ਟਰੈਫਿਕ ਟਿਕਟ (ਕਹਾਣੀ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


“ਬਾਏ ਮਾਮ”
“ਬਾਏ ਸ਼ਾਨੀ, ਡਰਾਈਵ ਕੇਅਰਫੁਲੀ।”
ਸਾਡੇ ਘਰ ਜਦੋਂ ਵੀ ਕੋਈ ਫੈਮਿਲੀ ਮੈਂਬਰ ਬਾਹਰ ਜਾਂਦਾ ਹੈ ਤਾਂ ਮੇਰੀ ਇਹੀ ਦੁਆ  ਹੁੰਦੀ ਹੈ ਕਿ ਉਹ ਕਾਰ ਧਿਆਨ ਨਾਲ ਚਲਾਉਣ।
ਅਗੋਂ ਉਨ੍ਹਾਂ ਦਾ ਜਵਾਬ ਹੁੰਦਾ ਹੈ,ਕਿ ਉਹ ਚੰਗੇ ਡਰਾਈਵਰ ਹਨ ਤੇ ਫਿਕਰ ਦੀ ਲੋੜ ਨਹੀਂ। ਮੈ ਜਾਣਦੀ ਹਾਂ ਕਿ ਉਹ ਸਾਵਧਾਨ ਡਰਾਈਵਰ ਹਨ ਪਰ ਟਰੈਫਿਕ ਟਿਕਟ ਦਾ ਡਰ ਵੀ ਅਕਸਰ ਰਹਿੰਦਾ ਹੈ। $167·87 ਦਾ ਟਿਕਟ ਬਹੁਤ ਮਹਿੰਗਾ ਹੈ। 
ਅਗਲੇ ਦਿਨ ਜਦੋਂ ਮੈ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਮੈ ਦੇਖਿਆ ਕਿ ਮੇਰਾ ਬੇਟਾ ਸੂਟ ਪਾਕੇ ਤਿਆਰ ਖੜਾ ਸੀ। ਮੈ ਦੇਖਕੇ ਪੁਛਿਆ,
“ਬੇਟਾ, ਅੱਜ ਬੜੀ ਜਲਦੀ ਤਿਆਰ ਹੋ ਗਿਆ ਏਂ, ਤੇ ਉਹ ਵੀ ਖੂਬ ਸੂਟਡ ਬੁਟਡ। ਕੀ ਗੱਲ ਕਿਸੇ ਖਾਸ ਇੰਟਰਵੀਊ ਤੇ ਜਾਣਾ ਈ?”
“ਨਹੀਂ ਮਾਂ। ਅੱਜ ਮੰ ਕੋਰਟ ਜਾਣਾ ਏ।ਮੇਰੇ ਟਰੈਫਿਕ ਟਿਕਟ ਦੀ ਹੀਅਰਿੰਗ ਏ।”
“ਟਰੈਫਿਕ ਦੀ ਹੀਅਰਿੰਗ? ਕੀ ਕੀਤਾ ਈ?”
“ਮੈਨੂੰ ਪਿਛਲੇ ਮਹੀਨੇ ਟਰੈਫਿਕ ਟਿਕਟ ਮਿਲੀ ਸੀ ਪਰ ਉਸ ਵਿੱਚ ਮੇਰਾ ਕੋਈ ਦੋਸ਼ ਨਹੀਂ ਸੀ। ਇਸ ਲਈ ਮੈ ਕੋਰਟ ਜਾਕੇ ਫਾਈਟ ਕਰਨਾ ਹੀ ਉਚਿਤ ਸਮਝਿਆ।”
“ਕਿੰਨੀ ਵਾਰੀ ਤੈਨੂੰ ਸਮਝਾਇਆ ਏ ਕਿ ਕਾਰ ਸੰਭਲਕੇ ਚਲਾਈਂ। ਇਹ ਟਿਕਟਾਂ ਦੇਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ।” 
ਸ਼ਾਮੀ ਜਦੋਂ ਮੇਰਾ ਬੇਟਾ ਘਰ ਆਇਆ ਤਾਂ ਮੈ ਪੁਛਿਆ,
“ਬੇਟਾ, ਕੀ ਬਣਿਆ ਤੇਰੀ ਹੀਅਰਿੰਗ ਦਾ?”
“ਜੱਜ ਨੇ ਮੇਰਾ ਟਿਕਟ ਮੁਆਫ ਕਰ ਦਿੱਤਾ ਏ, ਮਾਮ।”
ਮੈ ਸ਼ੁਕਰ ਕੀਤਾ ਕਿ ਮੇਰੇ ਬੇਟੇ ਨੂੰ ਟਿਕਟ ਦਾ ਹਰਜਾਨਾ ਨਹੀਂ ਭਰਨਾ ਪਿਆ। ਨਵੇਂ ਨਵੇਂ ਕੰਮ ਤੇ ਲਗਿਆਂ ਬਚਿਆਂ ਕੋਲੋਂ ਐਨਾ ਹਰਜਾਨਾ ਦੇਣਾ ਬਹੁਤ ਮੁਸ਼ਕਲ ਹੈ।
ਥੋੜ੍ਹੇ ਦਿਨਾ ਬਾਅਦ ਮੈ ਇੱਕ ਦਿਨ ਸਕੂਲੋਂ ਵਾਪਸ ਆਕੇ ਆਪਣੇ ਪਤੀ ਨੂੰ ਪੁਛਿਆ,
 “ਅੱਜ ਕੋਈ ਈਮੇਲ ਤਾਂ ਨਹੀਂ ਆਈ?” 
“ਕੀ ਆਉਣੀ ਸੀ ਕੋਈ?”
“ਥੌਨੂੰ ਪਤਾ ਹੀ ਹੈ ਕਿ ਮੇਰੇ ਸਕੂਲ ਦੀ ਮੇਲ ਆਉਂਦੀ ਰਹਿੰਦੀ ਹੈ। ਕੋਈ ਫੋਨ ਕਾਲ ਯਾਂ ਕੋਈ ਚਿੱਠੀ?”
“ਮੈਨੂੰ ਯਾਦ ਆਇਆ ਤੇਰੀਆਂ ਦੋ ਚਿੱਠੀਆਂ ਆਈਆਂ ਨੇ।”
“ਉਹ ਕਿਥੋਂ ?”
 “ਪਤਾ ਨਹੀਂ ਮੈ ਲੈਕੇ ਆਉਂਦਾ ਹੈ।”ੇ
ਜਦੋਂ ਵੀ ਮੈ ਸਕੂਲ ਤੋਂ ਵਾਪਸ ਆਉਂਦੀ ਹਾਂ, ਤਾਂ ਮੇਰੇ ਪਤੀ, ਜਗਦੇਵ ਅਤੇ ਮੇਰੇ ਦਰਮਿਆਨ ਇਹੋ ਜਿਹਾ ਵਾਰਤਾਲਾਪ ਅਕਸਰ ਹੁੰਦਾ ਹੈ। ਉਸ ਦਿਨ ਵੀ ਮੈ ਉਹੀ ਵਾਰਤਾਲਾਪ ਸ਼ੂਰੂ ਕਰ ਦਿੱਤਾ। ਮੈਨੂੰ ਯਾਦ ਹੈ ਮਈ ਮਹੀਨੇ ਦੀ 10 ਤਾਰੀਕ ਸੀ। ਜਗਦੇਵ ਜੀ ਨੇ ਚਿਠੀਆਂ ਲਿਆਕੇ ਮੇਰੇ ਹੱਥ ਫੜਾਈਆਂ। ਚਿਠੀਆਂ ਕੋਈ ਖਾਸ ਨਹੀਂ ਸਨ ਇਸ ਕਰਕੇ ਮੈ ਤਾਂ ਚਿੱਠੀਆਂ ਦੇਖਕੇ ਅਣਡਿੱਠ ਕਰ ਦਿਤੀਆਂ ਤੇ ਖਾਣੇ ਵਾਲੀ ਮੇਜ਼ ਤੇ ਰੱਖਕੇ ਲੰਚ ਬਣਾਉਨ ਲੱਗ ਪਈ। ਜਦੋ ਲੰਚ ਖਾ ਚੁਕੇ ਤਾਂ ਜਗਦੇਵ ਜੀ ਪੁੱਛਣ ਲੱਗੇ,
 “ਚਿਠੀਆਂ ਖੋਲੀਆਂ ਨੇ ਕਿ ਨਹੀਂ?”
“ਨਹੀਂ। ਚਿਠੀਆਂ ਕੋਈ ਜ਼ਰੂਰੀ ਨਹੀਂ ਹਨ। ਇੱਕ ਤਾਂ ਬੈਂਕ ਦੀ ਸਟੇਟਮੈਂਟ ਏ ਤੇ ਦੂਜੀ ਸਿਟੀ ਆਫ ਵੈਨਕੂਵਰ ਤੋਂ ਹੈ। ਸਿਟੀ ਆਫ ਵੈਨਕੂਵਰ ਦੀ ਤਾਂ ਥੌਡੀ ਹੋਣੀ ਏ। ਮੈਨੂੰ ਨਹੀਂ ਕਦੀ ਸਿਟੀ ਆਫ ਵੈਬਕੂਵਰ ਤੋਂ ਚਿਠੀ ਆਈ। ਤੁਸੀਂ ਆਪੇ ਹੀ ਖੋਲ ਲਉ।”
ਜਗਦੇਵ ਜੀ ਸਿਟੀ ਆਫ ਵੈਨਕੂਵਰ ਦੀ ਚਿੱਠੀ ਲੈਕੇ ਆਪਣੇ ਸਟਡੀ ਵਾਲੇ ਕਮਰੇ ਵਿੱਚ ਚਲੇ ਗਏ, ਤਾਂਕਿ ਚਿੱਠੀ ਆਰਾਮ ਨਾਲ ਖੋਲਕੇ ਪੜ੍ਹ ਸਕਣ ਕਿ ਸਿਟੀ ਦਾ ਪਰਾਬਲਮ ਕੀ ਹੈ। ਅਸਲ ਵਿੱਚ ਉਹ ਸਿਟੀ ਆਫ ਵੈਨਕੂਵਰ ਦੀ ਚਿੱਠੀ ਮੇਰੇ ਨਾਉਂ ਦੀ ਹੀ ਸੀ ਪਰ ਮੈ ਕੋਈ ਜ਼ਰੂਰੀ ਨਹੀਂ ਸੀ ਸਮਝੀ।
ਜਦੋਂ ਜਗਦੇਵ ਜੀ ਵਾਪਸ ਕਿਚਣ ਵਿੱਚ ਆਏ ਤਾਂ ਉਚੀ ਉਚੀ ਕਹਿ ਰਹੇ ਸੀ,
 ‘ਵਧਾਈਆਂ ਸਰਕਾਰ ਵਧਾਈਆਂ।”
ਚਿੱਠੀ ਦਾ ਤਾਂ ਮੈਨੂੰ ਚੇਤਾ ਹੀ ਭੁਲ ਗਿਆ ਸੀ। ਮੈ ਸੋਚਾਂ ਸ਼ਾਇਦ ਲਾਟਰੀ ਟਿਕਟ ਦੇ ਨੰਬਰ ਆ ਗਏ ਹੋਣੇ ਹਨ, ਪਰ ਟਿਕਟ ਤਾਂ ਮੈ ਖਰੀਦੀ ਹੀ ਨਹੀਂ ਸੀ, ਫਿਰ ਵਧਾਈਆਂ ਕਾਦੀਆਂ। 
ਸਿਟੀ ਆਫ ਵੈਨਕੂਵਰ ਤਾਂ ਅਕਸਰ ਪੈਸੇ ਅਗਰਾਹੁਣ ਦੀ ਹੀ ਚਿੱਠੀ ਭੇਜਦੇ ਹਨ ਫਿਰ ਅੱਜ ਕਿਉਂ ਦਿਆਲ ਹੋ ਗਏ ਹਨ।
“ਵਧਾਈਆਂ ਕਾਹਦੀਆਂ, ਜੀ?”
“ਮੇਰੀ ਸਰਕਾਰ ਦੀ ਕਾਰ ਚਲਾਉਂਦਿਆਂ ਦੀ ਬੜੀ ਕਲਰਫੁਲ ਪਿਕਚਰ ਆਈ ਹੈ।”
“ਪਿਕਚਰ? ਦਿਖਾਉ ਤਾਂ।”
ਵਾਕਿਆ ਹੀ ਉਹ ਮੇਰੇ ਕਾਰ ਚਲਾਂਉਂਦਿਆਂ ਦੀ ਹੀ ਪਿਕਚਰ ਸੀ, ਮੈਨੂੰ ਟਰੈਫਿਕ ਟਿਕਟ ਮਿਲੀ ਸੀ।
ਕਾਰ ਤਾਂ ਮੇਰੀ ਹੀ ਸੀ ਤੇ ਮੇਰੀ ਕਾਰ ਅਤੇ ਉਸ ਉਤੇ ਲੱਗੇ ਲਇੀਸੈਂਸ ਪਲੇਟ ਦਾ ਨੰਬਰ ਵੀ ਮੇਰਾ ਸੀ। ਮੈ ਸੋਚ ਰਹੀ ਸੀ ਕਿ ਮੇਰੀ ਕਾਰ ਨਹੀਂ ਹੋ ਸਕਦੀ। ਪਰ ਉਹ ਰੈਡ ਵੌਲਵੋ ਮੈਨੂੰ ਅੱਖਾਂ ਫਾੜ ਫਾੜ ਕਹਿ ਰਹੀ ਸੀ ‘ਮੈ ਤੇਰੀ ਹੀ ਹਾਂ, ਮੰਨ ਭਾਵੇਂ ਨਾ ਮੰਨ।’ ਮੈ ਮੁਕਰ ਨਹੀਂ ਸੀ ਸਕਦੀ ਕਾਰ ਮੇਰੀ ਹੀ ਸੀ। ਉਹੀ ਲਾਲ ਰੰਗ ਦੀ ਵੌਲਵੋ, ਉਹੀ ਨੰਬਰ ਪਲੇਟ, ਜੀ ਐਸ ਟੀ 044, ਪਿਕਚਰ ਵਿੱਚ ਮੇਰਾ ਰੈਡ ਲਾਈਟ ਵਿੱਚੋਂ ਲੰਘਣ ਲੱਗਿਆਂ ਅਤੇ ਰੈਡ ਲਾਈਟ ਵਿਚੋਂ ਲੰਘ ਜਾਣ ਦੇ ਬਾਅਦ ਦੀ ਬੜੀ ਹੀ ਸੋਹਣੀ ਤਸਵੀਰ ਸੀ। ਮੇਰੀ ਕਾਰ ਦੇ ਪਲੇਟ ਨੰਬਰ ਦੀ ਇੱਕ ਕਾਫੀ ਨੇੜਿਉਂ ਅਤੇ ਇੱਕ ਦੂਰੋਂ ਤਸਵੀਰ ਸੀ। ਮੈ ਸੋਚ ਰਹੀ ਸੀ ਕਿ ਮੈ ਕਿਸ ਤਰ੍ਹਾਂ ਮੁਕਰਾਂ ਕਿ ਇਹ ਟਿਕਟ ਗਲਤ ਸੀ। ਮੈ ਆਪਣੇ ਬੇਟੇ ਨੂੰ ਬੁਲਾਕੇ ਪੁਛਿਆ ਕਿ ਮੈ ਕਿਸ ਤਰ੍ਹਾਂ ਟਿਕਟ ਦਾ ਹਰਜਾਨਾ ਦੇਣ ਤੋਂ ਬੱਚ ਸਕਦੀ ਹਾਂ।
“ਬੇਟਾ, ਅੱਜ ਮੈਨੂੰ ਵੀ ਟਰੈਫਿਕ ਟਿਕਟ ਮਿਲ ਗਈ ਏ। ਕੀ ਮੈ ਟਿਕਟ ਫਾਈਟ ਕਰ ਸਕਦੀ ਹਾਂ?
ਉਸਨੇ ਟਿਕਟ ਦੇਖੀ ਤੇ ਕਹਿਣ ਲੱਗਾ,
“ਮਾਂ, ਇਹ ਪਿਕਚਰ ਟਿਕਟ ਹੈ ਤੇ ਤੂੰ ਮੁਕਰ ਨਹੀਂ ਸਕਦੀ। ਸਬੂਤ ਤਾਂ ਤੇਰੇ ਸ੍ਹਾਮਣੇ ਹੈ। ਦੂਸਰੀ ਟਰੈਫਿਕ ਟਿਕਟ ਵਿੱਚ ਬਚਾ ਹੋ ਸਕਦਾ ਹੈ ਪਰ ਇਸ ਵਿੱਚ ਨਹੀ।”
ਜਗਦੇਵ ਜੀ ਕਹਿਣ ਲੱਗੇ,
“ਕੋਈ ਗੱਲ ਨਹੀਂ । ਇਨ੍ਹਾਂ ਛੋਟੀਆਂ ਮੋਟੀਆਂ ਗੱਲਾਂ ਦਾ ਫਿਕਰ ਨਹੀਂ ਕਰੀਦਾ।”
ਮੈ ਟਿਕਟ ਹੱਥ ਵਿੱਚ ਲਈ ਸੋਚਣ ਲੱਗੀ ਕਿ ਮੈਨੂੰ ਟਿਕਟ ਕਿਉਂ ਮਿਲਿਆ। ਟਿਕਟ ਮੈਨੂੰ ਦੱਸ ਮਈ ਨੂੰ ਮਿਲੀ ਸੀ ਪਰ ਟਿਕਟ ਉਤੇ ਤਾਰੀਕ 4 ਮਈ ਦੀ ਸੀ। ਫਿਰ ਸੋਚਣ ਲੱਗੀ, ਤਿੰਨ ਮਈ ਨੂੰ ਮੇਰੀ ਸ਼ੀਲਾ, ਜਿਹੜੀ ਕਿ ਕੁਝ ਸਾਲ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ ਉਸਦਾ ਜਨਮ ਦਿਨ ਸੀ ਤੇ ਉਸਦੇ ਖਿਆਲਾਂ ਵਿੱਚ ਡੁੱਬੀ ਨੇ ਰੈਡ ਲਾਈਟ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਚੰਗੀ ਕਿਸਮਤ ਨੂੰ ਸੜਕ ਤੇ ਮੇਰੀ ਕਾਰ ਤੋਂ ਇਲਾਵਾ ਹੋਰ ਕੋਈ ਕਾਰ ਹੀ ਨਹੀਂ ਸੀ। ਪਿਕਚਰ ਟਿਕਟ ਵਿੱਚ ਖਾਲੀ ਸੜਕ ਤੇ ਸਿਰਫ ਮੇਰੀ ਕਾਰ ਹੀ ਚਮਕਾਂ ਮਾਰ ਰਹੀ ਸੀ।
ਕਈ ਦਿਨ ਮੈਨੂੰ ਟਿਕਟ ਦਾ ਹੀ ਖਿਆਲ ਆਉਂਦਾ ਰਿਹਾ। ਐਨੇ ਪੈਸੇ ਭਲਾ ਇੱਕ ਗਰੀਬ ਕਿਸ ਤਰ੍ਹਾਂ ਦੇ ਸਕਦਾ ਹੈ। ਅਗਲੇ ਦਿਨ ਮੈ ਨੌਰਡਲਵੇ ਅਤੇ 84 ਦੇ ਉਸ ਇੰਟਰਸੈਕਸ਼ਨ ਤੇਂ ਜਿੱਥੇ ਕਿ ਮੈਨੂੰ ਟਿਕਟ ਮਿਲੀ ਸੀ, ਸੜਕ ਤੇ ਲੱਗੇ ਉਸ ਕੈਮਰੇ ਨੂੰ ਲੱਭਣ ਦੀ ਕੋਸ਼ਸ਼ ਕਰਨ ਲੱਗੀ। ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹ ਕੈਮਰਾ ਉਥੇ ਲੱਗਿਆ ਸੀ ਪਰ ਮੈ ਪਹਿਲੀ ਵਾਰੀ ਟਿਕਟ ਮਿਲਣ ਤੋਂ ਪਿਛੋਂ ਹੀ ਉਹ ਕੈਮਰਾ ਦੇਖਿਆ ਸੀ। ਜਦੋਂ ਮੈ ਸਕਲੂ਼ ਦੂਜੀਆਂ ਟੀਚਰਾਂ ਨਾਲ ਗੱਲ ਕੀਤੀ ਤਾਂ ਬਹੁਤਿਆਂ ਨੇ ਕਿਹਾ,
 “ਚੰਗਾ ਹੋਇਆ।”
“ਕੀ ਮਤਲਬ, ‘ਚੰਗਾ ਹੋਇਆ’? $167·88 ਦੇਣੇ ਪਤਾ ਕਿਨਾ ਮੁਸ਼ਕਲ ਹੈ?”ਮੈ ਗੁੱਸੇ ਵਿੱਚ ਬੋਲੀ।
 “ਮੁਸ਼ਕਿਲ ਤਾਂ ਹੈ ਪਰ ਟਿਕਟ ਮਿਲੇਗੀ ਤੇ ਤਾਂ ਹੀ ਕਾਰ ਧਿਆਨ ਨਾਲ ਚਲਾਵੋਗੇ।”
ਇਹ ਉਹ ਟੀਚਰਜ਼ ਸਨ ਜਿਨ੍ਹਾ ਨੂੰ ਕਦੀ ਟਿਕਟ ਨਹੀਂ ਸੀ ਮਿਲਿਆ, ਪਰ ਜਿਨ੍ਹਾ ਨੂੰ ਟਿਕਟ ਮਿਲ ਚੁਕੇ ਸਨ ਉਨ੍ਹਾਂ ਮੇਰੇ ਨਾਲ ਪੂਰੀ ਹਮਦਰਦੀ ਦਿਖਾਈ। ਬਹੁਤੇ ਟੀਚਰਾਂ ਨੂੰ ਵੀ ਮੇਰੇ ਵਾਂਗੂੰ ਪਤਾ ਹੀ ਨਹੀਂ ਸੀ ਉਸ ਕੈਮਰੇ ਦਾ। 
ਜਰਮਾਨਾ ਤਾਂ ਦੇਣਾ ਹੀ ਸੀ। ਟਿਕਟ ਦੇ ਦੂਜੇ ਪਾਸੇ ਲਿਖਿਆ ਸੀ ਕਿ ਜੇ ਇਕ ਮਹੀਨੇ ਦੇ ਅੰਦਰ ਪੈਸੇ ਦੇ ਦਿਉਗੇ ਤਾਂ $140·44 ਦੇਣੇ ਪੈਣਗੇ ਤੇ ਜੇ ਮਹੀਨੇ ਦੇ ਬਾਅਦ ਵਿੱਚ ਦਿਉਗੇ ਤਾਂ $167·88 ਦੇਣੇ ਪੈਣੇ ਹਨ। 
ਮੈ ਟਿਕਟ ਫਾਈਟ ਕਰਨ ਦਾ ਇਰਾਦਾ ਬਣਾ ਲਿਆ।  ਜਗਦੇਵ ਜੀ ਕਹਿਣ ਲਗੱ,ੇ “ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਸਾਰੇ ਸਬੂਤ ਦੱਸ ਰਹੇ ਹਨ ਕਿ ਤੇਰਾ ਕਸੂਰ ਹੈ ਫਿਰ ਟਿਕਟ ਫਾਈਟ ਦਾ ਸੁਆਲ ਹੀ ਨਹੀਂ ਉਠਦਾ। ਐਵੇਂ ਨਾ ਆਪਣਾ ਵਕਤ ਖਰਾਬ ਕਰ।”
“ਮੇਰਾ ਵਕਤ ਨਹੀਂ ਖਰਾਬ ਹੋਣਾ। ਜਦੋਂ ਤੱਕ ਮੇਰੀ ਹੀਅਰਿੰਗ ਦੀ ਤਾਰੀਕ ਆਏਗੀ ਸਕੂਲ ਵਿੱਚ ਛੁਟੀਆਂ ਹੋ ਜਾਣੀਆਂ ਹਨ।”
“ਪਰ ਤੈਨੂੰ ਜਾਕੇ ਕੀ ਮਿਲੇਗਾ। ਐਵੇਂ ਬੇਇਜ਼ਤੀ ਕਰਵਾਏਕੇ ਆਏਂਗੀ।”
“ਮੈਨੂੰ ਨਵਾਂ ਤਜਰਬਾ ਹਾਸਲ ਹੋਵੇਗਾ ਤੇ ਕੋਰਟ ਦਾ ਤਰੀਕਾ ਪਤਾ ਲਗੂ।”
“ਚਲੋ ਠੀਕ ਹੈ। ਇਹ ਵੀ ਕਰਕੇ ਦੇਖ ਲੈ। ਤੈਨੂੰ ਪੰਗੇ ਲੈਣ ਦੀ ਵੈਸੇ ਵੀ ਆਦਤ ਹੈ।”
ਮੈ ਟਿਕਟ ਫਾਈਟ ਕਰਨ ਦੇ ਪੇਪਰ ਮੇਲ ਵਿੱਚ ਭੇਜ ਦਿੱਤੇ। ਕੋਈ ਤਿਨਾ ਕੂ ਹਫਤਿਆਂ ਬਾਅਦ ਮੈਨੂੰ ਹੀਅਰਿੰਗ  ਡੇਟ ਵੀ  ਮਿਲ ਗਈ। ਜਿਹੜੀ ਤਾਰੀਕ ਮੈਨੂੰ ਮਿਲੀ ਸੀ ਉਸ ਦਿਨ ਮੈ ਤਿਆਰ ਹੋਕੇ ਜਾਣ ਲਈ ਤਿਆਰ ਹੋ ਗਈ। ਆਮ ਤੌਰ ਤੇ ਜਗਦੇਵ ਜੀ ਮੇਰੇ ਨਾਲ ਹੀ ਜਾਂਦੇ ਹਨ ਪਰ ਉਸ ਦਿਨ ਮੈ ਬੱਸ ਲੈਕੇ ਜਾਣਾ ਸੀ। ਵੈਸੇ ਵੀ ਮੇਰੇ ਘਰ ਤੋਂ ਡਾਊਨ ਟਾਉਨ ਜਾਣ ਲਈ ਬੱਸ ਹੀ ਠੀਕ ਰਹਿੰਦੀ ਹੈ।
ਮੈ ਕਚਹਿਰੀ ਪਹੁੰਚ ਗਈ। ਮੈ ਕਿਸੇ ਤਰ੍ਹਾਂ ਕੋਰਟ ਨੰਬਰ ਪੰਜ ਪਹੁੰਚ ਗਈ। ਦਰਵਾਜੇ ਦੇ ਬਾਹਰ ਇੱਕ ਆਦਮੀ ਦੇ ਇਰਦ ਗਿਰਦ ਕੂਝ ਜਵਾਨ ਲੜਕੇ ਲੜਕੀਆਂ ਘੇਰਾ ਪਾਈ ਖੜੇ ਸਨ। ਮੈ ਵੀ ਉਨ੍ਹਾਂ ਦੀਆਂ ਗੱਲਾਂ ਸੁਨਣ ਲੱਗੀ ।ਉਹ ਹਰ ਇੱਕ ਨੂੰ ਨਾਉਂ ਲੈਕੇ ਪੁਛ ਰਿਹਾ ਸੀ,’ਗਿਲਟੀ ਆਰ ਨੋਨਗਿਲਟੀ?’ ਅਸਲ ਵਿੱਚ ਉਹ ਪਰਾਸੀਕਿਊਟਰ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੈਨੂੰ ਪੁੱਛਣ ਲੱਗਾ, ‘ਗਿਲਟੀ ਆਰ ਨੌਣ ਗਿਲਟੀ?’
“ਕੀ ਫਰਕ ਏ ਦੋਨਾਂ ਵਿੱਚ?” 
“ਜੇ ਗਿਲਟੀ ਹੋ ਤਾਂ ਜੱਜ ਫੈਸਲਾ ਅੱਜ ਹੀ ਸੁਣਾ ਦੇਵੇਗਾ, ਤੇ ਜੇ ਨੌਣ ਗਿਲਟੀ ਹੋ ਤਾਂ ਥੌਨੂੰ ਹੋਰ ਹੀਅਰਿੰਗ ਡੇਟ ਮਿਲ ਜਾਏਗੀ।”
ਮੈ ਸੋਚਿਆ ਕਿ ਮੈ ਫਿਰ ਤਾਂ ਆ ਨਹੀਂ ਸੱਕਦੀ। ਅੱਜ ਹੀ ਫੈਸਲਾ ਹੋ ਜਾਵੇ ਤਾਂ ਚੰਗਾ ਹੈ। ਮੈ ਵੀ ਕਹਿ ਦਿੱਤਾ ‘ਗਿਲਟੀ’।
ਜਦੋਂ ਪਰਾਸੀਕਿਊਟਰ ਨੇ ਸਾਰੇ ਕੇਸ ਭੁਗਤਾ ਦਿੱਤੇ ਤਾਂ ਉਹ ਸਾਰੇ ਜਿਨ੍ਹਾਂ ਨੂੰ ਟਰੈਫਿਕ ਟਿਕਟਾਂ ਮਿਲੀਆਂ ਸਨ ਲਾਊਂਜ ਵਿੱਚ ਕੁਰਸੀਆਂ ਤੇ ਬੈਠ ਗਏ। ਮੈ ਵੀ ਬੈਠ ਗਈ। ਥੋੜ੍ਹੀ ਦੇਰ ਬਾਅਦ ਮੇਰੀ ਵਾਰੀ ਆ ਗਈ। ਮੇਰਾ ਦਿਲ ਧੜਕਣ ਲੱਗਾ ਕਿ ਮੈ ਜਾਣ ਬੂਝਕੇ ਇਸ ਮੁਸੀਬਤ ਵਿੱਚ ਕਿਉਂ ਫਸੀ। ਖੈਰ ਉਖਲੀ’ਚ ਸਿਰ ਦਿੱਤਾ ਤਾਂ ਮੁਹਲਿਆਂ ਦਾ ਕੀ ਡਰ। ਪੰਜ ਨੰਬਰ ਕੋਰਟ ਵਿੱਚ ਜੱਜ ਸਾਹਿਬ ਇੱਕ ਮਹਾਰਾਜੇ ਵਾਂਗੂੰ ਕੁਰਸੀ ਤੇ ਬੈਠੇ ਸਨ। ਜੱਜ ਦੇ ਸੱਜੇ ਹੱਥ ਇੱਕ ਵਕੀਲ ਬੈਠਾ ਸੀ। ਉਸਨੇ ਜੱਜ ਨੂੰ ਮੇਰਾ ਅਤਾ ਪਤਾ ਤੇ ਕਸੂਰ ਦੱਸਿਆ। ਜੱਜ ਸਾਹਿਬ ਕਹਿਣ ਲੱਗੇ,
“ਆਪਣੇ ਹੱਕ ਵਿੱਚ ਤੂੰ ਕੀ ਕਹਿਣਾ ਚਾਹੁੰਦੀ ਏਂ? ਟਿਕਟ ਤਾਂ ਦੱਸ ਰਹੀ ਏ ਕਿ ਤੂੰ ਕਸੂਰ ਕੀਤਾ ਏ।”
“ਜੱਜ ਸਾਹਿਬ ਮੈ ਜਾਣਕੇ ਇਹ ਕਸੂਰ ਨਹੀਂ ਕੀਤਾ। ਮੈਨੂੰ 40 ਸਾਲ ਹੋ ਗਏ ਹਨ ਕਾਰ ਚਲਾਂਉਂਦੀ ਨੂੰ। ਮੈ ਕਦੀ ਟਰੈਫਿਕ ਰੂਲ ਨਹੀਂ ਤੋੜਿਆ। ਪਤਾ ਨਹੀ ਮੈਨੂੰ ਉਸ ਦਿਨ ਰੈਡ ਲਾਈਟ ਕਿਉਂ ਨਹੀਂ ਦਿੱਸੀ।”
“ਇਹ ਮੈ ਨਹੀਂ ਜਾਣਦਾ ਕਿ ਤੈਨੂੰ ਰੈਡ ਲਾਈਟ ਕਿਉਂ ਨਹੀਂ ਦਿੱਸੀ। ਕਾਨੂੰਨ ਸਬੂਤ ਮੰਗਦਾ ਹੈ। ਸਬੂਤ ਤੇਰੇ ਖਿਲਾਫ ਹਨ। ਮੈ ਤੇਰੇ ਹੱਕ’ਚ ਫੈਸਲਾ ਨਹੀਂ ਕਰ ਸੱਕਦਾ, ਪਰ ਇੱਕ ਗੱਲ ਮੈਨੂੰ ਦੱਸ, ਜੇ ਤੂੰ ਮੇਰੀ ਜਗ੍ਹਾ ਹੋਵੇਂ ਤੇ ਮੈ ਤੇਰੀ ਜਗ੍ਹਾ ਖੜਾ ਹੋਵਾਂ ਤਾਂ ਤੇਰਾ ਫੈਸਲਾ ਕੀ ਹੋਵੇਗਾ?”
“ਮੇਰਾ ਫੈਸਲਾ? ਮੇਰਾ ਫੈਸਲਾ ਹੋਵੇਗਾ, ਜਜ ਸਾਹਿਬ,’ਗਿਲਟੀ।”
“ਠੀਕ  ਹੈ। ਇਹ ਪੇਪਰ ਲੈ ਜਾ ਤੇ ਬਾਹਰ ਕਊਂਟਰ ਤੇ ਪੈਸੇ ਜਮ੍ਹਾ ਕਰਵਾ ਦੇ।”
ਮੈ ਪੇਪਰ ਹੱਥ ਵਿੱਚ ਲਈ ਕਊਂਟਰ ਤੇ ਜਾਕੇ ਪੇਪਰ ਕੁੜੀ ਨੂੰ ਫੜਾ ਦਿੱਤੇ। ਮੈਨੂੰ $168·88 ਦੇਣੇ ਹੀ ਪੈਣੇ ਸਨ, ਕਿਉਂਕਿ ਮੈ ਆਪ ਜੁ ਫੈਸਲਾ ਜੱਜ ਸਾਹਿਬ ਨੂੰ ਸੁਨਾਇਆ ਸੀ।
ਉਸਨੇ ਮੇਰੇ ਕੋਲੋਂ $100·00 ਮੰਗੇ ਤੇ ਨਾਲ ਹੀ ਕਹਿਣ ਲੱਗੀ, ‘ਤੂੰ ਖੁਸ਼ ਕਿਸਮਤ ਹੈਂ।”
ਅਸਲ ਵਿੱਚ ਜੱਜ ਸਾਹਿਬ ਨੇ ਮੇਰਾ ਫੈਸਲਾ ਸੁਣਕੇ $67·00 ਮੁਆਫ ਕਰ ਦਿੱਤੇ ਸਨ। ਮੈ ਖੁਸ਼ੀ ਖੁਸ਼ੀ ਘਰ ਆ ਗਈ। ਖੁਸ਼ੀ ਦੇ ਮਾਰੇ ਮੇਰੇ ਤਾਂ ਪੈਰ ਜ਼ਮੀਨ ਤੇ ਨਹੀਂ ਸੀ ਲੱਗ ਰਹੇ।  ਜਗਦੇਵ ਜੀ ਹੈਰਾਨ ਹੋ ਗਏ ਕਿ ਇਹ ਅਚੰਬਾ ਹੋਇਆ ਕਿਸ ਤਰ੍ਹਾਂ। ਮੈ ਵੀ ਸੇਖੀ’ਚ ਆਈ ਨੇ ਕਹਿ ਦਿੱਤਾ,
“ਜਨਾਬ, ਗੱਲ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਹੈ। ਜਦੋਂ ਮੰ ਜੱਜ ਬਣਕੇ ਆਪਣਾ ਫੈਸਲਾ ਜੱਜ ਨੂੰ ਸੁਣਾਇਆ ਤਾਂ ਮੇਰੀ ਦਿਆਨਤਦਾਰੀ ਤੇ ਉਹ ਖੁਸ਼ ਹੋਗਿਆ।”
ਅੱਜ ਕੱਲ ਮੈ ਜਦੋਂ ਵੀ ਸੜਕ ਦੇ ਉਸ ਇੰਟਰਸੈਕਸ਼ਨ ਤੋਂ ਲੰਘਦੀ ਹਾਂ ਤਾਂ ਮੈਨੂੰ ਇੰਜ ਲੱਗਦਾ ਹੈ ਜਿਵੇਂ ਉਹ ਕੈਮਰਾ ਮੈਨੂੰ ਅੱਖ ਮਾਰਕੇ ਕਹਿ ਰਿਹਾ ਹੋਵੇ,
“ਜ਼ਰਾ ਸੰਭਲਕੇ।” 
ਸਕੂਲ ਜਾਂਦਿਆਂ ਹਰ ਰੋਜ਼ ਮੈ ਉਸ ਕੈਮਰੇ ਨੂੰ ਦੇਖਕੇ ਸੋਚਦੀ ਹਾਂ ਕਿ ਮੇਰੀ ਨਜਰ਼ ਇਸ ਕੈਮਰੇ ਤੇ ਪਹਿਲਾਂ ਕਿਉਂ ਨਹੀਂ ਸੀ ਪਈ।