ਘਰ ਦਾ ਨਾ ਘਾਟ ਦਾ (ਕਹਾਣੀ)

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਜਦੋ ਕਮਲ ਨੂੰ ਇਂੰਟਰਵਿਊ ਲਈ ਫੋਨ ਆਇਆ। ਉਹ ਖੁਸ਼ ਹੋ ਗਈ। ਅਜੇ ਉਹ ਕੱਲ ਹੀ ‘ਫਾਸਟ ਫੂਡ’ ਰੈਸਟੋਰੈਂਟ ਵਿਚ ‘ਅਪਲਾਈ ਕਰਕੇ ਆਈ ਸੀ। ਜਦੋ ‘ਮੈਨੇਜਰ’ ਨੇ ਫੋਨ ੳੋੁੱਪਰ ਹੀ ਪੁਛਿਆ,“ ਆਰ ਯੁ ਪੰਜਾਬੀ।”
      “ਜੈਸ,ਆਈ ਐੇਮ ਪੰਜਾਬੀ।” ਉਸ ਨੇ ਬਹੁਤ ਚਾਅ ਨਾਲ ਕਿਹਾ।
ਦੂਸਰੇ ਦਿਨ ਕਮਲ ਨੇ ਦੇਖਿਆ ਇੰਟਰਵਿਊ ਕਰਨ ਵਾਲਾ ‘ਮੈੇਨੇਜਰ’ ਵੀ ਪੰਜਾਬੀ ਹੀ ਸੀ। ਪਰ ਉਸ ਦੀਆਂ ਹਰੀਆਂ ਅੱਖਾਂ ਅਤੇ ਗੋਰੇ ਰੰਗ ਤੋਂ ਉਹ ਗੋਰਾ ਹੀ ਲੱਗਦਾ ਸੀ। ਕੰਮ ਉੱਪਰ ਕਮਲ ਨਾਲ ਹੌਲੀ ਹੌਲੀ ਪੰਜਾਬੀ ਬੋਲਣ ਲੱਗ ਪਿਆ ਸੀ। ਭਾਂਵੇ ਉਸ ਦਾ ਜਨਮ ਇੰਗਲੈਂਡ ਦਾ ਸੀ। ਪਰ ਪੰਜਾਬੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ। ਉਸ ਦਾ ਯਕੀਨ ਸੀ ਕਿ ਪੰਜਾਬੀ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ। ਇਸ ਕਰਕੇ ਪੰਜਾਬੀਆਂ ਨੂੰ ਹੀ ਕੰਮ ਉੱਪਰ ਰੱਖਣ ਦਾ ਜਤਨ ਕਰਦਾ। ਦੋ ਤਿੰਨ ਹੋਰ ਕੁੜੀਆਂ ਵੀ ਕਮਲ ਨਾਲ ਕੰਮ ਕਰਦੀਆਂ ਸਨ। ਉਹਨਾਂ ਨਾਲ ਵੀ ਉਹ ਜ਼ਿਆਦਾਤਰ ਪੰਜਾਬੀ ਹੀ ਬੋਲਦਾ। ਇਕ ਦਿਨ ਕਹਿਣ ਲੱਗਾ,“ ਜਦੋ ਮੈ ਇੰਗਲੈਂਡ ਤੋਂ ਕੈਨੇਡਾ ‘ਮੂਵ’ ਹੋਇਆ, ਮੇਰੀ ਬੀਬੀ ਦਾ ਰੋਜ{ਰੋਣ} ਹੀ ਬੰਦ ਨਾ ਹੋਵੇ, ਮੇਰੇ ਲੀੜੇ ਵੀ ਬੀਬੀ ਨੇ ਹੀ ਸੂਟਕੇਸ ਵਿਚ ਪਾਏ।” ਉਸ ਦੀ ਏਨੀ ਗਹੂੜੀ ਪੰਜਾਬੀ ਦੇਖ ਕੇ ਕਮਲ ਨੇ ੳਦੋਂ ਹੀ ਪੁੱਛਿਆ,“ ਸੈਂਡੀ, ਤੁਸੀ ਪੰਜਾਬ ਜਾਂਦੇ ਰਹਿੰਦੇ ਹੋ?”
      “ ਨਾ ਭੈਣ, ਮੈ ਕਦੇ ਪੰਜਾਬ ਨਹੀ ਗਿਆ” ਉਸ ਨੇ ਪੰਜਾਬ ਨਾ ਦੇਖਣ ਦੇ ਦੁੱਖ ਨਾਲ ਕਿਹਾ।
ਕਮਲ ਹੈਰਾਨ ਸੀ ਕਿ ਇਹ ਕਦੇ ਪੰਜਾਬ ਵੀ ਨਹੀ ਗਿਆ। ਫਿਰ ਵੀ ਪੰਜਾਬੀਅਤ ਨਾਲ ਇਸ ਨੂੰ ਇੰਨਾਂ ਪਿਆਰ ਹੈ।
      ਸੈਂਡੀ ਦਾ ਅਸਲੀ ਨਾਮ ਤਾਂ ਸੁਰਿੰਦਰ ਸੀ। ਪਰ ਕੰਮ ‘ਤੇ’ ਸਾਰੇ ਉਸ ਨੂੰ ਸੈਂਡੀ ਹੀ ਆਖਦੇ। ਉਸ ਦਾ ਸੁਭਾਅ ਚੰਗਾ ਹੋਣ ਕਾਰਣ ਹਰ ਕੋਈ ਉਸ ਨੂੰ ਪਸੰਦ ਕਰਦਾ। ਗੋਰੀ ‘ ਸੁਪਰਵਾਈਜਰ’ ਕੈਲੀ ਉਸ ਦੇ ਮੋਢਿਆਂ ਉੱਪਰ ਹੀ ਚੜ੍ਹੀ ਰਹਿੰਦੀ। ਕਦੀ ਕਦੀ ਤਾਂ ਸੈਂਡੀ ਵੀ ਉਸ ਨਾਲ ਹੇਲ ਮੇਲ ਹੋ ਜਾਦਾਂ। ਪਰ ਕਮਲ ਨੂੰ ਦੇਖਦੇ ਹੀ ਸੰਭਲ ਜਾਦਾਂ, ਜਿਵੇ ਕਮਲ ਤੋਂ ਉਸ ਨੂੰ ਸ਼ਰਮ ਆਉਂਦੀ ਹੋਵੇ। ਇਕ ਦਿਨ ਕੈਲੀ ਸੈਂਡੀ ਦੇ ਮਗਰ ਹੀ ਪੈ ਗਈ ਕਿ ਉਹ ਉਸ ਨੂੰ ਬਾਹਰ ਖਾਣੇ ਉੱਪਰ ਲੈ ਕੇ ਜਾਵੇ। ਸੈਡੀ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਉਹ ਕੈਲੀ ਨੂੰ ਮਗਰੋ ਕਿਵੇ ਲਾਵੇ। ਕਮਲ ਨੇ ਸੈਂਡੀ ਨੂੰ ਸੁਝਾਅ ਦਿੱਤਾ, “ ਤੁਸੀ ਆਪਣੀ ਪਤਨੀ ਨੂੰ ਵੀ ਨਾਲ ਲੈ ਜਾਉ”
      “ਦੈਟਸ ਗੁਡ ਆਈਡਿਆ।” ਸੈਂਡੀ ਨੇ ਹੱਸ ਕੇ ਕਿਹਾ।
ਦੂਸਰੇ ਦਿਨ ਕੈਲੀ ਕੰਮ ਉੱਪਰ ਚੁੱਪ ਚੁੱਪ ਰਹੀ। ਕਮਲ ਨੇ ਕੈਲੀ ਤੋਂ ਪੁਛ ਹੀ ਲਿਆ,“ ਹਉ ਵਾਜ ਡਿਨਰ”
      “ਆਈ ਡੌਂਟ ਨੋ, ਹੀ ਇਜ਼ ਮੈਰਿਡ” ਕੈਲੀ ਨੇ ਬਿਨ੍ਹਾਂ ਝਿਜਕ ਦੇ ਕਿਹਾ।
ਹੁਣ ਕੈਲੀ ਹਿਸਾਬ ਨਾਲ ਹੀ ਸੈਂਡੀ ਨਾਲ ਬੋਲਦੀ ਚਲਦੀ ਸੀ। ਇਸ ਨਾਲ ਕਮਲ ਨਾਲ ਕੰਮ ਕਰਦੀ ਕੁੜੀ ਜਸਵਿੰਦਰ ਬਹੁਤ ਖੁਸ਼ ਹੋਈ ਅਤੇ ਬੋਲੀ, “ਚਲੋ ਇਹ ਕੁਲੈਣੀ ਤਾਂ ਸੈਂਡੀ ਦੇ ਗਲੋ ਲੱਥੀ ਅਤੇ ਉਸ ਦਾ ਘਰ ਬਚ ਗਿਆ।
      ਥੋੜ੍ਹੇ ਦਿਨਾਂ ਬਾਅਦ ਹੀ ਇੱਕ ਪੰਜਾਬੀ ਕੁੜੀ ਕੰਮ ਉੱਪਰ ‘ਅਪਲਾਈ’ ਕਰਨ ਆਈ। ਉਹ ਕਾਫ਼ੀ ਖੂਬਸੂਰਤ ਸੀ। ਫਿਰ ਵੀ ਉਸ ਨੇ ਚਿਹਰੇ ਉੱਪਰ ਹਦੋ ਵੱਧ ਮੇਅਕੱਪ ਕੀਤਾ ਹੋਇਆ ਸੀ। ਸੈਂਡੀ ਉਸ ਵੇਲੇ ਹੋਣ ਵਿਹਲਾ ਸੀ। ਇਸ ਲਈ ਉਸ ਨੇ ‘ਇੰਟਰਵਿਊ’ ਲਈ ਕੁੜੀ ਨੂੰ ਦਫ਼ਤਰ ਵਿਚ ਬੁਲਾ ਲਿਆ। ਉਸ ਦੇ ਜਾਣ ਤੋਂ ਬਾਅਦ ਸੈਂਡੀ ਨੇ ਦੱਸਿਆ, “ ਉਸ ਦਾ ਨਾਮ ਪਰਨਜੀਤ ਹੈ। ਥੋੜ੍ਹੀ ਦੇਰ ਹੋਈ ਹੈ ਉਸ ਨੂੰ ਪੰਜਾਬ ਤੋਂ ਆਈ ਨੂੰ। ਹੁਣ ਉਹ ਵੀ ਤੁਹਾਡੇ ਨਾਲ ਕੰਮ ਕਰਿਆ ਕਰੇਗੀ।”
      “ਵੇਖਣ ਨੂੰ ਤਾਂ ਚੰਗੀ ਲੱਗਦੀ ਸੀ।” ਜਸਵਿੰਦਰ ਨੇ ਆਪਣਾ ਵਿਚਾਰ ਦਿੱਤਾ।
ਉਸ ਸਮੇਂ ਸੈਂਡੀ ਚੁੱਪ ਰਿਹਾ। ਪਰ ਥੋੜ੍ਹੀ ਦੇਰ ਬਾਅਦ ਕਮਲ ਦੇ ਕੋਲ ਜਾਕੇ ਕਹਿਣ ਲੱਗਾ, “ਕੁੜੀ ਹੈ ਬਹੁਤ ਤੇਜ਼, ‘ਇੰਟਰਵਿਊ’ ਤੋਂ ਬਾਅਦ ਜਦੋ ਮੈ ਉਸ ਨਾਲ ਹੱਥ ਮਿਲਾਇਆ, ਉਸ ਨੇ ਤਾਂ ਮੇਰਾ ਹੱਥ ਹੀ ਘੁੱਟ ਲਿਆ।”
ਸੈਂਡੀ ਹੈਰਾਨੀ ਨਾਲ ਕਮਲ ਕੋਲੋ ਪੁਛਣ ਲੱਗਾ,“ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਕੁੜੀਆਂ ਵੀ ਹੁੰਦੀਆਂ ਹਨ? ਮੈਨੂੰ ਅੱਜ ਪਤਾ ਲੱਗਾ।”
      ਪਰਨਜੀਤ ਹੁਣ ਹਰ ਰੋਜ਼ ਕੰਮ ਉੱਪਰ ਸੱਜ-ਧੱਜ ਕੇ ਆਉਣ ਲੱਗੀ। ਸਾਲ ਹੀ ਹੋਇਆ ਸੀ ਉਸ ਨੂੰ ਕੈਨੇਡਾ ਆਇਆ। ਸਾਲ ਦੇ ਅੰਦਰ ਅੰਦਰ ਹੀ ਪੰਜਾਬ ਜਾ ਕੇ ਵਿਆਹ ਕਰਵਾ ਕੇ ਵਾਪਸ ਆਈ ਸੀ। ਉਸ ਦੀ ਇਹ ‘ਲਵ ਮੈਰਿਜ਼’ ਹੈ। ਇਹ ਸਾਰੀਆਂ ਗੱਲਾਂ ਉਸ ਨੇ ਆਪ ਹੀ ਫ਼ਖਰ ਨਾਲ ਦੱਸੀਆਂ ਸਨ।
      ਹੌਲੀ ਹੌਲੀ ਪਰਨਜੀਤ ਸੈਂਡੀ ਨਾਲ ਘੁਲ-ਮਿਲ ਗਈ। ਹੁਣ ਸੈਂਡੀ ਨੂੰ ਵੀ ਉਹ ਚੰਗੀ ਲੱਗਦੀ। ਉਸ ਦੀ ‘ਸ਼ਿਫਟ’ ਆਪਣੇ ਨਾਲ ਹੀ ਰੱਖਦਾ। ਇਕ ਦਿਨ ਕਮਲ ਅਤੇ ਬਾਕੀ ਕੁੜੀਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
      “ਪਰਨ, ਤੁਹਾਡੇ ਦੋਹਾਂ ਲਈ ਇਹ ਗੱਲ ਠੀਕ ਨਹੀ ਹੈ, ਸੈਂਡੀ  ਤਾਂ ਹੁਣ ਇਕ ਬੱਚੇ ਦਾ ਬਾਪ ਵੀ ਬਨਣ ਵਾਲਾ ਹੈ। ਤੇਰਾ ਪਤੀ ਵੀ ਇੰਡੀਆਂ ਤੋ ਆੳਂੁਣ ਵਾਲਾ ਹੈ।” ਕਮਲ ਨੇ ਪਿਆਰ ਨਾਲ ਪਰਨਜੀਤ ਨੂੰ ਕਿਹਾ।
ਪਰਨਜੀਤ ਨੇ ਚੁੱਪ-ਚਾਪ ਇਹ ਗੱਲਾਂ ਸੁਣ ਲਈਆਂ, ਪਰ ਬੋਲੀ ਕੁੱਝ ਨਹੀ। ਬਾਅਦ ਵਿਚ ਸੈਂਡੀ ਦੇ ਐਸੇ ਕੰਨ ਭਰੇ ਕਿ ਸੈਂਡੀ ਕਮਲ ਨਾਲ ਘੱਟ ਹੀ ਗੱਲ ਕਰਦਾ।
      ਹੁਣ ਪਰਨਜੀਤ ਅਤੇ ਸੈਂਡੀ ਖੂਬ ਘੁੰਮਦੇ ਫਿਰਦੇ। ਜਿਵੇ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਹੀ ਨਹੀ ਸੀ। ਜਸਵਿੰਦਰ ਇਸ ਤਰ੍ਹਾਂ ਦੇਖ ਕੇ ਬਹੁਤ ਦੁੱਖੀ ਹੁੰਦੀ ਅਤੇ ਬੋਲਦੀ, “ਮੇਰਾ ਦਿਲ ਕਰਦਾ ਹੈ ਕਿ ਇਹ ਸਭ ਕੁੱਝ ਮੈ ਸੈਂਡੀ ਦੀ ਪਤਨੀ ਨੂੰ ਦੱਸਾਂ, ਉਹ ਪੜ੍ਹੀ ਲਿੱਖੀ ਅਤੇ ਸੋਹਣੀ ਵੀ ਹੈ, ਪਤਾ ਨਹੀ ਸੈਂਡੀ ਪਰਨਜੀਤ ਦੇ ਮਗਰ ਕਿਉ ਫਿਰਦਾ ਹੈ।”
      “ ਇਹੋ ਜਿਹੇ ਆਦਮੀਆਂ ਨੂੰ ਪਸੂਆਂ ਵਾਂਗ ਦੂਸਰੀ ਖੁਰਲੀ ਦੇ ਪੱਠੇ ਖਾਣ ਦੀ ਆਦਤ ਹੁੰਦੀ ਹੈ।” ਜਸਵਿੰਦਰ ਆਪ ਹੀ ਆਪਣੀ ਗੱਲ ਦਾ ਜਵਾਬ ਦੇਂਦੀ।
      ਜਿਸ ਦਿਨ ਸੈਂਡੀ ਦੇ ਘਰ ਪੁੱਤਰ ਨੇ ਜਨਮ ਲਿਆ। ਉਹ ਬਹੁਤ ਖੁਸ਼ ਸੀ। ਕੰਮ ਉੱਪਰ ਸਾਰਿਆਂ ਨੂੰ ਮੱਠਿਆਈ ਖੁਆਈ। ਪਰਨਜੀਤ ਨੂੰ ਕਿਸੇ ਵਧੀਆ ਹੋਟਲ ਵਿਚ ਲੈ ਕੇ ਗਿਆ। ਅੱਜ ਕੱਲ ਸੈਂਡੀ ਨੂੰ ਪਰਨਜੀਤ ਤੋਂ ਬਗ਼ੈਰ ਹੋਰ ਕੁੱਝ ਨਹੀ ਸੀ ਦਿੱਸਦਾ।
      ਅਚਾਨਕ ਪਰਨਜੀਤ ਨੂੰ ਪੰਜਾਬ ਤੋਂ ਫੋਨ ਆਇਆ। ਉਸ ਦੇ ਪਤੀ ਨੂੰ ਕੈਨੇਡਾ ਪਹੁੰਚਣ ਵਿਚ ਕੋਈ ਅੜਚਨ ਆ ਰਹੀ ਸੀ। ਇਸ ਲਈ ਪਰਨਜੀਤ ਨੂੰ ‘ਇੰਡੀਆ ਜਾਣਾ ਪੈ ਗਿਆ। ਉਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਹ ਸੈਂਡੀ ਦੇ ਬੱਚੇ ਦੀ ਮਾਂ ਬਨਣ ਵਾਲੀ ਹੈ। ਘਰ ਵਿਚ ਕਲੇਸ਼ ਪੈ ਗਿਆ। ਪਰ  ‘ਅਬੋਰਸ਼ਨ’ ਕਰਾਣ ਨਾਲ ਛੇਤੀ ਹੀ ਲੜਾਈ ਮੱਠੀ ਪੈ ਗਈ। ਕਿਉਕਿ ਪਰਨਜੀਤ ਦੇ ਸਹੁਰੇ ਅਤੇ ਘਰਵਾਲਾ ਕੈਨੇਡਾ ਆਉਣਾ ਚਾਹੁੰਦੇ ਸਨ, ਜਿਸ ਦੇ ਲਾਲਚ ਵਿਚ ਉਹ ਆਪਣੇ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਭੁੱਲ ਚੁੱਕੇ ਸਨ।
      ਉਧਰ ਸੈਂਡੀ ਦੀ ਪਤਨੀ ਨੂੰ ਇਹ ਸਭ ਕੁੱਝ ਦਾ ਪਤਾ ਲੱਗ ਚੁੱਕਾ ਸੀ। ਉਹ ਆਪਣਾ ਬੱਚਾ ਲੈ ਕੇ ਅਲੱਗ ਰਹਿਣ ਲੱਗ ਪਈ। ਸੈਂਡੀ ਨੇ ਉਸ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਹ ਸੈਂਡੀ ਨੂੰ ਖਰੀਆਂ ਖਰੀਆਂ ਸਣਾਂਉਦੀ, “ ਆਪਣੇ ਲੋਕਾਂ ਨਾਲੋ ਗੋਰੇ ਹੀ ਚੰਗੇ, ਜਿਹੜੇ ਸਾਫ ਦੱਸ ਦਿੰਦੇ ਹਨ ਕਿ ਮੇਰੇ ਸਬੰਧ ਫਲਾਨੀ ਜ਼ਨਾਨੀ ਨਾਲ ਹਨ, ਮੈ ਹੋਰ ਤੇਰੇ ਨਾਲ ਨਹੀ ਰਹਿ ਸਕਦਾ।ਇਹ ਲੋਕ ਝੂਠ ਬੋਲਣ ਦਾ ਅਤੇ ਧੌਖਾ ਦੇਣ ਦੇ ਦੋ ਪਾਪ ਇੱਕਠੇ ਨਹੀ ਕਰਦੇ। ਇਸ ਚੁੜੇਲ ਨਾਲੋ ਤਾਂ ਉਹ ਕੈਲੀ ਚੰਗੀ ਜਿਸ ਨੇ ਤੈਨੂੰ ਇਸ ਕਰਕੇ ਛੱਡ ਦਿੱਤਾ ਕਿ ਤੂੰ ਸ਼ਾਦੀ ਸ਼ੁਦਾ ਹੈ। ਫਿਰ ਵੀ ਤੇਰੇ ਵਰਗੇ ਇਹਨਾਂ ਲੋਕਾਂ ਨੂੰ ਨਿੰਦ ਦੇ ਨਹੀ ਥੱਕਦੇ।” ਜਦੋ ਬੋਲਦੀ ਨੂੰ ਸਾਹ ਚੜ੍ਹ ਜਾਦਾਂ ਤਾਂ ਜਾ ਕੇ ਕਿਤੇ ਚੁੱਪ ਕਰਦੀ ਅਤੇ ਸੈਂਡੀ ਨੂੰ ਘਰ ਤੋਂ ਬਾਹਰ ਧੱਕ ਕੇ, ਠਾਹ ਕਰਕੇ ਦਰਵਾਜਾ ਬੰਦ ਕਰ ਲੈਂਦੀ।
      ਪਰਨਜੀਤ ਅਤੇ ਉਸ ਦਾ ਪਤੀ ਐਸ਼ ਨਾਲ ਰਹਿ ਰਿਹੇ ਸਨ। ਚੋਰੀ ਛਿਪੇ ਕਿਤੇ ਕਿਤੇ ਸੈਂਡੀ ਤੋਂ ਵੀ ਖਾਹ ਪੀ ਜਾਂਦੀ। ਪਰ ਫਿਰ ਵੀ ਸੈਂਡੀ ਆਪਣੇ ਪੁੱਤਰ ਨੂੰ ਯਾਦ ਕਰਦਾ ‘ਡਿਪਰੈਸ਼ਨ’ ਵਿਚ ਜਾਣ ਲੱਗਾ। ਉਸ ਦੀ ਸਿਹਤ ਵੀ ਗਿਰਨ ਲੱਗੀ। ਪਰਨਜੀਤ ਨੂੰ ਕੋਈ ਪਰਵਾਹ ਨਹੀ ਸੀ। ਉਹ ਆਉਂਦੀ ਜਾਂਦੀ ਸੈਂਡੀ ਦੇ ਪੈਸੇ ਬਟੋਰ ਕੇ ਲੈ ਜਾਂਦੀ। ਹੁਣ ਤਾਂ ਉਸ ਨੇ ਆਪਣੇ ਵਾਲ ਕੱਕੇ ਰੰਗ ਕੇ ਕਟਾ ਲਏ ਸਨ। ਕੱਪੜੇ ਅਤੇ ਆਪਣੀ ਬੋਲ ਚਾਲ ਵੀ ਬਦਲ ਲਈ ਸੀ। ਉਹ ਹੁਣ ਪੰਜਾਬਣ ਘੱਟ ਅਤੇ ਗੋਰੀ ਜ਼ਿਆਦਾ ਲੱਗਦੀ ਸੀ। ਉਸ ਨੇ ਕੰਮ ਕਿਸੇ ਹੋਰ ਥਾਂ ਲੱਭ ਲਿਆ। ਸੈਂਡੀ ਵੀ ਕਿਸੇ ਹੋਰ ਸਟੋਰ ਵਿਚ ਚਲਾ ਗਿਆ ਸੀ।
      ਸਾਲ ਬਾਅਦ ਸੈਂਡੀ, ਕਮਲ ਨੂੰ ‘ਸੇਫ ਵੇਅ’ ਸਟੋਰ ਵਿਚ ਮਿਲਿਆ। ਕਮਲ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਬਹੁਤ ਥੱਕਿਆ ਹੋਇਆ ਅਤੇ ਕਮਜ਼ੋਰ ਲੱਗ ਰਿਹਾ ਸੀ। ‘ਡਿਪਰੈਸ਼ਨ’ ਕਰਕੇ ਉਸ ਦਾ ਕੰਮ ਵੀ ਖੁਸ ਗਿਆ ਸੀ। ਉਸ ਦੇ ਦੱਸਣ ਮੁਤਾਬਿਕ ਪਰਨਜੀਤ ਵੀ ਪਤਾ ਨਹੀ ਕਿੱਧਰ ਗਈ। ਘਰ ਵੀ ਵੇਚਣਾ ਪਿਆ। ਉਸ ਦੀ ਪਤਨੀ ਨਾਲ ਉਸ ਦਾ ਕੇਸ ਚਲਦਾ ਸੀ। ਜਦੋ ਕਮਲ ਨੇ ਉਸ ਨੂੰ ਉਸ ਦੇ ਪੁੱਤਰ ਬਾਰੇ ਪੁਛਿਆ, ਦੋ ਮੋਟੇ ਮੋਟੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਨਿਕਲੇ ਅਤੇ ਭਰੀ ਹੋਈ ਅਵਾਜ਼ ਨਾਲ ਬੋਲਿਆ,
      “ ਭੈਣ, ਹੁਣ ਤਾਂ ਮੈਂ ਨਾ ਘਰ ਦਾ ਰਿਹਾ ਨਾ ਘਾਟ ਦਾ।”