ਔਰਤ ਅਤੇ ਸਮਾਜ (ਲੇਖ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਔਰਤ ਕੁਦਰਤ ਦੀ ਬਾ-ਕਮਾਲ ਅਤੇ ਵਿਲੱਖਣ ਸਿਰਜਣਾ ਹੈ | ਔਰਤ ਦੀ ਇਸ ਸ੍ਰਿਸ਼ਟੀ ਨੂੰ ਸਜਾਉਣ ਅਤੇ ਮਹਿਕਾਉਣ ਵਿੱਚ ਅਹਿਮ ਭੂਮਿਕਾ ਹੈ | ਇਸ ਕੁਦਰਤ ਦੀ ਸਾਜੀ ਹੋਈ ਸ੍ਰਿਸ਼ਟੀ ਉੱਪਰ ਅਗਰ ਇਨਸਾਨ ਦੀ ਕੋਈ ਹੋਂਦ ਹੈ, ਉਹ ਔਰਤ ਕਰਕੇ ਹੀ ਹੈ | ਮਨੁੱਖੀ ਜਾਤੀ ਔਰਤ ਬਿਨਾਂ ਅਧੂਰੀ ਹੈ , ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹਨ | ਕੀ ਔਰਤ ਕਿਸੇ ਪਰਮਾਤਮਾਂ ਤੋਂ ਘੱਟ ਹੈ ? ਜੋ ਕੁਦਰਤ ਦੇ ਵਿਲੱਖਣ ਵਰਤਾਰੇ ਅਨੁਸਾਰ ਇਨਸਾਨ ਦੀ ਉਤਪਤੀ ਕਰਦੀ ਹੈ | ਇਸੇ ਲਈ ਔਰਤ ਨੂੰ ਜੱਗ ਜਨਣੀ ਦਾ ਮਹਾਨ ਰੁਤਬਾ ਮਿਲਿਆ ਹੋਇਆ ਹੈ | ਦੁਨੀਆਂ ਉੱਪਰ ਜਿੰਨੇ ਵੀ ਮਹਾਨ ਲੋਕ , ਸੂਰਬੀਰ , ਪੀਰ ਪੈਗੰਬਰ ਅਤੇ ਧਰਮ ਗੁਰੂ ਹੋਏ ਹਨ ਸਭ ਦਾ ਜਨਮ ਔਰਤ ਦੀ ਕੁੱਖੋਂ ਹੀ ਹੋਇਆ ਹੈ ਇਸ ਲਈ ਔਰਤ ਤੋਂ ਬਿਨਾਂ ਇਨਸਾਨ ਦਾ ਵਜੂਦ ਹੀ ਕੋਈ ਨਹੀਂ | ਸਾਡੇ ਸਮਾਜ ਨੇ ਸਦੀਆਂ ਤੋਂ ਹੀ ਔਰਤ ਨੂੰ ਜੋ ਬਣਦਾ ਸਤਿਕਾਰ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ | ਔਰਤ ਦੀ ਉੱਤਮ ਮਹਾਨਤਾ ਦੇ ਬਾਵਜੂਦ  ਕਿੰਨੇ ਹੀ ਭੱਦੇ –ਭੱਦੇ ਸ਼ਬਦਾਂ ਨਾਲ ਉਸ ਦੀ ਤੁਲਣਾ ਕੀਤੀ ਗਈ ਜੋ ਇੱਕ ਸ਼ਰਮਨਾਕ ਗੱਲ ਹੈ | ਉਹ ਅਹਿਸਾਨ ਫਰਾਮੋਸ਼ ਲੋਕ ਇਹ ਭੁੱਲ ਗਏ ਕਿ ਸਾਨੂੰ ਵੀ ਉਸ ਕਾਦਰ ਦੀ ਕੁਦਰਤ ਦੇ ਸਭ ਤੋਂ ਨਾਯਾਬ ਤੋਹਫ਼ੇ ਨੇ ਹੀ ਜਨਮ ਦਿੱਤਾ ਹੈ | ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਔਰਤ ਦੀ ਨਿੰਦਿਆ ਨਹੀਂ ਕੀਤੀ ਸਗੋਂ ਔਰਤ ਦੇ ਸਤਿਕਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੂਬਸੂਰਤ ਉਪਦੇਸ਼ “ ਸੋ  ਕਿਉਂ ਮੰਦਾ ਆਖੀਐ , ਜਿਤ ਜੰਮਿਹ ਰਾਜਾਨ “ ਦੇ ਨਾਲ  ਵਡਿਆਈ ਕਰਕੇ ਸਮਾਜ ਦੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਕੀਤੀ |
                               ਔਰਤ ਇੱਕ ਕੋਮਲ ਦਿਲ , ਕੁਰਬਾਨੀਆਂ ਦੇ ਜਜ਼ਬੇ  ਨਾਲ ਭਰੀ ਹੋਈ ਸਹਿਣਸ਼ੀਲਤਾ ਦੀ ਮੂਰਤ ਹੈ | ਇਹ ਇੱਕ ਮਾਂ , ਭੈਣ , ਪਤਨੀ , ਬੇਟੀ ਅਤੇ ਅਨੇਕਾਂ ਮੋਹ ਭਰੇ ਰਿਸ਼ਤਿਆਂ ਦੀ ਤੰਦ ਨੂੰ ਮਜਬੂਤੀ ਨਾਲ ਗੰਢਦੀ ਹੋਈ ਇੱਕ ਵਿਲੱਖਣ ਸਮਾਜ ਸਿਰਜਦੀ ਹੈ | ਸਮਾਜ ਦੇ ਵਿੱਚ ਔਰਤ ਜਿੰਨੀਆਂ ਕੁਰਬਾਨੀਆਂ ਸ਼ਾਇਦ ਹੀ ਕੋਈ ਦੇ ਸਕਦਾ ਹੋਵੇ | ਔਰਤ ਦੀ ਕਾਬਲੀਅਤ ਨੂੰ ਪਰਖ ਕੇ ਦੇਖੋ ਤਾਂ ਸਹੀ , ਉਹ ਕੀ ਨਹੀਂ ਕਰ ਸਕਦੀ ? ਉਸ ਨੂੰ ਹੱਲਾ-ਸ਼ੇਰੀ , ਉਸਾਰੂ ਅਤੇ ਅਗਾਂਹ ਵਧੂ ਮਹੌਲ ਦੇ ਮੌਕੇ ਮਿਲਣ ਤਾਂ ਉਹ ਕਿਸੇ ਤੋਂ ਵੀ ਘੱਟ ਨਹੀਂ ਰਹਿੰਦੀ | ਪ੍ਰੰਤੂ ਸਾਡੇ ਸਮਾਜ ਨੇ ਔਰਤ ਨੂੰ ਅੱਗੇ ਵਧਣ ਦੇ ਮੌਕੇ ਹੀ ਨਹੀਂ ਦਿੱਤੇ ਉਸ ਨੂੰ ਤਾਂ ਸਿਰਫ਼ ਘਰ ਦੀ ਚਾਰ ਦੀਵਾਰੀ ਵਿੱਚ ਹੀ ਕੈਦ ਕਰ ਕੇ ਘਰ ਦੇ ਕੰਮ – ਧੰਦੇ , ਰੋਟੀ-ਟੁੱਕ ਅਤੇ ਬੱਚੇ ਪੈਦਾ ਕਰਨ ਦੇ ਯੋਗ ਹੀ ਸਮਝ ਰੱਖਿਆ ਹੈ | ਅਗਰ ਔਰਤ ਸਮਾਜ ਵਿੱਚ ਕੁੱਝ ਘੱਟ ਕਰ ਸਕੀ ਹੈ ਤਾਂ ਇਸ ਦਾ ਜੁੰਮੇਵਾਰ ਸਾਡਾ ਮਰਦ ਪ੍ਰਧਾਨ ਸਮਾਜ ਹੀ ਹੈ |
                            ਹੁਣ ਸਮੇਂ ਦੇ ਨਾਲ-ਨਾਲ ਬਹੁਤ ਤਬਦੀਲੀਆਂ ਆਈਆਂ ਹਨ | ਹੁਣ ਔਰਤਾਂ ਨੇ ਪੜ੍ਹ ਲਿਖ ਕੇ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿੱਕਲ ਕੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਅੰਬਰਾਂ ਵਿੱਚ ਉਡਾਰੀਆਂ ਲਾਕੇ ਉਹ ਕੁਝ ਕਰ ਵਿਖਾਇਆ ਹੈ ਜਿਸ ਨੂੰ ਸਾਡਾ ਸਮਾਜ ਅਸੰਭਵ ਸਮਝਦਾ ਸੀ | ਅੱਜ ਦੁਨੀਆਂ ਦਾ ਅਜਿਹਾ ਕਿਹੜਾ ਖੇਤਰ ਹੈ ਜਿਸ ਵਿੱਚ ਔਰਤਾਂ ਨੇ ਮੱਲਾਂ ਨਹੀ ਮਾਰੀਆਂ | ਦੇਸ਼ ਦੀ ਪ੍ਰਧਾਨ ਮੰਤਰੀ ਤੋਂ ਲੈਕੇ ਕਲਪਨਾ ਚਾਵਲਾ,ਪੁਲਿਸ ਦੇ ਉੱਚੇ ਅਹੁਦੇ ਤੇ ਸਰਹੱਦਾਂ ਦੀ ਰਾਖੀ,ਸਿੱਖਿਆ ਦੇ ਖੇਤਰ ਅਤੇ ਅਨੇਕਾਂ ਹੋਰ ਉੱਚੇ ਅਹੁਦਿਆਂ ਦੀ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਉਸ ਨੂੰ ਸਿਰਫ਼ ਲੋੜ ਹੈ ਮਰਦ ਦੇ ਸਾਥ ਅਤੇ ਪਿਆਰ ਦੀ | ਔਰਤ ਨੂੰ ਕਮਜ਼ੋਰ ਨਾਂ ਸਮਝੋ ਉਸ ਦੀਆਂ ਕੋਮਲ ਭਾਵਨਾਵਾਂ ਦੀ ਕਦਰ ਕਰੋ ਜੋ ਇਕ ਵਿਸ਼ਾਲ ਸਮੁੰਦਰ ਦੀ ਤਰਾਂ ਗਹਿਰੀਆਂ ਹੁੰਦੀਆਂ ਹਨ | ਜਿਸ ਦੀ ਗਹਿਰਾਈ ਨੂੰ ਮਾਪਣਾ ਅਤੇ ਮਹਿਸੂਸ ਕਰਨਾ ਸ਼ਾਇਦ ਸਮਾਜ ਦੇ ਲਈ ਗਵਾਰਾ ਨਹੀ |
             ਸਦੀਆਂ ਤੋਂ ਹੀ ਸਮਾਜ ਨੇ ਲੜਕੀਆਂ ਨਾਲ ਬਹੁਤ ਜਿਆਦਤੀਆਂ ਕੀਤੀਆਂ ਹਨ | ਪਿਛਲੇ ਸਮਿਆਂ ਵਿੱਚ ਧੀ ਨੂੰ ਜਨਮ ਲੈਦਿਆਂ ਹੀ ਗਲ ਵਿੱਚ ਗੂਠਾ ਜਾਂ ਕਿਸੇ ਹੋਰ ਤਰੀਕੇ ਨਾਲ ਮਾਰ ਮੁਕਾਇਆ ਜਾਂਦਾ ਸੀ | ਲੜਕੀ ਦਾ ਪਤੀ ਮਰ ਜਾਣ ਤੇ ਸਤੀ ਪ੍ਰਥਾ ਵੀ ਇੱਕ ਘਿਨਾਉਣੀ ਮਿਸਾਲ ਸੀ ਜਿਸ ਦੀ ਗੁਰੂਆਂ ਨੇ ਘੋਰ ਨਿੰਦਾ ਕੀਤੀ | ਅਜੋਕੇ ਵਿਗਿਆਨਕ ਯੁੱਗ ਵਿੱਚ ਇਹ ਅਤਿਆਚਾਰ ਹੋਰ ਵੀ ਘਿਨਾਉਣਾ ਹੋ ਗਿਆ | ਅੱਜ ਸਮਾਜ ਵਿੱਚ ਪੱਥਰ ਦੀਆਂ ਦੇਵੀਆਂ ਦੀ ਪੂਜਾ ਕਰਕੇ ਪਤਾ ਨਹੀਂ ਕਿਸ ਪ੍ਰਮਾਤਮਾਂ ਨੁੰ ਖੁਸ਼ ਕੀਤਾ ਜਾਂਦਾ ਹੈ | ਦੂਜੇ ਪਾਸੇ ਇਸੇ ਸਮਾਜ ਵਿੱਚ ਧੀਆਂ ਨੂੰ ਕੁੱਖ ਵਿੱਚ ਕਤਲ ਕਰਾ ਕੇ ਔਰਤ ਉੱਪਰ ਘਨਾਉਣਾ ਅਤਿਆਚਾਰ ਕੀਤਾ ਜਾਂਦਾ ਹੈ | ਲੜਕੀਆਂ ਨਾਲ  ਸ਼ੁਰੂ ਤੋਂ ਹੀ ਵਿਤਕਰਾ ਹੁੰਦਾ ਆਇਆ ਹੈ ਇਸ ਦੀ ਸ਼ੁਰੁਆਤ ਉਸ ਦੇ ਜਨਮ ਸਮੇਂ ਹੀ ਘਰ ਵਿੱਚ ਪਸਰੇ ਸੋਗ ਤੋਂ ਸ਼ੁਰੂ ਹੁੰਦੀ ਹੈ | ਅਸੀਂ ਲੜਕਿਆਂ ਦੇ ਜਨਮ ਦੀਆਂ ਤਾਂ ਖੁਸ਼ੀਆਂ ਮਨਾਉਂਦੇ ਹਾਂ ਪਰ ਧੀਆਂ ਦੇ ਜਨਮ ਦੀ ਖੁਸ਼ੀ ਕਿਉਂ ਨਹੀਂ ਮਨਾਉਂਦੇ ? ਹੁਣ ਸਮਾਜ ਪੜ੍ਹ – ਲਿਖ ਕੇ ਥੋੜਾ ਜਾਗਰੂਕ ਹੋਇਆ ਹੈ ਅੱਜ  ਕੁਝ ਅਗਾਂਹ ਵਧੂ ਪਰਿਵਾਰ   ਧੀਆਂ ਦੀਆਂ ਵੀ ਲੋਹੜੀਆਂ ਮਨਾਉਂਦੇ ਹਨ |ਇਹ ਚੰਗੇ ਵਰਤਾਰੇ ਦੀ ਸ਼ੁਰੁਆਤ ਹੈ |ਲੜਕੇ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀ ਹੁੰਦਾ ਫਿਰ ਜਾਇਦਾਦ ਦਾ ਵਾਰਿਸ ਲੜਕੇ ਨੂੰ ਹੀ ਕਿਓਂ ਸਮਝਿਆ ਜਾਂਦਾ ਹੈ ? ਲੜਕੀ ਨੂੰ ਉਸ ਦਾ ਬਣਦਾ ਹਿੱਸਾ ਵੀ ਨਹੀ ਦਿੱਤਾ ਜਾਂਦਾ , ਇਸ ਤੋਂ ਵੱਡਾ ਵਿਤਕਰਾ ਹੋਰ ਕੀ ਹੋ ਸਕਦਾ ਹੈ | ਕੁਝ ਕੁ ਮੰਦਿਰਾਂ ਅਤੇ ਮਸਜਿਦਾਂ ਵਿੱਚ ਵੀ ਔਰਤਾਂ ਨੂੰ ਪ੍ਰਵੇਸ਼ ਕਰਨ ਦੀ ਮਨਾਹੀ ਹੈ | ਸਾਡੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਵਿੱਚ ਵੀ ਔਰਤਾਂ ਨੂੰ ਕੀਰਤਨ ਕਰਨ ਦੀ ਇਜ਼ਾਜਤ ਨਹੀ ਹੈ | ਕੀ ਅਸੀਂ ਬਾਬਾ ਨਾਨਕ ਜੀ ਦੇ ਸਿਧਾਂਤਾਂ ਤੇ ਚੱਲ ਰਹੇ ਹਾਂ ?
                    ਸਾਡੇ ਮਰਦ ਪ੍ਰਧਾਨ ਸਮਾਜ ਦਾ ਮਾਨਸਿਕ ਤੌਰ ਤੇ ਬਿਮਾਰ ਹੋਣਾ ਹੀ  ਭਰੂਣ ਹੱਤਿਆ ਦਾ ਮੁੱਖ ਕਾਰਣ ਹੈ | ਇਸ ਘਿਨਾਉਣੇ ਜ਼ੁਰਮ ਦੀ ਹਿੱਸੇਦਾਰ ਔਰਤ ਵੀ ਹੈ | ਪੂਰੇ ਭਾਰਤ ਵਿੱਚ ਕੁੱਝ ਕੁ ਇਲਾਕਿਆਂ ਨੂੰ ਛੱਡ ਕੇ ਭਾਰਤ ਵਾਸੀ ਪੂਰੇ ਵਿਸ਼ਵ ਵਿੱਚ ਕੁੜੀ ਮਾਰ ਵਜੋਂ ਪ੍ਰਸਿੱਧ ਹਨ | ਲੜਕੀਆਂ ਦੀਆਂ ਖੁਸ਼ੀਆਂ ਨੂੰ ਨਾਂ ਸਮਝਦੇ ਹੋਏ ਉਸ ਦੀ ਜ਼ਿੰਦਗੀ ਦੇ ਫ਼ੈਸਲੇ ਸਾਡਾ ਮਰਦ ਪ੍ਰਧਾਨ ਸਮਾਜ ਕਰਦਾ ਹੈ | ਉਹ ਵਿਚਾਰੀ ਅਬਲਾ ਸਭ ਕੁਝ ਬਰਦਾਸ਼ਤ ਕਰਦੀ ਹੈ | ਜੇ ਕਰ ਉਹ ਆਪਣੀ ਮਰਜ਼ੀ ਕਰਦੀ ਹੈ ਤਾਂ ਪਰਿਵਾਰ ਉਸ ਨੂੰ ਆਪਣੇ ਉਪਰ ਕਲੰਕ ਸਮਝ ਕੇ ਅਣਖ ਦੀ ਖ਼ਾਤਿਰ ਕਤਲ ਕਰਨ ਦੀਆਂ ਵਾਰਦਾਤਾਂ , ਅੱਜ ਵੀ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਵੇਖਣ ਨੂੰ ਮਿਲਦੀਆਂ ਹਨ | ਹਰ ਪਰਿਵਾਰ ਨੂੰ ਬੇਟੀਆਂ ਦੇ ਭਵਿੱਖ ਦੀ ਚਿੰਤਾ ਜਰੂਰ ਹੁੰਦੀ ਹੈ | ਸਾਡੇ ਆਲੇ- ਦੁਆਲੇ ਦੀ ਘਟੀਆ ਮਾਨਸਿਕਤਾ ਹੋਣ ਕਰਕੇ ਛੋਟੀਆਂ- ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਮਹਿਫੂਜ਼ ਨਹੀਂ ਹੁੰਦੀਆਂ ਆਏ ਦਿਨ ਅਤਿ ਘਨਾਉਣੇ ਅਪਰਾਧਾਂ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ | ਇਨ੍ਹਾਂ ਅਪਰਾਧਾਂ ਨੂੰ ਬੜਾਵਾ ਦੇਣ ਵਿੱਚ ਸਾਡੇ ਲੱਚਰਤਾ ਪਰੋਸਣ ਵਾਲੇ ਕੁਝ ਕੁ ਲੰਡੂ ਗਾਇਕਾਂ ਨੇ ਵੀ ਕੋਈ ਕਸਰ ਨਹੀ ਛੱਡੀ | ਸਾਨੂੰ ਆਜ਼ਾਦ ਹੋਇਆਂ ਭਾਵੇਂ 73 ਸਾਲ ਹੋ ਗਏ ਹਨ ਅੱਜ ਵੀ ਸਾਡੀਆਂ ਸਰਕਾਰਾਂ ਔਰਤਾਂ ਦੀ ਹਿਫ਼ਾਜਤ ਦਾ ਪੁਖਤਾ ਪ੍ਰਬੰਧ ਨਹੀਂ ਕਰ ਸਕੀਆਂ, ਕਾਨੂੰਨ ਭਾਵੇਂ ਲੱਖ ਬਣੇ ਹੋਣ |
                                        ਲੜਕੀ ਦੀ ਬਚਪਨ ਤੋਂ ਹੀ ਟੋਕ- ਟਕਾਈ ਉਸ ਦੇ ਮਾਨਸਿਕ ਬੋਧ ਦਾ ਵਿਕਾਸ  ਨਹੀਂ ਹੋਣ ਦਿੰਦੀ | ਉਸਨੂੰ ਸੁਤੰਤਰਤਾ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ ਜਾਂਦਾ | ਉਸ ਦੇ ਉੱਠਣ- ਬੈਠਣ, ਖਾਣ- ਪਹਿਨਣ , ਆਉਣ ਜਾਣ ਅਤੇ ਆਜ਼ਾਦ ਵਿਚਾਰਾਂ ਨੂੰ ਸਮਾਜਿਕ ਜੰਜੀਰਾਂ ਵਿੱਚ ਜਕੜ ਰਖਿਆ ਹੈ | ਔਰਤ ਨੂੰ  ਆਪਣੀ ਉਮਰ ਦੇ ਤਿੰਨੇ ਪੜਾਵਾਂ ਵਿੱਚ ਮਰਦ ਦਾ ਗ਼ੁਲਾਮ ਰਹਿਣਾ ਪੈਦਾ ਹੈ | ਬਚਪਨ ਵਿੱਚ ਪਿਓ , ਜਵਾਨੀ ਵਿੱਚ ਭਰਾ, ਪਤੀ ਅਤੇ ਬੁਢਾਪੇ ਵਿੱਚ ਪੁੱਤਾਂ ਦੇ ਅਧੀਨ ਹੀ ਜਿੰਦਗੀ ਬਸ਼ਰ ਕਰਨੀ ਪੈਦੀ ਹੈ |  ਚਾਵਾਂ ਲਾਡਾਂ ਨਾਲ ਪਾਲੀਆਂ ਧੀਆਂ ਧਿਆਣੀਆਂ ਨੂੰ ਸਮਾਜ ਦੇ ਦਸਤੂਰ ਅਨੁਸਾਰ ਇੱਕ ਦਿਨ ਆਪਣੀ ਜ਼ਿੰਦਗੀ ਦਾ ਦੂਸਰਾ ਸਫ਼ਰ ਸ਼ੁਰੂ ਕਰਨ ਲਈ ਇੱਕ ਦਿਨ ਮਾਪਿਆਂ ਦੇ ਘਰੋਂ ਵਿਦਾ ਹੋਣਾ ਪੈਦਾ ਹੈ | ਮਾਪਿਆਂ ਦੇ ਘਰ ਧੀਆਂ ਬੇਗਾਨਾ ਧਨ ਹੀ ਹੁੰਦੀਆਂ ਹਨ ਅਸਲੀ ਘਰ ਤਾਂ ਉਸ ਦਾ ਸੌਹਰਾ ਪਰਿਵਾਰ ਹੀ ਹੁੰਦਾ ਹੈ | ਦੋ- ਦੋ ਘਰਾਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੀਆਂ ਧੀਆਂ ਬੇਗਾਨੀਆਂ ਹੋਕੇ ਕਿਉਂ ਰਹਿ ਜਾਂਦੀਆਂ ਨੇ ? ਮਾਪੇ ਤਾਂ ਉਹਨਾਂ ਨੂੰ ਜਨਮ ਦੇਕੇ ਪਾਲਣ ਪੋਸ਼ਣ ਅਤੇ ਯੋਗ ਬਣਾਉਣ ਲਈ ਹੀ ਆਪਣਾ ਸਾਰਾ ਕੁਝ ਵਾਰ ਕੇ ਜਿੰਮੇਵਾਰੀ ਨਿਭਾਉਂਦੇ ਹਨ |
                                       ਵਿਆਹ ਦੇ ਸਫ਼ਰ ਦੀ ਸ਼ੁਰੁਆਤ ਉਸ ਦੀ ਦੇਖ - ਦਿਖਾਈ ਤੋਂ ਸ਼ੁਰੂ ਹੁੰਦੀ ਹੈ |ਲੜਕੀ ਨੂੰ ਪਹਿਲੀ ਨਜ਼ਰੇ ਉਸ ਦੇ ਰੰਗ ਰੂਪ ਅਤੇ ਕੱਦ-ਕਾਠ ਤੋਂ ਹੀ ਵੇਖਿਆ ਜਾਂਦਾ ਹੈ |ਲੇਕਿਨ ਸਰੀਰ ਅਤੇ ਰੰਗ-ਰੂਪ ਨਾਲੋਂ ਵੀ ਅੱਗੇ ਉਹਨਾਂ ਦੀ ਕੋਈ ਹੋਂਦ ਹੁੰਦੀ ਹੈ  | ਜਿਸ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ | ਲੜਕੀਆਂ ਵਿੱਚ ਹਜ਼ਾਰਾਂ ਗੁਣਾਂ ਦੀ ਉਮੀਦ ਕੀਤੀ ਜਾਂਦੀ ਹੈ | ਭਾਰਤੀ ਸਮਾਜ ਦਾਜ ਦੀ ਪ੍ਰਥਾ ਤੋਂ ਬੁਰੀ ਤਰਾਂ ਗ੍ਰਸਤ ਹੈ | ਭਾਵੇਂ ਲੜਕੀ ਪੜ੍ਹ ਲਿਖ ਕੇ ਡਾਕਟਰ, ਇੰਜਨੀਅਰ,ਪੁਲਿਸ ਅਫ਼ਸਰ ਜਾਂ ਪ੍ਰਸ਼ਾਸਨਿਕ ਅਧਕਾਰੀ ਹੀ ਕਿਉਂ ਨਾਂ ਬਣ ਜਾਵੇ | ਉਸ ਤੋਂ  ਵੀ ਦਾਜ ਦੀ ਉਮੀਦ ਰੱਖੀ ਜਾਂਦੀ ,ਅਜਿਹਾ ਕਿਉਂ ? ਉਸ ਦੀ ਹਰ ਯੋਗਿਤਾ ਕਿਸੇ ਦਾਜ ਤੋਂ ਘੱਟ ਹੁੰਦੀ ਹੈ ? ਅੱਜ ਵੀ ਅਸੀਂ ਵਿਆਹ ਸ਼ਾਦੀਆਂ ਵਿੱਚ ਬੇਟੀਆਂ ਦਾ ਕੰਨਿਆ ਦਾਨ ਕਰਦੇ ਹਾਂ ਜਿਵੇਂ ਉਹ ਕੋਈ ਮੱਝ ਗਾਂ ਜਾਂ ਕੋਈ ਹੋਰ ਵਸਤੂ ਹੋਵੇ |ਵਿਆਹ ਵੇਲੇ ਖਰਚੇ ਦੀ ਬਹੁਤਾਤ , ਮੂੰਹ ਮੰਗੀਆਂ ਦਾਜ ਦੀਆਂ ਲਿਸਟਾਂ ਅਤੇ ਔਰਤ ਦਾ ਬਜ਼ਾਰੀਕਰਣ ਇਹ ਔਰਤ ਦੀ ਤਰੱਕੀ ਨਹੀਂ ਸਗੋਂ ਸ਼ੋਸ਼ਣ ਦੀਆਂ ਮਿਸਾਲਾਂ ਹਨ | ਨਾ ਸਿਰਫ਼ ਵਿਆਹ ਸਮੇਂ ਸਗੋਂ  ਸਹੁਰੇ ਪਰਿਵਾਰ ਵਿੱਚ ਕਿਸੇ ਵੀ ਪ੍ਰੋਗਰਾਮ ਜਾਂ ਤਿਉਹਾਰ ਮੌਕੇ ਕੁੜੀ ਦੇ ਪੇਕਿਆਂ ਤੋਂ ਤੋਹਫ਼ੇ ਤੇ ਕੀਮਤੀ ਵਸਤਾਂ ਦੀ ਆਸ ਰੱਖੀ ਜਾਂਦੀ ਹੈ | ਜੇਕਰ ਸਹੁਰਿਆਂ ਦੀਆਂ ਆਸਾਂ ਪੂਰੀਆਂ ਨਾ ਹੋਣ ਤਾਂ ਤਾਹਨੇ- ਮੇਹਣੇ ਸ਼ੁਰੂ ਹੁੰਦੇਂ ਹਨ | ਤੇ ਅੱਗੇ ਜਾ ਕੇ ਸਰੀਰਕ ਤੇ ਮਾਨਸਿਕ ਹਿੰਸਾ ਕਤਲ ਤੇ ਖੁਦਕੁਸ਼ੀ ਲਈ ਮਜ਼ਬੂਰ ਕਰ ਦੇਣ ਤੱਕ ਦੀ ਨੌਬਤ ਆ ਜਾਂਦੀ ਹੈ |ਇਸ ਦਾਜ ਦੀ ਪ੍ਰਥਾ ਨੂੰ ਖਤਮ ਕਰਨ ਲਈ ਨਵੀਂ ਪੀੜੀ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਜੋ ਸਮਾਜ ਵਿੱਚ ਨਵੀਂ ਚੇਤਨਾ ਪੈਦਾ ਹੋ ਸਕੇ |ਪੜੇ ਲਿਖੇ ਮੁੰਡੇ ਕੁੜੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨਿੱਜੀ ਚੋਣ ਅਤੇ ਕਾਬਲੀਅਤ ਦੇ ਆਧਾਰ ਤੇ ਹੀ ਵਿਆਹ ਦੇ ਫ਼ੈਸਲੇ ਲੈਣ | ਦਾਜ ਮੰਗਣ ਵਾਲੇ ਪਰਿਵਾਰਾਂ ਵਿੱਚ ਵਿਆਹ ਕਰਨ ਤੋਂ ਇਨਕਾਰ ਕਰਨ |ਇਸ ਉਪਰਾਲੇ ਨਾਲ ਜਿੱਥੇ ਸੌਦੇਬਾਜ਼ੀ ਦਾ ਪ੍ਰਭਾਵ ਘੱਟ ਹੋਵੇਗਾ ਉਥੇ ਔਰਤ ਨੂੰ ਸਮਾਜ ਵਿੱਚ ਬਣਦਾ ਸਨਮਾਨ ਵੀ ਮਿਲੇਗਾ |
                                               ਲੜਕੇ ਵਾਲਿਆਂ ਨੂੰ ਤਾਂ ਲੜਕੀ ਵਾਲੇ ਪਰਿਵਾਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਪਰਿਵਾਰ ਦੇ ਇੱਕ ਬੱਚੇ ਨੂੰ ਜਨਮ ਤੋਂ ਲੈਕੇ ਵਿਆਹ ਤੱਕ ਉਸ ਦੇ ਪਾਲਣ - ਪੋਸਣ,ਪੜਾਉਣ-ਲਿਖਾਉਣ ਅਤੇ  ਘਰੇਲੂ ਕੰਮ ਧੰਦੇ ਵਿੱਚ ਨਿਪੁੰਨ ਕਰਕੇ ਜਾਨ ਤੋਂ ਪਿਆਰੇ ਮੈਂਬਰ ਨੂੰ ਦੂਜੇ ਪਰਿਵਾਰ ਜਿਸ ਬਾਰੇ ਅਸੀਂ ਬਹੁਤਾ ਕੁਝ ਜਾਣਦੇ ਵੀ ਨਹੀਂ ਹੁੰਦੇ ਉਸ ਨੂੰ ਵਿਆਹ ਦੇ ਰੂਪ ਵਿੱਚ ਸੌਂਪ ਕੇ ਖੁਸ਼ੀਆਂ ਦੀ ਉਮੀਦ ਰੱਖਦੇ ਹਾਂ |ਸਾਡੇ ਸਮਾਜ ਵਿੱਚ ਲੜਕੇ ਵਾਲੇ ਜ਼ਿਆਦਾ ਤਰ ਲੜਕੀ ਵਾਲਿਆਂ ਨੂੰ ਨੀਵਾਂ ਸਮਝਦੇ ਹਨ ਉਹ ਕਿਉਂ ?  ਕੁੱਝ ਦੇਣ ਵਾਲਾ ਹੀ ਹਮੇਸ਼ਾਂ ਉੱਚਾ ਹੁੰਦਾ ਹੈ ਲੈਣ ਵਾਲੇ ਨੂੰ ਤਾਂ ਅਹਿਸਾਨਮੰਦ ਹੋਣਾ ਚਾਹੀਦਾ ਹੈ | ਪਰਿਵਾਰ ਵਿੱਚ ਸ਼ਾਮਲ ਹੋਏ ਨਵੇਂ ਬੱਚੇ ਦੀਆਂ ਖੁਸ਼ੀਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਹੋਲੀ- ਹੋਲੀ ਉਸ ਨੂੰ ਵਧੀਆ ਮਹੌਲ ਸਿਰਜ ਕੇ ਪਰਿਵਾਰ ਵਿੱਚ ਢਾਲ ਲੈਣਾ ਚਾਹੀਦਾ ਹੈ | ਲੈਣ ਦੇਣ ਦੀਆਂ ਫੋਕੀਆਂ ਸੌਹਰਤਾਂ ਤੋਂ ਉਪਰ ਉਠ ਕੇ ਸਮਾਜ ਨੂੰ ਨਵੀਆਂ ਸੇਧਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਦੋਨਾਂ ਪਰਿਵਾਰਾਂ ਦਾ ਸਿਰ ਫ਼ਖਰ ਨਾਲ ਉਚਾ ਹੋਵੇ ਤੇ ਪਰਿਵਾਰਕ ਮਹੌਲ ਖੁਸ਼ਗਵਾਰ ਹੋਵੇ , ਇਹ ਸਭ ਲੜਕੇ ਵਾਲੇ ਪਰਿਵਾਰ ਤੇ ਨਿਰਭਰ ਕਰਦਾ ਹੈ | ਔਰਤ ਦਾ ਸਤਿਕਾਰ ਹੀ ਨਰੋਏ ਸਮਾਜ ਦੀ ਸਿਰਜਣਾ ਕਰਦਾ ਹੈ | ਵਿਵਾਹਿਤ ਧੀਆਂ ਦੀਆਂ ਖੁਸ਼ੀਆਂ ਤੇ ਸੁਰੱਖਿਅਤ ਮਾਹੌਲ ਹੀ ਬੱਚੀਆਂ ਨੂੰ ਭਰੂਣ ਹੱਤਿਆ ਤੋਂ ਨਿਜ਼ਾਤ ਦਿਵਾ ਸਕਦਾ ਹੈ | ਤਾਂ ਜੋ ਔਰਤ ਨੂੰ ਵੀ ਸਮਾਜ ਵਿੱਚ ਰਹਿ ਕੇ ਆਪਣੀ ਪ੍ਰਤਿਭਾ ਨੂੰ ਵਿਖਾਉਣ ਅਤੇ ਸਤਿਕਾਰਤ ਸਥਾਨ ਮਿਲਣ ਦਾ ਮਾਣ ਮਹਿਸੂਸ ਹੋਵੇ |

samsun escort canakkale escort erzurum escort Isparta escort cesme escort duzce escort kusadasi escort osmaniye escort