ਖਾਨਦਾਨੀ (ਮਿੰਨੀ ਕਹਾਣੀ)

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਨਜੀਤ ਸਿੰਘ ਦਾ ਮੁੰਡਾ ਕੋਈ ਪੱਚੀ ਕੁ ਸਾਲ ਦਾ ਹੋ ਗਿਆ ਸੀ। ਮੁੰਡੇ ਨੇ ਬਾਪ ਦੀ ਖੇਤੀ ਦਾ ਸਾਰਾ ਕੰਮ ਆਪਣੇ ਹੱਥੀਂ  ਲੈ ਲਿਆ ਸੀ। ਮਨਜੀਤ ਮੁੰਡੇ ਨੂੰ ਪੜ੍ਹਾ ਲਿਖਾ ਕੇ ਚੰਗੀ ਨੌਕਰੀ ਤੇ ਲਾਉਣਾ ਚਹੁੰਦਾ ਸੀ। ਪਰ ਮੁੰਡੇ ਦਾ ਸ਼ੌਕ ਖੇਤੀ ਵੱਲ ਸੀ ਇਸੇ ਕਰਕੇ ਉਹ ਪੜ੍ਹ ਨਹੀਂ ਸੀ ਸਕਿਆ। ਹੁਣ ਉਹਦੇ ਮਾਂ ਬਾਪ ਮੁੰਡੇ ਦਾ ਛੇਤੀ ਵਿਆਹ ਕਰਕੇ ਸੁਰਖਰੂ ਹੋਣਾ ਚਹੁੰਦੇ ਸੀ। ਪਰ ਉਹਨਾਂ ਦੇ ਕੋਈ ਕੁੜੀ ਪਸੰਦ ਨਹੀਂ ਸੀ ਆ ਰਹੀ ਅੱਜ ਫਿਰ ਵਿਚੋਲੇ ਨੇ ਉਸ ਨੂੰ ਚੰਗੇ ਖਾਨ ਦਾਨ ਦੀ ਕੁੜੀ ਦੀ ਦੱਸ ਪਾਈ। ਜਿਸ ਦੇ ਮਾਂ ਬਾਪ ਬਹੁਤ ਅਮੀਰ ਸੀ ਚੰਗਾ ਦਾਜ ਦਹੇਜ ਦੇਣ ਦੀ ਗੱਲ ਵੀ ਕਹਿ ਰਿਹਾ ਸੀ ਵਿਚੋਲਾ।
ਮਨਜੀਤ ਨੇ ਕਿਹਾ,"ਮੈਨੂੰ ਦਾਜ ਦਹੇਜ ਦੀ ਕੋਈ ਲੋੜ ਨਹੀਂ ਮੈਨੂੰ ਤਾਂ ਉਹ ਕੁੜੀ ਚਾਹੀਦੀ ਹੈ ਜੋ ਸਾਡੀ ਬਢਾਪੇ  ਵਿੱਚ ਸੇਵਾ ਕਰੇ।"
ਵਿਚੋਲਾ,"ਮਨਜੀਤ ਸਿਉਂ, ਕੁੜੀ ਬਹੁਤ ਸਾਊ ਐ ਮੈਨੂੰ ਪੂਰਾ ਵਿਸ਼ਵਾਸ਼ ਐ ਬਾਈ ਉਹ ਕੁੜੀ ਤੁਹਾਡੀ ਬਹੁਤ ਸੇਵਾ ਕਰੇਗੀ।"
ਨੈਬ ਸਿਉਂ,"ਗੱਲ ਇਹ ਐ ਮੈਂ ਚਹੁੰਦਾ ਆ ਬਈ ਮੈਂ ਪਹਿਲਾਂ ਕੁੜੀ ਵਾਲਿਆ ਦੇ ਘਰ ਜਾ ਕੇ ਆਂਵਾਂ  ਨਾਲੇ ਬਹਾਨੇ ਨਾਲ ਕੁੜੀ ਦੇਖਲਾਂਗੇ ਜੇ ਮੈਨੂੰ ਜਚ ਗਿਆ ਤਾਂ ਅੱਗੇ ਗੱਲ ਤੌਰ ਲਵਾਂਗੇ ਜੇ ਨਾ ਚੰਗਾ ਲੱਗਾ ਤਾਂ ਜਵਾਬ ਦੇ ਦੇਵਾਗੇ ਪਰ ਆਪਾਂ ਕਿਸ ਦਿਨ ਉਹਨਾਂ ਦੇ ਘਰ ਜਾ ਰਹੇ ਹਾਂ ਇਹ ਕੁੜੀ ਵਾਲਿਆਂ ਨੂੰ ਪਤਾ ਨਾ ਲੱਗੇ।"
ਵਿਚੋਲਾ,"ਇਹ ਕਿਹੜੀ ਗੱਲ ਐ ਬਾਈ ਆਪਾ ਕੱਲ ਹੀ ਜਾ ਆਂਵਾਂਗੇ।"
ਮਨਜੀਤ,"ਚੰਗਾ ਬਾਈ ਠੀਕ ਐ ਫਿਰ ਚੱਲਦੇ ਆ ਕੱਲ੍ਹ।"
ਅਗਲੇ ਦਿਨ ਮਨਜੀਤ ਸਿੰਘ ਤੇ ਵਿਚੋਲਾ ਕੁੜੀ ਵਾਲਿਆਂ  ਦੇ ਘਰ ਜਾ ਵੜਦੇ ਹਨ। ਵਿਚੋਲਾ ਕੁੜੀ ਕੀ ਕੋਠੀ ਦੀ ਸ਼ੇਖੀ ਮਾਰਦਾ ਐ। ਘਰੇ ਖੜ੍ਹੇ ਟਰੈਕਟਰ ਦੀ ਗੱਲ ਕਰਦਾ ਐ। ਕੁੜੀ ਦਿਖਾਉਦਾ ਹੈ ਜੋ ਰੱਜ ਕੇ ਸੋਹਣੀ ਹੁੰਦੀ ਐ। ਚਾਹ ਪਾਣੀ ਪੀਣ ਬਾਅਦ ਵਾਪਸ ਆਉਣ ਸਮੇਂ ਵਿਚੋਲਾ ਮਨਜੀਤ ਸਿੰਘ ਨੂੰ ਪੁੱਛਦਾ ਐ,"ਕਿਉ ਬਾਈ ਕਿਵੇ ਐ ਹੈ ਨਾ ਸਿਰਾ ਹਰ ਪਾਸੇ ਤੋਂ ਕੋਠੀ ਵੀ ਸਿਰਾ ਜੱਟ ਦਾ ਨਾਂ ਚੱਲਦਾ ਪੂਰੇ ਇਲਾਕੇ ਵਿੱਚ ਮੰਤਰੀ ਸਾਹਿਬ ਨਾਲ ਸਿੱਧੀ ਗੱਲ ਐ ਇਹਦੀ ਤੂੰ ਦੱਸ ਕਦੋਂ ਆਉਣ ਇਹ ਆਪਣਾ ਮੁੰਡਾ ਦੇਖਣ।"
ਮਨਜੀਤ ਸਿੰਘ ਨੂੰ ਤੂੜੀ ਵਾਲੇ ਕੋਠੇ ਪਿਆ ਉਹਨਾਂ ਦਾ ਬਾਪ ਚੇਤੇ ਆਉਂਦਾ ਐ। ਉਸ ਨੂੰ ਇਸ ਤਰ੍ਹਾਂ ਲੱਗਦਾ ਹੈ। ਜਿਵੇਂ ਉਹ ਵੀ ਉਸੇ ਤਰ੍ਹਾਂ ਤੂੜੀ ਵਾਲੇ ਕੋਠੇ ਪਿਆ ਪਾਣੀ ਪਾਣੀ ਕਰ ਰਿਹਾ ਹੁੰਦਾ ਹੈ ।
ਵਿਚੋਲਾ ਮਨਜੀਤ ਨੂੰ ਹਲੂਣ ਕੇ,''ਕਿਹੜੀਆ ਸੋਚਾ ਵਿੱਚ ਡੁੱਬ ਗਿਆ ਘਰ ਭਰ ਦੇਣਗੇ ਤੇਰਾ ਅਗਲੇ ਕੱਲ ਆਉਣ ਲਈ ਕਹਿ ਦਿਆਂ।"
ਨੈਬ ਸਿਉਂ,"ਮੇਰਾ ਜਵਾਬ ਐ ਕਹਿੰਦੇ ਨੇ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤ ਨਹੀਂ ਤਾਂ ਥੋੜਾ ਥੋੜਾ। ਮੈਨੂੰ ਤਾਂ ਗਰੀਬ ਘਰਦੀ ਕੁੜੀ ਦਾ ਸਾਕ ਕਰਵਾਦੇ ਮੇਰੇ ਘਰ ਰੱਬ ਦਾ ਦਿੱਤਾ ਬਹੁਤ ਕੁਝ ਐ। ਮੈਂ ਡੱਕਾ ਨਹੀਂ ਲੈਂਦਾ ਇਹਦੇ ਮਾਂ ਪਿਓ ਨੇ ਆਪਣਾ ਪਿਓ ਤੂੜੀ ਵਾਲੇ ਕੋਠੇ ਵਿੱਚ ਸੁੱਟ ਰੱਖਿਆ ਉਵੇ ਇਹ ਸਾਨੂੰ ਸੁੱਟ ਦੇਉ ਦੋਵਾਂ ਜੀਆਂ ਨੂੰ।"