ਖ਼ਾਬ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੱਕ ਗਗਨਾਂ ਵਿੱਚ ਬੱਦਲ ਤਰਦੇ 
ਅੱਖੀਆਂ  ਨੇ ਇੱਕ ਝੂਠ ਰਚਾਇਆ  ।
ਇੱਕ ਚਿਹਰਾ  ਜੋ ਪਿਆਰਾ ਲੱਗੇ 
ਨਜ਼ਰ  ਨੇ ਬਦਲਾਂ ਵਿੱਚ  ਬਣਾਇਆ ।
ਨਕਸ਼ ਨੈਣ ਵੀ ਸਭ  ਉਲੀਕੇ 
ਆਪਣਾ  ਜਿਹਾ ਓਹਨੂੰ  ਸਜਾਇਆ ।
ਮੰਨ ਦੇ  ਵਿੱਚ ਇੱਕ  ਸੱਧਰ ਜਾਗੀ
                ਅੱਖ ਦੇ ਵਿੱਚ ਇੱਕ ਹੰਝੂ ਆਇਆ ।                  
ਹਿਕੜੀ ਲਾਵਾਂ  ਬਾਹਾਂ  ਉਸਾਰੀ 
ਪਰ  ਮੈਂ  ਓਹਨੂੰ ਫੜ ਨਾਂ ਪਾਇਆ ।
ਤੱਤੜੀ ਹਵਾ ਦਾ ਬੁੱਲ੍ਹਾ  ਝੁੱਲਿਆ  
ਬਦਲਾਂ ਨੇ ਉਹ ਰੂਪ ਗਵਾਇਆ ।
ਉਡ  ਗਏ  ਬੱਦਲ ਖਾਲੀ ਨਜ਼ਰਾਂ 
ਸ਼ੁੰਨ ਦੇ  ਵਿੱਚ  ਸ਼ੁੰਨ  ਸਮਾਇਆ    
ਗਿੱਲੀਆਂ ਹੋਈਆਂ  ਅੱਖਾਂ ਦੇ ਨਾਲ 
ਮੰਨ ਨੂੰ  ਸਚ ਦੇ ਕੋਲ  ਬਿਠਾਇਆ  ।