  ਮੈਂ ਕਿਹੜੇ ਗੀਤ ਦੀ ਭੇਟਾ ਲੈ ਕੇ ਤੇਰੇ ਦੁਆਰ ਤੇ ਆਂਵਾਂ।
  ਮੇਰੇ ਗੀਤਾਂ ਦੀ ਮਹਿਫਲ਼ ਵਿੱਚ ਕੋਈ ਉਹ ਗੀਤ ਨਹੀਂ ਲਭਦਾ,
  ਜੋ ਤੇਰੇ ਸੀਸ ਮੰਗਣ ਤੇ ਤੇਰੇ ਦਰ ਤੇ ਖੜਾ ਹੋਵੇ,
  ਜੋ ਮੈਲੇ ਹੋ ਚੁਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ।
  ਉਹ ਜਿਸ ਦੀ ਮੌਤ ਦੇ ਪੱਛੋਂ ਕੋਈ ਸ਼ਬਦ ਨਾ ਹੋਵੇ,ਕਿ
  ਜਿਸ ਨੂੰ ਪੀੜ ਤਾਂ ਕੀ ਪੀੜ ਦਾ ਅਹਿਸਾਸ ਨਾ ਹੋਵੇ।
  ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੈ ਆਂਵਾਂ,
  ਮੈਂ ਤੇਰੀ ਉਸਤਤ ਦੇ ਗੀਤ ਗਾਉਂਦਾ ਹਾਂ,ਕਿ ਉਹ ਹੋਵੇ
  ਜਿਹਦੇ ਹੱਥ ਵਿੱਚ ਸੱਚ ਦੀ ਤਲਵਾਰ ਹੋਵੇ,ਨੈਣਾਂ ਵਿੱਚ ਰੋਹ ਹੋਵੇ,
  ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ।
  ਜਿਹਦੇ ਵਿੱਚ ਲਹੂ ਤੇਰੇ ਦੀ ਰਲ਼ੀ ਲਾਲੀ, ਤੇ ਲੋਅ ਹੋਵੇ।
  ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਂਵਾਂ,
  ਮੈਂ ਬੁਜ਼ਦਿਲ, ਕਿਸਤਰਾਂ ਗੀਤ ਲੈਕੇ ਤੇਰੇ ਦੁਆਰ ਤੇ ਆਂਵਾਂ।
  ਮੈਂ ਚਾਹੁੰਦਾ ਕਿ ਇਸ ਤੋਂ ਪਹਿਲਾਂ ਤੇਰੀ ਆਰਤੀ ਗਾਵਾਂ,
  ਮੈਂ ਮੈਲ਼ੇ ਸ਼ਬਦ ਧੋ ਕੇ,ਜੀਭ ਦੀ ਕਿੱਲੀ ਤੇ ਪਾ ਆਵਾਂ।
  ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ।
  ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ।
  ਮੈਂ ਲੋਹਾ ਪੀਣ ਦੀ ਆਦਤ, ਜ਼ਰਾ ਗੀਤਾਂ ਨੂੰ ਪਾ ਆਵਾਂ।
  ਮੈਂ ਸ਼ਾਇਦ ਫਿਰ ਭੇਟਾ ਕਰਨ ਯੋਗ ਕੁਝ ਹੋ ਜਾਂਵਾਂ,
  ਮੈਂ ਬੁਜ਼ਦਿਲ ਗੀਤ ਲੈ ਕੇ ਕਿਸਤਰਾਂ ਤੇਰੇ ਦੁਆਰ ਤੇ ਆਵਾਂ।
  ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਆਵਾਂ।
  ਮੇਰਾ ਹਰ ਗੀਤ ਅੱਜ ਬੁਜ਼ਦਿਲ ਹੈ,ਮੈਂ  ਕਿਹੜਾ ਗੀਤ ਅੱਜ ਗਾਵਾਂ।
  ਮਾਲਵੇ ਦੀ ਧਰਤੀ ਦਾ ਜੰਮ ਪਲ਼ ਸਵ. ਸੰਤ ਰਾਮ ਉਦਾਸੀ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਦਾ ਲੋਕ ਕਵੀ ਹੋ ਨਿਬੜਿਆ।ਉਸ ਪਾਸ ਆਪਣੇ ਲਿਖੇ ਗੀਤਾਂ ਨੂੰ ਲੋਕਾਂ ਦੇ ਦਿਲਾਂ ਤੀਕ ਪਹੁੰਚਣ ਲਈ ਇਕ ਗਰਜਵੀਂ ਅਤੇ ਦਿਲ ਚੀਰਵੀਂ ਆਵਾਜ਼ ਸੀ। ਬੜੀ ਦੌੜ ਭੱਜ ਕਰਕੇ ਉਸ ਦੀ ਲਿਖੀ ਇਕ ਕਵਿਤਾ “ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦਾ ਜੇਰਾ”  ਦੇ ਨਾਲ ਮੈਂ ਇਸ ਲੋਕ ਕਵੀ ਨੂੰ ਸ਼੍ਰਧਾਂਜਲੀ ਦੇਂਦਾ ਹੋਇਆ  ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ।
  ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦਾ ਜੇਰਾ
  ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
  ਕਿਵੇਂ ਤਰਨਗੇ  ਜੁਝਾਰ ਅਜੀਤ ਤੇਰੇ।
  ਟੁੱਭੀ ਮਾਰ ਕੇ ਸਰਸਾ ਦੇ ਰੋੜ੍ਹ ਅੰਦਰ,
  ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ।
  ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
  ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ,
  ਝੋਰਾ ਕਰੀਂ ਨਾ ਕਿਲੇ ਅਨੰਦ ਪੁਰ ਦਾ,
  ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
  ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
  ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣਕੇ,
  ਜਿਨ੍ਹਾਂ ਸੂਲ਼ਾਂ ਨੇ ਦਿੱਤਾ ਨਾ ਸੌਣ ਤੈਨੂੰ,
  ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
  ਬਾਪੂ!ਸੱਚੇ ਇੱਕ ਕੌਮੀ ਸਰਦਾਰ ਤਾਈਂ,
  ਪੀਰ ਉੱਚ ਦਾ ਵੀ ਬਣਨਾ ਪੈ ਸਕਦੈ,
  ਖੂਨ ਜਿਗਰ ਦੇ ਨਾਲ ਤਾਂ ਜ਼ਫਰ ਨਾਮਾ,
  ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ।
  (ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
  ਅਜੇ ਤਕ ਉਹ ਸਾਡੇ ਹਥਿਆਰ ਜੀਉਂਦੇ,
  ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ,
  ਸਿੰਘ ਅਜੇ ਵੀ ਲੱਖ ਹਜ਼ਾਰ ਜੀਉਂਦੇ।
  ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ,
  ਜੇਕਰ ਅੱਗ ਤੇ ਚੜ੍ਹੇ ਤਾਂ ਚੜ੍ਹਨ ਦੇਵੀਂ,
  ਸਾਡੀ ਮੜ੍ਹੀ ਦੇ ਉੱਗੇ ਹੋਏ ਘਾਅ ਅੰਦਰ,
  ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ।
  ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ,
  ਅਸੀਂ ਇਹੋ ਜਿਹੀ ਜ਼ਹਿਰ ਨਹੀਂ ਪੀ ਸਕਦੇ,
  ਨੱਕ ਮਾਰ ਕੇ ਡੰਗਰ ਵੀ ਜੀਉਣ ਜਿਸ ਨੂੰ,
  ਅਸੀਂ ਜੂਣ ਅਜਿਹੀ ਨਹੀਂ ਜੀ ਸਕਦੇ।

  ਧਨੀ ਰਾਮ ਚਾਤ੍ਰਿਕ

       (1876-1954)
  ਆਪ ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਪੱਸੀਆਂ ਵਾਲਾ ਜ਼ਿਲਾ ਸਿਆਲ ਕੋਟ ਵਿੱਚ ਸੰਨ 1876 ਵਿੱਚ  ਹੋਇਆ।ਉਨ੍ਹਾਂ ਦੀਆਂ ਵੱਖ ਵੱਖ ਵਿਸ਼ਿਆਂ ਤੇ ਲਿਖੀਆਂ ਪੰਜਾਬੀ ਕਵਿਤਾਂਵਾਂ ਵਿੱਚੋਂ ਇਹ ਕਵਿਤਾ ਲੈ ਕੇ ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ। 
  ਅ ਦਿਲਾ ਤੇਰੀ ਉਜਾੜ ਨੂੰ ਬਸਤੀ ਬਣਾ ਦਿਆਂ।
  ਪੱਤ ਝੜ ਨੂੰ ਅੱਜ ਬਹਾਰ ਦੀ ਰੰਗਤ ਚੜ੍ਹਾ ਦਿਆਂ।
  ਕਲੀਆਂ ਖਿੜਾ ਕੇ ਬੁਲਬੁਲ ਨੂੰ ਜਾਨ ਪਾ ਦਿਆਂ।
  ਪੰਖੇਰੂਆਂ ਨੂੰ ਪ੍ਰੇਮ ਸੰਦੇਸ਼ਾ ਸੁਣਾ ਦਿਆਂ।
  ਜਿਸ ਨੂੰ ਸੀ ਤਰਸਦੀ ਸੀ ਲੁਕਾਈ ਉਹ ਆ ਗਿਆ।
  ਕਹਿ ਦੇ ਵਜੰਤਰੀ ਨੂੰ ਜ਼ਰਾ ਛੇੜ ਦਿਲ ਰੁਬਾ,
  ਰਗ ਰਗ ਮਿਲਾ ਕੇ ਸੁਰਾਂ ਇਸ ਤਰ੍ਹਾਂ ਮਿਲਾ।
  ਨਿਕਲੇ ਆਵਾਜ਼ ਗੂੰਜ ਕੇ ਸ਼ਾਬਾਸ਼ ਮਰਹਬਾ।
  ਲੂੰ ਲੂੰ ਕੇ ਗਾਏ ਉਹ ਸਤਿਗੁਰ ਦਾ ਸ਼ੁਕਰੀਆ,
  ਜੋ ਪਿਆਰ ਤੇ ਉਪਕਾਰ ਦੀ ਸਰਗਮ ਸਿਖਾ ਗਿਆ।
  ਮੀਰਾਂ ਦਾ ਮੀਰ ਕਲਗੀਧਰ ਪੀਰਾਂ ਦਾ ਉੱਚ ਪੀਰ,
  ਜ਼ੁਲਮਾਂ ਦਾ ਘਟਾ ਟੋਪ ਕਰਨ ਵਾਲਾ ਲੀਰੋ ਲੀਰ,
  ਹਾਮੀ ਸਚਾਈਆਂ ਦਾ,ਗਰੀਬਾਂ ਦਾ ਦਸਤ ਗੀਰ,
  ਜਿਸ ਪਹਿਰੂਏ ਨੇ ਸੌਂ ਗਈ ਕਿਸਮਤ ਜਗਾਈ ਸੀ,
  ਜਿਸ ਆਤਮਾ ਨੇ ਮੁਰਦਿਆਂ ਵਿੱਚ ਜਾਨ ਪਾਈ ਸੀ।
  ਜੋ ਗੀਦੀਆਂ ਨੂੰ ਸ਼ੇਰ ਦਾ ਜਾਮਾ ਪੁਆ ਗਿਆ।
  ਜਿਸ ਹਿੰਦ ਨੂੰ ਬਚਾ ਲਿਆ ਸਰਬੰਸ ਆਪਣਾ ਗਾਲ਼,
  ਕੰਧਾਂ ਦੇ ਵਿੱਚ ਚਿਣਾ ਲਏ ਦੋ ਛੋਟੇ ਛੋਟੇ ਲਾਲ,
  ਹੱਥੀਂ ਕੁਹਾ ਕੇ ਲਾਡਲੇ ਕੀਤਾ ਨਾ ਮਲਾਲ।
  ਭਾਰਤ ਨੂੰ ਸਿੰਜ ਸਿੰਜ ਕੇ ਆਪਣੇ ਲਹੂ ਦੇ ਨਾਲ।
  ਕੱਲਰ ਦੇ ਵਿੱਚ ਧਰਮ ਬਗੀਚਾ ਉਗਾ ਗਿਆ।
  ਆ ਉਸ ਗੁਰੂ ਦੇ ਜਨਮ ਦਾ ਮੰਗਲ ਮਨਾਵੀਏ,
  ਉਪਕਾਰ ਕਰਕੇ ਯਾਦ ਧਨਵਾਦ ਗਾਵੀਏ।
  ਦੁਨੀਆ ਤੇ ਉਸ ਦੇ ਜਸ ਦਾ ਢੰਡੋਰਾ ਫਿਰਾਵੀਏ।
  ਪੈਗਾਮ ਉਸ ਦੇ ਮਿਸ਼ਨ ਦਾ ਘਰ ਘਰ ਪਚਾਵੀਏ।
  ਅੰਮ੍ਰਿਤ ਉਹ ਵੰਡੀਏ ਜੋ ਅਸਾਂ ਨੂੰ ਛਕਾ ਗਿਆ।

  ਨੰਦ ਲਾਲ ਨੂਰ ਪੁਰੀ

  (1906-1966)
  ਆਪ ਦਾ ਜਨਮ 1906 ਈਸਵੀ ਵਿੱਚ ਅਣ ਵੰਡੇ ਪੰਜਾਬ ਦੇ ਪਿੰਡ ਨੂਰ ਪੁਰ ਜ਼ਿਲਾ ਲਾਇਲ ਪੁਰ  ਵਿੱਚ ਹੋਇਆ,ਦੇਸ਼ ਦੀ ਵੰਡ ਤੋਂ ਵੰਡ ਤੋਂ ਬਾਅਦ ਉਹ ਜਲੰਧਰ ਵਿੱਚ ਆ ਗਏ। ਉਹ ਇਹ ਵਧੀਆ  ਪੰਜਾਬੀ ਦੇ ਕਵੀ ਅਤਕ ਅਤੇ ਗੀਤਕਾਰ ਸਨ।ਆਪ ਦਾ ਲਿਖਿਆ ਹੋਇਆ ਗੀਤ,  “ਚੁੰਮ ਚੁੰਮ ਰੱਖੋ ਨੀ ਇਹ ਕਲਗ਼ੀ ਜੁਝਾਰ ਦੀ”,  ਪ੍ਰਸਿਧ ਗਾਇਕਾ ਮਰਹੂਮ ਨਰਿੰਦਰ ਬੀਬਾ ਦਾ ਗਾਇਆ ਹੋਇਆ ਬਹੁਤ ਹੀ ਮਕਬੂਲ ਹੋਇਆ।ਜੋ ਨੂਰ ਪੁਰੀ ਦੀ ਪਛਾਣ ਹੀ ਬਣ ਗਿਆ ਜੋ ਹੇਠ ਦਿੱਤਾ ਜਾਂਦਾ ਹੈ।
   ਗੀਤ
  ਚੁੰਮ ਚੁੰਮ ਰੱਖੋ ਨੀਂ ਇਹ ਕਲਗ਼ੀ ਜੁਝਾਰ ਦੀ,
  ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ।
  ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ,
  ਚੰਨਾਂ ਦਿਆਂ ਚੁਹਰਿਆਂ ਚੋਂ ਚੰਨ ਮੁਸਕਾਣ ਗੇ।
  ਵੇਹੜੇ ਵਿਚ ਠਾਠਾਂ ਮਾਰੂ ਖੁਸ਼ੀ ਸੰਸਾਰ ਦੀ,
  ਚੁੰਮ ਚੁੰਮ ਰੱਖੋ ਨੀਂ ਇਹ ਕਲਗ਼ੀ ਜੁਝਾਰ ਦੀ[
  ਕੂਲ਼ੇ ਕੂਲ਼ੇ ਹੱਥ ਕਿਰਪਾਨਾਂ ਵਿੱਚ ਗੋਰੀਆਂ,
  ਕੱਲ ਨੇ ਸਵੇਰੇ ਦੀਆਂ  ਜੋੜੀਆਂ ਮੈਂ ਤੋਰੀਆਂ,
  ਜਿਨਾਂ ਦਾ ਵਿਛੋੜਾਂ ਸੀ ਮੈਂ ਪਲ਼ ਨਾ ਸਹਾਰਦੀ,
  ਚੁੰਮ ਚੁੰਮ ਰੱਲ਼ੋਖੋ ਨੀ ਇਹ ਕਲਗ਼ੀ ਜੁਝਾਰ ਦੀ।
  ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ,
  ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ।
  ਲਹੂ ਵਿੱਚ ਭਿੱਜੀ ਘੋੜੀ ਵੇਖੀ ਭੁੱਭਾਂ ਮਾਰਦੀ।
  ਚੁੰਮ ਚੁੰਮ ਰੱਖੋ ਨੀ ਇਹ ਕਲਗ਼ੀ ਜੁਝਾਰ ਦੀ।
  ਲੱਗੇ ਹੋਏ ਕਾਠੀ ਉਤੇ ਖੂਨ ਨੇ ਇਹ ਦੱਸਿਆ,
  ਮਾਏ ਤੇਰਾ ਜੋੜਾ ਦਾਦੇ ਕੋਲ ਜਾ ਹੈ ਵੱਸਿਆ।
  ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ,
  ਚੁੰਮ ਚੁੰਮ ਰੱਖੋ ਨੀ ਇਹ ਕਲਗ਼ੀ ਜੁਝਾਰ ਦੀ,
  ਫੁੱਲਾਂ ਨਾਲ ਲੜੀ ਗੁੰਦੋ ਹੀਰਿਆਂ ਦੇ ਹਾਰ ਦੀ।