ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ
        (ਲੇਖ )
    
    
    
	
 
ਪੰਜਾਬੀ ਸਾਹਿਤਕ ਜਗਤ ਨੂੰ ਨਾ ਸਹਿਣ ਵਾਲਾ ਘਾਟਾ ਪਿਆ ਹੈ ਕਿਉਂਕਿ ਪੰਜਾਬੀ ਸਾਹਿਤ ਦੇ ਦੋ ਉੱਚ ਦੁਮਾਲੜੇ ਬੁਰਜਾਂ ਦਾ ਸੂਰਜ ਅਸਤ ਹੋ ਗਿਆ ਹੈ। ਜਿਹਨਾਂ ਨੂੰ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਰਹੇਗਾ। ਪੰਜਾਬੀ ਨਾਵਲਕਾਰਾ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਕਿਸੇ ਵੀ ਜਾਣਕਾਰੀ ਦੇ ਮੁਥਾਜ ਨਹੀਂ ਸਨ। ਉਹਨਾਂ ਦੀ ਲਿਖਤਾਂ ਹੀ ਉਹਨਾਂ ਦੀ ਜਾਣ ਪਹਿਚਾਣ ਹੈ। ਕਿਉਂਕਿ ਇਹਨਾਂ ਦੋਵਾਂ ਹੀ ਸਖਸ਼ੀਅਤਾਂ ਨੇ ਸਾਰੀ ਉਮਰ ਪੰਜਾਬੀ ਸਾਹਿਤ ਦੀ ਰਚਨਾ ਕਰਦਿਆਂ ਲੰਘਾਈ ਹੈ। ਸੋ ਇਸ ਲੇਖ ਵਿੱਚ ਗੱਲ ਕਰਦੇ ਹਾਂ ਸਿਰਮੌਰ ਲੇਖਿਕਾ ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ।
             ਦਲੀਪ ਕੌਰ ਟਿਵਾਣਾ ਦਾ ਜਨਮ ਲੁਧਿਆਣਾ ਜ਼ਿਲੇ ਦੇ ਪਿੰਡ ਰੱਬੋਂ ਉੱਚੀ ਵਿਖੇ ਪਿਤਾ ਕਾਕਾ ਸਿੰਘ ਤੇ ਮਾਂ ਚੰਦ ਕੌਰ ਦੇ ਘਰ ਹੋਇਆ। ਪਰ ਦਲੀਪ ਕੌਰ ਦਾ ਪਾਲਣ ਪੋਸ਼ਣ ਤੇ ਪੜਾਈ ਉਸਦੇ ਭੂਆ ਫੁੱਫੜ ਸਰਦਾਰਨੀ ਗੁਲਾਬ ਕੌਰ ਤੇ ਸਰਦਾਰ ਤਾਰਾ ਸਿੰਘ ਸਿੱਧੂ ਕੋਲ ਹੀ ਹੋਏ। ਕਿਉਂਕਿ ਉਹਨਾਂ ਦੇ ਆਪਣੀ ਔਲਾਦ ਨਾ ਕਰਕੇ ਉਹਨਾਂ ਦਲੀਪ ਕੌਰ ਨੂੰ ਗੋਦ ਲੈ ਲਿਆ ਸੀ। ਉੱਥੇ ਰਹਿੰਦਿਆਂ ਉਸਨੇ ਮੁੱਢਲੀ ਪੜਾਈ ਤੋਂ ਬਾਅਦ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ ਏ ਕਰਕੇ ਇੱਥੋਂ ਹੀ ਐਮ ਏ ਪੰਜਾਬੀ ਕੀਤੀ। ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਵਿੱਚ ਪੀ ਐੱਚ ਡੀ ਕੀਤੀ। ਦਲੀਪ ਕੌਰ ਟਿਵਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਲੈਕਚਰਾਰ ਕੰਮ ਤੇ ਲੱਗਣ ਤੋਂ ਬਾਅਦ ਕਈ ਸਾਲ ਇੱਥੇ ਨੌਕਰੀ ਕਰਦੇ ਰਹੇ ਜੋ ਮੁਖੀ ਪੰਜਾਬੀ ਵਿਭਾਗ ਬਣਨ ਤੱਕ ਜਾਰੀ ਰਹੀ। ਇਸੇ ਦੌਰਾਨ ਦਲੀਪ ਕੌਰ ਦਾ ਵਿਆਹ ਪ੍ਰੋ ਭੁਪਿੰਦਰ ਸਿੰਘ ਨਾਲ ਹੋਇਆ ਜੋ ਇੱਕ ਕਵੀ ਵੀ ਸਨ। ਜਿਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ।  
        ਆਪਣੇ ਸਮੇਂ ਦੇ ਗਲਪ ਸਾਹਿਤਕਾਰਾਂ ਵਿੱਚ ਦਲੀਪ ਕੌਰ ਟਿਵਾਣਾ ਦਾ ਨਾਂ ਬਹੁਤ ਉੱਭਰ ਕੇ ਸਾਹਮਣੇ ਆਉਂਦਾ ਹੈ। ਉਸਨੇ ਸਾਹਿਤ ਦੇ ਵੱਖ ਵੱਖ ਰੰਗਾਂ ਰਾਹੀਂ ਆਪਣੀ ਕਲਮ ਦਾ ਲੋਹਾ ਮਨਵਾਇਆ। ਜਿਹਨਾਂ ਵਿੱਚ ਕਹਾਣੀ, ਨਾਵਲ, ਸਵੈਜੀਵਨੀ, ਆਲੋਚਨਾ, ਰੇਖਾ ਚਿੱਤਰ, ਬਾਲ ਸਾਹਿਤ, ਅਨੁਵਾਦ ਅਤੇ ਸੰਪਾਦਨਾ ਆਦਿ ਦਲੀਪ ਕੌਰ ਦੇ ਸਾਹਿਤ ਰਚਨਾ ਦੇ ਵੱਖ ਵੱਖ ਰੂਪ ਸਨ।
         ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ "ਨੰਗੇ ਪੈਰਾਂ ਦਾ ਸਫ਼ਰ" ਇੱਕ ਲਾਜਵਾਬ ਰਚਨਾ ਹੈ। ਜਿਸ ਵਿੱਚ ਉਸਨੇ ਆਪਣੇ ਜੀਵਨ ਦੇ ਬਹੁਤ ਸਾਰੇ ਪੱਖਾਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕਰਕੇ ਇਹ ਸਾਬਤ ਕੀਤਾ ਹੈ ਕਿ ਉਹ ਸੱਚ ਹੀ ਵਿਲੱਖਣ ਲੇਖਿਕਾ ਹੈ। ਸਾਹਿਤਕ ਸਵੈਜੀਵਨੀ "ਪੂਛਤੇ ਹੋ ਤੋ ਸੁਨੋ" ਅਤੇ "ਤੁਰਦਿਆਂ ਤੁਰਦਿਆਂ" ਵੀ ਜ਼ਿਕਰਯੋਗ ਹੈ। ਉਸਦੀਆਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਹਨ ਜਿਹਨਾਂ ਵਿੱਚ ਅਗਨੀ ਪ੍ਰੀਖਿਆ, ਏਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਵਿਦ ਇਨ-ਵਿਦ ਆਊਟ, ਸਰਕੰਡਿਆਂ ਦੇ ਦੇਸ਼, ਧੁੱਪ ਛਾਂ ਤੇ ਰੁੱਖ, ਸਭੁ ਦੇਸ ਪਰਾਇਆ, ਹੇ ਰਾਮ, ਲੰਮੀ ਉਡਾਰੀ, ਕਥਾ ਕਹੋ ਉਰਵਸ਼ੀ, ਕਥਾ ਕੁਕਨੂਸ ਦੀ ਤੇ ਅਨੇਕਾਂ ਹੋਰ ਇਸ ਦੇ ਇਲਾਵਾ ਕਹਾਣੀ ਸੰਗ੍ਰਹਿ ਵਿੱਚ ਬਾਬਾਣੀਆਂ ਕਹਾਣੀਆਂ ਪੁਤ ਸੁਪੁਤ ਕਰੇਨਿ, ਪੈੜਾਂ, ਕਾਲੇ ਲਿਖੁ ਨਾ ਲੇਖੁ, ਅੱਠੇ ਪਹਿਰ ਅਤੇ ਬੱਚਿਆਂ ਲਈ ਪੰਜਾਂ ਵਿੱਚ ਪ੍ਰਮੇਸ਼ਰ, ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ। ਰੇਖਾ ਚਿੱਤਰਾਂ ਵਿੱਚ ਜਿਊਣ ਜੋਗੇ, ਡਾ ਮੋਹਨ ਸਿੰਘ ਦੀਵਾਨਾ ਆਦਿ ਜ਼ਿਕਰਯੋਗ ਹਨ। ਦਲੀਪ ਕੌਰ ਟਿਵਾਣਾ ਗਲਪ ਸਾਹਿਤ ਦੀ ਅਜਿਹੀ ਲੇਖਿਕਾ ਸੀ। ਜਿਸਨੇ ਔਰਤ ਹੋਣ ਦੇ ਨਾਲ ਨਾਲ ਸ਼ਾਹੀ ਪਰਿਵਾਰ ਵਿੱਚ ਪਲਣ ਕਰਕੇ ਵੀ ਪੰਜਾਬੀ ਸਾਹਿਤ ਨਾਲ ਆਪਣਾ ਨਾਤਾ ਬਣਾਈ ਰੱਖਿਆ।
        ਭਾਸ਼ਾ ਵਿਭਾਗ ਪੰਜਾਬ ਵੱਲੋਂ ਪੀਲੇ ਪੱਤਿਆਂ ਦੀ ਦਾਸਤਾਨ ਲਈ ਨਾਨਕ ਸਿੰਘ ਪੁਰਸਕਾਰ ਅਤੇ ਸਵੈਜੀਵਨੀ ਨੰਗੇ ਪੈਰਾਂ ਦਾ ਸਫ਼ਰ ਲਈ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ ਦਿੱਤਾ ਗਿਆ, ਭਾਰਤੀ ਸਾਹਿਤ ਅਕਾਦਮੀ ਵੱਲੋਂ ਰਾਸ਼ਟਰੀ ਪੁਰਸਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੀਵਨ ਫੈਲੋਸ਼ਿਪ, ਕੰਨੜ ਸੰਸਥਾ ਸਾਸਵਤੀ ਵੱਲੋਂ ਨੰਜਾਨਾਗੁੜੂ ਥਿਰੁਮਲਾਂਬਾ ਪੁਰਸਕਾਰ, ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਪੁਰਸਕਾਰ ਅਤੇ ਕੇ ਕੇ ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਵੀ ਪ੍ਰਾਪਤ ਕਰ ਕਰਨ ਵਾਲੀ ਉਹ ਪਹਿਲੀ ਪੰਜਾਬੀ ਔਰਤ ਸਾਹਿਤਕਾਰਾ ਸੀ। ਇਸਦੇ ਇਲਾਵਾ ਉਸਨੇ ਹੋਰ ਵੀ ਬਹੁਤ ਸਾਰੇ ਰਾਜ ਤੇ ਰਾਸ਼ਟਰੀ ਸਨਮਾਨ ਪ੍ਰਾਪਤ ਕੀਤੇ ਅਤੇ 1980-90 ਦਹਾਕੇ ਦੀ ਸਰਬੋਤਮ ਨਾਵਲਕਾਰਾ ਵੀ ਬਣੀ। ਉਹਨਾਂ ਦਾ ਨਾਵਲ "ਲੰਘ ਗਏ ਦਰਿਆ" ਸ਼ਾਹੀ ਘਰਾਣੇ ਨਾਲ ਸੰਬੰਧਤ ਇੱਕ ਕਲਾਸਿਕ ਰਚਨਾ ਹੈ, ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਦਲੀਪ ਕੌਰ ਟਿਵਾਣਾ ਦੀ ਇਹ ਰਚਨਾ ਪਟਿਆਲਾ ਸ਼ਾਹੀ ਘਰਾਣੇ ਬਾਰੇ ਗਲਪ ਸਾਹਿਤ ਦੀ ਇੱਕ ਸ਼ਾਹਕਾਰ ਰਚਨਾ ਹੈ। ਦਲੀਪ ਕੌਰ ਟਿਵਾਣਾ ਬੇਸ਼ੱਕ ਇੱਕ ਸ਼ਾਹੀ ਪਰਿਵਾਰ ਵਿੱਚ ਪਲੀ ਤੇ ਵੱਡੀ ਹੋਈ ਸੀ। ਪਰ ਉਸਦੀਆਂ ਬਹੁਤੀਆਂ ਲਿਖਤਾਂ ਵਿੱਚੋਂ ਆਮ ਪੇਂਡੂ ਜੀਵਨ ਝਲਕਦਾ ਸੀ। ਉਸਨੇ ਔਰਤ ਦੇ ਜੀਵਨ ਵਿੱਚ ਤਰਾਸਦੀ ਨਾਲ ਸੰਬੰਧਤ ਅਜਿਹੀਆਂ ਕਥਾ ਕਹਾਣੀਆਂ ਲਿਖੀਆਂ ਜੋ ਕਿ ਦਸਤਾਵੇਜ਼ ਦਰਜਾ ਰੱਖਦੀਆਂ ਹਨ। ਕੁਝ ਨਾਵਲਾਂ ਵਿੱਚ ਉਹਨਾਂ ਨੇ ਪਟਿਆਲਾ ਸ਼ਹਿਰ ਅਤੇ ਯੂਨੀਵਰਸਿਟੀ ਨੂੰ ਵੀ ਬਾਖੂਬੀ ਬਿਆਨ ਕੀਤਾ ਹੈ।
             ਦਲੀਪ ਕੌਰ ਨੇ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ। ਪਰ ਉਹ ਕਿਸੇ ਤਰ੍ਹਾਂ ਦੇ ਸ਼ਿਕਵੇ ਸ਼ਿਕਾਇਤ ਤੋਂ ਰਹਿਤ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਰਹੇ। ਦਲੀਪ ਕੌਰ ਟਿਵਾਣਾ ਦੀ ਇਹ ਖਾਸੀਅਤ ਸੀ ਕਿ ਉਸਦੀ ਸ਼ਖਸ਼ੀਅਤ ਵਿੱਚ ਸ਼ਾਹੀ ਠਾਠ ਦੇ ਨਾਲ ਨਾਲ ਸਾਧੂਆਂ ਵਰਗੀ ਨਿਰਲੇਪਤਾ ਝਲਕਦੀ ਰਹਿੰਦੀ ਸੀ। ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਉੱਪਰ ਬਹੁਤ ਸਾਰੇ ਲੋਕਾਂ ਨੇ ਬੜਾ ਕੁਝ ਲਿਖਿਆ। ਵੱਡੇ ਵੱਡੇ ਲੇਖਕਾਂ ਨੇ ਖੋਜ ਪੱਤਰਾਂ ਦੇ ਨਾਲ ਨਾਲ ਉਸਦੀਆਂ ਰਚਨਾਵਾਂ ਉੱਪਰ ਕਿਤਾਬਾਂ ਲਿਖੀਆਂ। ਦਲੀਪ ਕੌਰ ਦੀਆਂ ਲਿਖਤਾਂ ਉੱਪਰ ਯੂਨੀਵਰਸਿਟੀਆਂ ਵਿੱਚ ਖੋਜੀ ਵਿਦਿਆਰਥੀਆਂ ਨੇ ਖੋਜ ਕਰਕੇ ਪੀ ਐੱਚ ਡੀ ਤੱਕ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ ਅਤੇ ਇਹ ਅੱਜ ਵੀ ਨਿਰੰਤਰ ਜਾਰੀ ਹੈ।
             ਦਲੀਪ ਕੌਰ ਟਿਵਾਣਾ ਨੇ ਜੋ ਵੀ ਮੁਕਾਮ ਬਣਾਇਆ ਉਹ ਉਸਨੇ ਆਪਣੀ ਮਿਹਨਤ, ਲਗਨ ਅਤੇ ਲੰਮੀ ਘਾਲਣਾ ਘਾਲ ਕੇ ਸਥਾਪਿਤ ਕੀਤਾ। ਉਸਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸਮਝੌਤਿਆਂ ਨੂੰ ਜਗ੍ਹਾ ਨਹੀਂ ਦਿੱਤੀ ਸਗੋਂ ਸਦਾ ਆਪਣੀ ਅੰਦਰਲੀ ਔਰਤ ਦੀ ਸ਼ਕਤੀ ਨੂੰ ਪਹਿਚਾਣ ਕੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ। ਉਸਦੀਆਂ ਲਿਖਤਾਂ ਇਸ ਗੱਲ ਦੀਆਂ ਗਵਾਹ ਹਨ।
ਪ੍ਰੋ: ਪ੍ਰੀਤਮ ਸਿੰਘ ਨੇ ਕਿਹਾ ਸੀ ਕਿ "ਜੇ ਕਿਸੇ ਨੇ ਇੱਕ ਇੱਕ ਇੱਟ ਆਪਣੀ ਚਿਣਾਈ ਵਿੱਚ ਆਪ ਲਾਈ ਹੈ ਤਾਂ ਉਹ ਦਲੀਪ ਕੌਰ ਟਿਵਾਣਾ ਹੈ।"
ਅੱਜ ਦਲੀਪ ਕੌਰ ਟਿਵਾਣਾ ਸਾਡੇ ਵਿੱਚ ਬੇਸ਼ੱਕ ਨਹੀਂ ਹਨ, ਪਰ ਆਪਣੀਆਂ ਲਿਖਤਾਂ ਦੁਆਰਾ ਉਹ ਅੱਜ ਵੀ ਸਾਡੇ ਵਿੱਚ ਜਿਊਂਦੀ ਹੈ। ਦਲੀਪ ਕੌਰ ਟਿਵਾਣਾ ਆਪਣੀ ਲੇਖਣੀ ਨਾਲ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਸਦਾ ਇੱਕ ਮਹਾਂ ਲੇਖਿਕਾ ਦੇ ਤੌਰ 'ਤੇ ਜਾਣੀ ਜਾਂਦੀ ਰਹੇਗੀ। ਸਾਡੇ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਦਲੀਪ ਕੌਰ ਟਿਵਾਣਾ ਪੰਜਾਬੀ ਦੀ ਲੇਖਿਕਾ ਸੀ।