ਸੀਰੀ ਸੁਨਹਿਰੀ ਬਦਨਾਂ ਦੇ (ਕਵਿਤਾ)

ਬਲਵੰਤ ਫਰਵਾਲੀ   

Email: balwantpharwali@yahoo.com
Phone: 98881-17389
Address: ਕਸਬਾ ਭੁਰਾਲ਼
ਸੰਗਰੂਰ Punjab India
ਬਲਵੰਤ ਫਰਵਾਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਵੇਂ ਕੱਤਾਂ ਯਾਰਾ
ਆਪਣੇ ਜ਼ਜ਼ਬਾਤਾਂ ਨੂੰ 
ਕਿਵੇਂ ਕਰਾਂ ਗਲੋਟੇ
ਤੇਰੀਆਂ ਯਾਦਾਂ ਦੇ
ਜਦ ਵੀ ਪਾਉਣਾ ਚਾਹਾਂ
ਤੰਦ ਪ੍ਰੀਤਾਂ ਦਾ
ਮੇਰੀਆਂ ਭਾਵਨਾਵਾਂ ਦੀ ਮਾਲ੍ਹ
ਟੁੱਟ-ਟੁੱਟ ਜਾਂਦੀ ਏ
ਉਹ ਨੀ ਬੱਝਣਾ ਚਾਹੁੰਦੀ
ਦੁਨਿਆਵੀ ਰੂਹਾਂ ਦੀਆਂ
ਪ੍ਰੀਤਾਂ ਵਿੱਚ
ਉਹ ਤਾਂ ਉੱਡਣਾ ਚਾਹੁੰਦੀ ਏ
ਰੂੰ ਦੇ ਫੰਬਿਆਂ ਵਾਂਗ
ਚਿੱਟੇ ਬੱਦਲ਼ਾਂ ਤੋਂ ਉੱਪਰ
ਕਾਲ਼ੀਆਂ ਘਟਾਵਾਂ 'ਚ
ਨੱਚਦੇ ਮੋਰਾਂ ਦੀਆਂ
ਪੈਲਾਂ 'ਚੋਂ ਮਿਲਦੀ
ਖ਼ੁਸ਼ੀ ਤੋਂ ਵੀ ਉੱਪਰ
ਪਰ ਇਹ ਮੇਰੀਆਂ
ਸੋਚਾਂ ਦੀ ਖੇਡ ਏ
ਮੇਰੀ ਪਕੜ ਤੋਂ ਬਾਹਰ
ਮੇਰੀ ਛੋਹ ਤੋਂ ਕੋਹਾਂ ਦੂਰ।
ਮੈਂ ਬਣ ਨੀ ਸਕਦਾ ਰਾਂਝਾ
ਤੂੰ ਬਣ ਸਕਦੀ ਏਂ ਹੀਰ
ਮੈਂ ਹਵੇਲੀਆਂ ਦਾ ਪੁੱਤ ਨੀ
ਜੋ ਭਰਜਾਈਆਂ ਦੇ 
ਤਾਨ੍ਹਿਆਂ 'ਚ ਆ ਕੇ
ਕਿਸੇ ਦਾ ਸੀਰੀ ਬਣਾਂ।
ਮੈਥੋਂ ਨੀ ਹੋਣੀ 
ਤੇਰੇ ਬਾਪ ਦੀ ਗ਼ੁਲਾਮੀ
ਅਸੀਂ ਗ਼ਰੀਬ ਹਾਂ
ਪਿਆਂਰ ਦੇ ਪੁਜ਼ਾਰੀ ਹਾਂ
ਭਿਖਾਰੀ ਨਹੀਂ।
ਮੇਰੀ ਸੋਚ ਤੋਂ ਨਹੀਂ
ਹੋਇਆ ਜਾਣਾ ਕੈਦ
ਤੇਰੇ ਹੁਸਨ ਦੀਆਂ ਜ਼ੁਲਫ਼ਾਂ 'ਚ
ਸਗੋਂ ਅਸੀਂ ਤਾਂ ਕਰਨੀ ਏ
"ਬਗ਼ਾਵਤ"
ਥੇਰੇ ਬਾਪ ਦੀ ਹਵੇਲੀ ਨਾਲ਼
ਮੈਥੋਂ ਨੀ ਪੈਣੀਆਂ 
ਚੁੱਕੇ ਹੋਏ ਹਥਿਆਰਾਂ ਨਾਲ 
ਤੇਰੇ ਪਿਆਰ ਦੀਆਂ ਪੀਘਾਂ।
ਮੈਂ ਤੇਰੇ ਜ਼ਜ਼ਬਾਤਾਂ ਨੂੰ 
ਕੱਤ ਹੀ ਲਵਾਂਗਾ
ਕਰ ਲਵਾਂਗਾ ਗਲੋਟੇ 
ਤੇਰੀਆਂ ਯਾਦਾਂ ਦੇ
ਮੈਂ ਹੋਰ ਮਜ਼ਬੂਤ ਕਰ ਲਵਾਂਗਾ
ਕ੍ਰਾਂਤੀ ਦੀ ਮਾਲ੍ਹ ਨੂੰ
ਜੋ ਕਦੀ ਨਹੀਂ ਟੱਟੇਗੀ
ਸਗੋਂ ਟੁੱਟੇਗਾ ਪੂੰਜ਼ੀਵਾਦ
ਜੁੜੇਗਾ ਮਾਰਕਸਵਾਦ
ਆਏਗਾ ਸਾਮਾਜ਼ਵਾਦ
ਜਿੱਥੇ ਪਿਆਰ ਲਈ
ਪੀਂਘਾਂ ਪੈਣਗੀਆਂ
ਬਿਨਾਂ ਕਿਸੇ ਜਾਤ ਦੇ
ਮਜ੍ਹਬ ਦੇ।
ਪਰ ਅਫ਼ਸੋਸ ਏ
ਕਿ ਤੇਰੀ ਹਵੇਲੀ ਦੀਆਂ ਕੰਧਾਂ
ਬਹੁਤ ਮਜ਼ਬੂਤ ਨੇ
ਸਾਡੀ ਲਾਚਾਰੀ ਅੱਗੇ।
ਪਰ ਮਾਰਕਸਵਾਦ ਜਿਉਂਦਾ ਏ
ਮਨਾਂ 'ਚ ਹੈ
ਤਨ ਅਜੇ ਸਹਿਣ ਦੇ
ਸਮਰੱਥ ਨਹੀਂ ਹੋਏ
ਤਾਂ ਫਿਰ ਕੀ ਅਸੀਂ ਇੰਜ ਹੀ
ਸੀਰੀ ਰਲ਼ਦੇ ਰਹਾਂਗੇ
ਸੁਨਹਿਰੀ ਬਦਨਾਂ ਦੇ ?
ਮਰਦਾ ਰਹੇਗਾ ਸਾਮਾਜਵਾਦ
ਜਿਉਂਦਾ ਰਹੇ ਮਾਰਕਸਵਾਦ
ਸਿਰਫ਼ ਕਿਤਾਬਾਂ 'ਚ
ਇਨਸਾਨੀ ਫ਼ਿਤਰਤਾਂ ਤੋਂ
ਕਿਤੇ ਕੋਹਾਂ ਦੂਰ
ਪੂੰਜੀਵਾਦ ਦੀਆਂ ਅਲਮਾਰੀਆਂ 'ਚ
ਘੁੱਟ-ਘੁੱਟ ਕੇ ਮਰਦਾ ਰਹੇਗਾ ?