ਕਵਿਤਾਵਾਂ

  •    ਬੇਟੀ ਬਚਾਓ ਬੇਟੀ ਪੜਾਉ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਰਾਤ ਦਾ ਸਫਰ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਤੇਰਾ ਸ਼ੁਕਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਸ਼ਬਦਾਂ ਦਾ ਵਰਦਾਨ / ਵਿਵੇਕ (ਕਵਿਤਾ)
  •    ਨਾ ਮਹਿਰਮ ਸਕੇਂ ਪਛਾਣ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਬਲਜਿੰਦਰ ਸਿੰਘ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦੋਹੇ / ਮਹਿੰਦਰ ਮਾਨ (ਕਵਿਤਾ)
  •    ਲਲਕਾਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਮੈਂ ਆਸਿਫਾ,ਮਨੀਸ਼ਾ ਬੋਲਦੀ ਹਾਂ / ਬਲਤੇਜ ਸੰਧੂ ਬੁਰਜ (ਕਵਿਤਾ)
  •    ਅੰਨਦਾਤਾ / ਕੁਲਤਾਰ ਸਿੰਘ (ਕਵਿਤਾ)
  •    ਗ਼ਜ਼ਲ / ਕੁਲਦੀਪ ਚਿਰਾਗ਼ (ਗ਼ਜ਼ਲ )
  •    ਦੀਵਾਲੀ / ਬੂਟਾ ਗੁਲਾਮੀ ਵਾਲਾ (ਗੀਤ )
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਮੈਂ ਅੱਜ ਦੀ ਨਾਰੀ / ਜਸਕਰਨ ਲੰਡੇ (ਗੀਤ )
  • ਇਕ ਕਰਮਯੋਗੀ ਦੀ ਕਥਾ (ਸਵੈ ਜੀਵਨੀ )

    ਜਰਨੈਲ ਸਿੰਘ ਸੇਖਾ    

    Email: jsekha@hotmail.com
    Phone: +1 604 543 8721
    Address: 7004 131 ਸਟਰੀਟ V3W 6M9
    ਸਰੀ British Columbia Canada
    ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਉਹ ਆਪਣੇ ਬਾਪ ਦਾ ਜੇਠਾ ਪੁੱਤਰ ਸੀ ਤੇ ਸੀ ਵੀ ਹੁੰਦੜ-ਹੇਲ। ਅਜੇ ਉਹ ਦਸ ਗਿਆਰਾਂ ਸਾਲ ਦਾ ਹੀ ਹੋਇਆ ਸੀ, ਜਦੋਂ ਉਸ ਦੇ ਹੱਥ ਵਿਚ ਹਲ਼ ਦੀ ਹੱਥੀ ਫੜਾ ਦਿੱਤੀ ਗਈ, ਭਾਵੇਂ ਕਿ ਉਹ ਆਪ ਅਜੇ ਮਸਾਂ ਹੀ ਹਲ਼ ਦੇ ਮੁੰਨੇ ਬਰਾਬਰ ਹੋਇਆ ਸੀ। ਉਹ ਕੋਈ ਸ਼ੌਕ ਨਾਲ ਹਲ਼ ਵਾਹੁਣ ਨਹੀਂ ਸੀ ਜਾਂਦਾ ਸਗੋਂ ਉਸ ਨੂੰ ਉਹਦੇ ਦਾਦੇ ਨੇ ਹਲ਼ ਮਗਰ ਲਾਇਸ਼ਾ ਸੀ। ਕਾਰਨ ਇਹ ਸੀ ਕਿ ਉਸ ਦਾ ਦਾਦਾ ਬੜਾ ਕਾਨੂੰਨੀ ਸੀ। ਉਹ ਪਿੰਡ ਦੀਆਂ ਜ਼ਮੀਨਾਂ ਦੇ ਝਗੜੇ ਮੁੱਲ ਲੈ ਲੈਂਦਾ ਸੀ। ਭਾਵ; ਝਗੜੇ ਵਾਲੀ ਜ਼ਮੀਨ ਦੇ ਮਾਲਕ ਨਾਲ ਇਕਰਾਰਨਾਮਾ ਕਰ ਲੈਂਦਾ ਸੀ ਕਿ ਜਿੱਤ ਜਾਣ ਦੀ ਸੂਰਤ ਵਿਚ ਕੁਝ ਜ਼ਮੀਨ ਦਾ ਹਿੱਸਾ ਗਹਿਣੇ ਜਾਂ ਬੈਅ ਲੈ ਲਵੇਗਾ। ਫਿਰ ਉਸ ਕੋਲੋਂ ਮੁਖਤਿਆਰਨਾਮਾ ਲੈ ਕੇ ਆਪ ਤਹਿਸੀਲ, (ਮੋਗਾ), ਜ਼ਿਲੇ (ਫੀਰੋਜ਼ਪੁਰ) ਤੇ ਰਾਜਧਾਨੀ (ਲਾਹੌਰ) ਤਕ ਤਰੀਕਾਂ ਭੁਗਤਣ ਜਾਂਦਾ ਰਹਿੰਦਾ ਸੀ। ਇਸ ਤਰ੍ਹਾਂ ਉਸ ਨੇ ਆਪਣੀ ਦਸ ਘੁਮਾਂ ਜੱਦੀ ਜ਼ਮੀਨ ਦੇ ਨਾਲ ਕੁਝ ਹੋਰ ਜ਼ਮੀਨ ਬੈਅ ਜਾਂ ਗਹਿਣੇ ਰਖਵਾ ਕੇ ਦੋ ਹਲ਼ ਦੀ ਵਾਹੀ ਕਰ ਲਈ ਹੋਈ ਸੀ।

     ਮੇਰੇ ਪੜਦਾਦੇ ਦੇ ਦੋ ਪੁੱਤਰ ਤੇ ਇਕ ਧੀ ਸੀ। ਵੱਡੇ ਪੁੱਤਰ ਦੀ ਤੇਰਾਂ ਚੌਦਾਂ ਸਾਲ ਦੀ ਉਮਰ ਵਿਚ ਹੀ ਮੌਤ ਹੋ ਗਈ ਸੀ ਅਤੇ ਦੂਜਾ ਪੁੱਤਰ, ਮੇਰਾ ਦਾਦਾ ਇਕੱਲਾ ਰਹਿ ਗਿਆ। ਇਕ ਤਾਂ ਉਹ ਛੋਟਾ ਹੋਣ ਕਰਕੇ ਪਹਿਲਾਂ ਹੀ ਲਾਡਲਾ ਰੱਖਿਆ ਹੋਇਆ ਸੀ। ਵੱਡੇ ਪੁੱਤਰ ਦੇ ਮਰਨ ਤੋਂ ਬਾਅਦ ਉਸ ਵੱਲ ਹੋਰ ਵੀ ਬਹੁਤਾ ਧਿਆਨ ਦਿੱਤਾ ਜਾਣ ਲੱਗਾ। ਉਸ ਨੂੰ ਕਦੀ ਵੀ ਕੰਮ ਕਰਨ ਲਈ ਨਹੀਂ ਸੀ ਆਖਿਆ ਜਾਂਦਾ। ਕਈ ਬੱਚੇ ਤਾਂ ਇੰਨੇ ਲਾਡ ਨਾਲ ਵਿਗੜ ਜਾਂਦੇ ਹਨ ਪਰ ਉਹ ਸਾਧੂ ਸੁਭਾਅ ਦਾ ਬੰਦਾ ਸੀ। ਖੇਤਾਂ ਵੱਲ ਜਾਂਦਾ ਤਾਂ ਤੋਰੀਆਂ, ਕੱਦੂਆਂ, ਅੱਲਾਂ ਆਦਿ ਸਬਜ਼ੀਆਂ ਦੇ ਬੀਜ ਦਰਖ਼ੱਤਾਂ ਦੀਆਂ ਜੜਾਂ 'ਚ ਲਾ ਜਾਂਦਾ। ਟਿੰਡੋਆਂ, ਭਿੰਡੀਆਂ ਦੇ ਬੀਜ ਦੂਸਰਿਆਂ ਦੀਆਂ ਕਪਾਹਾਂ ਵਿਚ ਵੀ ਬੀਜ ਦਿੰਦਾ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਕਰ ਦਿੱਤਾ। ਉਸ ਦੇ ਇਕ ਧੀ ਅਤੇ ਚਾਰ ਪੁੱਤਰ ਹੋਏ। ਪੜਦਾਦੇ ਨੇ ਬੜੇ ਲਾਡਾਂ ਮਲ੍ਹਾਰਾਂ ਨਾਲ ਪਾਲ਼ੇ ਆਪਣੇ ਇਕੋਲਤੇ ਪੁੱਤਰ ਨੂੰ ਬਚਪਨ ਤੋਂ ਹੀ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਜਵਾਨੀ ਪਹਿਰੇ ਵੀ ਉਸ ਨੂੰ ਖੇਤੀ ਬਾੜੀ ਦੇ ਉਤਲੇ ਕੰਮਾਂ 'ਤੇ ਹੀ ਰੱਖਿਆ ਪਰ ਹਲ਼ ਦੀ ਹੱਥੀ ਨਾ ਫੜਾਈ। ਉਸ ਨੂੰ ਤਾਂ ਹਲ਼ ਦੀ ਹੱਥੀ ਨਾ ਫੜਾਈ ਪਰ ਅਗਾਂਹ ਉਸ ਦੇ ਜੇਠੇ ਪੁੱਤਰ ਨੂੰ ਸਕੂਲ ਘੱਲਣ ਦੀ ਥਾਂ ਹਲ਼ ਮਗਰ ਲਾ ਦਿੱਤਾ ਸੀ। ਛੋਟੀ ਉਮਰ ਵਿਚ ਹਲ਼ ਦੀ ਹੱਥੀ ਫੜਨ ਵਾਲਾ ਸ. ਮੁਹਿੰਦਰ ਸਿੰਘ ਸਰਾ ਉਰਫ ਮੰਦਰ ਸਿੰਘ, ਮੇਰਾ ਬਾਪ ਸੀ ਜਿਸ ਨੂੰ ਅਸੀਂ 'ਬਾਈ' ਕਹਿੰਦੇ ਸੀ। ਉਸ ਦਾ ਜਨਮ ਵੀਹਵੀਂ ਸਦੀ ਚੜ੍ਹਨ ਦੇ ਸਾਲ ਹੋਇਆ ਸੀ। ਉਸ ਦੇ ਦੱਸਣ ਅਨੁਸਾਰ, "ਮੈਂ ਵੱਡੀ ਜੰਗ ਲੱਗਣ ਤੋਂ ਬਹੁਤ ਪਹਿਲਾਂ ਹਲ਼ ਵਾਹਕ ਬਣ ਗਿਆ ਸੀ।"
     ਪੜਦਾਦੇ ਵਲੋਂ ਬਾਈ ਨੂੰ ਆਪਣੇ ਸੀਰੀ ਨਾਲ ਹਲ ਵਾਹੁਣ ਲਈ ਤੋਰ ਦਿੱਤਾ ਜਾਂਦਾ ਸੀ। ਇਕ ਦਿਨ ਸੀਰੀ ਕੁਝ ਢਿੱਲਾ ਸੀ। ਉਸ ਨੇ ਆਪਣੇ ਮੁੰਡੇ ਨੂੰ ਕੰਮ 'ਤੇ ਘੱਲ ਦਿੱਤਾ ਜਿਹੜਾ ਬਾਈ ਦਾ ਹਾਣੀ ਸੀ। ਉਸ ਦਿਨ ਉਹ ਬੰਬੀਹਾ ਭਾਈ ਦੇ ਰਾਹ 'ਤੇ ਬੂਰ ਆਲੀ ਛੱਪੜੀ ਕੋਲ, ਹਲ਼ ਵਾਹ ਰਹੇ ਸਨ। ਉਨ੍ਹਾਂ ਨੂੰ ਹਲ ਵਾਹੁੰਦਿਆਂ ਦੇਖ ਰਾਹ ਜਾਂਦੇ ਰਾਹੀਆਂ ਵਿਚੋਂ ਇਕ ਬੋਲਿਆ, "ਉਧਰ ਦੇਖ, ਜੁਆਕਾਂ ਦੇ ਹੱਥ ਤਾਂ ਹੱਥੀ ਤਾਈਂ ਅਪੜਦੇ ਨਈਂ ਤੇ ਹਲ਼ ਵਾਹੁਣ ਲੱਗੇ ਹੋਏ ਨੇ।"
    "ਇਹਨਾਂ ਮਛੋਹਰਾਂ ਦੇ ਮਾਂ ਪਿਉ ਨਹੀਂ ਹੋਣੇ।" ਦੂਜੇ ਨੇ ਜਵਾਬ ਦਿੱਤਾ।
     ਬਾਈ ਨੇ ਰਾਹੀਆਂ ਦੀ ਗੱਲ ਤਾਂ ਸੁਣ ਲਈ ਸੀ ਪਰ ਉਸ ਅੱਗੋਂ ਕੁਝ ਨਹੀਂ ਸੀ ਕਿਹਾ। ਉਸ ਨੂੰ 'ਮਛੋਹਰ' ਦੇ ਮਤਲਬ ਦਾ ਵੀ ਪਤਾ ਨਹੀਂ ਸੀ। ਉਸ ਨੇ ਘਰ ਜਾ ਕੇ ਆਪਣੀ ਦਾਦੀ ਕੋਲੋਂ ਪੁੱਛਿਆ ਕਿ 'ਮਛੋਹਰ' ਕਿਸ ਨੂੰ ਆਖਦੇ ਹਨ?
    "ਜਿਸ ਮੁੰਡੇ ਦੀ ਮਾਂ ਮਰੀ ਹੋਵੇ, ਉਹਨੂੰ ਮਛੋਰ੍ਹ ਕਹਿੰਦੇ ਐ।" ਉਸ ਦੀ ਮਾਂ ਮਰ ਗਈ ਹੋਣ ਕਰ ਕੇ ਦਾਦੀ ਨੇ ਸਮਝਿਆ ਕਿਸੇ ਤੀਵੀਂ ਨੇ ਉਸ ਲਈ ਕੁਝ ਹਮਦਰਦੀ ਦੇ ਬੋਲ ਬੋਲੇ ਹੋਣਗੇ।
    "ਪਰ ਉਹ ਤਾਂ ਕਹਿੰਦੇ ਸੀ, ਇਹਨਾਂ ਦੇ ਮਾਂ ਪਿਉ ਮਰ ਗਏ ਹੋਣਗੇ।"
    "ਕੀਹਨੇ ਕਿਹਾ ਇਹ ਤੈਨੂੰ, ਮੈਂ ਉਹਨੂੰ ਪੁੱਛਾਂ ਜਾ ਕੇ!" ਉਹਦੀ ਦਾਦੀ ਗੁੱਸੇ ਵਿਚ ਬੋਲੀ।
    "ਬੂਰ ਆਲੀ ਕੋਲ ਬੰਬੀਹੇ ਵਲ ਨੂੰ ਰਾਹ ਜਾਂਦੇ ਰਾਹੀਆਂ ਨੇ ਸਾਨੂੰ ਮਛੋਹਰ ਕਿਹਾ ਸੀ।" ਮੁੰਡੇ ਨੇ ਬੜਾ ਭੋਲ਼ਾ ਜਿਹਾ ਮੂੰਹ ਬਣਾ ਕੇ ਕਿਹਾ। ਉਸ ਦੀ ਦਾਦੀ ਨੇ ਫਿਰ ਕੁਝ ਨਹੀਂ ਸੀ ਕਿਹਾ। ਉਸ ਨੂੰ ਬੁੱਕਲ ਵਿਚ ਲੈ ਕੇ ਰੋਣ ਲੱਗ ਪਈ ਸੀ। ਸ਼ਾਇਦ ਉਸ ਨੂੰ ਆਪਣੇ ਪੋਤਰੇ 'ਤੇ ਤਰਸ ਆ ਗਿਆ ਹੋਵੇ। ਉਸ ਦੀ ਮਾਂ ਮਰੀ ਨੂੰ ਬਹੁਤਾ ਚਿਰ ਨਹੀਂ ਸੀ ਹੋਇਆ। ਉਂਞ ਵੀ ਉਸ ਦੀ ਮਾਂ ਦੀ ਦੋ ਵਾਰ ਮੌਤ ਹੋਈ ਸੀ। ਇਕ ਵਾਰ ਉਸ ਦੀ ਉਦੋਂ ਮੌਤ ਹੋ ਗਈ, ਜਦੋਂ ਉਸ ਦੇ ਇਕ ਧੀ ਤੇ ਦੋ ਪੁੱਤਰ ਸਨ। ਉਹ ਸਾਰੀ ਰਾਤ ਮਰੀ ਰਹੀ ਸੀ। ਜਦੋਂ ਸਵੇਰ ਸਮੇਂ ਉਸ ਨੂੰ ਸ਼ਮਸ਼ਾਨ ਘਾਟ ਲਿਜਾਣ ਲਈ ਔਰਤਾਂ ਇਸ਼ਨਾਨ ਕਰਾਉਣ ਲੱਗੀਆਂ ਤਾਂ ਇਕ ਸਿਆਣੀ ਔਰਤ ਨੂੰ ਉਸ ਦਾ ਸਰੀਰ ਕੁਝ ਨਿੱਘਾ ਜਿਹਾ ਮਹਿਸੂਸ ਹੋਇਆ। ਉਸ ਨੇ ਅੱਖਾਂ ਨੂੰ ਉਘਾੜ ਕੇ ਦੇਖਿਆ ਤਾਂ ਅੱਖਾਂ ਦੀਆਂ ਪੁਤਲੀਆਂ ਵਿਚ ਵੀ ਮਾਮੂਲੀ ਜਿਹੀ ਹਰਕਤ ਦਿਸੀ। ਅਸਲ ਵਿਚ ਉਸ ਦੀ ਮੌਤ ਨਹੀਂ ਸੀ ਹੋਈ, ਦਿਲ ਦੀ ਧੜਕਣ ਕੁਝ ਸਮਾਂ ਬੰਦ ਜੋ ਜਾਣ ਕਾਰਨ ਉਹ ਡੂੰਘੀ ਬੇਹੋਸ਼ੀ ਵਿਚ ਚਲੀ ਗਈ ਸੀ ਜਿਸ ਕਾਰਨ ਉਸ ਨੂੰ ਮਰੀ ਸਮਝ ਲਿਆ ਗਿਆ ਸੀ। ਜੇ ਦਿਨ ਦਾ ਸਮਾਂ ਹੁੰਦਾ ਤਾਂ ਹੋ ਸਕਦੈ ਕਿ ਉਸ ਦਾ ਸਸਕਾਰ ਕਰ ਦਿੱਤਾ ਜਾਂਦਾ। ਆਥਣ ਸਮੇਂ ਮਰੀ ਹੋਣ ਕਰ ਕੇ ਸਾਰੀ ਰਾਤ ਪਰਿਵਾਰ ਉਸ ਦੇ ਸਰਹਾਣੇ ਬੈਠਾ ਰਿਹਾ। ਸਵੇਰ ਸਮੇਂ ਉਹ ਡੂੰਘੀ ਬੇਹੋਸ਼ੀ 'ਚੋਂ ਬਾਹਰ ਆ ਗਈ। ਉਸ ਮਗਰੋਂ ਉਸ ਦੇ ਦੋ ਮੁੰਡੇ ਹੋਰ ਹੋਏ। ਛੋਟੇ ਮੁੰਡੇ ਦੇ ਜਨਮ ਤੋਂ ਬਾਅਦ ਉਹ ਫੇਰ ਕਿਸੇ ਗੰਭੀਰ ਬਿਮਾਰੀ ਕਾਰਨ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ। ਇਹੋ ਕਾਰਨ ਸੀ ਕਿ ਮਾਂ ਮਛੋਹਰ ਹੋ ਜਾਣ 'ਤੇ ਪੜਦਾਦੀ ਆਪਣੇ ਪੋਤਿਆਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਚੰਗਾ ਚੋਖਾ ਖਾਣ ਨੂੰ ਦਿੰਦੀ ਸੀ। ਖੇਤਾਂ ਵਿਚ ਕੰਮ ਕਰਦਾ ਹੋਣ ਕਾਰਨ ਪੜਦਾਦੀ ਉਸ ਦੀ ਖੁਰਾਕ ਦਾ ਬਹੁਤ ਖਿਆਲ ਰਖਦੀ ਸੀ। ਜਦੋਂ ਉਹ ਅਠਾਰਵੇਂ ਸਾਲ ਵਿਚ ਸੀ ਤਾਂ ਉਸ ਦਾ ਸਰੀਰ ਗੱਠਵਾਂ ਤੇ੬ ਫੁੱਟ ਲੰਮਾ ਹੋ ਗਿਆ ਸੀ। ਉਸ ਦੀਆਂ ਬਾਹਾਂ ਗੋਡਿਆਂ ਤਕ ਲੰਮੀਆਂ ਸਨ। ਪਰ ਜਦੋਂ ਉਹਦੇ ਆਪਣੇ ਹਾਣੀਆਂ ਨਾਲ ਹੱਸਣ ਖੇਡਣ ਦਿਨ ਸਨ, ਉਹ ਰੌੜਾਂ ਵਿਚ ਖੇਡਣ ਦੀ ਥਾਂ ਖੇਤਾਂ ਵਿਚ ਹਲ਼ ਵਾਹ ਰਿਹਾ ਹੁੰਦਾ ਸੀ। ਮੇਰ ਬਾਪ ਦੂਜੀ ਸੰਸਾਰ ਜੰਗ ਸਮੇਂ ਫੌਜ ਵਿਚ ਭਰਤੀ ਹੋਣ ਵੀ ਚਲਾ ਗਿਆ ਸੀ ਪਰ ਜਦੋਂ ਪੜਦਾਦੇ ਨੂੰ ਪਤਾ ਲੱਗਾ ਤਾਂ ਉਹ ਫਿਰੋਜ਼ਪੁਰੋਂ ਜਾ ਕੇ ਮੋੜ ਲਿਆਇਆ ਸੀ।
     ਮੇਰੇ ਬਾਪ ਤੋਂ ਦੂਜੇ ਨੰਬਰ ਵਾਲਾ ਮੁੰਡਾ, ਜਿਸ ਦਾ ਨਾਂ ਪਾਖਰ ਸਿੰਘ ਸੀ, ਪੜ੍ਹਨ ਲਾ ਦਿੱਤਾ ਗਿਆ। ਉਹ ਮਿਡਲ ਪਾਸ ਕਰਨ ਮਗਰੋਂ ਜੇ.ਵੀ. ਕਰ ਕੇ ਪ੍ਰਾਇਮਰੀ ਅਧਿਆਪਕ ਬਣ ਗਿਆ ਫਿਰ ਤਿੰਨ ਸਾਲ ਮਗਰੋਂ ਐਸ.ਵੀ. ਕਰ ਕੇ ਮਿਡਲ ਸਕੂਲ ਵਿਚ ਪੜ੍ਹਾਉਣ ਦੇ ਕਾਬਲ ਹੋ ਗਿਆ। ਉਹਦੇ ਦੂਸਰੇ ਦੋ ਛੋਟੇ ਭਰਾ, ਮੇਹਰ ਸਿੰਘ ਤੇ ਸ਼ੇਰ ਸਿੰਘ ਜਦੋਂ ਉਡਾਰ ਹੋਏ ਤਾਂ ਉਹ ਵੀ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਣ ਲੱਗੇ।
     ਜਦੋਂ ਸਾਡੀ ਦਾਦੀ ਦੀ ਮੌਤ ਹੋ ਗਈ ਤਾਂ ਦਾਦੇ ਨੇ ਭਰ ਜਵਾਨੀ ਵਿਚ ਹੁੰਦਿਆਂ ਵੀ ਦੂਜਾ ਵਿਆਹ ਨਹੀਂ ਸੀ ਕਰਵਾਇਆ। ਪਰ ਮੇਰੇ ਬਾਪ ਦਾ ਵਿਆਹ ੧੩ ਸਾਲ ਦੀ ਉਮਰ ਵਿਚ ਕਰ ਦਿੱਤਾ ਗਿਆ ਸੀ। ਮੁਕਲਾਵਾ ੧੯ਵੇਂ ਸਾਲ ਵਿਚ ਲਿਆਂਦਾ। ਮਗਰੋਂ ਛੋਟੇ ਤਿੰਨੇ ਭਰਾ ਵੀ ਵਿਆਹੇ ਗਏ। ਸਾਡੇ ਪੜਦਾਦੇ ਤੇ ਪੜਦਾਦੀ ਦੀ ਮੌਤ ਆਪਣੇ ਪੜਪੋਤੇ ਪੋੜਪੋਤੀਆਂ ਨੂੰ ਖਿਡਾਉਂਦਿਆਂ ਹੋਈ ਸੀ।
     ਪੜਦਾਦਾ ਤੇ ਪੜਦਾਦੀ ਦੀ ਮੌਤ ਮਗਰੋਂ ਇਸ ਘਰ ਦੀ ਚੜ੍ਹਤ ਮਾਂਦੀ ਪੈਣੀ ਸ਼ੁਰੂ ਹੋ ਗਈ। ਉਸ ਦਾ ਸਭ ਤੋਂ ਵੱਡਾ ਕਰਨ ਤਾਂ ਇਹ ਸੀ ਕਿ ਸਰ ਛੋਟੂ ਰਾਮ ਵੱਲੋਂ ਪਾਸ ਕਰਵਾਇਆ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਹੋ ਗਿਆ ਸੀ। ਕਾਨੂੰਨ ਇਹ ਸੀ ਕਿ 'ਕੋਈ ਵੀ ਗ਼ੈਰ ਕਾਸ਼ਤਕਾਰ ਕਿਸੇ ਕਾਸ਼ਤਕਾਰ ਦੀ ਜ਼ਮੀਨ ਨਹੀਂ ਸੀ ਲੈ ਸਕਦਾ। ਕਾਸ਼ਤਕਾਰ ਤੇ ਗ਼ੈਰਕਾਸ਼ਕਾਰ ਵੀ ਜਾਤ ਅਧਾਰਤ ਬਣਾ ਦਿੱਤੇ ਗਏ ਸਨ। ਜੱਟ ਤੇ ਕੁਝ ਹੋਰ ਜਾਤਾਂ ਤੋਂ ਬਿਨਾਂ ਦੂਜੀਆਂ ਜਾਤਾਂ ਵਾਲੇ ਭਾਵੇਂ ਕਿ ਉਹ ਖੇਤੀ ਵੀ ਕਰਦੇ ਹੋਣ, ਕਾਸ਼ਤਕਾਰ ਦੀ ਜ਼ਮੀਨ ਨਹੀਂ ਸੀ ਖਰੀਦ ਸਕਦੇ। ਇਹ ਕਾਨੂੰਨ ਬਣਨ ਕਾਰਨ ਪੜਦਾਦੇ ਵਲੋਂ ਜੱਟਾਂ ਦੀ ਗਹਿਣੇ ਲਈ ਜ਼ਮੀਨ ਉਹਨਾਂ ਕੋਲ਼ ਨਹੀਂ ਸੀ ਰਹੀ, ਬਸ ਦੋ ਕੁ ਘੁਮਾਂ ਜ਼ਮੀਨ ਗ਼ੈਰਕਾਸ਼ਤਕਾਰ ਜਾਤੀਆਂ ਦੀ ਹੀ ਰਹਿ ਗਈ ਸੀ। ਦੂਜਾ ਕਾਰਨ ਸੀ ਮੇਰੇ ਦਾਦੇ ਦਾ ਸਾਧੂ ਸੁਭਾਅ ਹੋਣ ਕਾਰਨ ਕਬੀਲਦਾਰੀ ਵਲ ਬਹੁਤਾ ਧਿਆਨ ਨਾ ਦੇਣਾ। ਘਰ ਦਾ ਅਗਵਾਨੂੰ ਕੋਈ ਰਹਿ ਨਹੀਂ ਸੀ ਗਿਆ। ਅਧਿਆਪਕ ਚਾਚਾ ਪੜ੍ਹਿਆ ਲਿਖਿਆ ਹੋਣ ਕਾਰਨ ਸਾਂਝੇ ਘਰ ਨੂੰ ਇਕੱਠਾ ਰੱਖ ਸਕਦਾ ਸੀ ਪਰ ਉਸ ਦੀ ਆਪਣੀ ਸੋਚ ਸੀ। ਉਹ ਬਾਹਰ ਪੜ੍ਹਾਉਂਦਾ ਸੀ। ਹਫਤੇ ਪੰਦਰੀਂ ਦਿਨੀਂ ਘਰ ਆਉਂਦਾ ਤੇ ਚੁਬਾਰੇ ਚੜ੍ਹ ਕੇ ਆਪਣੇ ਪਰਿਵਾਰ ਵਿਚ ਪਰਚ ਜਾਂਦਾ। ਤਿੰਨੇ ਭਰਾ ਖੇਤੀ ਦੇ ਕੰਮ ਵਿਚ ਲੱਗੇ ਰਹਿੰਦੇ। ਉਦੋਂ ਖੇਤੀ ਦੇ ਕੰਮ ਖਾਦ ਬੀਜਾਂ ਆਦਿ ਲਈ ਪੈਸਿਆਂ ਦਾ ਪਹਿਲਾਂ ਪ੍ਰਬੰਧ ਨਹੀਂ ਸੀ ਕਰਨਾ ਪੈਂਦਾ। ਨਕਦ ਪੈਸਿਆਂ ਦੀ ਤਾਂ ਘੱਟ ਹੀ ਵਰਤੋਂ ਹੁੰਦੀ ਸੀ। ਪਹਿਲੀ ਗੱਲ ਤਾਂ ਸਾਰੀਆਂ ਘਰੇਲੂ ਲੋੜਾਂ ਘਰ ਵਿਚ ਹੀ ਪੂਰੀਆਂ ਹੁੰਦੀਆਂ ਸਨ। ਜੇ ਕੋਈ ਚੀਜ਼ ਖਰੀਦਣੀ ਵੀ ਪੈਂਦੀ ਤਾਂ ਉਹ ਦਾਣਿਆਂ ਵੱਟੇ ਲੈ ਲਈ ਜਾਂਦੀ ਸੀ। ਇਸ ਕਰ ਕੇ ਚਾਰੇ ਭਰਾ ਹੀ ਘਰ ਦੇ ਕਾਰ ਮੁਖਤਿਆਰ ਸਨ। ਘਰ ਵਿਚ ਦਰਾਣੀਆਂ ਜਿਠਾਣੀਆਂ ਨੇ ਕੰਮ ਵੰਡੇ ਹੋਏ ਸਨ ਪਰ ਜੁਆਕਾਂ ਨੂੰ ਲੈ ਕੇ ਆਪੋ ਵਿਚ ਉਹਨਾਂ ਦੇ ਸਿੰਗ ਫਸੇ ਰਹਿੰਦੇ। ਤੀਵੀਆਂ ਦੀ ਘੈਂਸ ਘੈਂਸ ਦੀ ਤਿੰਨੇ ਭਰਾ ਪਰਵਾਹ ਨਹੀਂ ਸੀ ਕਰਦੇ। ਇਹ ਸਿਲਸਲਾ ਕਈ ਸਾਲ ਚਲਦਾ ਰਿਹਾ। ਫਿਰ ਅਧਿਆਪਕ ਭਰਾ ਵਲੋਂ ਅੱਡ ਹੋਣ ਦੀ ਗੱਲ ਸ਼ੁਰੂ ਹੋ ਗਈ। ਸਾਰਿਆਂ ਨਾਲੋਂ ਛੋਟੇ ਭਰਾ ਸ਼ੇਰ ਸਿੰਘ ਦਾ ਖਿਆਲ ਸੀ ਕਿ ਵੱਡੇ ਭਰਾ ਦੀ ਲੜਕੀ ਮੁਟਿਆਰ ਹੈ, ਉਸ ਦਾ ਵਿਆਹ ਸਾਂਝੇ ਘਰ ਵਿਚ ਕਰਨ ਮਗਰੋਂ ਅੱਡ ਹੋਇਆ ਜਾਵੇ ਪਰ ਉਸ ਦੀ ਸਲਾਹ ਮੰਨੀ ਨਹੀਂ ਗਈ ਤੇ ਚਾਰੇ ਭਰਾ ਅੱਡ ਹੋ ਗਏ।
     ਵੱਡੇ ਭਰਾ ਨੂੰ ਪਸ਼ੂਆਂ ਵਾਲਾ ਵਾੜਾ ਮਿਲਿਆ, ਉਸ ਥਾਂ ਵਿਚ ਵੀ ਛੋਟੇ ਚਾਚੇ ਦਾ ਕੁਝ ਹਿੱਸਾ ਸੀ ਕਿਉਂਕਿ ਜਿਹੜਾ ਥਾਂ ਉਸ ਨੂੰ ਮਿਲਿਆ ਸੀ ਉਹ ਥੋੜਾ ਘੱਟ ਸੀ। ਉਸ ਥਾਂ ਦਾ ੮੦ ਰੁਪਏ ਮੁੱਲ ਪਿਆ। ਅੱਡ ਹੋਣ ਸਮੇਂ ਹੀ ਮੇਰਾ ਬਾਪ ਅੱਸੀ ਰੁਪਏ ਦਾ ਕਰਜਾਈ ਹੋ ਗਿਆ ਸੀ। ਇਸ ਵਾੜੇ ਵਿਚ ਦੋ ਗਾਰਡਰਾਂ ਉਪਰ ਛੱਤਿਆ ਇਕੋ ਵੱਡਾ ਕੱਚਾ ਕੋਠਾ ਸੀ। ਤਕਰੀਬਨ ਚਾਲੀ ਫੁੱਟ ਲੰਮੇ ਤੇ ਸੋਲਾਂ ਫੁੱਟ ਚੌੜੇ ਕਮਰੇ ਵਿਚਕਾਰ ਇਕ ਪੱਕਾ ਥੰਮ ਅਤੇ ਪਾਸਿਆਂ ਦੀਆਂ ਦੋਹਾਂ ਕੱਚੀਆਂ ਕੰਧਾਂ ਵਿਚ ਇਕ ਇਕ ਪੱਕਾ ਥਮਲਾ ਕੱਢ ਕੇ ਵੀਹ ਵੀਹ ਫੁੱਟੀਆਂ ਦੋ ਗਾਰਡਰਾਂ ਰੱਖੀਆਂ ਹੋਈਆਂ ਸਨ। ਗਾਰਡਰਾਂ ਉਪਰ ਲੱਕੜ ਦੇ ਸ਼ਤੀਰ ਤੇ ਟਾਇਲਾਂ ਬਾਲੇ ਪਾ ਕੇ ਛੱਤ ਪਾਈ ਹੋਈ ਸੀ। ਜਦੋਂ ਮੇਰਾ ਬਾਪ ਅੱਡ ਹੋਇਆ, ਮੇਰੀਂ ਮਾਂ ਦੇ ਛੇ ਜੁਆਕ ਸਨ। ਮੈਥੋਂ ਛੋਟਾ ਉਸ ਦੇ ਕੁੱਛੜ ਸੀ। ਅੱਡ ਹੋਣ ਸਮੇਂ ਮਿਲੇ ਇਕ ਕੋਠੇ ਵਿਚ ਦੋ ਬਲਦਾਂ ਤੇ ਮੱਝ ਨੇ ਵੀ ਬੱਝਣਾ ਸੀ ਤੇ ਅੱਠ ਜੀਆਂ ਦੇ ਪਰਿਵਾਰ ਨੇ ਵੀ ਰਹਿਣਾ ਸੀ। ਮੇਰੇ ਬਾਪ ਨੇ ਕੋਠੇ ਦੇ ਵਿਚਕਾਰ ਥੰਮ ਨਾਲ ਕੱਚੀ ਕੰਧ ਕੱਢ ਕੇ ਵੱਡੇ ਕੋਠੇ ਦੇ ਦੋ ਕਮਰੇ ਬਣਾ ਲਏ। ਇਕ ਪਾਸੇ ਪਸ਼ੂ ਤੇ ਦੂਜੇ ਕਮਰੇ ਵਿਚ ਸਾਰਾ ਪਰਿਵਾਰ। ਵੱਡੇ ਪਰਿਵਾਰ ਲਈ ਇਕ ਕਮਰੇ ਵਿਚ ਗੁਜ਼ਾਰਾ ਕਰਨਾ ਬਹੁਤ ਔਖਾ ਸੀ ਇਸ ਲਈ ਅਗਲੇ ਸਾਲ ਹਾੜੀ ਦੀ ਫਸਲ ਆਉਣ ਮਗਰੋਂ ਵੱਡੇ ਕੋਠੇ ਤੇ ਗੁਆਂਢੀਆਂ ਦੀ ਸਾਂਝੀ ਕੰਧ ਨਾਲ ਇਕ ਕੋਠੜੀ ਤੇ ਰਸੋਈ ਵਾਸਤੇ ਇਕ ਛਤੜਾ ਛੱਤ ਲਿਆ, ਜਿਸ ਦੀ ਮੂਹਰਲੀ ਕੰਧ ਪੱਕੀਆਂ ਇੱਟਾਂ ਦੀ ਸੀ। ਕੋਠੜੀ ਤੇ ਛਤੜੇ ਦੀ ਕੰਧ ਵੀ ਪੱਕੀ ਇੱਟ ਦੀ ਸੀ। ਉਸ ਕੰਧ ਦਾ ਦਾੜ੍ਹਾ (ਨਵੀਂ ਕੰਧ ਕੱਢਣ ਲਈ ਅੱਧੀ ਇੱਟ ਬਾਹਰ ਰੱਖਣੀ) ਰੱਖ ਲਿਆ ਗਿਆ ਤਾਂ ਜੋ ਸਮੇਂ ਸਵੇਰ ਨੂੰ ਵੱਡੇ ਕੋਠੇ ਮੂਹਰੇ ਬਰਾਂਡਾ ਬਣਾ ਲਿਆ ਜਾਵੇਗਾ ਪਰ ਵਰਾਂਡਾ ਬਣਾਉਣ ਦੀ ਨੌਬਤ ਕਦੀ ਨਹੀਂ ਸੀ ਆਈ। ਜਦੋਂ ਇੰਨੇ ਥਾਂ ਵਿਚ ਵੀ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆਂ ਤਾਂ ਪਸ਼ੂਆਂ ਦੇ ਵਾੜੇ ਲਈ ਘਰ ਤੋਂ ਦੂਜੀ ਗਲ਼ੀ ਵਿਚਬਾਈ ਨੇ ਹੋਰ ਥਾਂ ਖਰੀਦਿਆ ਅਤੇ ਓਥੇ ਦੋ ਕੱਚੇ ਕੋਠੇ ਛੱਤ ਕੇ ਪਸ਼ੂਆਂ ਨੂੰ ਓਧਰ ਕਰ ਦਿੱਤਾ ਅਤੇ ਪਸ਼ੂਆਂ ਵਾਲਾ ਕਮਰਾ ਰਹਾਇਸ਼ ਲਈ ਠੀਕ ਕਰ ਲਿਆ।
     ਭਰਾਵਾਂ ਨਾਲੋਂ ਅੱਡ ਹੋਣ ਸਮੇਂ ਮੇਰੇ ਬਾਈ ਦੇ ਹਿੱਸੇ ਤਕਰੀਬਨ ਤਿੰਨ ਘੁਮਾਂ ਜ਼ਮੀਨ ਆਈ ਸੀ। ਇਹ ਤਿੰਨ ਘੁਮਾਂ ਜ਼ਮੀਨ ਵੀ ਚਾਰ ਖੱਤਿਆਂ ਵਿਚ ਵੰਡੀ ਹੋਈ ਸੀ। ਕਿਸੇ ਥਾਂ ਪੰਜ ਕਨਾਲ ਦਾ ਖੱਤਾ, ਕਿਸੇ ਥਾਂ ਇਕ ਘੁਮਾਂ ਤੇ ਕਿਸੇ ਥਾਂ ਦੋ ਕਨਾਲ ਦਾ ਖੱਤਾ। ਸਾਰੀ ਜ਼ਮੀਨ ਵਿਚੋਂ ਸਿਰਫ ਇਕ ਘੁਮਾਂ ਨੂੰ ਹੀ ਨਹਿਰੀ ਪਾਣੀ ਲਗਦਾ ਸੀ, ਬਾਕੀ ਮਾਰੂ ਹੀ ਸੀ, ਮੀਂਹ ਦੇ ਆਸਰੇ। ਇੰਨੀ ਜ਼ਮੀਨ 'ਤੇ ਹੀ ਮੇਰੇ ਬਾਪ ਨੇ ਸਾਰੇ ਪਰਿਵਾਰ ਦਾ ਤੋਰਾ ਤੋਰਨਾ ਸੀ। ਉਹ ਸਿਰੜੀ ਬਹੁਤ ਸੀ। ਉਹ ਜਾਣਦਾ ਸੀ ਕਿ ਇੰਨੀ ਜ਼ਮੀਨ 'ਤੇ ਵਾਹੀ ਕਰਨ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੋਣਾ। ਉਹ ਦਸ ਬਾਰਾਂ ਘੁਮਾਂ ਜ਼ਮੀਨ ਹਿੱਸੇ 'ਤੇ ਲੈ ਲੈਂਦਾ। ਹਿੱਸੇ ਵਾਲੀ ਜ਼ਮੀਨ 'ਚੋਂ ਫਸਲ ਦਾ ਅੱਧ ਮਾਲਕ ਨੂੰ ਦੇਣਾ ਪੈਂਦਾ ਸੀ ਤੇ ਠੇਕੇ 'ਤੇ ਲਈ ਜ਼ਮੀਨ ਦੀ ਕਾਰਮੀ ਰਕਮ ਫਸਲ ਬੀਜਣ ਤੋਂ ਪਹਿਲਾਂ ਹੀ ਅੱਧੀ ਨਕਦ ਦੇਣੀ ਪੈਂਦੀ ਸੀ ਅਤੇ ਅੱਧੀ ਸੌਣੀ ਦੀ ਫਸਲ ਆਉਣ 'ਤੇ, ਇਸ ਲਈ ਜ਼ਮੀਨ ਠੇਕੇ 'ਤੇ ਲੈਣ ਦੀ ਅਜੇ ਉਸ ਕੋਲ ਪੁੱਜਤ ਨਹੀਂ ਸੀ।
     ਉਹ ਕੁੱਕੜ ਦੀ ਬਾਂਗ ਨਾਲ ਤਕਰੀਬਨ ਸਵੇਰੇ ਚਾਰ ਵਜੇ ਉਠਦਾ ਤੇ ਬਿਨਾਂ ਕੁਝ ਖਾਧੇ ਪੀਤੇ ਹਲ਼ ਜੋੜ ਕੇ ਚਲਿਆ ਜਾਂਦਾ। ਉਦੋਂ ਸਵੇਰ ਵੇਲੇ ਚਾਹ ਪੀਣ ਦਾ ਰਵਾਜ ਨਹੀਂ ਸੀ ਚੱਲਿਆ। ਮਾਂ ਉਠ ਕੇ ਚੱਕੀ ਝੋਅ ਲੈਂਦੀ। ਇਕ ਦਿਨ ਜੋਗਾ ਆਟਾ ਪੀਹ ਕੇ ਵੱਡੀ ਲੜਕੀ ਨੂੰ ਉਠਾਉਂਦੀ, ਉਹ ਦੁੱਧ ਰਿੜਕਣ ਲੱਗ ਜਾਂਦੀ ਅਤੇ ਮਾਂ ਗੋਹਾ ਕੂੜਾ ਕਰਨ ਲੱਗ ਜਾਂਦੀ। ਦਿਨ ਚੜ੍ਹਨ ਸਾਰ ਮਾਂ ਮਿੱਸੀਆਂ ਰੋਟੀਆਂ ਪਕਾ ਕੇ ਅਚਾਰ ਤੇ ਲੱਸੀ ਨਾਲ ਖੇਤ ਲੈ ਜਾਂਦੀ। ਓਥੇ ਜੇ ਕੋਈ ਖੇਤੀ ਨਾਲ ਸਬੰਧਤ ਕੰਮ ਕਰਨ ਵਾਲਾ ਹੁੰਦਾ ਤਾਂ ਉਹ ਕਰਨ ਲੱਗ ਜਾਂਦੀ, ਨਹੀਂ ਤਾਂ ਘਰ ਮੁੜਦੀ ਹੋਈ ਪੱਠਿਆਂ ਦੀ ਭਰੀ ਚੁੱਕੀ ਆਉਂਦੀ। ਘਰ ਆ ਕੇ ਰਹਿੰਦੇ ਕੰਮ ਨਬੇੜਦੀ। ਉਹ ਦੋਵੇਂ ਜੀਅ ਟਿਕ ਕੇ ਨਹੀਂ ਸੀ ਬਹਿੰਦੇ, ਸਦਾ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ।
       ਬਾਪ ਨੂੰ ਅਗਲਾ ਫਿਕਰ ਕੁੜੀ ਦੇ ਵਿਆਹ ਦਾ ਸੀ ਪਰ ਸੰਨ ੧੯੩੯ ਵਿਚ ਦੂਜੀ ਸੰਸਾਰ ਜੰਗ ਲੱਗ ਗਈ, ਜਿਸ ਕਾਰਨ ਮਹਿੰਗਾਈ ਛਾਲਾਂ ਮਾਰਦੀ ਉਤਾਂਹ ਜਾਣ ਲੱਗ ਪਈ। ਬਹੁਤ ਸਾਰੀਆਂ ਜ਼ਰੂਰੀ ਵਸਤਾਂ, ਜਿਵੇਂ ਖੰਡ, ਕਪੜਾ, ਤੇਲ, ਕੋਲਾ ਆਦਿ 'ਤੇ ਕੰਟਰੋਲ ਹੋ ਗਿਆ। ਅਜੇਹੀ ਮਹਿੰਗਾਈ ਵਿਚ ਜਦੋਂ ਲੋੜੀਂਦੀਆਂ ਵਸਤਾਂ ਬਾਜ਼ਾਰ ਵਿਚੋਂ ਦੁਲੱਭ ਹੋਣ ਤਾਂ ਵਿਆਹ ਬਾਰੇ ਸੋਚਣਾ ਵੀ ਮੁਸ਼ਕਲ ਸੀ ਪਰ ਵਿਆਹ ਨੂੰ ਕਿੰਨਾ ਕੁ ਚਿਰ ਲਟਕਾਇਆ ਜਾ ਸਕਦਾ ਸੀ। ਅਖੀਰ, ਜਦੋਂ ਇਹ ਮਹਿਸੂਸ ਹੋ ਗਿਆ ਕਿ ਜੰਗ ਮੁੱਕਣ ਦੇ ਕੋਈ ਆਸਾਰ ਨਹੀਂ ਹਨ ਤਾਂ ਅਜੇਹੀਆਂ ਹਾਲਤਾਂ ਵਿਚ ਚੋਰ ਬਾਜ਼ਾਰੀ ਵਿਚੋਂ ਲੋੜੀਂਦਾ ਸਾਮਾਨ ਖਰੀਦ ਕੇ ਮੇਰੀ ਵੱਡੀ ਭੈਣ ਦਾ ਵਿਆਹ ਕੀਤਾ।
     ਮੇਰਾ ਬਾਪ ਖੇਤੀ ਦੇ ਕੰਮ ਵਿਚ ਭਾਵੇਂ ਔਖਿਆਈ ਝੱਲ ਰਿਹਾ ਸੀ ਪਰ ਉਸ ਨੇ ਆਪਣੇ ਮੁੰਡਿਆਂ ਨੂੰ ਪੜ੍ਹਨ ਜ਼ਰੂਰ ਲਾਇਆ। ਉਸ ਦਾ ਵਿਚਾਰ ਸੀ ਕਿ ਇੰਨੀ ਥੋੜ੍ਹੀ ਜ਼ਮੀਨ 'ਤੇ ਖੇਤੀ ਕਰ ਕੇ ਉਹ ਗੁਜ਼ਾਰਾ ਨਹੀਂ ਕਰ ਸਕਣਗੇ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚੋਂ ਪੜ੍ਹ ਕੇ ਕਿਸੇ ਕਿੱਤੇ ਲੱਗ ਜਾਣਗੇ। ਉਸ ਦੇ ਸਾਹਮਣੇ ਇਕੋ ਇਕ ਕਿੱਤਾ ਕਪੜੇ ਸਲਾਈ ਕਰਨ ਦਾ ਹੀ ਸੀ। ਮੇਰਾ ਵੱਡਾ ਭਰਾ ਮੱਲ ਸਿੰਘ ਚੌਥੀ ਜਮਾਤ ਵਿਚੋਂ ਹੀ ਹਟ ਗਿਆ ਸੀ। ਬਾਪ ਨੇ ਉਸ ਨੂੰ ਸਲਾਈ ਸਿੱਖਣ ਲਾ ਦਿੱਤਾ ਪਰ ਉਹ ਸਿਲਾਈ ਸਿੱਖਣ ਤੋਂ ਇਨਕਾਰੀ ਹੋ ਗਿਆ ਅਤੇ ਖੇਤੀ ਦੇ ਕੰਮ ਵਿਚ ਹੱਥ ਵਟਾਉਣ ਲੱਗਾ ਪਰ ਉਸ ਦਾ ਖੇਤੀ ਦੇ ਕੰਮ ਵਿਚ ਵੀ ਦਿਲ ਨਹੀਂ ਸੀ ਲਗਦਾ, ਉਹ  ਬਾਪ ਤੋਂ ਝਿੜਕਾਂ ਲੈਂਦਾ। ਫਿਰ ਉਹ ਬਿਨਾਂ ਮਾਂ ਬਾਪ ਨੂੰ ਦੱਸੇ ਫੌਜ ਦੀ ਬੱਚਾ ਕੰਪਨੀ ਵਿਚ ਭਰਤੀ ਹੋ ਗਿਆ। ਮੈਥੋਂ ਵੱਡਾ ਮਲਕੀਤ ਸਿੰਘ ਵੀ ਚੌਥੀ ਵਿਚੋਂ ਹਟ ਕੇ ਮੇਰੇ ਬਾਪ ਦੀ ਭੂਆ ਦੇ ਮੁੰਡੇ ਕੋਲ ਚਿਸਤੀਆਂ ਮੰਡੀ, ਜ਼ਿਲਾ ਬਹੌਲ ਨਗਰ, (ਹੁਣ ਪਾਕਿਸਤਾਨ) ਸਿਲਾਈ ਸਿੱਖਣ ਚਲਾ ਗਿਆ। ਮੇਰਾ ਬਾਪ ਮੈਨੂੰ ਵੀ ਸਿਲਾਈ ਦੇ ਕੰਮ ਵਿਚ ਹੀ ਪਾਉਣਾ ਚਾਹੁੰਦਾ ਸੀ ਪਰ ਮੈਂ ਆਪਣੇ ਪਰਪੱਕ ਦ੍ਰਿੜ ਇਰਾਦੇ ਤੇ ਵੱਡੀ ਭੈਣ ਵਲੋਂ ਮੇਰੇ ਬਾਪ ਨੂੰ ਕੀਤੀ ਸਫਾਰਸ਼ ਨਾਲ ਪੜ੍ਹਾਈ ਵਾਲੇ ਪਾਸੇ ਤੁਰਿਆ ਗਿਆ।
     ਜਦੋਂ ਮੇਰਾ ਬਾਪ ਆਪਣੇ ਭਰਾਵਾਂ ਨਾਲੋਂ ਅੱਡ ਹੋਇਆ ਸੀ ਤਾਂ ਪਰਿਵਾਰ ਵਿਚ ਅਸੀਂ ਛੇ ਭੈਣ ਭਰਾ ਸੀ। ਖੇਤੀ ਤੋਂ ਬਿਨਾਂ ਆਮਦਨ ਦਾ ਹੋਰ ਕੋਈ ਵਸੀਲਾ ਨਹੀਂ ਸੀ, ਜਿਸ ਕਾਰਨ ਘਰ ਵਿਚ ਮੁੱਢ ਤੋਂ ਹੀ ਗਰੀਬੀ ਨੇ ਪੈਰ ਪਸਾਰ ਲਏ ਸਨ ਪਰ  ਪਰਿਵਾਰ ਵੱਡਾ ਹੋਈ ਜਾ ਰਿਹਾ ਸੀ। ਇਸ ਘਰ ਵਿਚ ਹਰ ਦੋ ਸਾਲ ਬਾਅਦ ਇਕ ਜੀਅ ਵਧ ਜਾਂਦਾ। ਉਹ ਸਮੇਂ ਹੀ ਅਜੇਹੇ ਸਨ, ਜਦੋਂ ਵੱਡੇ ਪਰਿਵਾਰਾਂ ਨੂੰ ਚੰਗਾ ਸਮਝਿਆ ਜਾਂਦਾ ਸੀ। ਉਹਨਾਂ ਸਮਿਆਂ ਵਿਚ ਔਰਤਾਂ ਨਵ ਵਿਆਹੀ ਆਈ ਬਹੂ ਨੂੰ 'ਸੱਤ ਪੁੱਤੀ' ਹੋਣ ਦੀ ਅਸੀਸ ਦਿਆ ਕਰਦੀਆਂ ਸਨ। ਇਸ ਪਿੱਛੇ ਵੀ ਕਈ ਕਾਰਨ ਸਨ। ਪੰਜਾਬ ਵਿਚੋਂ ਫੌਜ ਵਿਚ ਜਵਾਨਾਂ ਦੀ ਭਰਤੀ ਬਹੁਤ ਹੁੰਦੀ ਸੀ, ਜਿਸ ਦੀ ਆਮਦਨ ਘਰ ਦੀ ਆਰਥਿਕਤਾ ਵਿਚ ਸਹਾਈ ਹੁੰਦੀ। ਖੇਤੀ ਦੇ ਕੰਮਾ ਲਈ ਵੀ ਬਹੁਤੇ ਹੱਥਾਂ ਦੀ ਲੋੜ ਹੁੰਦੀ ਸੀ, ਜਿਸ ਕਾਰਨ ਪਰਿਵਾਰ ਨਿਯੋਜਨ ਦੀ ਲੋੜ ਨਹੀਂ ਸੀ ਸਮਝੀ ਜਾਂਦੀ। ਉਦੋਂ ਤਾਂ ਇਹ ਕਿਹਾ ਜਾਂਦਾ ਸੀ ਕਿ ਜਿਸ ਬੰਦੇ ਦੇ ਬਾਰਾਂ ਮੁੰਡੇ ਹੋਣਗੇ, ਉਸ ਨੂੰ ਸਰਕਾਰ ਵਲੋਂ ਇਕ ਮੁਰੱਬਾ ਜ਼ਮੀਨ ਇਨਾਮ ਵਜੋਂ ਮਿਲੇਗੀ। ਗਰਭ ਨਿਰੋਧਿਕ ਸਾਧਨਾਂ ਬਾਰੇ ਲੋਕਾਂ ਨੂੰ ਬਹੁਤਾ ਗਿਆਨ ਵੀ ਨਹੀਂ ਸੀ, ਜਿਸ ਕਾਰਨ ਕਈ ਪਰਿਵਾਰਾਂ ਵਿਚ ਇਕ ਦਰਜਨ ਤੋਂ ਵੀ ਵਧੇਰੇ ਬੱਚੇ ਸਨ। ਅਸੀਂ ਵੀ ਦਸ ਭੈਣ ਭਰਾ ਹੋ ਗਏ ਸੀ, ਚਾਰ ਭੈਣਾ ਤੇ ਛੇ ਭਰਾ। ਸਾਡੇ ਪਰਿਵਾਰ ਵਿਚ ਗਰੀਬੀ ਦਾ ਇਕ ਕਾਰਨ ਵੱਡਾ ਪਰਿਵਾਰ ਵੀ ਸੀ। ਇਸ ਗੱਲ ਦਾ ਅਹਿਸਾਸ ਸਾਨੂੰ ਸਾਰੇ ਭਰਾਵਾਂ ਨੂੰ ਹੀ ਹੋ ਗਿਆ ਸੀ। ਸੰਨ ਸੰਤਾਲੀ ਮਗਰੋਂ ਪਰਿਵਾਰ ਨਿਯੋਜਨ ਦੀ ਲਹਿਰ ਵੀ ਚੱਲ ਪਈ ਸੀ। ਇਹ ਨਾਅਰਾ ਕੰਧਾਂ ਉਪਰ ਲਿਖਿਆ ਆਮ ਦਿਸ ਪੈਂਦਾ ਸੀ, 'ਦੋ ਯਾ ਤੀਨ ਬੱਚੇ, ਹੋਤੇ ਹੈਂ ਘਰ ਮੇਂ ਅੱਛੇ'। ਜਦੋਂ ਅਸੀਂ ਵਿਆਹੇ ਗਏ ਤਾਂ ਸਾਡੇ ਦੋ ਵੱਡੇ ਭਰਾਵਾਂ ਦੇ ਚਾਰ ਚਾਰ ਬੱਚੇ ਤੇ ਬਾਕੀ ਚਾਰ ਭਰਾਵਾਂ ਦੇ ਤਿੰਨ ਤਿੰਨ ਬੱਚੇ ਹਨ ਅਤੇ ਅਗਾਂਹ ਸਾਡੇ ਬਚਿਆਂ ਦੇ 'ਹਮ ਦੋ ਹਮਾਰੇ ਦੋ' ਦੇ ਨਾਅਰੇ ਅਨੁਸਾਰ ਦੋ ਦੋ ਬੱਚੇ ਹਨ। ਖੈਰ! ਪਰਿਵਾਰ ਨਿਯੋਜਨ ਦੀ ਗੱਲ ਛਡਦੇ ਹਾਂ। ਗੱਲ ਅਗਾਂਹ ਤੋਰੀਏ।
     ਜਦੋਂ ਮੇਰੀ ਸੁਰਤ ਸੰਭਲੀ, ਮੈਂ ਆਪਣੇ ਬਾਪ ਨੂੰ ਕਦੇ ਸੱਥ ਵਿਚ ਬੈਠਿਆ ਨਹੀਂ ਸੀ ਦੇਖਿਆ। ਹਾੜੀ ਦੀ ਫਸਲ ਮਗਰੋਂ ਥੋੜਾ ਸਮਾਂ ਕਿਸਾਨਾਂ ਦੇ ਕੰਮ ਕੁਝ ਘਟ ਜਾਂਦੇ ਸਨ। ਬਹੁਤੇ ਕਿਸਾਨਾਂ ਦੀਆਂ ਦੁਪਹਿਰਾਂ ਨਿੰਮਾਂ, ਟਾਹਲੀਆਂ ਹੇਠ ਬੈਠ ਕੇ ਜੱਕੜ ਮਾਰਦੇ ਲੰਘਦੀਆਂ। ਪਰ ਮੇਰਾ ਬਾਪ ਖੇਤੀ ਦੇ ਕੰਮ ਵਿਚ ਰੁੱਝਿਆ ਰਹਿੰਦਾ। ਪਹਿਲੀਆਂ ਵਿਚ ਉਸ ਨੇ ਕਦੀ ਸੀਰੀ ਨਹੀਂ ਸੀ ਰੱਖਿਆ। ਉਹ ਹਾੜੀ ਸਾਉਣੀ ਵੇਲੇ ਠੇਕੇ 'ਤੇ ਪੱਕਾ ਦਿਹਾੜੀਆ ਰੱਖ ਲੈਂਦਾ ਸੀ। ਕਿਉਂਕਿ ਉਸ ਸਮੇਂ ਦੋ ਜਣਿਆਂ ਬਿਨਾਂ ਫਸਲ ਦੀ ਸੰਭਾਲ ਕਰਨੀ ਮੁਸ਼ਕਲ ਹੁੰਦੀ ਸੀ। ਇਕੱਲੇ ਨੂੰ ਖੇਤੀ ਦੇ ਕੰਮ ਵਿਚ ਬਹੁਤੀ ਔਖਿਆਈ ਹੋਣ ਲੱਗੀ ਤਾਂ ਕੁਝ ਸਮੇਂ ਬਾਅਦ ਉਹ ਪੱਕਾ ਸੀਰੀ ਰੱਖਣ ਲੱਗ ਪਿਆ ਸੀ। ਸੀਰੀ ਨੂੰ ਸਾਰੀ ਫਸਲ ਦਾ ਪੰਜਵਾਂ ਹਿੱਸਾ ਦੇਣਾ ਪੈਂਦਾ ਸੀ। ਅੱਧ ਜ਼ਿਮੀਂਦਾਰ ਨੂੰ ਦੇ ਕੇ ਘਰ ਤੀਜਾ ਹਿੱਸਾ ਹੀ ਆਉਂਦਾ ਸੀ। ਹਿੱਸੇ ਵਾਲੀ ਪੈਲੀ 'ਚੋਂ ਜੇ ਦਸ ਮਣ ਦਾਣੇ ਹੋਏ ਤਾਂ ਪੰਜ ਮਣ ਜ਼ਮੀਨ ਵਾਲੇ ਦੇ, ਦੋ ਮਣ ਸੀਰੀ ਦੇ ਤੇ ਬਾਕੀ ਖੇਤੀ ਕਰਨ ਵਾਲੇ ਲਈ ਤਿੰਨ ਮਣ ਦਾਣੇ ਹੀ ਬਚਦੇ। ਦਾਣਿਆਂ ਦੇ ਬਚਣ ਬਚਾਉਣ ਦਾ ਹਿਸਾਬ ਛੱਡ ਕੇ ਉਹ ਕੋਹਲੂ ਦੇ ਬਲਦ ਵਾਂਗ ਸਿਰ ਨਿਵਾਈ ਕਬੀਲਦਾਰੀ ਦੇ ਕੋਹਲੂ ਨੂੰ ਚਲਾਈ ਜਾ ਰਿਹਾ ਸੀ। ਮੈਨੂੰ ਨਹੀਂ ਜਾਪਦਾ ਕਿ ਉਸ ਉਪਰ ਜਵਾਨੀ ਦਾ ਕੋਈ ਰੰਗ ਚੜ੍ਹਿਆ ਹੋਵੇਗਾ। ਮਲਮਲ ਦੀ ਪਗੜੀ, ਖੱਦਰ ਦਾ ਕੁੜਤਾ, ਘਸਮੈਲੇ ਜਿਹੇ ਲੱਠੇ ਦਾ ਚਾਦਰਾ ਤੇ ਤੇੜ ਲੱਠੇ ਦਾ ਕਛਹਿਰਾ, ਬੜੇ ਲੰਮੇ ਸਮੇਂ ਤਕ ਉਸ ਦਾ ਇਹੋ ਪਹਿਰਾਵਾ ਰਿਹਾ ਸੀ। ਗਰਮੀਆਂ ਦੇ ਮੌਸਮ ਵਿਚ ਤਾਂ ਚਾਦਰਾ ਬੰਨ੍ਹਣ ਦਾ ਸਮਾਂ ਉਸ ਨੂੰ ਘੱਟ ਹੀ ਮਿਲਦਾ ਸੀ। ਪਜਾਮਾ ਉਸ ਨੇ ਸਾਰੀ ਉਮਰ ਨਹੀਂ ਸੀ ਪਾਇਆ। ਰਿਸ਼ਤੇਦਾਰੀਆਂ ਵਿਚ ਜਾਣ ਦਾ ਉਸ ਨੂੰ ਬਹੁਤ ਘੱਟ ਸਮਾਂ ਮਿਲਦਾ ਸੀ।
      ਮੇਰਾ ਵੱਡਾ ਭਰਾ ਫੌਜ ਵਿਚ ਤੇ ਦੂਜਾ ਭਰਾ ਸਲਾਈ ਸਿੱਖਣ ਗਿਆ ਹੋਣ ਕਾਰਨ ਤੀਜੇ ਨੰਬਰ 'ਤੇ ਮੈਂ ਹੀ ਘਰ ਵਿਚ ਵੱਡਾ ਸੀ, ਜਿਹੜਾ ਖੇਤੀ ਦੇ ਕੰਮ ਵਿਚ ਆਪਣੇ ਬਾਪ ਦਾ ਹੱਥ ਵਟਾ ਸਕਦਾ ਸੀ। ਵੈਸੇ ਮੱਝਾਂ ਚਾਰਨ ਤੇ ਹਾੜੀ ਦੀ ਫਸਲ ਸਮੇਂ ਫਲ਼੍ਹੇ ਹੱਕਣ ਦਾ ਕੰਮ ਤਾਂ ਮੈਂ ਅੱਠ ਨੌਂ ਸਾਲ ਦੀ ਉਮਰ ਵਿਚ ਹੀ ਸ਼ੁਰੂ ਕਰ ਦਿੱਤਾ ਸੀ। ਜਦੋਂ ਰੋਡਿਆ ਵਾਲੇ ਸਕੂਲ ਪੜ੍ਹਨ ਲੱਗ ਪਿਆ ਸੀ ਤਾਂ ਵੀ ਗਰਮੀਆਂ ਰੁੱਤੇ ਮੇਰੀ ਮਾਂ ਨੇ ਮੈਨੂੰ ਤੇ ਮੇਰੀ ਭੈਣ, ਜਿਹੜੀ ਮੈਥੋਂ ਚਾਰ ਸਾਲ ਵੱਡੀ ਸੀ, ਨੂੰ ਉਠਾ ਕੇ ਸਾਡੇ ਬਾਪ ਨਾਲ ਹੀ ਖੇਤ ਨੂੰ ਤੋਰ ਦੇਣਾ, ਉਸ ਨੇ ਉੱਥੋਂ ਪੱਠੇ (ਚਰ੍ਹੀ, ਮੱਕੀ ਦਾ ਕਾਚੜਾ ਆਦਿ) ਵੱਢ ਕੇ ਭਰੀਆਂ ਸਾਡੇ ਸਿਰ 'ਤੇ ਰੱਖ ਦੇਣੀਆਂ। ਘਰ ਪੱਠੇ ਸੁੱਟ ਕੇ ਫਿਰ ਸਕੂਲ ਜਾਣਾ। ਇਸ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ ਬਾਪ ਨਾਲ ਖੇਤੀ ਦੇ ਕੰਮਾਂ ਵਿਚ ਵੀ ਹੱਥ ਵਟਾਉਂਦਾ ਰਿਹਾ ਸੀ। ਛੁੱਟੀ ਵਾਲੇ ਦਿਨ ਮੈਂ ਹੀ ਸਵੇਰ ਦੀ ਰੋਟੀ ਲੈ ਕੇ ਖੇਤ ਜਾਂਦਾ ਸੀ। ਘਿਉ ਲਾ ਕੇ ਪਕਾਈਆਂ ਮੰਨ ਵਰਗੀਆਂ ਦੋ ਮਿੱਸੀਆਂ ਰੋਟੀਆਂ ਹੁੰਦੀਆ ਸਨ। ਉਪਰ ਲਸਨ ਤੇ ਲਾਲ ਮਿਰਚ ਦੀ ਚਟਨੀ। ਮੇਰਾ ਬਾਪ ਇਕ ਰੋਟੀ ਦੀਆਂ ਚਾਰ ਕੁ ਬੁਰਕੀਆਂ ਹੀ ਕਰਦਾ ਤੇ ਲੱਸੀ ਦੀ ਘੁੱਟ ਨਾਲ ਲੰਘਾ ਲੈਂਦਾ। ਪੰਜਾਂ ਮਿੰਟਾਂ ਤੋਂ ਵੀ ਘੱਟ ਸਮੇਂ ਵਿਚ ਰੋਟੀ ਖਾ ਕੇ ਹਲ਼ ਮਗਰ ਜਾ ਲਗਦਾ। ਖੇਤ ਵਿਚਲਾ ਖਾਲ਼ ਘੜਨਾ, ਪਾਸਿਆਂ ਵਾਲੀਆਂ ਵੱਟਾਂ ਛਾਂਗਣੀਆਂ ਜਾਂ ਢੀਮਾਂ ਤੋੜਨੀਆਂ ਆਦਿ ਜਿਹੜਾ ਵੀ ਕੰਮ ਹੁੰਦਾ ਉਹ ਮੈਂ ਕਰਨ ਲੱਗ ਜਾਂਦਾ। ਦੁਪਹਿਰ ਨੂੰ ਅਸੀਂ ਘਰ ਆ ਜਾਂਦੇ। ਉਹ ਨਲਕੇ ਤੋਂ ਬਾਲਟੀ ਭਰ ਕੇ ਨਹਾਉਣ ਲੱਗ ਜਾਂਦਾ। ਬੁੱਕਾਂ ਨਾਲ ਹੀ ਪਿੰਡੇ 'ਤੇ ਪਾਣੀ ਪਾਉਂਦਾ, ਇਕ ਖੱਦਰ ਦੇ ਸਾਫੇ ਨਾਲ ਮਲ਼ ਮਲ਼ ਕੇ ਪਿੰਡਾ ਪੂੰਝਦਾ। ਸਰੀਰ ਉਪਰ ਜੰਮੀ ਮਿੱਟੀ ਜਾਂ ਮੈਲ਼ ਸਾਫੇ ਨਾਲ ਸਾਫ ਹੋ ਜਾਂਦੀ ਪਰ ਸਾਫਾ ਘਸਮੈਲਾ ਹੋ ਜਾਂਦਾ। ਉਸ ਸਾਫੇ ਨੂੰ ਤੇੜ ਬੰਨ੍ਹ ਕੇ ਉਹ ਕਛਹਿਰਾ ਬਦਲਦਾ ਤੇ ਧੋਤਾ ਕੁੜਤਾ ਪਾ ਕੇ ਰੋਟੀ ਖਾਂਦਾ ਅਤੇ ਕਿਸੇ ਖੇਤੀ ਦੇ ਕੰਮ ਲਈ ਘਰੋਂ ਬਾਹਰ ਚਲਿਆ ਜਾਂਦਾ। ਰੋਟੀ ਤੋਂ ਵਿਹਲੀ ਹੋ, ਮੇਰੀ ਮਾਂ ਕਛਹਿਰੇ ਤੇ ਸਾਫੇ ਨੂੰ ਘਰ ਬਣਾਏ ਦੇਸੀ ਸਾਬਨ ਨਾਲ ਧੋ ਕੇ ਸੁੱਕਣੇ ਪਾ ਦਿੰਦੀ। ਘੰਟੇ ਦੋ ਘੰਟੇ ਮਗਰੋਂ ਉਹ ਘਰ ਆਉਂਦਾ, ਕੁਝ ਖਾ ਪੀ ਕੇ ਫਿਰ ਖੇਤ ਨੂੰ ਚਲਿਆ ਜਾਂਦਾ। ਇਹ ਉਸ ਦਾ ਨਿੱਤ ਦਾ ਕੰਮ ਸੀ।
     ਉਸ ਦੇ ਨਿੱਤ ਦੇ ਕੰਮ ਵਿਚ ਉਦੋਂ ਖਲਲ ਪੈ ਗਿਆ ਜਦੋਂ ਸਾਡੇ ਫੁੱਫੜ ਦੇ ਭਰਾ ਦੀ ਉਹਨਾਂ ਦੇ ਪਿੰਡ, ਵਾਂਦਰ ਜਟਾਣੇ, ਰਿਆਸਤ ਫਰੀਦ ਕੋਟ, ਦੇ ਕਿਸੇ ਬੰਦੇ ਨਾਲ ਲੜਾਈ ਹੋ ਗਈ। ਫੁੱਫੜ ਆਪਣੇ ਭਰਾ ਦੀ ਸਹਾਇਤਾ 'ਤੇ ਗਿਆ। ਉਸ ਲੜਾਈ ਵਿਚ ਫੁੱਫੜ ਕੋਲੋਂ ਇਕ ਬੰਦਾ ਕਤਲ ਹੋ ਗਿਆ। ਫੁੱਫੜ ਦੇ ਭਰਾ ਤਾਂ ਪਿੰਡੋਂ ਦੌੜ ਕੇ ਕਿਧਰੇ ਰੂਹਪੋਸ਼ ਹੋ ਗਏ ਪਰ ਉਹ ਗ੍ਰਿਫਤਾਰ ਕਰ ਲਿਆ ਗਿਆ। ਫੁੱਫੜ ਨੂੰ ਫਰੀਦ ਕੋਟ ਦੀ ਜਿਹਲ ਵਿਚ ਬੰਦ ਕਰ ਦਿੱਤਾ ਗਿਆ। ਇਹ ਅਜ਼ਾਦੀ ਤੋਂ ਪਹਿਲਾਂ ਦੀ ਘਟਨਾ ਹੈ। ਫਰੀਦਕੋਟ ਰਿਆਸਤ ਦੇ aਾਪਣੇ ਹੀ ਕਨੰਨ ਸਨ। ਕਈ ਸਾਲ ਮੁਕਦਮਾ ਚਲਦਾ ਰਿਹਾ। ਕਿਉਂਕਿ ਸਾਡੀ ਭੂਆ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ। ਉਸ ਦੇ ਦੂਜੇ ਭਰਾ ਵੀ ਭੂਆ ਦੀ ਸਹਾਇਤਾ ਕਰਦੇ ਹੋਣਗੇ। ਪਰ ਮੇਰਾ ਬਾਪ ਆਪਣੀ ਸਮਰੱਥਾ ਤੋਂ ਵੀ ਬਾਹਰਾ ਹੋ ਕੇ ਮਦਦ ਕਰਦਾ ਰਿਹਾ। ਉਹ ਫੁੱਫੜ ਦੀ ਮੁਲਾਕਾਤ ਲਈ ਜਾਂ ਉਸ ਦੀ ਤ੍ਰੀਕ 'ਤੇ ਫਰੀਦਕੋਟ ਜਾਂਦਾ। ਕਈ ਵਾਰ ਉਸ ਨਾਲ ਛੋਟਾ ਚਾਚਾ ਸ਼ੇਰ ਸਿੰਘ ਵੀ ਹੁੰਦਾ। ਉਸ ਦੇ ਘਰ ਦਾ ਕੰਮ ਛੱਡ ਕੇ ਜਾਣ ਉਪਰ ਮੇਰੀ ਮਾਂ ਬਹੁਤ ਕਲਪਦੀ ਸੀ। ਉਸ ਦਾ ਕਹਿਣਾ ਸੀ, "ਉਹਦਾ (ਸਾਡਾ ਦਾਦਾ) ਪਿਉ ਜਿਉਂਦੈ, ਉਹ ਕਰੇ ਜੋ ਕਰਨੈ। ਤੂੰ ਕਿਉਂ ਆਪਣੇ ਜਿਆਕਾਂ ਦੇ ਮੂਹੋਂ ਕੱਢ ਕੇ ਉਹਨਾਂ ਦੇ ਬੱਬਰ ਵਿਚ ਪਾਈ ਜਾਨੈ। ਦੂਜੇ ਵੀ ਤਾਂ ਉਹਦੇ ਭਰਾ ਐ। ਉਹ ਕਿਉਂ ਨਈਂ ਉਹਦਾ ਪਾਸਾ ਥੱਲਦੇ!" ਪਰ ਬਾਈ ਆਪਣਾ ਫਰਜ਼ ਸਮਝ ਕੇ ਮੁਕਦਮੇ ਵਿਚ ਭੂਆ ਦੀ ਮਦਦ ਕਰ ਰਿਹਾ ਸੀ। ਦੋ ਕੁ ਸਾਲ ਮੁਕਦਮਾ ਚੱਲਿਆ ਜਿਸ ਵਿਚੋਂ ਫੁੱਫੜ ਬਰੀ ਹੋ ਗਿਆ। ਇਸ ਬਿਗਾਨੇ ਮੁਕਦਮੇ ਦਾ ਸਾਡੇ ਘਰ ਦੀ ਮਾਲੀ ਹਾਲਤ 'ਤੇ ਅਸਰ ਪੈਣਾ ਕੁਦਰਤੀ ਸੀ।
     ਬਾਈ ਦੇ ਨਿੱਤ ਦੇ ਕੰਮ ਵਿਚ ਖਲਲ ਉਦੋਂ ਵੀ ਪਿਆ ਸੀ ਜਦੋਂ ਦੇਸ਼ ਨੂੰ ਤਾਂ ਅਜ਼ਾਦੀ ਮਿਲ ਗਈ ਸੀ ਪਰ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਏਧਰਲੇ ਪੰਜਾਬ 'ਚੋਂ ਮੁਸਲਮਾਨ ਉੱਜੜ ਕੇ ਦੂਜੇ ਪੰਜਾਬ ਵਿਚ ਜਾਣ ਲੱਗ ਪਏ ਸਨ ਅਤੇ ਓਧਰੋਂ ਹਿੰਦੂ ਸਿੱਖ ਉੱਜੜ ਕੇ ਇਧਰ ਆਉਣ ਲੱਗ ਪਏ ਸਨ। ਉਸ ਸਮੇਂ ਲੋਕਾਂ ਵਿਚ ਅਜੇਹੀ ਨਫਰਤ ਭਰ ਦਿੱਤੀ ਗਈ ਸੀ ਕਿ ਉਹ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਓਧਰਲੇ ਪੰਜਾਬ ਵਿਚ ਮੁਸਲਮਾਨ ਹਿੰਦੂ ਸਿੱਖਾਂ ਨੂੰ ਕਤਲ ਕਰ ਰਹੇ ਸਨ ਅਤੇ ਇਧਰ ਮੁਸਲਮਾਨਾਂ ਨੂੰ ਕਤਲ ਕੀਤਾ ਜਾ ਰਿਹਾ ਸੀ। ਉਸ ਸਮੇਂ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੋ ਗਿਆ ਹੋਇਆ ਸੀ। ਕਿਸੇ ਪਾਸਿਉਂ ਐਵੇਂ ਹੀ ਅਫਵਾਹ ਉੱਡ ਜਾਂਦੀ ਕਿ ਫਲਾਨੇ ਪਿੰਡ 'ਤੇ ਮੁਸਲਮਾਨਾ ਨੇ ਹਮਲਾ ਕਰ ਦਿੱਤਾ ਹੈ ਜਾਂ ਪਾਕਿਸਤਾਨ ਤੋਂ ਲਾਸ਼ਾਂ ਦੀ ਭਰੀਆਂ ਰੇਲ ਗੱਡੀਆਂ ਆ ਰਹੀਆਂ ਹਨ। ਉਸ ਸਮੇਂ ਲੋਕਾਂ ਨੂੰ ਆਪਣੇ ਘਰੇਲੂ ਕਬੀਲਦਾਰੀਆਂ ਭੁੱਲ ਗਈਆਂ ਸਨ। ਉਹ ਆਪਣੀਆਂ ਜਾਨਾਂ ਬਚਾਉਣ ਲਈ ਦੂਜਿਆਂ ਦੀਆਂ ਜਾਨਾਂ ਲੈ ਰਹੇ ਸਨ। ਗੁੰਡਾ ਅਨਸਰਾਂ ਦੇ ਦੋਹੀਂ ਹੱਥੀਂ ਲੱਡੂ ਆ ਗਏ ਸਨ। ਗੁੰਡਿਆਂ ਨੇ ਧਾਰਮਿਕ ਪਹਿਰਾਵਾ ਪਹਿਨ ਕੇ ਜੱਥੇਦਾਰਾਂ ਦਾ ਰੂਪ ਅਖਤਿਆਰ ਕਰ ਲਿਆ ਸੀ ਤੇ ਜੱਥਿਆਂ ਦੇ ਰੂਪ ਵਿਚ ਮਸਲਮਾਨਾਂ ਨੂੰ ਲੁੱਟਣਾ ਤੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇ ਉਹ ਲੋਕ ਇਹੋ ਜਿਹੇ ਕਾਰੇ ਕਰ ਰਹੇ ਸਨ ਤਾਂ ਪਿੰਡਾਂ ਦੇ ਸੂਝਵਾਨ ਲੋਕ ਆਪਣੇ ਪਿੰਡਾਂ ਦੀ ਹਫਾਜ਼ਤ ਲਈ ਸਾਵਧਾਨ ਹੋ ਗਏ ਸਨ। ਉਹਨਾਂ ਨੇ ਅਗਵਾੜਾਂ ਵਿਚੋਂ ਕੁਝ ਜਵਾਨਾਂ ਨੂੰ ਚੁਣ ਕੇ ਜੱਥੇ ਬਣਾ ਲਏ। ਜਦੋਂ ਵੀ ਪਿੰਡ ਨੂੰ ਕੋਈ ਖਤਰੇ ਦਾ ਅਹਿਸਾਸ ਹੁੰਦਾ। ਚੌਕੀਦਾਰ ਇਕ ਖਾਸ ਢੰਗ ਨਾਲ ਪੀਪੇ ਨੂੰ ਇਕ ਵੱਖਰੇ ਤਾਲ ਵਿਚ ਖੜਕਾਉਂਦਾ ਅਤੇ ਪਿੰਡ ਦੇ ਜੱਥੇ ਝੱਟ ਆਪਣੇ ਹਥਿਆਰ ਸੰਭਾਲ ਕੇ ਮਿਥੀ ਥਾਂ ਪਹੁੰਚ ਜਾਂਦੇ ਤੇ ਪਿੰਡ ਦੀ ਰਖਵਾਲੀ ਕਰਦੇ। ਸਾਡੇ ਪਿੰਡ ਦੇ ਮੁਸਲਮਾਨ ਸ਼ੇਖ ਤਾਂ ਹੱਲੇ ਗੁੱਲੇ ਤੋਂ ਪਹਿਲਾਂ ਹੀ ਪਿੰਡ ਛੱਡ ਕੇ ਚਲੇ ਗਏ ਸਨ। ਪਿੱਛੇ ਰਹਿ ਗਏ ਸਨ ਗਰੀਬ ਕਿਰਤੀ, ਦਿਹਾੜੀਦਾਰ ਮੁਸਲਮਾਨ। ਉਹਨਾਂ ਨੂੰ ਚੌਹਾਂ ਅਗਵਾੜਾਂ ਦੇ ਹਿੰਮਤੀ ਗਭਰੂ ਕੈਂਪ ਵਿਚ ਛੱਡ ਆਏ ਸਨ। ਉਹਨਾਂ ਨੂੰ ਛੱਡਣ ਜਾਣ ਵਾਲਿਆਂ ਵਿਚ ਮੇਰਾ ਬਾਪ ਵੀ ਸੀ।
     ਇਕ ਦਿਨ ਚੌਕੀਦਾਰ ਨੇ ਪੀਪਾ ਖੜਕਾਇਆ ਤਾਂ ਮੇਰਾ ਬਾਪ ਆਪਣੀ ਤਲਵਾਰ, ਜਿਹੜੀ ਕਿ ਇਨ੍ਹਾਂ ਗਰਮੀਆਂ ਵਿਚ ਮੇਰਾ ਛੋਟਾ ਚਾਚਾ ਉਸ ਨੂੰ ਦੇ ਕੇ ਗਿਆ ਸੀ, ਲੈ ਕੇ ਬਖਤੇ ਕੀ ਧਰਮਸ਼ਾਲਾ ਵਲ ਚਲਾ ਗਿਆ ਜਿੱਥੇ ਦੋਹਾਂ ਅਗਵਾੜਾਂ ਦੇ ਬੰਦਿਆਂ ਨੇ ਇਕੱਠੇ ਹੋਣਾ ਸੀ। ਕਿਉਂਕਿ ਪਿੰਡ ਵਿਚ ਇਹ ਅਫਵਾਹ ਫੈਲ ਗਈ ਸੀ ਕਿ ਵੈਰੋਕਿਆਂ ਵਾਲੇ ਪਾਸਿਉਂ ਮੁਸਲਮਾਨ ਪਿੰਡ 'ਤੇ ਧਾਵਾ ਬੋਲਣ ਲਈ ਆ ਰਹੇ ਹਨ। ਸਾਡੀ ਮਾਂ ਨੇ ਸਾਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਸੀ ਅਤੇ ਆਪ ਵੀਹੀ ਦੇ ਬਾਰ ਮੂਹਰੇ ਜਾ ਖੜ੍ਹੀ ਸੀ।। ਬਾਅਦ ਵਿਚ ਪਤਾ ਲੱਗਾ ਕਿ ਵੈਰੋਕਿਆਂ ਦੇ ਕੁਝ ਸਿਆਣੇ ਬੰਦੇ ਆਪਣੇ ਪਿੰਡ ਦੇ ਗਰੀਬ ਮੁਸਲਮਾਨਾਂ ਨੂੰ ਕੈਂਪ ਵਿਚ ਛੱਡਣ ਜਾ ਰਹੇ ਸਨ। ਅਜੇਹੀਆਂ ਅਫਵਾਹਾਂ ਕਾਰਨ ਦੋ ਮਹੀਨੇ ਕਿਸਾਨਾਂ ਵਲੋਂ ਖੇਤਾਂ ਵਿਚ ਸਹੀ ਢੰਗ ਨਾਲ ਕੰਮ ਨਹੀਂ ਸੀ ਹੋ ਸਕਿਆ ਜਿਸ ਕਾਰਨ ਉਸ ਸਾਲ ਸੌਣੀ ਦੀ ਫਸਲ ਬਹੁਤੀ ਚੰਗੀ ਨਹੀਂ ਸੀ ਹੋਈ। ਇਸ ਦਾ ਅਸਰ ਸਾਡੇ ਘਰ ਉਪਰ ਵੀ ਪਿਆ।
    ਫਿਰ ਪਰਿਵਾਰ ਵਿਚ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੇਰੇ ਬਾਪ ਨੇ ਬਾਈ ਸਾਲਾਂ ਵਿਚ ਦਸ ਭੈਣ ਭਰਾਵਾਂ ਦੇ ਗਿਆਰਾਂ ਵਿਆਹ ਕੀਤੇ। ਤਕਰੀਬਨ ਹਰ ਦੋ ਸਾਲ ਬਾਅਦ ਇਕ ਵਿਆਹ। ਮੈਥੋਂ ਵਡੇ ਭਰਾ, ਮਲਕੀਤ ਸਿੰਘ ਦਾ ਦੋ ਵਾਰ ਵਿਆਹ ਕਰਨਾ ਪਿਆ ਸੀ। ਉਸ ਦੀ ਪਹਿਲੀ ਪਤਨੀ ਦੀ ਤਪਦਿਕ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਦੀ ਬਿਮਾਰੀ ਉਪਰ ਵੀ ਬਹੁਤ ਖਰਚ ਆਇਆ ਸੀ। ਪਹਿਲੇ ਸੱਤ ਵਿਆਹਾਂ ਵਿਚ ਹਰ ਵਿਆਹ ਮਗਰੋਂ ਬਾਪ ਸਿਰ ਕਰਜ਼ੇ ਦੀ ਪੰਡ ਕੁਝ ਹੋਰ ਭਾਰੀ ਹੋ ਜਾਂਦੀ ਰਹੀ ਸੀ। ਪਰ ਜਦੋਂ ਅਸੀਂ ਭਰਾ ਕਮਾਊ ਹੋ ਗਏ ਤਾਂ ਉਹ ਹੌਲ਼ੀ ਹੌਲ਼ੀ ਕਰਜ਼ੇ ਤੋਂ ਸੁਰਖਰੂ ਹੁੰਦਾ ਗਿਆ। 'ਊਠ ਤੋਂ ਛਾਣਨੀ ਲਾਹੁਣ' ਦੀ ਅਖਾਉਤ ਅਨੁਸਾਰ ਮੇਰਾ ਵਾਡਾ ਭਰਾ ਫੌਜ ਵਿਚੋਂ ਜਦੋਂ ਸਾਲ ਮਗਰੋਂ ਛੁੱਟੀ ਆਉਂਦਾ ਤਾਂ ਆਪਣੀ ਤਨਖਾਹ ਵਿਚੋਂ ਦੋ ਢਾਈ ਸੌ ਰੁਪਏ ਬਚਾ ਕੇ ਲੈ ਆਉਂਦਾ ਸੀ। ਉਦੋਂ ਫੌਜੀ ਸਿਪਾਹੀ ਨੂੰ ਮਹੀਨੇ ਦੀ ਮਸਾਂ ਤੀਹ ਪੈਂਤੀ ਰੁਪਏ ਤਨਖਾਹ ਹੀ ਮਿਲਦੀ ਸੀ। 
    ਮੈਂ ਮੈਟ੍ਰਿਕ ਕਰਨ ਮਗਰੋਂ ਕੁਝ ਸਮੇਂ ਲਈ ਸੱਠ ਰੁਪਏ ਤਨਖਾਹ 'ਤੇ ਕੱਚਾ ਅਧਿਆਪਕ ਲੱਗ ਗਿਆ ਸੀ। ਫਿਰ ਅਧਿਆਪਕ ਦਾ ਸਿਖਲਾਈ ਕੋਰਸ ਕਰ ਕੇ ਪੱਕਾ ਅਧਿਆਪਕ ਬਣ ਗਿਆ। ਮੈਂ ਆਪਣੇ ਛੋਟੇ ਭਰਾਵਾਂ ਨੂੰ ਪੜ੍ਹਨ ਲਈ ਉਤਸਾਹਤ ਕਰਦਾ ਰਿਹਾ, ਭਾਵੇਂ ਕਿ ਇਕ ਜਣਾ ਦਸਵੀਂ ਵਿਚੋਂ ਇਕ ਵਾਰ ਫੇਲ੍ਹ ਹੋ ਗਿਆ ਸੀ ਅਤੇ ਦੂਜਾ ਦਸਵੀਂ ਵਿਚੋਂ ਦੋ ਵਾਰ ਫੇਲ੍ਹ ਹੋਇਆ। ਬਾਪ ਉਹਨਾਂ ਦੀ ਪੜ੍ਹਾਈ ਤੋਂ ਮਾਯੂਸ ਹੋ ਗਿਆ ਸੀ ਪਰ ਮੈਂ ਉਹਨਾਂ ਨੂੰ ਪੜ੍ਹਾਈ ਨਹੀਂ ਸੀ ਛੱਡਣ ਦਿੱਤੀ। ਜਿਸ ਕਾਰਨ ਇਕ ਭਰਾ ਡਰਾਇੰਗ ਟੀਚਰ ਬਣ ਗਿਆ ਤੇ ਦੂਜਾ ਫੌਜ ਵਿਚ ਕਲਰਕ ਭਰਤੀ ਹੋ ਗਿਆ।  
     ਮੈਥੋਂ ਛੋਟਾ ਭਰਾ ਪਹਿਲੀ ਜਮਾਤ ਵਿਚੋਂ ਹੀ ਸਕੂਲੋਂ ਭਗੌੜਾ ਹੋ ਗਿਆ ਸੀ। ਘਰਦਿਆਂ ਨੇ ਬਹੁਤ ਜ਼ੋਰ ਲਇਆ ਕਿ ਉਹ ਚਾਰ ਜਮਾਤਾਂ ਪੜ੍ਹ ਜਾਵੇ ਪਰ ਪਤਾ ਨਹੀਂ ਉਸ ਨੂੰ ਸਕੂਲ ਜਾਣ ਤੋਂ ਕਿਉਂ ਡਰ ਲਗਦਾ ਸੀ ਕਿ ਉਹ ਸਕੂਲ ਵਿਚ ਕੁਝ ਪਲ ਵੀ ਨਹੀਂ ਸੀ ਠਹਿਰਦਾ। ਮੈਂ ਉਸ ਨੂੰ ਆਪਣੇ ਨਾਲ ਸਕੂਲ ਲੈ ਕੇ ਜਾਂਦਾ ਪਰ ਪਤਾ ਹੀ ਨਹੀਂ ਸੀ ਲਗਦਾ ਕਿ ਉਹ ਕਦੋਂ ਸਕੂਲੋਂ ਭੱਜ ਜਾਂਦਾ। ਜਦੋਂ ਉਹ ਸਕੂਲ ਜਾਣ ਤੋਂ ਬਿਲਕੁਲ ਹੀ ਵੀਰ੍ਹ ਗਿਆ ਤਾਂ ਉਸ ਨੂੰ ਬੱਕਰੀ ਚਾਰਨ ਤੋਰ ਦਿੱਤਾ। ਉਹਨਾਂ ਦਿਨਾਂ ਵਿਚ ਹੀ ਸਾਡੀ ਮੱਝ ਦੁੱਧੋਂ ਭੱਜ ਗਈ ਸੀ, ਉਸ ਦੇ ਸੂਣ ਵਿਚ ਅਜੇ ਚਾਰ ਮਹੀਨੇ ਰਹਿੰਦੇ ਸਨ। ਹੋਰ ਲਵੇਰੀ ਮੱਝ ਲੈਣ ਦੀ ਪੁੱਜਤ ਨਹੀਂ ਸੀ। ਇਸ ਕਰ ਕੇ ਦੁੱਧ ਲਈ ਇਕ ਬੱਕਰੀ ਖਰੀਦ ਲਈ ਜਿਸ ਦੇ ਮਗਰ ਦੋ ਪਠੋਰੇ ਸਨ। ਉਹ ਬੱਕਰੀ ਚਾਰਨ ਸੂਏ ਵਲ ਚਲਿਆ ਜਾਂਦਾ। ਬੱਕਰੀ ਓਥੇ ਚਰਦੀ ਰਹਿੰਦੀ ਤੇ ਆਪ ਉਹ ਆਪਣੇ ਹਾਣੀਆਂ ਨਾਲ ਖੇਡਣ ਲੱਗ ਜਾਂਦਾ। ਦੋ ਕੁ ਸਾਲ ਵਿਚ ਇਕ ਬੱਕਰੀ ਤੋਂ ਪੰਜ ਛੇ ਬੱਕਰੀਆਂ ਬਣ ਗਈਆਂ। ਹੌਲ਼ੀ ਹੌਲ਼ੀ ਬੱਕਰੀਆਂ ਦਾ ਇੱਜੜ ਬਣ ਗਿਆ ਅਤੇ ਉੁਹ ਬੱਕਰੀਆਂ ਚਾਰਦਾ ਆਜੜੀ ਬਣ ਗਿਆ। ਜਦੋਂ ਵੀ ਕੋਈ ਆਰਥਿਕ ਲੋੜ ਆ ਬਣਨੀ ਤਾਂ ਇਕ ਦੋ ਬੱਕਰੀਆਂ ਵੇਚ ਕੇ ਕੰਮ ਚਲਾ ਲੈਣਾ। ਬੱਕਰੀਆਂ ਦਾ ਇੱਜੜ ਮੇਰੇ ਬਾਪ ਦੀ ਕਬੀਲਦਾਰੀ ਵਿਚ ਕੁਝ ਯੋਗਦਾਨ ਪਾਉਂਦਾ ਆ ਰਿਹਾ ਸੀ। ਜਦੋਂ ਉਹ ਸੋਲਾਂ ਸਤਾਰਾਂ ਸਾਲ ਦਾ ਹੋਇਆ ਤਾਂ ਬਾਪ ਨੇ ਇੱਜੜ ਵੇਚ ਦਿੱਤਾ ਅਤੇ ਉਸ ਨੂੰ ਹੱਲ ਮਗਰ ਲਾ ਲਿਆ। ਕੁਝ ਸਮੇਂ ਬਾਅਦ ਖੇਤੀ ਦੇ ਕੰਮ ਦੀ ਸਾਰੀ ਜ਼ਿੰਮੇਵਾਰੀ ਉਸ ਉਪਰ ਸੁੱਟ ਕੇ ਉਹ ਆਪ ਵਿਹਲਾ ਹੋ ਗਿਆ ਸੀ। ਉਹ ਖੇਤੀ ਦੇ ਕੰਮਾਂ ਤੋਂ ਵਿਹਲਾ ਹੋਇਆ ਸੀ ਪਰ ਘਰ ਦੀ ਕਬੀਲਦਾਰੀ ਦੀ ਜ਼ਿੰਮੇਵਾਰੀ ਅਜੇ ਵੀ ਉਸ ਦੇ ਸਿਰ ਪਈ ਹੋਈ ਸੀ।   
      ਮੇਰਾ ਬਾਪ ਬਹੁਤ ਘੱਟ ਬੋਲਦਾ ਸੀ। ਬਸ ਮਤਲਬ ਦੀ ਹੀ ਗੱਲ ਕਰਦਾ, ਬਹੁਤਾ ਉਹ ਚੁੱਪ ਰਹਿੰਦਾ ਸੀ। ਪਤਾ ਨਹੀਂ ਉਸ ਦੀ ਚੁੱਪ ਪਿੱਛੇ ਕਬੀਲਦਾਰੀ ਦਾ ਬੋਝ ਸੀ ਜਾਂ ਕਬੀਲਦਾਰੀ ਨੂੰ ਨਿਪਟਾਉਣ ਦਾ ਫਿਕਰ, ਜਾਂ ਫਿਰ ਉਹਦੇ ਆਪਣੇ ਅਰਮਾਨਾਂ ਦੇ ਕੁਚਲੇ ਜਾਣ ਦਾ ਗ਼ਮ। ਉਸ ਨੇ ਆਪਣੇ ਬੱਚਿਆਂ ਨਾਲ ਮਤਲਬ ਦੀ ਗੱਲ ਤੋਂ ਬਿਨਾਂ ਸ਼ਾਇਦ ਹੀ ਕਦੀ ਕੋਈ ਹੋਰ ਗੱਲ ਕੀਤੀ ਹੋਵੇ। ਅਸੀਂ ਵੀ ਕਦੀ ਉਸ ਦੇ ਸਾਹਮਣੇ ਬੋਲਣ ਦਾ ਸਾਹਸ ਨਹੀਂ ਸੀ ਕਰਦੇ। ਜੋ ਚੀਜ਼ ਮੰਗਣੀ ਹੁੰਦੀ ਉਹ ਆਪਣੀ ਮਾਂ ਕੋਲੋਂ ਹੀ ਮੰਗਦੇ। ਇਹ ਸਥਿਤੀ ਸਦਾ ਨਹੀਂ ਸੀ ਰਹੀ। ਜਦੋਂ ਉਸ ਨੂੰ ਸੱਥ ਵਿਚ ਬਹਿਣ ਦਾ ਸਮਾਂ ਮਿਲਣ ਲੱਗਾ ਤਾਂ ਉਸ ਦੀ ਬੋਲ ਬਾਣੀ ਵੀ ਸੁਣਨ ਨੂੰ ਮਿਲਣ ਲੱਗੀ।
     ਪਤਾ ਨਹੀਂ ਉਸ ਦੇ ਮਨ ਵਿਚ ਕੀ ਝਿਜਕ ਸੀ ਜਾਂ ਕੋਈ ਹੀਣ-ਭਾਵਨਾ ਸੀ ਕਿ ਉਸ ਨੇ ਕਦੀ ਵੀ ਆਪਣੇ ਕਿਸੇ ਮੁੰਡੇ, ਕੁੜੀ ਨੂੰ ਕੁੱਛੜ ਚੁੱਕ ਕੇ ਨਹੀਂ ਸੀ ਖਿਡਾਇਆ। ਆਪਣੇ ਬੱਚਿਆਂ ਨੂੰ ਖਿਡਾਉਣਾ ਤਾਂ ਕੀ ਸੀ, ਉਹਨਾਂ ਨੂੰ ਕਦੀ ਰੋਂਦਿਆਂ ਨੂੰ ਵੀ ਨਹੀਂ ਸੀ ਵਿਰਾਇਆ। ਭਾਵੇਂ ਉਹ ਮੰਜੀ ਪੀੜ੍ਹੀ 'ਤੇ ਪਏ ਕਿੰਨਾ ਹੀ ਰੋ ਕੁਰਲਾ ਰਹੇ ਹੋਣ, ਉਹਨਾਂ ਨੂੰ ਰੋਂਦਿਆਂ ਦੇਖ ਕੇ ਉਹ ਉਥੋਂ ਪਾਸੇ ਤਾਂ ਹੋ ਜਾਂਦਾ ਸੀ ਪਰ ਚੁਕਦਾ ਨਹੀਂ ਸੀ। ਉਸ ਦੀ ਇਹ ਆਦਤ ਉਦੋਂ ਬਦਲੀ ਜਦੋਂ ਉਹ ਪੋਤਿਆਂ, ਦੋਹਤਿਆਂ ਵਾਲਾ ਹੋਇਆ। ਪਹਿਲੀ ਵਾਰ ਜਦੋਂ ਮੈਂ ਉਸ ਨੂੰ ਕਿਸੇ ਜੁਆਕ ਨੂੰ ਆਪਣੀ ਉਂਗਲ ਲਾਈ ਤੁਰੇ ਜਾਂਦੇ ਦੇਖਿਆ, ਉਹ ਮੇਰੇ ਵੱਡੇ ਭਰਾ ਦਾ ਵੱਡਾ ਮੁੰਡਾ, ਜਸਬੀਰ ਸੀ। ਫਿਰ ਤਾਂ ਉਹ ਸਾਡੇ ਸਾਰੇ ਭਰਾਵਾਂ ਭੈਣਾਂ ਦੀ ਔਲਾਦ ਨੂੰ ਚੁੱਕਣ ਵਿਚ ਕੋਈ ਸੰਗ ਮਹਿਸੂਸ ਨਹੀਂ ਸੀ ਕਰਦਾ। ਪੋਤਰੇ ਪੋਤਰੀਆਂ ਨੂੰ ਤਾਂ ਪਿਆਰ ਕਰਨ ਲੱਗ ਹੀ ਪਿਆ ਸੀ, ਆਪਣੇ ਪੜਪੋਤੇ ਪੜਪੋਤੀਆਂ ਤੇ ਪੜਦੋਹਤੇ ਪੜਦੋਹਤੀਆਂ ਨੂੰ ਵੀ ਆਪਣੇ ਮੋਢਿਆਂ ਤੋਂ ਘੱਟ ਹੀ ਲਾਹੁੰਦਾ ਸੀ। ਜਦੋਂ ਪਹਿਲੀ ਵਾਰ ਮੇਰੀ ਲੜਕੀ ਇੰਗਲੈਂਡ ਤੋਂ ਆਈ ਤਾਂ ਉਹਦੇ ਕੁੱਛੜ ਦੋ ਕੁ ਸਾਲ ਦੀ ਲੜਕੀ ਸੀ। ਦੋ ਕੁ ਹਫਤੇ ਉਹ ਪਿੰਡ ਰਹੀ। ਦੋ ਸਾਲ ਦੀ ਕੁੜੀ ਬੜੀ ਖਿਲੰਦੜੀ ਜਿਹੀ ਸੀ। ਮੇਰੇ ਬਾਪ ਨੇ ਉਸ ਨੂੰ ਚੁੱਕ ਕੇ ਬਾਹਰ ਲੈ ਜਾਣਾ। ਘਰ ਆ ਕੇ ਵੀ ਉਸ ਨਾਲ ਖੇਡਦੇ ਰਹਿਣਾ। ਫਿਰ ਜਦੋਂ ਉਹ ਦੂਜੀ ਵਾਰ ਇੰਗਲੈਂਡ ਤੋਂ ਪਿੰਡ ਆਈ ਤਾਂ ਉਸ ਦੇ ਕੁੱਛੜ ਇਕ ਮੁੰਡਾ ਸੀ। ਉਹ ਉਸ ਨੂੰ ਵੀ ਆਪਣੇ ਨਾਲ ਹੀ ਰਖਦਾ ਸੀ। ਫੇਰ ਤਾਂ ਅੰਤਲੇ ਸਾਹਾਂ ਤਕ ਉਸ ਦਾ ਬੱਚਿਆਂ ਨਾਲ ਪਿਆਰ ਬਣਿਆ ਰਿਹਾ।
     ਉਹ ਇਕ ਹੁਨਰਮੰਦ ਕਿਸਾਨ ਸੀ। ਉਸ ਨੂੰ ਖੇਤੀ ਨਾਲ ਸਬੰਧਤ ਸਾਰੀਆਂ ਵਸਤਾਂ ਬਣਾਉਣੀਆਂ ਆਉਂਦੀਆਂ ਸਨ। ਗੁੱਲੇ ਪਿੰਨੇ ਨਾਲ ਸਣ ਕੱਤਣੀ, ਘਿਰਲੇ ਨਾਲ ਸਣ ਦੀ ਪਤਲੀ ਰੱਸੀ ਤੋਂ ਮੋਟੀ ਰੱਸੀ ਤਕ ਵੱਟਣੀ ਜਾਂ ਰੱਸਾ ਵੱਟਣਾ। ਰੱਸੇ ਰੱਸੀਆਂ ਨੂੰ ਤਿੱਲੜਾ ਕਰ ਕੇ ਭਾਂਤ ਭਾਂਤ ਦੀਆਂ ਵਸਤਾਂ; ਜਿਵੇਂ ਖੂਹ ਤੋਂ ਪਾਣੀ ਭਰਨ ਵਾਲੀ ਲੱਜ, ਗੱਡੇ ਉਪਰ ਲਾਂਗਾ ਕੱਸਣ ਲਈ ਜਿਉੜਾ, ਪਸ਼ੂਆਂ ਦੇ ਪਾਉਣ ਵਾਲਾ ਧਲਿਆਰਾ, ਪਸ਼ੂਆਂ ਦੇ ਮੂੰਹ 'ਤੇ ਪਾਉਣ ਵਾਲ ਛਿੱਕਲ਼ਾ, ਛਿੱਕਲੀ, ਆਦਿ ਬਣਾਉਣ ਦਾ ਮਾਹਰ ਸੀ। ਅਗਵਾੜ ਦੇ ਕਈ ਕਿਸਾਨ ਰੱਸਾ ਵੱਟਣ ਲਈ ਉਸ ਦੀਆ ਸੇਵਾਵਾਂ ਲੈਂਦੇ ਸਨ। ਉਹ ਚੰਗਾ ਖੋਜੀ ਵੀ ਸੀ। ਅਗਵਾੜ ਦੇ ਬਹੁਤੇ ਬੰਦਿਆਂ ਦੀਆਂ ਉਹ ਪੈੜਾਂ ਪਛਾਣ ਲੈਂਦਾ ਸੀ। ਇਕ ਵਾਰੀ ਸਾਡੀ ਕਣਕ ਦੀ ਫਸਲ ਵਿਚ 'ਕਮਲੀ ਸਰ੍ਹੋਂ' ਚੋਰੀ ਪੁੱਟੀ ਹੋਈ ਸੀ। (ਕਣਕ ਬੀਜਣ ਸਮੇਂ ਖੇਤ ਵਿਚ ਉਂਞ ਹੀ ਸਰ੍ਹੋਂ ਦੇ ਬੀਜ ਦਾ ਵਿਰਲਾ ਜਿਹਾ ਛੱਟਾ ਦੇ ਦਿੱਤਾ ਜਾਂਦਾ ਸੀ। ਉਹ ਸਰ੍ਹੋਂ ਫੁੱਲ ਕੱਢਣ ਤੋਂ ਪਹਿਲਾਂ ਪਸ਼ੂਆਂ ਦੇ ਚਾਰੇ ਲਈ ਵਰਤ ਲਈ ਜਾਂਦੀ ਸੀ। ਉਸ ਨੂੰ ਕਮਲੀ ਸਰ੍ਹੋਂ ਕਿਹਾ ਜਾਂਦਾ ਸੀ।) ਬਾਈ ਨੇ ਖੇਤ ਵਿਚ ਪੈੜਾਂ ਦੇਖੀਆਂ ਤਾਂ ਉਸ ਦੱਸਿਆ ਕਿ ਇਹ ਕਾਰਾ ਨੰਜੀ (ਨਿਰੰਜਨ, ਨਾਲ ਦੇ ਖੇਤ ਵਾਲਾ) ਨੇ ਕੀਤਾ ਹੈ। ਪਿੰਡ ਜਾ ਕੇ ਉਸ ਨੇ ਨਿਰੰਜਨ ਨੂੰ ਮਨਵਾ ਵੀ ਲਿਆ ਸੀ ਕਿ ਉਹਨਾਂ ਦੇ ਖੇਤ ਨੂੰ ਪਾਣੀ ਲੱਗਾ ਹੋਣ ਕਰਕੇ ਉਸ ਨੇ ਹੀ ਆਪਣੀ ਮੱਝ ਲਈ ਕਮਲੀ ਸਰ੍ਹੋਂ ਪੁੱਟੀ ਸੀ।
     ਉਹਨਾਂ ਸਮਿਆਂ ਵਿਚ ਕਿਸਾਨ ਆਪਣੀ ਲੋੜ ਦੀਆਂ ਖਾਣ ਵਾਲੀਆਂ ਵਸਤਾਂ ਆਪਣੇ ਖੇਤਾਂ ਵਿਚ ਹੀ ਪੈਦਾ ਕਰਦੇ ਸਨ। ਤਕਰੀਬਨ ਹਰ ਕਿਸਾਨ ਆਪਣੀ ਲੋੜ ਜੋਗਾ ਕਮਾਦ ਜ਼ਰੂਰ ਬੀਜਦਾ ਸੀ ਅਤੇ ਸਿਆਲ ਵਿਚ ਕਮਾਦ ਪੀੜ ਕੇ ਗੁੜ ਬਣਾਇਆ ਜਾਂਦਾ ਸੀ। ਮੇਰੇ ਬਾਪ ਨੂੰ ਗੁੜ ਬਣਾਉਣ ਦਾ ਹੁਨਰ ਵੀ ਬਹੁਤ ਵਧੀਆ ਆਉਂਦਾ ਸੀ। ਉਸ ਦਾ ਬਣਾਇਆ ਹੋਇਆ ਗੁੜ ਬਰਸਾਤ ਦੇ ਮੌਸਮ ਵਿਚ ਢਿੱਲਾ ਨਹੀਂ ਸੀ ਹੁੰਦਾ ਅਤੇ ਉਹਦੀ ਬਣਾਈ ਹੋਈ ਸ਼ੱਕਰ ਬਹੁਤ ਸਾਫ ਤੇ ਦਾਣੇਦਾਰ ਹੁੰਦੀ ਸੀ। ਕਈ ਕਿਸਾਨ ਉਸ ਕੋਲੋਂ ਹੀ ਗੁੜ ਬਣਵਾਉਂਦੇ ਸਨ। ਉਦੋਂ ਬਿਨਾਂ ਕੋਈ ਮੁਆਵਜ਼ਾ ਲਏ ਇਕ ਦੂਜੇ ਦਾ ਕੰਮ ਕੀਤੇ ਜਾਂਦੇ ਸਨ। ਜਦੋਂ ਉਸ ਨੂੰ ਆਪਣੇ ਕੰਮਾਂ ਤੋਂ ਇਕ ਮਿੰਟ ਦੀ ਵਿਹਲ ਨਹੀਂ ਸੀ ਮਿਲਦੀ ਤਾਂ ਉਦੋਂ ਵੀ ਉਹ ਆਪਣਾ ਕੰਮ ਛੱਡ ਕੇ ਕਿਸਾਨਾਂ ਦੇ ਅਜੇਹੇ ਕੰਮ ਕਰਦਾ ਸੀ। ਪਰ ਜਦੋਂ ਨੂੰ ਉਹ ਖੇਤੀ ਦਾ ਕੰਮ ਛੱਡ ਕੇ ਸਾਂਝੇ ਕੰਮਾਂ ਲਈ ਵਿਹਲਾ ਹੋ ਗਿਆ ਤਾਂ ਇਹੋ ਜਿਹਾ ਸਾਰਾ ਸੰਦ ਵਲੇਵਾਂ ਬਜ਼ਾਰੂ ਆ ਗਿਆ। ਕਿਸਾਨ ਬਣੀਆਂ ਬਣਾਈਆਂ ਚੀਜ਼ਾਂ ਬਜ਼ਾਰੋਂ ਲਿਆਉਣ ਲੱਗੇ ਅਤੇ ਸਣ ਬੀਜਣੋ ਵੀ ਹਟ ਗਏ। ਸਾਡੇ ਇਲਾਕੇ ਵਿਚ ਕਮਾਦ ਦੀ ਬਿਜਾਈ ਬੰਦ ਹੋ ਜਾਣ ਕਾਰਨ ਗੰਨਾ ਪੀੜਨ ਵਾਲੀਆਂ ਘੁਲਾੜੀਆਂ ਚਲਣੀਆਂ ਬੰਦ ਹੋ ਗਈਆਂ, ਜਿਸ ਕਾਰਨ ਗੁੜ ਬਣਾਉਣ ਵਾਲ ਕੰਮ ਵੀ ਬੰਦ ਹੋ ਗਿਆ।
     ਮੇਰੇ ਬਾਪ ਦੇ ਅੰਦਰ ਵੀ ਇਕ ਇਨਸਾਨ ਦਾ ਦਿਲ ਸੀ। ਉਸ ਦੇ ਦਿਲ ਵਿਚ ਵੀ ਬਹੁਤ ਆਸ਼ਾਵਾਂ ਤੇ ਰੀਝਾਂ ਪਨਪਦੀਆਂ ਹੋਣਗੀਆਂ। ਪਰ ਵੱਡੇ ਪਰਿਵਾਰ ਨੇ ਉਸ ਦੀਆਂ ਰੀਝਾਂ ਨੂੰ ਰੂਪਮਾਨ ਨਹੀਂ ਸੀ ਹੋਣ ਦਿੱਤਾ। ਇਕ ਵਾਰ ਵੀੜ੍ਹੀ 'ਤੇ ਲੈ ਕੇ ਗਏ ਆਪਣੇ ਇਕ ਕਿਸਾਨ ਦੋਸਤ ਨੂੰ ਇਹ ਕਹਿੰਦੇ ਉਸ ਦੇ ਮੂੰਹੋਂ ਮੈਂ ਆਪ ਸੁਣਿਆ ਸੀ, "ਜੇ ਏਨੀ ਲਾਮਡੋਰੀ ਮਗਰ ਨਾ ਲੱਗੀ ਹੁੰਦੀ ਤਾਂ ਜਿੰਨੀ ਕਮਾਈ ਮੈਂ ਕੀਤੀ ਐ ਭਾਵੇਂ ਵੀਹ ਘੁਮਾਂ ਪੈਲ਼ੀ ਲੈ ਲੈਂਦਾ।" ਉਸ ਦੇ ਅੰਦਰ ਆਪਣੇ ਦਾਦੇ ਵਾਲੇ ਜੀਨਜ਼ ਕਸਮਸਾਉਂਦੇ ਤਾਂ ਸਨ ਕਿ ਉਹ ਵੀ ਜ਼ਮੀਨ ਗਹਿਣੇ ਜਾਂ ਬੈਅ ਲੈ ਸਕੇ ਪਰ ਹਾਲਾਤ ਹੀ ਐਸੇ ਬਣੇ ਕਿ ਅੱਗੜ ਪਿੱਛੜ ਤਿੰਨ ਵਿਆਹਾਂ ਦਾ ਭਾਰ ਉਸ ਦੇ ਸਿਰ ਆ ਪਿਆ ਸੀ ਤਾਂ ਜ਼ਮੀਨ ਖਰੀਦਣ ਦੀ ਥਾਂ ਉਸ ਨੂੰ ਆਪਣੇ ਸਕੇ ਭਰਾ ਕੋਲ ੫੦੦/- ਰੁਪਏ ਵਿਚ ਆਪਣੀ ਜ਼ਮੀਨ ਗਹਿਣੇ ਧਰਨੀ ਪੈ ਗਈ ਸੀ। ਉਹੋ ਜ਼ਮੀਨ ਉਹ ਆਪ ਅੱਧ 'ਤੇ ਵਾਹੁੰਦਾ ਰਿਹਾ ਸੀ ਤਾਂ ਜੋ ਪਰਦਾ ਬਣਿਆ ਰਹੇ।
     ਜਦੋਂ ਮੈਂ ਅਧਆਪਕ ਲੱਗ ਗਿਆ ਤਾਂ ਮੇਰੀ ਤਨਖਾਹ ਆਉਣ ਨਾਲ ਉਸ ਦੇ ਸਿਰੋਂ ਕਰਜੇ ਦਾ ਭਾਰ ਕੁਝ ਘਟਨ ਲੱਗਾ। ਪਰ ਨਾਲ ਹੀ ਉਸ ਨੂੰ ਇਕ ਹੋਰ ਫਿਕਰ ਨੇ  ਆ ਘੇਰਿਆ, ਜਦੋਂ ਮੇਰੇ ਵੱਡੇ ਭਰਾ ਨੂੰ ਦਸ ਸਾਲ ਦੀ ਨੌਕਰੀ ਕਰਨ ਤੋਂ ਬਾਅਦ ਫੌਜ ਵਿਚੋਂ ਰਿਜ਼ਰਵ ਕੈਟੇਗਰੀ (ਜੇ ਫੌਜ ਵਿਚ ਸਿਪਾਹੀ ਦੀ ਲੋੜ ਪੈ ਜਾਵੇ ਤਾਂ ਵਾਪਸ ਬੁਲਾਇਆ ਜਾ ਸਕਦਾ ਹੈ) ਵਿਚ ਘਰ ਭੇਜ ਦਿੱਤਾ ਗਿਆ ਤੇ ਪੈਨਸ਼ਨ ਸੀ ਸਿਰਫ ਦਸ ਰੁਪਏ ਮਹੀਨਾ। ਅਗਲੇ ਦਸ ਸਾਲ ਉਹ ਕੋਈ ਪੱਕੀ ਨੌਕਰੀ ਵੀ ਨਹੀਂ ਸੀ ਕਰ ਸਕਦਾ। ਉਸ ਨੂੰ ਫਿਕਰ ਸੀ ਕਿ ਉਹ ਆਪੇ ਪਰਵਾਰ ਨੂੰ ਕਿਵੇਂ ਪਾਲ਼ੇਗਾ? ਕਈ ਪਾਸੇ ਹੱਥ ਪੈਰ ਮਾਰਨ ਮਗਰੋਂ ਜਦੋਂ ਭਰਾ ਦਾ ਕੋਈ ਕੰਮ ਨਾ ਚੱਲਿਆ ਤਾਂ ਉਸ ਨੂੰ ਲੁਧਿਆਣੇ ਹੌਜ਼ਰੀ ਦਾ ਕੰਮ ਸਿੱਖਣ ਲਈ, ਉਸ ਦੇ ਸਾਲੇ ਕੋਲ ਘੱਲ ਦਿੱਤਾ ਸੀ। ਤਿੰਨ ਕੁ ਸਾਲ ਹੌਜ਼ਰੀ ਦਾ ਕੰਮ ਸਿੱਖਣ ਤੋਂ ਬਾਅਦ ਵੱਡੇ ਭਰਾ ਦਾ ਛੋਟੇ ਪੈਮਾਨੇ 'ਤੇ ਆਪਣਾ ਹੌਜ਼ਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ। ਫਿਰ ਉਹ ਆਪਣਾ ਪਰਿਵਾਰ ਵੀ ਲੁਧਿਆਣੇ ਹੀ ਲੈ ਗਿਆ। ਉਹਦਾ ਉਥੇ ਚੰਗਾ ਕੰਮ ਰਿੜ ਪਿਆ।
      ਜਦੋਂ ਮੇਰਾ ਦੂਜਾ ਭਰਾ ਹਰਚੰਦ ਸਿੰਘ ਇਕ ਅਧਿਆਪਕਾ ਕੁੜੀ ਨਾਲ ਵਿਆਹਿਆ ਗਿਆ ਤਾਂ ਉਸੇ ਸਾਲ ਘਰ ਵਿਚ ਇਕ ਬੈਠਕ ਅਤੇ ਗੁਸਲਖਾਨਾ ਬਣਾਇਆ ਗਿਆ। ਫਿਰ ਸਾਰਿਆਂ ਨਾਲੋਂ ਛੋਟਾ ਭਰਾ ਫੌਜ ਵਿਚ ਭਰਤੀ ਹੋ ਗਿਆ ਤਾਂ ਬਾਪ ਦੇ ਹੱਥ ਵਿਚ ਨਕਦ ਰਕਮ ਵੱਧ ਆਉਣ ਲੱਗ ਪਈ। ਉਸ ਨੂੰ ਆਪਣੀਆਂ ਰੀਝਾਂ ਰੂਪਮਾਨ ਕਰਨ ਦਾ ਅਵਸਰ ਮਿਲ ਗਿਆ। ਜਦੋਂ ਸਾਰੇ ਭੈਣ ਭਰਾ ਵਿਆਹੇ ਗਏ ਤਾਂ ਫਿਰ ਵੀ ਉਹ ਚਾਹੁੰਦਾ ਸੀ ਕਿ ਸਾਰੇ ਭਰਾ ਇਕੱਠੇ ਰਹਿਣ ਅਤੇ ਸਾਰਿਆਂ ਦੀ ਤਨਖਾਹ ਉਸ ਦੇ ਹੱਥਾਂ 'ਤੇ ਟਿਕੇ ਤਾਂ ਜੋ ਉਹ ਜ਼ਮੀਨ ਖਰੀਦ ਕੇ ਵੱਡਾ ਜ਼ਿਮੀਂਦਾਰ ਬਣੇ ਪਰ ਉਸ ਦੇ ਮੁੰਡਿਆ ਦੇ ਆਪਣੇ ਪਰਿਵਾਰ ਵੱਡੇ ਹੋ ਰਹੇ ਸਨ। ਖੇਤੀ ਕਰਨ ਵਾਲਾ ਭਰਾ ਵਿਆਹ ਹੋਣ ਤੋਂ ਕੁਝ ਸਮੇਂ ਬਾਅਦ ਹੀ ਅੱਡ ਹੋ ਗਿਆ ਸੀ। ਸਲਾਈ ਮਾਸਟਰ ਨੇ ਤਾਂ ਪਹਿਲਾਂ ਹੀ ਘਰ ਨਾਲ ਕੋਈ ਬਹੁਤ ਵਾਸਤਾ ਨਹੀਂ ਸੀ ਰੱਖਿਆ ਭਾਵੇਂ ਕਿ ਉਸ ਦੀ ਪਤਨੀ ਦੀ ਮੌਤ ਉਪਰੰਤ ਉਸ ਦਾ ਦੂਜਾ ਵਿਆਹ ਵੀ ਸਾਂਝੇ ਪਰਿਵਾਰ ਵਿਚੋਂ ਹੀ ਹੋਇਆ ਸੀ। ਬਸ ਉਸ ਨੇ ਇਕ ਵਾਰ ਜਦੋਂ ਚਾਚੀ ਵਲੋਂ ਉਸ ਨੂੰ ਮੇਣ੍ਹਾ ਮਾਰੇ ਜਾਣ 'ਤੇ ੫੦੦/- ਰੁਪਏ ਆਪਣੇ ਕੋਲੋਂ ਦੇ ਕੇ ਚਾਚੇ ਕੋਲ ਗਹਿਣੇ ਪਈ ਜ਼ਮੀਨ ਛੱਡਵਾ ਲਈ ਸੀ। ਪਿੱਛੇ ਅਸੀਂ ਤਿੰਨ ਭਰਾ ਹੀ ਰਹਿ ਗਏ ਸੀ। ਅਸਲ ਵਿਚ ਘਰ ਵਿਚ ਮੈਂ ਹੀ ਇਕੱਲਾ ਸੀ। ਛੋਟਾ ਭਰਾ ਫੌਜ ਵਿਚ ਤੇ ਦੂਜਾ ਭਰਾ ਤੇ ਉਸ ਦੀ ਪਤਨੀ ਕੋਟ ਈਸੇ ਖਾਂ ਪੜ੍ਹਾਉਂਦੇ ਸੀ। ਜਦੋਂ ਮੇਰੀ ਬਦਲੀ ਥਰਾਜ ਦੀ ਹੋ ਗਈ ਤਾਂ ਕੁਦਰਤੀ ਹੀ ਸਾਰੇ ਅੱਡ ਵਾਂਗ ਹੋ ਗਏ। ਪਰ ਬਾਪ ਕੋਲ ਇੰਨੀ ਕੁ ਰਕਮ ਹੋ ਗਈ ਸੀ ਉਹ ਆਪਣੇ ਕਰਜ਼ੇ ਤੋਂ ਸੁਰਖਰੂ ਹੋ ਕੇ ਆਪ ਕਰਜ਼ਾ ਦੇਣ ਦੇ ਕਾਬਲ ਹੋ ਗਿਆ ਸੀ। ਉਸ ਨੇ ਸਾਂਝੇ ਪਰਿਵਾਰ ਵਿਚ ਇਕ ਕਿੱਲਾ ਗਹਿਣੇ ਲੈ ਕੇ ਆਪਣੀ ਰੀਝ ਵੀ ਪੂਰੀ ਕਰਨੀ ਸ਼ੁਰੂ ਕਰ ਵੀ ਦਿੱਤੀ ਸੀ।        
      ਉਹ ਜ਼ਮੀਨ ਲੈਣ ਵਾਲੀ ਰੀਝ ਇਸ ਤਰ੍ਹਾਂ ਪੂਰੀ ਕਰਦਾ ਸੀ ਕਿ ਕਿਸੇ ਬਹੁਤ ਭਰੋਸੇ ਵਾਲੇ ਲੋੜਵੰਦ ਕਿਸਾਨ ਨੂੰ ਪੈਸਿਆਂ ਦੀ ਲੋੜ ਹੁੰਦੀ ਤਾਂ ਉਹ ਦੋ ਹਜ਼ਾਰ ਰੁਪਏ ਵਿਚ ਇਕ ਕਿੱਲਾ ਜ਼ਮੀਨ ਪ੍ਰੋਨੋਟ 'ਤੇ ਗਹਿਣੇ ਲਿਖਵਾ ਲੈਂਦਾ। ਜ਼ਮੀਨ ਉਸੇ ਕਿਸਾਨ ਕੋਲ ਰਹਿੰਦੀ। ਕਿਸਾਨ ਭਾਵੇਂ ਇਕ ਫਸਲ ਉਗਾਵੇ ਜਾਂ ਦੋ ਫਸਲਾਂ ਪਰ ਉਹ ਫਸਲ ਦਾ ਅੱਧ ਲੈਣ ਦੀ ਥਾਂ ਸਾਲ ਦੀ ਉੱਕੀ ਪੁੱਕੀ ਚਾਰ ਕੁਇੰਟਲ ਕਣਕ ਲੈ ਲੈਂਦਾ। ਉਸ ਸਮੇਂ ਚੰਗੀ ਕਣਕ ਦਾ ਭਾਅ ੭੦-੭੫ ਰੁਪਏ ਪ੍ਰਤੀ ਕੁਇੰਟਲ ਹੁੰਦਾ ਸੀ। ਆੜ੍ਹਤੀਏ ਕਿਸਾਨ ਨੂੰ ਦੋ ਰੁਪਏ ਪ੍ਰਤੀ ਸੈਂਕੜਾ ਪ੍ਰਤੀ ਮਹੀਨਾ ਦੇ ਹਿਸਾਬ ਵਿਆਜੂ ਪੈਸੇ ਦਿੰਦੇ ਸੀ ਅਤੇ ਪਿੰਡਾਂ ਵਿਚ ਢਾਈ ਰੁਪਏ ਪ੍ਰਤੀ ਸੈਂਕੜਾ ਵਿਆਜ ਚਲਦਾ ਸੀ। ਪਰ ਸਾਡਾ ਬਾਪ ਵਿਆਜੂ ਪੈਸੇ ਦੇਣ ਨਾਲੋਂ ਜ਼ਮੀਨ ਗਹਿਣੇ ਲੈ ਕੇ ਉੱਕੀ ਪੁੱਕੀ ਕਣਕ ਲੈਣੀ ਚੰਗੀ ਸਮਝਦਾ ਸੀ ਭਾਵੇਂ ਕਿ ਵਿਆਜ ਵਿਚ ਉਸ ਨੂੰ ਜ਼ਿਆਦਾ ਰਕਮ ਮਿਲ ਸਕਦੀ ਸੀ। ਉਸ ਦਾ ਵਿਹਾਰ ਵੀ ਆਪਣੇ ਬਹੁਤ ਨੇੜਲੇ ਸਾਥੀਆਂ ਨਾਲ ਹੀ ਸੀ। ਉਹਨਾਂ ਦਾ ਪਰਦਾ ਵੀ ਰਹਿ ਜਾਂਦਾ ਸੀ ਅਤੇ ਉਹ ਭਾਰੇ ਵਿਆਜ ਤੋਂ ਵੀ ਬਚੇ ਰਹਿੰਦੇ ਸਨ। ਜਦੋਂ ਮੇਰਾ ਛੋਟਾ ਭਰਾ ਫੌਜ ਵਿਚੋਂ ਹਵਾਲਦਾਰ ਕਲਰਕ ਵਜੋਂ ਰਿਟਾਇਰ ਹੋ ਕੇ ਘਰ ਆ ਗਿਆ ਅਤੇ ਉਸ ਨੂੰ ਸਿਖਿਆ ਵਿਭਾਗ ਵਿਚ ਕਲਰਕ ਦੀ ਨੌਕਰੀ ਮਿਲ ਗਈ ਤਾਂ ਉਸ ਨੇ ਇਹ ਜ਼ਮੀਨ ਲੈਣ ਵਾਲਾ ਧੰਦਾ ਵੀ ਛੱਡ ਦਿੱਤਾ ਸੀ ਅਤੇ ਕਬੀਲਦਾਰੀ ਤੋਂ ਬਿਲਕੁਲ ਹੀ ਅਟੰਕ ਹੋ ਗਿਆ। ਉਹ ਕਬੀਲਦਾਰੀ ਤੋਂ ਤਾਂ ਅਟੰਕ ਹੋ ਗਿਆ ਸੀ ਪਰ ਉਸ ਨੂੰ ਸਾਡੇ ਭਰਾਵਾਂ ਦੀ ਕਬੀਲਦਾਰੀ ਚਲਾਉਣ ਦੇ ਢੰਗ ਉਪਰ ਗਿਲਾ ਸੀ। ਮੇਰੇ ਵੱਡੇ ਭਰਾ ਨੇ ਆਪਣੀ ਲੜਕੀ ਦਾ ਵਿਆਹ, ਉਹਦੇ ਸਹੁਰਿਆਂ ਦੀ ਇੱਛਾ ਅਨੁਸਾਰ ਬੜੀ ਧੂਮ ਧਾਮ ਨਾਲ ਕੀਤਾ ਸੀ। ਪਰ ਜਦੋਂ ਉਸ ਨੇ ਆਪਣੇ ਦੋ ਲੜਕਿਆਂ ਦੇ ਵਿਆਹ ਕੀਤੇ ਤਾਂ ਬਿਨਾਂ ਕਿਸੇ ਲੈਣ ਦੇਣ ਤੋਂ ਬਹੁਤ ਹੀ ਸਾਦਾ ਕੀਤੇ। ਛੋਟੇ ਭਰਾ ਹਰਚੰਦ ਸਿੰਘ ਨੇ ਵੀ ਆਪਣੀਆਂ ਲੜਕੀਆਂ ਦੇ ਵਿਆਹ ਬੜੀ ਸ਼ਾਨ ਨਾਲ ਕੀਤੇ ਭਾਵੇਂ ਕਿ ਬਾਹਰੋਂ ਰਿਸ਼ਤਾ ਹੋਣ ਕਾਰਨ ਦਾਜ ਦੇਣ ਵਾਲੀ ਕੋਈ ਗੱਲ ਨਹੀਂ ਸੀ। ਮੈਂ ਵੀ ਆਪਣੀ ਲੜਕੀ ਨੂੰ ਵਿਆਹ ਲਈ ਇੰਗਲੈਂਡ ਤੋਰਿਆਂ ਤਾਂ ਬਣਦਾ ਸਰਦਾ ਸਮਾਨ ਦੇ ਕੇ ਤੋਰਿਆ ਪਰ ਜਦੋਂ ਮੈਂ ਆਪਣੇ ਲੜਕੇ ਦਾ ਵਿਆਹ ਕੀਤਾ ਤਾਂ ਜੰਞ ਵਿਚ ਪੰਜ ਬੰਦੇ ਗਏ ਸੀ, ਲਾੜੇ ਤੇ ਸਰਵਾਲ੍ਹੇ ਸਮੇਤ ਸੱਤ ਹੋ ਗਏ ਸਨ। ਮੈਂ ਆਪ ਜੰਞ ਨਹੀਂ ਸੀ ਗਿਆ ਮੇਰਾ ਬਾਪ ਹੀ ਆਪਣੇ ਪੋਤੇ ਨੂੰ ਵਿਆਹ ਕੇ ਲਿਆਇਆ ਸੀ। ਉਸ ਦਿਨ ਉਹਨੇ ਗਿਲਾ ਕੀਤਾ ਸੀ, "ਆਪ ਤੁਸੀਂ ਕੁੜੀਆਂ ਤੋਰਨ ਲੱਗਿਆਂ ਘਰੋਂ ਇੰਨਾ ਖਰਚ ਕਰਦੇ ਓ ਪਰ ਮੁੰਡਿਆਂ ਨੂੰ ਵਿਆਹੁਣ ਵੇਲੇ ਅੱਗੋਂ ਕੁਝ ਨਹੀਂ ਲਿਆਉਂਦੇ।" ਮੈਂ ਹੱਸ ਕੇ ਕਿਹਾ ਸੀ, "ਬਾਈ, ਤੂੰ ਏਸ ਘਰ ਬੀ.ਐਸੀ. ਕੁੜੀ ਵਿਆਹ ਕੇ ਲੈ ਆਂਦੀ ਐ। ਇਸ ਤੋਂ ਵੱਧ ਹੋਰ ਕੀ ਲਿਆਉਣਾ ਚਾਹੁਨੈ!"  
     ਜਦੋਂ ਉਸ ਨੂੰ ਆਪਣੀ ਕਬੀਲਦਾਰੀ ਦਾ ਕੋਈ ਝਮੇਲਾ ਨਹੀਂ ਸੀ ਰਹਿ ਗਿਆ ਤਾਂ ਉਹ ਚਿੱਟੇ ਲੱਠੇ ਦਾ ਕੁਰਤਾ, ਚਾਦਰਾ ਅਤੇ ਮਲਮਲ ਦੀ ਪਗੜੀ ਬੰਨ੍ਹ ਕੇ ਸੱਥ ਵਿਚ ਜਾਣ ਲੱਗ ਪਿਆ ਸੀ। ਸੱਥ ਵਿਚ ਬੈਠ ਕੇ ਉਹ ਖੁੱਲ੍ਹ ਕੇ ਗੱਲਾਂ ਵੀ ਕਰਦਾ। ਉਸ ਦੇ ਪਹਿਰਾਵੇ ਵਿਚ ਭਾਵੇਂ ਕੋਈ ਫਰਕ ਨਹੀਂ ਸੀ ਪਿਆ ਪਰ ਹੌਲ਼ੀ ਹੌਲ਼ੀ ਪਹਿਰਾਵੇ ਵਾਲੇ ਕਪੜੇ ਦੀ ਗੁਣਵੰਤਾ ਵਿਚ ਫਰਕ ਪੈਣ ਲੱਗ ਪਿਆ ਸੀ। ਮਲਮਲ ਦੀ ਪਗੜੀ ਦੀ ਥਾਂ ਪਹਿਲਾਂ ਵਾਇਲ ਦੀ ਪਗੜੀ ਆਈ, ਫਿਰ ਵੈਲ ਦੀ ਪਗੜੀ ਦੀ ਥਾਂ ਟਸਰੀ (ਰੇਸ਼ਮ) ਦੀ ਪਗੜੀ ਨੇ ਲੈ ਲਈ। ਕੁੜਤੇ ਚਾਦਰੇ ਦਾ ਕਪੜਾ ਵੀ ਕੀਮਤੀ ਹੁੰਦਾ ਗਿਆ। ਸਿਆਲਾਂ ਵਿਚ ਨਹਿਰੂ ਜੈਕਟ ਤੇ ਉਪਰ ਧਾਰੀਵਾਲ ਦੀ ਕਾਸ਼ਗਿਰੀ ਭੂਰੀ ਦੀ ਬੁੱਕਲ ਮਾਰਦਾ। ਸਾਰੀ ਜ਼ਿੰਦਗੀ ਉਸ ਦਾ ਪਹਿਰਵਾ ਕੁੜਤਾ ਚਾਦਰਾ ਹੀ ਰਿਹਾ। ਉਸ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਮਰਨ ਉਪਰੰਤ ਜੇ ਉਹਦੇ ਨਮਿਤ ਕਪੜੇ ਦਾਨ ਕਰਨੇ ਹੋਣ ਤਾਂ ਕੁੜਤਾ ਚਾਦਰਾ ਹੀ ਦਾਨ ਕੀਤਾ ਜਾਵੇ, ਕੁੜਤਾ ਪਜਾਮਾ ਨਹੀਂ। ਉਸ ਦੇ ਸਰੀਰ ਦੀ ਬਣਤਰ ਵੀ ਅੰਤਲੇ ਸਮੇਂ ਤਕ ਇਕੋ ਜਿਹੀ ਰਹੀ ਸੀ। ਸਰੀਰ ਉਪਰ ਭੋਰਾ ਭਰ ਵੀ ਚਰਬੀ ਨਹੀਂ ਸੀ ਚੜ੍ਹੀ।
    ਜਦੋਂ ਉਸ ਸਿਰ ਕਬੀਲਦਾਰੀ ਦਾ ਭਾਰ ਸੀ, ਉਦੋਂ ਵੀ ਉਹ ਇਕ ਦੋ ਵਾਰ ਮੁਕਤਸਰ ਸਾਹਿਬ ਦੇ ਮਾਘੀ ਨਹਾਉਣ ਗਿਆ ਸੀ ਪਰ ਕਬੀਲਦਾਰੀ ਤੋਂ ਵਿਹਲੇ ਹੁੰਦਿਆਂ ਹੀ ਉਹ ਸ੍ਰੀ ਅਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ, ਫਤਹਗੜ੍ਹ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ ਆਦਿ ਇਤਿਹਾਸਕ ਗੁਰਦਵਾਰਿਆਂ ਦੀ ਯਾਤਰਾ 'ਤੇ ਵੀ ਜਾਣ ਲੱਗ ਪਿਆ ਸੀ। ਇਕ ਇਕ ਵਾਰ ਉਹ ਅਤੇ ਸਾਡਾ ਛੋਟਾ ਚਾਚਾ ਸ਼ੇਰ ਸਿੰਘ ਹੇਮਕੁੰਟ ਸਾਹਿਬ ਅਤੇ ਹਜ਼ੂਰ ਸਾਹਿਬ ਨਦੇੜ ਤੇ ਨਾਨਕ ਝੀਰਾ ਬਿਦਰ ਦੀਆਂ ਲੰਮੀਆਂ ਯਾਤਰਾਵਾਂ ਵੀ ਕਰ ਆਏ ਸਨ।
     ਹੁਣ ਉਹ ਪਿੰਡ ਦੇ ਪਤਵੰਤੇ ਵਿਅਕਤੀਆਂ ਵਿਚ ਗਿਣਿਆ ਜਾਣ ਲੱਗ ਪਿਆ ਸੀ। ਉਸ ਨੂੰ ਪਹਿਲਾਂ ਪਿੰਡ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਉਪਰ ਬਣੇ ਗੁਰਦਵਾਰੇ ਦੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ, ਫਿਰ ਜਦੋਂ ਪਹਿਲੇ ਪ੍ਰਧਾਨ ਦੀ ਮੌਤ ਹੋ ਗਈ ਤਾਂ ਉਸ ਨੂੰ ਗੁਰਦਵਾਰੇ ਦਾ ਪ੍ਰਧਾਨ ਚੁਣ ਲਿਆ ਗਿਆ। ਉਸ ਗੁਰਦਵਾਰੇ ਦਾ ਪ੍ਰਧਾਨ ਹੀ ਖਜਾਨਚੀ ਹੁੰਦਾ ਸੀ। ਇਸ ਲਈ ਗੁਰਦਵਾਰੇ ਦੀ ਆਮਦਨ ਉਸ ਕੋਲ ਜਮ੍ਹਾ ਹੁੰਦੀ। ਜਦੋਂ ਸੰਗਰਾਂਦ ਵਾਲੇ ਦਿਨ ਗੋਲਕ ਨੂੰ ਖੋਲ੍ਹਣਾ ਤਾਂ ਉਸ ਨੇ ਇਕ ਗੁੱਥਲੀ ਵਿਚ ਸਾਰੀ ਰਕਮ ਪਾ ਕੇ ਘਰੇ ਅਲਮਾਰੀ ਵਿਚ ਸੰਭਾਲ ਦੇਣੀ ਅਤੇ ਕੁੰਜੀ ਸਦਾ ਆਪਣੀ ਜੇਬ ਵਿਚ ਰੱਖਣੀ। ਉਦੋਂ ਨੇੜੇ ਤੇੜੇ ਕੋਈ ਬੈਂਕ ਜਾਂ ਡਾਕਖਾਨਾ ਨਹੀਂ ਸੀ ਹੁੰਦਾ। ਪੈਸੇ ਬਾਘਾ ਪੁਰਾਣਾ ਦੇ ਡਾਕਖਾਨੇ ਜਮ੍ਹਾਂ ਕਰਵਾਉਣੇ ਹੁੰਦੇ ਸਨ। ਗੁਰਦਵਾਰੇ ਦੀ ਰਕਮ ਵਿਚੋਂ ਉਹ ਕਿਸੇ ਨੂੰ ਨੋਟ ਤੋੜ ਕੇ ਨਹੀਂ ਸੀ ਦਿੰਦਾ। ਜੇ ਉਸ ਦੇ ਆਪਣੇ ਕੋਲ ਟੁੱਟ ਨੋਟ ਹੋਣ ਤਾਂ ਭਾਵੇਂ ਤੋੜ ਦੇਵੇ। ਜੇ ਗੁਰਦਵਾਰੇ ਦੇ ਕੰਮ ਲਈ ਪੈਸਿਆਂ ਦੀ ਲੋੜ ਹੁੰਦੀ ਅਤੇ ਉਸ ਨੂੰ ਗੁੱਥਲੀ ਖੋਲ੍ਹਣੀ ਪੈਂਦੀ ਤਾਂ ਉਹ ਆਪਣੇ ਪੋਤਰੇ ਬਿੱਟੇ (ਹਰਪ੍ਰੀਤ ਸੇਖਾ) ਕੋਲੋਂ ਹੀ ਪੈਸੇ ਗਿਣਵਾ ਕੇ ਗੁਰਦਵਾਰੇ ਵਾਲਿਆਂ ਨੂੰ ਦਿੰਦਾ। ਮੁੜ ਗੁੱਥਲੀ ਨੂੰ ਆਪਣੇ ਢੰਗ ਨਾਲ ਬੰਨ੍ਹ ਕੇ ਸੰਭਾਲ ਦਿੰਦਾ। ਉਸ ਨੂੰ ਨਹੀਂ ਸੀ ਪਤਾ ਹੁੰਦਾ ਕਿ ਗੁੱਥਲੀ ਵਿਚ ਕਿੰਨੇ ਪੈਸੇ ਹਨ। ਉਸ ਦੀ ਆਸਥਾ ਸੀ ਕਿ ਗੁਰਦਵਾਰੇ ਦਾ ਇਕ ਪੈਸਾ ਵੀ ਆਪਣੇ ਲਈ ਵਰਤਣਾ ਜ਼ਹਿਰ ਦੀ ਨਿਆਈਂ ਹੈ।  
     ਉਹ ਬਿਲਕੁਲ਼ ਅਣਪੜ੍ਹ ਸੀ। ਪਹਿਲਾਂ ਉਹ ਲੋੜ ਪੈਣ 'ਤੇ ਅੰਗੂਠਾ ਹੀ ਲਾਉਂਦਾ ਸੀ। ਪਰ ਜਦੋਂ ਉਹ ਸਾਂਝੇ ਕੰਮਾਂ ਵਿਚ ਹਿੱਸਾ ਲੈਣ ਲੱਗ ਪਿਆ ਤਾਂ ਮੈਂ ਉਸ ਨੂੰ ਦਸਤਖਤ ਕਰਨੇ ਸਿਖਾ ਦਿੱਤੇ ਸਨ। ਉਹ ਬੜੇ ਸਾਫ ਸ਼ਬਦਾਂ ਵਿਚ 'ਮੁਹਿੰਦਰ ਸਿੰਘ' ਲਿਖਣ ਲੱਗ ਪਿਆ ਸੀ। ਇਕ ਵਾਰ ਭਾਰੀ ਬਾਰਸ਼ਾਂ ਕਾਰਨ, ਵਰਖਾ ਦੇ ਪਾਣੀ ਨੇ ਪਿੰਡ ਨੂੰ ਦੋ ਧੜਿਆਂ ਵਿਚ ਵੰਡ ਦਿੱਤਾ ਸੀ। ਪਿੰਡ ਵਿਚ ਲੜਾਈ ਹੋਣ ਦਾ ਖਤਰਾ ਵਧ ਗਿਆ ਸੀ ਤਾਂ ਪਾਣੀ ਦੇ ਨਿਕਾਸ ਲਈ ਯਤਨ ਕਰਨ ਵਾਲਿਆ ਵਿਚ ਉਹ ਮੋਹਰੀ ਸੀ। ਉਹ ਪੰਚਾਇਤ ਦੀ ਚਿੱਠੀ ਲੈ ਕੇ ਦੋ ਬੰਦਿਆਂ ਨੂੰ ਨਾਲ ਲੈ, ਚੰਡੀਗੜੋਂ੍ਹ ਦੋ ਪੰਮਸੈੱਟ ਮਨਜ਼ੂਰ ਕਰਵਾ ਲਿਆਇਆ ਸੀ। ਪੰਚਾਇਤ ਮੈਂਬਰ ਨਾ ਹੁੰਦੇ ਹੋਏ ਵੀ ਉਹ ਸਾਂਝੇ ਕੰਮ ਵਿਚ ਅੱਗੇ ਹੁੰਦਾ। ਉਸ ਨੂੰ ਪਿੰਡ ਦੀ 'ਖੇਤੀ ਸਹਿਕਾਰੀ ਸਭਾ' (ਅਗਰਚੁਲਟੁਰaਲ ਛੋ-ੋਪeਰaਟਵਿe ਸ਼ੋਚਇਟੇ) ਦੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ ਸੀ। ਕਾਰਜਕਾਰਨੀ ਦਾ ਕੰਮ ਕੋਈ ਨਹੀਂ ਹੁੰਦਾ, ਸਿਰਫ ਇਹ ਨਾਮ ਦੀ ਹੀ ਕਮੇਟੀ ਹੁੰਦੀ ਸੀ। ਉਹ ਬਹੁਤ ਚਿਰ  ਕਮੇਟੀ ਦਾ ਮੈਂਬਰ ਰਿਹਾ। ਇਕ ਵਾਰ ਉਹ ਸਹਿਕਾਰੀ ਸਭਾ ਦਾ ਪ੍ਰਧਾਨ ਚੁਣਿਆ ਗਿਆ। ਸਹਿਕਾਰੀ ਸਭਾ ਵਿਚ ਖੰਡ, ਖਾਦ ਆਦਿ ਸਾਰਾ ਸਮਾਨ ਉਸ ਦੇ ਦਸਤਖਤਾਂ ਹੇਠ ਹੀ ਆਉਂਦਾ ਸੀ ਅਤੇ ਵੰਡੇ ਗਏ ਸਮਾਨ 'ਤੇ ਵੀ ਉਸੇ ਦੇ ਦਸਤਖਤ ਹੁੰਦੇ ਸਨ। ਕੰਮ ਸਾਰਾ ਉਸ ਦੇ ਦਸਤਖਤਾਂ ਹੇਠ ਪਰ ਵੰਡ ਵੰਡਾਈ ਵਾਲੇ ਹੋਰ ਕਰਮਚਾਰੀ ਸਨ। ਜਿੰਨਾ ਚਿਰ ਮੇਰਾ ਲੜਕਾ ਨਵਨੀਤ ਚੰਡੀਗੜ੍ਹ ਪੜ੍ਹਾਈ ਲਈ ਨਹੀਂ ਸੀ ਚਲਾ ਗਿਆ, ਰਾਸ਼ਨ ਦੀਆਂ ਚੀਜ਼ਾਂ ਦੀ ਵੰਡ ਕਰਵਾਉਣ ਤੇ ਉਸ ਦਾ ਹਿਸਾਬ ਕਿਤਾਬ ਦੇਖਣ ਵਿਚ ਉਹ ਉਸ ਦੀ ਸਹਾਇਤਾ ਕਰਦਾ ਰਿਹਾ। ਉਸ ਤੋਂ ਮਗਰੋਂ ਹੇਰਾ ਫੇਰੀ ਹੋਣੀ ਸ਼ੁਰੂ ਹੋ ਗਈ। ਉਸ ਨੂੰ ਪਤਾ ਤਾਂ ਲੱਗ ਗਿਆ ਕਿ ਕੁਝ ਗਲਤ ਹੋ ਰਿਹਾ ਹੈ ਪਰ ਅਣਪੜ੍ਹ ਹੋਣ ਕਾਰਨ ਸਮਝ ਨਹੀਂ ਸੀ ਸਕਦਾ ਕਿ ਕੀ ਗਲਤ ਹੋ ਰਿਹਾ ਹੈ! ਸੁਸਾਇਟੀ ਵਿਚ ਜੋ ਗਲਤ ਹੋਣ ਲੱਗ ਪਿਆ ਸੀ, aੁਸ ਬਾਰੇ ਉਸ ਨੂੰ ਉਹਦੇ ਕਿਸੇ ਖਾਸ ਬੰਦੇ ਨੇ ਦੱਸਿਆ ਕਿ ਖਜ਼ਾਨਚੀ ਤੇ ਇਨਸਪੈਕਟਰ ਦੀ ਮਿਲੀ ਭੁਗਤ ਨਾਲ ਕੁਝ ਚੀਜ਼ਾਂ ਵਿਚ ਗੋਲਮਾਲ ਹੋ ਰਿਹਾ ਹੈ। ਇਹ ਗੱਲ ਮੇਰੇ ਬਾਪ ਨੇ ਮੇਰੇ ਕੋਲ ਕੀਤੀ ਤਾਂ ਉਸ ਵਾਰ ਖੰਡ ਵੰਡਾਉਣ ਲਈ ਮੈਂ ਚਲਾ ਗਿਆ। ਮੈਨੂੰ ਪੰਜਾਹ ਜਾਹਲੀ ਰਾਸ਼ਨ ਕਾਰਡ ਬਣੇ ਹੋਣ ਦੇ ਭੇਤ ਦਾ ਪਤਾ ਲੱਗ ਗਿਆ। ਕਿਸੇ ਹੋਰ ਝਮੇਲੇ ਵਿਚ ਪੈਣ ਦੀ ਥਾਂ ਮੈਂ ਉਸ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਲਈ ਕਹਿ ਦਿੱਤਾ। ਮੈਂ ਅਸਤੀਫਾ ਲਿਖ ਦਿੱਤਾ। ਉਸ ਨੇ ਉਸ ਉਪਰ ਦਸਤਖਤ ਕਰ ਦਿੱਤੇ ਅਤੇ ਅਸਤੀਫਾ ਰਜਿਸਟਰਾਰ ਨੂੰ ਭੇਜ ਦਿੱਤਾ। ਇਸ ਤਰ੍ਹਾਂ ਸਹਿਕਾਰੀ ਸਭਾ ਦੀ ਪ੍ਰਧਾਨਗੀ ਤੋਂ ਉਹਦਾ ਖਹਿੜਾ ਛੁਡਾ ਲਿਆ। ਸਹਿਕਾਰੀ ਸਭਾ ਦੀ ਪ੍ਰਧਾਨਗੀ ਬੇਸ਼ਕ ਛੱਡ ਦਿੱਤੀ ਸੀ ਪਰ ਸਾਂਝੇ ਕੰਮਾਂ ਵਿਚ ਉਹ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਸੀ।
      ਹੁਣ ਉਹ ਪੜਪੋਤਿਆਂ ਵਾਲਾ ਹੋ ਗਿਆ ਸੀ। ਉਸ ਦਾ ਪਰਿਵਾਰ ਮੋਗਾ, ਲੁਧਿਆਣਾ, ਇੰਗਲੈਂਡ ਤੇ ਕੈਨੇਡਾ ਤਕ ਫੈਲ ਗਿਆ ਸੀ। ਉਸ ਦੇ ਪੋਤੀਆਂ - ਪੋਤੇ, ਦੋਹਤੀਆਂ - ਦੋਹਤੇ ਉਹਦਾ ਬਹੁਤ ਸਤਿਕਾਰ ਕਰਦੇ। ਭਾਵੇਂ ਅਸੀਂ ਸਾਰੇ ਅੱਡੋ ਅੱਡ ਸੀ ਪਰ ਸਾਡੇ ਮਾਂ ਬਾਪ ਛੋਟੇ ਨਾਲ ਰਹਿੰਦੇ ਹੋਏ ਵੀ ਸਾਰਿਆਂ ਦੇ ਸਾਂਝੇ ਸਨ। ਜਦੋਂ ਉਚ ਪੜ੍ਹਾਈ ਤੇ ਸੁਹਿਰਦ ਸੁਭਾਅ ਆਸਰੇ ਉਹਦੀਆਂ ਪੋਤੀਆਂ ਬਦੇਸੀਂ ਵਿਆਹੀਆਂ ਗਈਆਂ ਤਾਂ ਉਸ ਨੂੰ ਬੜਾ ਮਾਣ ਤੇ ਚਾਅ ਸੀ ਪਰ ਜਦੋਂ ਹਰਚੰਦ ਸਿੰਘ ਦੀ ਲੜਕੀ ਨੇ ਆਪਣੇ ਪਰਿਵਾਰ ਨੂੰ ਆਪਣੇ ਕੋਲ, ਕੈਨੇਡਾ ਸਦਵਾ ਲਿਆ ਤਾਂ ਉਸ ਨੂੰ ਘਰ ਵਿਚ ਇਕ ਖਿਲਾਅ ਜਿਹਾ ਮਹਿਸੂਸ ਹੋਣ ਲੱਗਾ। ਉਹ ਕਈ ਦਿਨ ਚੁੱਪ ਗੜੁਪ ਤੇ ਅਧੀਰ ਰਿਹਾ। ਉਸ ਨੇ ਹਰਚੰਦ ਸਿੰਘ ਦੇ ਘਰ ਦੀ ਰਾਖੀ ਆਪਣੇ ਜ਼ਿੰਮੇ ਲੈਈ ਸੀ। ਆਥਣ ਦੀ ਰੋਟੀ ਖਾ ਕੇ ਦੋਵੇਂ ਜੀਅ ਹਰਚੰਦ ਸਿੰਘ ਦੇ ਘਰ ਜਾ ਸੌਂਦੇ। ਮੇਰੇ ਛੋਟੇ ਭਰਾ ਦਾ ਮੁੰਡਾ ਟੀਟੂ ਰਾਤ ਸਮੇਂ ਉਹਨਾਂ ਕੋਲ ਪੈ ਜਾਂਦਾ। ਸਾਡੀ ਮਾਂ ਤਾਂ ਦਿਨੇ ਵੀ ਬਹੁਤਾ ਸਮਾਂ ਉਥੇ ਹੀ ਬਿਸਰਾਮ ਕਰਦੀ।
      ਮੇਰਾ ਲੜਕਾ ਨਵਨੀਤ ਸਿੰਘ ਲੁਧਿਆਣੇ ਸਿਹਤ ਵਿਭਾਗ ਵਿਚ ਨੌਕਰੀ ਕਰਦਾ ਸੀ ਅਤੇ ਉਸ ਦੀ ਪਤਨੀ ਤਲਵੰਡੀ ਭਾਈ ਪੜ੍ਹਾਉਂਦੀ ਹੋਣ ਕਾਰਨ ਉਹਨਾਂ ਰਹਾਇਸ਼ ਮੋਗੇ ਰੱਖੀ ਹੋਈ ਸੀ। ਜਿਸ ਪੋਤਰੇ ਨੂੰ ਮੇਰਾ ਬਾਪ ੨ ਫਰਵਰੀ ੧੯੮੭ ਨੂੰ ਆਪ ਵਿਆਹ ਕੇ ਲਿਆਇਆ ਸੀ, ਪੂਰੇ ਇਕ ਸਾਲ ਬਾਅਦ ਉਸ ਦੇ ਘਰ ਪੁੱਤਰ ਨੇ ਜਨਮ ਲਿਆ। ਉਹ ਉਸੇ ਦਿਨ ਮੋਗੇ ਜਾ ਕੇ ਪੜਪੋਤੇ ਨੂੰ ਅਸੀਸ ਦੇ ਕੇ ਆਇਆ ਅਤੇ ਪਿੰਡ ਆ ਕੇ ਆਪਣੇ ਪੜਪੋਤੇ ਦੇ ਜਨਮ ਦੀ ਖੁਸ਼ੀ ਵਿਚ ਆਪਣੇ ਸਾਥੀਆਂ ਨੂੰ ਪਾਰਟੀ ਕੀਤੀ। ਸਾਲ ਬਾਅਦ, ੨ ਫਰਵਰੀ ੧੯੮੯ ਨੂੰ, ਉਸੇ ਪੜਪੋਤੇ ਦਾ ਜਨਮ ਦਿਨ ਸੀ। ਨਵਨੀਤ ਪਿੰਡ ਆ ਕੇ ਆਪਣੇ ਦਾਦਾ ਦਾਦੀ ਨੂੰ ਸੁਨੇਹਾ ਦੇ ਗਿਆ ਕਿ ਉਹ ੨ ਫਰਵਰੀ ਨੂੰ ਜਨਮ ਦਿਨ ਮਨਾਉਣ ਲਈ ਮੋਗੇ ਜ਼ਰੂਰ ਆਉਣ। ਉਦੋਂ ਤਾਂ ਉਸ ਨੇ 'ਹਾਂ' ਕਹਿ ਦਿੱਤੀ ਪਰ ਪਤਾ ਨਹੀਂ ਉਹਦੇ ਮਨ ਵਿਚ ਕੀ ਖਿਆਲ ਆਇਆ ਕਿ ਸਮੇਂ ਸਿਰ ਜਾਣ ਤੋਂ 'ਨਾਂਹ' ਕਰ ਦਿੱਤੀ। ਜੇ ਉਹ ੨ ਤ੍ਰੀਕ ਨੂੰ ਜਾਂਦੇ ਤਾਂ ਉਹ ਉਥੇ ਇਕ ਦੋ ਦਿਨ ਰਹਿ ਵੀ ਸਕਦੇ ਸਨ। ਕਿਉਂਕਿ ਉਸ ਦੀਆਂ ਦੋ ਧੀਆਂ ਮੋਗੇ ਹੀ ਵਿਆਹੀਆਂ ਹੋਈਆਂ ਸਨ। ਤਿੰਨ ਫਰਵਰੀ ਦੀ ਸ਼ਾਮ ਨੂੰ ਉਸ ਨੇ ਦੋ ਮੱਝਾਂ ਦੀਆਂ ਧਾਰਾਂ ਕੱਢੀਆਂ। ਸਾਡੀ ਮੱਝ ਦਾ ਦੁੱਧ ਦੀ ਬਾਲਟੀ ਰਸੋਈ ਵਿਚ ਰੱਖ ਕੇ ਦੂਜੀ ਮੱਝ ਦੀ ਧਾਰ ਕੱਢੀ ਤੇ ਬਾਲਟੀ ਲੈ ਕੇ ਜਦੋਂ ਸੱਥ ਵਿਚ ਦੀ ਲੰਘਣ ਲੱਗਾ ਤਾਂ ਸੱਥ ਵਿਚ ਖੜ੍ਹੇ ਉਹਦੇ ਹਾਣੀਆਂ ਨੇ ਉਸ ਨੂੰ ਸੱਥ ਵਿਚ ਆ ਜਾਣ ਲਈ ਕਹਿ ਦਿੱਤਾ। ਉਹ ਘਰ ਵਿਚ ਦੁੱਧ ਵਾਲੀ ਬਾਲਟੀ ਰੱਖ ਕੇ ਉਹਨਾਂ ਕੋਲ ਜਾ ਖੜ੍ਹਾ। ਬਾਹਰੋਂ ਤੁਰ ਫਿਰ ਕੇ ਆਉਂਦਾ ਹੋਇਆ ਮੈਂ ਵੀ ਦੋ ਕੁ ਮਿੰਟ ਉਥੇ ਖੜ੍ਹ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਪਿਆ। ਉਹ ਪਿੰਡ ਵਿਚ ਖਾੜਕੂਆਂ ਦੀਆਂ ਵਧ ਰਹੀਆਂ ਫੇਰੀਆਂ ਬਾਰੇ ਗੱਲਾਂ ਕਰ ਰਹੇ ਸਨ। ਉਹ ਇਸ ਗੱਲ 'ਤੇ ਫਿਕਰਮੰਦ ਸਨ ਕਿ ਜੇ ਖਾੜਕੂਆਂ ਦੇ ਗੇੜੇ ਏਧਰ ਇਸ ਤਰ੍ਹਾਂ ਹੀ ਵਜਦੇ ਰਹੇ ਤਾਂ ਪਿੰਡ 'ਤੇ ਪੁਲੀਸ ਦਾ ਦਬਾਅ ਹੋਰ ਵੀ ਵਧ ਜਾਵੇਗਾ, ਜਿਹੜਾ ਪਿੰਡ ਦੇ ਮੁੰਡਿਆਂ ਲਈ ਖਤਰੇ ਦੀ ਘੰਟੀ ਹੈ। ਮੇਰਾ ਬਾਪ ਬਿਨਾਂ ਗਰਮ ਕਪੜਾ ਉਪਰ ਲਏ ਓਥੇ ਖੜ੍ਹਾ ਸੀ। ਮੈਂ ਘਰ ਅੰਦਰ ਜਾ ਕੇ ਭੂਰੀ ਲੈ ਆਇਆ ਤੇ ਕਿਹਾ, "ਬਾਈ, ਠੰਡ 'ਚ ਖੜ੍ਹੇ ਓ ਆਹ ਭੂਰੀ ਲੈ ਲਵੋ।"
    "ਹੈ'ਨੀ ਐਨੀ ਠੰਡ, ਝੱਗੀ ਪਾਈ ਹੋਈ ਆ।" ਇੰਨੀ ਗੱਲ ਕਹਿ ਕੇ ਉਸ ਨੇ ਭੂਰੀ ਫੜ ਲਈ ਅਤੇ ਆਪਣੇ ਹਾਣੀਆਂ ਨਾਲ ਗੱਲੀਂ ਜੁਟਿਆ ਰਿਹਾ। ਭੂਰੀ ਫੜਾ ਕੇ ਮੈਂ ਆਪਣੇ ਘਰ ਆ ਗਿਆ।
     ਰਾਤ ਦੇ ਦਸ ਕੁ ਵਜੇ ਸਾਡਾ ਵੀਹੀ ਵਾਲਾ ਲੋਹੇ ਦਾ ਗੇਟ ਬਹੁਤ ਜ਼ੋਰ ਦੀ ਖੜਕਿਆ ਅਤੇ ਨਾਲ ਹੀ ਮੇਰੇ ਭਤੀਜੇ ਟੀਟੂ (ਬਲਜਿੰਦਰ ਸੇਖਾ) ਦੀ ਅਵਾਜ਼ ਆਈ, "ਤਾਇਆ ਜੀ, ਬਾਬਾ ਜੀ ਬਾਲ੍ਹੇ ਢਿੱਲੇ ਆ, ਛੇਤੀ ਆਓ।"
     ਮੈਂ ਕੰਬਲ ਦੀ ਬੁੱਕਲ ਮਾਰ ਕੇ ਇਕ ਮਿੰਟ ਦੇ ਅੰਦਰ ਹੀ ਹਰਚੰਦ ਦੇ ਘਰ ਪਹੁੰਚ ਗਿਆ। ਜਾ ਕੇ ਦੇਖਿਆ ਤਾਂ ਉਹ ਸਦੀਵੀ ਨੀਂਦ ਸੁੱਤਾ ਪਿਆ ਸੀ। ਮਾਂ ਨੇ ਦੱਸਿਆ, "ਟੀਟੂ ਰਮਾਇਣ ਦੇਖਣ ਅੰਦਰਲੇ ਘਰ ਗਿਆ ਹੋਇਆ ਸੀ। ਤੇਰਾ ਬਾਈ ਸੱਥ 'ਚੋਂ ਆਇਆ ਰੋਟੀ ਖਾਧੀ। ਅੱਜ ਰੋਟੀਆਂ ਵੀ ਦੋ ਦੀ ਥਾਂ ਢਾਈ ਖਾ ਗਿਆ, ਕਹਿੰਦਾ, 'ਸਬਜ਼ੀ ਸੁਆਦ ਐ'। ਆਹ ਹੁਣੇ ਥੋੜਾ ਉੱਚੀ ਅਵਾਜ਼ ਵਿਚ 'ਹੂੰਅ' ਕੀਤਾ। ਮੈਂ ਪੁੱਛਿਆ, 'ਕੀ ਹੋ ਗਿਐ, ਏਨੀ ਉੱਚੀ ਹੂੰਗਰ ਮਾਰੀ ਐ?" "ਅੱਗੇ ਕੀ ਹੁੰਦੈ' ਕਹਿ ਕੇ ਚੁੱਪ ਹੀ ਹੋ ਗਿਆ ਫੇਰ ਨਾ ਬੋਲਿਆ ਨਾ ਹਿੱਲਿਐ। ਮੈਂ ਭੱਜ ਕੇ ਗੁਰਦੇਵ (ਮੇਰਾ ਛੋਟਾ ਭਰਾ) ਨੂੰ ਸੱਦ ਲਿਆਈ।"
    "ਬਾਈ ਦਾ ਪਿੰਡਾ ਤਾਂ ਗਰਮ ਪਿਆ। ਮੈਂ ਸਰਪੰਚਾਂ ਦੀ ਜੀਪ ਲੈਣ ਚੱਲਿਆਂ। ਇਹਨੂੰ ਹਸਪਤਾਲ ਲੈ ਚਲਦੇ ਆਂ।" ਮੇਰਾ ਛੋਟਾ ਭਰਾ ਘਬਰਾਇਆ ਹੋਇਆ ਕਹਿ ਰਿਹਾ ਸੀ।
    "ਹਸਪਤਾਲ ਕਿਵੇਂ ਲੈ ਜਾਵਾਗੇ! ਇਹ ਤਾਂ ਹੁਣ ਆਪਣੇ ਅਸਲੀ ਟਿਕਾਣੇ 'ਤੇ ਪਹੁੰਚ ਗਿਐ।" ਮੈਂ ਇੰਨਾ ਹੀ ਕਹਿ ਸਕਿਆ।
     ਚਾਚੇ ਪਾਖਰ ਸਿੰਘ ਨੂੰ ਸੁਨੇਹਾ ਪਹੁੰਚ ਗਿਆ, ਉਹ ਵੀ ਆ ਗਿਆ। ਸੱਜਣ ਸਿੰਘ ਪਰਿਵਾਰ ਦੇ ਹੋਰ ਮੈਂਬਰ ਵੀ ਆ ਗਏ। ਸਾਰੀ ਰਾਤ ਉਸ ਦੇ ਦੁਆਲੇ ਬੈਠ ਕੇ ਲੰਘਾਈ। ਅਗਲੇ ਦਿਨ ਦੂਰੋਂ ਨੇੜਿਉਂ ਸਾਰੇ ਰਿਸ਼ਤੇਦਾਰ ਪਹੁੰਚ ਗਏ। ਜੇ ਨਹੀਂ ਸੀ ਪਹੁੰਚ ਸਕਦਾ ਉਸ ਦਾ ਕਨੇਡਾ ਵਾਲ ਪੁੱਤਰ ਹਰਚੰਦ ਸਿੰਘ ਸੀ, ਜਿਹੜਾ ਪਿੰਡ ਦੇ ਵਡੇਰੀ ਉਮਰ ਦੇ ਹਰ ਬਜ਼ੁਰਗ ਦੀ ਅਰਥੀ ਨੂੰ ਇਸ ਤਰ੍ਹਾਂ ਸਜਾਇਆ ਕਰਦਾ ਸੀ ਕਿ ਉਹ ਫੁੱਲਾਂ ਤੇ ਰੰਗ ਬਿਰੰਗੀਆਂ ਝੰਡੀਆਂ ਨਾਲ ਸ਼ਿੰਗਾਰੀ ਪਾਲਕੀ ਬਣ ਜਾਂਦੀ ਸੀ। ਅੱਜ ਉਸ ਦੇ ਬਾਪ ਦੀ ਅਰਥੀ ਨੂੰ ਸ਼ਿੰਗਾਰਨ ਵਾਲੇ ਹੋਰ ਹੱਥ ਸਨ। ਦੁਪਹਿਰ ਢਾਈ ਕੁ ਵਜੇ ਬਾਪ ਦੀ ਅਰਥੀ ਸ਼ਮਸ਼ਾਨ ਘਾਟ ਵਲ ਚੱਲੀ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਗਰ ਜਾ ਰਹੇ ਸਨ। ਉਸ ਦੇ ਭੋਗ ਤੋਂ ਪਹਿਲਾਂ ਹਰਚੰਦ ਤੇ ਉਸ ਦੀ ਪਤਨੀ ਕੈਨੇਡਾ ਤੋਂ ਆ ਗਏ ਸਨ। ਬਾਈ ਦੀਆਂ ਅੰਤਮ ਰਸਮਾਂ ਲਈ ਘਰ ਵਿਚ ਹੀ ਅਖੰਡ ਪਾਠ ਰਖਵਾਇਆ ਸੀ। ਅਖੰਡ ਪਾਠ ਦੇ ਵਿਚਕਾਰਲੀ ਸ਼ਾਮ ਅਸੀਂ ਚਾਰੇ ਭਰਾ ਅੰਦਰ ਬੈਠੇ ਕੱਲ੍ਹ ਦੇ ਪ੍ਰੋਗਰਾਮ ਬਾਰੇ ਸਲਾਹ ਮਸ਼ਵਰਾ ਕਰ ਰਹੇ ਸੀ ਕਿ ਸਾਡਾ ਚਚੇਰਾ ਭਰਾ ਜਿਹੜਾ ਅਖੰਡ ਪਾਠ ਦੀ ਸੇਵਾ ਵਿਚ ਸੀ, ਬਹੁਤ ਸਹਿਮਿਆ ਹੋਇਆ ਆਇਆ ਤੇ ਕਹਿਣ ਲੱਗਾ, "ਬਾਈ ਜੀ, ਬਾਬੇ (ਖਾੜਕ)ੂ ਆਏ ਐ ਤੇ ਅੱਠ ਦਸ ਜਣਿਆਂ ਲਈ ਖਾਣਾ ਮੰਗਦੇ ਐ।" ਮੈਂ ਕਿਹਾ, "ਕੋਈ ਗੱਲ ਨਹੀਂ, ਤੁਸੀਂ ਦਾਲ ਸਬਜ਼ੀ ਦੇ ਦੋ ਡੋਲਣੇ ਭਰ ਦਿਉ ਤੇ ਜਿੰਨੀਆਂ ਰੋਟੀਆਂ ਪੱਕੀਆਂ ਹੋਈਆਂ ਹੈਗੀਆਂ, ਉਹ ਦੇ ਦਿਉ। ਮੈਂ ਦੇਖਦਾਂ।" ਮੈਂ ਬਾਹਰ ਨਿਕਲਿਆ ਤਾਂ ਇਕ ਮੁੰਡੇ ਨੇ ਮੈਨੂੰ ਸਤਿ ਸ੍ਰੀ ਅਕਾਲ ਕਹੀ ਅਤੇ ਪੁੱੱਿਛਆ, "ਇਹ ਕਿਸ ਦਾ ਘਰ ਹੈ?" ਮੈਂ ਉਸ ਨੂੰ ਦੱਸ ਦਿੱਤਾ ਕਿ ਸਾਡਾ ਹੀ ਘਰ ਹੈ ਤੇ ਮੇਰੇ ਬਾਪ ਦੀ ਅੰਤਮ ਅਰਦਾਸ ਲਈ ਅਖੰਡਪਾਠ ਰੱਖਿਆ ਹੋਇਆ ਹੈ। ਉਸ ਨਾਲ ਦੇ ਸਾਥੀ ਨੂੰ ਕਿਹਾ ਚਲੋ ਇਥੋਂ ਲੰਗਰ ਨਹੀਂ ਛਕਣਾ। ਸੇਵਾਦਾਰ ਰੋਟੀਆਂ ਲੈ ਕੇ ਆ ਗਏ ਸੀ। ਮੈਂ ਕਿਹਾ ਗੁਰੂ ਦਾ ਲੰਗਰ ਚਲ ਰਿਹਾ ਹੈ ਤੁਸੀਂ ਬੇਫਿਕਰ ਹੋ ਕੇ ਲੈ ਜਾਵੋ। ਉਹ ਅਚਾਰ ਨਾਲ ਰੋਟੀਆਂ ਤਾਂ ਲੈ ਗਏ ਪਰ ਡੋਲਨਿਆ ਵਿਚ ਪਾਈ ਦਾਲ ਛੱਡ ਗਏ। ਪਿੱਛੋਂ ਪਤਾ ਲੱਗਾ ਕਿ ਉਹ ਮੁੰਡਾ ਸਿਬੀਆਂ ਵਾਲਾ ਮਸ਼ਹੂਰ ਖਾੜਕੂ, ਹੈਪੀ ਸੀ ਜਿਹੜਾ ਮੇਰੇ ਕੋਲ ਪੜ੍ਹਦਾ ਰਿਹਾ ਸੀ।
     ਮੇਰੇ ਬਾਪ ਦੇ ਭੋਗ ਉਪਰ ਇੰਨਾ ਕੁ ਇਕੱਠ ਹੋ ਗਿਆ ਸੀ ਕਿ ਜਿਹੜਾ ਪਹਿਲਾਂ ਪਿੰਡ ਵਿਚ ਕਦੀ ਘਟ ਹੀ ਦੇਖਣ ਨੂੰ ਮਿਲਿਆ ਸੀ। ਇਹ ਇਕ ਉਸ ਕਰਮਯੋਗੀ ਦੀ ਸਾਧਨਾ ਦਾ ਫਲ਼ ਸੀ ਜੋ ਉਹ ਆਪਣੇ ਜੀਵਨ ਵਿਚ ਹੀ ਚੱਖ ਗਿਆ ਸੀ। ਉਸ ਦੀ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਵਿਚ ਸਾਡੀ ਮਾਂ ਨੇ ਸਦਾ ਸਾਥ ਦਿੱਤਾ। ਪਰਿਵਾਰ ਦੀ ਪਰਵਰਿਸ਼ ਵਿਚ ਮਾਂ ਦਾ ਵੱਡਾ ਯੋਗਦਾਨ ਸੀ। ਅਠਾਰਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ ਇਸ ਸੰਸਾਰ 'ਤੇ ਆਈ ਸਾਡੀ ਮਾਂ ਨੇ ਪਿਤਾ ਦੀ ਮੌਤ ਤੋਂ ਚੌਦਾਂ ਸਾਲ ਬਾਅਦ, ਤਿੰਨ ਸਦੀਆਂ ਦੀ ਹਵਾ ਵਿਚ ਸਾਹ ਲੈਣ ਮਗਰੋਂ ਜਨਵਰੀ ੨੦੦੩ ਵਿਚ ਇਸ ੧੦੩ ਸਾਲ ਦੀ ਉਮਰਵਿਚ ਸੰਸਾਰ ਨੂੰ ਤਿਆਗਿਆ। ਦੋਹਾਂ ਦੀ ਮੌਤ 'ਤੇ ਕਿਸੇ ਨੂੰ ਮਕਾਣ ਆੁਣ ਤੋਂ ਸਖਤੀ ਨਾਲ ਰੋਕ ਦਿੱਤਾ ਗਆ ਸੀ ਅਤੇ ਕਿਸੇ ਨੂੰ ਰੋਣ ਵੀ ਨਹੀਂ ਸੀ ਦਿੱਤਾ ਗਿਆ। ਕਰਮਯੋਗੀ ਆਪਣੇ ਕੰਮ ਨਿਪਟਾ, ਸੁਰਖਰੂ ਹੋ ਕੇ ਸੰਸਾਰ ਤੋਂ ਗਏੇ ਸਨ। ਸੰਸਾਰ ਤੋਂ ਸੁਰਖਰੂ ਹੋ ਕੇ ਜਾਣ ਵਾਲਿਆਂ ਲਈ ਕਿਉਂ ਰੋਣਾ!
    ****
    ਜਰਨੈਲ ਸਿੰਘ ਸੇਖਾ
    ੭੦੦੪ - ੧੩੧ ਸਟਰeeਟ
    ਸ਼੍ਰੂਓੈ     ੜ੩ਾਂ
    ਭ. ਛ.   ਛਅਂਅਧਅ

     







    samsun escort canakkale escort erzurum escort Isparta escort cesme escort duzce escort kusadasi escort osmaniye escort