ਧੀਆਂ (ਕਵਿਤਾ)

ਰਾਜ ਲੰਗਿਆਣਾ   

Email: surinder7dubai@gmail.com
Cell: +91 96898 94171
Address:
ਮੋਗਾ India
ਰਾਜ ਲੰਗਿਆਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਵਿੱਚ ਤ੍ਰਿਝੰਣਾਂ ਨਾ ਧੀਆਂ ਦੇ, ਬਾਝੋਂ ਰੌਣਕ ਰਹਿਣੀ,
ਨਾ ਤੀਆਂ ਦੇ ਲੱਗਣੇ ਮੇਲੇ, ਨਾ ਹੀ ਕਿੱਕਲੀ ਪੈਣੀ,
ਇੱਕ ਦਿਨ ਐਸਾ ਆਉਣਾ, ਇਹ ਨਾ ਨਜ਼ਰੀਂ ਆਉਣਗੀਆਂ,
ਤੁਸੀਂ ਕਿੱਥੋਂ ਪੁੱਤ ਵਿਆਉਣੇ, ਜੇ ਧੀਆਂ ਨਾ ਹੋਣਗੀਆਂ।
ਓਹ ਧੀਆਂ ਦੇ ਕਾਤਲ ਲੋਕੋ, ਕੁਝ ਤਾਂ ਧੀਆਂ ਬਾਰੇ ਸੋਚੋ। 
ਇੰਝ ਹੀ ਧੀ ਤੇ, ਜੇ ਤੁਸੀਂ ਲੋਕੋ ਪਰਖੋਗੇ,
ਇੱਕ ਦਿਨ ਪੁੱਤਰਾਂ ਵਾਂਗੂੰ, ਲੋਕੋ ਧੀਆਂ ਨੂੰ ਤਰਸੋਗੇ।
ਚਿੜੀਆਂ ਵਾਂਗ ਦੂਰ ਆਲ੍ਹਣੇ, ਜਦ ਇਹ ਪਾਉਣਗੀਆਂ,
ਤੁਸੀਂ ਕਿੱਥੋਂ ਪੁੱਤ ਵਿਆਉਣੇ, ਜੇ ਧੀਆਂ ਨਾ ਹੋਣਗੀਆਂ।
ਓਹ ਧੀਆਂ ਦੇ ਕਾਤਲ ਲੋਕੋ, ਕੁਝ ਤਾਂ ਧੀਆਂ ਬਾਰੇ ਸੋਚੋ। 
ਮਾਪੇ ਹੀ ਜੇ ਹੋਵਣ ਕਾਤਲ, ਕਿਥੇ ਧੀਆਂ ਜਾਵਣ,
ਕੁੱਖ ਦੇ ਵਿੱਚੋਂ ਰੋ-ਰੋ ਲੋਕੋ, ਕਿਹਨੂੰ ਦੁੱਖ ਸੁਣਾਵਣ।
ਜੇ ਨਫਰਤ ਹੋਗੀ ਜਗ ਤੋਂ, ਨਾ ਮੁੜ ਵਾਪਸ ਆਉਣਗੀਆਂ,
ਤੁਸੀਂ ਕਿੱਥੋਂ ਪੁੱਤ ਵਿਆਉਣੇ, ਜੇ ਧੀਆਂ ਨਾ ਹੋਣਗੀਆਂ।
ਓਹ ਧੀਆਂ ਦੇ ਕਾਤਲ ਲੋਕੋ, ਕੁਝ ਤਾਂ ਧੀਆਂ ਬਾਰੇ ਸੋਚੋ। 
ਜਿਨ੍ਹਾਂ ਦੇ ਨਾ ਪੁੱਤਰ ਧੀਆਂ, ਉਹ ਨਿੱਤ ਦੁਆਵਾਂ ਕਰਦੇ,
ਪੁੱਤ ਨਹੀਂ ਤਾਂ ਧੀ ਹੀ ਦੇ-ਦੇ, ਸਾਡੀ ਕੁੱਖ ਸੁਲੱਖਣੀ ਕਰਦੇ।
ਧੀਆਂ ਵੀ ਤਾਂ ਪੁੱਤਾਂ ਵਾਂਗੂੰ, ਸਾਡੇ ਦਰਦ ਵੰਡਾਉਣਗੀਆਂ,
ਤੁਸੀਂ ਕਿੱਥੋਂ ਪੁੱਤ ਵਿਆਉਣੇ, ਜੇ ਧੀਆਂ ਨਾ ਹੋਣਗੀਆਂ।
ਓਹ ਧੀਆਂ ਦੇ ਕਾਤਲ ਲੋਕੋ, ਕੁਝ ਤਾਂ ਧੀਆਂ ਬਾਰੇ ਸੋਚੋ। 
ਸੋਚ ਬਦਲ ਦਿਉ ਆਪਣੀ, ਮਾੜੀ ਸੋਚ ਦੁਰਕਾਰ ਦਿਉ,
ਪੁੱਤਰਾਂ ਨੂੰ ਵੀ ਧੀਆਂ ਵਾਂਗੂੰ, 'ਲੰਗੇਆਣੀਆਂ' ਆਖੇ ਪਿਆਰ ਦਿਉ।
ਨਾ ਕੁੱਖਾਂ ਵਿੱਚ ਮਾਰੋ, ਨਾ ਇਹ ਰੌਣਕਾਂ ਫੇਰ ਥਿਆਉਣਗੀਆਂ,
ਤੁਸੀਂ ਕਿੱਥੋਂ ਪੁੱਤ ਵਿਆਉਣੇ, ਜੇ ਧੀਆਂ ਨਾ ਹੋਣਗੀਆਂ।
ਓਹ ਧੀਆਂ ਦੇ ਕਾਤਲ ਲੋਕੋ, ਕੁਝ ਤਾਂ ਧੀਆਂ ਬਾਰੇ ਸੋਚੋ।