ਕਵਿਤਾ ਵਿਚਲੀ ਸਿਰਜਣਾਤਮਕਤਾ ਦੀ ਪਛਾਣ 'ਤੇ ਹੋਈ ਭਰਪੂਰ ਚਰਚਾ (ਖ਼ਬਰਸਾਰ)


ਬਰੈਂਪਟਨ: -  'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਜਨਵਰੀ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਡਾ ਨਾਹਰ ਸਿੰਘ ਵੱਲੋਂ 'ਕਵਿਤਾ ਵਿਚਲੀ ਸਿਰਣਾਤਮਕਤਾ ਦੀ ਪਛਾਣ' ਵਿਸ਼ੇ 'ਤੇ ਗੱਲਬਾਤ ਕੀਤੀ ਗਈ ਓਥੇ ਵਿਦਵਾਨ ਲੇਖਕ ਪੂਰਨ ਸਿੰਘ ਪਾਂਧੀ ਜੀ ਦੀ ਰੇਖਾ-ਚਿੱਤਰਾਂ ਦੀ ਕਿਤਾਬ "ਜਿਨ੍ਹ ਮਿਲਿਆਂ ਰੂਹ ਰੌਸ਼ਨ ਹੋਵੇ" ਵੀ ਰਲੀਜ਼ ਕੀਤੀ ਗਈ।
ਡਾ. ਨਾਹਰ ਸਿੰਘ (ਪੰਜਾਬੀ ਯੂਨੀਵਰਸਿਟੀ) ਨੇ 'ਕਵਿਤਾ ਵਿਚਲੀ ਸਿਰਜਣਾਤਮਕਤਾ ਦੀ ਪਛਾਣ' ਬਾਰੇ ਗੱਲ ਕਰਦਿਆਂ ਕਿਹਾ ਕਿ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਨੇ ਤੇ ਅੰਦਰੋਂ ਫੁੱਟੇ ਆਪ-ਮੁਹਾਰੇ ਅਨੁਭਵ ਦੀ ਵਿਧਾ ਆਪਣੀ ਸ਼ਕਲ ਆਪ ਚੁਣਦੀ ਹੈ, ਕਿ ਉਸਨੇ ਕਹਾਣੀ ਬਣਨਾ ਹੈ, ਨਾਵਲ ਬਣਨਾ ਹੈ, ਜਾਂ ਕਵਿਤਾ ਜਾਂ ਗੀਤ ਬਣਨਾ ਹੈ? ਉਨ੍ਹਾਂ ਕਿਹਾ ਕਿ ਕਵਿਤਾ ਮਨੁੱਖੀ ਮਨ ਦੀ ਪੂਰਨ ਆਜ਼ਾਦੀ ਹੈ ਅਤੇ ਇਸ 'ਤੇ ਕੋਈ ਵੀ ਨਿਯਮ ਲਾਗੂ ਨਹੀਂ ਹੋ ਸਕਦਾ ਪਰ ਇੱਕ ਵਧੀਆ ਕਵਿਤਾ ਦੇ ਪਛਾਣ-ਚਿੰਨ੍ਹ ਜ਼ਰੂਰ ਹੁੰਦੇ ਨੇ - ਨਿਰੋਲ ਵਿਚਾਰ ਕਵਿਤਾ ਨਹੀਂ ਬਣਦਾ ਸਗੋਂ ਕਵਿਤਾ ਜਿੰਨੀ ਵੱਧ ਮਨੁੱਖੀ ਅਨੁਭਵ ਨਾਲ਼ ਜੁੜੀ ਹੋਵੇਗੀ ਓਨੀ ਹੀ ਬਲਵਾਨ ਹੋਵੇਗੀ। ਵਧੀਆ ਕਵਿਤਾ ਪਾਠਕ ਦੀ ਚੇਤਨਾ ਨੂੰ ਵਿਸਥਾਰਦੀ ਹੈ, ਭਾਸ਼ਾ ਦੀ ਸਿਰਜਨਾਣਤਮਕਤਾ ਵਿੱਚ ਵਾਧਾ ਕਰਦੀ ਹੈ ਅਤੇ ਸੱਭਿਆਚਾਰਕ ਚੇਤਨਾ ਨੂੰ ਗਹਿਰਾਈ ਬਖ਼ਸ਼ਦੀ ਹੈ। ਅਨੁਭਵ ਜਿੰਨਾ ਮੌਲਿਕ ਹੋਵੇਗਾ ਓਨਾ ਹੀ ਉਹ ਭਾਸ਼ਾ ਦਾ ਵਿਸਥਾਰ ਕਰੇਗੀ।  ਉਨ੍ਹਾਂ ਕਿਹਾ ਕਿ ਜਿਹੜੀ ਕਵਿਤਾ ਆਪਣੇ ਸ਼ਬਦਾਂ ਵਿੱਚ ਡਿਕਸ਼ਨਰੀ ਵਾਲ਼ੇ ਅਰਥਾਂ ਤੱਕ ਹੀ ਸੀਮਤ ਰਹਿੰਦੀ ਹੈ ਉਹ ਪ੍ਰਭਾਵਸ਼ਾਲੀ ਨਹੀਂ ਬਣਦੀ ਸਗੋਂ ਕਵਿਤਾ ਜਿੰਨੀ ਹੀ ਡਿਕਸ਼ਨਰੀ ਵਾਲ਼ੇ ਅਰਥਾਂ ਤੋਂ ਵੱਖਰੇ ਅਰਥ ਸਿਰਜੇਗੀ ਓਨੀ ਹੀ ਮਹਾਨ ਹੋਵੇਗੀ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ:
"ਕੈਂਠੇ ਵਾਲ਼ਾ ਤਿਲਕ ਗਿਆ, ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ"


ਵਿਸਥਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ 'ਤਿਲਕਣ' ਅਤੇ 'ਪਾਣੀ ਡੋਲ੍ਹਣ' ਦੇ ਨਾਲ਼ ਨਾਲ਼ "ਕੈਂਠੇ ਵਾਲ਼ਾ" ਅਤੇ "ਝਾਂਜਰਾਂ ਵਾਲ਼ੀ" ਦੇ ਅਰਥ ਵੀ ਨਿਵੇਕਲ਼ੇ ਹਨ। ਇਸਦੇ ਨਾਲ਼ ਹੀ ਉਨ੍ਹਾਂ ਕਿਹਾ ਕਿ ਸਾਹਿਤ ਯੀਨੀਵਰਸਲ ਨਹੀਂ ਹੁੰਦਾ ਕਿਉਂਕਿ ਉਸਦੀਆਂ ਤੰਦਾਂ ਸੱਭਿਆਚਾਰ ਨਾਲ਼ ਜੁੜੀਆਂ ਹੁੰਦੀਆਂ ਹਨ। ਉਪਰੋਕਤ ਤੁਕ ਦੇ ਨਾਲ਼ ਨਾਲ਼ ਉਨ੍ਹਾਂ ਪਾਸ਼  ਦੀ ਕਵਿਤਾ "ਸਭ ਤੋਂ ਖ਼ਤਰਨਾਕ" ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਮੁਕੰਮਲ ਰੂਪ 'ਚ ਕਿਸੇ ਹੋਰ ਭਾਸ਼ਾ 'ਚ ਟਰਾਂਸਲੇਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿੱਚ ਬਹੁਤ ਕੁਝ ਸੱਭਿਆਚਾਰ ਦੀ ਸਮਝ ਹੋਣ ਨਾਲ਼ ਹੀ ਸਮਝ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਗੀਤ ਇਸੇ ਕਰਕੇ ਹੀ ਸਾਹਿਤ ਨਹੀਂ ਬਣਦੇ ਕਿਉਂਕਿ ਉਹ ਮੰਡੀ ਦੀ ਮੰਗ ਨੂੰ ਮੁੱਖ ਰੱਖ ਕੇ ਲਿਖੇ ਗਏ ਹੁੰਦੇ ਨੇ ਅਤੇ ਜੋ ਸਾਹਿਤ ਠੇਕੇ 'ਤੇ ਲਿਖਿਆ ਜਾਂਦਾ ਹੈ ਜਾਂ ਜੋ ਮੰਡੀ ਦੀ ਮੰਗ ਨੂੰ ਮੁੱਖ ਰੱਖ ਕੇ ਲਿਖਿਆ ਜਾਂਦਾ ਹੈ ਉਹ ਅਨੁਭਵ ਤੋਂ ਦੂਰ ਹੁੰਦਾ ਹੈ ਅਤੇ ਸਾਹਿਤ ਨਹੀਂ ਬਣਦਾ।
ਡਾæ ਅਜੀਤ ਸਿੰਘ ਖਾਮੋਸ਼, ਡਾæ ਸੁਰਜੀਤ  ਸਿੰਘ ਢਿੱਲੋਂ, ਸੁਰਜੀਤ ਹਾਂਸ, ਅਤੇ ਹਰਬੰਸ ਮਾਛੀਵਾੜਾ ਦੀ ਮੌਤ 'ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਕਹਾਣੀਕਾਰ ਅਜੈਬ ਸਿੰਘ ਟੱਲੇਵਾਲ਼ੀਆ ਨੇ ਡਾ ਸੁਰਜੀਤ ਸਿੰਘ ਢਿੱਲੋਂ ਅਤੇ ਅਜੀਤ ਸਿੰਘ ਖਾਮੋਸ਼ ਬਾਰੇ ਭਾਵ-ਭਿੰਨੇ ਸ਼ਬਦਾਂ 'ਚ ਜਾਣਕਾਰੀ ਦਿੱਤੀ। ਡਾ ਨਾਹਰ ਸਿੰਘ ਨੇ ਦੱਸਿਆ ਕਿ ਜਿੱਥੇ ਡਾ ਸੁਰਜੀਤ ਸਿੰਘ ਢਿੱਲੋਂ ਨੇ ਆਖਰੀ ਦਮ ਤੱਕ ਯੂਨੀਵਰਸਿਟੀ ਵਿੱਚ ਕੰਮ ਕਰਨ ਦਾ ਵਾਅਦਾ ਨਿਭਾਇਆ ਅਤੇ ਅੰਗ੍ਰੇਜ਼ੀ ਸਾਹਿਤ 'ਤੇ ਬਹੁਤ ਕੰਮ ਕੀਤਾ ਓਥੇ ਡਾ ਸੁਰਜੀਤ ਹਾਂਸ  ਨੇ ਸ਼ੇਕਸਪੀਅਰ ਦੇ ਸਾਰੇ ਨਾਟਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਜੋ ਸ਼ਾਇਦ ਭਾਰਤੀ ਭਾਸ਼ਾਵਾਂ ਵਿੱਚ ਸਿਰਫ ਪੰਜਾਬੀ ਵਿੱਚ ਹੀ ਹੋਇਆ ਹੈ।
ਆਪਣੀ ਗਿਆਰਵੀਂ ਕਿਤਾਬ, "ਜਿਨ੍ਹ ਮਿਲਿਆਂ ਰੂਹ ਰੌਸ਼ਨ ਹੋਵੇ" ਰਲੀਜ਼ ਕਰਦਿਆਂ ਪੂਰਨ ਸਿੰਘ ਪਾਂਧੀ ਨੇ ਜਿੱਥੇ ਇਸ ਕਿਤਾਬ ਦਾ ਰੂਪ ਤਿਆਰ ਹੋਣ ਦੇ ਸਬੱਬ ਬਾਰੇ ਗੱਲਬਾਤ ਕੀਤੀ ਓਥੇ ਇਸ ਵਿਚਲੇ ਰੇਖਾ-ਚਿੱਤਰਾਂ ਦੇ ਚੁਣੇ ਜਾਣ ਦਾ ਕਾਰਨ ਵੀ ਸਾਂਝਾ ਕੀਤਾ। ਕਿਤਾਬ ਵਿੱਚ ਦਰਜ਼ ਸੰਤ ਸੁਜਾਨ ਸਿੰਘ ਦਿੱਲੀ ਵਾਲ਼ਿਆਂ ਦੀ ਸੁਰੀਲੀ ਆਵਾਜ਼ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੰਤ-ਅਨੁਪ੍ਰਾਸ ਵਿੱਚ ਆਉਂਦੇ ਖੁਰਦਰੇ ਸ਼ਬਦਾਂ ਨੂੰ ਵੀ ਏਨੀ ਖ਼ੂਬਸੂਰਤੀ ਨਾਲ਼ ਸੁਰ-ਬੱਧ ਕਰਦੇ ਸਨ ਕਿ ਉਨ੍ਹਾਂ ਦੀ ਨਕਲ ਵੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਉਨ੍ਹਾਂ ਨੇ ਸੰਤ ਸਿੰਘ ਮਸਕੀਨ ਨੂੰ ਪ੍ਰਭਾਵਸ਼ਾਲੀ ਵਿਆਖਿਆਰ ਵਜੋਂ ਬਿਆਨਿਆ ਹੈ।
ਸ਼ਾਇਰੀ ਦਾ ਦੌਰ ਇਕਬਾਲ ਬਰਾੜ ਵੱਲੋਂ ਗਾਏ ਗਏ ਗੀਤ "ਮੈਂ ਟੁੱਟਾ ਦਿਲ ਹਾਂ, ਵੇਖੀਂ ਪੀੜੇ ਐਵੇਂ ਛੇੜੀਂ ਨਾ…" ਨਾਲ਼ ਸ਼ੁਰੂ ਹੋਇਆ। ਉਪਰੰਤ ਸ਼ਿਵਰਾਜ ਸਨੀ ਅਤੇ ਪਰਮਜੀਤ ਢਿੱਲੋਂ ਨੇ ਵੀ ਬਾਕਮਾਲ ਤਰੰਨਮ ਵਿੱਚ ਗੀਤ ਪੇਸ਼ ਕੀਤੇ ਅਤੇ ਭੁਪਿੰਦਰ ਦੁਲੈ, ਬਲਰਾਜ ਧਾਲੀਵਾਲ਼, ਜਤਿੰਦਰ ਰੰਧਾਵਾ, ਸੁਰਿੰਦਰਜੀਤ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਮੀਟਿੰਗ ਵਿੱਚ ਜਰਨੈਲ ਸਿੰਘ ਕਹਾਣੀਕਾਰ, ਰਛਪਾਲ ਕੌਰ ਗਿੱਲ, ਹਰਦਿਆਲ ਸਿੰਘ ਝੀਤਾ, ਸੁਰਜੀਤ ਕੌਰ, ਬਲਜੀਤ ਧਾਲੀਵਾਲ਼, ਸੁੱਚਾ ਸਿੰਘ ਮਾਂਗਟ, ਸੁਜਾਨ ਸਿੰਘ ਸੁਜਾਨ, ਲਭਪ੍ਰੀਤ ਸਿੰਘ, ਸੁਰਿੰਦਰ ਸਿੰਘ, ਪ੍ਰਤੀਕ, ਬਲਰਾਜ ਦਿਓਲ, ਸਤਨਾਮ ਸੰਧੂ, ਜਰਨੈਲ ਸਿੰਘ ਅੱਚਰਵਾਲ, ਇਕਬਾਲ ਸੁੰਬਲ, ਜਗੀਰ ਸਿੰਘ ਕਾਹਲੋਂ, ਗੁਰਦੇਵ ਮਾਨ, ਇੰਦਰਜੀਤ ਜੰਡੂ, ਜਸਵਿੰਦਰ ਸੰਧੂ, ਜਸਵਿੰਦਰ ਸਿੰਘ, ਗਿਆਨ ਸਿੰਘ ਦਰਦੀ, ਤਰਲੋਚਨ ਸਿੰਘ ਗਿੱਲ, ਕੁਲਦੀਪ ਕੌਰ ਗਿੱਲ, ਆਦਿ ਹਾਜ਼ਰ ਸਨ। ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਸੁਰਿੰਦਰ ਖਹਿਰਾ, ਰਿੰਟੂ ਭਾਟੀਆ ਅਤੇ ਗੁਰਜਿੰਦਰ ਸੰਘੇੜਾ ਨੇ ਮੀਟਿੰਗ ਦੀ ਕਾਰਵਾਈ ਨੂੰ ਚਲਾਉਣ  ਵਿੱਚ ਅਹਿਮ ਭੂਮਿਕਾ ਨਿਭਾਈ।

ਪਰਮਜੀਤ ਦਿਓਲ
ਪਰਮਜੀਤ ਦਿਓਲ


samsun escort canakkale escort erzurum escort Isparta escort cesme escort duzce escort kusadasi escort osmaniye escort