ਮਨਫੀ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਹੜੇ ਕਿਹੜੇ ਰਿਸ਼ਤੇ ਜੋੜੇ 
ਕਿਹੜੇ ਕਿਹੜੇ ਨਾਤੇ ਟੁੱਟੇ 
ਕੀਤਾ ਹਿਸਾਬ ਉਮਰ ਦਾ ਸਾਰਾ 
ਸੰਝ ਦੇ ਵੇਲੇ ਸਮਝ ਇਹ ਆਈ 
ਮਨਫੀ ਵਾਲਾ ਪਾਸਾ ਭਾਰੀ ।

ਵਿਹੜੇ ਦੀਆਂ ਰੱਖ ਕੰਧਾਂ ਉੱਚੀਆਂ  
ਮੰਝੀ ਡਾਹਕੇ  ਧੁੱਪ ਸੇਕਣੀ 
ਵਿਹੜਾ ਮਾਰੂਥਲ ਬਣਾ ਕੇ 
ਆਪਣੇ ਹੱਥੀਂ ਆਪਣੇ ਪਿੰਡੇ
ਬਲਦੀ ਰੇਤ ਪਾ  ਲਈ ਸਾਰੀ ।

ਪੌੜੀ ਰਾਹੀਂ ਛੱਤ ਤੇ ਚੜ ਗਈ  
ਛੱਤ ਮੇਰੀ  ਤੇ ਧੁੱਪ ਕਿਉਂ ਫਿੱਕੀ
ਕਿਸ ਗਲਤੀ ਲਈ ਧੁੱਪਾਂ ਰੁੱਸੀਆਂ
ਬਣ ਬਿਗਾਣਾ ਸੂਰਜ ਮੇਰੇ 
ਮੇਰੀ  ਛੱਤ ਦੀ ਧੁੱਪ  ਕਿਉਂ ਮਾਰੀ ।

ਕੰਧਾਂ ਛੱਤਾਂ ਮਕਾਨ ਬਣਾਇਆ 
ਬੂਹੇ ਬਾਰੀਆਂ ਘਰ ਬਣਾਇਆ 
ਬੰਦ ਕਰਕੇ ਸਭ ਬੂਹੇ ਬਾਰੀਆਂ 
ਝੀੱਥਾਂ ਰਾਹੀਂ ਰਿਸ਼ਤੇ ਲਭਣੇ 
ਘਰ ਦੀ ਰੂਹ ਹੀ ਹੱਥੀਂ ਸਾੜੀ ।

 ਖਾਬਾਂ   ਨੇ ਤਸਵੀਰਾਂ   ਰੱਚੀਆਂ
ਮੰਨ ਨੇ ਝੂਠੀਆਂ ਆਹਟਾਂ ਸੁਣੀਆਂ
ਐਸੀ ਰਚਨਾ ਰਚੀ ਘਰ ਅੰਦਰ 
ਹਰ ਕੰਧ ਲੱਗੀ ਰੰਗ -ਬਰੰਗੀ 
ਆਪਣੇ ਹੱਥੋਂ ਆਪ ਹੀ ਹਾਰੀ    ।