ਕੌਰਵ ਸਭਾ (ਕਿਸ਼ਤ-4) (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Phone: +91 161 2407444
Cell: +91 98556 31777
Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


7
ਪੰਡਤ, ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਰਾਮ ਨਾਥ ਉਪਰ ਜ਼ੋਰ ਪਾ ਰਹੇ ਸਨ।
ਪੋਸਟ-ਮਾਰਟਮ ਜਲਦੀ ਕਰਾਓ । ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਸਸਕਾਰ ਹੋਣਾ ਜ਼ਰੂਰੀ ਸੀ । ਜੇ ਸੂਰਜ ਛਿਪ ਗਿਆ ਤਾਂ ਸਸਕਾਰ ਅਗਲੇ ਦਿਨ 'ਤੇ ਪੈ ਜਾਣਾ ਸੀ । ਲਾਸ਼ ਦੀ ਹਾਲਤ ਭੈੜੀ ਸੀ । ਲਾਸ਼ ਨੂੰ ਰਾਤ ਭਰ ਸੰਭਾਲ ਕੇ ਨਹੀਂ ਸੀ ਰੱਧਖਿਆ ਜਾ ਸਕਦਾ ।
ਰਾਮ ਨਾਥ ਇਸ ਮਜਬੂਰੀ ਨੂੰ ਸਮਝ ਰਿਹਾ ਸੀ । ਉਹ ਸਮੇਂ ਸਿਰ ਲਾਸ਼ ਪ੍ਰਾਪਤ ਕਰਨ ਦਾ ਹਰ ਯਤਨ ਕਰ ਰਿਹਾ ਸੀ ।
ਸੰਬੰਧਿਤ ਅਧਿਕਾਰੀ ਦੁਖੀ ਪਰਿਵਾਰ ਨਾਲ ਪੂਰੀ ਹਮਦਰਦੀ ਜਿਤਾ ਰਹੇ ਸਨ । ਕਿਸੇ ਪਾਸਿਉਂ ਕੋਈ ਅੜਚਨ ਨਹੀਂ ਸੀ ਪੈ ਰਹੀ । ਕਾਨੂੰਨੀ ਕਾਰਵਾਈਆਂ ਹੀ ਇੰਨੀਆਂ ਸਨ ਕਿ ਮੱਲੋ-ਮੱਲੀ ਦੇਰ ਹੋ ਰਹੀ ਸੀ । ਪੁਲਿਸ ਨੇ ਆਪਣੀ ਲਿਖਾ-ਪੜ੍ਹੀ ਪੋਸਟ-ਮਾਰਟਮ ਤੋਂ
ਪਹਿਲਾਂ ਮੁਕੰਮਲ ਕਰਨੀ ਸੀ । ਡਾਕਟਰਾਂ ਨੇ ਉਸ ਤੋਂ ਵੱਧ ਕਾਰਵਾਈ ਪੋਸਟ-ਮਾਰਟਮ ਤੋਂ ਬਾਅਦ ਕਰਨੀ ਸੀ । ਕਤਲ ਦਾ ਮਾਮਲਾ ਸੀ । ਛੋਟੀ ਜਿਹੀ ਕੁਤਾਹੀ ਦੋਸ਼ੀਆਂ ਦੇ ਬਰੀ ਹੋਣ ਦਾ ਕਾਰਨ ਬਣ ਸਕਦੀ ਸੀ । ਰਾਮ ਨਾਥ ਇਨ੍ਹਾਂ ਪੇਚੀਦਗੀਆਂ ਨੂੰ ਸਮਝਦਾ ਸੀ ।
ਇਸ ਲਈ ਉਹ ਕਾਰਵਾਈ ਅਧੂਰੀ ਛੱਡਣ ਲਈ ਵੀ ਨਹੀਂ ਸੀ ਆਖ ਸਕਦਾ ।
ਮਰਨ ਵਾਲੇ ਦੇ ਬਾਹਰੋਂ ਆਏ ਸਾਕ-ਸੰਬੰਧੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਅਤੇ ਡਾਕਟਰਾਂ ਨੇ ਮੋਟੀ-ਮੋਟੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ । ਰਿਸ਼ਤੇਦਾਰ ਆਪਣੀਆਂ ਰਸਮਾਂ ਅਦਾ ਕਰਨ । ਬਾਕੀ ਲਿਖਾ-ਪੜ੍ਹੀ ਪਿਛੋਂ ਹੁੰਦੀ ਰਹੇਗੀ ।
ਮੋਹਤਬਰ ਬੰਦਿਆਂ ਨੇ ਰਾਮ ਨਾਥ ਨੂੰ ਸਲਾਹ ਦਿੱਤੀ । ਲਾਸ਼ ਨੂੰ ਘਰ ਲਿਜਾਣ ਦਾ ਕੋਈ ਫ਼ਾਇਦਾ ਨਹੀਂ ਸੀ । ਕੋਠੀ ਭੂਤ ਬੰਗਲਾ ਬਣੀ ਹੋਈ ਸੀ । ਪਰਿਵਾਰ ਦੇ ਬਾਕੀ ਮੈਂਬਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ । 'ਤੇਰਾ ਭਾਣਾ ਮੀਠਾ ਲਾਗੇ' ਦੇ ਵਾਕ ਅਨੁਸਾਰ ਸਬਰ ਕਰ ਲੈਣਾ ਚਾਹੀਦਾ ਸੀ । ਸਮੇਂ ਦੀ ਬਚਤ ਕਰਕੇ ਬਾਕੀ ਜੀਆਂ ਦੇ ਬਚਾਅ ਵੱਲ ਧਿਆਨ ਦੇਣਾ ਚਾਹੀਦਾ ਸੀ ।
ਲਾਸ਼ ਨੂੰ ਸਿੱਧਾ ਸ਼ਮਸ਼ਾਨਘਾਟ ਲਿਜਾਇਆ ਗਿਆ ।
ਸਸਕਾਰ ਦੀ ਰਸਮ ਚੁੱਪਚਾਪ ਹੁੰਦੀ ਰਹੀ । ਰਿਸ਼ਤੇਦਾਰ ਜਿਵੇਂ ਜਿਊਂਦੀਆਂ ਲਾਸ਼ਾਂ ਬਣ ਗਏ ਸਨ । ਕਿਸੇ ਵਿਚ ਰੋਣ-ਧੋਣ ਜਾਂ ਬੋਲਣ ਦੀ ਹਿੰਮਤ ਨਹੀਂ ਸੀ ।
ਜਿਨ੍ਹਾਂ ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਵਹਿਮ ਸੀ, ਉਹ ਸ਼ਮਸ਼ਾਨਘਾਟੋਂ ਹੀ ਘਰਾਂ ਨੂੰ ਮੁੜ ਗਏ । ਜਿਨ੍ਹਾਂ ਨੂੰ ਵਹਿਮਾਂ-ਭਰਮਾਂ ਵਿਚ ਵਿਸ਼ਵਾਸ ਨਹੀਂ ਸੀ ਜਾਂ ਜਿਨ੍ਹਾਂ ਨੂੰ ਵਹਿਮਾਂਭਰਮਾਂ ਦੀ ਉਲੰਘਣਾ ਕਰਨ ਨਾਲ ਹੋਣ ਵਾਲੇ ਨੁਕਸਾਨ ਨਾਲੋਂ ਆਪਣੇ ਰਿਸ਼ਤੇਦਾਰ ਪਿਆਰੇ
ਸਨ ਉਹ ਸਿੱਧੇ ਹਸਪਤਾਲ ਨੂੰ ਹੋ ਲਏ ।
ਕਮਲ ਦੀਆਂ ਆਖਰੀ ਰਸਮਾਂ ਪੂਰੀਆਂ ਕਰਦੇ ਰਾਮ ਨਾਥ ਨੂੰ ਸ਼ਮਸ਼ਾਨਘਾਟ ਵਿਚ ਕੁਝ ਦੇਰ ਲੱਗ ਗਈ ।
ਰਾਮ ਨਾਥ ਨੂੰ ਹਸਪਤਾਲੋਂ ਸੁਨੇਹੇ 'ਤੇ ਸੁਨੇਹਾ ਆਉਣ ਲੱਗਾ । ਮਰੀਜ਼ਾਂ ਦੀ ਹਾਲਤ ਗੰਭੀਰ ਸੀ । ਡਾਕਟਰ ਫੌਰੀ ਤੌਰ 'ਤੇ ਅਪਰੇਸ਼ਨ ਕਰਨਾ ਚਾਹੁੰਦੇ ਸਨ । ਮਰੀਜ਼ਾਂ ਦੀ ਜਾਨ ਨੂੰ ਖਤਰਾ ਸੀ । ਖਤਰਾ ਮੁੱਲ ਲੈਣ ਤੋਂ ਪਹਿਲਾਂ ਡਾਕਟਰ ਵਾਰਿਸਾਂ ਤੋਂ ਸਹਿਮਤੀ ਲੈਣੀ ਚਾਹੰਦੇ ਸਨ । ਸਹਿਮਤੀ ਕਾਗਜ਼ਾਂ ਉਪਰ ਰਾਮ ਨਾਥ ਦੇ ਦਸਤਖ਼ਤ ਹੋਣੇ ਜ਼ਰੂਰੀ ਸਨ ।
ਉਹ ਤੁਰੰਤ ਹਸਪਤਾਲ ਪੁੱਜੇ ।
ਰਾਮ ਨਾਥ ਮਰੀਜ਼ਾਂ ਦਾ ਇਕੱਲਾ ਵਾਰਿਸ ਨਹੀਂ ਸੀ । ਉਸ ਵਰਗੇ ਬਥੇਰੇ ਰਿਸ਼ਤੇਦਾਰ ਹਸਪਤਾਲ ਵਿਚ ਮੌਜੂਦ ਸਨ । ਇਸ ਸੁਨੇਹੇ ਵਿਚੋਂ ਉਸਨੂੰ ਹੋਰ ਰਮਜ਼ਾਂ ਆਉਂਦੀਆਂ ਮਹਿਸੂਸ ਹੋਣ ਲੱਗੀਆਂ ।
ਹੱਥਲੇ ਕੰਮ ਵਿਚੇ ਛੱਡ ਕੇ ਰਾਮ ਨਾਥ ਹਸਪਤਾਲ ਵੱਲ ਦੌੜ ਪਿਆ ।
ਰਿਸ਼ਤੇਦਾਰ ਪਹਿਲੀ ਮੰਜ਼ਲ ਉਪਰ ਇਕੱਠੇ ਹੋਏ ਬੈਠੇ ਸਨ ।
ਰਾਮ ਨਾਥ ਨੂੰ ਪੌੜੀਆਂ ਚੜ੍ਹਦੇ ਦਿੱਕਤ ਮਹਿਸੂਸ ਹੋਣ ਲੱਗੀ । ਉਸਨੂੰ ਆਪਣੀਆਂ ਟੰਗਾਂ ਹਜ਼ਾਰਾਂ ਮਣ ਭਾਰੀਆਂ ਲੱਗਣ ਲੱਗੀਆਂ । ਉਸ ਦਾ ਸਾਹ ਚੜ੍ਹ ਗਿਆ । ਅੱਖਾਂ ਫੁੱਲ ਗਈਆਂ। ਰਾਮ ਨਾਥ ਨੇ ਸਮਝ ਲਿਆ ਇਹ ਬਲੱਡ-ਪ੍ਰੈਸ਼ਰ ਵਧਣ ਦੀ ਨਿਸ਼ਾਨੀ ਸੀ ।
ਦੋ ਕਦਮ ਹੋਰ ਤੁਰ ਕੇ ਰਾਮ ਨਾਥ ਨੂੰ ਘੁਮੇਰ ਚੜ੍ਹਨ ਲੱਗੀ । ਸ਼ਰਾਬੀਆਂ ਵਾਂਗ ਉਸਦੇ ਕਦਮ ਇਥੇ ਦੀ ਥਾਂ ਉਥੇ ਟਿਕਣ ਲੱਗੇ । ਡਿੱਗਣ ਲਗੇ ਰਾਮ ਨਾਥ ਨੂੰ ਸੰਗੀਤਾ ਨੇ ਬਚਾ ਲਿਆ । ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਉਸਨੇ ਰਾਮ ਨਾਥ ਨੂੰ ਕੁਰਸੀ ਉਪਰ ਬਿਠਾ ਦਿੱਤਾ ।
ਸਰਦਾਰੀ ਲਾਲ ਝੱਟ ਪਾਣੀ ਵਾਲੀ ਬੋਤਲ ਫੜ ਲਿਆਇਆ । ਪਾਣੀ ਦਾ ਗਲਾਸ ਭਰ ਕੇ ਉਸ ਨੇ ਰਾਮ ਨਾਥ ਦੇ ਮੂੰਹ ਨੂੰ ਲਾ ਦਿੱਤਾ । ਰਾਮ ਨਾਥ ਨੇ ਪਾਗਲਾਂ ਵਾਂਗ ਸਾਰਾ ਗਲਾਸ ਇਕੋ ਸਾਹ ਅੰਦਰ ਸੁੱਟ ਲਿਆ। ਸਰਦਾਰੀ ਲਾਲ ਨੇ ਇਕ ਹੋਰ ਗਲਾਸ ਉਸਨੂੰ ਫੜਾਇਆ । ਰਾਮ ਨਾਥ ਨੇ ਉਹ ਵੀ ਅੰਦਰ ਸੁੱਟ ਲਿਆ। ਪਿਛਲੇ ਪੰਦਰਾਂ ਸੋਲਾਂ ਘੰਟਿਆਂ ਵਿਚ ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਨੂੰ ਪਾਣੀ ਦਾ ਘੁੱਟ ਨਸੀਬ ਹੋਇਆ ਸੀ ।
ਠੰਡੇ ਪਾਣੀ ਨੇ ਅਸਰ ਵਿਖਾਇਆ । ਅੱਖਾਂ ਅੱਗੇ ਛਾਇਆ ਹਨ੍ਹੇਰਾ ਛਟਣ ਲੱਗਾ ।
ਸਾਹ ਸਥਿਰ ਹੋਣ ਲੱਗਾ ।
ਪਵਨ ਸਥਿਤੀ ਸਮਝ ਗਿਆ । ਰਾਮ ਨਾਥ ਦੀ ਇਹ ਦੁਰਦਸ਼ਾ ਭੁੱਖ ਪਿਆਸ ਕਾਰਨ ਹੋਈ ਸੀ । ਜਦੋਂ ਦਾ ਪਵਨ ਮਾਇਆ ਨਗਰ ਆਇਆ ਸੀ ਉਹ ਦੇਖ ਰਿਹਾ ਸੀ, ਰਾਮ ਨਾਥ ਦੇ ਅੰਦਰ ਖਿਲ ਤਕ ਨਹੀਂ ਸੀ ਗਈ । ਕਈ ਵਾਰ ਪਵਨ ਨੇ ਉਸਨੂੰ ਕੁਝ ਖਵਾਉਣ
ਪਿਆਉਣ ਦਾ ਯਤਨ ਕੀਤਾ ਸੀ, ਪਰ ਹਰ ਵਾਰ ਉਸ ਨੇ ਉਸਦਾ ਹੱਥ ਝਟਕ ਦਿੱਤਾ ਸੀ ।
ਸੰਗੀਤਾ ਦੀ ਹਾਲਤ ਵੀ ਰਾਮ ਨਾਥ ਵਰਗੀ ਸੀ । ਉਸਦਾ ਫਾਕਾ ਭਾਵੇਂ ਰਾਮ ਨਾਥ ਜਿੰਨਾ ਸਖ਼ਤ ਤੇ ਨਹੀਂ ਸੀ ਪਰ ਭੁੱਖ ਨਾਲ ਉਹ ਵੀ ਬੇਹਾਲ ਸੀ ।
ਉਨ੍ਹਾਂ ਵਰਗੇ ਹੋਰ ਵੀ ਕਈ ਰਿਸ਼ਤੇਦਾਰ ਹੋਣਗੇ, ਜਿਹੜੇ ਸ਼ਰਮੋਂ-ਸ਼ਰਮੀ ਭੁੱਖੇ ਤਿਹਾਏ ਬੈਠੇ ਹੋਣਗੇ।
ਜੋ ਭਾਣਾ ਵਰਤਣਾ ਸੀ ਵਰਤ ਚੁੱਕਾ ਸੀ । ਭੁੱਧਖਿਆਂ ਰਹਿ ਕੇ ਗਿਆਂ ਨੇ ਮੁੜ ਨਹੀਂ ਸੀ ਆਉਣਾ । ਜੋ ਬਚ ਗਏ ਸਨ ਉਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਸੀ । ਉਨ੍ਹਾਂ ਦੀ ਸੰਭਾਲ ਲਈ ਉਪਰਲਿਆਂ ਦਾ ਰਿਸ਼ਟ-ਪੁਸ਼ਟ ਹੋਣਾ ਜ਼ਰੂਰੀ ਸੀ । ਰਾਮ ਨਾਥ ਸਾਰੀ ਕਾਰਵਾਈ ਦਾ ਧੁਰਾ ਸੀ । ਉਸ ਨੂੰ ਕੁਝ ਹੋ ਗਿਆ ਤਾਂ ਸਾਰੀ ਖੇਡ ਸਮਾਪਤ ਹੋ ਜਾਣੀ ਸੀ ।
ਇਹ ਸੋਚ ਕੇ ਪਵਨ ਹਸਪਤਾਲ ਦੀ ਕੰਟੀਨ ਵਿਚ ਗਿਆ। ਚਾਹ ਦਾ ਜੱਗ ਅਤੇ ਪਲਾਸਟਕ ਦੇ ਗਲਾਸ ਚੁੱਕ ਲਿਆਇਆ ।
ਇਕ ਗਲਾਸ ਭਰ ਕੇ ਉਸਨੇ ਰਾਮ ਨਾਥ ਨੂੰ ਫੜਾ ਦਿੱਤਾ ।
ਰਾਮ ਨਾਥ ਦਾ ਸਰੀਰ ਮਿੱਟੀ ਹੋਇਆ ਪਿਆ ਸੀ । ਨਾਂਹ ਕਰਨ ਦੀ ਉਸਦੀ ਹਿੰਮਤ ਨਾ ਪਈ । ਮਾਣ ਵਜੋਂ ਪਹਿਲਾ ਗਲਾਸ ਫੜ ਕੇ ਉਸਨੇ ਆਪਣੇ ਜੀਜੇ ਸਰਦਾਰੀ ਲਾਲ ਨੂੰ ਫੜਾ ਦਿੱਤਾ । ਸਰਦਾਰੀ ਲਾਲ ਨੂੰ ਵੀ ਚਾਹ ਦੀ ਤਲਬ ਸੀ । ਪਰ ਉਸਨੇ ਸ਼ਿਸ਼ਟਾਚਾਰ
ਵਜੋਂ ਗਲਾਸ ਸੰਗੀਤਾ ਨੂੰ ਫੜਾ ਦਿੱਤਾ । ਪਵਨ ਗਲਾਸ ਭਰਦਾ ਰਿਹਾ ਅਤੇ ਰਿਸ਼ਤੇਦਾਰ ਉਸ ਤੋਂ ਫੜ ਫੜ ਇਕ ਤੋਂ ਅੱਗੇ ਦੂਜੇ ਨੂੰ ਫੜਾਉਂਦੇ ਰਹੇ ।
ਜਦੋਂ ਸਾਰੇ ਚਾਹ ਪੀਣ ਲਗ ਪਏ ਪਵਨ ਦੀ ਹਿੰਮਤ ਵਧ ਗਈ । ਉਹ ਚੁਪਕੇ ਜਿਹੇ ਚਾਰ ਪੰਜ ਪੈਕਟ ਬਰੈਡ ਫੜ ਲਿਆਇਆ । ਚਾਹ ਦੇ ਨਾਲ-ਨਾਲ ਉਹ ਪੀਸ ਵਰਤਾਉਣ ਲੱਗਾ ।
ਭੁੱਖ ਸਭ ਨੂੰ ਤੜਪਾ ਰਹੀ ਸੀ । ਦੇਖੋ-ਦੇਖੀ ਸਭ ਨੇ ਚਾਹ ਅਤੇ ਬਰੈਡ ਫੜ ਲਈ ।
ਭੁੱਖ ਮਿਟਦਿਆਂ ਹੀ ਰਾਮ ਨਾਥ ਦੀ ਬਿਮਾਰੀ ਖੰਭ ਲਾ ਕੇ ਉੱਡ ਗਈ । ਉਹ ਤਾਜ਼ਾ ਦਮ ਮਹਿਸੂਸ ਕਰਨ ਲੱਗਾ ।
ਮੌਕਾ ਤਾੜ ਕੇ ਡਾਕਟਰ ਦੇਵ ਨੇ ਦੋਹਾਂ ਮਰੀਜ਼ਾਂ ਦੀ ਤਾਜ਼ਾ ਸਥਿਤੀ ਰਾਮ ਨਾਥ ਅਤੇ ਪਿੱਛੋਂ ਆਏ ਹੋਰ ਰਿਸ਼ਤੇਦਾਰਾਂ ਨੂੰ ਸਮਝਾ ਦਿੱਤੀ । ਇਹ ਵੀ ਸਮਝਾ ਦਿੱਤਾ ਕਿ ਅਪਰੇਸ਼ਨਾਂ ਵਿਚ ਦੇਰ ਖ਼ਤਰਨਾਕ ਸਿੱਧ ਹੋ ਸਕਦੀ ਸੀ । ਝੱਟਪੱਟ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਡਾਕਟਰਾਂ ਨੂੰ ਅਪਰੇਸ਼ਨ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਸੀ ।
ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ । ਜੇ ਅਪਰੇਸ਼ਨ ਇੰਨੇ ਜ਼ਰੂਰੀ ਸਨ ਤਾਂ ਹੁਣ ਤਕ ਮੰਗਤ ਰਾਏ ਨੇ ਕਾਗਜ਼ਾਂ ਉਪਰ ਦਸਤਖਤ ਕਿਉਂ ਨਾ ਕੀਤੇ? ਮੰਗਤ ਅਤੇ ਰਾਮ ਨਾਥ ਵਿਚ ਕੋਈ ਫ਼ਰਕ ਨਹੀਂ ਸੀ ।
ਕਾਰਨ ਸਮਝਾਉਣ ਲਈ ਮੰਗਤ ਰਾਮ ਨਾਥ ਨੂੰ ਇਕ ਪਾਸੇ ਲੈ ਗਿਆ । ਹੋ ਚੁੱਕੇ ਖਰਚੇ ਦਾ ਵੇਰਵਾ ਦਿੱਤਾ । ਮੰਗੀ ਜਾ ਰਹੀ ਰਕਮ ਦਾ ਜ਼ਿਕਰ ਕੀਤਾ ।
ਪੈਸਿਆਂ ਦੀ ਕਮੀ ਦੀ ਭਿਣਕ ਪਵਨ ਦੇ ਕੰਨੀਂ ਪੈ ਗਈ । ਉਹ ਧਨਾਢ ਤਾਂ ਨਹੀਂ ਸੀ । ਇਕ ਸਕੂਟਰ ਮਕੈਨਿਕ ਸੀ। ਵਾਰਦਾਤ ਦੀ ਖ਼ਬਰ ਸੁਣ ਕੇ ਉਹ ਆਪਣੀ ਦੁਕਾਨ ਨੂੰ ਜਿੰਦਾ ਲਾ ਕੇ ਇਧਰ ਨੂੰ ਭੱਜ ਪਿਆ ਸੀ । ਪਤਾ ਸੀ ਪੈਸੇ ਦੀ ਲੋੜ ਪਏਗੀ । ਆਪਣੇ
ਅਤੇ ਆਪਣੇ ਗੁਆਂਢੀਆਂ ਦੇ ਗੱਧਲਿਆਂ ਵਿਚ ਜੋ ਪਿਆ ਸੀ ਉਹ ਚੁੱਕ ਲਿਆਇਆ ਸੀ । ਹਜ਼ਾਰ ਪੰਦਰਾਂ ਸੌ ਖਰਚ ਹੋ ਚੁੱਕਾ ਸੀ । ਅੱਠ ਨੌਂ ਹਜ਼ਾਰ ਬਚਦਾ ਸੀ । ਉਹ ਰਕਮ ਉਸਨੇ ਸੰਗੀਤਾ ਨੂੰ ਫੜਾ ਦਿੱਤੀ । ਪਵਨ ਦੀ ਇਸ ਹੱਲਾਸ਼ੇਰੀ ਨੇ ਬਾਕੀਆਂ ਲਈ ਰਾਹ ਖੋਲ੍ਹ ਦਿੱਤਾ । ਅਜਿਹੇ ਮੌਕਿਆਂ ਤੇ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ, ਇਹ ਅਹਿਸਾਸ ਹਰ ਰਿਸ਼ਤੇਦਾਰ ਨੂੰ ਸੀ । ਹਰ ਕੋਈ
ਆਪਣੀ ਹੈਸੀਅਤ ਅਨੁਸਾਰ ਕੁਝ ਨਾ ਕੁਝ ਲੈ ਕੇ ਆਇਆ ਸੀ ।
ਰਿਸ਼ਤੇਦਾਰਾਂ ਨੇ ਆਪਣੇ ਤਿਲ-ਫੁੱਲ ਭੇਂਟ ਕਰਨੇ ਸ਼ੁਰੂ ਕਰ ਦਿੱਤੇ ।
ਰਾਮ ਨਾਥ ਨੇ ਮੰਗਤ ਰਾਏ ਨੂੰ ਇਸ਼ਾਰਾ ਕੀਤਾ । ਉਹ ਦਿਆਲੂ ਰਿਸ਼ਤੇਦਾਰਾਂ ਦੇ ਨਾਂ ਅਤੇ ਆਈ ਰਕਮ ਨੋਟ ਕਰ ਲਏ । ਨਾ ਰਾਮ ਨਾਥ ਕੋਲ ਪੈਸੇ ਦੀ ਘਾਟ ਸੀ ਨਾ ਉਸਦੇ ਭੈਣ ਭਣਵਈਏ ਕੋਲ। ਸਭ ਦੇ ਪੈਸੇ ਧੰਨਵਾਦ ਸਹਿਤ ਵਾਪਿਸ ਕੀਤੇ ਜਾਣਗੇ ।
ਨਾਂ ਅਤੇ ਰਕਮ ਨੋਟ ਹੁੰਦੀ ਦੇਖ ਕੇ ਸਹਾਇਤਾ ਦੀ ਰਾਸ਼ੀ ਅਤੇ ਸਹਾਇਤਾ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵਧ ਗਈ ।
ਇਕੱਠੀ ਹੋਈ ਰਕਮ ਦੋਹਾਂ ਮਰੀਜ਼ਾਂ ਦਾ ਖਰਚਾ ਭਰਨ ਲਈ ਕਾਫ਼ੀ ਸੀ ।
ਮੰਗਤ ਵਾਧੂ ਰਕਮ ਵਾਪਸ ਕਰਨਾ ਚਾਹੁੰਦਾ ਸੀ । ਡਾਕਟਰ ਦੇਵ ਨੇ ਉਸਨੂੰ ਰੋਕ ਦਿੱਤਾ । ਖਰਚੇ ਖਤਮ ਥੋੜ੍ਹਾ ਹੋ ਗਏ ਸਨ। ਪਤਾ ਨਹੀਂ ਕਦੋਂ ਕਿਸ ਦਵਾਈ ਵਾਲੀ ਪਰਚੀ ਅੰਦਰੋਂ ਆ ਜਾਵੇ ? ਕਦੋਂ ਕਿਸੇ ਮਹਿੰਗੇ ਟੈਸਟ ਦੀ ਜ਼ਰੂਰਤ ਪੈ ਜਾਵੇ । ਹਾਲ ਦੀ ਘੜੀ
ਰਕਮ ਸੰਭਾਲ ਲੈਣੀ ਚਾਹੀਦੀ ਸੀ ।
ਮਰੀਜ਼ਾਂ ਦੇ ਅਪਰੇਸ਼ਨ ਥੀਏਟਰ ਜਾਣ ਬਾਅਦ ਬਾਕੀ ਰਿਸ਼ਤੇਦਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਗਈ ।
ਹੁਣ ਉਹ ਘਰੋ-ਘਰੀਂ ਜਾ ਕੇ ਆਰਾਮ ਕਰਨ ।
ਨਜ਼ਦੀਕੀ ਰਿਸ਼ਤੇਦਾਰ ਹਸਪਤਾਲ ਦੀ ਇਕ ਨੁੱਕਰੇ ਬੈਠ ਕੇ ਮਰੀਜ਼ਾਂ ਦੇ ਸਹੀ ਸਲਾਮਤ ਅਪਰੇਸ਼ਨ ਥੀਏਟਰ ਵਿਚੋਂ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗੇ ।


8
ਸਾਰੀ ਰਾਤ ਪੁਲਿਸ ਅਫ਼ਸਰਾਂ ਵਿਚਕਾਰ ਬੈਠਕਾਂ ਹੁੰਦੀਆਂ ਰਹੀਆਂ ।
ਅਜਿਹੀਆਂ ਇੱਕੜ-ਦੁੱਕੜ ਘਟਨਾਵਾਂ ਪਹਿਲਾਂ ਹੋਈਆਂ ਜ਼ਰੂਰ ਸਨ, ਪਰ ਉਹ ਇੰਨੀਆਂ ਭਿਆਨਕ ਨਹੀਂ ਸਨ । ਬਲਾਤਕਾਰ ਪਹਿਲੀ ਵਾਰ ਹੋਇਆ ਸੀ । ਪਹਿਲਾਂ ਲੋੜ ਪੈਣ 'ਤੇ ਘਰ ਦੇ ਮੈਂਬਰਾਂ ਨੂੰ ਸੱਟਾਂ ਮਾਰੀਆਂ ਜਾਂਦੀਆਂ ਸਨ । ਇਸ ਵਾਰ ਲਗਦਾ ਸੀ ਸੱਟਾਂ ਜਾਣ ਬੁੱਝ ਕੇ ਮਾਰੀਆਂ ਜਾਂਦੀਆਂ ਸਨ ।
ਕਮਲ ਯੂਨੀਵਰਸਿਟੀ ਵਿਚ ਐਮ.ਬੀ.ਏ. ਦਾ ਵਿਦਿਆਰਥੀ ਸੀ । ਯੂਨੀਅਨ ਦਾ ਸਰਗਰਮ ਮੈਂਬਰ ਸੀ । ਵਿਦਿਆਰਥੀ ਆਗੂਆਂ ਨੇ ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਸੀ । ਵਿਦਿਆਰਥੀ ਕਾਤਲਾਂ ਨੂੰ ਤੁਰੰਤ ਫੜੇ ਜਾਣ ਦੀ ਮੰਗ
ਕਰ ਰਹੇ ਸਨ ।
ਨੇਹਾ ਨੇ ਪੱਤਰਕਾਰੀ ਦਾ ਡਿਪਲੋਮਾ ਕੀਤਾ ਹੋਇਆ ਸੀ । ਹੁਣ ਉਹ ਇੰਗਲਿਸ਼ ਦੀ ਐਮ.ਏ. ਕਰ ਰਹੀ ਸੀ । ਸ਼ੌਕ ਦੇ ਤੌਰ 'ਤੇ ਉਹ 'ਪ੍ਰੈਸ ਟਰੱਸਟ ਆਫ਼ ਇੰਡੀਆ' ਲਈ ਬਤੌਰ 'ਫਰੀ ਲਾਂਸਰ' ਕੰਮ ਕਰ ਰਹੀ ਸੀ । ਸਾਗਰ ਨਾਂ ਦੇ ਪ੍ਰਸਿੱਧ ਪੱਤਰਕਾਰ ਨਾਲ ਉਸਦੇ ਪ੍ਰੇਮਸੰਬੰਧ ਸਨ। ਦੋਹਾਂ ਦੀ ਸਗਾਈ ਹੋਣ ਵਾਲੀ ਸੀ। ਸਾਗਰ ਕਾਰਨ ਸ਼ਹਿਰ ਦੇ ਪੱਤਰਕਾਰਾਂ ਲਈ ਇਹ ਵਕਾਰੀ ਕੇਸ ਬਣ ਗਿਆ ਸੀ । ਕੱਲ੍ਹ ਤੋਂ ਹਰ ਨੁਕਤੇ ਨੇ ਅਖ਼ਬਾਰਾਂ ਵਿਚ ਉਛਲਣਾ ਸੀ ।
ਖੁਫ਼ੀਆ ਵਿਭਾਗ ਦੇ ਦੋਹਾਂ ਫ਼ੈਸਲਿਆਂ ਦੀ ਸੂਚਨਾ ਉੱਚ-ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਤਕ ਅੱਪੜਦੀ ਕਰ ਦਿੱਤੀ ਸੀ । ਮੁੜਵੀਂ ਕਾਰਵਾਈ ਦੇ ਤੌਰ 'ਤੇ ਹਰ ਅਧਿਕਾਰੀ ਪੁਲਿਸ ਕਪਤਾਨ ਦੀ ਖਿਚਾਈ ਕਰ ਰਿਹਾ ਸੀ । ਮੁੱਖ-ਮੰਤਰੀ ਨੇ ਪ੍ਰੈਸ-ਕਾਨਫਰੰਸ ਬੁਲਾ ਕੇ ਐਲਾਨ ਕਰ ਦਿੱਤਾ ਸੀ । "ਤਫ਼ਤੀਸ਼ ਕਪਤਾਨ ਨੂੰ ਦੇ ਦਿੱਤੀ ਗਈ ਸੀ । ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਜੇ ਕਪਤਾਨ ਨੇ ਕਾਤਲ ਨਾ ਫੜੇ ਤਾਂ ਉਸਨੂੰ ਬਦਲ ਦਿੱਤਾ ਜਾਏਗਾ ।"
ਵਿਰੋਧੀ ਧਿਰ ਮੁੱਖ-ਮੰਤਰੀ ਨੂੰ ਕਈ ਫਰੰਟਾਂ 'ਤੇ ਘੇਰੀ ਬੈਠੀ ਸੀ । ਵਿਗੜ ਰਹੀ ਕਾਨੂੰਨ ਵਿਵਸਥਾ ਦੇ ਨਾਜ਼ੁਕ ਮਸਲੇ ਉਪਰ ਵਿਰੋਧੀ ਧਿਰ ਨੂੰ ਉਸ ਵਿਰੁੱਧ ਢੰਡੋਰਾ ਪਿੱਟਣ ਦਾ ਮੌਕਾ ਮਿਲ ਜਾਣਾ ਸੀ । ਮੁੱਖ-ਮੰਤਰੀ ਆਪਣੀ ਦਾੜ੍ਹੀ ਵਿਰੋਧੀ ਧਿਰ ਨੂੰ ਨਹੀਂ ਸੀ ਫੜਾ
ਸਕਦਾ ।
ਪੁਲਿਸ ਕਪਤਾਨ ਨੂੰ ਇਸ ਐਲਾਨ ਕਾਰਨ ਹੱਥਾਂ-ਪੈਰਾਂ ਦੀ ਪਈ ਹੋਈ ਸੀ । ਜੇ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਮੁਲਜ਼ਮ ਨਾ ਫੜੇ ਗਏ ਤਾਂ ਕਪਤਾਨ ਨੇ ਬਲੀ ਦਾ ਬੱਕਰਾ ਬਣ ਜਾਣਾ ਸੀ ।
ਮੁੱਖ ਮੰਤਰੀ ਦੇ ਹੁਕਮ 'ਤੇ ਫੁੱਲ ਚੜ੍ਹਾਉਣ ਦੇ ਯਤਨ ਹੋਣ ਲੱਗੇ । ਕਪਤਾਨ ਨੇ ਆਪਣੇ ਹੇਠ ਕੰਮ ਕਰਦੀਆਂ ਸਾਰੀਆਂ ਇਕਾਈਆਂ ਨੂੰ ਸੁਚੇਤ ਕਰ ਦਿੱਤਾ । ਥਾਂ-ਥਾਂ ਛਾਪੇ ਪੈਣ ਲੱਗੇ । ਮੁਲਜ਼ਮਾਂ ਦੇ ਖੁਰੇ ਖੋਜੇ ਜਾਣ ਲੱਗੇ ।
ਪੁਲਿਸ ਕਪਤਾਨ ਦੀਆਂ ਅੱਖਾਂ ਵਿਚ ਨੌਕਰ ਕਣ ਵਾਂਗ ਰੜਕ ਰਿਹਾ ਸੀ । ਉਸ ਦੀ ਪੁੱਛਗਿੱਛ ਬਿਨਾਂ ਤਫ਼ਤੀਸ਼ ਅੱਗੇ ਕਿਸ ਤਰ੍ਹਾਂ ਤੁਰ ਸਕਦੀ ਸੀ? ਉਹ ਨੌਕਰ ਨੂੰ ਖ਼ੁਦ 'ਇਨਟੈਰੋਗੇਟ' ਕਰਨਾ ਚਾਹੁੰਦਾ ਸੀ ।
ਕੱਲ੍ਹ ਮੁੱਖ ਅਫ਼ਸਰ ਨੇ ਨੌਕਰ ਨੂੰ ਛੱਡ ਕੇ ਠੀਕ ਕੀਤਾ ਸੀ । ਮਾਹੌਲ ਗਰਮ ਸੀ ।
ਲੋਕਾਂ ਨੂੰ ਨੌਕਰ ਦੀ ਵਫ਼ਾਦਾਰੀ ਤੇ ਯਕੀਨ ਸੀ ।
ਹੁਣ ਹਾਲਾਤ ਬਦਲ ਚੁੱਕੇ ਸਨ । ਹੁਣ ਨੌਕਰ ਦੀ ਕਿਸੇ ਨੂੰ ਪਰਵਾਹ ਨਹੀਂ ਸੀ ।
ਪਤਾ ਨਹੀਂ ਉਹ ਕਿੱਥੇ ਸੁੱਤਾ ਸੀ । ਕਿਧਰੇ ਖਿਸਕ ਗਿਆ ਤਾਂ ਕਪਤਾਨ ਦਾ ਮੂੰਹ ਕਾਲਾ ਹੋਣਾ ਸੀ ।
ਸਾਰੀ ਰਾਤ ਕਪਤਾਨ ਨੌਕਰ 'ਤੇ ਕਚੀਚੀਆਂ ਵੱਟਦਾ ਰਿਹਾ ।
ਸਵੇਰ ਹੁੰਦਿਆਂ ਹੀ ਕਪਤਾਨ ਨੇ ਇਕੱਧਲਿਆਂ ਮੌਕਾ ਦੋਬਾਰਾ ਦੇਖਣ ਦਾ ਐਲਾਨ ਕੀਤਾ । ਮੁਲਾਹਜ਼ੇ ਵਿਚ ਰਾਮ ਨਾਥ ਅਤੇ ਨੌਕਰ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ।
ਰਾਤ ਰਾਮੂ ਗੁਆਂਢੀਆਂ ਦੇ ਸੁੱਤਾ ਸੀ । ਗੁਆਂਢੀ ਨੇ ਦੱਧਸਿਆ ਸੀ ਉਹ ਬਹੁਤ ਡਰਿਆ ਹੋਇਆ ਸੀ । ਸਾਰੀ ਰਾਤ ਉਹ ਉਸਲਵੱਧਟੇ ਲੈਂਦਾ ਰਿਹਾ ਸੀ । ਉਸਨੇ ਇਕ ਰੋਟੀ ਮਸਾਂ ਅੰਦਰ ਲੰਘਾਈ ਸੀ । ਉਹ ਆਪਣੇ ਚਾਚੇ ਕੋਲ ਜਾਣ ਦੀ ਜ਼ਿੱਦ ਕਰ ਰਿਹਾ ਸੀ ।
ਰਾਮੂ ਦੀ ਇਹ ਬੇਚੈਨੀ ਕਪਤਾਨ ਲਈ ਖੁਸ਼ੀ-ਭਰਿਆ ਸੰਦੇਸ਼ ਸੀ । ਘਬਰਾਹਟ ਦੱਸਦੀ ਸੀ, ਉਹ ਕੁਝ ਛੁਪਾ ਰਿਹਾ ਸੀ ।
ਖ਼ਾਕੀ ਵਰਦੀ ਵਿਚ ਕੱਸੇ ਕਪਤਾਨ ਨੇ ਜਦੋਂ ਅੱਖਾਂ ਸੂਹੀਆਂ ਕਰਕੇ ਰਾਮੂ ਦੀਆਂ ਅੱਖਾਂ ਵਿਚ ਤੱਕਿਆ ਰਾਮੂ ਧੁਰ ਅੰਦਰ ਤਕ ਹਿੱਲ ਗਿਆ । "ਦੇਖ ਬੇਟਾ ! ਮੁਝੇ ਮੁਹੱਲੇ ਕੇ ਚੌਕੀਦਾਰ ਨੇ ਸਬ ਕੁਝ ਬਤਾ ਦੀਆ ਹੈ । ਚੋਰ ਦੀਵਾਰ ਕੂਦ ਕਰ ਕੋਠੀ ਮੇਂ ਆਏ ਥੇ !
ਤੁਮਨੇ ਉਨ ਕੋ ਕੋਠੀ ਮੇਂ ਘੁਸਤੇ ਦੇਖਾ ਥਾ ।"
ਕਪਤਾਨ ਸ਼ਬਦ ਮਿੱਠੇ ਬੋਲ ਰਿਹਾ ਸੀ ਪਰ ਉਨ੍ਹਾਂ ਵਿਚੋਂ ਕੁੜੱਤਣ ਅਤੇ ਤਾੜਨਾ ਸਾਫ਼ ਝਲਕ ਰਹੀ ਸੀ ।
"ਜੀ ਸਾਹਿਬ !"
"ਕਿਆ ਸਾਹਿਬ ?" ਕਪਤਾਨ ਦਾ ਝੂਠ ਇੰਨੀ ਜਲਦੀ ਰੰਗ ਲਿਆਏਗਾ ਇਹ ਉਸਨੂੰ ਉਕਾ ਆਸ ਨਹੀਂ ਸੀ ।
"ਸ਼ਾਬਾਸ਼ ! ਆਗੇ ਕਿਆ ਦੇਖਾ । ਸਭ ਕੁਝ ਬਤਾਓ । ਤੁਮੇਂ ਇਨਾਮ ਦੀਆ ਜਾਏਗਾ ।
ਤੁਮ ਇਕ ਵਫ਼ਾਦਾਰ ਨੌਕਰ ਹੋ । ਮਾਲਕ ਤੁਮਾਰੀ ਬਹੁਤ ਤਾਰੀਫ਼ ਕਰਤੇ ਹੈਂ । ਤੇਰੇ ਛੋਟੇ ਮਾਲਕ ਕੋ ਮਾਰ ਦੀਆ ਗਿਆ ਹੈ । ਬੜੇ ਮਾਲਕ ਔਰ ਬੀਬੀ ਕੋ ਬੁਰੀ ਤਰ੍ਹਾਂ ਪੀਟਾ ਗਿਆ ਹੈ। ਸੱਚ ਬਤਾਓ ਕਿਆ ਹੂਆ ? ਤੁਮ ਕਿਸ-ਕਿਸ ਕੋ ਜਾਨਤੇ ਹੋ ?"
"ਬਤਾ ਰਹਾ ਹੂੰ ਸਾਹਿਬ !" ਕੰਬਦਾ ਨੌਕਰ ਦੇਖੀ ਘਟਨਾ ਦਾ ਵੇਰਵਾ ਦੇਣ ਲੱਗਾ ।
ਆਪਣੇ ਕਮਰੇ ਵਿਚ ਬੈਠਾ ਰਾਮੂ ਟੀ.ਵੀ. ਦੇਖ ਰਿਹਾ ਸੀ । ਕੋਠੀ ਦਾ ਗੇਟ ਟੱਪ ਕੇ ਅੰਦਰ ਆਉਂਦੇ ਇਕ ਚੋਰ ਤੋਂ ਗੇਟ ਹਿੱਲ ਗਿਆ । ਖੜਕਾ ਸੁਣ ਕੇ ਰਾਮੂ ਕਮਰੇ ਵਿਚੋਂ ਛੱਤ 'ਤੇ ਆਇਆ । ਛੱਤ 'ਤੇ ਖੜ੍ਹ ਕੇ ਗੇਟ ਵੱਲ ਝਾਤੀ ਮਾਰੀ । ਉਸ ਸਮੇਂ ਤਕ ਅੰਦਰ ਆ ਚੁੱਕੇ ਚੋਰ ਨੇ ਕੋਠੀ ਦਾ ਗੇਟ ਖੋਲ੍ਹ ਦਿੱਤਾ ਸੀ । ਉਸ ਦੇ ਤਿੰਨ-ਚਾਰ ਸਾਥੀ ਕੋਠੀ ਅੰਦਰ ਪ੍ਰਵੇਸ਼ ਕਰ ਚੁੱਕੇ ਸਨ । ਉਨ੍ਹਾਂ ਦੀਆਂ ਕਾਲੀਆਂ ਵਰਦੀਆਂ ਅਤੇ ਡਰਾਉਣੀਆਂ ਸ਼ਕਲਾਂ ਦੇਖ ਕੇ ਰਾਮੂ ਡਰ ਗਿਆ ਸੀ । ਡਰਿਆ ਸਹਿਮਿਆ ਉਹ ਆਪਣੇ ਕਮਰੇ ਵਿਚ ਆ ਗਿਆ ।
ਟੀ.ਵੀ. ਬੰਦ ਕਰਕੇ ਸੌਣ ਦਾ ਯਤਨ ਕਰਨ ਲੱਗਾ ।
ਕੁਝ ਦੇਰ ਬਾਅਦ ਕੋਠੀ ਅੰਦਰ ਚੀਕ-ਚਿਹਾੜਾ ਪੈ ਗਿਆ । ਕੀ ਹੋ ਗਿਆ ? ਇਹ ਦੇਖਣ ਲਈ ਰਾਮੂ ਦਬਵੇਂ ਪੈਰੀਂ ਪੌੜੀਆਂ ਵਿਚ ਖੜੋ ਕੇ ਲਾਬੀ ਵੱਲ ਦੇਖਣ ਲੱਗਾ । ਉਸ ਸਮੇਂ ਇਕ ਚੋਰ ਕਮਲ ਦੇ ਢਿੱਡ ਵਿਚ ਛੁਰਾ ਖੋਭ ਰਿਹਾ ਸੀ । ਕਿਸੇ ਪਾਸਿਉਂ ਨੀਲਮ ਅਤੇ
ਨੇਹਾ ਦੇ ਰੋਣ ਦੀ ਆਵਾਜ਼ ਆ ਰਹੀ ਸੀ । ਰਾਮੂ ਨੇ ਜਦੋਂ ਗਹੁ ਨਾਲ ਤੱਧਕਿਆ ਤਾਂ ਉਥੇ ਉਨ੍ਹਾਂ ਦੇ ਦੇਸ਼ ਦਾ ਠੇਕੇਦਾਰ ਰਾਮ ਲੁਭਾਇਆ ਵੀ ਖੜ੍ਹਾ ਸੀ । ਠੇਕੇਦਾਰ ਨੇ ਤਾਂ ਭਾਵੇਂ ਕਾਲੇ ਕੱਪੜੇ ਪਾਏ ਹੋਏ ਸਨ, ਪਰ ਰਾਮੂ ਨੇ ਉਸਨੂੰ ਪਹਿਚਾਣ ਲਿਆ ਸੀ ।
ਰਾਮ ਲੁਭਾਇਆ ਬੜਾ ਖ਼ਤਰਨਾਕ ਆਦਮੀ ਸੀ । ਜੇ ਉਸਨੇ ਰਾਮੂ ਨੂੰ ਖੜ੍ਹਾ ਦੇਖ ਲਿਆ ਤਾਂ ਉਸਨੇ ਰਾਮੂ ਨੂੰ ਮਾਰ ਦੇਣਾ ਸੀ । ਡਰਦਾ ਉਹ ਆਪਣੇ ਕਮਰੇ ਵਿਚ ਮੁੜ ਆਇਆ ਸੀ ।
ਹਿੰਮਤ ਬਟੋਰ ਕੇ ਕੁਝ ਦੇਰ ਬਾਅਦ ਜਦੋਂ ਉਸਨੇ ਫੇਰ ਲਾਬੀ ਵੱਲ ਤੱਧਕਿਆ ਤਾਂ ਸਾਰੀ ਲਾਬੀ ਖ਼ੂਨ ਨਾਲ ਲੱਥ-ਪੱਥ ਹੋਈ ਪਈ ਸੀ । ਕਮਲ ਮਰ ਚੁੱਕਾ ਸੀ । ਬਾਕੀ ਦੇ ਮੈਂਬਰ ਸਹਿਕ ਰਹੇ ਸਨ ।
ਮਾਲਕਾਂ ਦੀ ਇਹ ਹਾਲਤ ਦੇਖ ਕੇ ਉਹ ਹੋਰ ਘਬਰਾ ਗਿਆ । ਆਪਣੇ ਕਮਰੇ ਵਿਚ ਆ ਕੇ ਉਸਨੇ ਟੀ.ਵੀ. ਚਲਾ ਲਿਆ ਅਤੇ ਸੌਣ ਦਾ ਯਤਨ ਕਰਨ ਲੱਗਾ । ਇਕ ਦੋਸ਼ੀ ਦੀ ਸ਼ਨਾਖਤ ਹੋ ਜਾਣ 'ਤੇ ਕਪਤਾਨ ਨੇ ਕੁਝ ਰਾਹਤ ਮਹਿਸੂਸ ਕੀਤੀ ।
ਰਾਮ ਲੁਭਾਇਆ ਕੌਣ ਹੈ? ਕਪਤਾਨ ਦਾ ਮਨ ਉਸਦਾ ਪਿਛੋਕੜ ਜਾਨਣ ਲਈ ਕਾਹਲਾ ਪੈਣ ਲੱਗਾ ।
ਉਹ ਰਾਮੂ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ । ਰਾਮੂ ਦੇ ਜਨਮ ਤੋਂ ਪਹਿਲਾਂ ਦਾ ਮਾਇਆ ਨਗਰ ਆ ਕੇ ਵੱਧਸਿਆ ਹੋਇਆ ਸੀ । ਆਪਣੇ ਦੇਸ਼ ਦੇ ਬਹੁਤ ਬੰਦਿਆਂ ਨੂੰ ਉਹ ਇਧਰ ਲੈ ਕੇ ਆਇਆ ਸੀ । ਜਿਹੜੇ ਉਸਦੀ ਈਨ ਵਿਚ ਰਹਿੰਦੇ ਸਨ, ਉਨ੍ਹਾਂ ਨੂੰ ਉਹ ਮੌਜ ਕਰਾਉਂਦਾ ਸੀ । ਜਿਹੜੇ ਬਾਗੀ ਹੋਣ ਦਾ ਯਤਨ ਕਰਦੇ ਸਨ ਉਨ੍ਹਾਂ 'ਤੇ ਉਹ ਕੁਟਾਪਾ ਚਾੜ੍ਹਦਾ ਸੀ । ਪੁਲਿਸ ਨਾਲ ਮਿਲਕੇ ਝੂਠੇ ਮੁਕੱਦਮਿਆਂ ਵਿਚ ਫਸਾ ਦਿੰਦਾ ਸੀ । ਉਸਦੇ ਦੇਸ਼ ਵਿਚ ਇਹ ਗੱਲ ਫੈਲੀ ਹੋਈ ਸੀ ਕਿ ਰਾਮ ਲੁਭਾਏ ਨੇ ਕਈ ਜਿਊਂਦੇ ਮਜ਼ਦੂਰਾਂ ਨੂੰ
ਕਾਰਖਾਨਿਆਂ ਦੀਆਂ ਭੱਠੀਆਂ ਵਿਚ ਸਾੜਿਆ ਸੀ । ਡਰਦਾ ਕੋਈ ਉਸ ਅੱਗੇ ਸਾਹ ਨਹੀਂ ਸੀ ਕੱਢਦਾ ।
ਠੇਕੇਦਾਰ ਦੀਆਂ ਇਹ ਕਹਾਣੀਆਂ ਰਾਮੂ ਨੂੰ ਉਸਦੇ ਚਾਚੇ ਨੇ ਸੁਣਾਈਆਂ ਸਨ । ਹੋਲੀ 'ਤੇ ਰਾਮੂ ਜਦੋਂ ਛੁੱਟੀ ਲੈ ਕੇ ਆਪਣੇ ਚਾਚੇ ਕੋਲ ਜਾਂਦਾ ਸੀ ਤਾਂ ਉਸਦੀ ਬਸਤੀ ਵਿਚ ਰਹਿੰਦਾ ਸੀ । ਰਾਮ ਲੁਭਾਇਆ ਰਾਮੂ ਦੇ ਚਾਚੇ ਨੂੰ ਪੰਜਾਬ ਲੈ ਕੇ ਆਇਆ ਸੀ। ਇਸ ਲਈ ਚਾਚਾ ਉਸਦਾ ਅਹਿਸਾਨਮੰਦ ਸੀ ।
"ਸ਼ਾਬਾਸ਼ ਬੇਟਾ ! ਤੂੰਨੇ ਬੜਾ ਨੇਕ ਕਾਮ ਕੀਆ ਹੈ?" ਉਪਰੋਂ ਕਪਤਾਨ ਨੇ ਰਾਮੂ ਦੀ ਪਿੱਠ ਥਾਪੜੀ । ਮਨ ਹੀ ਮਨ ਉਸ ਨੇ ਆਪਣੀ ਲਿਆਕਤ ਨਾਲ ਗੁੱਥੀ ਸੁਲਝਾ ਲਈ ਸੀ ।
"ਵਕੀਲ ਸਾਹਿਬ ਆਪਣੇ ਬੁੱਲ੍ਹ ਸੀਤੀ ਰੱਖਣਾ । ਕਿਧਰੇ ਬਣੀ ਖੇਡ ਵਿਗਾੜ ਨਾ ਦੇਣਾ ।" ਜਾਂਦਾ ਕਪਤਾਨ ਰਾਮ ਨਾਥ ਦਾ ਮੂੰਹ ਬੰਨ੍ਹ ਗਿਆ ।
ਰਸਤੇ ਵਿਚ ਕਪਤਾਨ ਨੂੰ ਭੁਲੇਖਾ ਪੈਣ ਲੱਗਾ । ਰਾਮੂ ਨੂੰ ਰਾਮ ਲੁਭਾਇਆ ਪਛਾਨਣ ਵਿਚ ਟਪਲਾ ਨਾ ਲੱਗਾ ਹੋਵੇ । ਡਰਦਾ ਕਿਧਰੇ ਉਹ ਝੂਠ ਨਾ ਬੋਲ ਗਿਆ ਹੋਵੇ ।
ਜਿੰਨਾ ਚਿਰ ਰਾਮ ਲੁਭਾਇਆ ਹੱਥ ਨਹੀਂ ਸੀ ਆਉਂਦਾ ਓਨਾ ਚਿਰ ਰਾਮੂ ਦੀ ਗੱਲ 'ਤੇ ਇਤਬਾਰ ਨਹੀਂ ਸੀ ਕੀਤਾ ਜਾ ਸਕਦਾ ।
ਰਾਮੂ ਨੂੰ ਰਾਮ ਲੁਭਾਇਆ ਦੀ ਬਸਤੀ ਦਾ ਪਤਾ ਨਹੀਂ ਸੀ । ਚਾਚਾ ਕਿੱਧਥੇ ਹੈ? ਅੁਸਦੇ ਪਤੇ ਠਿਕਾਣੇ ਦਾ ਵੀ ਉਸ ਨੂੰ ਪਤਾ ਨਹੀਂ ਸੀ ।
ਠੇਕੇਦਾਰ ਦੇ ਫੜੇ ਜਾਣ ਤਕ ਰਾਮੂ ਦੀ ਸੁਰੱਧਖਿਆ ਜ਼ਰੂਰੀ ਸੀ । ਰਾਮੂ ਅਤੇ ਕਪਤਾਨ ਦੀ ਮਿਲਣੀ ਦੀ ਸੂਹ ਵੀ ਬਾਹਰ ਨਹੀਂ ਸੀ ਨਿਕਲਣੀ ਚਾਹੀਦੀ ।
ਸੋਚ ਸਮਝ ਕੇ ਕਪਤਾਨ ਨੇ ਅਗਲਾ ਕਦਮ ਪੁੱਟਿਆ ।
ਦਫ਼ਤਰ ਪੁੱਜਦਿਆਂ ਹੀ ਉਸਨੇ ਖੁਫ਼ੀਆ ਵਿਭਾਗ ਦੇ ਦੋ ਸਿਪਾਹੀ ਸਾਦੇ ਕੱਪੜਿਆਂ ਵਿਚ ਵੇਦ ਦੀ ਕੋਠੀ ਪਹੁੰਚਾ ਦਿੱਤੇ ।
ਘੰਟਾ ਕੁ ਉਨ੍ਹਾਂ ਨੇ ਕੋਠੀ ਰਹਿਣਾ ਸੀ । ਫੇਰ ਨੌਕਰ ਨੂੰ ਰਿਕਸ਼ੇ ਵਿਚ ਬੈਠਾ ਕੇ ਕਪਤਾਨ ਦੀ ਦੱਸੀ ਥਾਂ ਉਪਰ ਲਿਜਾਣਾ ਸੀ ।

9
ਪੱਚੀ ਲੱਖ ਦੀ ਅਬਾਦੀ ਵਾਲੇ ਇਸ ਮਾਇਆ ਨਗਰ ਵਿਚ ਪਰਵਾਸੀਆਂ ਦੀ ਗਿਣਤੀ ਛੇ ਤੋਂ ਸੱਤ ਲੱਖ ਵਿਚਕਾਰ ਅੰਦੀ ਜਾਂਦੀ ਸੀ । ਇਨ੍ਹਾਂ ਵਿਚੋਂ ਪੰਜ ਲੱਖ ਪਰਵਾਸੀ ਇਕੱਲੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆ ਕੇ ਵੱਧਸੇ ਸਨ । ਸ਼ਹਿਰ ਦੇ ਬਾਹਰ ਹਰ ਪਾਸੇ ਇਨ੍ਹਾਂ
ਪਰਵਾਸੀਆਂ ਦੀਆਂ ਕਾਲੋਨੀਆਂ ਸਨ । ਫੋਕਲ-ਪੁਆਇੰਟ ਵਾਲੀ ਦਿਸ਼ਾ ਮਿੰਨੀ ਬਿਹਾਰ ਜਾਪਦੀ ਸੀ । ਇਨ੍ਹਾਂ ਕਾਲੋਨੀਆਂ ਦੇ ਦੁਕਾਨਦਾਰ ਵੀ ਭਈਏ ਸਨ ਅਤੇ ਮੁਹੱਧਲਿਆਂ ਦੇ ਪ੍ਰਧਾਨ ਵੀ । ਕੁਝ ਹਿੰਮਤੀ ਅਤੇ ਪਹਿਲਾਂ ਆਏ ਭਈਏ ਮਜ਼ਦੂਰੀ ਛੱਡ ਕੇ ਠੇਕੇਦਾਰ ਬਣੇ ਬੈਠੇ ਸਨ ।
ਰਾਮ ਲੁਭਾਇਆ ਵਰਗੇ ਸੈਂਕੜੇ ਠੇਕੇਦਾਰ ਇਸ ਨਗਰ ਵਿਚ ਵੱਸਦੇ ਸਨ । ਕਪਤਾਨ ਕਿਸ ਰਾਮ ਲੁਭਾਏ ਨੂੰ ਫੜੇ?
ਕਪਤਾਨ ਨੇ ਮਾਇਆ ਨਗਰ ਦੀ ਖੁਫ਼ੀਆ ਸ਼ਾਖ਼ਾ ਨੂੰ 'ਰੈਡ ਅਲਰਟ' ਜਾਰੀ ਕੀਤਾ।
ਰਾਮੂ ਦੇ ਚਾਚੇ ਦਾ ਖੁਰਾ ਖੋਜਿਆ ਜਾਵੇ । ਜਿਥੇ ਮਿਲੇ ਉਸ ਨੂੰ ਚੁੱਕ ਲਿਆ ਜਾਵੇ । ਉਸ ਤੋਂ ਰਾਮ ਲੁਭਾਇਆ ਦਾ ਥਾਂ ਠਿਕਾਣਾ ਉਗਲਾ ਕੇ ਕਪਤਾਨ ਨੂੰ ਸੂਚਿਤ ਕੀਤਾ ਜਾਵੇ।
ਠੀਕ ਇਤਲਾਹ ਦੇਣ ਵਾਲੇ ਨੂੰ ਨਕਦ ਇਨਾਮ ਅਤੇ ਤਰੱਕੀ ਦਿੱਤੀ ਜਾਵੇਗੀ ।
ਹਨੇਰਾ ਪੈਣ ਤੋਂ ਪਹਿਲਾਂ-ਪਹਿਲਾਂ ਖੁਫ਼ੀਆ ਵਿਭਾਗ ਨੇ ਪੂਰੀ ਜਾਣਕਾਰੀ ਹਾਸਲ ਕਰ ਲਈ । ਰਾਮ ਲੁਭਾਇਆ ਦੇ ਹੁਣ ਤਕ ਦੇ ਕਾਰਨਾਮਿਆਂ ਦੀ ਪੂਰੀ ਜਾਣਕਾਰੀ ਕਪਤਾਨ ਅੱਗੇ ਪੇਸ਼ ਕੀਤੀ ਗਈ ।
ਰਾਮ ਲੁਭਾਇਆ ਵੀਹ ਸਾਲ ਪਹਿਲਾਂ ਪੰਜਾਬ ਆਇਆ ਸੀ । ਉਸਦੇ ਪਿੰਡ ਦਾ ਇਕ ਮਿਸਤਰੀ ਉਸ ਨੂੰ ਇਧਰ ਲੈ ਕੇ ਆਇਆ ਸੀ । ਪੰਜਾਬ ਵਿਚ ਓਨ੍ਹੀਂ ਦਿਨੀਂ ਮਿਸਤਰੀਆਂ ਦੀ ਦਿਹਾੜੀ ਅਸਮਾਨ ਛੋਂਹਦੀ ਸੀ । ਉਸਤਾਦ ਮਿਸਤਰੀ ਨੇ ਰਾਮ ਲੁਭਾਏ ਤੋਂ ਪਹਿਲਾਂ ਮਜ਼ਦੂਰੀ ਕਰਵਾਈ ਅਤੇ ਸਾਲ ਵਿਚ ਮਿਸਤਰੀਪੁਣਾ ਸਿਖਾ ਦਿੱਤਾ ।
ਰਾਮ ਲੁਭਾਇਆ ਸਰੀਰ ਦਾ ਹੱਟਾ-ਕੱਟਾ ਸੀ ਅਤੇ ਦਿਮਾਗ਼ ਦਾ ਤੇਜ਼ । ਅੱਠ ਦੀ ਥਾਂ ਬਾਰਾਂ ਘੰਟੇ ਕੰਮ ਕਰਕੇ ਉਹ ਦੁਗਣੇ ਪੈਸੇ ਕਮਾਉਣ ਲੱਗਾ । ਦੋ ਸਾਲ ਬਾਅਦ ਪਿੰਡ ਜਾ ਕੇ ਆਪਣੇ ਚਾਚੇ ਦੇ ਦੋ ਮੁੰਡਿਆਂ ਨੂੰ ਇਧਰ ਲੈ ਆਇਆ । ਉਸਤਾਦ ਨੂੰ ਛੱਡ ਕੇ
ਆਪਣੀ ਟੀਮ ਬਣਾ ਲਈ । ਸਾਲ ਵਿਚ ਉਹ ਮਿਸਤਰੀ ਬਣ ਗਏ । ਰਾਮ ਲੁਭਾਇਆ ਪਿੰਡ ਤੋਂ ਹੋਰ ਬੰਦੇ ਲੈ ਆਇਆ । ਛੇ ਸੱਤ ਸਾਲ ਵਿਚ ਉਸ ਦਾ ਬੜਾ ਵੱਡਾ ਜੁਗਾੜ ਖੜ੍ਹਾ ਹੋ ਗਿਆ ।
ਉਸਤਾਦ ਤੋਂ ਪਹਿਲਾਂ ਇਕ ਕੋਠੀ ਦੇ ਪਲੱਸਤਰ ਦਾ ਠੇਕਾ ਲਿਆ । ਠੇਕੇਦਾਰੀ ਦੀ ਸਮਝ ਆਈ ਤਾਂ ਪੂਰੀ ਕੋਠੀ ਦੀ ਉਸਾਰੀ ਦਾ ਠੇਕਾ ਲੈ ਲਿਆ । ਚਾਰ ਪੈਸੇ ਬਣੇ ਤਾਂ ਤਿੰਨ-ਤਿੰਨ ਚਾਰ-ਚਾਰ ਕੋਠੀਆਂ ਇਕੱਠੀਆਂ ਫੜਨੀਆਂ ਸ਼ੁਰੂ ਕਰ ਦਿੱਤੀਆਂ ।
ਮੋਟਰ-ਸਾਈਕਲ ਸਿੱਖ ਲਿਆ । ਪਹਿਲਾਂ ਪੁਰਾਣਾ ਮੋਟਰ-ਸਾਈਕਲ ਲਿਆ ਫੇਰ ਨਵਾਂ ਖਰੀਦ ਲਿਆ । ਪਿੰਡੋਂ ਬਾਲ-ਬੱਚੇ ਲੈ ਆਇਆ । ਪਤਨੀ ਕੋਠੀਆਂ ਵਿਚ ਸਫ਼ਾਈ ਕਰਕੇ ਕਮਾਈ ਵਿਚ ਵਾਧਾ ਕਰਨ ਲੱਗੀ ।
ਪਹਿਲਾਂ ਮਕਾਨ ਕਿਰਾਏ 'ਤੇ ਲਿਆ । ਫੇਰ ਛੋਟਾ ਜਿਹਾ ਬਣਿਆ ਬਣਾਇਆ ਘਰ ਖ਼ਰੀਦ ਲਿਆ ।
ਚਾਰ ਪੈਸੇ ਵਾਧੂ ਹੋਏ ਤਾਂ ਉਸਨੇ ਦੋ ਸੌ ਗਜ਼ ਦਾ ਇਕ ਪਲਾਟ ਖੇਤਾਂ ਵਿਚ ਖ਼ਰੀਦ ਲਿਆ । ਪੁਰਾਣਾ ਮਲਬਾ ਲਿਆ ਕੇ ਚਾਰ ਕਮਰੇ ਖੜ੍ਹੇ ਕਰ ਲਏ । ਕਮਰਿਆਂ ਵਿਚ ਭਈਏ ਭਰ ਲਏ ।
ਇਸ ਵਿਹੜੇ ਨੇ ਉਸਨੂੰ ਡਾਢਾ ਫ਼ਾਇਦਾ ਪਹੁੰਚਾਇਆ । ਲੇਬਰ ਹੱਥ ਹੇਠ ਰਹਿਣ ਲੱਗੀ । ਕਰਾਇਆ ਆਉਣ ਲੱਗਾ । ਵੱਡੇ ਮੁੰਡੇ ਨੂੰ ਉਸਨੇ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ । ਗੇੜਾ ਕੱਢ ਕੇ ਮਜ਼ਦੂਰਾਂ ਦੀ ਸਾਰੀ ਕਮਾਈ ਉਸੇ ਦੇ ਬੋਝੇ ਪੈਣ ਲੱਗੀ ।
ਹੋਰ ਤਰੱਕੀ ਕਰਕੇ ਉਹ ਕੋਠੀਆਂ ਦੀ ਥਾਂ ਫੈਕਟਰੀਆਂ ਦੀ ਉਸਾਰੀ ਕਰਨ ਲੱਗਾ ।
ਸਨਅਤਕਾਰਾਂ ਨਾਲ ਵਾਹ ਪਿਆ ਤਾਂ ਉਸਨੂੰ ਫੈਕਟਰੀਆਂ ਵਿਚ ਮਜ਼ਦੂਰ ਭਰਤੀ ਕਰਾਉਣ ਦਾ ਵੱਲ ਆ ਗਿਆ । ਉਸਾਰੀ ਦੀ ਠੇਕੇਦਾਰੀ ਦੇ ਨਾਲ-ਨਾਲ ਉਹ ਫੈਕਟਰੀਆਂ ਨੂੰ ਲੇਬਰ ਸਪਲਾਈ ਕਰਨ ਲੱਗਾ ।
ਨਾਲ ਦਾ ਪਲਾਟ ਲੈ ਕੇ ਹੋਰ ਕਮਰੇ ਉਸਾਰ ਲਏ । ਦੋ ਤਿੰਨ ਸੌ ਮਜ਼ਦੂਰਾਂ ਦੀ ਕਾਲੋਨੀ ਉਸਦੀ ਰਿਆਸਤ ਬਣ ਗਈ । ਇਸ ਕਾਲੋਨੀ ਦੇ ਬਹੁਤੇ ਵਸਨੀਕ ਉਸ ਨੇ ਬਿਹਾਰ ਤੋਂ ਲਿਆਂਦੇ ਸਨ । ਉਨ੍ਹਾਂ ਨੂੰ ਉਸਨੇ ਕੰਮ ਸਿਖਾਇਆ ਸੀ ਅਤੇ ਫੇਰ ਕੰਮ 'ਤੇ ਲਾਇਆ ਸੀ ।
ਉਹ ਆਪਣੀ ਬਦਲੀ ਕਿਸਮਤ ਦਾ ਸਿਹਰਾ ਰਾਮ ਲੁਭਾਇਆ ਸਿਰ ਬੰਨ੍ਹਦੇ ਸਨ । ਉਸ ਦੇ ਇਸ਼ਾਰੇ 'ਤੇ ਜਾਨ ਦੇਣ ਤਕ ਜਾਂਦੇ ਸਨ । ਵੋਟਾਂ ਵੇਲੇ ਰਾਮ ਲੁਭਾਇਆ ਦੀ ਕੀਮਤ ਕਈ ਗੁਣਾਂ ਵਧ ਜਾਂਦੀ ਸੀ । ਸਾਰੀਆਂ ਰਾਜਸੀ ਪਾਰਟੀਆਂ ਉਸਦੇ ਅੱਗੇ-ਪਿੱਛੇ ਫਿਰਦੀਆਂ ਸਨ ।
ਕਾਂਗਰਸ ਵਾਲਿਆਂ ਨੇ ਉਸ ਨੂੰ ਆਪਣਾ ਸਰਗਰਮ ਮੈਂਬਰ ਬਣਾ ਲਿਆ । ਕਾਲੋਨੀ ਦਾ ਪ੍ਰਧਾਨ ਥਾਪ ਕੇ ਉਸਨੂੰ ਆਪਣੀਆਂ ਵਿਸ਼ੇਸ਼ ਮੀਟਿੰਗਾਂ ਵਿਚ ਬੁਲਾਉਣ ਲੱਗੇ ।
ਮਾਇਆ ਨਗਰ ਵਿਚ ਹੋਣ ਵਾਲੀਆਂ ਰੈਲੀਆਂ ਦਾ ਉਸ ਨੂੰ ਇੰਚਾਰਜ ਬਣਾ ਦਿੱਤਾ ।
ਬੱਸਾਂ, ਟਰੱਕ, ਕਾਰਾਂ ਅਤੇ ਦਾਰੂ ਉਸਦੀ ਪਰਚੀ 'ਤੇ ਉਪਲਬਧ ਹੋਣ ਲੱਗੇ ।
ਲੜਣ-ਝਗੜਣ ਅਤੇ ਛੋਟੇ-ਮੋਟੇ ਜੁਰਮ ਕਰਨ ਦੀ ਪੈਦਾਇਸ਼ੀ ਆਦਤ ਇਧਰ ਆਏ ਭਈਆ ਵਿਚ ਵੀ ਸੀ । ਆਏ ਦਿਨ ਪੁਲਿਸ ਉਸਦੀ ਕਾਲੋਨੀ ਵਿਚ ਚੱਕਰ ਮਾਰਦੀ ਸੀ ।
ਲੈ ਦੇ ਕਰਕੇ ਉਹ ਆਪਣੀ ਕਾਲੋਨੀ ਦੇ ਬੰਦਿਆਂ ਨੂੰ ਛੁਡਾ ਦਿੰਦਾ । ਪੁਲਿਸ ਉਸ ਦੀ ਕਦਰ ਕਰਨ ਲੱਗੀ । ਪੁਲਿਸ ਉਸਦੀ ਸਿਫਾਰਸ਼ 'ਤੇ ਫੁੱਲ ਚੜ੍ਹਾਉਣ ਲੱਗੀ ।ਦੇ ਕਾਰਨਾਮਿਆਂ ਤੋਂ ਚਾਚਾ ਅਤੇ ਚਾਚੇ ਦੀ ਟੋਕ-ਟਕਾਈ ਤੋਂ ਭਤੀਜਾ ਦੁਖੀ ਸੀ । ਭਤੀਜੇ ਨੇ ਚਾਚੇ ਨਾਲ ਵਾਅਦਾ ਕੀਤਾ । ਉਸਨੂੰ ਚੋਖੀ ਰਕਮ ਮਿਲਣ ਵਾਲ ਸੀ । ਰਕਮ ਲੈ ਕੇ ਉਸਨੇ ਬੰਬੇ ਵਾਲੀ ਗੱਡੀ ਚੜ੍ਹ ਜਾਣਾ ਸੀ । ਮੁੜ ਉਸਨੇ ਮਾਇਆ ਨਗਰ ਵੱਲ ਮੂੰਹ ਨਹੀਂ ਸੀ ਕਰਨਾ ।
ਚਾਚਾ ਕਈ ਦਿਨ ਸੋਚਦਾ ਰਿਹਾ । ਫਾਇਦੇ ਨੁਕਸਾਨ ਵਿਚਾਰਦਾ ਰਿਹਾ । ਠੇਕੇਦਾਰ ਨੂੰ ਇਕ ਫ਼ਾਇਦਾ ਇਹ ਹੋਣਾ ਸੀ ਕਿ ਉਸਦਾ ਨਿੱਤ ਦੇ ਕਲੇਸ਼ ਤੋਂ ਖਹਿੜਾ ਛੁੱਟ ਜਾਣਾ ਸੀ ।
ਦੂਸਰਾ ਫ਼ਾਇਦਾ ਭਤੀਜੇ ਦਾ ਹੋਣਾ ਸੀ । ਸ਼ਾਇਦ ਉਹ ਸੁਧਰ ਜਾਵੇ। ਇਕ ਵਾਰ ਜੇ ਉਹ ਸੁੱਖ-ਸਾਂਦ ਨਾਲ ਸ਼ਹਿਰੋਂ ਬਾਹਰ ਨਿਕਲ ਗਿਆ ਤਾਂ ਮੁੜ ਕੇ ਪੁਲਿਸ ਨੂੰ ਉਸਦਾ ਸੁਰਾਗ਼ ਨਹੀਂ ਸੀ ਲੱਭਣਾ । ਹਜ਼ਾਰਾਂ ਨਵੇਂ ਮਜ਼ਦੂਰ ਇਥੇ ਆਉਂਦੇ ਸਨ ਅਤੇ ਹਜ਼ਾਰਾਂ ਜਾਂਦੇ ਸਨ । ਕਿਸੇ ਦਾ ਪੱਕਾ ਠਿਕਾਣਾ ਨਹੀਂ ਸੀ । ਜਿਥੇ ਕੰਮ ਮਿਲ ਗਿਆ ਉਹੋ ਉਸਦਾ ਦੇਸ਼ । ਇਕ ਵਾਰ ਘਰ ਛੱਡ ਕੇ ਗਏ ਮਜ਼ਦੂਰ ਦਾ ਥਾਂ ਠਿਕਾਣਾ ਸਕੇ-ਸੰਬੰਧੀਆਂ ਨੂੰ ਪਤਾ ਨਹੀਂ ਚੱਲਦਾ । ਪੁਲਿਸ ਨੂੰ ਕਿਥੋਂ ਪਤਾ ਲੱਗਣਾ ਸੀ । ਅਜਿਹੇ ਬਥੇਰੇ ਭਈਆਂ ਬਾਰੇ
ਠੇਕੇਦਾਰ ਨੂੰ ਪਤਾ ਸੀ, ਜਿਹੜੇ ਲੁੱਟਾਂ-ਖੋਹਾਂ ਕਰਕੇ ਅਤੇ ਕੁੜੀਆਂ ਭਜਾ ਕੇ ਦੇਸ਼ ਮੁੜ ਗਏ ਸਨ । ਪੁਲਿਸ ਨੇ ਕਦੇ ਉਨ੍ਹਾਂ ਦੇ ਪਿੰਡਾਂ ਵੱਲ ਮੂੰਹ ਨਹੀਂ ਸੀ ਕੀਤਾ । ਇਥੇ ਡੰਡਾ ਖੜਕਾ ਕੇ ਮੁੜ ਜਾਇਆ ਕਰਦੇ ਸਨ। ਕੁਝ ਦੇਰ ਲਟਕ ਕੇ ਮਾਮਲਾ ਰਫ਼ਾ-ਦਫ਼ਾ ਹੋ ਜਾਂਦਾ
ਸੀ ।
ਹਾਂ ਕਰਨ ਤੋਂ ਪਹਿਲਾਂ ਠੇਕੇਦਾਰ ਨੇ ਪੰਡਿਤ ਨੂੰ ਸ਼ਿਵ ਦਵਾਲੇ ਲਿਜਾ ਕੇ ਸਹੁੰ ਚੁਕਾਈ । ਮੁੜ ਕੇ ਨਾ ਉਹ ਕੋਈ ਜੁਰਮ ਕਰੇਗਾ ਅਤੇ ਨਾ ਮੁੜ ਮਾਇਆ ਨਗਰ ਵੱਲ ਮੂੰਹ ਕਰੇਗਾ ।
ਪੱਕੇ ਪੈਰੀਂ ਹੋ ਕੇ ਠੇਕੇਦਾਰ ਨੇ ਮਾਲਕਾਂ ਨਾਲ ਗੱਲ ਕੀਤੀ ।
ਮਾਲਕਾਂ ਨੇ ਕੀਤੇ ਜਾਣ ਵਾਲੇ ਜੁਰਮਾਂ ਅਤੇ ਉਸ ਬਦਲੇ ਦਿੱਤੀ ਜਾਣ ਵਾਲੀ ਰਕਮ ਦਾ ਵੇਰਵਾ ਦਿੱਤਾ । ਮੁਲਜ਼ਮਾਂ ਨੂੰ ਇਕ ਲੱਖ ਰੁਪਿਆ ਮਿਹਨਤਾਨਾ ਅਤੇ ਪੰਜ ਹਜ਼ਾਰ ਰੁਪਿਆ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਸਮਾਨ ਨੂੰ ਖਰੀਦਣ ਲਈ ਮਿਲਣਾ ਸੀ ।
ਫੇਰ ਚਾਚੇ ਭਤੀਜੇ ਨੇ ਆਪਸ ਵਿਚ ਸ਼ਰਤਾਂ ਤੈਅ ਕੀਤੀਆਂ ।
ਬਾਕੀ ਦੇ ਸਾਥੀਆਂ ਦਾ ਪ੍ਰਬੰਧ ਭਤੀਜੇ ਨੇ ਕਰਨਾ ਸੀ ।
ਭਤੀਜੇ ਦੇ ਦੋ ਸਾਥੀਆਂ ਨੂੰ ਸੁਪਾਰੀ ਵਾਲੀ ਰਕਮ ਵਿਚੋਂ ਵੀਹ-ਵੀਹ ਹਜ਼ਾਰ ਮਿਲਣਾ ਸੀ । ਕੋਠੀ ਵਿਚੋਂ ਮਿਲਣ ਵਾਲੀ ਨਕਦੀ ਅਤੇ ਸੋਨੇ ਵਿਚੋਂ ਤੀਜਾ ਹਿੱਸਾ । ਬਾਕੀ ਬਚਦੇ ਸੱਠ ਹਜ਼ਾਰ ਵਿਚੋਂ ਤੀਹ ਚਾਚੇ ਦਾ ਅਤੇ ਤੀਹ ਭਤੀਜੇ ਦਾ। ਲੁੱਟ ਦੇ ਬਾਕੀ ਬਚੇ ਸਮਾਨ ਵਿਚੋਂ ਅੱਧਾ ਚਾਚੇ ਦਾ ਅਤੇ ਅੱਧਾ ਭਤੀਜੇ ਦਾ ।
ਅਸਲ ਯੋਜਨਾ ਤਹਿਤ ਠੇਕੇਦਾਰ ਦਾ ਕੰਮ ਮਾਲਕਾਂ ਅਤੇ ਮੁਲਜ਼ਮਾਂ ਵਿਚਕਾਰ ਕੜੀ ਬਨਣਾ ਸੀ । ਨਾ ਉਸਦੇ ਮੌਕੇ ਵਾਲੀ ਥਾਂ 'ਤੇ ਜਾਣਾ ਸੀ, ਨਾ ਵਾਰਦਾਤ ਵਿਚ ਹਿੱਸਾ ਲੈਣਾ ਸੀ ।
ਠੇਕੇਦਾਰ ਦੀ ਮਾਇਆ ਨਗਰ ਵਿਚ ਚੰਗੀ ਸਰਦਾਰੀ ਸੀ । ਹੁਣ ਉਹ ਇਸ ਸ਼ਹਿਰ ਦਾ ਬਾਸ਼ਿੰਦਾ ਬਣ ਗਿਆ ਸੀ । ਬੱਚੇ ਸਕੂਲ ਪੜ੍ਹਨ ਪੈ ਗਏ ਸਨ । ਘਰ, ਪਲਾਟ, ਮੋਟਰ ਸਾਈਕਲ ਅਤੇ ਫ਼ੋਨ ਸਭ ਸਹੂਲਤਾਂ ਉਸ ਕੋਲ ਸਨ । ਪਿੱਛੇ ਪਿੰਡ ਉਹ ਚੌਧਰੀ ਅਤੇ
ਸ਼ਾਹੂਕਾਰ ਅਖਵਾਉਣ ਲੱਗਾ ਸੀ । ਕੋਲਿਆਂ ਦੀ ਦਲਾਲੀ ਤੋਂ ਉਸਨੇ ਕੀ ਲੈਣਾ ਸੀ ।
ਪਰ ਭਤੀਜੇ ਦੇ ਜ਼ੋਰ ਦੇਣ 'ਤੇ ਜਦੋਂ ਉਸ ਨੇ ਵਾਰਦਾਤ ਵਾਲੀ ਕੋਠੀ ਦਾ ਜਾਇਜ਼ਾ ਲਿਆ ਤਾਂ ਉਸਦੇ ਮੂੰਹ ਵਿਚ ਪਾਣੀ ਆ ਗਿਆ । ਕੋਠੀ ਚੰਗੇ ਸੇਠ ਦੀ ਸੀ । ਚੰਗਾ ਮਾਲ ਹੱਥ ਲੱਗਣ ਦੀ ਸੰਭਾਵਨਾ ਸੀ । ਜੁਰਮ ਬਹੁਤੇ ਸੰਗੀਨ ਨਹੀਂ ਸਨ ਕੀਤੇ ਜਾਣੇ । ਘਰ ਦੇ
ਮੈਂਬਰਾਂ ਨੂੰ ਥੋੜ੍ਹੀ ਕੁੱਟ ਚਾੜ੍ਹਨੀ ਸੀ । ਕੁੜੀ ਦੀ ਬੇਇਜ਼ਤੀ ਕਰਨੀ ਸੀ ।
ਠੇਕੇਦਾਰ ਬਹੁਤ ਅਜਿਹੇ ਭਈਆਂ ਨੂੰ ਜਾਣਦਾ ਸੀ ਜਿਹੜੇ ਕਾਲੇ ਕੱਧਛਿਆਂ ਵਾਲੇ ਬਣ ਕੇ ਲੁੱਟਾਂ-ਖੋਹਾਂ ਕਰਦੇ ਸਨ । ਸੌ ਚੋਂ ਮਸਾਂ ਪੰਜ ਚਾਰ ਫੜੇ ਜਾਂਦੇ ਸਨ । ਬਾਕੀ ਕੇਸ ਰਫ਼ਾ-ਦਫ਼ਾ ਹੋ ਜਾਂਦੇ ਸਨ ।
ਡੋਲਦੇ ਮਨ ਨਾਲ ਚਾਚੇ ਨੇ ਭਤੀਜੇ ਦੀ ਇਹ ਜ਼ਿੱਦ ਵੀ ਪੁਗਾ ਦਿੱਤੀ ।
ਆਖ਼ਰੀ ਵਕਤ ਤਕ ਠੇਕੇਦਾਰ ਦਾ ਕੋਠੀ ਅੰਦਰ ਜਾਣ ਦਾ ਕੋਈ ਇਰਾਦਾ ਨਹੀਂ ਸੀ । ਉਸਨੇ ਬਾਹਰ ਰਹਿ ਕੇ ਖ਼ਤਰਿਆਂ ਨੂੰ ਭਾਂਪਨਾ ਸੀ ਅਤੇ ਲੋੜ ਪੈਣ 'ਤੇ ਅੰਦਰਲਿਆਂ ਨੂੰ ਸੂਚਿਤ ਕਰਨਾ ਸੀ ।
ਉਸਦਾ ਦੂਸਰਾ ਕੰਮ ਵਾਰਦਾਤ ਤੋਂ ਬਾਅਦ ਮਾਲ ਅਤੇ ਬੰਦਿਆਂ ਨੂੰ ਸਹੀ ਥਾਂ ਪੁੱਜਦੇ ਕਰਨਾ ਸੀ ।
ਰਾਮ ਲੁਭਾਇਆ ਨੂੰ ਹਥਿਆਰ, ਬੈਗ, ਦਸਤਾਨੇ, ਕਾਲੇ ਕੱਪੜੇ ਅਤੇ ਕਾਲੀਆਂ ਐਨਕਾਂ ਖਰੀਦਣ ਲਈ ਪੰਜ ਹਜ਼ਾਰ ਰੁਪਏ ਮਿਲੇ ਸਨ । ਕੱਪੜੇ ਵਾਰਦਾਤ ਬਾਅਦ ਸਾੜ ਦਿੱਤੇ ਜਾਣੇ ਸਨ । ਫੇਰ ਨਵੇਂ ਕਿਉਂ ਖਰੀਦੇ ਜਾਣ? ਉਸਨੇ ਕਬਾੜੀ ਦੀ ਦੁਕਾਨ ਤੋਂ ਪੁਰਾਣੇ ਕੱਪੜੇ ਖਰੀਦ ਲਏ । ਚਾਕੂ, ਛੁਟੇ ਖਰੀਦਣ ਦੀ ਜ਼ਰੂਰਤ ਨਹੀਂ ਸੀ । ਕਿਸੇ ਦਾ ਕਤਲ ਥੋੜ੍ਹਾ ਕਰਨਾ ਸੀ । ਭੰਨ-ਤੋੜ ਲਈ ਦੋ ਲੋਹੇ ਦੇ ਰਾਡ ਬਥੇਰੇ ਸਨ । ਰਾਡ ਅਤੇ ਬੈਗ ਉਹ ਮਾਲਕਾਂ ਦੀ ਫੈਕਟਰੀਉਂ ਚੁੱਕ ਲਿਆਇਆ । ਪੰਜ ਹਜ਼ਾਰ ਵਿਚੋਂ ਪੰਜ ਸੌ ਖਰਚ ਹੋਇਆ । ਪੰਤਾਲੀ ਸੌ ਬਚ ਗਿਆ । ਇਸ ਸ਼ੁਭ ਮਹੂਰਤ 'ਤੇ ਰਾਮ ਲੁਭਾਇਆ ਡਾਢਾ ਖੁਸ਼ ਹੋਇਆ ਸੀ ।
ਭਤੀਜੇ ਦੇ ਸਾਥੀਆਂ ਨੂੰ ਮਿਲ ਕੇ ਚਾਚੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ।
ਇਹ ਤੇ ਖੂੰਖਾਰ ਮੁਲਜ਼ਮ ਸਨ । ਆਉਣਾ ਦੋ ਨੇ ਸੀ, ਆਏ ਤਿੰਨ ਸਨ । ਇਕ ਛੋਟੀ ਉਮਰ ਦਾ ਸੀ । ਕਹਿੰਦੇ ਉਹ ਨਵਾਂ ਚੇਲਾ ਮੁੰਨਿਆ ਸੀ । ਪਹਿਲੀ ਵਾਰ ਕੰਮ 'ਤੇ ਆਇਆ ਸੀ ।
ਠੇਕੇਦਾਰ ਦਾ ਮੱਥਾ ਠਣਕਿਆ । ਭਤੀਜਾ ਆਪਣੇ ਉਸਤਾਦ ਦੀ ਚਾਲ ਵਿਚ ਫਸ ਗਿਆ ਸੀ । ਭਤੀਜੇ ਨੇ ਉਨ੍ਹਾਂ ਨੂੰ ਨਾਲ ਨਹੀਂ ਸੀ ਰਲਾਇਆ । ਉਨ੍ਹਾਂ ਨੇ ਭਤੀਜੇ ਨੂੰ ਨਾਲ ਰਲਾਇਆ ਸੀ । ਸੁਪਾਰੀ ਦੀਆਂ ਸ਼ਰਤਾਂ ਮੁਤਾਬਕ ਘਰ ਵਾਲਿਆਂ ਨੂੰ ਮਾਮੂਲੀ ਸੱਟਾਂ ਮਾਰੀਆਂ ਜਾਣੀਆਂ ਸਨ । ਪਰ ਪੰਡਿਤ ਦੇ ਸਾਥੀ ਕਤਲ ਦੀ ਤਿਆਰੀ ਕਰਕੇ ਆਏ ਸਨ ।
ਉਨ੍ਹਾਂ ਕੋਲ ਦੋ ਹੱਥ ਲੰਬੇ ਛੁਰੇ ਅਤੇ ਤੇਜ਼ਧਾਰ ਚਾਕੂ ਸਨ । ਪਲਾਸ, ਪੇਚਕਸ ਅਤੇ ਹੋਰ ਨਿਕ-ਸੁਕ ਤੋਂ ਇਲਾਵਾ ਉਨ੍ਹਾਂ ਕੋਲ ਸੇਫ਼ ਅਤੇ ਅਲਮਾਰੀਆਂ ਦੇ ਜਿੰਦੇ ਖੋਲ੍ਹਣ ਵਾਲੀ ਮਾਸਟਰ-ਕੀ ਵੀ ਸੀ ।
ਰਾਮ ਲੁਭਾਇਆ ਦਾ ਮਨ ਉਸਨੂੰ ਲਾਹਨਤਾਂ ਪਾਉਣ ਲੱਗਾ । ਉਸਨੂੰ ਲੱਗਾ ਉਹ ਅਤੇ ਉਸਦਾ ਭਤੀਜਾ ਕਿਸੇ ਗਹਿਰੀ ਸਾਜ਼ਸ਼ ਦਾ ਸ਼ਿਕਾਰ ਹੋ ਗਏ ਹਨ । ਹੱਥਕੜੀਆਂ ਲੱਗਣ ਹੀ ਵਾਲੀਆਂ ਸਨ। ਪਰ ਹੁਣ ਪਿੱਛੇ ਵੀ ਨਹੀਂ ਸੀ ਹਟਿਆ ਜਾ ਸਕਦਾ ।
ਮਜਬੂਰੀ-ਵੱਸ ਉਸਨੂੰ ਵੀ ਕੋਠੀ ਦੀ ਕੰਧ ਟੱਪਣੀ ਪੈ ਗਈ ।
ਅੰਦਰ ਉਹੋ ਹੋਇਆ ਜਿਸਦਾ ਰਾਮ ਲੁਭਾਇਆ ਨੂੰ ਡਰ ਸੀ ।
ਅਲਮਾਰੀ ਦੀਆਂ ਚਾਬੀਆਂ ਦੇਣ ਤੋਂ ਥੋੜ੍ਹੀ ਜਿਹੀ ਨਾਂਹ-ਨੁਕਰ ਕਰਨ ਉਪਰ ਹੀ ਪੰਡਿਤ ਨੇ ਮਾਲਕਣ ਦੇ ਸਿਰ ਵਿਚ ਰਾਡ ਜੜ ਦਿੱਤੀ । ਉਹ ਭੁਆਟਣੀ ਖਾ ਕੇ ਜ਼ਮੀਨ 'ਤੇ ਡਿੱਗ ਪਈ ।
ਘਰਵਾਲੀ ਦੀ ਦੁਰਦਸ਼ਾ ਦੇਖ ਕੇ ਜਦੋਂ ਮਾਲਕ ਸਭ ਕੁਝ ਹਵਾਲੇ ਕਰਨ ਲਈ ਸਹਿਮਤ ਹੋ ਗਿਆ ਸੀ ਫੇਰ ਉਸ ਦੀਆਂ ਟੰਗਾਂ ਬਾਹਾਂ ਤੋੜਨ ਦੀ ਕੀ ਜ਼ਰੂਰਤ ਸੀ?
ਸਮਾਨ ਲੁੱਟਣ ਦੀ ਥਾਂ ਦੀਨਾ ਕੁੜੀ ਦੇ ਬੈਡਰੂਮ ਵਿਚ ਘੁਸ ਗਿਆ । ਛੋਟੇ ਕੱਪੜਿਆਂ ਵਿਚ ਅੱਧਨੰਗੀ ਪਈ ਕੁੜੀ ਦੇਖ ਕੇ ਉਸਦਾ ਮਨ ਮਚਲ ਗਿਆ । ਉਹ ਉਸ ਉਪਰ ਕੁੱਤਿਆਂ ਵਾਂਗ ਝੱਪਟ ਪਿਆ ।
ਭੈਣ ਦਾ ਚੀਕ ਚਿਹਾੜਾ ਸੁਣ ਕੇ ਭਰਾ ਦੀ ਅੱਖ ਖੁੱਲ੍ਹ ਗਈ। ਉਹ ਕੁੜੀ ਦੇ ਬੈਡਰੂਮ ਵਿਚ ਜਾ ਕੇ ਦੀਨੇ ਨੂੰ ਧੂਹਣ ਲੱਗਾ ।
ਪੰਚਮ ਨੇ ਉਸ ਨੂੰ ਘੜੀਸ ਕੇ ਲਾਬੀ ਵਿਚ ਲੈ ਆਂਦਾ । ਠੇਕੇਦਾਰ ਦੇ ਰੋਕਦੇ-ਰੋਕਦੇ ਛੁਰਾ ਉਸਦੇ ਢਿੱਡ ਵਿਚ ਖੋਭ ਦਿੱਤਾ ।
ਰਾਮ ਲੁਭਾਇਆ ਉਨ੍ਹਾਂ ਦੀਆਂ ਮਿੰਨਤਾਂ ਕਰਦਾ ਰਿਹਾ । ਪਹਿਲਾਂ ਮਾਲਕਾਂ ਨੂੰ ਨਾਲ ਲੈ ਕੇ ਸੋਨਾ ਚਾਂਦੀ ਲੈ ਲਵੋ । ਕਿਸੇ ਨੇ ਉਸਦੀ ਇਕ ਨਾ ਸੁਣੀ । ਲਗਦਾ ਸੀ ਉਨ੍ਹਾਂ ਨੂੰ ਪੈਸੇ ਧੇਲੇ ਵਿਚ ਘੱਟ ਅਤੇ ਕੁੱਟਮਾਰ ਵਿਚ ਜ਼ਿਆਦਾ ਦਿਲਚਸਪੀ ਸੀ ।
ਜਦੋਂ ਸਾਰੇ ਮੈਂਬਰ ਬੇਹੋਸ਼ ਹੋ ਗਏ ਤਾਂ ਬਹੁਤ ਕੁਝ ਪੱਲੇ ਵੀ ਨਾ ਪਿਆ । ਜੋ ਜਿਸ ਦੇ ਹੱਥ ਆਇਆ ਲੈ ਕੇ ਦੌੜ ਪਿਆ ।
ਕਾਲੀਏ ਨੇ ਇਕ ਰੰਗਦਾਰ ਟੀ.ਵੀ. ਚਾਦਰ ਵਿਚ ਲਪੇਟ ਲਿਆ । ਦੀਨੇ ਨੇ ਟੇਪਰਿਕਾਰਡਰ ਅਤੇ ਵੀ.ਸੀ.ਆਰ. ਸਮੇਟ ਲਿਆ । ਪੰਡਿਤ ਨੇ ਇਕ ਅਲਮਾਰੀ ਵਿਚ ਪਈਆਂ ਸਾੜ੍ਹੀਆਂ, ਸੂਟ ਅਤੇ ਹੋਰ ਨਿੱਕ-ਸੁੱਕ ਨੂੰ ਇਕੱਠਾ ਕੀਤਾ ਅਤੇ ਗਠੜੀ ਵਿਚ ਬੰਨ੍ਹ ਲਿਆ । ਕੁਝ ਨਕਦੀ ਅਤੇ ਗਹਿਣੇ ਰਾਮ ਲੁਭਾਇਆ ਦੇ ਹੱਥ ਲਗ ਗਏ ।
ਆਪਣੇ ਹਿੱਸੇ ਦਾ ਸਮਾਨ ਲੈ ਕੇ ਪੰਡਿਤ ਦੇ ਸਾਥੀ ਮੌਕੇ ਵਾਲੀ ਥਾਂ ਤੋਂ ਹੀ ਆਪਣੇ ਰਾਹ ਪੈ ਗਏ । ਪੰਡਿਤ ਆਪਣੇ ਕੁਆਟਰ ਚਲਾ ਗਿਆ । ਸਾਰਾ ਦਿਨ ਰਾਮ ਲੁਭਾਇਆ ਆਪਣੇ ਘਰ ਛੁਪਿਆ ਰਿਹਾ । ਕਦੇ ਉਸ ਨੂੰ ਗ੍ਰਿਫ਼ਤਾਰ ਹੋਣ ਦਾ ਡਰ ਲਗਦਾ । ਕਦੇ ਹੱਥ ਲੱਗੇ ਮਾਲ ਨੂੰ ਦੇਖ ਕੇ ਖੁਸ਼ੀ ਹੁੰਦੀ ।
ਠੇਕੇਦਾਰ ਸੋਚ ਰਿਹਾ ਸੀ । ਭਤੀਜੇ ਦੇ ਸਾਥੀ ਮੌਕੇ 'ਤੇ ਹੀ ਛਾਈਂ-ਮਾਈਂ ਹੋ ਗਏ ਸਨ । ਭਤੀਜਾ ਕਦੋਂ ਦਾ ਬੰਬੇ ਵਾਲੀ ਗੱਡੀ ਚੜ੍ਹ ਚੁੱਕਾ ਹੋਣਾ ਹੈ । ਰਾਮ ਲੁਭਾਇਆ ਦਾ ਨਾਂ ਕਿਸ ਨੇ ਲੈਣਾ ਹੈ?
ਡਰ ਅਤੇ ਖੁਸ਼ੀ ਦੀ ਖਿਚੋਤਾਣ ਵਿਚ ਫਸਿਆ ਰਾਮ ਲੁਭਾਇਆ ਸਵੇਰ ਤੋਂ ਅੰਗਰੇਜ਼ੀ ਸ਼ਰਾਬ ਪੀ ਰਿਹਾ ਸੀ । ਉਹ ਸ਼ਰਾਬ ਗਮ ਗਲਤ ਕਰਨ ਲਈ ਪੀ ਰਿਹਾ ਸੀ ਜਾਂ ਖੁਸ਼ੀ ਮਨਾਉਣ ਲਈ, ਇਸਦੀ ਸੂਹ ਸੂਹੀਆਂ ਨੂੰ ਨਹੀਂ ਸੀ ਮਿਲ ਸਕੀ ।
ਸਾਦੇ ਕੱਪੜਿਆਂ ਵਿਚ ਖੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੇ ਉਸਦੇ ਘਰ ਨੂੰ ਘੇਰਾ ਪਾਇਆ ਹੋਇਆ ਸੀ । ਉਨ੍ਹਾਂ ਨੂੰ ਪੁਲਿਸ ਕਪਤਾਨ ਦੇ ਅਗਲੇ ਹੁਕਮਾਂ ਦੀ ਉਡੀਕ ਸੀ ।
ਖੁਫ਼ੀਆ ਵਿਭਾਗ ਦੀ ਕਾਰਗੁਜ਼ਾਰੀ 'ਤੇ ਕਪਤਾਨ ਦਾ ਮਨ ਗਦਗਦ ਹੋ ਗਿਆ ।
ਮਨ ਹੀ ਮਨ ਖੁਫ਼ੀਆ ਵਿਭਾਗ ਦੇ ਜਵਾਨਾਂ ਨੂੰ ਸਲੂਟ ਮਾਰਕੇ ਕਪਤਾਨ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ।
"ਹੁਣ ਉਡੀਕ ਕਿਸਦੀ ਹੈ ? ਤੁਰੰਤ ਕਾਰਵਾਈ ਕਰੋ ।"
ਖੁਸ਼ੀ 'ਚ ਝੂਮਦੇ ਕਪਤਾਨ ਨੇ ਜਵਾਨਾਂ ਨੂੰ ਹੁਕਮ ਸੁਣਾਇਆ ।
ਇਕ ਤਾੜਨਾ ਵੀ ਕੀਤੀ । ਰਾਮ ਲੁਭਾਇਆ ਦੀ ਗ੍ਰਿਫ਼ਤਾਰੀ ਦਾ ਅਸਲ ਕਾਰਨ ਗੁਪਤ ਰੱਧਖਿਆ ਜਾਵੇ ।

....ਚਲਦਾ....