ਹਿੰਮਤ ਵਾਲੇ ਉੱਗ ਪੈਂਦੇ ਨੇ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮੇਂ ਦੀ ਤੋਰ ਕਦੇ ਵੀ ਇਕੋ ਜਿਹੀ ਨਹੀਂ ਰਹਿੰਦੀ।ਇਹ ਲਗਾਤਾਰ ਆਪਣੀ ਚਾਲੇ ਚਲਦੀ ਤੇ ਬਦਲਦੀ ਰਹਿੰਦੀ ਹੈ।ਤਬਦੀਲੀ ਕੁਦਰਤ ਦਾ ਨਿਯਮ ਹੈ।ਤਾਜ਼ਗੀ ਬਣਾਈ ਰੱਖਣ ਲਈ ਜ਼ਿੰਦਗੀ ਲਗਾਤਾਰ ਤਬਦੀਲੀਆਂ ਵਿਚੋਂ ਲੰਘਦੀ ਹੈ।ਜੇ ਅਸੀਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦੇਈਏ ਤਾਂ ਸਾਡੀ ਜ਼ਿੰਦਗੀ ਠਹਿਰ ਜਾਵੇਗੀ ਜਿਸ ਕਾਰਨ ਜੀਵਨ ਨੀਰਸ ਹੋ ਜਾਵੇਗਾ।ਇਸ ਲਈ ਮਨੁੱਖ ਬਦਲਦੇ ਹੋਏ ਹਾਲਾਤ ਅਨੁਸਾਰ ਆਪਣੇ-ਆਪ ਨੂੰ ਢਾਲਦੇ ਹੋਏ ਕਾਮਯਾਬੀ ਦੀ ਪੌੜੀ ਚੜ੍ਹਨਾ ਚਾਹੁੰਦਾ ਹੈ।ਇਸ ਦੀ ਪ੍ਰਾਪਤੀ ਲਈ ਉਹ ਪੂਰੀ ਹਿੰਮਤ ਨਾਲ ਆਏ ਦੁੱਖ-ਤਕਲੀਫਾਂ ਦਾ ਮੁਕਾਬਲਾ ਕਰਦਾ ਹੈ ਤਾਂ ਜੁ ਖੁਸ਼ੀਆਂ ਉਸ ਦੇ ਜੀਵਨ ਵਿਹੜੇ ਚਹਿਕਦੀਆਂ ਰਹਿਣ।
         ਕਈ ਵਾਰ ਆਈਆਂ ਮੁਸ਼ਕਿਲਾਂ ਦਾ ਬਾਰ-ਬਾਰ ਮੁਕਾਬਲਾ ਕਰਨ ਦੇ ਬਾਵਜੂਦ ਵੀ ਮਨਚਾਹੀ ਸਫਲਤਾ ਹਾਸਲ ਨਹੀਂ ਹੁੰਦੀ ਜਿਸ ਦੇ ਸਿੱਟੇ ਵਜੋਂ ਵਿਅਕਤੀ ਅਸਫਲਤਾ ਦੇ ਕਾਰਨਾਂ ਦਾ ਚਿੰਤਨ ਕਰਨ ਦੀ ਬਜਾਏ ਆਪਣੀਆਂ ਨਾਕਾਮੀਆਂ ਦਾ ਦੋਸ਼ ਕਿਸਮਤ ਨੂੰ ਦੇਣ ਲੱਗ ਪੈਂਦਾ ਹੈ।ਅਸਫਲਤਾਵਾਂ ਦੀਆਂ ਠੋਕਰਾਂ ਤੋਂ ਨਿਰਾਸ਼ ਹੋ ਕੇ ਕਿਸਮਤ ਨੂੰ ਕੋਸਣ ਅਤੇ ਜ਼ਿੰਦਗੀ ਦੀਆਂ ਔਕੜਾਂ ਸਾਹਮਣੇ ਹਥਿਆਰ ਸੁੱਟ ਕੇ ਹਾਰ ਮੰਨ ਲੈਣ ਵਾਲੇ ਅਜਿਹੇ ਲੋਕ ਜ਼ਿੰਦਗੀ ਵਿਚ ਪਛੜ ਜਾਂਦੇ ਹਨ ਤੇ ਨਿਰਾਸ਼ਾ ਦੇ ਘੋਰ ਅੰਧਕਾਰ 'ਚ ਘਿਰ ਜਾਂਦੇ ਹਨ।ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਮੱਸਿਆਵਾਂ ਤੋਂ ਮੂੰਹ ਮੋੜ ਕੇ ਬੈਠ ਜਾਣ ਨਾਲ ਅਸੀਂ ਕਦੇ ਵੀ ਸੁਖੀ ਨਹੀਂ ਹੋ ਸਕਦੇ।ਜੇਕਰ ਸਿਰਫ ਕਿਸਮਤ ਦੇ ਭਰੋਸੇ ਰਹੇ ਤਾਂ ਨਿਰਾਸ਼ਾ ਤੈਅ ਹੈ।ਸਫਲਤਾ ਦੀ ਇੱਛਾ ਲਈ ਕਿਸਮਤ ਦੇ ਭਰੋਸੇ ਬੈਠ ਕੇ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਗੁਆ ਜਾਂ ਬੇਕਾਰ ਕਰ ਦੇਣਾ ਕਿਸੇ ਵੀ ਪੱਖ ਤੋਂ ਉੱਚਿਤ ਨਹੀਂ ਹੈ।ਕੰਮ ਨਾ ਕਰਨ ਦੇ ਤਾਂ ਇਕ ਹਜ਼ਾਰ ਬਹਾਨੇ ਬਣਾਏ ਜਾ ਸਕਦੇ ਹਨ ਅਤੇ ਇਨ੍ਹਾਂ ਦੀ ਆੜ ਹੇਠ ਕੰਮ ਛੱਡਿਆ ਵੀ ਜਾ ਸਕਦਾ ਹੈ ਪਰ ਜੇਕਰ ਅਸੀਂ ਕੰਮ ਨੂੰ ਨਿਪਟਾਉਣਾ ਚਾਹੁੰਦੇ ਹਾਂ ਤਾਂ ਇਕ ਹਜ਼ਾਰ ਇਕ ਤਰੀਕੇ ਵੀ ਲੱਭੇ ਜਾ ਸਕਦੇ ਹਨ।ਯਾਦ ਰੱਖੋ, ਸੰਸਾਰ ਵਿਚ ਅਜਿਹਾ ਕੋਈ ਵੀ ਨਹੀਂ ਹੈ ਜੋ ਤੁਹਾਡੀ ਕਿਸਮਤ ਬਦਲ ਸਕੇ।ਆਪਣੀ ਕਿਸਮਤ ਦੇ ਵਿਧਾਤਾ ਤੁਸੀਂ ਆਪ ਹੀ ਹੋ।ਆਪਣੀ ਕਿਸਮਤ ਸਖਤ ਮਿਹਨਤ ਅਤੇ ਬੁਲੰਦ ਇਰਾਦੇ ਨਾਲ ਆਪ ਬਦਲੋ।ਜੇਕਰ ਹਿੰਮਤ ਕਮਜ਼ੋਰ ਅਤੇ ਡਾਵਾਂਡੋਲ ਹੈ ਤਾਂ ਮਜ਼ਬੂਤ ਮੁਕਾਮਾਂ ਦੀ ਪ੍ਰਾਪਤੀ ਵੀ ਅਸੰਭਵ ਹੈ।
        ਸਖਤ ਮਿਹਨਤ ਤੇ ਮੰਜ਼ਿਲ ਪ੍ਰਾਪਤੀ ਦੀ ਲਗਨ ਹੀ ਰਸਤੇ ਦੀਆਂ ਮੁਸ਼ਕਲਾਂ ਨੂੰ ਮਾਤ ਦੇ ਕੇ ਜਿੱਤ ਦੀ ਇਬਾਰਤ ਲਿਖਦੀ ਹੈ।ਮਿਹਨਤ ਰੂਪੀ ਫੁੱਲਾਂ ਦੀ ਮਹਿਕ ਚਾਰੇ ਦਿਸ਼ਾਵਾਂ ਵਿਚ ਫੈਲਦੀ ਹੈ।ਸਫਲਤਾ ਦੀ ਪੁਸ਼ਾਕ ਕਦੇ ਵੀ ਤਿਆਰ ਨਹੀਂ ਮਿਲਦੀ।ਇਸ ਨੂੰ ਤਿਆਰ ਕਰਨ ਲਈ ਵੀ ਮਿਹਨਤ ਦਾ ਹੁਨਰ ਚਾਹੀਦਾ ਹੈ।ਕਿਸਮਤ ਦੇ ਭਰੋਸੇ ਬੈਠ ਕੇ ਜੀਵਨ ਕਦੇ ਵੀ ਬਰਬਾਦ ਨਾ ਕਰੋ।ਇਹ ਨਿਰਾ ਧੋਖਾ ਹੈ।ਇਸ ਲਈ ਆਪਣੀ ਮਿਹਨਤ ਦੇ ਬੀਜ ਬੀਜਦੇ ਰਹੋ।ਮਿਹਨਤ ਨਾਲ ਕੀਤਾ ਗਿਆ ਕੰਮ ਸਦਾ ਪ੍ਰਸ਼ੰਸਾਯੋਗ ਹੁੰਦਾ ਹੈ।ਹੈਲਨ ਕੈਲਰ ਦੇ ਕਥਨ ਅਨੁਸਾਰ, 'ਖੁਦ ਦੀ ਤੁਲਨਾ ਜ਼ਿਆਦਾ ਕਿਸਮਤ ਵਾਲੇ ਲੋਕਾਂ ਨਾਲ ਕਰਨ ਦੀ ਬਜਾਏ ਆਪਣੇ ਨਾਲ ਦੇ ਜ਼ਿਆਦਾਤਰ ਲੋਕਾਂ ਨਾਲ ਕਰਨੀ ਚਾਹੀਦੀ ਹੈ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿੰਨੇ ਕਿਸਮਤ ਵਾਲੇ ਹਾਂ'।
        ਕਿਸਮਤ ਤਾਂ ਖਾਲੀ ਵਰਕੇ ਵਾਂਗ ਹੁੰਦੀ ਹੈ ਜਿਸ ਨੂੰ ਆਪਣੀ ਮਿਹਨਤ ਨਾਲ ਹੀ ਭਰਨਾ ਪੈਂਦਾ ਹੈ।ਮਿਹਨਤ ਕਿਸਮਤ ਦੀ ਜਣਨੀ ਹੈ।ਇਸ ਲਈ ਕਿਸਮਤ ਦੇ ਦਰਵਾਜ਼ੇ 'ਤੇ ਸਿਰ ਮਾਰਨ ਤੋਂ ਬਿਹਤਰ ਹੈ ਕਿ ਕਰਮ ਦਾ ਤੂਫਾਨ ਪੈਦਾ ਕਰੋ।ਸਾਰੇ ਦਰਵਾਜ਼ੇ ਆਪਣੇ-ਆਪ ਖੁਲ੍ਹ ਜਾਣਗੇ।ਮਿਹਨਤ ਵਿਚ ਹੀ ਜੀਵਨ ਦੀ ਖੁਸ਼ਹਾਲੀ ਲੁਕੀ ਹੋਈ ਹੈ ਕਿਉਂਕਿ ਮਿਹਨਤ ਦਲਿੱਦਰਤਾ ਦਾ ਨਾਸ਼ ਕਰਦੀ ਹੈ।ਦੂਜਿਆਂ ਬਾਰੇ ਇਸ ਤਰ੍ਹਾਂ ਸੋਚ ਕੇ ਕਿ ਉਹ ਸਾਡੇ ਤੋਂ ਵੱਧ ਕਿਸਮਤ ਵਾਲੇ ਹਨ, ਆਪਣਾ ਸਮਾਂ ਅਤੇ ਊਰਜਾ ਖਰਚ ਕਰਨ ਦੀ ਬਜਾਏ ਆਪਣੇ ਕੰਮਾਂ 'ਤੇ ਫੋਕਸ ਕਰੋ।ਆਲਸੀ ਅਤੇ ਹਿੰਮਤ ਦੀ ਕਮੀ ਵਾਲੇ ਵਿਅਕਤੀ ਹੀ ਕਿਸਮਤ ਦੀਆਂ ਗੱਲਾਂ ਕਰਦੇ ਹਨ।ਇਨਸਾਨ ਚਾਹੁੰਦਾ ਹੈ ਕਿ ਕਿਸਮਤ ਵਿਚ ਹੋਵੇ ਤਾਂ ਮੈਂ ਮਿਹਨਤ ਕਰਾਂ ਪਰ ਕਿਤੇ ਨਾ ਕਿਤੇ ਕਿਸਮਤ ਵੀ ਇੰਤਜ਼ਾਰ ਵਿਚ ਹੁੰਦੀ ਹੈ ਕਿ ਵਿਅਕਤੀ ਕੋਈ ਹੀਲਾ ਕਰੇ ਤਾਂ ਮੈਂ ਆਵਾਂ।ਸੰਸਾਰ ਦੀ ਅਜਿਹੀ ਕੋਈ ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ ਸ਼ਕਤੀ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਵੇ।ਜਦੋਂ ਤੱਕ ਤੁਹਾਡੇ ਅੰਦਰ ਦ੍ਰਿੜਤਾ ਨਹੀਂ ਹੋਵੇਗੀ, ਜਦੋਂ ਤੱਕ ਤੁਸੀਂ ਆਪਣਾ ਧਿਆਨ ਕੇਂਦਰਿਤ ਕਰਕੇ ਆਪਣੇ ਜੀਵਨ ਨੂੰ ਨਹੀਂ ਚਲਾਉਗੇ, ਉਸ ਵੇਲੇ ਤੱਕ ਤੁਸੀਂ ਕਾਮਯਾਬ ਨਹੀਂ ਹੋਵੋਗੇ।ਇਨਸਾਨ ਨੂੰ ਉਸ ਵੇਲੇ ਤੱਕ ਕੋਈ ਨਹੀਂ ਹਰਾ ਸਕਦਾ ਜਦੋਂ ਤੱਕ ਉਹ ਆਪਣੇ-ਆਪ ਤੋਂ ਨਾ ਹਾਰ ਜਾਵੇ।ਹਿੰਮਤ ਨਾ ਕਰਨ ਦਾ ਕਾਰਨ ਇਹ ਨਹੀਂ ਕਿ ਤੁਹਾਡੇ ਲਈ ਕੁਝ ਕਰ ਸਕਣਾ ਮੁਸ਼ਕਿਲ ਹੈ ਬਲਕਿ ਕੁਝ ਕਰ ਸਕਣਾ ਇਸ ਲਈ ਮੁਸ਼ਕਿਲ ਹੈ ਕਿ ਅਸੀਂ ਹਿੰਮਤ ਹੀ ਨਹੀਂ ਕਰਦੇ।ਬਾਬਾ ਨਜ਼ਮੀ ਜੀ ਨੇ ਕਿੰਨਾ ਖੂਬ ਕਿਹਾ ਹੈ:-
       'ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਹਿੰਮਤ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ'।
           ਸਿਆਣੇ ਕਹਿੰਦੇ ਹਨ ਕਿ ਇਹ ਠੀਕ ਹੈ ਕਿ ਕਿਸਮਤ ਤੁਹਾਡੇ ਹੱਥ ਵਿਚ ਨਹੀਂ ਹੈ ਪਰ ਫੈਸਲਾ ਲੈਣਾ ਤਾਂ ਤੁਹਾਡੇ ਹੱਥ ਵਿਚ ਹੈ।ਕਿਸਮਤ ਆਪਣਾ ਫੈਸਲਾ ਨਹੀਂ ਬਦਲ ਸਕਦੀ ਪਰ ਕੀ ਪਤਾ ਤੁਹਾਡਾ ਫੈਸਲਾ ਤੁਹਾਡੀ ਕਿਸਮਤ ਬਦਲ ਦੇਵੇ।ਮਿਹਨਤ ਲੱਗਦੀ ਹੈ ਸੁਪਨਿਆਂ ਨੂੰ ਸੱਚ ਬਣਾਉਣ ਲਈ, ਹੌਂਸਲਾ ਲੱਗਦਾ ਹੈ ਬੁਲੰਦੀਆਂ ਨੂੰ ਪਾਉਣ ਲਈ।ਇਸ ਲਈ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧੋ ਤਾਂ ਹੀ ਮਜ਼ਬੂਤ ਤੇ ਸਥਾਪਿਤ ਮੁਕਾਮਾਂ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। 

samsun escort canakkale escort erzurum escort Isparta escort cesme escort duzce escort kusadasi escort osmaniye escort