ਬੱਚਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ-ਤਰਸੇਮ (ਮੁਲਾਕਾਤ )

ਬਲਜਿੰਦਰ ਮਾਨ   

Email: nikkiankarumblan@rediffmail.com
Cell: +91 98150 18947
Address: ਪਿੰਡ ਮਹਿਮਦਵਾਲ ਕਲਾਂ ਡਾਕ : ਰਾਮਪੁਰ ਝੰਜੋਵਾਲ
ਹੁਆਿਰਪੁਰ India
ਬਲਜਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਲ ਸਾਹਿਤ ਦੀ ਰਚਨਾ ਸਭ ਤੋਂ ਔਖਾ ਕਾਰਜ ਹੈ।ਇਸੇ ਕਰਕੇ ਜਿਹੜੇ ਲੇਖਕ ਇਸ ਖੇਤਰ ਵਿਚ ਸਫਲ ਹੋਏ ਹਨ ਉਹਨਾਂ ਬਹੁਤ ਮਿਹਨਤ ਨਾਲ ਕਾਰਜ ਕੀਤਾ ਹੈ।ਮਿਹਨਤੀ ਅਤੇ ਹਿੰਮਤੀ ਬਾਲ ਸਾਹਿਤ ਲੇਖਕਾਂ ਵਿਚ ਬਰਨਾਲੇ ਦੇ ਤਰਸੇਮ ਦਾ ਨਾਂ ਵੀ ਜ਼ਿਕਰਯੋਗ ਹੈ।ਅਧਿਆਪਨ ਕਾਰਜ ਨਾਲ ਜੁੜਿਆ ਹੋਣ ਕਰਕੇ ਪੰਜਾਬੀ ਹਿੰਦੀ ਦੋਨਾਂ ਭਾਸ਼ਾਵਾਂ ਵਿਚ ਬਰਾਬਰ ਦੀ ਸਿਰਜਣਾ ਕਰ ਰਿਹਾ ਹੈ।ਬਾਲ ਸਾਹਿਤ ਨੂੰ ਉਹ ਖੁਦ ਨਹੀਂ ਲਿਖਦਾ ਸਗੋਂ ਜਦੋਂ ਉਸਨੂੰ ਕੁੱਝ ਘਟਨਾਵਾਂ ਮਜਬੂਰ ਕਰਦੀਆ ਹਨ ਤਦ ਹੀ ਕਲਮ ਘੁਸਾਉਂਦਾ ਹੈ।ਇਸੇ ਕਰਕੇ ਉਹ ਕਹਿੰਦਾ ਹੈ ਕਿਤਾਬਾਂ ਦੀ ਗਿਣਤੀ ਦੀ ਬਜਾਏ ਮਿਆਰ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ।ਉਸਨੇ ਅੱਜ ਤੱਕ ਜਿੰਨੀ ਵੀ ਰਚਨਾ ਕੀਤੀ ਹੈ ਉਹ ਬਾਲ ਮਨਾਂ ਦੀ ਹਾਣੀ ਹੈ।ਉਸਨੇ ਅਨੁਵਾਦ ਵੀ ਕੀਤਾ।ਪੰਜਾਬੀ ਤੇ ਹਿੰਦੀ ਵਿਚ ਬਾਲ ਰਚਨਾਵਾਂ ਵੀ ਰਚੀਆਂ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਰਗੀਆਂ ਸੰਸਥਾਵਾਂ ਵਿਚ ਕਾਰਜਸ਼ੀਲ ਹੈ।ਪਿਤਾ ਸ਼੍ਰੀ ਦੁਰਗਾ ਦਾਸ ਤੇ ਮਾਤਾ ਨਸੀਬ ਕੌਰ ਦੀਆਂ ਅੱਖਾਂ ਦਾ ਇਹ ਤਾਰਾ ਸ਼੍ਰੀਮਤੀ ਗੁਰਮੀਤ ਕੌਰ ਦੇ ਸਿਰ ਦਾ ਤਾਜ ਬਣ ਚੁੱਕਾ ਹੈ।ਉਸਦਾ ਬੇਟਾ ਜਸ਼ਨ ਅਤੇ ਲੜਕੀ ਕਰਨ ਉਸਦੀ ਰਚਨਾ ਦੇ ਪ੍ਰੇਰਨਾ ਸ੍ਰੋਤ ਅਤੇ ਮੁੱਖ ਪਾਤਰ ਹਨ।

ਤਰਸੇਮ ਦੀਆਂ ਰਚਨਾਵਾਂ ਦਾ ਵੱਡਿਆਂ ਲਈ ਵੀ ਵਿਸ਼ਾਲ ਭੰਡਾਰ ਹੈ ਪਰ ਇੱਥੇ ਅਸੀਂ ਬਾਲ ਸਾਹਿਤ ਦੀ ਹੀ ਚਰਚਾ ਕਰ ਰਹੇ ਹਾਂ।ਅੱਧੀ ਦਰਜਨ ਦੇ ਕਰੀਬ ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਦੋ ਦਰਜਨ ਪੁਸਤਕਾਂ ਵੱਡਿਆਂ ਲਈ ਰਚ ਚੁੱਕਾ ਹੈ।ਪੰਜਾਬੀ ਹਿੰਦੀ ਦਾ ਇਹ ਮਾਹਿਰ ਸਾਹਿਤਕਾਰ ਰਾਸ਼ਟਰੀ ਪੱਧਰ ਦੀਆਂ ਕਈ ਗੋਸ਼ਟੀਆਂ ਅਤੇ ਕਾਰਜਸ਼ਲਾਵਾਂ ਵਿਚ ਵੀ ਭਾਗ ਲੈ ਚੁੱਕਾ ਹੈ।ਉਹ ਇਕ ਸਫਲ ਅਧਿਆਪਕ ਦੇ ਨਾਲ ਨਾਲ ਕਾਮਯਾਬ ਸਾਹਿਤਕਾਰ ਵੀ ਹੈ ਮਿਹਨਤ ਤੇ ਲਗਨ ਨਾਲ ਬਾਲ ਸਾਹਿਤ ਜਗਤ ਵਿਚ ਸੰਦਲੀ ਪੈੜਾਂ ਦੀ ਸਿਰਜਣਾ ਕਰ ਰਿਹਾ ਹੈ।ਆਉ ਉਸ ਨਾਲ ਕੁੱਝ ਗੱਲਾਂ ਕਰੀਏ।

੦ ਬਾਲ ਸਾਹਿਤ ਬਾਰੇ ਤੁਹਾਡਾ ਕੀ ਖਿਆਲ ਹੈ।

ਬਾਲ ਸਾਹਿਤ ਆਪਣੇ ਆਪ ਵਿਚ ਇਕ ਮਹੱਤਵਪੂਰਨ ਵਿਧਾ ਹੈ।ਬਾਲ ਸਾਹਿਤ ਨੂੰ ਨਿਭਾਉਣਾ ਬਹੁਤ ਔਖਾ ਕਾਰਜ ਹੈ।                               

੦ਔਖਾ ਕਿਉਂ?

ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦਿਆਂ ਬੱਚਿਆਂ ਦੇ ਪੱਧਰ ਤੇ ਆ ਕੇ ਬਾਲ ਸਾਹਿਤ ਦੀ ਸਿਰਜਣਾ ਹੁੰਦੀ ਹੈ।ਅਸੀਂ ਬੱਚਿਆਂ ਦੇ ਬਾਰੇ ਬਹੁਤ ਕੁੱਝ ਲਿਖਦੇ ਹਾਂ ਪਰ ਬੱਚਿਆਂ ਲਈ ਬਹੁਤ ਥੋੜਾ ਲਿਖਿਆ ਜਾਂਦਾ ਹੈ।ਬੱਚਾ ਕੀ ਚਾਹੁੰਦਾ ਹੈ,ਇਹ ਜਾਨਣਾ ਵੀ ਜਰੂਰੀ ਹੁੰਦਾ ਹੈ।ਇਸ ਲਈ ਮੈਂ ਇਸ ਨੂੰ ਔਖਾ ਕਾਰਜ ਸਮਝਦਾ ਹਾਂ।

੦ ਇਹ ਕਿਵੇਂ ਪਤਾ ਲੱਗੇ ਕਿ ਜੋ ਲਿਖਿਆ ਜਾ ਰਿਹਾ ਹੈ ਉਹ ਬੱਚਿਆਂ ਦੇ ਪੱਧਰ ਦਾ ਹੈ ਜਾਂ ਨਹੀਂ?

ਰਚਨਾ ਿਕਸ ਪਾਏ ਦੀ ਹੈ ਇਹ ਫੈਸਲਾ ਪਾਠਕ ਨੇ ਕਰਨਾ ਹੁੰਦਾ ਹੈ।ਬਾਲ ਸਾਹਿਤ ਦਾ ਫੈਸਲਾ ਬੱਚਿਆਂ ਨੇ ਕਰਨਾ ਹੁੰਦਾ ਹੈ।ਉਸਦੀ ਰੁਚੀ ਦੱਸ ਦਿੰਦੀ ਹੈ ਕਿ ਰਚਨਾ ਕਿਸ ਪੱਧਰ ਦੀ ਹੈ।ਬੱਚੇ ਦੇ ਸਾਹਮਣੇ ਕੁਝ ਪੁਸਤਕਾਂ ਧਰ ਦਿਓ।ਬੱਚਾ ਪੁਸਤਕਾਂ ਨੂੰ ਅੰਦਰੋਂ ਬਾਹਰੋਂ ਫਰੋਲਦਾ ਹੋਇਆ ਕਹਾਣੀ ਕਵਿਤਾ ਨਾਲ ਅੱਗੇ ਵਧੇਗਾ,ਉਸ ਨਾਲ ਸਾਂਝ ਪਾਏਗਾ।ਜੇਕਰ ਬੱਚਾ ਇਕ ਦੋ ਵਰਕੇ ਫਰੋਲ ਕੇ ਛੱਡ ਦੇਵੇ ਤਾਂ ਉਸ ਬਾਲ ਸਾਹਿਤ ਬਾਰੇ ਸੋਚਣਾ ਪਵੇਗਾ।ਕਰੂੰਬਲਾਂ ਵਿਚ ਤੁਸੀਂ ਮੇਰੀ ਕਹਾਣੀ 'ਰੰਗ ਬਰੰਗੀ ਤਿਤਲੀ' ਛਾਪੀ।ਇਹ ਕਹਾਣੀ ਪੜ੍ਹਕੇ ਜਦੋਂ ਬੱਚੇ ਪੰਛੀਆਂ ਨੂੰ ਨਾ ਮਾਰਨ ਦੀ ਗੱਲ ਕਰਦੇ ਹਨ ਜਾਂ ਫੁੱਲਾਂ ਤਿਤਲੀ ਪੰਛੀਆਂ ਦੇ ਬੋਲਣ ਬਾਰੇ ਪੁੱਛਦੇ ਹਨ ਤਾਂ ਬਹੁਤ ਚੰਗਾ ਲੱਗਦਾ ਹੈ।ਕਰਨਲ ਜਸਬੀਰ ਭੁੱਲਰ ਦੇ ਨਾਵਲ 'ਪਤਾਲ ਦੇ ਗਿਠਮੁਠੀਏ' ਦੀ ਕਲਪਨਾ ਵਿਚ ਬੱਚੇ ਪਤਾਲ ਹੇਠਲੇ ਗਿਠਮੁਠੀਆਂ ਨਾਲ ਆਪਣੀ ਸਾਂਝ ਪਾਉਂਦੇ ਨੇ ਤਾਂ ਭੁੱਲਰ ਸੱਚਮੁਚ ਕਾਮਯਾਬ ਹੈ।ਡਾ.ਸਰਬਜੀਤ ਬੇਦੀ ਦੇ ਬਾਲ ਕਾਵਿ ਨਾਟਕ ਪਿੰਜਰਾ ਨੂੰ ਪੜ੍ਹਦਿਆਂ ਜੇ ਬਾਲ ਪਾਠਕ ਆਪਣੇ ਮਨਾਂ ਵਿਚ ਮੰਚ ਉਸਾਰ ਲੈਂਦੇ ਹਨ ਅਤੇ ਖੁਦ ਅਭਿਨੈ ਕਰਨ ਲਗਦੇ ਹਨ ਤਾਂ ਰਚਨਾ ਸਫਲ ਹੈ।ਇਸ ਬਾਲ ਸਾਹਿਤ ਦੇ ਲਈ ਜਰੂਰੀ ਹੈ ਕਿ ਉਹ ਬੱਚਿਆਂ ਨੂੰ ਸਮਝੇ, ਤਦੇ ਬੱਚੇ ਵੀ ਬਾਲ ਸਾਹਿਤ ਨੂੰ ਸਮਝਣਗੇ।

੦ ਪਰ ਬੱਚੇ ਤਾਂ ਪੁਸਤਕਾਂ ਨਾਲੋਂ ਟੀ.ਵੀ ਨੂੰ ਵੱਧ ਪਹਿਲ ਦਿੰਦੇ ਹਨ?

ਕਿਉਂ ਨਾ ਦੇਣ!ਜੇਕਰ ਕੋਈ ਰਚਨਾ/ ਪੁਸਤਕ ਉਹਨਾਂ ਦੇ ਮੇਚ ਦੀ ਨਾ ਹੋਵੇ ਤਾਂ ਉਹ ਟੀ.ਵੀ. ਵੱਲ ਵੱਧਣਗੇ।ਫਿਰ ਟੀ.ਵੀ. ਵਿਚ ਸਾਰਾ ਕੁੱਝ ਮਾੜਾ ਨਹੀਂ ਹੁੰਦਾ।ਬੱਚਿਆਂ ਦੀਆਂ ਆਪਣੀਆਂ ਰੁਚੀਆਂ ਹਨ।ਪਰ ਹੁਣ ਜਿਆਦਾਤਰ ਬੱਚੇ ਬੋਝਲ ਪ੍ਰੋਗਰਾਮ ਦੀ ਬਜਾਏ ਜਾਂ ਹਾਸੇ ਵਾਲੇ ਪ੍ਰੋਗਰਾਮ ਦੇਖਦੇ ਹਨ ਜਾਂ ਕਾਰਟੂਨ।ਮਿਸਟਰ ਬੀਨ ਦੀਆਂ ਮੂਰਖਤਾ ਭਰੀਆਂ ਹਸੌਣੀਆਂ ਗਲਾਂ ਨਾਲ ਹੱਸਦੇ ਹਨ।ਟੌਮ ਐਂਡ ਜੈਰੀ ਦੀਆਂ ਸ਼ਰਾਰਤਾ ਉਹਨਾਂ ਨੂੰ ਰੋਟੀ ਖਾਣਾ ਭੁਲਾ ਦੇਂਦੀਆਂ ਹਨ।ਮਿੱਕੀ ਮਾਊਸ ਕਲੱਬ ਹਾਊਸ, ਅੋਸਵਰਡ, ਪਿੰਕ ਪੈਂਥਰ ਆਦਿ ਪ੍ਰੋਗਰਾਮ ਬੱਚੇ ਦੇਖਦੇ ਹਨ।ਮਾਨ ਸਾਬ੍ਹ ਇਹ ਬਾਲ ਸਾਹਿਤ ਹੀ ਹੈ ਜੋ ਸਭ ਬੱਚਿਆਂ ਦੇ ਮੇਚ ਦਾ ਹੈ।ਚਾਹੇ ਉਹ ਪੇਂਡੂ ਬੱਚੇ ਹੋਣ ਜਾਂ ਸ਼ਹਿਰੀ।ਇਹ ਅਜਿਹਾ ਬਾਲ ਸਾਹਿਤ ਹੈ ਜੋ ਪੜ੍ਹਾਇਆ ਹੀ ਨਹੀਂ ਸਗੋਂ ਦਿਖਾਈਆ ਵੀ ਜਾ ਰਿਹਾ ਹੈ।ਨਿਰਸੰਦੇਹ ਉਹ ਲੋਕ ਬੱਚਿਆਂ ਲਈ ਬੜੀ ਮਿਹਨਤ ਕਰਦੇ ਹਨ।

੦ਇਸ ਦਾ ਮਤਲਬ ਪੰਜਾਬੀ ਬਾਲ ਸਾਹਿਤ ਤੇ ਮਿਹਨਤ ਨਹੀਂ ਹੋ ਰਹੀ?

ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬੀ ਵਿਚ ਚੰਗਾ ਬਾਲ ਸਾਹਿਤ ਨਹੀਂ ਲਿਖਿਆ ਜਾ ਰਿਹਾ ਪਰ ਉਸਦੀ ਮਾਤਰਾ ਬਹੁਤ ਘੱਟ ਹੈ।ਬੱਚਿਆਂ ਲਈ ਚੰਗਾ ਲਿਖਣ ਵਾਲਿਆਂ ਚੋਂ ਗੁਰਦਿਆਲ ਸਿੰਘ, ਜਸਵੀਰ ਭੁੱਲਰ ਡਾ.ਬੇਦੀ, ਦਾਉਂ, ਸੁਖਵੰਤ ਕੌਰ ਮਾਨ, ਡਾ.ਬੱਦਨ, ਡਾ.ਸ਼ੁਕਲਾ ਆਦਿ ਹਨ।ਤੁਸੀਂ ਕਰੂੰਬਲਾਂ ਰਾਹੀਂ ਚੰਗਾ ਬਾਲ ਸਾਹਿਤ ਪੇਸ਼ ਕਰ ਰਹੇ ਹੋ।ਕਈ ਵਾਰ ਅਸੀਂ ਰਚਨਾ ਦੀ ਮਾਤਰਾ ਦੇ ਵਲ ਵੱਧ ਰੁਚਿਤ ਹੁੰਦੇ ਹਾਂ ਉਸਦੇ ਮਿਆਰ ਦੀ ਬਜਾਏ।ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਲਿਖ ਕਿਸ ਦੇ ਲਈ ਰਹੇ ਹਾਂ।

੦ਕੀ ਐਨੀਮੇਸ਼ਨ ਟੈਕਨੀਕ ਨੇ ਵੀ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਹੈ?

ਇਸ ਟੈਕਨੀਕ ਤੋਂ ਬੱਚੇ ਬਹੁਤ ਪ੍ਰਭਾਵਿਤ ਹਨ।ਛੋਟਾ ਭੀਮ ,ਜੰਗਲ ਬੁਕ ਬੱਚਿਆਂ ਨੂੰ ਬੰਨ ਕੇ ਬਿਠਾ ਲੈਂਦੇ ਹਨ।ਹੰਗਾਮਾ ਚੈਨਲ ਤੇ ਡੋਰੇਮੋਨ, ਨੋਬੀਤਾ,ਸੁਨੀਉ, ਜਿਆਨ ਆਦਿ ਕਰੈਕਟਰ ਬੱਚਿਆਂ ਨਾਲ ਘੁਲ ਮਿਲ ਜਾਂਦੇ ਹਨ।ਪੰਜਾਬੀ ਦੂਰਸ਼ਨ ਵਾਲੇ ਹਰਜੀਤ ਸਿੰਘ ਨੇ ਐਮੀਮੇਸ਼ਨ ਤੇ ਚੰਗਾ ਕੰਮ ਕੀਤਾ ਹੈ।

੦ਬਾਲ ਸਾਹਿਤ ਵਿਚ ਮੈਗਜੀਨ ਦਾ ਕੀ ਰੋਲ ਹੈ?                                                                                ਪੰਜਾਬੀ ਵਿਚ ਜਿਹੜੇ ਰਸਾਲੇ ਪੰਜਾਬ ਵਿਚੋਂ ਛਪ ਰਹੇ ਨੇ ਉਹ ਬਹੁਤ  ਥੋੜੇ ਰਸਾਲੇ ਹਨ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਾਇਮਰੀ ਸਿੱਖਿਆ ਤੇ ਪੰਖੜੀਆਂ ਰਸਾਲੇ ਛਾਪੇ ਜਾਂਦੇ ਹਨ।ਆਲੇ- ਭੋਲੇ ਰਸਾਲਾ ਸਰਵ ਸਿਖਿਆ ਅਭਿਆਨ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਲਈ ਛਾਪਿਆ ਜਾਂਦਾ ਹੈ।ਨਿਜੀ ਖੇਤਰ ਦੇ ਕਰੂੰਬਲਾਂ ਰਸਾਲੇ ਦਾ ਆਪਣਾ ਮਹੱਤਵ ਹੈ।ਪੰਜਾਬੀ ਅਕਾਡਮੀ ਦਿੱਲੀ ਵਲੋਂ ਸਿੱਖਿਆ ਸੰਦੇਸ਼ ਨਾਂ ਦਾ ਪਰਚਾ ਕੱਢਿਆ ਜਾਂਦਾ ਹੈ।ਇਹੀ ਬਾਲ ਰਸਾਲੇ ਪੰਜਾਬੀ ਬਾਲ ਸਾਹਿਤ ਦੀ ਸਿਰਜਣਾ ਅਤੇ ਵਿਕਾਸ ਲਈ ਸਹਾਈ ਹੋ ਰਹੇ ਹਨ।ਬਾਲ ਸਾਹਿਤ ਵਿਚ ਨੈਸ਼ਨਲ ਬੁਕ ਟਰੱਸਟ ਦਾ ਅਹਿਮ ਯੋਗਦਾਨ ਹੈ।ਡਾ.ਬਲਦੇਵ ਸਿੰਘ ਬੱਦਨ ਨੇ ਇਸਦੀ ਅਹਿਮੀਅਤ ਨੂੰ ਸਮਝਿਆ ਹੈ।ਲੋਕ ਗੀਤ ਪ੍ਰਕਾਸ਼ਨ ਨੇ ਬਾਲ ਸਾਹਿਤ ਦੀਆ ਪੁਸਤਕਾਂ ਛਾਪਣ ਵਿਚ ਬਹੁਤ ਰੁਚੀ ਨਾਲ ਮਹੱਤਵਪੂਰਨ ਕਾਰਜ ਨਿਭਾਇਆ ਹੈ।

੦ਤੁਸੀਂ ਆਪਣੀਆਂ ਬਾਲ ਪੁਸਤਕਾਂ ਨਾਲ ਜਾਣ ਪਛਾਣ ਕਰਾਓ?                                                              ਮੇਰੀਆਂ ਕਵਿਤਾਵਾਂ, ਕਹਾਣੀਆਂ ਪੰਜਾਬੀ ਬਾਲ ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਹਨ।'ਹਰੀ ਕਿਸ਼ਤੀ' ਮੇਰੀ ਪਹਿਲੀ ਕਹਾਣੀ ਸੀ।ਫੇਰ 'ਰਾਣੀ ਮੱਛੀ', 'ਜੰਗਲ ਦੀ ਰਾਣੀ' ਪੰਜਾਬੀ ਤੇ ਹਿੰਦੀ ਵਿਚ    ਛਪੀਆਂ। ਗੁਲਾਬ ਦਾ ਆੜੀ(ਬਾਲ ਕਹਾਣੀ ਸੰਗ੍ਰਹਿ) ਸਰਬ ਸਿੱਖਿਆ ਅਭਿਆਨ ਵਲੋਂ ਛਪੀ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਨਵਸਾਖਰਾਂ ਦੇ ਲਈ 'ਚੇਤਨ' ਪੁਸਤਕ ਛਾਪੀ ਗਈ।'ਸ਼ਾਬਾਸ਼ ਸੁਮਨ'! ਕਹਾਣੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੱਤਵੀਂ ਜਮਾਤ ਵਿਚ ਪੜ੍ਹਾਈ ਜਾ ਰਹੀ ਹੈ।ਹਿੰਦੀ ਵਿਚ ਇਸੇ ਬੋਰਡ ਵਲੋਂ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਚ ਹਿੰਦੀ ਪਹਿਲੀ ਭਾਸ਼ਾ ਵਿਚ ਮੇਰੇ ਦੋ ਚੈਪਟਰ 'ਕਰਾਂਤੀਜੋਤ ਸਾਵਿਤਰੀ ਬਾਈ ਫੁਲ'(ਪੰਜਵੀਂ)ੇ ਅਤੇ 'ਪ੍ਰਿਯ ਲੋਕ ਖੇਲੇ' ੇਚੌਥੀ ਜਮਾਤ ਨੂੰ ਪੜ੍ਹਾਏ ਜਾ ਰਹੇ ਹਨ।ਇਸ ਤੋਂ ਇਲਾਵਾ ਮੈਂ 'ਕਦੇ ਨਾ ਬੁਝਣ ਵਾਲਾ ਦੀਵਾ'(ਬਾਲ ਕਹਾਣੀਆਂ) ਦੀ ਸੰਪਾਦਨਾ ਕੀਤੀ ਹੈ।

੦ਬਾਲ ਸਾਹਿਤ ਵਿਚ ਤੁਸੀਂ ਕਿਸਦੀ ਪ੍ਰੇਰਣਾ ਨਾਲ ਆਏ?

ਉਂਝ ਤਾਂ ਬਾਲ ਸਾਹਿਤ ਵਿਚ ਮੈਂ ਆਪਣੇ ਬੱਚਿਆਂ ਦੀਆਂ ਸ਼ਰਾਰਤਾਂ, ਭੋਲਾਪਣ ਅਤੇ ਆਪਣੇ ਨਿੱਕੇ ਵਿਦਿਆਰਥੀਆਂ ਦਾ ਮੇਰੇ ਨਾਲ ਪਿਆਰ ਭਰਿਆ ਵਿਹਾਰ ਹੀ ਮੇਰੇ ਬਾਲ ਸਾਹਿਤ ਲਿਖਣ ਦਾ ਜ਼ਰੀਆ ਬਣੇ ਪਰ ਕਰਨਲ ਜਸਵੀਰ ਭੁੱਲਰ ਅਤੇ ਡਾ.ਸਰਬਜੀਤ ਬੇਦੀ ਨੇ ਮੈਨੂੰ ਇਸ ਖੇਤਰ ਵਿਚ ਕੰਮ ਕਰਨ ਲਈ ਨਾ ਪ੍ਰੇਰਦੇ ਤਾਂ ਮੈਂ ਹੋ ਸਕਦਾ ਕਿ ਬਾਲ ਸਾਹਿਤ ਦੇ ਵੱਲ ਨਾ ਆਉਂਦਾ!ਇਸ ਲਈ ਮੈਂ ਆਪਣੇ ਬੱਚਿਆਂ ਵਿਦਿਆਰਥੀਆਂ ਅਤੇ ਸਭ ਤੋਂ ਵੱਧ ਆਪਣੇ ਪ੍ਰੇਰਣਾ ਸਰੋਤ ਭੁੱਲਰ ਸਾਹਿਬ ਅਤੇ ਡਾ.ਬੇਦੀ ਦਾ ਆਭਾਰੀ ਹਾਂ।

੦ਬਾਲ ਸਾਹਿਤ ਵਿਚ ਅਧਿਆਪਕਾ ਦੀ ਕੀ ਭੂਮਿਕਾ ਹੈ?

ਇਕ ਅਧਿਆਪਕ ਦੀ ਹੀ ਭੂਮਿਕਾ ਹੈ ਜੋ ਮੈਂ ਤੁਸੀਂ ਲਿਖਣ ਲੱਗੇ। ਹਾਂ ਅਧਿਆਪਕ ਰਾਹ ਦਸੇਰਾ ਹੁੰਦਾ ਹੈ।ਤੁਰਨਾ ਤਾਂ ਆਪ ਹੁੰਦਾ ਹੈ।ਮੇਰੇ ਅਧਿਆਪਕ ਮੈਨੂੰ ਹੁਣ ਵੀ ਯਾਦ ਆਉਂਦੇ ਹਨ।ਜਿਹਨਾਂ ਨੇ ਮੈਨੂੰ ਪੜ੍ਹਨ ਦੀ ਚੇਟਕ ਲਾਈ ਅਤੇ ਪੜ੍ਹਦਿਆਂ ਹੀ ਇਕ ਕਹਾਣੀ 'ਪੈਸਾ' ਲਿਖੀ।ਬੱਚੇ ਦੀ ਸ਼ਖਸ਼ੀਅਤ ਦੀ ਉਸਾਰੀ ਵਿਚ ਇਕ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।

੦ਕੀ ਤੁਸੀਂ ਆਪਣੀ ਰਚਨਾ ਤੋਂ ਸੰਤੁਸ਼ਟ ਹੋ?

ਮਾਨ ਸਾਹਿਬ ਹਾਲੇ ਤਾਂ ਸੇਰ ਵਿਚੋਂ ਪੂਣੀ ਵੀ ਨਹੀਂ ਕੱਤੀ ।ਸੰਤੁਸ਼ਟੀ ਦੀ ਗੱਲ ਤਾਂ ਬਹੁਤ ਦੂਰ ਦੀ ਹੈ।

੦ਤੁਸੀਂ ਆਪਣੀ ਕਹਾਣੀ ਕਿਵੇਂ ਲਿਖਦੇ ਹੋ?

ਇਹ ਬੜਾ ਔਖਾ ਸਵਾਲ ਹੈ ਕਿ ਮੈ ਕਿਵੇਂ ਲਿਖਦਾ ਹਾਂ।ਜਦੋਂ ਮੈਂ ਆਪਣੇ ਬੱਚਿਆਂ ਦੇ ਲਈ ਘੋੜਾ ਹਾਥੀ ਮੱਗਰਮੱਛ ਬਣਿਆ ਹੁੰਦਾ ਹਾਂ ਉਦੋਂ ਮੈਂ ਲਿਖ ਰਿਹਾ ਹੁੰਦਾ ਹਾਂ।ਜਦੋਂ ਮੈਂ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਜਾਂਦਾ ਹਾਂ ਤਾਂ ਰਾਹ ਵਿਚ ਪੈਂਦੇ ਟੋਏ ਵਿਚਲੀਆਂ ਮੱਛੀਆਂ ਮੇਰੇ ਨਾਲ ਗੱਲਾਂ ਕਰਦੀਆਂ ਨੇ ਅਤੇ ਕਹਾਣੀ ਰਾਣੀ ਮੱਛੀ ਬਣ ਜਾਂਦੀ ਹੈ।ਮੀਂਹ ਵਿਚ ਬੱਚਿਆਂ ਨੂੰ ਕਿਸ਼ਤੀਆਂ ਚਲਾਉਂਦਿਆ ਕਦੋਂ ਹਰੀ ਕਿਸ਼ਤੀ ਬਣ ਗਈ ਪਤਾ ਹੀ ਨਹੀਂ ਲੱਗਿਆ।ਰੁੱਖ ਤੇ ਬੈਠੇ ਪੰਛੀਆਂ ਵੱਲ ਗੁਲੇਲ ਚਲਾਉਂਦੇ ਬੱਚੇ ਮੈਨੂੰ ਰੰਗ ਬਿਰੰਗੀ ਤਿਤਲੀ ਦੇ ਗਏ।ਇਉਂ ਦੋਸਤ ਮੈਂ ਤੁਰਦਿਆਂ ਫਿਰਦੀਆਂ ਕਹਾਣੀਆਂ ਲਿਖੀਆਂ।ਕਿਹੋ ਜਿਹੀਆਂ ਲਿਖੀਆਂ ਇਹ ਤੁਹਾਨੂੰ ਜਾਂ ਬਾਲ ਪਾਠਕਾਂ ਜਾਂ ਆਲੋਚਕਾ ਨੂੰ ਪਤਾ ਹੋਵੇਗਾ।

੦ਬਾਲ ਸਾਹਿਤ ਵਿਚ ਸਰਕਾਰ ਦੀ ਕੀ ਭੂਮਿਕਾ ਹੈ ?

ਹੁਣ ਸਾਰੀਆਂ ਸਰਕਾਰਾਂ ਬਾਲ ਸਾਹਿਤ ਨੂੰ ਵੀ ਬਣਦਾ ਮਾਣ ਸਤਿਕਾਰ ਦੇਣ ਲਗ ਪਈਆਂ ਹਨ।ਪੰਜਾਬ ਸਰਕਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਸਵ.ਸ.ਸਤਿੰਦਰ ਸਿੰਘ ਨੂਰ ਦੇ ਯਤਨਾ ਨਾਲ ਪੁਰਸਕਾਰ ਦੇਣਾ ਅਰੰਭ ਕਰ ਦਿਤਾ ਹੈ ।ਇਥੋਂ ਇਹੀ ਸਾਬਤ ਹੁੰਦਾ ਹੈ ਕਿ ਸਾਰੇ ਭਾਰਤ ਵਿਚ ਬਾਲ ਸਾਹਿਤ ਦਾ ਬਣਦਾ ਮਾਣ ਕੀਤਾ ਜਾਣ ਲੱਗਾ ਹੈ ਪਰ ਇਸ ਗਲ ਦਾ ਅਫਸੋਸ ਹੈ ਕਿ ਪੰਜਾਬ ਵਿਚੋਂ ਛਪਦੇ ਨਿਜੀ ਖੇਤਰ ਦੇ ਬਾਲ ਰਸਾਲਿਆਂ ਨੂੰ ਤਾਂ ਛੋਟੇ- ਮੋਟੇ ਇਸ਼ਤਿਹਾਰ ਵੀ ਨਿਰੰਤਰ ਨਹੀਂ ਮਿਲ ਰਹੇ । ਜੋ ਬਾਲ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਜ਼ਰੂਰੀ ਹਨ ।