ਜਨੇਊ ਦਾ ਸਫਰ (ਲੇਖ )

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਸਮਾਂ ਰਿਵਾਜ ਮਰਿਆਦਾ ਸਮੇਂ ਦੀ ਦੇਣ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਬਦਲਦੇ ਰਹਿੰਦੇ ਹਨ ਪਰ ਜਦ  ਕਿਸੇ ਰਸਮ ਜਾਂ ਮਰਿਆਦਾ ਨੂੰ ਧਰਮ ਆਪਣੀ ਆਗੋਸ਼ ਵਿਚ  ਲੈ ਲੈਂਦਾ ਹੈ ਤਾਂ ਸਦੀਆਂ  ਬੀਤਣ ਤੇ ਵੀ ਉਸ ਦੀ ਪਕੜ ਕਮਜ਼ੋਰ  ਨਹੀਂ ਹੁੰਦੀ। ਭਾਰਤੀ ਸੰਸਕ੍ਰਿਤੀ  ਵਿਚ ਜਨੇਊ ਦਾ ਪਹਿਨਣਾ ਇਕ ਧਾਰਮਕ ਰਸਮ ਦੇ ਨਾਲ ਨਾਲ  ਇਕ ਸਮਾਜਕ ਕਾਨੂੰਨ ਵੀ ਸੀ। ਜ਼ਾਤੀ ਵੰਡ ਵਿਚ ਵੰਡੇ ਹੋਏ ਸਮਾਜ ਵਿਚ ਸਦੀਆਂ ਤੋਂ ਜਨੇਊ ਦੀ ਰਸਮ ਨੂੰ ਬੜੀ ਸੰਜੀਦਗੀ ਨਾਲ ਲਾਗੂ ਕੀਤਾ ਜਾਂਦਾ ਸੀ। ਚਾਰ ਜ਼ਾਤੀਆਂ ਵਿਚ ਵੰਡੇ ਹੋਏ ਸਮਾਜ ਵਿਚ ਸਿਰਫ ਤਿਨ ਜ਼ਾਤੀਆਂ (ਬ੍ਰਾਹਮਣ, ਖਤਰੀ ਅਤੇ ਵੈਸ਼)  ਨੂੰ ਹੀ ਜਨੇਊ ਪਹਿਨਣ ਦੀ ਇਜਾਜ਼ਤ ਸੀ। ਚੌਥੀ ਨੂੰ ਨੀਚ ਜ਼ਾਤ ਕਿਹਾ ਜਾਂਦਾ ਜੋ ਉਪਰਲੀਆਂ ਤਿਨ ਜ਼ਾਤੀਆਂ ਦੀ ਸੇਵਾਦਾਰ ਸੀ ਅਤੇ ਸੇਵਾ ਦੇ ਬਦਲੇ ਵਿਚ ਉਸ ਜ਼ਾਤੀ ਨੂੰ ਘ੍ਰਿਣਾ ਤੋਂ ਬਗੈਰ ਕੁਝ ਨਹੀਂ ਸੀ ਮਿਲਦਾ। ਕਹਾਣ ਹੈ ਕਿ ਮੂਰਖ, ਮੂੰਹ ਵਿਚ ਖਾਣਾ ਪਾਉਣ ਵਾਲੇ ਹੱਥ ਤੇ ਹੀ ਦੰਦੀ ਵੱਢ ਦਿੰਦਾ ਹੈ।ਇਹੋ ਹਾਲ ਉਸ ਵੇਲੇ ਸਮਾਜ ਦਾ ਸੀ।
ਮਨੂੰ ਸਿਮਰਤੀ ਵਿਚ  ਜਿਸ ਜਨੇਊ  ਦਾ ਜ਼ਿਕਰ ਹੈ ਉਹ ਸਿਰਫ ਬ੍ਰਾਹਮਣ ਵਲੋਂ ਪਹਿਨਾਏ ਜਾਂਦੇ ਜਨੇਊ ਦਾ ਹੀ ਹੈ ਜਦ ਕਿ ਜਨੇਊ ਤਾਂ ਪੱਥਰ ਯੁਗ ਵਿਚ ਹੀ ਪੁਰਾਤਨ ਮਨੁੱਖ ਦੇ ਜੀਵਨ ਦਾ ਇਕ ਹਿੱਸਾ ਬਣ ਚੁਕਾ ਸੀ।ਬ੍ਰਾਹਮਣ ਨੇ ਤਾਂ ਵਰਣ-ਵੰਡ ਨੂੰ ਪਕੇਰਿਆਂ ਕਰਨ ਲਈ ਹੀ ਉਸ ਪ੍ਰਚੱਲਤ ਰੀਤ ਨੂੰ ਆਪਣੇ ਹਕ ਵਿਚ ਭੁਗਤਾਇਆ। ਜਨੇਊ ਬਾਰੇ ਜੋ ਵਿਚਾਰ ਪਾਠਕਾਂ ਨਾਲ ਸਾਂਝੇ ਕਰਨ ਜਾ  ਰਿਹਾ ਹਾਂ ਉਹ ਕਿਸੇ ਪੁਰਾਤਨ ਗਰੰਥ ਵਿਚ ਨਹੀਂ ਮਿਲਣਗੇ ਉਹ ਤਾਂ ਉਚ ਕੋਟੀ ਦੇ ਵਿਦਵਾਨਾਂ ਦੀ ਸੰਗਤ ਅਤੇ ਮੇਰੇ ਨਿੱਜੀ ਅੱਨਭੱਵ ਤੇ ਨਿਰਧਾਰਤ ਹਨ।
1953 ਤੋਂ 1963 ਤਕ ਯੂਪੀ  ਦੀ ਰਹਾਇਸ਼ ਦੌਰਾਨ ਮੇਨੂੰ  ਇਸਲਾਮ ਅਤੇ ਹਿੰਦੂ ਧਰਮ  ਦੇ ਬਹੁਤ ਸਾਰੇ ਉਚ ਕੋਟੀ  ਦੇ ਵਿਦਵਾਨਾਂ ਨਾਲ ਵਿਚਾਰ  ਵਟਾਂਦਰਾ ਕਰਨ ਦਾ ਅੱਵਸਰ ਨਸੀਬ ਹੋਇਆ , ਪੰਡਤ ਬਲਦੇਵ ਸ਼ਰਮਾਂ ਉਹਨਾਂ ਵਿਚੋਂ ਇਕ ਸਨ , ਮਝੋਲੇ ਦੇ ਲਾਗੇ ਗ੍ਰੈਜੂਏਟ ਫਾਰਮ ਦੇ ਮਾਲਕ ਸਨ ਇਕ ਚੰਗਾ ਕਾਸ਼ਤਕਾਰ ਹੋਣ ਦੇ ਨਾਲ ਨਾਲ ਉਸਨੂੰ ਮਿਥਹਾਸ ਅਤੇ ਇਤਹਾਸ ਦੀ ਬੇਹੱਦ ਸੂਝ ਸੀ। ਪੀਲੀਭੀਤ ਵਿਚ ਸਾਡਾ ਆਪਸੀ ਮੇਲ ਹੋ ਜਾਂਦਾ ਤਾਂ ਰਸਮਾਂ ਰਿਵਾਜਾਂ ਤੇ ਬੜਾ ਖੁੱਲ ਕੇ ਵਿਚਾਰ ਵਟਾਂਦਰਾ ਹੁੰਦਾ। ਕੋਈ 1955 ਦੀ ਗੱਲ ਹੈ ਕਿ ਇਕ ਦਿਨ ਬਲਦੇਵ ਸ਼ਰਮਾਂ ਆਖਣ ਲੱਗਾ “ ਘੱਗ ਸਾਹਿਬ ਕੁਝ ਵੇਹਲ ਕਢੋਂ ਤਾਂ ਲਖਨਊ ਵਿਚ ਹੋਣ ਵਾਲਾ ਜਨੇਊ ਮੁਕਾਬਲਾ ਹੀ ਦੇਖ ਆਈਏ” ਮੈਂ ਹੈਰਾਨੀ ਨਾਲ ਪੁਛਿਆ ਜਨੇਊ ਮੁਕਾਬਲਾ! ਤਾਂ ਹਸ ਪਏ, “ਘੱਗ ਸਾਹਿਬ ਹੈਰਾਨ ਨਾ ਹੋਵੋ ਜਨੇਊ ਇਕ ਸ਼ਸਤਰ ਹੀ ਤਾਂ ਸੀ ਜਿਸ ਨੂੰ ਅਸੀਂ ਸ਼ਾਤਰ ਬ੍ਰਾਹਮਣਾ ਨੇ ਵਰਣ-ਵੰਡ ਨੂੰ ਮਜ਼ਬੂਤ ਕਰਨ ਲਈ ਪਵਿਤ੍ਰ ਰਸਮਾਂ ਦਾ ਇਕ ਹਿਸਾ ਬਣਾ ਲਿਆ।“
ਮੈਂ ਸਮਝਿਆ ਨਹੀਂ।ਤਾਂ  ਬਲਦੇਵ ਨੇ ਵਿਸਥਾਰ ਵਿਚ ਜਾਂਦਿਆਂ  ਕਿਹਾ
“ ਸਵੈ ਰਖਿਆ ਲਈ ਪੁਰਾਤਨ ਮਨੁਖ ਨੇ ਪਹਿਲਾਂ ਪਥੱਰ ਫੇਰ ਡੰਡੇ ਦੀ ਵਰਤੋਂ ਕੀਤੀ ਜਿਸ ਨੂੰ ਅੱਜ ਆਪਾਂ ਲੱਠ ਜਾਂ ਲਾਠੀ ਕਹਿੰਦੇ ਹਾਂ।ਸਮੇਂ ਨਾਲ ਮਨੁਖ ਨੂੰ ਘਾ ਫੂਸ ਨਾਲ ਇਕ ਲੜੀ ਬਣਾਉਣੀ ਆ ਗਈ ਜਿਸ ਨੂੰ ਅਸੀਂ ਬੇੜ ਦਾ ਨਾ ਦਿੰਦੇ ਹਾਂ ਜੋ ਕਣਕ ਦੀਆਂ ਭਰੀਆਂ ਬੱਨਣ ਲਈ ਵਰਤੀ ਜਾਂਦੀ ਹੈ। ਮਨੁੱਖ ਨੂੰ ਰੁਕਣ ਦੀ ਆਦਤ ਹੈ ਨਹੀਂ , ਜੋ ਵੀ ਉਸਨੇ ਬਣਾਇਆ ਉਸ ਵਿਚ ਸੁਧਾਰ ਕਰਦਾ ਚਲਾ ਗਿਆ। ਇਕ ਲੱੜੀ ਦੀ ਬੇੜ ਵਿਚ ਉਦੋਂ ਹੋਰ ਸੁਧਾਰ ਆ ਗਿਆ ਜਦ ਪੌਦਿਆਂ ਵਿਚੋਂ ਰੇਸ਼ੇ ਕੱਢ ਕੇ ਮਨੁੱਖ ਨੂੰ ਦੋ ਲੜੀ ਦੀ ਰੱਸੀ ਬਣਾਉਣੀ ਆ ਗਈ । ਰੱਸੀ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਵਿਚ ਇਕ ਲੜੀ ਹੋਰ ਜੋੜ ਕੇ ਉਸਨੂੰ ਤਿੱਲੜੀ ਦਾ ਨਾਂ ਦਿਤਾ। ਤਿਨ ਲੜੀਆਂ ਨੂੰ ਇਕ ਥ੍ਹਾਂ ਮੇਲਣ ਨਾਲ ਰੱਸੀ ਬਹੁਤ ਮਜ਼ਬੂਤ ਹੋ ਜਾਂਦੀ ਹੈ । (ਅਜ ਮਸ਼ੀਨਾ ਨਾਲ ਬਣਾਏ ਰੱਸਿਆਂ ਵਿਚ ਮਜਬੂਤੀ ਨੂੰ ਮੁਖ ਰਖ ਕੇ ਛੇ -ਸਤ ਜਾਂ ਇਸ ਤੋਂ ਵੀ ਵੱਧ ਲੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ।)
 ਮਨੁਖ ਨੇ ਸ਼ੁਰੂ ਸ਼ੁਰੂ ਵਿਚ ਪੱਥਰ ਨੂੰ ਹਥਿਆਰ ਵਜੋਂ ਵਰਤਿਆ। ਪਰ ਹਥੋਂ ਗਿਆ ਪੱਥਰ ਦੁਬਾਰਾ ਤਾਂ ਨਹੀਂ ਸੀ ਵਰਤਿਆ ਜਾ ਸਕਦਾ  ਅਤੇ ਨਾ ਹੀ ਪੱਥਰ ਹਰ ਥ੍ਹਾਂ ਉਪਲਬੱਧ ਸੀ। ਸੋਚਦਿਆਂ ਸੋਚਦਿਆਂ ਪੁਰਾਤਨ ਮਨੁੱਖ ਨੇ ਉਸ ਤਿਲੜੀ ਰੱਸੀ ਨਾਲ ਪੱਥਰ ਜਾਂ ਕੋਈ ਹੋਰ  ਭਾਰੀ ਵਸਤੂ ਬੰਨ੍ਹ ਕੇ ਹਥਿਆਰ ਵਜੋਂ  ਗੱਲ ਵਿਚ ਪਾ ਲਈ,  ਲੋੜ ਪੇਣ ਤੇ ਉਹ ਸਵੈ ਰੱਖਿਆ ਲਈ ਜਦ ਉਸਨੂ ਘੁੰਮਾਉਣ ਲਗ ਜਾਂਦਾ ਤਾਂ ਇਕ ਗੂੰਜ ਜਿਹੀ ਪੈਂਦੀ ਤਾਂ ਉਸ ਦੇ ਇਰਦ ਗਿਰਦ ਇਕ ਕਿਲ੍ਹਾ ਉਸੱਰ ਜਾਂਦਾ ਖੂੰਖਾਰ ਜਾਨਵਰ ਵੀ ਉਸ ਦੇ ਲਾਗੇ ਨਾ ਆਉਂਦੇ। ਰੱਸੀ ਨਾਲ ਬਣਾਇਆ ਇਹ ਹਥਿਆਰ ਡੰਡੇ ਨਾਲੋਂ ਕਿਤੇ ਜ਼ਿਆਦਾ ਕਾਰਗਰ ਹੋ ਨਿਬੜਿਆ। ਹਥਿਆਰ ਵੀ ਕੋਲ ਅਤੇ ਹੱਥ ਵੀ ਖਾਲੀ ਦੇ ਖਾਲੀ। ਅਜ ਵੀ ਕਈ ਜਨੇਊ ਨਾਲ ਕੁੰਜੀ ਜਾਂ ਕੁਝ ਹੋਰ ਬੰਨ ਲੈਂਦੇ ਹਨ। “
ਮੈਂ ਮੰਨਦਾਂ ਕਿ ਪੁਰਾਤਨ ਮਨੁਖ ਨੇ ਰੱਸੀ ਨੂੰ  ਇਕ ਹਥਿਆਰ ਵਜੋਂ ਵਰਤਿਆ ਅਮਰੀਕਾ ਦਾ ਕੌ ਬੁਆਏ ਵੀ ਘੋੜੇ ਦੀ ਕਾਠੀ ਨਾਲ  ਮਜ਼ਬੂਤ ਰਸਾ ਬੰਨ ਕੇ ਰਖਦਾ ਹੈ ਪਰ ਇਸ ਗੱਲ ਦਾ ਜਨੇਊ ਨਾਲ  ਕੀ ਸਭੰਦ ਹੋਇਆ? ਮੈਂ ਹੋਰ ਜਾਨਣਾ  ਚਾਹਿਆ
“ਘੱਗ ਸਾਹਿਬ! ਸ਼ਾਤਰ ਬ੍ਰਾਹਮਣ ਨੇ ਉਸ ਹਥਿਆਰ ਵਾਂਗ ਪਹਿਨੀ  ਰੱਸੀ ਨੂੰ ਧਾਰਮਕ ਮਰਿਆਦਾ ਵਿਚ ਬਦਲਣ ਲਈ ਲੋਕਾਈ ਦਾ ਦੇਵੀ ਦੇਵਤਿਆਂ ਲਈ ਸ਼੍ਰਧਾ ਭਾਵਨਾਂ ਦਾ ਆਸਰਾ ਲਿਆ। ਇਸਦੀਆਂ ਤਿਨਾ ਲੜੀਆਂ ਨੂੰ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਨਾਂ ਨਾਲ ਜੋੜਿਆ। ਜਿਸ ਇਲਾਕੇ ਵਿਚ ਦੇਵੀ ਪੂਜਾ ਸੀ ਉਥੇ ਰੱਸੀ  ਦੀਆ ਤਿਨਾਂ ਲੜੀਆਂ ਨੂੰ ਲੱਛਮੀ, ਸਰਸਵਤੀ ਅਤੇ ਕਾਲੀ ਦੇਵੀ ਨਾਲ ਤੁਲਨਾ ਕੀਤੀ। ਲੋਕਾਈ ਦੀ ਦੇਵੀ ਦੇਵਤਿਆਂ ਲਈ ਸ਼ਰਧਾ ਭਾਵਨਾ ਬ੍ਰਾਹਮਣ ਲਈ ਜਨੇਊ ਨੂੰ ਧਾਰਮਕ ਰਸਮ ਬਣਾਉਣ ਲਈ ਵਰਦਾਨ ਸਾਬਤ ਹੋਈ। ਬਗੈਰ ਕਿਸੇ ਹੀਲ ਹੁਜੱਤ ਦੇ ਹਰ ਕੋਈ ਆਪਣੇ ਗੱਲ ਵਿਚ ਜਨੇਊ ਪਹਿਨਣ ਲੱਗਾ। ਉਸ ਹਥਿਆਰ ਵਾਂਗ ਵਰਤੀ ਜਾਂਦੀ ਰੱਸੀ ਨੂੰ ਬ੍ਰਾਹਮਣ ਨੇ ਸ਼ਰਧਾ  ਦੀ ਪੁਠ ਦੇ ਕੇ ਜਨੇਊ ਦੇ ਰੂਪ ਵਿਚ ਜ਼ਾਤੀ ਪਹਿਚਾਣ ਚਿੰਨ ਬਣਾ ਦਿਤਾ। “
ਜ਼ਾਤੀ ਚਿੰਨ?
“ ਹਾਂ, ਜ਼ਾਤੀ ਚਿੰਨ । ਬ੍ਰਾਹਮਣ ਲਈ ਜਨੇਊ ਪੱਸ਼ਮ ਦਾ ਬਣਦਾ, ਕਸ਼ਤਰੀ ਲਈ ਸੂਤ ਦਾ ਅਤੇ ਵੈਸ਼ ਲਈ ਜਨੇਊ ਸਣ ਦਾ ਬਣਾਇਆ ਜਾਂਣ ਲਗਾ। ਸ਼ੁਦਰ ਨੂੰ ਜਨੇਊ ਪਹਿਨਣ ਦੀ ਇਜਾਜ਼ਤ ਹੀ ਨਹੀਂ ਸੀ।ਬੰਦੇ ਦੇ ਜਨੇਊ ਤੋਂ ਹੀ ਉਸ ਦੀ ਜ਼ਾਤ ਦਾ ਪਤਾ ਲੱਗ ਜਾਂਦਾ ਸੀ।ਆਪਣੇ ਆਪ ਨੂੰ ਸ਼ੂਦਰ ਤੋਂ ਵਖਰਾ ਕਰਨ ਲਈ ਉਚ ਜ਼ਾਤੀ ਦੇ ਲੋਕ ਜਨੇਊ ਪਹਿਨਣ ਵਿਚ ਫਖਰ ਮਹਿਸੂਸ ਕਰਨ ਲੱਗੇ।“
 ਫੇਰ ਤਾਂ ,ਪੱਸ਼ਮ, ਸੂਤ ਜਾਂ ਸਣ ਦਾ ਜਨੇਊ ,  ਆਪਣੀ ਜ਼ਾਤ ਮੁਤਾਬਕ ਹਰ ਕੋਈ ਆਪ ਬਣਾ ਕੇ ਹੀ ਪਹਿਨ ਲੈਂਦਾ ਹੋਵੇਗਾ।
“ਨਹੀਂ ! ਘੱਗ  ਸਾਹਿਬ ਤੁਸੀਂ ਤਾਂ ਭੋਲੀਆਂ ਗੱਲਾਂ ਕਰਦੇ ਹੋ।  ਧਾਰਮਕ  ਸ਼ਰਧਾ ਕਾਰਨ ਗੂੰਗਾ ਹੋਇਆ ਪੁਰਸ਼ ਧਰਮ ਦੇ ਨਾ ਤੇ ਲੁਟਿਆ ਜਾਂਦਾ  ਹੈ, ਧਰਮ ਦੇ ਨਾ ਤੇ ਹੋ ਰਹੇ ਕੁਕੱਰਮਾਂ ਨੂੰ ਅਣਡਿਠ ਕਰਨਾ ਉਸ ਦੀ ਆਦਤ ਬਣ ਜਾਂਦੀ ਹੈ । ਇਸੇ ਕਾਰਨ ਯੁਗਾਂ ਯੁਗਾਂਤਰਾਂ ਤੋਂ ਹਰ ਧਰਮ ਦੇ ਸ਼ਾਤਰ ਆਗੂ ਆਪਣੇ ਪੈਰੋਕਾਰਾਂ ਨੂੰ ਗੁਮਰਾਹ ਕਰਦੇ ਆਏ ਹਨ। ਬ੍ਰਾਹਮਣ ਨੇ ਵੀ ਇਹੋ ਕੁਝ ਕੀਤਾ।ਉਸ ਚਲਦੀ ਰਸਮ ਨੂੰ ਸ਼ਾਤਰ ਬ੍ਰਾਹਮਣ ਨੇ ਨਵਾਂ ਰੂਪ ਹੀ ਨਹੀਂ ਦਿਤਾ ਬਲਕਿ ਉਸ ਨੂੰ ਆਪਣੀ ਮਲਕੀਅਤ ਵੀ ਬਣਾ ਲਿਆ। ਜਨੇਊ ਬਣਤਰ ਵਿਚ ਜੋ ਤਾਗ੍ਹਾ ਵਰਤਿਆ ਉਹ ਬ੍ਰਾਹਮਣ ਦੀ ਕੁਆਰੀ ਕੰਨਿਆਂ ਦੇ ਹਥਾਂ ਨਾਲ ਕੱਤਿਆ ਹੋਣਾ ਚਾਹੀਦਾ ਸੀ।  ਪੂਜਾ ਪਾਠ ਤੇ ਬ੍ਰਾਹਮਣੀ ਅਧਿਕਾਰ ਕਾਰਨ ਜਨੇਊ  ਨੂੰ ਬਣਾਉਣ ਸਮੇਂ ਗਾਇਤਰੀ ਦਾ ਪਾਠ ਸਿਰਫ ਬ੍ਰਾਹਮਣ ਹੀ ਕਰ ਸਕਦਾ ਸੀ , ਦੁਸਰੇ ਸ਼ਬਦਾਂ ਵਿਚ ਬ੍ਰਾਹਮਣ ਨੇ ਜਨੇਊ ਆਪਣੇ ਨਾਮ ਪੈਟੰਟ ਕਰਾ ਲਿਆ। “
 ਜਨੇਊ ਦੀ ਰਸਮ ਪੰਜ ਸਾਲ ਬਾਅਦ ਕਿਊਂ?
“ ਪੁਰਾਤਨ ਸਮੇਂ ਵਿਚ ਡਾਕਟਰੀ ਸੁਭਿਧਾ ਘੱਟ ਹੋਣ ਕਾਰਨ ਕਈ ਦਫਾ ਤਾਂ ਜ਼ਚਾ ਬਚਾ ਦੋਵੇਂ ਹੀ ਜਨੱਨ ਪੀੜਾ ਨਾ ਸਹਾਰਦੇ ਹੋਏ ਮਰ ਜਾਂਦੇ ਸਨ। ਸੁਖ ਸਵੀਲੀ ਨਾਲ ਪੈਦਾ ਹੋਏ ਬਚੇ ਦੇ ਲਈ ਪਹਿਲੇ ਪੰਜ ਸਾਲ ਅਜ ਵੀ ਬਹੁਤ ਨਾਜ਼ਕ ਹੁੰਦੇ ਹਨ। ਮੈਂ ਫਲਾਂ ਦੀ ਕਾਸ਼ਤ ਕਰਦਾ ਹਾਂ ਨਵੇਂ ਬਾਗ ਵਿਚ ਵੀ ਜਿਨੇ ਬੂਟੇ ਪਹਿਲੇ ਪੰਜਾਂ ਸਾਲਾਂ ਵਿਚ ਮਰਦੇ ਹਨ ਉਨੇ ਬਾਗ ਦੀ ਬਾਕੀ ਉਮਰ ਵਿਚ ਨਹੀਂ ਮਰਦੇ। ਪੰਜ ਸਾਲ ਪੂਰੇ ਹੋਣ ਤੇ ਬਚੇ ਦਾ ਦੂਸਰਾ ਜਨਮ ਗਿਣਿਆਂ ਜਾਂਦਾ ਹੈ ਹਰ ਸਮਾਜ ਦੂਸਰੇ ਜਨਮ ਦੀ ਖੁਸ਼ੀ ਨੂੰ ਭਾਈ ਚਾਰੇ ਨੂੰ ਇਕਠਿਆਂ ਕਰ ਕੇ ਮਨਾਉਂਦਾ ਆਇਆ ਹੈ। ਪੁਰਾਤਨ ਸਮਾਜ ਵਿਚ ਜਨੇਊ ,ਅਜ ਦੇ ਸਿਖ ਪ੍ਰਿਵਾਰਾਂ ਵਿਚ ਅਮ੍ਰਿਤ ਪਾਨ ਕਰਾਉਣਾ ਜਾਂ ਪੱਗ ਬੰਨਣੀ ਵਗੈਰਾ ਮੁਸਲਮਾਨਾਂ ਵਿਚ ਸੁੰਨਤ ਦੀ ਰਸਮ ਅਤੇ ਕ੍ਰਿਸ਼ਚੀਅਨ ਨੇ ਬੌਰਨ ਅਗੇਨ ਦਾ ਨਾਂ ਦਿਤਾ।“
ਅਖਾਂ ਮੀਟੀਆਂ ਦੇਖ  ਕੇ ਪੰਡਤ ਸ਼ਰਮਾ ਨੇ ਪਾਣੀ ਦਾ ਗਿਲਾਸ ਮੇਰੇ ਹੱਥ ਦਿੰਦਿਆਂ  ਆਖਿਆ “ ਕਲਾਸ ਵਿਚ ਜੇਹੜਾ ਬਚਾ ਸੌਂ ਜਾਏ ਉਹ ਕੁਝ ਹਾਸਲ ਨਹੀਂ ਕਰ ਸਕਦਾ” ਮੈਂ ਸੁਤਾ ਨਹੀਂ ਸੋਚ ਰਿਹਾ ਸੀ ਹਾਂ ਅੱਗੇ ਗੱਲ ਕਰੋ ਮੈਂ ਸੁਣਦਾ ਹਾਂ।
“ ਬ੍ਰਾਹਮਣ ਨੇ  ਬਚਪਨ ਤੋਂ ਹੀ ਜ਼ਾਤ ਦਾ ਐਹਸਾਸ ਕਰਾਉਣ ਲਈ ਬ੍ਰਾਹਮਣ ਬਚੇ ਨੂੰ ਪੱਸ਼ਮ ਦਾ ਜਨੇਊ ਪਹਿਨਾਉਣ ਦੀ ਉਮਰ ਪੰਜ ਸਾਲ ਖੱਤਰੀ ਬਚੇ ਲਈ ਸੂਤ ਦਾ ਜਨੇਊ ਉਮਰ ਸਤ ਸਾਲ ਅਤੇ, ਵੈਸ਼ ਲਈ ਸਣ ਦਾ ਜਨੇਊ ਪਾਉਣ ਦੀ ਉਮਰ ਨੌਂ ਸਾਲ ਮੁਕੱਰਰ ਕਰ ਦਿਤੀ, ਅਗਰ ਕਿਸੇ ਕਾਰਨ ਇਸ ਮਿਥੇ ਸਮੇਂ ਤੇ ਜਨੇਊ ਦੀ ਰਸਮ ਨਾ ਹੋ ਸਕਦੀ ਤਾਂ ਤੇਰਾਂ ਸਾਲ ਦੀ ਉਮਰ ਬੀਤਣ ਤੋਂ ਪਹਿਲਾਂ ਜਨੇਊ ਪਹਿਨਣਾ ਜ਼ਰੂਰੀ ਬਣਾ ਦਿਤਾ ਗਿਆ।ਕਿਊਂਕਿ ਤੇਰਾਂ ਸਾਲ ਦੀ ਉਮਰ ਦਾ ਬਚਾ ਬਾਲਕ ਉਮਰ ਚੋਂ ਪਾਰ ਹੋ ਕੇ  ਬਾਲਗ ਅਵਸਥਾ ਵਿਚ ਦਾਖਲ ਹੋਣ ਲਗਦਾ ਹੈ ਉਸ ਨੂੰ ਸਮਾਜਕ ਜ਼ਿਮੇਵਾਰੀਆਂ ਦਾ ਐਹਸਾਸ ਕਰਾਉਣ ਲਈ ਇਹ ਰਸਮਾਂ ਬਣਾਈਆਂ ਗਈਆਂ ਸਨ।   ਅਗਰ  ਤੇਰਾਂ ਸਾਲ ਤਕ ਵੀ ਕਿਸੇ ਕਾਰਨ ਜਨੇਊ ਦੀ ਰਸਮ ਪੂਰੀ ਨਹੀਂ ਸੀ ਹੋ ਸਕਦੀ ਤਾਂ ਵਿਆਹ ਤੋਂ ਪਹਿਲਾਂ ਜਨੇਊ ਦੀ ਰਸਮ ਪੂਰੀ ਕਰਨੀ ਲਾਜ਼ਮੀ ਕਰ ਦਿਤੀ ਗਈ। ਇਸ ਦੀ ਵਰਤੋਂ ਨਾਲ ਵਰਣ ਵੰਡ ਨੂੰ ਲੋਹੜੇ ਦੀ ਸ਼ਕਤੀ ਮਿਲੀ । ਕੁਝ ਸਮੇਂ ਲਈ ਸਿਖਾਂ ਵਿਚ ਵੀ ਇਹ ਰਿਵਾਜ ਚਲਿਆ ਕੇ ਅਨੰਦ ਕਾਰਜ ਦੀ ਰਸਮ ਸਮੇਂ ਜੋੜੇ ਨੂੰ ਪੁਛਿਆ ਜਾਂਦਾ ਸੀ ਕਿ ਕੀ  ਉਹਨਾਂ ਨੇ ਅਮ੍ਰਿਤ ਪਾਨ ਕੀਤਾ ਹੋਇਆ ਹੈ, ਨਾਂਹ ਵਿਚ ਉਤਰ ਮਿਲਣ ਤੇ ਅਨੰਦ ਕਾਰਜ ਤੋਂ ਪਹਿਲਾਂ ਅਮ੍ਰਿਤ ਪਾਨ ਕਰਾਉਣ ਦੀ ਰਸਮ ਅਨੰਦ-ਕਾਰਜ ਦਾ ਹਿਸਾ ਹੀ ਬਣ ਗਈ ਸੀ। ਸਮੇਂ ਨੇ ਕਰਵਟ ਲਈ ਤਾਂ ਅਨੰਦ ਕਾਰਜ ਸਮੇਂ  ਵਿਆਂਦੜ  ਜੋੜੀ ਤੋਂ ਅਮ੍ਰਿਤਪਾਨ ਕਰਨ ਲਈ ਪਰਣ ਲਿਆ ਜਾਣ ਲਗਾ। ਹੁਣ ਸਿਖ ਬਚਿਆਂ ਤੇ ਕੋਈ ਪਾਬੰਦੀ ਨਹੀਂ।
13 ਸਾਲ ਦੀ ਉਮਰ ਤੋਂ 19 ਸਾਲ ਦੀ ਉਮਰ ਤਕ ਟੀਨ ਏਜ ਆਖਿਆ ਜਾਂਦਾ ਹੈ ਇਸ ਉਮਰ ਵਿਚ ਜਿਨ੍ਹਾਂ ਨੇ ਬਚੇ ਨੂੰ ਸੇਧ ਦੇਣੀ ਸੀ ਮਾਤਾ ਪਿਤਾ ਪਾਸ ਸਮਾਂ ਨਹੀਂ,  ਚਰਚਾਂ, ਮਸਜਿਦਾਂ ਗੁਰਦਵਾਰਿਆਂ , ਮੰਦਰਾਂ  ਵਿਚੋਂ ਵੀ ਜੋ ਸੇਧ ਮਿਲਣੀ ਸੀ ਉਹ ਨਹੀਂ ਮਿਲ ਰਹੀ, ਇਹਨਾਂ ਅਦਾਰਿਆਂ ਵਿਚ ਜਾਂ ਤਾਂ ਕੁਝ ਗਾ ਬਜਾ ਕੇ ਜਾਂ ਫੇਰ ਨੱਫਰਤ ਦਾ ਪ੍ਰਚਾਰ ਕਰਕੇ ਧਾਰਮਕ ਆਗੂ ਸਮਝਦਾ ਹੈ ਕਿ ਉਸ ਦਾ ਫਰਜ਼ ਪੂਰਾ ਹੋ ਗਿਆ। ਸਕੂਲ ਵਾਲੇ ਆਖਦੇ ਹਨ ਸਾਡਾ ਫਰਜ਼ ਸਿਰਫ ਤਾਲੀਮ ਦੇਣਾ ਹੈ ਕਦਰਾਂ ਕੀਮਤਾਂ ਸਮਝਾਉਣਾ ਨਹੀਂ। ਇਸੇ ਲਈ ਅਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਗੁਲਤਾਨ ਹੋ ਰਹੀ ਹੈ ਜਾਂ ਜੁਝਾਰੂ ਧੜਿਆਂ ਵਿਚ ਵੰਡੀ ਜਾ ਰਹੀ ਹੈ। ਜੁਰਮ ਵਧ ਰਿਹਾ ਹੈ। “
ਮੈਂ ਖੁਦ ਲਖਨਊ ਤਾਂ ਨਾ ਜਾ ਸਕਿਆ ਪਰ ਲਖਨਊ ਤੋਂ ਵਾਪਸ ਆ ਕੇ ਜਿਸ ਤਰਾਂ ਬਲਦੇਵ ਨੇ ਜਨੇਊ ਮੁਕਾਬਲਿਆਂ ਵਿਚ ਜਨੇਊ ਨਾਲ ਜਨੇਊ ਦੀ ਲੜਾਈ, ਜਨੇਊ ਨਾਲ ਲਾਠੀ ਦੀ ਲੜਾਈ ਅਤੇ ਜਨੇਊ ਨਾਲ ਤਲਵਾਰ ਦੀ ਲੜਾਈ  ਬਾਰੇ ਵਿਸਥਾਰ ਨਾਲ ਦਸਿਆ ਤਾਂ ਮੈਨੂੰ ਲਖਨਊ ਨਾ ਜਾ ਸਕਣ ਦਾ ਬੜਾ ਅਫਸੋਸ ਹੋਇਆ ਜਿਸ ਦੀ ਘਾਟ ਮੈਂ ਅਜ ਤਕ ਮਹਿਸੂਸ ਕਰ ਰਿਹਾ ਹਾਂ। ਉਸਨੇ ਦਸਿਆ ਕਿ ਜਨੇਊ ਮੁਕਾਬਲੇ ਵਿਚ ਵਰਤਿਆ ਜਨੇਊ ਸਣ ਦੀ ਤਿਲੜੀ ਵੱਟੀ ਰੱਸੀ ਨਾਲ ਬਣਿਆ ਹੋਇਆ ਸੀ।
ਹਨਾਂ ਕੁਝ  ਦਿਨਾਂ ਵਿਚ ਮੇਰੇ ਦਿਮਾਗ  ਵਿਚ ਦਬੀਆਂ ਯਾਦਾਂ ਦੀ ਵੀ ਫੋਲਾ ਫਾਲੀ ਹੁੰਦੀ ਰਹੀ ਆਖੀਰ ਇਕ ਦਿਨ ਅਠਵੀਂ ਜਮਾਤ  ਵਿਚ  ਵਿਚਰਦਿਆਂ ਕੁਝ ਦੋਸਤਾਂ ਮਿਤਰਾਂ ਦੀਆਂ ਯਾਦਾਂ ਆਈਆਂ ਜੋ ਇਨ ਬਿਨ  ਬਲਦੇਵ ਸ਼ਰਮਾਂ ਦੇ ਵਿਚਾਰਾਂ  ਨਾਲ ਮੇਚ ਖਾਂਦੀਆਂ ਹਨ ਜੋ ਅਜ ਪਾਠਕਾਂ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗਾ।
ਅਠਵੀਂ ਜਮਾਤ ਵਿਚ ਸਾਡਾ ਇਕ ਹਮ ਜਮਾਤੀ ਹੁੰਦਾ  ਸੀ ਇਕਬਾਲ ਖਾਨ ਸਰੀਰ ਦਾ ਨਰੋਆ ਪਰ ਪੜ੍ਹਨ ਵਿਚ ਨਿਲ ਅਠਵੀਂ  ਜਮਾਤ ਵਿਚ ਇਹ ਉਸਦਾ ਤੀਸਰਾ  ਸਾਲ ਸੀ। ਸਾਡਾ ਹੈਡ ਮਾਸਟਰ  ਮੇਲਾ ਰਾਮ ਬੇਦੀ ਉਸਨੂੰ ਗੁਲ  ਮੁਹੱਮਦ ਕਿਹਾ ਕਰਦਾ ਸੀ। ਤਕੜਾ ਜੁਸਾ ਅਤੇ ਖਾਂਦੇ ਪੀਂਦੇ ਘਰ ਦਾ ਹੋਣ ਕਰਕੇ ਸਕੂਲ ਵਿਚ ਉਸ ਦਾ ਦਬ-ਦਬਾ ਸੀ।ਇਹ ਅਜ ਦੀ ਗੱਲ ਨਹੀਂ ਕਿ ਸਕੂਲਾਂ ਵਿਚ ਤਕੜੇ ਬੱਚੇ ਕਮਜ਼ੋਰ ਬੱਚਿਆਂ ਨੂੰ ਦਬਾ ਕੇ ਰਖਦੇ ਹਨ ਇਹ ਤਾਂ ਯੁਗਾਂ ਯੁਗਾਂਤਰਾਂ ਦਾ ਵਰਤਾਰਾ ਹੈ ਤਕੜਾ ਕਮਜ਼ੋਰ ਨੂੰ ਦਬਾ ਕੇ ਰਖਦਾ ਆਇਆ ਹੈ। ਇਕ ਹੋਰ ਦੋਸਤ ਹੁੰਦਾ ਸੀ,   ਓਮ ਪ੍ਰਕਾਸ਼ ਸ਼ਰਮਾ, ਪੜ੍ਹਨ ਵਿਚ ਵੀ ਹੁਸ਼ਿਆਰ ਸੀ ਅਤੇ ਸ਼ਰਾਰਤੀ ਵੀ ਪੁੱਜ ਕੇ। ਇਕਬਾਲ ਦੇ ਦਾਬੇ ਥਲਿਉਂ ਨਿਕਲਨ ਲਈ ਉਸ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਉਸ ਪਾਸ ਹਥਿਆਰ ਹੈ। ਸ਼ਕਾਇਤ ਤੇ ਉਸ ਪਾਸੋਂ ਕੋਈ ਹਥਿਆਰ ਨਾ ਮਿਲ ਸਕਿਆ ਪਰ ਉਸ ਨੇ “ਮੇਰੇ ਪਾਸ ਹਥਿਆਰ ਹੈ ਦੀ ਰੱਟ ਨਾ ਛੱਡੀ” ਬਸ ਇਨੇ ਨਾਲ ਹੀ ਉਹ ਇਕਬਾਲ ਦੇ ਦਬ-ਦਬੇ ਤੋਂ ਮੁਕਤ ਹੋ ਗਿਆ। ਹੋਲੀ ਹੋਲੀ ਹੋਰ ਵਿਦਿਆਰਥੀ ਵੀ ਉਸ ਨਾਲ ਜੁੜ ਗਏ। ਇਕ ਦਿਨ ਮੈਂ ਉਸਨੂੰ ਪੁਛਿਆ, ਦਿਖਾ ਤਾਂ ਸਹੀ ਤੇਰੇ ਪਾਸ ਕੇਹੜਾ ਹਥਿਆਰ ਹੈ ਤਾਂ ਉਸ ਨੇ ਇਕ ਪਾਸੇ ਹੋ ਕੇ ਜਨੇਊ ਨਾਲ ਬੱਝੀ ਹੋਈ ਇਕ ਲਮੀਂ ਕੁੰਜੀ ਦਿਖਾਊਂਦਿਆਂ ਕਿਹਾ ਆਹ ਹੈ।  ਗਲ ਨੂੰ ਅਗੇ ਤੋਰਦਾ ਆਖਣ ਲਗਾ “ ਤੇਨੂੰ ਉਹ ਲਾਲ ਕੁਕੜ ਯਾਦ ਹੈ ਜੋ ਕਿਸੇ ਨੂੰ ਗੱਲ੍ਹੀ ਵਿਚ ਦੀ ਲੰਘਣ ਨਹੀਂ ਸੀ ਦਿੰਦਾ”
“ਹਾਂ ਚੰਗੀ ਤਰਾਂ ਯਾਦ ਹੈ। ਉਸ ਦੇ ਮਾਲਕਾਂ ਪਾਸ ਜਦ ਕੋਈ ਸ਼ਕਾਇਤ ਕਰਦਾ ਤਾਂ ਆਖ ਦਿੰਦੇ ਇੱਧਰ ਦੀ ਨਾਂ ਲੰਘਿਆ ਕਰੋ”।
ਓਮ ਨੇ ਆਪਣੀ ਬਾਂਹ ਤੇ ਕੁਝ ਦਾਗ ਦਿਖਾਏ  ਤੇ ਆਖਣ ਲਗਾ “ਆਹ ਦਾਗ ਉਸੇ  ਕੁੱਕੜ ਦੀ ਚੂੰਝ ਦੇ ਹਨ ਗੱਲ  ਨੂੰ ਅਗੇ ਤੋਰਦਾ ਹੋਇਆ ਆਖਣ  ਲਗਾ ਫੇਰ ਇਕ ਦਿਨ ਮੈਂ ਜਨੇਊ ਨਾਲ ਆਹ ਕੁੰਜੀ ਬਨ੍ਹ ਕੇ ਤਿਆਰ ਬਰ ਤਿਆਰ ਹੋ ਕੇ ਉਧਰ ਦੀ ਲੰਘਿਆਂ ਜਦ ਕੁੱਕੜ ਮੇਰੇ ਵਲ ਆਇਆ ਮੈਂ ਜਨੇਊ ਨੂੰ ਇਕ ਨੁਕਰੋਂ ਫੜ ਕੇ ਘੁੰਮਾਉਣ ਲਗ ਪਿਆ। ਲਾਗੇ ਆਏ ਕੁਕੱੜ ਦੇ ਜਦ ਕੁੰਜੀ ਲਗੀ ਤਾਂ ਉਹ ਜ਼ਮੀਨ ਤੇ ਡਿਗ ਪਿਆ। ਮੈਂ ਜਨੇਊ ਗਲ ਵਿਚ ਪਾ ਲਿਆ ਕਿਸੇ ਨੂੰ ਮੇਰੇ ਤੇ ਸ਼ਕ ਵੀ ਨਾ ਹੋਈ ਬਸ ਉਦਣ ਤੋਂ ਮੈਂ ਸਮਝਣ ਲਗ ਪਿਆ ਮੈਂ ਇਕਲਾ ਨਹੀਂ ਮੇਰੇ ਪਾਸ ਹਥਿਆਰ ਵੀ ਹੈ।“
 ਸ਼ਾਤਰ ਬ੍ਰਾਹਮਣ  ਨੇ ਜਨੇਊ ਦੀ ਵਰਤੋਂ ਏਡੀ  ਵਿਓਂਤ ਬੰਦੀ ਨਾਲ ਕੀਤੀ  ਕਿ ਆਮ ਆਦਮੀ ਸਮਝ ਹੀ  ਨਹੀਂ ਸਕਿਆ ਕਿ ਇਹ ਉਸਦੀ  ਸ਼ਖਸੀ ਆਜ਼ਾਦੀ ਨਾਲ ਖਿਲਵਾੜ  ਕੀਤਾ ਜਾ ਰਿਹਾ ਸੀ ਅਤੇ  ਸਦੀਆਂ ਤੱਕ ਕਿਸੇ ਇਕ ਨੇ  ਵੀ ਇਸ ਦੇ ਖਿਲਾਫ ਆਵਾਜ਼  ਨਹੀਂ ਉਠਾਈ।ਬੁਧ ਮਤ ਅਤੇ  ਜੈਨ ਮਤ ਵਾਲੇ ਵੀ ਜਨੇਊ  ਪ੍ਰਥਾਏ ਚੁਪ ਹੀ ਰਹੇ।ਫੇਰ  ਸਮੇਂ ਨੇ ਕਰਵਟ ਲਈ। ਕੱਤਕ ਸ਼ੁਦੀ ਪੂਰਨਮਾਸ਼ੀ ਨੂੰ ਰਾਏ ਭੋਏ ਦੀ ਤਲਵੰਡੀ ( ਨਨਕਾਣਾ ਸਾਹਿਬ ) ਵਿਚ ਇਕ ਜੋਤ ਦਾ ਪ੍ਰਕਾਸ਼ ਹੋਇਆ ਜਿਸ ਨੇ ਫੋਕੀਆਂ ਰਸਮਾਂ ਰਿਵਾਜਾਂ ਦੇ ਘੁੱਪ ਹਨ੍ਹੇਰੇ’ਚ ਉਲਝੀ ਹੋਈ ਲੋਕਾਈ ਨੂੰ ਬਾਹਰ ਕੱਢਣ ਲਈ ਅੰਦੋਲਨ ਦੀ ਸ਼ੁਰੂਆਤ ਜਨੇਊ ਤੋਂ ਕੀਤੀ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਉਹੀ  ਪੁਰਾਤਨ ਰਸਮ ਹੁਣ ਸਮੇਂ ਨਾਲ ਰੱਸੀ ਤੋਂ ਬਦਲ ਕੇ  ਗਾਤਰੇ ਦੇ ਰੂਪ ਵਿਚ ਆ ਹਾਜ਼ਰ ਹੋਈ। ਗੁਰੂ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਸਵੇ ਰਖਿਆ ਲਈ ਕਿਰਪਾਨ ਪਹਿਨਣ ਲਈ ਪ੍ਰੇਰਿਆ। ਇਸ ਤੋਂ ਹੋਰ ਅਗੇ ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699 ਨੂੰ ਆਪਣੇ ਸੇਵਕਾਂ ਨੂੰ ਅਮ੍ਰਿਤ ਦੀ ਦਾਤ ਬਖਸ਼ ਕੇ ਨਿਯਮਬੱਧ ਕਰ ਦਿਤਾ। ਆਪਣੇ ਖਾਲਸੇ ਨੂੰ ਪੰਜ ਕਕਾਰਾਂ ਦਾ ਧਾਰਨੀ ਕਰ ਦਿਤਾ  ਜਿਹਨਾਂ ਵਿਚ  ਛੋਟੀ ਕਟਾਰ ਗਾਤਰੇ ਦੇ ਰੂਪ ਵਿਚ ਜੀਵਨ ਦਾ ਇਕ ਅਨਿਖੜਵਾਂ ਅੰਗ ਬਣ ਗਈ ਜਿਸ ਨਾਲ  ਉਸਨੂੰ ਮਨੋਬਲ  ਮਿਲਿਆ (ਇਕ ਕਹਾਵਤ ਹੈ ਚੋਰ ਤੇ ਲਾਠੀ ਦੋ ਜਣੇ ਮੈਂ ਤੇ ਬਾਪੂ ਕਲੇ ) ਖਾਲਸਾ ਭਾਰੀ ਪੈਣ ਤੇ ਆਪਣੀ ਰਖਿਆ ਕਰਨ ਯੋਗ ਹੋ ਗਿਆ। ਸਮੇਂ ਨਾਲ ਬਦਲੇ ਹਥਿਆਰ ਬੰਦੂਕ ਅਤੇ ਪਸਤੌਲ ਵੀ ਜਨੇਊ ਵਾਂਗ ਹੀ ਗੱਲ ਵਿਚ ਲਟਕੇ
 ਬਰਤਾਨੀਆਂ ਤੋਂ ਆਜ਼ਾਦੀ ਪ੍ਰਾਪਤ ਕਰਨ ਉਪਰੰਤ ਅਮ੍ਰੀਕਾ ਦੇ ਲੋਕ ਵੀ ਹਥਿਆਰ ਰਖਣ ਨੂੰ ਆਪਣਾ ਜਮਾਂਦਰੂ ਹੱਕ ਸਮਝਦੇ ਹਨ। ਗੋਲੀ ਵਾਲੇ ਹਥਿਆਰ ਨੂੰ ਡੈਡਲੀ ਫੋਰਸ ਦਾ ਨਾਮ ਦਿਤਾ ਗਿਆ ਅਮ੍ਰੀਕਾ ਵਿਚ ਇਸ ਦੀ ਗੱਲਤ ਵਰਤੋਂ ਨਾਲ ਬਹੁਤ ਜਾਨਾ ਜਾਂਦੀਆਂ ਹਨ ਪਰ ਰਾਈਫਲ ਐਸੋਸੀਏਸ਼ਨ ਦੀ ਲਾਬੀ ਇਸ ਹਥਿਆਰ ਨੂੰ ਕਾਨੂੰਨੀ ਸ਼ਕੰਜੇ ਵਿਚ ਨਹੀਂ ਆਉਣ ਦਿੰਦੀ
ਅਜ ਅਸੀਂ ਮੱਗਰਬੀ ਦੇਸ਼ਾਂ ਵਿਚ ਆ ਗਏ ਹਾਂ।
ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਬਾਣਾ ਹੁਣ ਸਾਡਾ ਪਹਿਚਾਣ ਚਿੰਨ ਹੈ। ਇਸ ਬਾਣੇ ਨਾਲ  ਕੁਝ ਨਿਯਮ ਵੀ ਆਉਂਦੇ ਹਨ ਨਿਯਮ ਅਪਨਾਉਣ ਤੋਂ ਬਗੈਰ ਇਹ ਬਾਣਾ ਸਿਰਫ ਜਨੇਊ ਹੋ ਨਿਬੜੇਗਾ ਇਹ ਹੁਣ  ਸਾਡੇ ਵਿਉਹਾਰ ਤੇ ਹੈ ਅਸੀਂ ਇਸ ਦਾ ਸਤਕਾਰ ਕਾਇਮ ਰਖਣਾ ਹੈ ਜਾਂ ਇਸ ਬਾਣੇ ਨੂੰ ਜਨੇਊ ਵਾਂਗ ਪਹਿਨਣਾ ਹੈ।