ਪ੍ਰਤਿਭਾ ਦਾ ਵਿਨਾਸ਼ (ਕਹਾਣੀ)

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪਣੇ ਅਸਤਿਤਵ ਦੀ ਚਾਹੀ ਅਤੇ ਅਣਚਾਹੀ ਵਰਤੋਂ ਨਾ ਕਰ ਕੇ ਫਿਰ ਵੀ ਦੀਪ ਆਪਣੇ ਕਿੰਨੇ ਸਾਰੇ ਅਹਿਸਾਸਾਂ ਨੂੰ ਮਾਰ ਨਾ ਸਕਿਆ। ਅਤੀਤ ਤੇ ਝਾਤੀ ਮਾਰਦਾ ਤਾਂ ਕਈ ਉਪਜੀਵਕਾਵਾਂ ਦੇ ਸਾਧਨ ਵਿਚ ਵਿਚਾਲੇ ਛਡ ਜਾਂ ਬਦਲ ਕੇ ਇਸ਼ਕ, ਸ਼ਰਾਬ ਅਤੇ ਸ਼ਿਕਾਰ ਵਿਚ ਗਲਤਾਨ ਰਹਿਣ ਤੇ ਇਕੱਲਤਾ ਮਾਨਣ ਲਈ ਉਹ ਸ਼ਹਿਰਾਂ ਤੋਂ ਦੂਰ ਭਜਦਾ ਰਿਹਾ। ਉਜਾੜ ਬੀਆਬਾਨ ਥਾਵਾਂ, ਦਰਿਆਵਾਂ ਅਤੇ ਸਮੁੰਦਰਾਂ ਦੇ ਕੰਢਿਆਂ, ਰੇਤ ਦੇ ਟਿੱਬਿਆਂ ਤੇ ਇਕ ਨਕਲੀ ਆਸ਼ਕ ਅਤੇ ਅਨਾੜੀ ਸ਼ਿਕਾਰੀ ਦਾ ਰੂਪ ਧਾਰ ਕੇ ਮਛਲੀਆਂ, ਮੁਰਗਾਬੀਆਂ, ਤਿੱਤਰ, ਭਟਿੱਟਰ, ਬਟੇਰੇ, ਤਿਲੀਅਰ, ਰੈਬਟ ਤੇ ਕੂੰਜਾਂ ਵੱਲ ਆਪਣੀ ਪੁਆਇੰਟ ਟੂ ਟੂ ਜਾਂ ਬਾਰਾਂ ਬੋਰ ਦੀ ਬੰਦੂਕ ਸਿੱਧੀ ਕਰਦਾ ਰਿਹਾ। ਗੋਲੀ ਲਗ ਕੇ ਫਰ ਫਰ ਕਰਦੇ ਪੰਛੀਆਂ ਨੂੰ ਡਿਗਦੇ ਤੇ ਕੁਰਲਾਂਦੇ ਵੇਖ ਉਹ ਕਿਸੇ ਅਦਿਸ ਨਜ਼ਾਰੇ ਦੇ ਅਹਿਸਾਸ ਨੂੰ ਮਾਣਦਾ ਰਿਹਾ। ਦੀਪ ਸ਼ਿਕਾਰੀਆਂ ਦੇ ਇਸ ਵਿਸ਼ਵਾਸ਼ ਨੂੰ ਮੰਨਦਾ ਰਿਹਾ ਕਿ ਪੁਆਇੰਟ ਟੂ ਟੂ ਉਡਦੀਆਂ ਕੂੰਜਾਂ ਮਾਰਨ ਦੇ ਵਧੇਰੇ ਕੰਮ ਆਉਂਦੀ ਸੀ। ਭਾਰਤ ਵਿਚ ਕੂੰਜਾਂ ਵਾਹੇ ਵਾਹਨ ਵਿਚ ਬਹਿੰਦੀਆਂ ਤੇ ਧਰਤੀ ਚੋਂ ਕੀੜੇ ਮਕੌੜੇ ਚੁਗਦੀਆਂ ਜਾਂ ਉਹ ਬੀਜ ਚੁਗ ਕੇ ਖਾਂਦੀਆਂ ਜੋ ਕਿਸਾਨਾਂ ਨੇ ਧਰਤੀ ਦਾ ਸੀਨਾ ਪਾੜ ਕੇ ਬੀਜੇ ਹੁੰਦੇ। ਦੀਪ ਨੂੰ ਪਤਾ ਸੀ ਕਿ ਕੂੰਜਾਂ ਦੀ ਸਰਬਰਾਹ ਆਪਣੀਆਂ ਸਾਥਣਾਂ ਨੂੰ ਬਚਾਉਣ ਲਈ ਰਾਡਾਰ ਵਾਂਗ ਆਪਣੀ ਲੰਮੀ ਗਰਦਨ ਚੁਫੇਰੇ ਘੁਮਾਉਂਦੀ ਰਹਿੰਦੀ ਤੇ ਸ਼ਿਕਾਰੀਆਂ ਤੋਂ ਚੌਕੰਨੇ ਰਹਿਣ ਲਈ ਪਹਿਰਾ ਦੇਂਦੀ। ਕੂੰਜਾਂ ਆਲਾ ਦਵਾਲਾ ਵੇਖ ਕੇ ਓਥੇ ਹੀ ਬੈਠਦੀਆਂ ਜਿਥੇ ਕੋਈ ਓਹਲਾ ਨਾ ਹੋਵੇ, ਤਾਂ ਜੋ ਕੋਈ ਸ਼ਿਕਾਰੀ ਉਹਨਾਂ ਤੇ ਕਿਸੇ ਲਾਗਲੇ ਖੇਤ ਜਿਵੇਂ ਕਮਾਦ ਜਾਂ ਕਪਾਹ ਵਿਚੋਂ ਲੁਕ ਕੇ ਫਾਇਰ ਨਾ ਕਰ ਸਕੇ ਜਾਂ ਤੀਰ ਨਾ ਮਾਰ ਸਕੇ। ਪਰ ਕਈ ਚੰਗੇ ਤੀਰ ਅੰਦਾਜ਼ ਤਾਂ ਉਡਾਰੀ ਮਾਰਦੀ ਕੂੰਜ ਨੂੰ ਤੀਰ ਮਾਰ ਕੇ ਫੁੰਡ ਲੈਂਦੇ ਸਨ ਤੇ ਕੁਰਲਾਉਂਦੀ ਕੂੰਜ ਦੀ ਖਤਮ ਹੁੰਦੀ ਕੁਰਲਾਹਟ ਚੋਂ ਕਹਾਣੀਆਂ ਲਭਦੇ। ਉਹ ਜ਼ਮਾਨਾ ਹੁਣ ਬਹੁਤ ਪਿਛੇ ਰਹਿ ਗਿਆ ਸੀ। ਕੂੰਜ ਅਕਸਰ ਬਹੁਤ ਉੱਚਾ ਉਡਦੀ ਜਿਥੇ ਕਈ ਵਾਰ ਤੀਰ ਜਾਂ ਗੋਲੀ ਵੀ ਮਾਰ ਨਾ ਕਰਦੀ। ਦੀਪ ਇਸ ਰਹੱਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿ ਉਹਨੂੰ ਕੂੰਜਾਂ ਦੀ ਕੁਰਲਾਹਟ ਕਿਉਂ ਪਸੰਦ ਸੀ ਜਾਂ ਉਹ ਆਪਣੇ ਮਨ ਦੀ ਕੁਰਲਾਹਟ ਦਾ ਉਹਨਾਂ ਪੰਛੀਆਂ ਦੀ ਕੁਰਲਾਹਟ ਨਾਲ ਮੇਲ ਮੁਕਾਬਲਾ ਕਿਉਂ ਕਰਦਾ ਰਹਿੰਦਾ ਸੀ। ਸ਼ਾਇਦ ਉਹ ਖੁਦ ਵੀ ਆਵਾਸੀ ਸੀ।

ਦੀਪ ਇਹ ਵੀ ਜਾਣਦਾ ਸੀ ਕਿ ਤਿਲੀਅਰ ਮਾਰਨ ਲਈ ਬਾਰਾਂ ਬੋਰ ਠੀਕ ਰਹਿੰਦੀ ਸੀ ਜਿਸ ਵਿਚ ਕਿਰ ਜਾਣ ਵਾਲਾ ਬਾਰਾਂ ਨੰਬਰ ਦਾ ਬਹੁਤੇ ਦਾਣਿਆਂ ਵਾਲਾ ਕਾਰਤੂਸ ਪਾਇਆ ਜਾਂਦਾ ਸੀ। ਪੰਜਾਬ ਵਿਚ ਤਿਲੀਅਰ ਮਾਰਚ ਦੇ ਮਹੀਨੇ ਦੇ ਅੰਤ ਤਕ ਛੋਲੀਆ ਤੇ ਹੋਰ ਨਿਕ ਸੁਕ ਖਾ ਕੇ ਪਲ ਜਾਂਦੇ ਸਨ ਪਰ ਕੈਨੇਡਾ ਵਿਚ ਇਹ ਘਰਾਂ ਜਾਂ ਆਲੇ ਦਵਾਲੇ ਦੇ ਖੇਤਾਂ ਅਤੇ ਪਾਰਕਾਂ ਵਿਚ ਸਾਰਾ ਸਾਲ ਹੀ ਘੁੰਮਦੇ ਰਹਿੰਦੇ ਜਿਥੇ ਇਹਨਾਂ ਨੂੰ ਕੋਈ ਨਹੀਂ ਮਾਰਦਾ ਜਾਂ ਸਰਕਾਰ ਦੇ ਕਰੜੇ ਹੁਕਮਾਂ ਅਨੁਸਾਰ ਨਾ ਮਾਰ ਸਕਦਾ ਹੈ ਅਤੇ ਨਾ ਹੀ ਫੜ ਸਕਦਾ ਹੈ। ਕਦੀ ਕਦੀ ਕਾਬਲ ਸਿੰਘ ਆਪਣੇ ਫਾਰਮ ਵਿਚੋਂ ਮੁਰਗਾਬੀਆਂ ਮਾਰ ਕੇ ਆਪਣੇ ਦੋਸਤਾਂ ਦੇ ਘਰਾਂ ਤੀਕ ਪੁਚਾਂਦਾ ਰਹਿੰਦਾ। ਇਕ ਚੰਗੇ ਹੋਸਟ ਦਾ ਕਿਰਦਾਰ ਨਿਭਾਂਦਾ ਆਪਣੀਆਂ ਡੂੰਘੀਆਂ ਕਵਿਤਾਵਾਂ ਦੀ ਤਾਰੀਫ ਵੀ ਕਰਵਾਂਦਾ ਰਹਿੰਦਾ। ਜਦੋਂ ਭਾਰਤੀ ਅਤੇ ਹੋਰਨਾਂ ਮੁਲਕਾਂ ਦੇ ਲੋਕ ਕੈਨੇਡਾ ਨੂੰ ਆਪਣਾ ਨਵਾਂ ਅਪਣਾਇਆ ਦੇਸ਼ ਮਿਥ ਏਥੇ ਆਣ ਵਸੇ ਤੇ ਪਿਛੋਂ ਜਾਗੀਰੂ ਰੁਚੀਆਂ ਵਾਲੇ ਕੁਝ ਦੋਸਤ ਇਕੱਠੇ ਹੋ ਕੇ ਆ ਜਾਂਦੇ ਤਾਂ ਪਿਕਨਿਕ ਮਨਾਂਦੇ ਟੈਂਟ ਲਾਗੇ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਕੇ ਬਾਰਬੀਕੂ ਭਖਾਉਣ ਦਾ ਕੰਮ ਮਾਈਕਲ ਤੋਂ ਵਧੀਆ ਹੋਰ ਕੋਈ ਨਹੀਂ ਸੀ ਕਰ ਸਕਦਾ ਸੀ। ਫਿਰ ਕੈਨੇਡਾ ਵਰਗੇ ਦੇਸ਼ ਵਿਚ ਕਿਤੇ ਵੀ ਚਲੇ ਜਾਓ, ਬਾਲਣ ਲਈ ਲੱਕੜ ਦੀ ਕੋਈ ਕਮੀ ਨਹੀਂ ਹੁੰਦੀ ਭਾਵੇਂ ਉਹ ਤਾਂ ਅਕਸਰ ਕੋਇਲਿਆਂ ਦੇ ਬੈਗ ਨਾਲ ਲੈ ਕੇ ਤੁਰਦੇ ਸਨ। ਲਿੰਡਾ ਵੀ ਸਹਾਇਤਾ ਕਰਨ ਲਈ ਪਿਛੇ ਨਹੀਂ ਰਹਿੰਦੀ ਸੀ ਅਤੇ ਨਾ ਹੀ ਕਦੇ ਉਹ ਆਪਣੇ ਲਾਈਟਰ ਦਾ ਵਿਸਾਹ ਖਾਂਦੀ ਸੀ ਜੋ ਉਸ ਨੂੰ ਸਿਗਰਟ ਸੁਲਘਾਉਣ ਲਈ ਚਾਹੀਦਾ ਹੁੰਦਾ। ਮਾਈਕਲ ਨੂੰ ਪੋਰਕ ਅਤੇ ਬੀਫ ਦੀਆਂ ਸਟੇਕਾਂ ਬਹੁਤ ਪਸੰਦ ਸਨ ਤੇ ਉਹ ਬਣੀਆਂ ਬਣਾਈਆਂ ਸਟੇਕਾਂ ਸ਼ਹਿਰੋਂ ਹੀ ਆਪਣੀ ਗੱਡੀ ਵਿਚ ਰੱਖ ਲੈਂਦਾ। ਕਾਬਲ ਸਿੰਘ ਬੋਨਲੈੱਸ ਚਿਕਨ ਨੂੰ ਕੁਝ ਦਿਨ ਪਹਿਲਾਂ ਹੀ ਮਸਾਲਾ ਲਾ ਕੇ ਰੱਖ ਲੈਂਦਾ ਜਿਸ ਦਾ ਕੋਇਲਿਆਂ ਦੀ ਅੱਗ ਤੇ ਭੁੰਨ ਭੁੰਨ ਕੇ ਖਾਣ ਦਾ ਆਪਣਾ ਹੀ ਇਕ ਵਖਰਾ ਸਵਾਦ ਸੀ। ਚਿਕਨ ਲੈੱਗਜ਼ ਕਈ ਵਾਰ ਉਪਰੋਂ ਸੜ ਕੇ ਕਾਲੀਆਂ ਹੋ ਜਾਂਦੀਆਂ ਸਨ ਪਰ ਅੰਦਰੋਂ ਕੱਚੀਆਂ ਜਾਂ ਅਧ ਪੱਕੀਆਂ ਰਹਿ ਜਾਂਦੀਆਂ, ਪਰ ਜਦੋਂ ਡਰਿੰਕਸ ਦੇ ਦੌਰ ਚੱਲ ਰਹੇ ਹੁੰਦੇ ਤਾਂ ਫਿਰ ਕੌਣ ਪਰਵਾਹ ਕਰਦਾ ਸੀ। ਖੁਦ ਵਧੀਆ ਕੁੱਕ ਹੋਣ ਕਰ ਕੇ ਨਵਾਜ਼ ਤਾਂ ਇਸ ਬਾਰੇ ਚਿੰਤਾ ਲਾ ਲੈਂਦਾ ਪਰ ਦੂਜੇ ਦੋਸਤ ਪਰਵਾਹ ਨਾ ਕਰਦੇ। ਫਿਰ ਉਹ ਇਸ ਚਿੰਤਾ ਨੂੰ ਉਪਰੋਂ ਥੱਲੀਂ ਪੀਤੇ ਸ਼ਾਟਸ ਦੇ ਸਵਾਦਾਂ ਵਿਚ ਭੁੱਲ ਜਾਂਦਾ ਤੇ ਫਿਰ ਉਹਦਾ ਦਿਲ ਉਚੀ ਉਚੀ ਗੀਤ ਗਾਉੇਣ ਨੂੰ ਕਰਨ ਲਗਦਾ। ਅਜਿਹੇ ਮੌਕੇ ਜਦੋਂ ਪਾਰਟੀ ਪੀਕ ਤੇ ਚੱਲ ਰਹੀ ਹੁੰਦੀ ਤਾਂ ਘਬਰਾਇਆ ਹੋਇਆ ਹਰੀਹਰ ਆਪਣੀਆਂ ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਚੋਂ ਘੂਰਦਾ ਹੋਇਆ "ਮੈਂ ਚਲਿਆ" ਕਹਿ ਕੇ ਟੁਰ ਜਾਂਦਾ।

ਪਿਕਨਿਕ ਤੇ ਗਈ ਲਿੰਡਾ ਨੇ ਇਕ ਦਿਨ ਬਿਰਜਸ ਪਹਿਨ ਤੇ ਪਿੰਨੀਆਂ ਤੋਂ ਉਤਾਂਹ ਤੀਕ ਉਚੇ ਸ਼ੂਜ਼ ਪਾ ਇਕ ਲੇਕ ਤੋਂ ਕਾਫੀ ਦੂਰ ਸ਼ਿਕਾਰ ਲਈ ਮਿਥੀ ਜਗ੍ਹਾ ਤੇ ਜਾ ਕੇ ਇਕ ਜੰਗਲੀ ਸੁਰਖਾਬ ਮਾਰ ਲਿਆ ਤੇ ਖਾਹ ਮੁਖਾਹ ਹੇਮੰਗਜ਼ਵੇ ਨੂੰ ਯਾਦ ਕਰਨ ਲਗ ਪਈ। ਦੀਪ ਨੇ ਉਸਦੇ ਆਉਣ ਤੀਕ ਬਕਾਰਡੀ ਦੇ ਕੁਸੈਲੇ ਪੈਗ ਪੀ ਪੀ ਕੇ ਆਪਣੇ ਅਹਿਸਾਸਾਂ ਦੀ ਧਾਰ ਨੂੰ ਹੋਰ ਖੁੰਢਾ ਕਰ ਲਿਆ ਸੀ। ਲਿੰਡਾ ਨੂੰ ਸ਼ਹਿਰ ਵਿਚ ਰਮ ਤੇ ਕੋਕ ਪਸੰਦ ਸੀ ਪਰ ਪਿਕਨਿਕ ਤੇ ਉਸ ਨੂੰ ਟਿਕੂਲਾ ਚੰਗੀ ਲਗਦੀ ਸੀ। ਐਂਡਰੀਊ ਪੰਛੀਆਂ ਦੀ ਡਰੈਸਿੰਗ ਕਰ ਕੇ ਉਹਨਾਂ ਦੀ ਸਪੈਨਿਸ਼ ਢੰਗ ਨਾਲ ਫਿਲਿੰਗ ਕਰ ਕੇ ਸਫਰੀ ਸਟੋਵ ਦੀ ਮੱਠੀ ਅੱਗ ਤੇ ਭੁੰਨਦਾ ਰਹਿੰਦਾ। ਉਹਦੀ ਮਾਂ ਰੋਮਾਨੀਆ ਦੀ ਅੰਗਰੇਜ਼ ਔਰਤ ਸੀ ਤੇ ਪਿਓ ਪੋਲਸ਼। ਮੁਢਲੀ ਵਿਦਿਆ ਤੋਂ ਬਾਅਦ ਉਹ ਆਪਣੀ ਮਾਂ ਨਾਲ ਇੰਗਲੈਂਡ ਆ ਗਿਆ ਸੀ। ਇਕ ਥਾਂ ਟਿਕ ਕੇ ਨਾ ਬਹਿਣ ਵਾਲੇ ਖੂੰਨ ਦੀ ਪਿੱਠ ਭੂਮੀ ਹੋਣ ਕਰ ਕੇ ਉਹ ਟਿਕਾਣੇ ਬਦਲਣ ਵਿਚ ਬਹੁਤ ਵਿਸ਼ਵਾਸ਼ ਰਖਦਾ ਸੀ। ਫਿਰ ਸਬੱਬੀਂ ਇਕ ਵਾਰ ਇਹ ਸਾਰੇ ਮਾਂਟਰੀਆਲ ਵਿਚ ਫਿਰ ਇਕੱਠੇ ਹੋ ਗਏ ਸਨ ਜਿਥੇ ਉਹ ਸਾਰੇ ਆਪਣੇ ਆਪ ਨੂੰ ਭਾਸ਼ਾਈ ਮਾਹਿਰ ਸਮਝਣ ਦੇ ਭੁਲੇਖੇ ਵਿਚ ਕਿਸੇ ਵੱਡੀ ਇਨਸੋæਰੰਸ ਕੰਪਨੀ ਦੇ ਬ੍ਰੋਸ਼ਰ ਵਖ ਵਖ ਜ਼ਬਾਨਾਂ ਵਿਚ ਅਨੁਵਾਦ ਕਰ ਕੇ ਚੰਗੇ ਪੈਸੇ ਬਨਾਉਣ ਦੇ ਚੱਕਰਾਂ ਵਿਚ ਸਨ। ਇਸ ਤੋਂ ਬਾਅਦ ਉਹਨਾਂ ਨੂੰ ਗਵਾ ਦੀ ਇਕ ਤਿਖੀ ਔਰਤ ਰਾਹੀਂ ਟੀ ਡੀ ਕੈਨੇਡਾ ਟਰੱਸਟ ਦੇ ਇੰਗਲਸ਼ ਬਰੋਸ਼ਰਜ਼ ਨੂੰ ਨਵੇਂ ਆਏ ਇਮੀਗਰੰਟਸ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਅਤੇ ਟਾਈਪ ਸੈਟਿੰਗ ਦਾ ਚੰਗੇ ਪੈਸਿਆਂ ਦਾ ਵਡਾ ਕੰਟਰੈਕਟ ਵੀ ਮਿਲਿਆ ਹੋਇਆ ਸੀ। ਗਲੈਕਸੋ ਕੰਪਨੀ ਦੇ ਬਰੋਸ਼ਰਜ਼ ਵੀ ਵਖ ਵਖ ਜ਼ਬਾਨਾਂ ਵਿਚ ਅਨੁਵਾਦ ਕਰਨ ਦੇ ਕੰਟਰੈਕਟ ਦੀ ਗੱਲ ਵੀ ਟਰਾਂਟੋ ਦੀ ਇਕ ਮਸ਼ਹੂਰ ਐਡਵਰਟਾਈਜ਼ਮੈਂਟ ਏਜੰਸੀ ਨਾਲ ਚੱਲ ਰਹੀ ਸੀ।

ਐਂਡਰੀਊ ਫ੍ਰੈਂਚ ਤੇ ਇੰਗਲਸ਼ ਦੀਆਂ ਕਲਾਸਾਂ ਪੜ੍ਹਾਨ ਦੇ ਨਾਲ ਕੰਪਿਊਟਰ ਪਰੋਗਰਾਮਿੰਗ ਵੀ ਕਰ ਰਿਹਾ ਸੀ। ਜਦੋਂ ਤੋਂ ਉਹਦਾ ਅਖਬਾਰਾਂ ਦੇ ਅਨੈਲੇਸਜ਼ ਕਰਨ ਦਾ ਕੰਮ ਮੱਠਾ ਪਿਆ ਸੀ ਤਾਂ ਉਹ ਬੜਾ ਖਿਝਿਆ ਖਿਝਿਆ ਰਹਿੰਦਾ ਸੀ ਅਤੇ ਉਹਦੀਆਂ ਇਕ ਇਕ ਕਰ ਕੇ ਕਈ ਗਰਲ ਫ੍ਰੈਂਡਜ ਵੀ ਸਾਥ ਛਡ ਕੇ ਟੁਰ ਗਈਆਂ ਸਨ। ਹੁਣ ਤਾਂ ਕਈ ਵਾਰ ਓਸ ਕੋਲ ਆਪਣੇ ਅਪਾਰਟਮੈਂਟ ਦਾ ਕਿਰਾਇਆ ਦੇਣ ਨੂੰ ਪੈਸੇ ਵੀ ਨਹੀਂ ਹੁੰਦੇ ਸਨ ਤੇ ਆਪਣੀ ਬੁਢੀ ਮਾਂ ਨੂੰ ਮਿਲਦੀ ਬੁਢਾਪਾ ਪੈਨਸ਼ਨ ਵਿਚੋਂ ਪੈਸੇ ਉਧਾਰੇ ਲੈ ਕੇ ਅਪਾਰਟਮੈਂਟ ਦਾ ਕਿਰਾਇਆ ਅਦਾ ਕਰਦਾ ਸੀ। ਲਿੰਡਾ ਨੂੰ ਪਹਿਲੇ ਨਾਲੋਂ ਚੰਗੀ ਜੌਬ ਮਿਲ ਗਈ ਸੀ। ਪਹਿਲਾਂ ਉਹਨੂੰ ਕਾਲਿਆਂ ਦੀ ਬਹੁ ਵਸੋਂ ਵਾਲੇ ਸਕੂਲ ਵਿਚ ਪੜ੍ਹਾਨ ਦੀ ਨੌਕਰੀ ਮਿਲੀ ਪਰ ਜਦੋਂ ਉਹ ਜਮਾਇਕਨ ਐਕਸੈਂਟ ਫਾਲੋ ਨਾ ਕਰ ਸਕੀ ਤਾਂ ਓਥੋਂ ਛੱਡ ਕੇ ਇਕ ਐਡਵਰਟਾਈਜ਼ਮੈਂਟ ਕੰਪਨੀ ਜਾਇਨ ਕਰ ਲਈ ਅਤੇ ਨਾਲ ਨਾਲ ਉਸ ਨੇ ਜਰਨਲਿਜ਼ਮ ਦੀ ਕਲਾਸ ਵੀ ਜਾਇਨ ਕਰ ਲਈ। ਭਾਵੇਂ ਹੁਣ ਉਹ ਟੀਚਿੰਗ ਛਡ ਚੁਕੀ ਸੀ ਪਰ ਫਿਰ ਵੀ ਉਹ ਟੀਚਿੰਗ ਵਿਚ ਕੁਝ ਨਵੇਂ ਕੋਰਸ ਲੈਣ ਲਈ ਆਨ ਲਾਈਨ ਫਾਰਮ ਭਰੀ ਜਾ ਰਹੀ ਸੀ। ਉਹਦੀ ਵਿਕੋਲਿਤਰੀ ਸੋਚ ਜੇ ਉਹਨੂੰ ਵਕਤੀ ਤੌਰ ਤੇ ਪਰੇਸ਼ਾਨ ਕਰਦੀ ਤਾਂ ਉਹ ਸੋਚ ਬਦਲ ਲੈਂਦੀ ਤੇ ਆਪਣੇ ਆਪ ਨੂੰ ਕਿਸੇ ਹੋਰ ਰਸਤੇ ਤੇ ਤੁਰਨ ਲਈ ਤਿਆਰ ਕਰ ਲੈਂਦੀ।

ਐਂਡਰੀਊ ਨੂੰ ਪਾਈਪ ਵਿਚ ਤਮਾਕੂ ਭਰ ਕੇ ਸੂਟੇ ਲਾਉਣ ਅਤੇ ਆਪਣੀ ਬੋਟ ਨੂੰ ਡੂੰਘੇ ਪਾਣੀਆਂ ਵਿਚ ਲਿਜਾਣ ਦਾ ਬਹੁਤ ਸ਼ੌਕ ਸੀ ਤੇ ਪੱਤਰਕਾਰ ਦੀਪ ਵੀ ਇਸ ਮਿਤਰ ਮੰਡਲੀ ਵਿਚ ਆ ਰਲਿਆ ਸੀ। ਨਵਾਜ਼ ਵੀ ਇੰਗਲੈਂਡ ਛਡ ਕੇ ਕੈਨੇਡਾ ਆ ਗਿਆ ਸੀ ਉਸ ਨੂੰ ਇੰਟਰਨੈਸ਼ਨਲ ਪਾਲੇਟਿਕਸ ਤੇ ਬਹਿਸ ਕਰਨਾ ਤੇ ਪੰਜਾਬ ਵਿਚ ਗੁਜ਼ਾਰੇ ਦਿਨਾਂ ਨੂੰ ਯਾਦ ਕਰਨਾ ਬਹੁਤ ਪਸੰਦ ਸੀ। ਉਹਦੀ ਹਰ ਕੋਸ਼ਿਸ਼ ਹੁੰਦੀ ਕਿ ਦੂਜੇ ਧਰਮਾਂ ਨੂੰ ਸਮਝਿਆ ਜਾਵੇ ਪਰ ਈਸਾਈਅਤ ਦੇ ਗੁਣ ਕੁਝ ਜ਼ਿਆਦਾ ਗਾ ਕੇ ਉਸਦੀ ਪ੍ਰਭੂਸਤਾ ਕਾਇਮ ਕੀਤੀ ਜਾਵੇ। ਕਮਾਲ ਇਹ ਸੀ ਕਿ ਉਸਨੂੰ ਗੱਲ ਬਨਾਉਣੀ ਤੇ ਮਨਾਉਣੀ ਆਉਂਦੀ ਸੀ। ਉਹ ਝੂਠ ਨੂੰ ਸੱਚ ਕਰ ਕੇ ਮਨਾਉਣ ਵਿਚ ਸਫਲ ਹੋ ਜਾਂਦਾ ਸੀ। ਕੋਈ ਓਸ ਨਾਲ ਇਸ ਲਈ ਵੀ ਪੰਗਾ ਨਹੀਂ ਲੈਂਦਾ ਸੀ ਕਿ ਉਹਨੂੰ ਦੂਜੇ ਧਰਮਾਂ ਦੀ ਨਾਲਜ ਵੀ ਸੀ ਜਿਸ ਨਾਲ ਉਹ ਆਪਣੇ ਅਕਲ ਦੇ ਭੇਡੂ ਦਾ ਵਡੇ ਤੋਂ ਵਡੇ ਨਾਢੂ ਖਾਨ ਨਾਲ ਵੀ ਸਿਰ ਭਿੜਾਣ ਲਈ ਸਦਾ ਤਿਆਰ ਰਹਿੰਦਾ ਸੀ। ਨੀਵੀਂ ਜਾਤ ਦੇ ਉਹਦੇ ਵਡੇਰੇ ਅੰਗਰੇਜ਼ ਰਾਜ ਵੇਲੇ ਈਸਾਈ ਹੋ ਗਏ ਸਨ ਪਰ ਉਹਨੇ ਆਪਣਾ ਨਾਂ ਮੁਸਲਮਾਨਾਂ ਵਾਲਾ ਰਖਿਆ ਹੋਇਆ ਸੀ।

ਦੀਪ ਅਕਸਰ ਉਹਨੂੰ ਆਪਣੀਆਂ ਉਹ ਅਣਲਿਖੀਆਂ ਕਹਾਣੀਆਂ ਤੇ ਕਵਿਤਾਵਾਂ ਸੁਣਾਉਂਦਾ ਰਹਿੰਦਾ ਜਿਹੜੀਆਂ ਉਹ ਪਿਛਲੇ ਕਈ ਸਾਲਾਂ ਤੋਂ ਲਿਖਣ ਦੇ ਵਾਅਦੇ ਕਰਦਾ ਆ ਰਿਹਾ ਸੀ। ਜਦ ਉਹ ਜ਼ਿਆਦਾ ਪੀ ਲੈਂਦੇ ਤਾਂ ਸ਼ਿਵ ਦੇ ਸੋਗ ਸੱਥਰ ਤੇ ਬੈਠ ਕੇ ਕੀਰਨੇ ਪਾਉਣ ਲਗ ਜਾਂਦੇ। ਦੀਪ ਦੀਆਂ ਇਹਨਾਂ ਅਣਲਿਖੀਆਂ ਕਹਾਣੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਸੀ ਤੇ ਸ਼ਰਾਬ ਦੇ ਲਗਾਤਾਰ ਕਈ ਪੈਗ ਸੰਘ ਵਿਚ ਸੁੱਟਣ ਤੋਂ ਬਾਅਦ ਦੀਪ ਨੂੰ ਇਹ ਕਹਾਣੀਆਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਲਿੰਡਾ ਅਕਸਰ ਡਾਂਟ ਕੇ ਕਹਿੰਦੀ ਰਹਿੰਦੀ ਕਿ ਦੀਪ ਤੂੰ ਹਾਲੇ ਵੀ ਸ਼ਰਾਬ ਛਡ ਕੇ ਚੰਗੀਆਂ ਕਹਾਣੀਆਂ ਲਿਖ ਸਕਦਾ ਹੈਂ। ਤੇਰੇ ਅੰਦਰ ਦਾ ਟੇਲੈਂਟ ਅਜੇ ਮਰਿਆ ਨਹੀਂ ਹੈ। ਜੇ ਤੂੰ ਹਾਲੇ ਵੀ ਇਸ਼ਕ ਤੇ ਔਰਤ ਦੀ ਗੱਲ ਕਰ ਸਕਦਾ ਹੈਂ ਜਾਂ ਇਹਨਾਂ ਦੇ ਸਾਥ ਦੀ ਲੋਚਾ ਤੇਰੇ ਮਨ ਦੀ ਕਿਸੇ ਨੁਕਰੇ ਵਿਚ ਮੌਜੂਦ ਹੈ ਤਾਂ ਕਹਾਣੀ ਲਿਖਣੀ ਤੇਰੇ ਲਈ ਕੋਈ ਔਖੀ ਨਹੀਂ ਹੈ। ਉਹਦੀ ਗੱਲ ਸੁਣ ਕੇ ਸ਼ਰਮਿੰਦਗੀ ਦੇ ਅਹਿਸਾਸ ਵਿਚ ਦੀਪ ਬਕਾਰਡੀ ਦਾ ਇਕ ਹੋਰ ਵਡਾ ਸਾਰਾ ਸ਼ਾਟ ਅੰਦਰ ਸੁਟਦਾ ਤੇ ਸੋਚਦਾ ਕਿ ਮੈਨੂੰ ਸ਼ਹਿਰ ਮੁੜ ਜਾਣਾ ਚਾਹੀਦਾ ਹੈ। ਇਹਨਾਂ ਗੋਰੇ ਲੋਕਾਂ ਨਾਲ ਮੇਰੀ ਸਾਂਝ ਵੀ ਕੀ ਹੈ। ਇਹੀ ਕਿ ਇਕਠੇ ਕੰਮ ਕਰਦੇ ਹਾਂ। ਇਕਠੇ ਸ਼ਰਾਬ ਪੀ ਕੇ ਆਪਣੇ ਮਨਾਂ ਦੀਆਂ ਚੰਗੀਆਂ ਮਾੜੀਆਂ ਗੱਲਾਂ ਵੀ ਸਾਂਝੀਆਂ ਕਰਦੇ ਹਾਂ ਤੇ ਕਈ ਵਾਰ ਇਕੋ ਵਡੇ ਟੈਂਟ ਵਿਚ ਜਿਥੇ ਨੀਂਦ ਆ ਜਾਵੇ, ਓਥੇ ਹੀ ਸੌਂ ਜਾਂਦੇ ਹਾਂ। ਲਿੰਡਾ ਸਵਰੇ ਕਹੇਗੀ ਕਿ ਰਾਤ ਨੂੰ ਉਸਨੂੰ ਕਿਸੇ ਅਣਜਾਨ ਵੱਲੋਂ ਚੁੰਮੇ ਜਾਣ ਦੇ ਸੁਪਨੇ ਔਂਦੇ ਰਹੇ ਹਨ ਅਤੇ ਐਂਡਰੀਊ ਦੀਪ ਨੂੰ ਘੂਰੀ ਵੱਟ ਕੇ ਕਹੇਗਾ, ਏ ਮੈਨ ਯੂ ਆਰ ਨੈਵਰ ਲਾਸਟ ਆਫਟਰ ਹੈਵੀ ਡਰਿੰਕਸ ਤੇ ਦੀਪ ਇਕ ਸੁਹਿਰਦ ਮਨੁਖ ਦਾ ਸਵਾਂਗ ਕਰਦਿਆਂ ਕਹਿੰਦਾ, ਦੈਟ'ਸ ਆਲ ਰਾਈਟ ਮੈਨ, ਦਿਸ ਇਜ਼ ਲਾਈਫ।

ਇਹ ਸਾਰੇ ਯੂਰਪ ਦੀ ਪਿਠ ਭੂਮੀ ਦੇ ਸਨ ਪਰ ਦੀਪ, ਕਾਬਲ ਤੇ ਨਵਾਜ਼ ਸਿਰਫ ਤਿੰਨੇ ਹੀ ਭਾਰਤੀ ਮੂਲ ਦੇ। ਦੀਪ ਬਹੁਤ ਵਰ੍ਹੇ ਪਹਿਲਾਂ ਕਾਬੁਲ ਤੋਂ ਖੁਸ਼ਕੀ ਦੇ ਰਸਤੇ ਈਰਾਨ, ਟਰਕੀ ਤੇ ਯੂਰਪ ਹੁੰਦਾ ਹੋਇਆ ਇੰਗਲੈਂਡ ਪੁਜ ਅਗੇ ਕਿਸੇ ਤਰੀਕੇ ਨਾਲ ਕੈਨੇਡਾ ਆ ਗਿਆ ਸੀ ਜਿਥੇ ਕੁਝ ਵਰ੍ਹਿਆਂ ਦੀ ਖੱਜਲ ਖਵਾਰੀ ਤੋਂ ਬਾਅਦ ਉਸਨੂੰ ਕੈਨੇਡਾ ਦੀ ਇਮੀਗਰੇਸ਼ਨ ਮਿਲ ਗਈ ਸੀ। ਨਵਾਜ਼ ਤੇ ਉਸਨੂੰ ਭਾਰਤ ਬਹੁਤ ਯਾਦ ਆਉਂਦਾ ਸੀ, ਭਾਰਤ ਜਿਸ ਦੀ ਹਵਾ ਵਿਚ ਜਜ਼ਬਾਤੀ ਸਾਂਝ ਤੋਂ ਇਲਾਵਾ ਵਫਾ ਤੇ ਬੇਵਫਾਈ ਦੇ ਹੌਕੇ ਹਨ। ਲਿੰਡਾ ਤੇ ਐਂਡਰੀਊ ਜੋ ਇਕ ਦੂਜੇ ਨਾਲ ਕਾਮਨ ਇਨ ਲਾਅ ਫ੍ਰੈਂਡਸ਼ਿਪ ਵਿਚ ਰਹਿ ਰਹੇ ਸਨ, ਨੂੰ ਦੀਪ ਨੇ ਆਪਣੇ ਭਾਰਤੀ ਇਸ਼ਕਾਂ ਦੀਆਂ ਗੱਲਾਂ ਬਹੁਤ ਵਧਾ ਚੜ੍ਹਾ ਕੇ ਸੁਣਾਈਆਂ ਹੋਈਆਂ ਸਨ। ਪੱਛਮੀ ਵਿਚਾਰਧਾਰਾ ਦੇ ਉਹ ਲੋਕ ਦੀਪ ਦੀਆਂ ਗੱਲਾਂ ਸੁਣ ਕੇ ਬੜੇ ਹੈਰਾਨ ਹੁੰਦੇ ਜਦੋਂ ਉਹ ਆਪਣੀਆਂ ਦੋ ਵਿਸ਼ੇਸ਼ ਪ੍ਰੇਮਕਾਵਾਂ ਦੇ ਕਿੱਸੇ ਸੁਣਾਂਦਾ ਤੇ ਅੱਖਾਂ ਭਰ ਲੈਂਦਾ। ਉਹਨਾਂ ਦੀ ਜੁਦਾਈ ਦੀਪ ਨੂੰ ਵਿਆਕੁਲ ਕਰਦੀ ਤੇ ਦੀਪ ਦੀਆਂ ਵਫਾਵਾਂ ਤੇ ਬੇਵਫਾਵਾਂ ਚੋਂ ਉਪਜੀ ਤਿਖੀ ਸੂਲ ਨਸ਼ਤਰ ਬਣ ਕੇ ਉਹਦੇ ਜਿਗਰ ਵਿਚ ਚੁਭੀ ਹੋਈ ਸੀ। ਪਛਮ ਦੇ ਲੋਕ ਉਸਦੀ ਓਸ ਪੀੜ ਦੇ ਅਹਿਸਾਸਾਂ ਦਾ ਮਾਪ ਤੋਲ ਨਾ ਕਰ ਸਕਦੇ ਜਿਥੋਂ ਕਾਫੀ ਬਲੀਡਿੰਗ ਹੋ ਗਈ ਸੀ। ਦੀਪ ਨੂੰ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ਼ ਹੋ ਗਿਆ ਸੀ ਕਿ ਖੂੰਨ ਦੀ ਘਾਟ ਸ਼ਰਾਬ ਨਾਲ ਪੂਰੀ ਕੀਤੀ ਜਾ ਸਕਦੀ ਹੈ। ਉਹ ਮਧਹੋਸ਼ ਅੱਖਾਂ ਨਾਲ ਵੇਖ ਰਿਹਾ ਸੀ ਕਿ ਕਾਰ ਦੇ ਟਰੰਕ ਚੋਂ ਲਿੰਡਾ ਫਰੈਂਚ ਵਾਈਨ ਦੀ ਵਡੀ ਬੋਤਲ ਕਢ ਲਿਆਈ ਹੈ ਤੇ ਓਸ ਕਿਸੇ ਨੂੰ ਪੁਛੇ ਬਿਨਾਂ ਪਤਲੇ ਲੱਕਾਂ ਵਾਲੇ ਬਲੌਰੀ ਗਲਾਸ ਭਰ ਕੇ ਸਭ ਨੂੰ ਪੇਸ਼ ਕਰ ਦਿਤੇ। ਇਹ ਗਲਾਸ ਉਹਨੇ ਇਕ ਇਟਾਲੀਅਨ ਸਟੋਰ ਤੋਂ ਖਰੀਦੇ ਸਨ। ਲਿੰਡਾ ਦੇ ਹਥੋਂ ਵਾਈਨ ਫੜ ਕੇ ਸਭ ਨੂੰ ਥੈਂਕਯੂ ਕਹਿਣਾ ਹੀ ਪੈਂਦਾ ਹੈ।

ਇਹ ਸਾਰੇ ਲੋਕ ਵੇਕੇਸ਼ਨ ਤੇ ਸਨ। ਅਗਸਤ ਦੀ ਗਰਮੀ ਨੇ ਗੋਰਿਆਂ ਨੂੰ ਆਪਣੀਆਂ ਸ਼ਟਰਾਂ ਲਾਹ ਲੇਕ ਦੇ ਕੰਢਿਆਂ ਵੱਲ ਤੋਰ ਦਿਤਾ ਸੀ। ਦੂਰ ਕਿਧਰੇ ਚਿੱਟੇ ਕਾਲੇ ਬਦਲਾਂ ਵਿਚੋਂ ਮੌਸਮ ਬਦਲ ਜਾਣ ਦੇ ਆਸਾਰ ਪੈਦਾ ਹੋ ਰਹੇ ਸਨ। ਐਂਡਰੀਊ ਦੀ ਬੋਟ ਸਾਰਿਆਂ ਨੂੰ ਉਨਟੈਰੀਓ ਲੇਕ ਤੇ ਤਾਰੀਆਂ ਲਵਾਉਂਦੀ ਇਕ ਐਸੇ ਆਈਲੈਂਡ ਤੇ ਲੈ ਆਈ ਸੀ ਜਿਥੇ ਲਿੰਡਾ ਕੈਂਪ ਦਾ ਪ੍ਰਬੰਧ ਕਰਨ ਲਈ ਪਹਿਲਾਂ ਹੀ ਪਹੁੰਚੀ ਹੋਈ ਸੀ ਤੇ ਬਾਕੀ ਦੇ ਸਾਥੀਆਂ ਦਾ ਇੰਤਜ਼ਾਰ ਕਰ ਰਹੀ ਸੀ। ਸ਼ਿਕਾਰ ਦੇ ਦਿਨ ਸਨ ਤੇ ਸਰਕਾਰ ਵੱਲੋਂ ਨਿਸਚਿਤ ਇਲਾਕੇ ਵਿਚ ਗਿਣਤੀ ਦੇ ਕੁਝ ਪੰਛੀ ਤੇ ਜਾਨਵਰ ਮਾਰਨ ਦੀ ਇਜਾਜ਼ਤ ਮਿਲੀ ਹੋਈ ਸੀ। ਦੂਰ ਜੰਗਲਾਂ ਵਿਚ ਮੂਸ, ਰੈਬਟ ਤੇ ਹਿਰਨ ਵੀ ਸਨ ਪਰ ਉਹਨਾਂ ਦੀ ਪਹੁੰਚ ਤੋਂ ਦੂਰ ਸਨ। ਉਹ ਤਾਂ ਨਕਲੀ ਸ਼ਿਕਾਰੀ ਸਨ ਤੇ ਅਸਲੀ ਸ਼ਰਾਬੀ ਤੇ ਨਾਮ ਨਿਹਾਦ ਚਿੰਤਕ ਤੇ ਬੁਧੀਜੀਵੀ। ਉਹਨਾਂ ਵਿਚੋਂ ਕੁਝ ਇਕ ਨੇ ਕੁੰਡੀ ਲਾ ਕੇ ਮਛੀ ਜ਼ਰੂਰ ਫੜੀ ਸੀ ਪਰ ਤਿਲੀਅਰ, ਬਟੇਰੇ ਜਾਂ ਮੁਰਗਾਬੀ ਦੇ ਸ਼ਿਕਾਰ ਦਾ ਤਾਂ ਸਵਾਲ ਹੀ ਪੈਦਾ ਨਾ ਹੋਇਆ। ਸੀਗਲ ਮਾਰਨ ਦੀ ਮਨਾਹੀ ਤੇ ਜੁਰਮਾਨਾ ਭਰਨਾ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ ਅਤੇ ਨਾ ਹੀ ਕਿਸੇ ਕੋਲ ਏਨਾ ਹੌਸਲਾ ਹੀ ਸੀ। ਕਈਆਂ ਨੇ ਉਹ ਖਬਰ ਪੜ੍ਹੀ ਹੋਈ ਸੀ ਕਿ ਇਕ ਅਮਰੀਕਨ ਬੱਲੇਬਾਜ਼ ਦੀ ਗੇਂਦ ਸੀਗਲ ਨੂੰ ਵਜਣ ਤੇ ਉਸ ਨੇ 500 ਡਾਲਰ ਜੁਰਮਾਨੇ ਦੇ ਭਰੇ ਸਨ। ਆ ਜਾ ਕੇ ਸਾਰਿਆਂ ਦਾ ਬਹੁਤਾ ਜ਼ੋਰ ਸ਼ਰਾਬ ਪੀਣ ਤੇ ਲੱਗ ਗਿਆ ਸੀ ਤੇ ਐਂਡਰੀਊ ਨੂੰ ਉਸ ਵੇਲੇ ਆਪਣੀ ਬੋਟ ਦੀਆਂ ਮੁਹਾਰਾਂ ਟਰਾਂਟੋ ਵੱਲ ਮੋੜਨੀਆਂ ਪਈਆਂ ਜਦੋਂ ਦੀਪ ਨੂੰ ਖੂੰਨ ਦੀਆਂ ਉਲਟੀਆਂ ਆਉਣ ਲਗ ਪਈਆਂ ਤੇ ਲੇਕ ਦੇ ਕੰਢੇ ਤੇ ਪੁਜਦੇ ਹੀ ਐਂਬੂਲੰਸ ਕਾਲ ਕਰ ਕੇ ਉਹਨੂੰ ਤੁਰਤ ਟਰਾਂਟੋ ਦੇ ਸਭ ਤੋਂ ਵਡੇ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ।

ਨਵਾਜ਼ ਦਾ ਕਹਿਣਾ ਸੀ ਕਿ ਰੋਜ਼ ਦੀਪ ਨੂੰ ਹਸਪਤਾਲ ਵੇਖਣ ਜਾਇਆ ਕਰੇਗਾ ਅਤੇ ਨਰਸਾਂ ਤੇ ਡਾਕਟਰਾਂ ਤੋਂ ਚੋਰੀ ਉਸ ਦੇ ਸਰ੍ਹਾਣੇ ਜਾਂ ਬੈੱਡ ਥਲੇ ਸਕਾਚ ਦੀ ਛੋਟੀ ਬੋਤਲ ਰਖ ਆਇਆ ਕਰੇਗਾ। ਪਰ ਇਹ ਦੀਪ ਦੀ ਆਖਰੀ ਪਿਕਨਿਕ ਸੀ ਤੇ ਆਪਣੀ ਪ੍ਰਤਿਭਾ ਨੂੰ ਜ਼ਾਹਰ ਕਰਨ ਲਈ ਉਹ ਸਮੇਂ ਨੂੰ ਅਨਕੂਲ ਕਰਨ ਦੇ ਵਧ ਤੋਂ ਵਧ ਅਸਫਲ ਯਤਨ ਕਰਦਾ ਕਰਦਾ ਆਖਰ ਇਕ ਦਿਨ ਆਪਣੇ ਸਾਰੇ ਦੋਸਤਾਂ ਨੂੰ ਅਲਵਿਦਾ ਕਹਿ ਗਿਆ। ਮਰਨ ਵੇਲੇ ਜਦ ਉਸ ਅੱਖਾਂ ਪੁਟ ਕੇ ਏਧਰ ਓਧਰ ਬੈਠੇ ਆਪਣੇ ਦੋਸਤਾਂ ਤੇ ਨਿਕਟਵਰਤੀਆਂ ਨੂੰ ਵੇਖਿਆ ਤਾਂ ਇੰਜ ਲਗ ਰਿਹਾ ਸੀ ਜਿਵੇਂ ਉਸਦੀਆਂ ਅੱਖਾਂ ਕਿਸੇ ਐਸੀ ਤਲਬ ਦੀ ਆਸ ਵਿਚ ਸਨ ਜੋ ਯੁਗਾਂ ਯੁਗਾਂ ਤੋਂ ਉਹਦੇ ਧੁਰ ਅੰਦਰ ਬਹੁਤ ਬੁਰੀ ਤਰ੍ਹਾਂ ਖੁਭੀ ਹੋਈ ਸੀ। ਉਸਦੇ ਕੁਝ ਦੋਸਤਾਂ ਦਾ ਕਹਿਣਾ ਸੀ ਕਿ ਦੀਪ ਦੇ ਮਨ ਅੰਦਰ ਕਹਿਣ ਲਈ ਬਹੁਤ ਕੁਝ ਬਾਕੀ ਸੀ ਜੋ ਉਹ ਕਿਸੇ ਨੂੰ ਦਸਦਾ ਨਹੀਂ ਸੀ। ਆਪਣੇ ਬਹੁਤ ਹਮਰਾਜ਼ ਦੋਸਤਾਂ ਤੋਂ ਵੀ ਆਪਣੇ ਮਨ ਦੇ ਗਮ ਨੂੰ ਲੁਕਾਂਦਾ ਬੱਸ ਸ਼ਰਾਬ ਦਾ ਸਹਾਰਾ ਹੀ ਲੈਂਦਾ ਰਿਹਾ ਸੀ।