ਅਸੀਂ ਕਿੱਧਰ ਜਾ ਰਹੇ ਹਾਂ? (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਜ਼ਾਦੀ ਤੋ ਬਾਅਦ ਭਾਰਤ ਨੇ ਬਹੁਤ ਉਨਤੀ ਕੀਤੀ ਹੈ । ਸਾਡੇ ਦੇਸ਼ ਦੀ ਖੁਸ਼ਹਾਲੀ ਵਧੀ ਹੈ । ਅਸੀਂ ਉੱਚੇ ਪਰਬਤਾਂ ਤੇ ਆਪਣੇ ਝੰਡੇ ਲਹਿਰਾਏ ਹਨ ਅਤੇ ਸਾਗਰਾਂ ਦੇ ਮੂੰਹ ਮੋੜੇ ਹਨ। ਅਸੀਂ ਠਾਠਾਂ ਮਾਰਦੇ ਬੇਲਗਾਮ ਪਾਣੀਆਂ ਤੇ ਬੰਨ ਮਾਰਕੇ ਦੇਸ਼ ਨੂੰ ਹੜਾਂ ਤੋ ਬਚਾਇਆ ਹੈ। ਬਿਜਲੀ ਪੈਦਾ ਕਰਕੇ ਹਨੇਰਿਆਂ ਨੂੰ ਰੋਸ਼ਨ ਕੀਤਾ ਹੈ ਅਤੇ ਦੇਸ਼ ਨੂੰ ਪ੍ਰਗਤੀ ਦੇ ਮਾਰਗ ਤੇ ਤੋਰਿਆ ਹੈ। ਦੇਸ਼ ਵਿਚ ਅਸੀਂ ਸੜਕਾਂ ਅਤੇ ਨਹਿਰਾਂ ਦਾ ਜਾਲ ਵਿਛਾਇਆ ਹੈ। ਖੇਤਾਂ ਵਿਚ ਆਪਣਾ ਪਸੀਨਾ ਵਗਾ ਕੇ ਨਵੀ ਮਸ਼ੀਨਰੀ, ਤਕਨੀਕ ਅਤੇ  ਖਾਦਾਂ ਦਵਾਰਾ ਲਹਿਲਾਉਦੀਆਂ ਫਸਲਾਂ ਨੂੰ ਉਗਾਇਆ ਹੈ ਅਤੇ ਭੁੱਖ ਨੰਗ ਤੇ ਕਾਬੂ ਪਾਇਆ ਹੈ। ਅਸੀਂ ਕਈ ਮਾਰੂ ਬੀਮਾਰੀਆਂ ਨੂੰ ਜੜ੍ਹੋ ਖਤਮ ਕੀਤਾ ਹੈ ਅਤੇ ਦੇਸ਼ ਵਾਸੀਆਂ ਨੂੰ ਅਰੋਗੀ ਬਣਾਇਆ ਹੈ। ਅਸੀਂ ਪੜ੍ਹ ਲਿਖ ਕੇ ਵਿਦੇਸ਼ਾਂ ਵਿਚ ਜਾ ਕੇ ਆਪਣਾ ਸਿੱਕਾ ਜਮਾਇਆ ਹੈ। ਅਸੀਂ ਪ੍ਰਮਾਣੂ ਹਥਿਆਰ ਬਣਾ ਕੇ ਦੁਨੀਆਂ ਤੇ ਆਪਣਾ ਦਬਦਬਾ ਬਿਠਾਇਆ ਹੈ । ਅਸੀਂ ਨਿੱਤ ਨਵਂੇ ਅਤੇ ਸ਼ਕਤੀਸ਼ਾਲੀ ਰਾਕਟ ਛੱਡ ਕੇ ਸਪੇਸ ਵਿਚ ਵੀ ਆਪਣਾ ਕਬਜਾ ਜਮਾ ਰਹੇ ਹਾਂ। ਅਸੀਂ ਜਲਦੀ ਹੀ ਦੁਨੀਆ ਦੀ ਇਕ ਮਹਾਂ ਸ਼ਕਤੀ ਬਣਨ ਜਾ ਰਹੇ ਹਾਂ । ਇਹ ਸਭ ਤਾਂ ਹੈ ਤਸਵੀਰ ਦਾ ਇਕ ਚਮਕਦਾ ਹੋਇਆ ਮਾਨਮੱਤਾ ਪਾਸਾ ਹੈ । ਤਸਵੀਰ ਦਾ ਦੂਜਾ ਪਾਸਾ ਕਿਹੜਾ ਹੈ ਸਾਨੂੰ ਉਸ ਤੇ ਵੀ ਝਾਤੀ ਮਾਰਨ ਦੀ ਲੋੜ ਹੈ। ਇਹ ਕੇਵਲ ਸਾਡੇ ਘਟੀਆ ਮਾਲ ਦੀ ਵਧੀਆ ਪੈਕਿੰਗ ਦੀ ਤਰਾਂ ਹੌ ਹੈ। ਇਹ ਤਾਂ ਇਸ ਤਰਾਂ੍ਹ ਹੀ ਹੈ ਜਿਵੇ ਕੋਈ ਬੰਦਾ ਸੂਟ ਬੂਟ ਪਾ ਕੇ ਟੌਹਰ ਕੱਢ ਲੈਦਾ ਹੈ। ਲੋਕਾਂ ਨੂੰ ਉਹ ਸੋਹਣਾ ਦਰਸ਼ਨੀ ਇਨਸਾਨ ਦਿਸਦਾ ਹੈ ਪਰ ਅੰਦਰੋ ਤਾਂ ਉਹ ਨੰਗਾ ਹੀ ਹੁੰਦਾ ਹੈ ।

ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਸੋਚਦੇ ਹਨ ਜਿਸ ਅਜਾਦੀ ਦੀ ਸਾਡੇ ਵੱਡੇ ਵਡੇਰਿਆਂ ਨੇ ਕਲਪਨਾਂ ਕੀਤੀ ਸੀ ਉਹ ਹਾਲੀ ਸਾਨੂੰ ਨਹੀ ਮਿਲੀ। ਪਹਿਲਾਂ ਅਸੀਂ ਅੰਗ੍ਰੇਜਾਂ ਦੇ ਗੁਲਾਮ ਸਾਂ। ਹੁਣ ਅਸੀਂ ਆਪਣਿਆਂ ਦੇ ਹੀ ਗੁਲਾਮ ਹਾਂ । ਪਹਿਲਾਂ ਅਸੀਂ ਅੰਗਰੇਜਾਂ ਨਾਲ ਆਜਾਦੀ ਲਈ ਸੰਘਰਸ਼ ਕਰਦੇ ਸਾਂ ਹੁਣ ਆਪਣਿਆਂ ਤੋ ਆਜਾਦੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਦੇਸ਼ ਵਿਚ ਜੋ ਅਜਾਦੀ ਦਾ ਸੁਖ ਮਾਣ ਰਹੇ ਹਨ ਉਹ ਕੇਵਲ ੫% ਭਰਿਸ਼ਟ ਰਾਜਨੇਤਾ ਅਤੇ ਬਿਉਰੋਕਰੈਟ ਹੀ ਹਨ। ਅਜਾਦੀ ਕੇਵਲ ਕਾਗਜ਼ਾਂ ਵਿਚ ਹੀ ਹੈ। ਕੀ ਅੱਜ ਗਰੀਬ ਅਤੇ ਸ਼ਰੀਫ ਬੰਦਾ ਵੋਟਾਂ ਵਿਚ ਖੜ੍ਹਾ ਹੋ ਕੇ ਇਲੈਕਸ਼ਨ ਲੜ੍ਹ ਸਕਦਾ ਹੈ? ਜਵਾਬ ਸਾਫ ਹੈ ਨਹੀਂ । ਗਰੀਬ ਅਤੇ ਸ਼ਰੀਫ ਬੰਦੇ ਦੇ ਪਿੱਛੇ ਤਾਂ ਉਸਦੇ ਘਰ ਵਾਲੇ ਵੀ ਨਹੀ ਲਗਦੇ । ਇਲੈਕਸ਼ਨ ਲੜਨ ਲਈ ਚਾਹੀਦਾ ਹੈ ਕਰੋੜਾਂ ਰੁਪਏ ਦਾ ਬਲੈਕ ਧੰਨ ਅਤੇ ਲਾਰਿਆਂ ਨਾਲ ਅਤੇ ਪੈਸੇ ਨਾਲ ਇਕੱਠੀ ਕੀਤੀ ਭੀੜ । ਜਿਸ ਬੰਦੇ ਨੂੰ ਰੋਟੀ ਖਾਣ ਦੇ ਵੀ ਲਾਲੇ ਪਏ ਹੋਏ ਹਨ ਉਹ ਇਹ ਸਭ ਕੁਝ ਕਿੱਥੋ ਲਿਆਵੇਗਾ ? ਦੇਸ਼ ਦੇ ਮਾਨਯੋਗ ਸ਼ਹਿਰੀਆਂ ਨੂੰ ਬਹੁਤ ਤਾਕਤਵਰ ਕਿਹਾ ਜਾਂਦਾ ਹੈ।ਪਰ  ਉਨਾਂ ਨੂ ਵੀ ਮਿੱਠੇ ਲਾਰਿਆਂ ਅਤੇ ਪੈਸੇ ਨਾਲ ਕੇਵਲ ਜਾਨਵਰਾਂ ਦਾ ਸਮੂਹ ਸਮਝਿਆ ਜਾਂਦਾ ਹੈ । ਜਿਸਦੀ ਲਾਠੀ ਉਸਦੀ ਭੈਂਸ ਅਨੁਸਾਰ ਸਾਡੇ ਸ਼ਾਤਿਰ ਰਾਜਨੀਤਕ ਲੋਕ ਜਿਧਰ ਮਰਜੀ ਧੱਕ ਦੇਣ । ਹਰ ਇਲੈਕਸ਼ਨ ਦੇ ਸਮਂੇ ਇਸ ਇਕੱਠ ਨੂੰ ਅਲੱਗ ੨ ਨਾਰ੍ਹਿਆਂ ਨਾਲ ਭਰਮਾਂ ਕੇ ਆਪਣੇ ਹੱਕ ਵਿਚ ਵੋਟ ਪਵਾ ਲਏ ਜਾਂਦੇ ਹਨ । ਫਿਰ ਅੱਜ ਕੱਲ ਰਾਜਨੀਤੀ ਵਿਚ ਪਾਰਟੀਬਾਜੀ ਦਾ ਜਮਾਨਾ ਹੈ । ਹਰ ਪਾਰਟੀ ਨੇ ਅਲੱਗ ੨ ਲੇਬਲ ਲਾਏ ਹੋਏ ਹਨ । ਉਹ ਨਿੱਤ ਸਟੇਜਾਂ ਤੋਂ ਭੜਕਾਊ ਨਾਹਰੇ ਲਾ ਕੇ ਭਰਾ ਭਰਾ ਨੂੰ ਲੜਾ ਰਹੇ ਹਨ ਅਤੇ ਲੋਕ ਭਰਮਾਉ ਨਾਹਰਿਆਂ ਨਾਲ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ । ਇਕੱਲੇ ਕਾਰੇ ਗਰੀਬ ਬੰਦੇ ਦੀ ਤਾਂ ਕੋਈ ਹਂੋਦ ਹੀ ਨਹੀ । ਉਹ ਹਰ ਇਲੈਕਸ਼ਨ ਤੇ ਆਪਣੇ ਆਪ ਨੂੰ ਲੁੱਟਿਆ ਗਿਆ ਮਹਿਸੂਸ ਕਰਦਾ ਹੈ । ਇਥੇ ਹੀ ਬੱਸ ਨਹੀ ਸਾਡੇ ਕਰੀਬ ਸਾਰੇ ਹੀ ਰਾਜਨੇਤਾ ਧ੍ਰਿਤਰਾਸ਼ਟਰ ਦੀ ਤਰ੍ਹਾਂ ਪੁੱਤਰ ਮੋਹ ਵਿਚ ਫਸੇ ਹੋਏ ਹਨ । ਵਜ਼ਾਰਤ ਨੂੰ ਜਾਂ ਮੁੱਖ ਮੰਤਰੀ ਦੇ ਔਹਦੇ ਨੂੰ ਤਾਂ ਜੱਦੀ ਜਾਇਦਾਦ ਸਮਝਿਆ ਜਾਂਦਾ ਹੈ। ਹਰ ਮੰਤਰੀ ਆਪਣੇ ਪੁੱਤਰ/ਪਤਨੀ ਨੂੰ ਮੰਤਰੀ /ਮੁੱਖ ਮੰਤਰੀ ਹੀ ਬਣਿਆ ਦੇਖਣਾ ਚਾਹੁੰਦਾ ਹੈ । ਇਸ ਨਾਲ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਅਤੇ ਪਾਰਟੀ ਵਿਚ ਬਗਾਵਤ ਪੈਦਾ ਹੰਦੀ ਹੈ । ਇਸ ਬਗਾਵਤ ਨੂੰ ਬਾਹੂ ਬੱਲ ਨਾਲ ਦਬਾ ਦਿਤਾ ਜਾਂਦਾ ਹੈ ਅਤੇ ਆਪਣੇ ਜੂਨੀਅਰ ਅਤੇ ਨਲਾਇਕ ਪੁੱਤਰ/ਪਤਨੀ ਨੂੰ ਗੱਦੀ ਤੇ ਬਿਠਾ ਕੇ ਲੋਕਾਂ ਤੇ ਠੋਸ ਦਿੱਤਾ ਜਾਂਦਾ ਹੈ। ਲੋਕ ਮੂੰਹ ਦੇਖਦੇ ਹੀ ਰਹਿ ਜਾਂਦੇ ਹਨ।

ਜੇ ਅਸੀਂ ਪੈਸੇ ਦੀ ਵੰਡ ਵਲ ਝਾਤੀ ਮਾਰਦੇ ਹਾਂ ਤਾਂ ਇਥੇ ਵੀ ਕਾਣੀ ਵੰਡ ਹੀ ਨਜਰ ਆaੁਂਦੀ ਹੈ। ਦੇਸ਼ ਦੀ ਸਾਰੀ ਦੌਲਤ ਕੇਵਲ ੫% ਸ਼ਾਤਿਰ ਲੋਕਾਂ ਪਾਸ ਹੀ ਜਮਾਂ ਹੈ । ਅਮੀਰ ਲੋਕ ਹੋਰ ਅਮੀਰ ਹੋਈ ਜਾ ਰਹੇ ਹਨ ਅਤੇ ਗਰੀਬ ਲੋਕ ਹੋਰ ਗਰੀਬ । ਗਰੀਬਾਂ ਦੇ ਖੂਨ ਦੀਆਂ ਅਮੀਰਾਂ ਦੇ ਮੂੰਹਾਂ ਤੇ ਲਾਲੀਆਂ ਭਖ ਰਹੀਆਂ ਹਨ । ਇਨਾਂ ਦਾ ਵਿਦੇਸ਼ੀ ਬੈਕਾਂ ਵਿਚ ਅਰਬਾਂ ਖਰਬਾਂ ਰੁਪਏ ਦਾ ਕਾਲਾ ਧੰਨ ਸੜ ਰਿਹਾ ਹੈ ਪਰ ਗਰੀਬ ਨੂੰ ਤਨ ਢੱਕਣ ਨੂੰ ਕੱਪੜਾ ਨਹੀਂ ਅਤੇ ਖਾਣ ਨੂੰ ਰੋਟੀ ਨਹੀਂ ।

ਪੈਸਾਂ ਇਕੱਠਾ ਕਰਨ ਵਿਚ ਸਾਡੇ ਦੇਵੀ ਦੇਵਤਾ ਵੀ ਪਿੱਛੇ ਨਹੀ । ਮੰਦਰਾਂ, ਗੁਰਦਵਾਰਿਆ ਤੇ ਹੋਰ ਧਾਰਮਿਕ ਸਥਾਨਾਂ ਤੇ ਸੋਨੇ ਚਾਂਦੀ ਅਤੇ ਧੰਨ ਦੌਲਤ ਦੇ ਅੰਬਾਰ ਲਗੇ ਪਦੇ ਹਨ । ਪਿਛੇ ਜਹੇ ਇਕ ਮੰਦਰ ਦੇ ਬੰਦ ਕਮਰਿਆ ਦੇ ਜਦ ਦਰਵਾਜੇ ਖੋਲ੍ਹੇ ਗਏ ਤਾਂ ਉਥੋ ਬੇਸ਼ੁਮਾਰ ਕੀਮਤੀ ਹੀਰੇ ਜਵਾਹਰਤ, ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦ ਰੁਪਏ ਮਿਲੇ । ਇਨ੍ਹਾਂ ਦੇਵੀ ਦੇਵਤਿਆਂ ਦੇ ਪੈਰੋਕਾਰ ਵੀ ਧੰਨ ਜੋੜਨ ਵਿਚ ਪਿਛੇ ਨਹੀ ਅਰਬਾਂ ਕਰੋੜਾਂ ਰੁਪਏ ਦੀ ਦੌਲਤ ਤੇ ਉਹ ਇਕੱਲੇ ਹੀ ਕਬਜਾ ਕਰੀ ਬੈਠੇ ਹਨ । ਪਿਛੇ ਜਿਹੇ ਸਾਂਈ ਬਾਬਾ ਦੇ ਗੁਜਰ ਜਾਣ ਤੋ ਬਾਅਦ ਜਦ ਉਸਦੇ ਬੰਦ ਕਮਰੇ ਖੋਲ੍ਹੇ ਗਏ ਤਾਂ ਉਥੋ ਵੀ ਹੀਰੇ, ਜਵਾਹਰਤ, ਸੋਨੇ ਦੇ ਮੁਕਟ, ਹੋਰ ਗਹਿਣੇ,ਬੇਸ਼ੁਮਾਰ ਚਾਂਦੀ ਅਤੇ ਨਕਦ ਰੁਪਏ ਨਿਕਲੇ ਕੇ ਸਰਕਾਰ ਨੂੰ ਨੋਟ ਗਿਣਨ ਵਾਲੀਆਂ ਕਈ ਮਸ਼ੀਨਾਂ ਮੰਗਵਾਉਣੀਆਂ ਪਈਆਂ ਦਿਨ ਰਾਤ ਕੰਮ ਚਲਦਾ ਰਿਹਾ ਫਿਰ ਵੀ ਇਸ ਦੌਲਤ ਦਾ ਮੂਲਅੰਕਣ ਕਰਨ ਲਈ ਕਈ ਦਿਨ ਲਗ ਗਏ । ਅਸੀਂ ਰੱਬ ਦੇ ਘਰ ਜਾ ਕੇ ਤਾਂ ਸ਼ਰਧਾ ਨਾਲ ਬੇਅੰਤ ਚੜਾਵਾ ਚੜ੍ਹਾ ਦਿੰਦੇ ਹਾਂ ਪਰ ਭੁੱਖੇ ਨੂੰ ਰੋਟੀ ਖੁਆਉਣ ਤੋਂ ਕੰਨੀ ਕਤਰਾਉਦੇ ਹਾਂ । ਭਲਾ ਸੋਚੋ! ਰੱਬ ਕੋਲ ਧੰਨ ਦੀ ਕੀ ਕਮੀ ਹੈ? ਉਸਨੇ ਫਿਰ ਤੁਹਾਡੇ ਇਹ ਹੀਰੇ ਜਵਾਹਰਤ ਅਤੇ ਨੋਟ ਕੀ ਕਰਨੇ ਹਨ । ਅਸੀਂ ਕਦੀ ਇਹ ਵੀ ਨਹੀ ਸੋਚਦੇ ਕਿ ਇਸ ਬੇਅੰਤ ਦੌਲਤ ਦਾ ਇਸਤੇਮਾਲ ਕਿਵਂੇ ਹੋਵੇਗਾ । ਅਸੀਂ ਅੰਨ੍ਹੀ ਸ਼ਰਧਾ ਵਿਚ ਗਰੀਬਾਂ ਦਾ ਖੁਨ ਚੂਸ ਕੇ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ ਕਰ ਰਹੇ ਹਾਂ । ਕੀ ਸੱਚੀ ਹੀ ਰੱਬ ਇਸ ਤਰਾਂ ਸਾਡੇ ਤੇ ਖੁਸ਼ ਹੋ ਜਾਵੇਗਾ ? ਇਹ ਚੀਜ ਸੋਚਣ ਵਾਲੀ ਹੈ । ਦੇਵੀ ਦੇਵਤਿਆਂ ਅਤੇ ਉਨ੍ਹਾਂ ਤੋ ਬਾਅਦ ਧੰਨ ਦੇ ਅੰਬਾਰ ਸਾਡੇ ਰਾਜਨੇਤਾਵਾਂ ਅਤੇ ਮੰਤਰੀਆਂ ਪਾਸ ਹਨ । ਵੈਸੇ ਤਾਂ ਸਾਡੇ ਪਾਸ ਦੁਨੀਆਂ ਦਾ ਸਭ ਤੋ ਵੱਡਾ ਲੋਕ ਤੰਤਰ ਸਿਸਟਮ ਹੈ । ਸੰਵਿਧਾਨ ਦਵਾਰਾ ਮੰਤਰੀਆਂ, ਐਮ.ਪੀਜ. ਤੇ ਐਮ.ਐਲ.ਏਜ ਨੂੰ ਬੇਅੰਤ ਸੁੱਖ ਸਹੂਲਤਾਂ ਦਿੱਤੀਆਂ ਹੋਈਆ ਹਨ। ਇਹ ਸਾਡੇ ਦੇਸ਼ ਦੇ ਰਾਜੇ ਮਹਾਰਾਜੇ ਬਣੇ ਬੈਠੇ ਹਨ ਅਤੇ ਆਪਣੇ ਆਪ ਨੂੰ ਜਨਤਾ ਦੀ ਕਿਸਮਤ ਘੜਨ ਵਾਲੇ ਸਮਝਦੇ ਹਨ । ਪੈਸੇ ਨਾਲ ਬੇਸ਼ਕ ਇਨਾਂ ਦੇ ਢਿੱਡ ਪਾਟਣ ਤੇ ਆ ਜਾਣ ਪਰ ਫਿਰ ਵੀ ਇਹ ਰੱਜਦੇ ਨਹੀ ਇਨ੍ਹਾਂ ਦੇ ਨਿੱਤ ਨਵਂੇ ਤੋ ਨਵਂੇ ਘਪਲੇ ਉਜਾਗਰ ਹੋ ਰਹੇ ਹਨ ਪਰ ਇਨ੍ਹਾਂ ਨੂੰ ਸ਼ਰਮ ਨਹੀ । ਇਸ ਤਂੋ ਇਲਾਵਾ ਇਨ੍ਹਾਂ ਦੀਆਂ ਸਰਕਾਰੀ ਖਰਚੇ ਤੇ ਐਸ਼ਾਂ ਅਤੇ ਆਯਾਸ਼ੀਆਂ ਹੀ ਮਾਣ ਨਹੀਂ । ਹਰ ਮੰਤਰੀ ਵਿਦੇਸ਼ ਦੌਰੇ ਤੇ ਤੁਰਿਆ ਰਹਿੰਦਾ ਹੈ । ਜੇ ਇਨ੍ਹਾਂ ਦੇ ਪਰਿਵਾਰ ਦੇ ਕਿਸੇ ਮਂੈਬਰ ਦੇ ਪੇਟ ਦਰਦ ਦੀ ਹੋਵੇ ਤਾਂ ਉਸਦਾ ਸਰਕਾਰੀ ਖਰਚੇ ਤੇ ਵਿਦੇਸ਼ ਜਾ ਕੇ ਮਹਿੰਗੇ ਤੋਂ ਮਹਿੰਗਾ ਇਲਾਜ ਕਰਵਾਇਆ ਜਾਂਦਾ ਹੈ । ਸਰਕਾਰੀ ਪੈਸੇ ਨੂੰ ਪਾਣੀ ਦੀ ਤਰ੍ਹਾਂ ਰੋੜ੍ਹਿਆ ਜਾਂਦਾ ਹੈ । ਜਿਸ ਬੀਮਾਰੀ ਦਾ ਇਲਾਜ ਭਾਰਤ ਵਿੱਚ ਹੋਵੇ ਉਸਦੇ ਵਿਦੇਸ਼ੀ ਇਲਾਜ ਤੇ ਰੋਕ ਲੱਗਣੀ ਚਾਹੀਦੀ ਹੈ । ਗਰੀਬਾਂ ਲਈ ਦੇਸ਼ ਦੇ ਖਜ਼ਾਨੇ ਖਾਲੀ ਪਏ ਹਨ । ਉਨ੍ਹਾਂ ਤੇ ਨਿੱਤ ਨਵੇਂ ਟੈਕਸ ਲਾ ਕੇ ਖੁਨ ਨਿਚੋੜਿਆ ਜਾਂਦਾ ਹੈ । ਅੱਜ ਦੇਸ਼ ਦੇ ਅੰਨ ਦਾਤੇ ਕਿਸਾਨ ਕਰਜੇ ਦੇ ਬੋਝ੍ਹ ਹੇਠ ਦਬੇ ਹੋਏ ਨਿੱਤ ਖੁਦਕਸ਼ੀਆਂ ਕਰ ਰਹੇ ਹਨ।ਇਕ ਰਿਪੋਰਟ ਮੁਤਬਕ ਭਾਰਤ ਵਿਚ ਹਰ ਸਾਲ ੧੭੫੦੦ ਦੇ ਕਰੀਬ ਕਿਸਾਨ ਕਰਜੇ ਦੇ ਬੋਝ੍ਹ ਹੇਠ ਦੱਬੇ ਹੋਣ ਕਰਕੇ ਖੁਦਕਸ਼ੀ ਕਰਦੇ ਹਨ। ਉਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀੰ। ਸਰਕਾਰ ਨੂੰ ਇਸ ਨਾਲ ਕੀ ਮਤਲਬ – ਕੋਈ ਮਰੇ ਭਾਵਂੇ ਜੀਵੇ, ਸੁਥਰਾ ਘੋਲ ਪਤਾਸਾ ਪੀਵੇ । ਮੰਤਰੀਆਂ ਲਈ ਕਰੋੜਾਂ ਰਪਏ ਲਾ ਕੇ ਹੈਲੀਕਾਪਟਰ ਖਰੀਦੇ ਜਾ ਰਹੇ ਹਨ । ਇਨ੍ਹਾਂ ਨੂੰ ਸਭ ਤੋ ਵੱਧ ਲਗਜਰੀ ਕਾਰਾਂ ਤੇ ਕੋਠੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ । ਗੱਡੀਆਂ ਦੇ ਪਟਰੋਲ ਤੇ ਅਤੇ ਰੱਖ ਰਖਾ ਦੇ ਨਾਮ ਤੇ ਹੀ ਜਨਤਾ ਦੇ ਕਰੋੜਾਂ ਰੁਪਏ ਉਜਾੜੇ ਜਾ ਰਹੇ ਹਨ । ਹੋਰ ਤਾਂ ਹੋਰ ਇਨਾਂ ਦੇ ਫੋਕੀ ਸ਼ਾਨ ਲਈ ਇਨਾਂ ਦੇ ਬੋਡੀਗਾਰਡਾਂ ਅਤੇ ਐਸਕੋਰਟ ਜੀਪਾਂ ਲਈ ਇਕੱਲੇ ੨ ਬੰਦੇ ਤੇ ਹਰ ਮਹੀਨੇ ਤੇ ਲੱਖਾਂ ਰੁਪਏ ਖਰਚ ਹੋ ਰਹੇ ਹਨ ।

ਜਦ ਇਹ ਮੰਤਰੀ ਸ਼ਹਿਰਾਂ ਵਿਚ ਜਾਂਦੇ ਹਨ ਤਾਂ ਇੰਨਾਂ ਦੀਆ ਗੱਡੀਆਂ ਦੇ ਲੰਘਣ ਲਈ ਸੜਕਾਂ ਖਾਲੀ ਕਰਾ ਲਈਆਂ ਜਾਂਦੀਆਂ ਹਨ । ਆਮ ਲੋਕਾਂ ਦਾ ਉਨ੍ਹਾਂ ਸੜਕਾਂ ਤੇ ਚਲਣ ਦਾ ਇਕ ਕਿਸਮ ਦਾ ਅਧਿਕਾਰ ਖੋਹ ਲਿਆ ਜਾਂਦਾ ਹੈ । ਜਿਵੇ ਇਹ ਲੋਕ ਅਸਮਾਨਂੋ ਉਤਰੇ ਹੋਣ ਅਤੇ ਦੂਜੇ ਲੋਕ ਕੀੜੇ ਮਕੌੜੇ ਹੀ ਹੋਣ। ਇਨ੍ਹਾਂ ਦੀਆਂ ਐਸਕੋਰਟ ਜਿਪਸੀਆਂ ਕੰਨ ਪਾੜਵੇ ਸ਼ੋਰ ਨਾਲ ਇਨ੍ਹਾਂ ਦੇ ਅੱਗੇ ਪਿੱਛੇ ਬੇਹੱਦ ਤੇਜ ਰਫਤਾਰ ਨਾਲ ਦੌੜੀਆਂ ਜਾਂਦੀਆਂ ਹਨ। ਇਨ੍ਹਾਂ ਦਾ ਲਾਲ ਬੱਤੀ ਦਾ ਜਾਂ ਤੇਜ ਰਫਤਾਰ ਦਾ ਕੋਈ ਚਲਾਣ ਨਹੀ ਕੱਟਦਾ। ਭਲਾ ਕੌਣ ਕਹੇ--- " ਰਾਣੀਏ ਅੱਗਾ ਢੱਕ"। ਇਨ੍ਹਾਂ ਲਈ ਕੋਈ ਕਾਨੂੰਨ ਨਹੀ । ਜੇ ਇਹ ਕਿਸੇ ਵਿਅਕਤੀ ਨੂੰ ਗੱਡੀ ਥੱਲੇ ਕੁਚਲ ਕੇ ਮਾਰ ਵੀ ਦੇਣ ਤਾਂ ਵੀ ਕਸੂਰ ਗਰੀਬ ਬੰਦੇ ਦਾ ਹੀ ਕੱਢਿਆ ਜਾਵੇਗਾ । ਇਨਾਂ ਦੇ ਲੋਕ ਦਰਬਾਰ ਅਤੇ ਸੰਗਤ ਦਰਸ਼ਨ ਵੀ ਦਿਖਾਵੇ ਦੇ ਹੀ ਹੁੰਦੇ ਹਨ। ਪਾਰਟੀ ਦੇ ਬੰਦਿਆਂ ਅਤੇ ਸਰਕਾਰੀ ਅਫਸਰਾਂ ਦਾ ਇਕੱਠ ਹੀ ਹੁੰਦਾ ਹੈ ।ਲੋਕ ਦਰਬਾਰ ਵਿਚ ਵੀ ਆਮ ਲੋਕਾਂ ਨੂੰ ਨੇੜੇ ਨਹੀ ਫਟਕਣ ਦਿੱਤਾ ਜਾਂਦਾ । ਜੇ ਕੋਈ ਨਾਸਮਝ ਬੰਦਾ ਹਿੰਮਤ ਕਰਕੇ ਉਥੇ ਗਲਤੀ ਨਾਲ ਪਹੁੰਚ ਵੀ ਜਾਵੇ ਅਤੇ ਉੱਥੇ ਕੋਈ ਸਵਾਲ ਕਰ ਬੈਠੇ ਤਾਂ ਪੁਲਿਸ ਨੂੰ ਇਸ਼ਾਰਾ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਾਂ ਫਿਰ ਉਸਨੂੰ ਕੁਝ ਦੇਰ ਬਾਅਦ ਇਸ ਧਰਤੀ ਤੋ ਸਦਾ ਲਈ ਹੀ ਅਜ਼ਾਦ ਕਰ ਦਿੱਤਾ ਜਾਂਦਾ ਹੈ ।

ਪੰਚਾਇਤਾਂ ਨੂੰ ਸਰਕਾਰੀ ਗ੍ਰਾਟਾਂ ਦੇ ਚੈਕ ਇਸ ਤਰ੍ਹਾਂ ਵੰਡੇ ਜਾਂਦੇ ਹਨ ਜਿਵੇ ਉਨ੍ਹਾਂ ਨੂੰ ਆਪਣੀ ਜੇਬ ਵਿਚੋਂ ਖੈਰਾਤ ਵੰਡੀ ਜਾ ਰਹੀ ਹੋਵੇ । ਫਿਰ ਕਰੋੜਾਂ ਰੁਪਏ ਲਾ ਕੇ ਅਖਬਾਰਾਂ ਵਿਚ ਆਪਣੇ ਫੋਟੋ ਛਪਵਾ ਕੇ ਵਿਕਾਸ ਦੇ ਦਮਗਜੇ ਮਾਰੇ ਜਾਂਦੇ ਹਨ ਭਲਾ ਪੁੱਛੋ ਇਹ ਪੈਸਾ ਜਨਤਾ ਤੇ ਭਾਰੀ ਟੈਕਸ ਲਾ ਕੇ ਹੀ ਇਕੱਠਾ ਕੀਤਾ ਜਾਂਦਾ ਹੈ ਫਿਰ ਇਸ ਪੈਸੇ ਦੀ ਛਿਟ ਕੁ ਵਿਕਾਸ ਦੇ ਨਾਮ ਤੇ ਦੇ ਕੇ ਲੋਕਾਂ ਸਿਰ ਅਹਿਸਾਨ ਕਿਉਂ ? ਪੰਚਾਇਤਾਂ ਦੇ ਪੈਸੇ ਉਨ੍ਹਾਂ ਪਾਸ ਬੱਜਟ ਵਿੱਚ ਸਿੱਧੇ ਕਿਉਂ ਨਹੀਂ ਪਹੁੰਚਦੇ ?

ਇਹ ਲੋਕ ਤਾਂ ਆਪਣੇ ਜਨ ਸਿਹਤ ਵਿਭਾਗ ਦਾ ਸਪਲਾਈ ਕੀਤਾ ਹੋਇਆ ਪਾਣੀ ਵੀ ਨਹੀਂ ਪੀ ਸਕਦੇ। ਇਨ੍ਹਾਂ ਦੀਆਂ ਸਰਕਾਰੀ ਮੀਟਿੰਗਾਂ ਵਿੱਚ ਵੀ ਮੇਜ਼ਾਂ ਤੇ ਮਿਨਰਲ ਵਾਟਰ ਦੀਆਂ ਬੋਤਲਾਂ ਅਤੇ ਕਾਜੂ ਦੀਆਂ ਪਲੇਟਾਂ ਪਈਆਂ ਸਾਫ ਨਜ਼ਰ ਆਉਂਦੀਆਂ ਹਨ। ਸਵਾਲ ਇਹ ਪੈਦਾ ਹੁੰਦਾ ਹੈ ਜੋ ਪਾਣੀ ਸਰਕਾਰ ਦਵਾਰਾ ਆਮ ਪਬਲਿਕ ਨੂੰ ਪੀਣ ਲਈ ਮੁਹਈਆ ਕੀਤਾ ਜਾਂਦਾ ਹੈ ਉਹ ਇਹ ਲੋਕ ਕਿਉਂ ਨਹਾਂ ਪੀ ਸਕਦੇ । ਪ੍ਰਜਾਤੰਤਰ ਵਿਚ ਸਭਲੋਕ ਬਰਾਬਰ ਹਨ ਪਰ ਇਹ ਕਾਹਦੀ ਬਰਾਬਰਤਾ ਹੈ ?

ਇੱਥੇ ਹੀ ਬਸ ਨਹੀਂ ਦੇਸ਼ ਦਾ ਰਾਜਪ੍ਰਬੰਧ ਚਲਾਉਣ ਲਈ ਪਾਰਲੀਮੈਂਟ ਬਣੀ ਹੋਈ ਹੈ। ਪਰ ਇਨ੍ਹਾਂ ਮਤਲਬਪ੍ਰਸਤ ਰਾਜਨੇਤਾਵਾਂ ਨੇ ਪਾਰਲੀਮੈਂਟ ਦਾ ਵੀ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ।ਕੇਗ ਨੇ ਕੋਲੇ ਦੀਆਂ ਖਾਨਾਂ ਦੀ ਅਲਾਟਮੈਂਟ ਵਿਚ ਸਰਕਾਰ ਦੀਆਂ ਕੁਝ ਖਾਮੀਆਂ ਦੱਸੀਆਂ ਹਨ ਜਿੰਨਾਂ ਕਾਰਨ ਦੇਸ਼ ਨੂੰ ੧੮੬ ਹਜਾਰ ਕਰੋੜ ਰੁਪਏ ਦਾ ਅਨੁਮਾਨਤ ਨੁਕਸਾਨ ਦਰਸਾਇਆ ਗਿਆ ਹੈ । ਪ੍ਰਧਾਨ ਮੰਤ੍ਰੀ ਸ੍ਰ. ਮਨਮੋਹਨ ਸਿੰਘ ਇਸ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰਨ ਲਈ ਤਿਆਰ ਸਨ ਪਰ ਵਿਰੋਧੌ ਪਾਰਟੀਆਂ ਨੇ ਰੌਲਾ ਰੱਪਾ ਪਾ ਕੇ ਪ੍ਰਧਾਨ ਮੰਤਰੀ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ੨੦੧੨ ਦਾ ਸਾਰਾ ਮੌਨਸੂਨ ਸੈਸ਼ਨ ਬਿਨਾ ਕੁਝ ਕੰਮ ਕੀਤਿਆਂ ਹੀ ਚਲਾ ਗਿਆ । ਇਸ ਸੈਸ਼ਨ ਵਿਚ ਲੋਕ ਭਲਾਈ ਦੇ ਅਤੇ ਰਾਜਪ੍ਰਬੰਧ ਦੇ ਕਈ ਬਿਲ ਪਾਸ ਕਰਕੇ ਦੇਸ਼ ਨੂੰ ਉਸਾਰੂ ਲੀਹਾਂ ਤੇ ਪਾਇਆ ਜਾ ਸਕਦਾ ਸੀ। ੮ ਸਤੰਬਰ ੨੦੧੨ ਦੇ ਪੰਜਾਬੀ ਟ੍ਰਿਬਿਊਨ ਅਨੁਸਾਰ ਸੰਸਦ ਦਾ ਇਕ ਦਿਨ ਦਾ ਖਰਚਾ ੯ ਕਰੋੜ ਬਣਦਾ ਹੈ । ਮੌਨਸੂਨ ਸੈਸ਼ਨ ਵਿੱਚ ੧੩ ਦਿਨ ਕੰਮ ਠੱਪ ਰਿਹਾ ਜਿਸ ਕਾਰਨ ਦੇਸ਼ ਦਾ ੧੧੭ ਕਰੋੜ ਰੁਪਏ ਦਾ ਨੁਕਸਾਨ ਹੋਇਆ । ਇਸ ਪੈਸੇ ਨਾਲ ਕਿਨ੍ਹੇਂ ਹੀ ਲੋਕਾਂ ਦੀ ਗਰੀਬੀ ਦੂਰ ਹੋ ਸਕਦੀ ਸੀ । ਕੀ ਇਸ ਨਾਲ ਗਰੀਬ ਲੋਕ ਹੋਰ ਗਰੀਬ ਨਹੀਂ ਹੋ ਜਾਣਗੇ? ਪਰ ਰਾਜਨੀਤਕ ਪਾਰਟੀਆਂ ਨੂੰ ਗਰੀਬਾਂ ਦਾ ਕੀ ਫਿਕਰ ਹੈ। ਉਹ ਤਾਂ ਸੰਸਦ ਵਿੱਚ ਇਕ ਫਰੈਂਡਲੀ ਮੈਚ ਖੇਡ ਰਹੀਆਂ ਸਨ । ਲੋੜ ਹੈ ਇਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕਿ ਉਹ ਕਿਨ੍ਹੇਂ ਦੋਸ਼ੀ ਹਨ।

ਸਰਕਾਰੀ ਦਫਤਰਾਂ ਵਿਚ ਵੀ ਰਿਸ਼ਵਤ ਦਾ ਬੋਲ ਬਾਲਾ ਹੈ । ਕੋਈ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ। ਜੋ ਚਲਾਕ ਲੋਕ ਹਨ ਜਾਂ ਇਸ ਤਾਣੇ ਬਾਣੇ ਦੇ ਲੋਕ ਹਨ ਉਹ ਪੈਸਾ ਦੇ ਕੇ ਆਪਣਾ ਕੰਮ ਕਰਵਾ ਲੈਂਦੇ ਹਨ। ਗਰੀਬ ਅਤੇ ਸ਼ਰੀਫ ਲੋਕ ਸਾਲਾਂ ਬੱਦੀ ਦਫਤਰਾਂ ਵਿੱਚ ਖੱਜਲ ਖਰਾਬ ਹੁੰਦੇ ਰਹਿੰਦੇ ਹਨ ਉਨ੍ਹਾਂ ਨੂੰ ਨਿਯਮਾਂ ਦੇ ਡਰ ਦਿਖਾਏ ਜਾਂਦੇ ਹਨ ਜਦ ਕੇ ਰਿਸ਼ਵਤ ਚਾੜ੍ਹਨ ਵਾਲਿਆ ਲਈ ਕੋਈ ਨਿਯਮ ਨਹੀਂ ।

ਅੱਜ ਕੱਲ ਲੱਖਾਂ ਲੋਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋ ਕੇ ਭਰਿਸ਼ਟਾਚਾਰ ਖਿਲਾਫ ਅਵਾਜ਼ ਉਠਾ ਰਹੇ ਹਨ। ਇਹ ਤਾਂ ਸਾਰੇ ਮੰਨਦੇ ਹਨ ਕਿ ਭਰਿਸ਼ਟਾਚਾਰ ਇੱਕ ਸਮਾਜਿਕ ਬੁਰਾਈ ਹੈ ਅਤੇ ਇਹ ਖਤਮ ਹੋਣੀ ਚਾਹੀਦੀ ਹੈ। ਪਰ ਕੀ ਇਸ ਤਰਾਂ ਦੂਜਿਆਂ ਤੇ ਚਿੱਕੜ ਸੁੱਟ ਕੇ ਭਰਿਸ਼ਟਾਚਾਰ ਖਤਮ ਹੋ ਜਾਵੇਗਾ ? ਅੰਗ੍ਰੇਜੀ ਵਿੱਚ ਕਹਾਵਤ ਹੈ – ਚਹaਰਟੇ ਬeਗਨਿਸ ਡਰੋਮ ਹੋਮe ਭਾਵ ਦਾਨ ਆਪਣੇ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ । ਇਹ ਸਾਰੇ ਲੋਕ ਰਲ ਕੇ ਇਹ ਕਿਉਂ ਨਹੀਂ ਕਹਿੰਦੇ ਅਸੀਂ ਖੁਦ ਭਰਿਸ਼ਟਾਚਾਰ ਨਹੀਂ ਕਰਾਂਗੇ । ਜੇ ਸਾਰੇ ਲੋਕ ਹੀ ਭਰਿਸ਼ਟਾਚਾਰ ਨਾ ਕਰਨ ਦਾ ਫੈਸਲਾ ਕਰ ਲੈਣ ਤਾਂ ਦੇਸ਼ ਵਿੱਚੋਂ ਭਰਿਸ਼ਟਾਚਾਰ ਇਵੇਂ ਗਾਇਬ ਹੋ ਜਾਵੇਗਾ ਜਿਵੇਂ ਗਧੇ ਦੇ ਸਿਰ ਤੋ ਸਿੰਗ । ਅਸਲ ਗਲ ਤਾਂ ਇਹ ਹੈ ਕਿ ਜਿਆਦਾ ਰੌਲਾ ਪਾਉਣ ਵਾਲੇ ਖੁਦ ਹੀ ਆਪਣੇ ਨਿਸ਼ਾਨੇ ਪ੍ਰਤੀ ਇਮਾਨਦਾਰ ਨਹੀਂ ।

ਇਸ ਤੋ  ਇਲਾਵਾ ਸਾਡੀ ਫਿਲਮ ਲਾਈਨ ਵਿੱਚ ਵੀ ਕਈ ਅਰਬਾਂ ਰੁਪਏ ਲੱਗੇ ਹੋਏ ਹਨ। ਇਕ ਹੀਰੋ / ਹੀਰੋਇਨ ਇਕ ਇਕ ਫਿਲਮ ਵਿੱਚ ਕੰਮ ਕਰਨ ਦੇ ਕਰੋੜਾਂ ਰੁਪਏ ਲੈਂਦੇ ਹਨ । ਇਸ ਲਾਈਨ ਵਿਚ ਕਾਲਾ ਧੰਨ ਵੀ ਕਾਫੀ ਲੱਗਾ ਹੋਇਆ ਹੈ । ਵੱਡੇ ੨ ਡਾਨ ਤੇ ਮਾਫੀਏ ਦੇ ਬੰਦੇ ਇਸ ਵਿੱਚ ਸ਼ਾਮਲ ਹਨ । ਫਿਲਮ ਲਾਈਨ ਦੀ ਚਕਾ ਚੌਂਧ ਨੇ ਸਾਡੇ ਜੁਆਨਾਂ ਨੂੰ ਕਾਫੀ ਆਕਰਸ਼ਤ ਕੀਤਾ ਹੈ । ਜੁਆਨ ਬੱਚੇ ਸਾਰੇ ਕੰਮਾਂ ਕਾਜਾਂ ਤੋਂ ਮੂੰਹ ਮੋੜ ਕੇ ਇਸ ਲਾਈਨ ਵਲ ਖਿੱਚੇ ਚਲੇ ਆਉਂਦੇ ਹਨ। ਜੋ

ਕਾਮਯਾਬ ਨਹੀਂ ਹੁੰਦੇ ਉਹ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ । ਉਹ ਜਾਂ ਬਰਬਾਦ ਹੋ ਜਾਂਦੇ ਹਨ ਜਾਂ ਖੁਦਕਸ਼ੀ ਦੀ ਸ਼ਰਨ ਲੈਂਦੇ ਹਨ ।

ਅੱਜ ਕੱਲ ਝੂਠੇ ਫੈਸ਼ਨਾਂ ਅਤੇ ਅੰਗ ਪ੍ਰਦਰਸ਼ਨ ਨੇ ਵੀ ਲੋਕਾਂ ਨੂੰ ਬਹੁਤ ਭਰਮਾਇਆ ਹੈ ।ਜਿਹੜੀਆਂ ਲੜਕੀਆਂ ਸਿਰ ਤੇ ਚੁੰਨੀ ਲੈਣ ਤੋਂ ਬਿਨਾਂ ਕਦੀ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ ਉਹ ਅੱਜ ਮੀਡੀਆ ਅੱਗੇ ਅੱਧ ਨੰਗੇ ਫੋਟੋ ਖਿਚਵਾਣ ਵਿੱਚ ਫਖਰ ਸਮਝਦੀਆਂ ਹਨ। ਉਹ ਹੀ ਅੱਜ ਛੋਟੇ ਤੋਂ ਛੋਟੇ ਕੱਪੜੇ ਪਾ ਕੇ  ਆਮ ਮਹਿਫਿਲਾਂ ਵਿੱਚ ਠੁਮਕੇ ਮਾਰਦੀਆਂ ਨਜ਼ਰ ਆਉਂਦੀਆਂ ਹਨ। ਉਹ ਇੰਨਾਂ ਨੂੰ ਨੰਗੇਜਵਾਦ ਨਹੀਂ ਕਹਿੰਦੀਆਂ ਸਗੋਂ ਇਨਾਂ ਨੂੰ ਬੋਲਡ ਸੀਨ ਕਹਿ ਕੇ ਆਪਣੀ ਬਹਾਦਰੀ ਦਿਖਾਉਂਦੀਆਂ ਹਨ । ਔਰਤਾਂ ਦਾ ਅੰਗ ਪ੍ਰਦਰਸ਼ਨ ਤਾਂ ਅੱਜ ਕੱਲ ਫੈਸ਼ਨ ਬਣ ਕੇ ਰਹਿ ਗਿਆ ਹੈ । ਕੇਵਲ ਮਰਦਾਂ ਦੇ ਵਰਤਨ ਵਾਲੀਆਂ ਵਸਤੂਆਂ ਤੇ ਵੀ ਅੱਧ ਨੰਗੀਆਂ ਲੜਕੀਆਂ ਦੇ ਫੋਟੋ ਦਿਖਾਏ ਜਾਂਦੇ ਹਨ । ਕੀ ਇਹ ਹੀ ਹੈ ਸੀਤਾ ਅਤੇ ਸਵਿਤਰੀ ਦਾ ਦੇਸ਼ ? ਇੱਥੇ ਨਾਰੀ ਨੂੰ ਮੰਡੀ ਵਿੱਚ ਨੁਮਾਇਸ਼ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।ਕਿਸੇ ਸਾਇਰ ਨੇ ਔਰਤਾਂ ਲਈ ਇਹ ਬਹੁਤ ਸੋਹਣੇ ਸਬਦ ਆਖੇ ਹਨ।                                                                      

'ਤੁਮ ਉਸ ਦੇਸ਼ ਕੀ ਕੰਨਿਆ ਹੋ ਜਿਸ ਦੇਸ਼ ਮੇ ਜਨਮੀ ਥੀ ਸੀਤਾ ,
ਤੁਮ ਉਸ ਦੇਸ਼ ਕੀ ਕੰਨਿਆ ਹੋ ਜਿਸ ਦੇਸ਼ ਮੇ ਗੂੰਜ ਰਹੀ ਹੈ ਗੀਤਾ।"

ਅਸੀਂ ਮਰਿਆਦਾ ਪੁਰਸ਼ੋਤਮ ਰਾਮ ਦੇ ਦੇਸ਼ ਵਿੱਚ ਰਹਿ ਰਹੇ ਹਾਂ ਪਰ ਮਰਿਆਦਾ ਨੂੰ ਭੁਲਦੇ ਜਾ ਰਹੇ ਹਾਂ। ਰੋਜ ਦੀਆਂ ਅਖਬਾਰਾਂ ਪਰਿਵਾਰਕ ਰਿਸ਼ਤਿਆਂ ਨੂੰ ਕਲੰਕਤ ਕਰਨ ਦੀਆਂ ਖਬਰਾਂ ਨਾਲ ਭਰੀਆਂ ਹੁੰਦੀਆਂ ਹਨ। ਸਾਡੇ ਵੱਡੇ ਵਡੇਰੇ ਪਰਾਈ ਧੀ ਭੈਣ ਦੀ ਇੱਜਤ ਨੂੰ ਆਪਣੀ ਜਾਨ ਦੇ ਕੇ ਵੀ ਬਚਾਉਂਦੇ ਸਨ ਪਰ ਅੱਜ ਛੋਟੇ ਬੱਚੇ ਬੱਚੀਆਂ ਨੂੰ ਆਪਣੇ ਸੱਕੇ ਰਿਸ਼ਤੇਦਾਰਾਂ ਤੋਂ ਹੀ ਜਿਆਦਾ ਖਤਰਾ ਹੈ। ਆਪਣੇ ਘਰ ਵਿੱਚ ਹੀ ਬੱਚਿਆਂ ਦਾ ਆਪਣਿਆਂ ਤੋਂ ਸੋਸ਼ਨ ਹੁੰਦਾ ਹੈ, ਵਿਚਾਰੇ ਮਾਸੂਮ ਕਿਸੇ ਨੂੰ ਫਰਿਆਦ ਵੀ ਨਹੀ ਕਰ ਸਕਦੇ । ਜੁਲਮ ਸਹਿਣਾ ਉਨ੍ਹਾਂ ਦੀ ਹੋਣੀ ਬਣ ਗਿਆ ਹੈ। ਸੱਕੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੀਆਂ ਦਿਲ ਕੰਬਾਊ ਖਬਰਾਂ ਵੀ ਮਿਲਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।ਕਿਥੇ ਹੈ ਸਾਡੀ ਮਰਿਯਾਦਾ ? ਅਸੀਂ ਕਿੱਧਰ ਜਾ ਰਹੇ ਜਾਂ? ਪਸੂ ਬਿਰਤੀ ਸਾਡੇ ਅੰਦਰ ਘਰ ਕਰਦੀ ਜਾ ਰਹੀ ਹੈ। ਕੀ ਬਣੇਗਾ ਸਾਡੇ ਸਮਾਜ ਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ?

ਅੱਜ ਗਰੀਬਾਂ ਅਤੇ ਦਲਿਤਾਂ ਨੂੰ ਰਿਜਰਵੇਸ਼ਨ ਦੀ ਮਿੱਠੀ ਗੋਲੀ ਦੇ ਕੇ ਨਸ਼ਿਆਇਆ ਜਾ ਰਿਹਾ ਹੈ ਤਾਂ ਕਿ ਨਸ਼ੇ ਵਿੱਚ ਉਹ ਕਦੀ ਜਾਤੀ ਵਾਦ ਵਿੱਚੋਂ ਨਿਕਲ ਹੀ ਨਾ ਸਕਣ ਸਗੋਂ ਦਲਿਤ ਹੋਣ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣ ।ਉਹ ਕਦੀ ਆਪਣੇ ਪੈਰਾਂ ਤੇ ਆਪ ਖੜ੍ਹੇ ਨਾ ਹੋ ਸਕਣ । ਜਰਾ ਸੋਚੋ ਕੀ ਪੌਹੜੀਆਂ ਦੇ ਸਹਾਰੇ ਤੇ ਤੁਰਦਾ ਮਨੁੱਖ ਸੋਹਣਾ ਲੱਗਦਾ ਹੈ? ਹਰ ਜਗਂ੍ਹਾ ਮਨੁੱਖ ਦੀ ਜਾਤੀ ਪੁੱਛੀ ਜਾਂਦੀ ਹੈ । ਜੇ ਰੱਬ ਨੇ ਸਾਰੇ ਮਨੁੱਖ ਬਰਾਬਰ ਬਣਾਏ ਹਨ ਤਾਂ ਕਿਸੇ ਦੀ ਜਾਤੀ ਪੁੱਛਣਾ ਕਿੱਥੋ ਤੱਕ ਜਾਇਜ ਹੈ? "ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ॥" ਦਾ ਸਿਧਾਂਤ ਕਿਉਂ ਨਹੀਂ ਵਰਤਿਆ ਜਾਂਦਾ ? ਕੀ ਨੌਕਰੀ ਵਾਲੇ ਅਤੇ ਦੂਜੇ ਫਾਰਮਾਂ ਵਿੱਚੋਂ ਜਾਤੀ ਦਾ ਕਾਲਮ ਖਤਮ ਨਹੀਂ ਕੀਤਾ ਜਾਣਾ ਚਾਹੀਦਾ? ਇਹ ਮਨੁੱਖ  ਨੂੰ ਮਨੁੱਖ ਨਾਲ ਲੜਾਉਣ ਦੀ ਸਾਡੇ ਲੀਡਰਾਂ ਦੀ ਸੋਚੀ ਸਮਝੀ ਇਕ ਕੋਝ੍ਹੀ ਸਾਜਸ਼ ਹੈ। ਸਾਨੂੰ ਸਾਰਿਆਂ ਨੂੰ ਰਲ ਕੇ ਇਸ ਬਾਰੇ ਨਿਰਪੱਖ ਹੋ ਕੇ ਸੋਚਣ ਦੀ ਲੋੜ ਹੈ।

ਭਾਰਤ ਵਿਚ ਲੱਖਾਂ ਲੋਕਾਂ ਕੋਲ ਆਪਣਾ ਘਰ ਨਹੀਂ । ਉਹ ਰੇਲ ਦੇ ਪੁੱਲਾਂ ਥੱਲੇ ਅਤੇ ਫੁਟਪਾਥਾਂ ਤੇ ਸੌਂ ਕੇ ਜਿੰਦਗੀ ਬਸਰ ਕਰਦੇ ਹਨ। ਉੱੱਥੇ ਹੀ ਬੱਚੇ ਪੈਦਾ ਕਦੇ ਹਨ ਅਤੇ ਟੱਬਰ ਪਾਲਦੇ ਹਨ । ਇਨਾਂ ਨੂੰ ਕਈ ਵਾਰੀ ਸੁੱਤਿਆਂ ੨ ਨੂੰ ਹੀ ਗੱਡੀਆਂ ਕੁਚਲ ਕੇ ਮਾਰ ਸੁੱਟਦੀਆਂ ਹਨ ।ਇਨ੍ਹਾਂ ਲੋਕਾਂ ਨੂੰ ਕਾਲੇ ਧੰਨ ਦਾ ਕੁਝ ਪਤਾ ਨਹੀਂ । ਲੋਕ ਪਾਲ ਬਿਲ ਦੀ ਵੀ ਲੋੜ ਨਹੀਂ । ਰਿਜਰਵੇਸ਼ਨ ਬਾਰੇ ਵੀ ਕੁਝ ਪਤਾ ਨਹੀਂ । ਨਾਂ ਹੀ ਇਨਾਂ ਨੂੰ ੨ ਜੀ ਘੁਟਾਲੇ ਦਾ ਜਾਂ ਕੋਲਾ ਘੁਟਾਲੇ ਦਾ ਕੁਝ ਪਤਾ ਹੈ । ਇਨ੍ਹਾਂ ਨੂੰ ਤੇ ਕੇਵਲ ਤਨ ਢੱਕਣ ਲਈ ਥੋਹੜਾ ਜਿਹਾ ਕੱਪੜਾ, ਦੋ ਵੇਲੇ ਦੀ ਰੋਟੀ ਅਤੇ ਸਿਰ ਢੱਕਣ ਲਈ ਛੱਤ ਦੀ ਲੋੜ ਹੈ।  ਇਨਾਂ ਦੀ ਗਿਣਤੀ ਦੇ ਕੋਈ ਸਰਕਾਰੀ ਅੰਕੜੇ ਨਹੀਂ ਇਕੱਠੇ ਕੀਤੇ ਜਾਂਦੇ ਕਿਉਂਕਿ ਇਹ ਤਾਂ ਸਰਕਾਰ ਲਈ ਧਰਤੀ ਤੇ ਰੇਂਗਦੇ ਹੋਏ ਕੀੜੇ ਮਕੌੜੇ ਹਨ । ਇਨ੍ਹਾਂ ਦਾ ਖਤਮ ਹੋ ਜਾਣਾ ਹੀ ਠੀਕ ਹੈ। ਇਹ ਸਾਡੇ ਭਾਰਤ ਮਹਾਨ ਦੀ ਤਰੱਕੀ ਦੀ ਸ਼ਾਨ ਤੇ ਧੱਬਾ ਹਨ।

ਭਾਰਤ ਦੀ ਜੁਆਨੀ ਨਸ਼ਿਆਂ ਦੇ ਰਾਹ ਤੇ ਤੁਰ ਪਈ ਹੈ । ਨਸ਼ੇ ਕਰਨ ਵਾਲਾ ਬੰਦਾ ਅੰਦਰੋਂ ਖੋਖਲਾ ਹੋ ਜਾਂਦਾ ਹੈ । ਇਕ ਦਿਨ ਘੁਣ ਖਾਦੇ ਪੇੜ ਦੀ ਤਰਾਂ ਢਹਿ ਪੈਂਦਾ ਹੈ । ਉਹ ਸਮਾਜ ਲਈ ਅਤੇ ਆਪਣੇ ਪਰਿਵਾਰ ਲਈ ਕੋਈ ਉਸਾਰੂ ਕੰਮ ਨਹੀਂ ਕਰ ਸਕਦਾ । ਭਾਈਚਾਰੇ ਵਿਚ ਵੀ ਉਸਦੀ ਕੋਈ ਇੱਜਤ ਨਹੀਂ ਰਹਿੰਦੀ ।ਸਮੁੰਦਰ ਨੇ ਉਤਨੇ ਬੰਦੇ ਨਹੀਂ ਡੋਬੇ ਹੋਣਗੇ ਜਿਤਨੇ ਬੰਦੇ ਸ਼ਰਾਬ ਨੇ ਡੋਬੇ ਹਨ । ਸਾਡੀ ੮੦% ਅਬਾਦੀ ਨੂੰ ਰੋਟੀ ਦੇ ਵੀ ਲਾਲੇ ਪਏ ਹੋਏ ਹਨ ਫਿਰ ਵੀ ਅਰਬਾਂ ਰੁਪਏ ਨਸ਼ਿਆਂ ਤੇ ਰੋਹੜੇ ਜਾ ਰਹੇ ਹਨ ।

ਸ਼ਾਡੇ ਦੇਸ਼ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੇਵਲ ਚਰਿਤਰ ਦੀ ਕਮੀ ਹੈ ।ਜੇ ਇਹ ਹੀ ਪੈਸਾ ਦੇਸ਼ ਦੇ ਵਿਕਾਸ ਤੇ ਲਾਇਆ ਜਾਵੇ, ਸਕੂਲ ਅਤੇ ਹਸਪਤਾਲ ਖੌਲ੍ਹੇ ਜਾਣ ਅਤੇ ਦੇਸ਼ ਦਾ ਸਨਅਤੀ ਕਰਨ ਕੀਤਾ ਜਾਵੇ ਤਾਂ ਲੱਖਾਂ ਲੋਕਾਂ ਨੂੰ ਹੀ ਰੁਜਗਾਰ ਮਿਲ ਸਕਦਾ ਹੈ ਅਤੇ ਉਨ੍ਹਾਂ ਦੀ ਗਰੀਬੀ ਦੂਰ ਹੋ ਸਕਦੀ ਹੈ । ਉਹ ਲੋਕ ਵੀ ਸਮਾਜ ਦਾ ਨਰੋਇਆ ਅੰਗ ਬਣ ਕੇ ਦੇਸ਼ ਦੀ ਉਨਤੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਅਤੇ ਸਾਡਾ ਭਾਰਤ ਅਸਲ ਵਿੱਚ ਮਹਾਨ ਬਣ ਸਕਦਾ ਹੈ ਅਤੇ ਸਾਰੇ ਲੋਕ ਅਜਾਦੀ ਦਾ ਅਸਲੀ ਨਿਘ ਮਾਣ ਸਕਦੇ ਹਨ ।