ਕੌਰਵ ਸਭਾ (ਕਿਸ਼ਤ-5) (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Phone: +91 161 2407444
Cell: +91 98556 31777
Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


10
ਸਵੇਰੇ ਨਸ਼ਾ ਉਤਰਣ ਤੋਂ ਪਹਿਲਾਂ ਹੀ ਪੁਲਿਸ ਨੇ ਠੇਕੇਦਾਰ ਨੂੰ ਆ ਦਬੋਚਿਆ ।
ਪਹਿਲਾਂ ਰਾਮ ਲੁਭਾਇਆ ਨੂੰ ਲੱਗਾ ਉਹ ਸੁਪਨਾ ਦੇਖ ਰਿਹਾ ਹੈ । ਨਸ਼ੇ ਅਤੇ ਨੀਂਦ ਦੀ ਲੋਰ ਵਿਚ ਉਸਨੂੰ ਕਈ ਵਾਰ ਪੁਲਿਸ ਆਪਣੇ ਘਰ ਛਾਪੇ ਮਾਰਦੀ ਨਜ਼ਰ ਆਈ ਸੀ ।
ਮਾਰ ਤੋਂ ਡਰਦਾ ਜਦੋਂ ਉਹ ਤ੍ਰਭਕਦਾ ਸੀ ਤਾਂ ਉਸਦੀ ਅੱਖ ਖੁਲ੍ਹ ਜਾਂਦੀ ਸੀ ਅਤੇ ਉਹ ਸੁਖ ਦਾ ਸਾਹ ਲੈਂਦਾ ਸੀ ।
ਇਸ ਵਾਰ ਜਦੋਂ ਡਾਂਗਾਂ ਤਾੜ-ਤਾੜ ਉਸਦੇ ਮੌਰਾਂ ਵਿਚ ਪੈਣ ਲੱਗੀਆਂ ਅਤੇ ਸਾਰੇ ਸਰੀਰ ਵਿਚੋਂ ਸੇਕ ਨਿਕਲਣ ਲੱਗਾ ਫੇਰ ਉਸਨੂੰ ਅਹਿਸਾਸ ਹੋਇਆ ਇਹ ਸੁਪਨਾ ਨਹੀਂ ਹਕੀਕਤ ਸੀ ।
ਡੌਰ-ਭੌਰ ਹੋਈ ਪਤਨੀ ਅਤੇ ਡਰੇ ਸਹਿਮੇ ਬੱਚੇ ਰਾਮ ਲੁਭਾਇਆ 'ਤੇ ਪੈਂਦੀ ਕੁੱਟ, ਸਬਰ ਦਾ ਘੁੱਟ ਭਰਦੇ ਦੇਖਦੇ ਰਹੇ ।
ਕੁਝ ਪੁਲਸੀਏ ਘਰ ਦੀ ਤਲਾਸ਼ੀ ਲੈਣ ਲੱਗੇ । ਸਾਰਾ ਸਮਾਨ ਇਧਰ-ਉਧਰ ਸੁੱਟਣ ਲੱਗੇ ।
ਭਈਆਂ ਦੀਆਂ ਬਸਤੀਆਂ ਵਿਚ ਮੂੰਹ-ਹਨੇਰੇ ਪੁਲਿਸ ਦੇ ਛਾਪੇ ਕੋਈ ਨਵੀਂ ਗੱਲ ਨਹੀਂ ਸੀ । ਘਰਾਂ ਦੀਆਂ ਤਲਾਸ਼ੀਆਂ ਦੌਰਾਨ ਮਿਲੇ ਕੀਮਤੀ ਸਮਾਨ ਦਾ ਜ਼ਬਤ ਹੋ ਜਾਣਾ ਵੀ ਕੋਈ ਅਣਹੋਣੀ ਗੱਲ ਨਹੀਂ ਸੀ ।
ਇਸ ਵਾਰ ਵਿਲੱਖਣ ਗੱਲ ਇਹ ਸੀ ਮਾਰ-ਕੁਟਾਰੀ ਅਤੇ ਤਲਾਸ਼ੀ ਕਿਸੇ ਆਮ ਭਈਏ ਦੀ ਨਹੀਂ, ਸਗੋਂ ਠੇਕੇਦਾਰ ਦੀ ਹੋ ਰਹੀ ਸੀ ।
"ਲਿਆ ਬਈ ਰਾਤ ਵਾਲਾ ਮਾਲ ਲਿਆ? ਕਿੱਧਥੇ ਹੈ ਕੈਸ਼ ਅਤੇ ਗਹਿਣੇ? ਬਾਕੀ ਦੇ ਸਾਥੀ ਕਿਥੇ ਲਕੋਏ ਨੇ ?"
"ਕੌਣ ਸਾ ਪੈਸਾ? ਕੌਣ ਸੇ ਬੰਦੇ?" ਕਰੜਾ ਹੱਡ ਹੋਣ ਕਾਰਨ ਰਾਮ ਲੁਭਾਇਆ ਮਾਰ ਝੱਲ ਰਿਹਾ ਸੀ"
ਰਾਮ ਲੁਭਾਇਆ ਦੀ ਪਤਨੀ ਤੋਂ ਪਤੀ 'ਤੇ ਪੈਂਦੀ ਮਾਰ ਝੱਲ ਨਾ ਹੋਈ । ਉਸਨੇ ਆਪਣੇ ਨਾਲੇ ਨਾਲ ਬੰਨ੍ਹੀ ਟਰੰਕ ਦੀ ਚਾਬੀ ਨਾਲੇ ਨਾਲੋਂ ਖੋਲ੍ਹ ਕੇ ਹੌਲਦਾਰ ਅੱਗੇ ਸੁੱਟ ਦਿੱਤੀ ।ਉਹ ਆਪ ਟਰੰਕ ਦੀ ਤਲਾਸ਼ੀ ਲੈ ਲਏ ।ਪਤਨੀ ਦਾ ਖਿਆਲ ਸੀ ਟਰੰਕ ਵਿਚ ਦੋ ਤਿੰਨ ਹਜ਼ਾਰ ਰੁਪਏ ਹੋਣਗੇ । ਉਹ ਲੈ ਕੇ ਪੁਲਿਸ ਟਲ ਜਾਏਗੀ ।ਇਕ ਸਿਪਾਹੀ ਨੇ ਟਰੰਕ ਵਿਹੜੇ ਵਿਚ ਚੁੱਕ ਲਿਆਂਦਾ । ਸਭ ਦੇ ਸਾਹਮਣੇ ਜਿੰਦਰਾ ਖੋਲ੍ਹਿਆ । ਅੰਦਰੋਂ ਬਰਾਮਦ ਹੋਇਆ ਸਮਾਨ ਦੇਖਕੇ ਸਭ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ । ਸੱਤਰ ਹਜ਼ਾਰ ਦੀ ਨਕਦੀ ਦੇ ਨਾਲ-ਨਾਲ ਦੋ ਕੀਮਤੀ ਸਾੜ੍ਹੀਆਂ ਅਤੇ ਇਕ ਸੋਨੇ ਦਾ ਨਿੱਗਰ ਹਾਰ ਟਰੰਕ ਵਿਚ ਛੁਪਾ ਕੇ ਰੱਖਿਆ ਹੋਇਆ ਸੀ । ਨਕਦੀ ਠੇਕੇਦਾਰ ਦੀ ਹੋ ਸਕਦੀ ਸੀ । ਸਾੜ੍ਹੀਆਂ ਅਤੇ ਸੋਨੇ ਦਾ ਹਾਰ ਪਾਉਣ ਦੇ ਯੋਗ ਤੇ ਨਹੀਂ ਸੀ ਭਈਆ ਰਾਣੀ ।ਸਾੜ੍ਹੀਆਂ ਅਤੇ ਹਾਰ ਦੀ ਬਰਾਮਦਗੀ 'ਤੇ ਪੁਲਿਸ ਵਾਲੇ ਝੂਮ ਉੱਠੇ । ਘਟਨਾ ਦੀ ਪਹਿਲੀ ਲੜੀ, ਪਹਿਲਾ ਠੋਸ ਸਬੂਤ ਉਨ੍ਹਾਂ ਦੇ ਹੱਥ ਲੱਗ ਚੁੱਕਾ ਸੀ । ਕੜੀ ਨਾਲ ਕੜੀ ਜੋੜਨਾ ਹੁਣ ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਸੀ ।
ਮੌਕੇ ਤੋਂ ਮਿਲੀ ਸਫ਼ਲਤਾ ਦੀ ਸੂਚਨਾ ਕਪਤਾਨ ਨੂੰ ਦਿੱਤੀ । ਅਗਲੀ ਕਾਰਵਾਈ ਲਈ ਰਹਿਨੁਮਾਈ ਮੰਗੀ ਗਈ ।
ਕਪਤਾਨ ਦੀ ਹਦਾਇਤ ਉਪਰ ਉਸਦੇ ਘਰ ਦੀ ਮੁਕੰਮਲ ਤਲਾਸ਼ੀ ਲਈ ਗਈ ।
ਹਿਸਾਬ-ਕਿਤਾਬ ਵਾਲੀਆਂ ਕਾਪੀਆਂ, ਜੇਬ-ਡਾਇਰੀ, ਬੈਗ, ਲੋਕਾਂ ਦੇ ਵਿਜ਼ਟਿੰਗ ਕਾਰਡ ਸਭ ਕਬਜ਼ੇ ਵਿਚ ਲੈ ਲਏ ਗਏ ।
ਉਸਦੇ ਘਰ ਨੂੰ ਸੀਲ ਕਰ ਦਿੱਤਾ ਗਿਆ । 'ਕਪਤਾਨ ਦੇ ਮੌਕਾ ਦੇਖਣ ਤਕ ਕੋਈ ਕਿਸੇ ਚੀਜ਼ ਨੂੰ ਹੱਥ ਨਾ ਲਾਵੇ ।' ਇਹ ਹੁਕਮ ਝਾੜਿਆ ਗਿਆ । ਠੇਕੇਦਾਰ ਅਤੇ ਬਰਾਮਦ ਹੋਏ ਸਾਮਾਨ ਨੂੰ ਕਪਤਾਨ ਅੱਗੇ ਪੇਸ਼ ਕੀਤਾ ਗਿਆ ।
ਕਪਤਾਨ ਨੇ ਹਿਸਾਬ-ਕਿਤਾਬ ਵਾਲੀਆਂ ਕਾਪੀਆਂ ਫਰੋਲ ਕੇ ਉਨ੍ਹਾਂ ਸਾਰੇ ਬੰਦਿਆਂ ਦੀ ਲਿਸਟ ਬਣਾਈ ਜਿਨ੍ਹਾਂ ਨਾਲ ਠੇਕੇਦਾਰ ਦਾ ਲੈਣ-ਦੇਣ ਸੀ ।
ਵੇਦ ਕੋਠੀਆਂ, ਦੁਕਾਨਾਂ ਲੈਣ-ਦੇਣ ਦਾ ਕੰਮ ਕਰਦਾ ਸੀ । ਛੋਟੀ-ਮੋਟੀ ਮੁਰੰਮਤ ਲਈ ਉਸਨੂੰ ਮਿਸਤਰੀ ਮਜ਼ਦੂਰਾਂ ਦੀ ਲੋੜ ਪੈਂਦੀ ਸੀ । ਰਾਮ ਲੁਭਾਇਆ ਦੀ ਉਸ ਨਾਲ ਕੋਈ ਕੜੀ ਜੁੜੀ ਹੋ ਸਕਦੀ ਸੀ । ਠੇਕੇਦਾਰ ਦੀ ਡਾਇਰੀ ਵਿਚ ਦਰਜ ਫ਼ੋਨ ਨੰਬਰਾਂ ਦੇ ਮਾਲਕਾਂ ਦੇ ਵੇਰਵੇ ਇਕੱਠੇ ਕੀਤੇ ਗਏ । ਉਨ੍ਹਾਂ ਵਿਚੋਂ ਇਕ ਨੰਬਰ ਪੰਕਜ ਦੇ ਮੋਬਾਈਲ ਫ਼ੋਨ ਦਾ ਵੀ ਸੀ ।
ਪੁਲਿਸ ਕਪਤਾਨ ਨੇ ਮੁੱਖ ਅਫ਼ਸਰ ਵੱਲੋਂ ਇਸ ਮੁਕੱਦਮੇ ਸੰਬੰਧੀ ਤਿਆਰ ਕੀਤੀ ਰਿਪੋਰਟ ਉਪਰ ਪਹਿਲਾਂ ਸਰਸਰੀ ਨਜ਼ਰ ਮਾਰੀ ਸੀ । ਪਰਚੇ ਵਿਚ ਭਾਵੇਂ ਮੁਦਈ ਨੇ ਕਿਸੇ 'ਤੇ ਸ਼ੱਕ ਜ਼ਾਹਿਰ ਨਹੀਂ ਸੀ ਕੀਤਾ । ਵੈਸੇ ਰਾਮ ਨਾਥ ਨੇ ਵੇਦ ਪਰਿਵਾਰ ਨੂੰ ਪੰਕਜ ਤੋਂ ਮਿਲਦੀਆਂ ਧਮਕੀਆਂ ਦਾ ਜ਼ਿਕਰ ਕੀਤਾ ਸੀ । ਪੰਕਜ ਦਾ ਨਾਂ 'ਸ਼ੱਕੀ ਬੰਦਿਆਂ' ਵਿਚ ਬੋਲਦਾ ਸੀ ।
ਪੁਲਿਸ ਕਪਤਾਨ ਨੇ ਇਕ ਵਾਰ ਫੇਰ ਰਿਪੋਰਟ 'ਤੇ ਨਜ਼ਰ ਮਾਰੀ । ਇਸ ਵਾਰ ਪੂਰੀ ਡੂੰਘਾਈ ਨਾਲ ।
ਫੇਰ ਠੇਕੇਦਾਰ ਦੇ ਬੈਗ ਵਿਚੋਂ ਮਿਲੇ ਵਿਜ਼ਟਿੰਗ ਕਾਰਡਾਂ ਦੀ ਘੋਖ ਹੋਈ । ਉਨ੍ਹਾਂ ਵਿਚੋਂ ਇਕ ਪੰਕਜ ਦਾ ਸੀ ।
ਪੰਕਜ ਅਤੇ ਠੇਕੇਦਾਰ ਵਿਚਕਾਰ ਸਥਾਪਤ ਹੋਈ ਇਸ ਦੂਜੀ ਕੜੀ ਨੇ ਕਪਤਾਨ ਲਈ ਅਗਲਾ ਰਸਤਾ ਖੋਲ੍ਹ ਦਿੱਤਾ ।
ਪੰਕਜ ਦੇ ਪਿਛੋਕੜ, ਉਸ ਦੇ ਕਾਰੋਬਾਰ, ਫੈਕਟਰੀਆਂ ਵਿਚ ਬਣਦੇ ਪੁਰਜ਼ਿਆਂ, ਕੰਮ ਕਰਦੇ ਮਜ਼ਦੂਰਾਂ ਦੀ ਗਿਣਤੀ, ਸਭ ਪਹਿਲੂਆਂ 'ਤੇ ਵਿਸਤਰਤ ਜਾਣਕਾਰੀ ਹਾਸਲ ਕੀਤੀ ਗਈ ।
ਕਪਤਾਨ ਨੂੰ ਰਾਮ ਨਾਥ ਦਾ ਪੰਕਜ ਹੋਰਾਂ ਉਪਰ ਕੀਤਾ ਸ਼ੱਕ ਸੱਚ ਵਿਚ ਬਦਲਦਾ ਨਜ਼ਰ ਆਉਣ ਲੱਗਾ ।
ਪੰਕਜ ਸ਼ਹਿਰ ਦੇ ਗਿਣੇ-ਚੁਣੇ ਸ਼ਹਿਰੀਆਂ ਵਿਚੋਂ ਇਕ ਸੀ । ਬਿਨਾਂ ਠੋਸ ਸਬੂਤ ਤੋਂ ਉਸ ਨੂੰ ਹੱਥ ਪਾਉਣਾ ਖ਼ਤਰੇ ਤੋਂ ਖਾਲੀ ਨਹੀਂ ਸੀ । ਥਾਣੇ ਦੇ ਮੁੱਖ ਅਫ਼ਸਰ ਉਪਰ ਕਪਤਾਨ ਨੂੰ ਬਹੁਤਾ ਭਰੋਸਾ ਨਹੀਂ ਸੀ । ਉਹ ਮੁਲਜ਼ਮਾਂ ਕੋਲ ਮੁਖ਼ਬਰੀ ਕਰਕੇ ਖੇਡ ਵਿਗਾੜ ਸਕਦਾ ਸੀ ।
ਇਸ ਤਫ਼ਤੀਸ਼ ਵਿਚ ਖੁਫ਼ੀਆ ਵਿਭਾਗ ਕਪਤਾਨ ਨੂੰ ਸਭ ਤੋਂ ਵੱਧ ਸਹਿਯੋਗ ਦੇ ਰਿਹਾ ਸੀ । ਇਕ ਵਾਰ ਫੇਰ ਇਸ ਵਿਭਾਗ ਦੀ ਪਿੱਠ ਥਾਪੜੀ ਗਈ । ਠੇਕੇਦਾਰ ਨੇ ਪੰਕਜ ਲਈ ਕੀ-ਕੀ ਕੰਮ ਕੀਤੇ? ਉਸ ਦੀ ਕਿਸੇ ਕੋਠੀ ਜਾਂ ਫੈਕਟਰੀ ਦੀ ਉਸਾਰੀ ਉਸ ਰਾਹੀਂ ਹੋਈ? ਕਦੇ ਉਨ੍ਹਾਂ ਲਈ ਠੇਕੇਦਾਰ ਨੇ ਮਜ਼ਦੂਰ ਭਰਤੀ ਕਰਕੇ ਦਿੱਤੇ? ਜੇ ਪੰਕਜ ਦਾ ਫ਼ੋਨ ਅਤੇ ਕਾਰਡ ਠੇਕੇਦਾਰ ਕੋਲ ਸੀ ਤਾਂ ਉਨ੍ਹਾਂ ਦਾ ਕੋਈ ਨਾ ਕੋਈ ਸੰਬੰਧ ਜ਼ਰੂਰ ਸੀ । ਇਹ ਕੀ ਸੰਬੰਧ ਸੀ? ਕਪਤਾਨ ਨੂੰ ਇਸਦੀ ਜਾਣਕਾਰੀ ਚਾਹੀਦੀ ਸੀ ।
ਪ੍ਰਤੱਖ ਤੌਰ 'ਤੇ ਠੇਕੇਦਾਰ ਨੇ ਪੰਕਜ ਹੋਰਾਂ ਲਈ ਕੋਈ ਕੰਮ ਨਹੀਂ ਸੀ ਕੀਤਾ । ਪਿਛਲੇ ਸੱਤ ਦਿਨਾਂ ਵਿਚ ਦੋ ਵਾਰ ਉਹ ਪੰਕਜ ਦੀ ਫੈਕਟਰੀ ਵਿਚ ਗਿਆ ਸੀ । ਦੋਵੇਂ ਸਮੇਂ ਦੋਵੇਂ ਭਰਾ ਫੈਕਟਰੀ ਵਿਚ ਹਾਜ਼ਰ ਸਨ । ਠੇਕੇਦਾਰ ਅਤੇ ਮਾਲਕਾਂ ਵਿਚਕਾਰ ਇਕੱਧਲਿਆਂ ਗੱਲ ਹੋਈ ਸੀ । ਦੂਸਰੀ ਮੁਲਾਕਾਤ ਬਾਅਦ ਠੇਕੇਦਾਰ ਫੈਕਟਰੀ ਵਿਚੋਂ ਦੋ ਰਾਡ ਅਤੇ ਦੋ ਛੋਟੇ ਬੈਗ ਲੈ ਕੇ ਆਇਆ ਸੀ । ਇਸ ਸੰਬੰਧੀ ਇੰਦਰਾਜ ਫੈਕਟਰੀ ਦੇ ਰਿਕਾਰਡ ਵਿਚ ਹੋਇਆ ਸੀ ।
ਪੁਲਿਸ ਕਪਤਾਨ ਨਿਸ਼ਾਨੇ ਦੇ ਬਹੁਤ ਨੇੜੇ ਪੁੱਜ ਚੁੱਕਾ ਸੀ । ਵਾਰਦਾਤ ਸਮੇਂ ਦੋਸ਼ੀਆਂ ਨੇ ਦੋ ਰਾਡਾਂ ਦੀ ਵਰਤੋਂ ਕੀਤੀ ਸੀ । ਇਕ ਮੌਕੇ ਤੋਂ ਬਰਾਮਦ ਹੋਈ ਸੀ । ਦੂਜੀ ਦੋਸ਼ੀ ਨਾਲ ਲੈ ਗਏ ਸਨ । ਇਕ ਬੈਗ ਮੌਕੇ ਵਾਲੀ ਥਾਂ ਤੋਂ ਬਰਾਮਦ ਹੋਇਆ ਸੀ । ਦੂਸਰਾ ਠੇਕੇਦਾਰ ਦੇ ਘਰੋਂ । ਬਸ ਹੁਣ ਇਹੋ ਤਸਦੀਕ ਕਰਨਾ ਬਾਕੀ ਸੀ ਕਿ ਇਹ ਰਾਡ ਅਤੇ ਬੈਗ ਉਹੋ ਸਨ, ਜਿਹੜੇ ਫੈਕਟਰੀਓਂ ਗਏ ਸਨ ਜਾਂ ਹੋਰ ? ਮੌਕੇ ਤੋਂ ਬਰਾਮਦ ਹੋਏ ਮਾਲ ਦਾ ਇਕ ਵਾਰ ਫੇਰ ਮੁਆਇਨਾ ਕੀਤਾ ਗਿਆ ।
ਮੌਕੇ ਤੋਂ ਬਰਾਮਦ ਹੋਏ ਬੈਗ ਉਪਰ ਪੰਕਜ ਦੀ ਫੈਕਟਰੀ ਦਾ ਨਾਂ ਛਪਿਆ ਹੋਇਆ ਸੀ । ਪੰਕਜ ਅਜਿਹੇ ਬੈਗ ਆਪਣੇ ਮਜ਼ਦੂਰਾਂ ਨੂੰ ਤੋਹਫ਼ੇ ਵਜੋਂ ਦਿੰਦਾ ਸੀ । ਰਾਮ ਲੁਭਾਇਆ ਦੇ ਘਰੋਂ ਬਰਾਮਦ ਹੋਇਆ ਬੈਗ ਇਸਦੇ ਨਾਲ ਦਾ ਸੀ ।
ਰਾਡ ਉਪਰ ਖ਼ੂਨ ਅਤੇ ਮਿੱਟੀ ਜੰਮੀ ਹੋਈ ਸੀ । ਰਾਡ ਨੂੰ ਸਾਫ਼ ਕਰਕੇ ਇਨ੍ਹਾਂ ਸਬੂਤਾਂ ਨੂੰ ਮਿਟਾਉਣ ਦਾ ਜ਼ੋਖਮ ਲੈਣ ਦਾ ਤਾਂ ਹੀ ਫ਼ਾਇਦਾ ਸੀ, ਜੇ ਪਹਿਲਾਂ ਇਹ ਪਤਾ ਲੱਗੇ ਕਿ ਪੰਕਜ ਦੀ ਫੈਕਟਰੀ ਵਿਚ ਬਣਦੇ ਪੁਰਜ਼ਿਆਂ ਉਪਰ ਕੋਈ ਮਾਰਕਾ ਲਗਦਾ ਸੀ ਜਾਂ
ਨਹੀਂ । ਖੁਫ਼ੀਆ ਵਿਭਾਗ ਨੇ ਇਸ ਨੁਕਤੇ 'ਤੇ ਪੜਤਾਲ ਕੀਤੀ ।
ਨੀਰਜ ਦੀ ਫੈਕਟਰੀ ਵਿਚ ਬਣਦਾ ਸਾਮਾਨ ਉੱਚ-ਕੋਟੀ ਦਾ ਸੀ । ਉਨ੍ਹਾਂ ਦੇ ਪੁਰਜ਼ੇ ਆਮ ਪੁਰਜ਼ਿਆਂ ਨਾਲੋਂ ਮਹਿੰਗੇ ਸਨ । ਆਪਣੀ ਪਹਿਚਾਣ ਬਣਾਉਣ ਲਈ ਉਹ ਆਪਣੇ ਹਰ ਪੁਰਜ਼ੇ ਉਪਰ ਆਪਣਾ ਮਾਰਕਾ ਲਾਉਂਦੇ ਸਨ । ਨਮੂਨੇ ਲਈ ਸੂਹੀਏ ਨੇ ਇਕ ਰਾਡ
ਬਾਜ਼ਾਰ ਵਿਚੋਂ ਖਰੀਦੀ ਅਤੇ ਲਿਆ ਕੇ ਕਪਤਾਨ ਅੱਗੇ ਰੱਖ ਦਿੱਤੀ ।
ਵਿਗਿਆਨਕ ਢੰਗਾਂ ਦੀ ਮਦਦ ਨਾਲ ਰਾਡ ਦਾ ਮੁਆਇਨਾ ਕੀਤਾ ਗਿਆ । ਖ਼ੂਨ ਦੇ ਇਕ ਧੱਬੇ ਹੇਠੋਂ ਨੀਰਜ ਦੀ ਫੈਕਟਰੀ ਦਾ ਮਾਰਕਾ ਨਜ਼ਰ ਆ ਰਿਹਾ ਸੀ ।
ਪੰਕਜ ਅਤੇ ਨੀਰਜ ਦੀ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋ ਚੁੱਕਾ ਸੀ । ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੰਨੇ ਸਬੂਤ ਕਾਫ਼ੀ ਸਨ ।
ਰਾਤ ਦੇਰ ਗਏ ਪੁਲਿਸ ਕਪਤਾਨ ਨੇ ਪ੍ਰੈਸ-ਕਾਨਫਰੰਸ ਬੁਲਾਈ। ਠੇਕੇਦਾਰ ਅਤੇ ਉਸ ਕੋਲੋਂ ਫੜੇ ਸਮਾਨ ਨੂੰ ਪੱਤਰਕਾਰਾਂ ਅੱਗੇ ਪੇਸ਼ ਕੀਤਾ ।
ਬਾਕੀ ਦੇ ਦੋਸ਼ੀਆਂ ਦੇ ਸੁਰਾਗ਼ ਮਿਲਣ ਅਤੇ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦੇ ਕੇ ਪੱਤਰਕਾਰਾਂ ਨੂੰ ਵਿਦਾ ਕੀਤਾ ।

11
ਪੁਲਿਸ ਰਾਹੀਂ ਪੰਕਜ ਨੂੰ ਸੂਹ ਮਿਲ ਚੁੱਕੀ ਸੀ । ਰਾਮ ਨਾਥ ਨੂੰ ਪੰਕਜ ਹੋਰਾਂ ਉਪਰ ਸ਼ੱਕ ਸੀ । ਡਰ ਅਤੇ ਗੁੱਸੇ ਕਾਰਨ ਉਨ੍ਹਾਂ ਨੇ ਹਸਪਤਾਲ ਵੱਲ ਮੂੰਹ ਨਹੀਂ ਸੀ ਕੀਤਾ ।
ਉੱਡਦੀ-ਉੱਡਦੀ ਖ਼ਬਰ ਰਿਸ਼ਤੇਦਾਰਾਂ ਦੇ ਕੰਨੀਂ ਜਾ ਪਈ ।
ਬਹੁਤੇ ਸਾਂਝੇ ਰਿਸ਼ਤੇਦਾਰਾਂ ਦਾ ਝੁਕਾਅ ਝੁਕਦੇ ਪਲੜੇ ਵੱਲ ਸੀ। ਕਦੇ-ਕਦੇ, ਕੋਈ ਕੋਈ ਮਜਬੂਰੀ-ਵੱਸ ਹਸਪਤਾਲ ਆਉਂਦਾ ਸੀ । ਓਪਰਿਆਂ ਵਾਂਗ ਘੜੀ ਦੋ ਘੜੀ ਬੈਠ ਕੇ, ਚੋਰਾਂ ਵਾਂਗ ਵਾਪਸ ਮੁੜ ਜਾਂਦਾ ਸੀ । ਅੰਦਰੋਂ ਰਿਸ਼ਤੇਦਾਰ ਡਰਦਾ ਰਹਿੰਦਾ ਸੀ ਕਿਧਰੇ
ਮੋਹਨ ਦੇ ਪਰਿਵਾਰ ਨੂੰ ਉਸਦੇ ਵੇਦ ਪਰਿਵਾਰ ਨਾਲ ਜਾਗੇ ਹੇਜ ਦੀ ਮੁਖਬਰੀ ਨਾ ਹੋ ਜਾਵੇ ।
ਕਿਧਰੇ ਉਹ ਉਨ੍ਹਾਂ ਦੇ ਮੂੰਹ ਲੱਗਣੋਂ ਨਾ ਰਹਿ ਜਾਵੇ ।
ਪਰ ਨੀਲਮ ਦੇ ਪੇਕੇ ਪਹਿਲੇ ਦਿਨ ਤੋਂ ਕਾਵਾਂ ਵਾਂਗ ਇਕੱਠੇ ਹੋਏ ਬੈਠੇ ਸਨ ।
ਰਾਮ ਨਾਥ ਹੋਰੀਂ ਤਿੰਨ ਭੈਣਾਂ ਅਤੇ ਤਿੰਨ ਭਰਾ ਸਨ । ਰਾਮ ਨਾਥ ਸਭ ਤੋਂ ਵੱਡਾ ਸੀ । ਫੇਰ ਨੀਲਮ ਸੀ । ਉਸ ਤੋਂ ਛੋਟਾ ਮੰਗਤ ਰਾਏ ਸੀ । ਉਹ ਬਿਜਲੀ ਮਹਿਕਮੇ ਵਿਚ ਜੂਨੀਅਰ ਇੰਜੀਨੀਅਰ ਸੀ । ਸਭ ਤੋਂ ਛੋਟਾ ਬੀ.ਡੀ.ਓ. ਦਫ਼ਤਰ ਵਿਚ ਸਟੈਨੋ ਸੀ । ਛੋਟੀਆਂ ਦੋਵੇਂ ਭੈਣਾਂ ਜੇ.ਬੀ.ਟੀ. ਪਾਸ ਸਨ ਅਤੇ ਪ੍ਰਾਈਵੇਟ ਸਕੂਲਾਂ ਵਿਚ ਅਧਿਆਪਕਾਵਾਂ ਸਨ ।
ਉਨ੍ਹਾਂ ਦੇ ਪਤੀ ਸਰਕਾਰੀ ਸਕੂਲਾਂ ਦੇ ਅਧਿਆਪਕ ਸਨ ।
ਰਾਮ ਨਾਥ ਦਾ ਸ਼ਹਿਰ ਮਾਇਆ ਨਗਰ ਤੋਂ ਸੱਤਰ ਪੰਝੱਤਰ ਕਿਲੋਮੀਟਰ ਦੂਰ ਸੀ ।
ਰਾਮ ਨਾਥ ਦੀਆਂ ਬਾਕੀ ਰਿਸ਼ਤੇਦਾਰੀਆਂ ਮਾਇਆ ਨਗਰ ਤੋਂ ਉਲਟ ਦਿਸ਼ਾ ਵੱਲ ਸਨ ।
ਨਤੀਜਨ ਕਿਸੇ ਰਿਸ਼ਤੇਦਾਰ ਦਾ ਪਿੰਡ ਮਾਇਆ ਨਗਰ ਤੋਂ ਸਵਾ ਸੌ ਕਿਲੋਮੀਟਰ ਦੂਰ ਸੀ
ਅਤੇ ਕਿਸੇ ਦਾ ਡੇਢ ਸੌ ਕਿਲੋਮੀਟਰ ।
ਫੇਰ ਵੀ ਤਿੰਨ ਦਿਨਾਂ ਤੋਂ ਬਾਰਾਂ ਦੇ ਬਾਰਾਂ ਜੀਅ ਘਰ-ਬਾਰ ਛੱਡੀ ਹਸਪਤਾਲ ਡੇਰਾ ਲਾਈ ਬੈਠੇ ਸਨ ।
ਰਾਮ ਨਾਥ ਦੇ ਭਰਾ ਅੱਡ-ਅੱਡ ਰਹਿ ਕੇ ਵੀ ਇਕੱਠੇ ਸਨ । ਸ਼ੱਕਾਂ-ਸ਼ੂਸ਼ਕਾਂ ਸਾਂਝੀਆਂ ਭਰਦੇ ਸਨ । ਇਕ ਦੂਜੇ ਨਾਲ ਪਿਆਰ ਭਾਵ ਅਤੇ ਆਉਣ ਜਾਣ ਬਣਿਆ ਹੋਇਆ ਸੀ ।
ਲੋੜ ਪੈਣ 'ਤੇ ਉਹ ਤਨੋਂ-ਮਨੋਂ ਇਕ ਦੂਜੇ ਦੇ ਦੁੱਖ-ਸੁਖ ਵਿਚ ਸਹਾਈ ਹੁੰਦੇ ਸਨ ।
ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਉਪਰ ਪਹਾੜ ਜਿਡੀ ਇਹੋ ਜਿਹੀ ਮੁਸੀਬਤ ਪਹਿਲੀ ਵਾਰ ਟੁੱਟੀ ਸੀ । ਰਲ-ਮਿਲ ਕੇ ਉਹ ਦੁੱਖ ਵੰਡਾਉਣ ਦਾ ਯਤਨ ਕਰ ਰਹੇ ਸਨ ।
ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਪ੍ਰੇਸ਼ਾਨੀ ਵੱਧ ਸੀ । ਉਸਦੀ ਹਾਲਤ ਨੀਮ ਪਾਗਲਾਂ ਵਰਗੀ ਸੀ । ਜਦੋਂ ਉਸਨੂੰ ਹੋਸ਼ ਆਉਂਦੀ ਸੀ ਉਹ ਆਪਣੇ ਵਾਲ ਪੁੱਟਣ ਲੱਗ ਜਾਂਦੀ ਸੀ ।
ਉੱਚੀ-ਉੱਚੀ ਚੀਕਾਂ ਮਾਰ-ਮਾਰ ਕਮਲ ਨੂੰ ਅਵਾਜ਼ਾਂ ਮਾਰਦੀ ਸੀ । ਕਦੇ ਉਸ ਨੂੰ ਆਪਣੇ ਭੰਗ ਹੋਏ ਸੱਤ ਦਾ ਫਿਕਰ ਖਾਂਦਾ ਸੀ ਅਤੇ ਕਦੇ ਇਸੇ ਕਾਰਨ ਸਾਗਰ ਨਾਲੋਂ ਪ੍ਰੇਮ ਸੰਬੰਧਾਂ ਦੇ ਟੁੱਟਣ ਦਾ । ਕਦੇ ਉਹ ਆਤਮ-ਹੱਤਿਆ ਕਰਨ ਦਾ ਇਰਾਦਾ ਜਤਾਉਂਦੀ ਸੀ ਅਤੇ ਕਦੇ ਦੋਸ਼ੀਆਂ ਨੂੰ ਕਤਲ ਕਰਨ ਦਾ ।
ਡਾਕਟਰ ਨੇਹਾ ਨੂੰ ਬੇਹੋਸ਼ੀ ਦੇ ਟੀਕੇ ਲਾ ਰਹੇ ਸਨ । ਉਨ੍ਹਾਂ ਦੀ ਰਾਏ ਸੀ ਕਿ ਉਸ ਨੂੰ ਕਿਸੇ ਭੈਣ ਵਰਗੀ ਸਹੇਲੀ ਅਤੇ ਮਾਂ ਵਰਗੀ ਚਾਚੀ ਤਾਈ ਦੀ ਛਤਰ-ਛਾਇਆ ਦੀ ਜ਼ਰੂਰਤ ਸੀ ।
ਰਾਮ ਨਾਥ ਦੀ ਸਭ ਤੋਂ ਛੋਟੀ ਭੈਣ ਸੁਸ਼ਮਾ ਨੇ ਇਹ ਜ਼ਿੰਮੇਵਾਰੀ ਆਪਣੇ ਜ਼ਿੰਮੇ ਲਈ ਸੀ । ਉਹ ਨੇਹਾ ਦੀ ਮਾਸੀ ਸੀ, ਇਸ ਲਈ ਨੇਹਾ ਨੂੰ ਮਾਵਾਂ ਵਰਗਾ ਪਿਆਰ ਦੇ ਸਕਦੀ ਸੀ । ਉਨ੍ਹਾਂ ਦੀ ਉਮਰ ਵਿਚ ਸਾਰਾ ਸੱਤ ਸਾਲ ਦਾ ਫ਼ਰਕ ਸੀ । ਦੋਵੇਂ ਮਾਸੀ ਭਾਣਜੀ ਵਾਂਗ ਘੱਟ, ਸਹੇਲੀਆਂ ਵਾਂਗ ਵੱਧ ਰਹੀਆਂ ਸਨ । ਸੁਸ਼ਮਾ ਪਹਿਲੇ ਦਿਨ ਤੋਂ ਨੇਹਾ ਦੀ ਹਮਰਾਜ਼ ਸੀ । ਇਸ ਲਈ ਉਹ ਨੇਹਾ ਦੀ ਸਹੇਲੀ ਦੇ ਫਰਜ਼ ਵੀ ਨਿਭਾਅ ਸਕਦੀ ਸੀ ।
ਬਿਨਾਂ ਸੰਗ-ਸ਼ਰਮ ਮਹਿਸੂਸ ਕਰੇ ਸੁਸ਼ਮਾ ਪਲਵੀ ਦੇ ਘਰ ਡੇਰਾ ਲਾਈ ਬੈਠੀ ਸੀ ।
ਮੰਗਤ ਅਤੇ ਉਸਦੀ ਪਤਨੀ ਸੁਜਾਤਾ ਵੇਦ ਦੀ ਦੇਖਭਾਲ ਵਿਚ ਜੁਟੇ ਹੋਏ ਸਨ ।
ਵੇਦ ਦੀ ਟੰਗ ਕੱਧਟੇ ਜਾਣ ਤੋਂ ਬਚ ਗਈ ਸੀ । ਡਾਕਟਰਾਂ ਨੇ ਉਸ ਨੂੰ ਖ਼ਤਰੇ ਤੋਂ ਬਾਹਰ ਘੋਸ਼ਿਤ ਕਰ ਦਿੱਤਾ ਸੀ । ਜੁਬਾੜੇ ਦੀ ਟੁੱਟੀ ਹੱਡੀ ਉਸ ਨੂੰ ਹੋਸ਼ ਨਹੀਂ ਸੀ ਆਉਣ ਦੇ ਰਹੀ ।
ਤਿੰਨ ਦਿਨ ਆਈ.ਸੀ.ਯੂ. ਵਿਚ ਰੱਖਣ ਬਾਅਦ ਉਸ ਨੂੰ ਜਨਰਲ ਵਾਰਡ ਵਿਚ ਭੇਜ ਦਿੱਤਾ ਗਿਆ ਸੀ । ਬੇਹੋਸ਼ੀ ਵਿਚ ਹੋਣ ਕਾਰਨ ਉੱਪਰਲਿਆਂ ਨੂੰ ਉਸ ਦੀ ਕੋਈ ਤਕਲੀਫ਼ ਨਹੀਂ ਸੀ, ਪਰ ਉਨ੍ਹਾਂ ਨੂੰ ਚੌਵੀ ਘੰਟੇ ਉਸਦੇ ਸਿਰਹਾਣੇ ਬੈਠਣਾ ਪੈਂਦਾ ਸੀ ।
ਬਾਕੀ ਸਾਰੇ ਰਿਸ਼ਤੇਦਾਰ ਅਤੇ ਭੈਣ ਭਰਾ ਨੀਲਮ ਉਪਰ ਸਨ ।
ਨੀਲਮ ਦੀ ਹਾਲਤ ਨਾਜ਼ੁਕ ਸੀ । ਉਸਨੂੰ ਆਈ. ਸੀ. ਯੂ. ਵਿਚ ਰੱਧਖਿਆ ਗਿਆ ਸੀ । ਉਸਦੇ ਨੱਕ, ਗੱਲ੍ਹ ਅਤੇ ਪੇਟ ਵਿਚ ਨਾਲੀਆਂ ਫਿੱਟ ਕੀਤੀਆਂ ਗਈਆਂ ਸਨ । ਉਹ ਵੈਂਟੀਲੇਟਰ ਦੇ ਸਹਾਰੇ ਜ਼ਿੰਦਾ ਸੀ । ਕਿਸੇ ਵੀ ਸਮੇਂ ਭੈੜੀ ਖ਼ਬਰ ਆ ਸਕਦੀ ਸੀ । ਬਾਕੀ ਦੇ ਰਿਸ਼ਤੇਦਾਰ ਨੀਲਮ ਦੇ ਵਾਰਡ ਦੇ ਬਾਹਰ ਬੈਠੇ ਉਸਦੇ ਠੀਕ ਹੋਣ ਦੀ ਦੁਆ ਕਰ ਰਹੇ ਸਨ ।
ਨੀਲਮ ਦੀਆਂ ਦਵਾਈਆਂ ਘਟਣ ਦੀ ਥਾਂ ਵੱਧਦੀਆਂ ਜਾ ਰਹੀਆਂ ਸਨ । ਟੈਸਟ ਅਤੇ ਸਕੈਨ ਵਾਰ-ਵਾਰ ਹੋ ਰਹੇ ਸਨ । ਖੂਨ ਦਿੱਤਾ ਜਾ ਰਿਹਾ ਸੀ । ਦਿਲ ਦੀ ਧੜਕਣ ਕਦੇ ਵਧ ਜਾਂਦੀ ਸੀ ਅਤੇ ਕਦੇ ਘਟ ਜਾਂਦੀ ਸੀ ।
ਰਾਮ ਨਾਥ ਸੀਨੀਅਰ ਡਾਕਟਰਾਂ ਨੂੰ ਪੁੱਛ-ਪੁੱਛ ਹੰਭ ਚੁੱਕਾ ਸੀ ।
"ਬੱਸ ਚੌਵੀ ਘੰਟੇ ਹੋਰ" ਆਖਕੇ ਡਾਕਟਰ ਉਸ ਨੂੰ ਟਾਲਦੇ ਆ ਰਹੇ ਸਨ ।

12
ਚੌਵੀ-ਚੌਵੀ ਘੰਟੇ ਕਰਕੇ ਇਕ ਹਫ਼ਤਾ ਲੰਘ ਚੁੱਕਾ ਸੀ । ਹਾਲੇ ਪ੍ਰਨਾਲਾ ਉੱਥੇ ਦਾ ਉੱਥੇ ਸੀ ।
ਕੁਝ ਮਰੀਜ਼ਾਂ ਦੇ ਵਾਰਿਸ ਰਾਮ ਨਾਥ ਨੂੰ ਸਮਝਾਉਣ ਲੱਗੇ ।
"ਇਹ ਹਸਪਤਾਲ ਨਾਂ ਦਾ ਹੀ ਵੱਡਾ ਹੈ । ਸਰਕਾਰੀ ਹਸਪਤਾਲਾਂ ਵਾਂਗ ਇਥੋਂ ਦੇ ਡਾਕਟਰਾਂ ਨੂੰ ਵੀ ਰਿਸ਼ਵਤ ਦੀ ਝਾਕ ਰਹਿੰਦੀ ਹੈ । ਇਨ੍ਹਾਂ ਡਾਕਟਰਾਂ ਨੇ ਇਸ ਲੁੱਟ ਦਾ ਨਾਂ 'ਕਨਸਲਟੇਸ਼ਨ ਫੀ' ਰੱਖਿਆ ਹੋਇਆ ਹੈ । ਕੋਠੀ ਜਾ ਕੇ ਡਾਕਟਰ ਦੀ ਮੁੱਠੀ ਗਰਮ
ਕਰੋ । ਡਾਕਟਰ ਫੇਰ ਮੂੰਹ ਖੋਲ੍ਹਣਗੇ ।"
ਲੋਕਾਂ ਦੇ ਤੁਨੇ ਤਨਾਏ ਰਾਮ ਨਾਥ ਇਕ ਹਜ਼ਾਰ ਰੁਪਿਆ ਲੈ ਕੇ ਸੀਨੀਅਰ ਡਾਕਟਰ ਦੀ ਕੋਠੀ ਪਹੁੰਚ ਗਿਆ । ਮਰੀਜ਼ ਦੀ ਹਾਲਤ ਸੰਬੰਧੀ ਕੁਝ ਸਵਾਲ ਪੁੱਛ ਕੇ ਉਸਨੇ ਰਾਏ ਮਸ਼ਵਰੇ ਵਾਲੀ ਫ਼ੀਸ ਉਸ ਵੱਲ ਵਧਾਈ ।
"ਹਸਪਤਾਲ ਵਿਚ ਦਾਖ਼ਲ ਮਰੀਜ਼ ਦੀ ਹਾਲਤ ਸੰਬੰਧੀ ਪੁੱਛਣ ਦੀ ਕੋਈ ਫ਼ੀਸ ਨਹੀਂ ਲਗਦੀ । ਜਦੋਂ ਮਰੀਜ਼ ਠੀਕ ਹੋ ਕੇ ਘਰ ਚਲਾ ਗਿਆ ਅਤੇ ਫੇਰ ਕਦੇ ਦਿਖਾਉਣ ਆਏ ਫੇਰ ਫ਼ੀਸ ਲਵਾਂਗੇ ।"
ਆਖਕੇ ਡਾਕਟਰ ਨੇ ਰਾਮ ਨਾਥ ਦਾ ਹੱਥ ਮੋੜ ਦਿੱਤਾ ।
ਰਾਮ ਨਾਥ ਦੀ ਸਮੱਸਿਆ ਉਸੇ ਤਰ੍ਹਾਂ ਕਾਇਮ ਸੀ ।
ਨਿਓਰੋ ਵਾਰਡ ਦੇ ਕੁਝ ਮਰੀਜ਼ ਰਾਮ ਨਾਥ ਨੂੰ ਡਰਾਉਣ ਲੱਗੇ । ਹੱਡਾਂ 'ਤੇ ਬੀਤੀ ਦੇ ਆਧਾਰ 'ਤੇ ਉਹ ਆਖ ਸਕਦੇ ਸਨ ਕਿ ਨੀਲਮ ਦੀ ਹਾਲਤ ਦਿਨੋ-ਦਿਨ ਨਿਘਰਦੀ ਜਾ ਰਹੀ ਸੀ । ਡਾਕਟਰ ਮਰੀਜ਼ ਦੇ ਮਰਨ ਤਕ ਕਿਸੇ ਨੂੰ ਰਾਹ ਨਹੀਂ ਦੇਣਗੇ । ਉਨ੍ਹਾਂ ਦਾ
ਟੈਸਟਾਂ ਅਤੇ ਫੀਸਾਂ ਵਿਚ ਹਿੱਸਾ ਸੀ । ਮਰੀਜ਼ ਦੀ ਜਾਨ ਨਾਲੋਂ ਉਨ੍ਹਾਂ ਨੂੰ ਆਪਣੀ ਫ਼ੀਸ ਪਿਆਰੀ ਸੀ । ਉਹ ਦੁਹਾਈ ਦੇ ਦੇ ਆਖ ਰਹੇ ਸਨ, ਮਰੀਜ਼ ਨੂੰ ਕਿਧਰੇ ਹੋਰ ਦਿਖਾਓ ।
ਹੋਰ ਉਹ ਕਿਸ ਨੂੰ ਦਿਖਾਉਣ? ਦਯਾਨੰਦ ਹਸਪਤਾਲ ਉੱਤਰੀ ਭਾਰਤ ਦੇ ਗਿਣਵੇਂ ਹਸਪਤਾਲਾਂ ਵਿਚੋਂ ਇੱਕ ਸੀ । ਇਸ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਨੀਲਮ ਦਾ ਇਲਾਜ ਹੋ ਰਿਹਾ ਸੀ । ਇਸ ਹਸਪਤਾਲ ਦੇ ਡਾਕਟਰ ਅੰਤਰ-ਰਾਸ਼ਟਰੀ
ਪ੍ਰਸਿੱਧੀ ਦੇ ਮਾਲਕ ਸਨ । ਕਿਸੇ ਨਾ ਕਿਸੇ ਬਾਹਰਲੇ ਦੇਸ਼ ਦਾ ਉਨ੍ਹਾਂ ਨੂੰ ਆਪਣੇ ਤਜਰਬੇ ਉਸ ਦੇਸ਼ ਦੇ ਡਾਕਟਰਾਂ ਨਾਲ ਸਾਂਝੇ ਕਰਨ ਦਾ ਸੁਨੇਹਾ ਆਇਆ ਹੀ ਰਹਿੰਦਾ ਸੀ । ਨੀਲਮ ਆਈ.ਸੀ.ਯੂ. ਵਿਚ ਪਈ ਸੀ । ਉਸਨੂੰ ਬਚਾਉਣ ਲਈ ਹਰ ਆਧੁਨਿਕ ਤਕਨੀਕ ਦੀ ਵਰਤੋਂ ਹੋ ਰਹੀ ਸੀ । ਇਸ ਤੋਂ ਵੱਧ ਇਲਾਜ ਕੀ ਹੋ ਸਕਦਾ ਸੀ ?
"ਇਕ ਵਾਰ ਅਪੋਲੋ ਦੇ ਡਾਕਟਰਾਂ ਦੀ ਰਾਏ ਲੈ ਲਓ । ਪਿੱਛੋਂ ਆਪਾਂ ਨੂੰ ਪਛਤਾਉਣਾ ਨਾ ਪਏ?"
ਕਮਲ ਦੇ ਇਕ ਦੋਸਤ ਦੇ ਪਿਤਾ ਨੇ, ਜਿਹੜਾ ਕਿ ਕਈ ਦਿਨਾਂ ਤੋਂ ਨੀਲਮ ਦਾ ਪਤਾ ਕਰਨ ਆ ਰਿਹਾ ਸੀ, ਇਹ ਗੱਲ ਆਖੀ ਤਾਂ ਰਾਮ ਨਾਥ ਦਾ ਮਨ ਡੋਲ ਗਿਆ । ਰਾਮ ਨਾਥ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਨੂੰ ਇਕੱਠੇ ਕੀਤਾ ।
ਸਭ ਨੀਲਮ ਦੇ ਸ਼ੁਭ-ਚਿੰਤਕ ਸਨ । ਹਰ ਕੀਮਤ 'ਤੇ ਉਸਦੀ ਜਾਨ ਬਚਣੀ ਚਾਹੀਦੀ ਸੀ । ਸਭ ਦੀ ਇਹੋ ਰਾਏ ਸੀ ।
ਉਪਰੋਂ ਸਭ ਰਿਸ਼ਤੇਦਾਰ ਦਿੱਲੀ ਲਿਜਾਣ ਦੀਆਂ ਸਲਾਹਾਂ ਦੇ ਰਹੇ ਸਨ ਪਰ ਖ਼ੁਦ ਦਿੱਲੀ ਜਾਣ ਤੋਂ ਡਰ ਰਹੇ ਸਨ ।
ਦਿੱਲੀ ਜਾ ਕੇ ਇਕ ਨਹੀਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਸੀ ।
ਸਭ ਤੋਂ ਗੰਭੀਰ ਸਮੱਧਸਿਆ ਪੈਸੇ ਦੀ ਸੀ । ਇਸ ਹਸਪਤਾਲ ਦੇ ਖ਼ਰਚਿਆਂ ਨੇ ਹੀ ਉਨ੍ਹਾਂ ਨੂੰ ਕੰਗਾਲ ਬਣਾ ਦਿੱਤਾ ਸੀ । ਅਪੋਲੋ ਹਸਪਤਾਲ ਇਸ ਨਾਲੋਂ ਕਈ ਗੁਣਾ ਮਹਿੰਗਾ ਸੀ । ਇਥੇ ਰੋਟੀ-ਟੁੱਕ ਦਾ ਖ਼ਰਚਾ ਬਚ ਜਾਂਦਾ ਸੀ । ਆਉਂਦਾ ਜਾਂਦਾ ਕੋਈ ਰਿਸ਼ਤੇਦਾਰ ਰੋਟੀ ਨਾਲ ਲੈ ਆਉਂਦਾ ਸੀ । ਉਥੇ ਖਾਣੇ ਦਾ ਬਿੱਲ ਕਈ ਸੈਂਕੜਿਆਂ ਦਾ ਬਣਿਆ ਕਰਨਾ ਸੀ । ਇਥੋਂ ਪਿੰਡ ਬਹੁਤੇ ਦੂਰ ਨਹੀਂ ਸਨ । ਵੇਲੇ-ਕੁਵੇਲੇ ਘਰ ਜਾ ਕੇ ਪਿਛਲਿਆਂ ਦੀ ਸਾਰ ਆਸਾਨੀ ਨਾਲ ਲਈ ਜਾ ਸਕਦੀ ਸੀ । ਦਿੱਲੀ ਦੇ ਕਰਾਏ ਭਰਦੇ ਰਿਸ਼ਤੇਦਾਰ ਜੇਬਾਂ ਖਾਲੀ ਕਰ ਬੈਠਣਗੇ । ਉਥੇ ਗਿਆ ਰਿਸ਼ਤੇਦਾਰ ਦਿੱਲੀ ਜੋਗਾ ਰਹਿ ਜਾਏਗਾ । ਪਿਛਲਿਆਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ।
ਕਿਸੇ ਨਾ ਕਿਸੇ ਢੰਗ ਨਾਲ ਪੈਸੇ ਦੀ ਸਮੱਧਸਿਆ ਹੱਲ ਹੋ ਸਕਦੀ ਸੀ । ਹੁਣ ਤਕ ਪੈਸਾ ਰਿਸ਼ਤੇਦਾਰਾਂ ਦਾ ਲੱਗਿਆ ਸੀ । ਹੁਣ ਨੇਹਾ ਬੋਲਣ-ਚਾਲਣ ਲਗ ਗਈ ਸੀ । ਸਾਫ਼ ਗੱਲ ਦੱਸ ਕੇ ਉਸ ਕੋਲੋਂ ਪੈਸਾ ਮੰਗਿਆ ਜਾ ਸਕਦਾ ਸੀ ।
ਪਰ ਉਸ ਕੋਲ ਦਿੱਲੀ ਕੌਣ ਰਹੇਗਾ? ਇਹ ਸਮੱਸਿਆ ਹੱਲ ਹੋਣੀ ਮੁਸ਼ਕਲ ਜਾਪ ਰਹੀ ਸੀ ।
ਦਿਮਾਗ਼ੀ ਮਰੀਜ਼ਾਂ ਦੇ ਇਲਾਜ ਲੰਬੇ ਹੁੰਦੇ ਹਨ । ਇਸ ਵਾਰਡ ਵਿਚ ਕਈ ਮਰੀਜ਼ ਛੇ-ਛੇ ਮਹੀਨੇ ਤੋਂ ਪਏ ਸਨ । ਕੀ ਪਤਾ ਹੈ ਕਿੰਨਾ ਚਿਰ ਦਿੱਲੀ ਬੈਠਣਾ ਪਏ?
ਸੁਸ਼ਮਾ ਇਕ ਹਫ਼ਤੇ ਵਿਚ ਹੀ ਅੱਕ ਗਈ ਸੀ । ਆਨੇ-ਬਹਾਨੇ ਉਹ ਘਰ ਜਾਣ ਦੀ ਇੱਛਾ ਪ੍ਰਗਟਾਅ ਚੁੱਕੀ ਸੀ । ਉਸ ਦੀਆਂ ਕਈ ਮਜਬੂਰੀਆਂ ਸਨ । ਉਸਦੀ ਨੌਕਰੀ ਕੱਚੀ ਸੀ । ਉਸਨੂੰ ਲੰਬੀ ਛੁੱਟੀ ਨਹੀਂ ਸੀ ਮਿਲ ਰਹੀ । ਉਸਨੂੰ ਡਰ ਸੀ ਕਿਧਰੇ ਲੰਬੀ ਛੁੱਟੀ ਪੱਕੀ ਛੁੱਟੀ ਵਿਚ ਨਾ ਬਦਲ ਜਾਏ । ਉਸ ਦੀਆਂ ਟਿਊਸ਼ਨਾਂ ਖਰਾਬ ਹੋ ਰਹੀਆਂ ਸਨ । ਸੱਸ ਬਿਮਾਰ ਸੀ । ਸੁਸ਼ਮਾ ਮਾਇਆ ਨਗਰ ਮਸਾਂ ਦਿਨ ਕੱਟ ਰਹੀ ਸੀ । ਦਿੱਲੀ ਜਾਣਾ ਉਸ ਲਈ ਸੰਭਵ ਨਹੀਂ ਸੀ ।
ਰਾਮ ਨਾਥ ਦਾ ਪੁਲਿਸ ਖਹਿੜਾ ਨਹੀਂ ਸੀ ਛੱਡ ਰਹੀ । ਕਦੇ ਮੌਕਾ ਦੇਖਣ ਆ ਜਾਂਦੀ ਸੀ, ਕਦੇ ਗਵਾਹ ਖੜ੍ਹੇ ਕਰਾਉਣ । ਕਦੇ ਉਹ ਚੋਰੀ ਹੋਏ ਸਮਾਨ ਦੀ ਲਿਸਟ ਮੰਗ ਲੈਂਦੀ ਸੀ, ਕਦੇ ਚੋਰੀ ਹੋਏ ਸਮਾਨ ਦੇ ਬਿੱਲ । ਕਦੇ ਥਾਣੇ ਆ ਕੇ ਦੋਸ਼ੀਆਂ ਦੀ ਸ਼ਨਾਖ਼ਤ ਕਰੋ।
ਕਦੇ ਫੜੇ ਸਮਾਨ ਦੀ । ਤਿੰਨਾਂ ਭਰਾਵਾਂ ਵਿਚੋਂ ਇਕ ਭਰਾ ਦਾ ਸ਼ਹਿਰ ਰਹਿਣਾ ਵੀ ਜ਼ਰੂਰੀ ਸੀ । ਤਿੰਨਾਂ ਭਰਾਵਾਂ ਦੇ ਬੱਚੇ ਸ਼ਹਿਰ ਸਨ । ਇਕੱਲੇ ਬੱਚੇ ਓਦਰ ਜਾਂਦੇ ਸਨ । ਡਰ ਜਾਂਦੇ ਸਨ । ਉਨ੍ਹਾਂ ਦੀ ਦੇਖਭਾਲ ਲਈ ਅਸ਼ਵਨੀ ਨੂੰ ਸ਼ਹਿਰ ਛੱਧਡਿਆ ਗਿਆ ਸੀ ।
"ਤੁਸੀਂ ਡਾਕਟਰਾਂ ਤੋਂ ਇਹ ਪੁੱਛੋ ਕਿ ਉਹ ਦਿੱਲੀ ਲਿਜਾਣ ਜੋਗੀ ਹੈ ਜਾਂ ਨਹੀਂ? ਕੁੜੀ ਮਾਰਨੀ ਨਹੀਂ । ਮੈਂ ਰਹੂੰ ਉਸ ਕੋਲ !"
ਜਦੋਂ ਕਿਸੇ ਹੋਰ ਨੇ ਹੱਥ ਨਾ ਫੜਾਇਆ ਤਾਂ ਸੰਗੀਤਾ ਨੇ ਵੱਡੀ ਭਰਜਾਈ ਹੋਣ ਦੇ ਨਾਤੇ ਦਿੱਲੀ ਰਹਿਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਗੱਲ ਨਬੇੜੀ ।
ਇਸ ਬਾਰੇ ਡਾਕਟਰਾਂ ਤੋਂ ਪੁੱਛੇ ਕੌਣ ? ਮਰੀਜ਼ ਨੂੰ ਇਥੋਂ ਲਿਜਾਣ ਬਾਰੇ ਸੁਣਕੇ ਉਨ੍ਹਾਂ ਸੂਈ ਬਘਿਆੜੀ ਵਾਂਗ ਪੈਣਾ ਸੀ ।
ਕਮਲ ਦੇ ਦੋਸਤ ਦੇ ਪਿਤਾ ਨੇ ਉਨ੍ਹਾਂ ਦੀ ਇਹ ਸਮੱਧਸਿਆ ਹੱਲ ਕਰ ਦਿੱਤੀ । ਉਸ ਦਾ ਤਾਇਆ ਅਪੋਲੋ ਹਸਪਤਾਲ ਦੇ ਡਰੱਗ ਸਟੋਰ ਦਾ ਠੇਕੇਦਾਰ ਸੀ । ਸਾਰੇ ਡਾਕਟਰਾਂ ਨਾਲ ਉਸਦੀ ਜਾਣ ਪਹਿਚਾਣ ਸੀ । ਜੇ ਨੀਲਮ ਦੇ ਟੈਸਟਾਂ ਦੀਆਂ ਰਿਪੋਰਟਾਂ ਅਤੇ ਦਵਾਈਆਂ ਦੀ ਲਿਸਟ ਮਿਲ ਜਾਵੇ ਤਾਂ ਉਹ ਘਰ ਬੈਠੇ ਉਨ੍ਹਾਂ ਦੀ ਰਾਏ ਹਾਸਲ ਕਰ ਕੇ ਦੇ ਸਕਦਾ ਸੀ ।
ਅੰਨ੍ਹਾ ਕੀ ਭਾਲੇ ਦੋ ਅੱਖਾਂ ! ਤੁਰੰਤ ਰਿਕਾਰਡ ਦਿੱਲੀ ਪੁੱਜਦਾ ਕੀਤਾ ਗਿਆ ।
ਦਿੱਲੀ ਵਾਲੇ ਡਾਕਟਰਾਂ ਨੇ ਦਯਾਨੰਦ ਹਸਪਤਾਲ ਦੇ ਡਾਕਟਰਾਂ ਨਾਲ ਫ਼ੋਨ 'ਤੇ ਗੱਲ ਕਰ ਲਈ ।
ਸ਼ਾਮ ਤਕ ਨਤੀਜਾ ਆ ਗਿਆ ।
"ਫ਼ਿਕਰ ਵਾਲੀ ਕੋਈ ਗੱਲ ਨਹੀਂ ਸੀ । ਇਲਾਜ ਉਹੋ ਹੋ ਰਿਹਾ ਸੀ ਜੋ ਅਪੋਲੋ ਹਸਪਤਾਲ ਹੋਣਾ ਸੀ । ਮਰੀਜ਼ ਦੀ ਹਾਲਤ ਤਸੱਲੀ-ਬਖਸ਼ ਸੀ । ਦੋ ਦਿਨਾਂ ਬਾਅਦ ਉਸ ਨੂੰ ਜਨਰਲ ਵਾਰਡ ਭੇਜ ਦਿੱਤਾ ਜਾਣਾ ਸੀ ।"
ਸੱਮਮੁੱਚ ਇੰਝ ਹੀ ਹੋਇਆ ।
ਦੋ ਦਿਨਾਂ ਬਾਅਦ ਉਸਨੂੰ ਖਤਰੇ ਤੋਂ ਬਾਹਰ ਘੋਸ਼ਿਤ ਕਰ ਦਿੱਤਾ ਗਿਆ ।
ਆਈ.ਸੀ.ਯੂ. ਵਿਚੋਂ ਕੱਢ ਕੇ ਜਨਰਲ ਵਾਰਡ ਵਿਚ ਭੇਜ ਦਿੱਤਾ ਗਿਆ ।

13
ਠੇਕੇਦਾਰ ਦੇ ਘਰ ਛਾਪਾ ਪੈਂਦਿਆਂ ਹੀ ਪੰਕਜ ਹੋਰਾਂ ਦੇ ਹੱਥਾਂ ਦੇ ਤੋਤੇ ਉੱਡ ਗਏ ।
ਆਪਣੀ ਜਾਣੇ ਉਨ੍ਹਾਂ ਨੇ ਸਾਜ਼ਿਸ਼ ਬਹੁਤ ਸੋਚ ਵਿਚਾਰ ਕੇ ਘੜੀ ਸੀ । ਪਰ ਪੁਲਿਸ ਨੇ ਵਾਰਦਾਤ ਦੇ ਬਹੱਤਰ ਘੰਟਿਆਂ ਦੇ ਅੰਦਰ-ਅੰਦਰ ਇਕ ਦੋਸ਼ੀ ਵੀ ਫੜ ਲਿਆ ਅਤੇ ਚੋਰੀ ਹੋਇਆ ਬਹੁਤ ਸਾਰਾ ਸਮਾਨ ਵੀ ਬਰਾਮਦ ਕਰ ਲਿਆ ।
ਠੇਕੇਦਾਰ ਰਾਹੀਂ ਪੁਲਸ ਦੇ ਹੱਥ ਕਿਸੇ ਵੀ ਸਮੇਂ ਉਨ੍ਹਾਂ ਤਕ ਪੁੱਜ ਸਕਦੇ ਸਨ । ਚੰਗਾ ਹੋਵੇ ਜੇ ਪਹਿਲਾਂ ਹੀ ਮੌਕਾ ਸੰਭਾਲ ਲਿਆ ਜਾਵੇ । ਤਫ਼ਤੀਸ਼ ਜਿੱਥੇ ਹੈ ਉੱਥੇ ਹੀ ਰੁਕਵਾ ਦਿੱਤੀ ਜਾਵੇ । ਗ੍ਰਿਫ਼ਤਾਰੀ ਭਈਆਂ ਤਕ ਸੀਮਤ ਕਰਵਾ ਦਿੱਤੀ ਜਾਵੇ ।
ਸਭ ਤੋਂ ਪਹਿਲਾਂ ਪੰਕਜ ਨੇ ਐਮ.ਪੀ. ਸਾਹਿਬ ਨੂੰ ਫ਼ੋਨ ਕੀਤਾ । ਉਹ ਘਰੋਂ ਬਾਹਰ ਨਾ ਜਾਣ । ਪੰਕਜ ਉਨ੍ਹਾਂ ਵੱਲ ਆ ਰਿਹਾ ਸੀ । ਉਸਨੂੰ ਬਾਬੂ ਜੀ ਦੀ ਸਹਾਇਤਾ ਦੀ ਜ਼ਰੂਰਤ ਸੀ ।
ਪੰਕਜ ਨੇ ਠੀਕ ਸਮੇਂ ਫ਼ੋਨ ਕੀਤਾ ਸੀ । ਫ਼ੋਨ ਕੁਝ ਸਕਿੰਟ ਲੇਟ ਹੋਇਆ ਹੁੰਦਾ ਉਹ ਦਿੱਲੀ ਲਈ ਨਿਕਲ ਗਏ ਹੁੰਦੇ । ਬਾਬੂ ਜੀ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸੀ । ਬਹੁਤਾ ਲੇਟ ਹੋਣ ਦੀ ਗੁੰਜਾਇਸ਼ ਨਹੀਂ ਸੀ । ਪੰਕਜ ਨੂੰ ਉਨ੍ਹਾਂ ਨੇ ਤੁਰੰਤ ਬੁਲਾ ਲਿਆ ।
"ਪੁਲਿਸ ਦੀ ਕੀ ਮਜਾਲ ਹੈ ਤੁਹਾਨੂੰ ਝੂਠੇ ਕੇਸ ਵਿਚ ਫਸਾ ਲਏ? ਠੀਕ ਹੈ ਭਤੀਜਿਆਂ ਦੀ ਚਾਚੇ ਨਾਲ ਮੁਕੱਦਮੇਬਾਜ਼ੀ ਚੱਲਦੀ ਹੈ । ਪਰ ਇਸਦਾ ਇਹ ਮਤਲਬ ਥੋੜ੍ਹਾ ਹੈ ਕਿ ਭਤੀਜੇ ਚਾਚੇ ਦੇ ਘਰ ਡਾਕਾ ਪਵਾ ਦੇਣਗੇ? ਚਾਚੇ ਦੇ ਮੁੰਡੇ ਦਾ ਕਤਲ ਕਰਵਾ ਦੇਣਗੇ । ਪੁਲਿਸ ਤੁਹਾਡੀ 'ਵਾ ਵੱਲ ਨਹੀਂ ਝਾਕ ਸਕਦੀ ।"
ਪੰਕਜ ਦੀ ਗੱਲ ਸੁਣਕੇ ਬਾਬੂ ਜੀ ਨੂੰ ਪੁਲਿਸ ਦੀ ਵਧੀਕੀ 'ਤੇ ਗੁੱਸਾ ਆਇਆ ਸੀ ।
ਕਿਸੇ ਹੋਰ ਨੇ ਇਹ ਗੱਲ ਆਖੀ ਹੁੰਦੀ ਕਿ ਵਾਰਦਾਤ ਵਾਲੇ ਦਿਨ ਦੋਵੇਂ ਭਰਾ ਉਸ ਨਾਲ ਦਿੱਲੀ ਸਨ ਤਾਂ ਸ਼ਾਇਦ ਬਾਬੂ ਜੀ ਉਸਤੇ ਯਕੀਨ ਨਾ ਕਰਦੇ । ਪਰ ਹੁਣ ਇਹ ਗੱਲ ਉਹ ਖ਼ੁਦ ਆਖ ਰਹੇ ਸਨ । ਵਾਰਦਾਤ ਵਾਲੀ ਰਾਤ ਪੰਕਜ ਅਤੇ ਨੀਰਜ ਬਾਬੂ ਜੀ ਦੇ ਨਾਲ ਸਨ । ਉਸ ਤੋਂ ਇਕ ਦਿਨ ਪਹਿਲਾਂ ਉਹ ਇਕੱਠੇ ਦਿੱਲੀ ਗਏ ਸਨ । ਇਕੱਠੇ ਦਿੱਲੀ ਘੁੰਮਦੇ ਰਹੇ ਸਨ । ਵਾਰਦਾਤ ਦੀ ਖ਼ਬਰ ਉਨ੍ਹਾਂ ਨੂੰ ਦਿੱਲੀ ਮਿਲੀ ਸੀ । ਬਾਕੀ ਦੇ ਕੰਮ ਵਿਚ ਛੱਡਕੇ ਉਹ ਵਾਪਸ ਮਾਇਆ ਨਗਰ ਆ ਗਏ ਸਨ । ਫੇਰ ਪੰਕਜ ਅਤੇ ਉਸਦਾ ਭਰਾ ਵਾਰਦਾਤ ਵਿਚ ਭਾਗੀਦਾਰ ਕਿਸ ਤਰ੍ਹਾਂ ਹੋਏ? ਪੁਲਿਸ ਦੀ ਵਧੀਕੀ 'ਤੇ ਬਾਬੂ ਜੀ ਨੂੰ ਹੈਰਾਨੀ ਹੋ ਰਹੀ ਸੀ ।
ਉਨ੍ਹਾਂ ਦਾ ਇਕੱਠੇ ਦਿੱਲੀ ਜਾਣ ਦਾ ਪ੍ਰੋਗਰਾਮ ਕਈ ਮਹੀਨੇ ਤੋਂ ਲਟਕਦਾ ਆ ਰਿਹਾ ਸੀ । ਕਈ ਕੰਮ ਅੜੇ ਪਏ ਸਨ । ਕਦੇ ਬਾਬੂ ਜੀ ਕੋਲ ਵਕਤ ਨਹੀਂ ਸੀ ਹੁੰਦਾ । ਕਦੇ ਪੰਕਜ ਨੂੰ ਅੜਚਨ ਪੈ ਜਾਂਦੀ ਸੀ ।
ਬੜੀ ਮੁਸ਼ਕਲ ਨਾਲ ਦੋਹਾਂ ਧਿਰਾਂ ਨੂੰ ਇਕੱਧਠਿਆਂ ਵਿਹਲ ਮਿਲੀ ਸੀ । ਬਾਬੂ ਜੀ ਦੀ ਸਨਅਤ-ਮੰਤਰੀ ਨਾਲ ਮੁਲਾਕਾਤ ਸੀ । ਬਾਬੂ ਜੀ ਮਾਇਆ ਨਗਰ ਲਈ ਭਾਰੇ ਉਦਯੋਗ ਦੀ ਮੰਗ ਕਰ ਰਹੇ ਸਨ । ਉਨ੍ਹਾਂ ਵਿਚੋਂ ਕੁਝ ਉਦਯੋਗਾਂ ਦੇ ਮਨਜ਼ੂਰ ਹੋਣ ਦੀ ਸੰਭਾਵਨਾ ਸੀ । ਮੰਤਰੀ ਅਤੇ ਐਮ.ਪੀ. ਵਿਚਕਾਰ ਇਸੇ ਮੁੱਦੇ 'ਤੇ ਵਿਚਾਰ ਹੋਣੀ ਸੀ ।
ਪੰਕਜ ਹੋਰੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਨ ਨੂੰ ਫਿਰਦੇ ਸਨ ।
ਕੁਝ ਦਿਨਾਂ ਤੋਂ ਪੰਕਜ ਨੂੰ ਦਿਲ ਦੀ ਕਿਸੇ ਬਿਮਾਰੀ ਦੇ ਲੱਗ ਜਾਣ ਦਾ ਸ਼ੱਕ ਪੈ ਰਿਹਾ ਸੀ । ਮਾਇਆ ਨਗਰ ਦੇ ਡਾਕਟਰਾਂ ਦੇ ਕੁਝ ਪੱਲੇ ਨਹੀਂ ਸੀ ਪੈ ਰਿਹਾ । ਉਹ ਦਿੱਲੀ ਦੇ 'ਅਸਕਾਰਟ' ਹਸਪਤਾਲ ਵਿਚ ਮੁਆਇਨਾ ਕਰਾਉਣਾ ਚਾਹੁੰਦਾ ਸੀ ।
ਨਾਲੇ ਮੁਆਇਨਾ ਹੋ ਜਾਣਾ ਸੀ ਨਾਲੇ ਐਮ.ਪੀ. ਸਾਹਿਬ ਨਾਲ ਦੋ ਦਿਨਾਂ ਦੀ ਲੰਬੀ ਮੁਲਾਕਾਤ ਦੌਰਾਨ ਘਰੇਲੂ, ਵਿਉਪਾਰਕ ਅਤੇ ਜਨਤਕ ਮਸਲਿਆਂ ਉਪਰ ਵਿਚਾਰ ਵਟਾਂਦਰਾ ਹੋ ਜਾਣਾ ਸੀ । ਸੱਨਅਤ-ਮੰਤਰੀ ਨਾਲ ਮੁਲਾਕਾਤ ਸੀ । ਕਿਸੇ ਨਵੇਂ ਪ੍ਰੋਜੈਕਟ ਤੇ ਹੱਥ ਵੱਜ ਸਕਦਾ ਸੀ । ਬਾਬੂ ਜੀ ਲਈ ਵੀ ਉਨ੍ਹਾਂ ਦਾ ਸਾਥ ਸੁਖਾਵਾਂ ਸੀ । ਸਿਟੀ ਹੋਂਡਾ ਕਾਰ, ਸੇਵਾ ਲਈ ਦੋ ਅਮੀਰਜ਼ਾਦੇ ਤਿਆਰ-ਬਰਤਿਆਰ । ਪੂੰਜੀ ਸੇਠਾਂ ਦੀ, ਸਿਫਾਰਸ਼ ਐਮ.ਪੀ. ਦੀ । ਕੋਈ ਮੋਟੀ ਮੁਰਗੀ ਹੱਥ ਲਗ ਗਈ ਤਾਂ ਮੁਫ਼ਤ-ਮੁਫ਼ਤ ਵਿਚ ਬਾਬੂ ਜੀ ਦੀ ਉਮਰ ਭਰ ਦੀ ਰੋਟੀ ਦਾ ਜੁਗਾੜ ਬਣ ਜਾਣਾ ਸੀ ।
ਦੋਵੇਂ ਭਰਾ, ਬਾਬੂ ਜੀ ਅਤੇ ਗੰਨਮੈਨ ਸਵੇਰੇ ਪੰਜ ਵਜੇ ਮਾਇਆ ਨਗਰੋਂ ਨਿਕਲੇ ਸਨ । ਨੌਂ ਵਜੇ ਉਹ ਐਮ.ਪੀ. ਸਾਹਿਬ ਦੇ ਫਲੈਟ ਤੇ ਪੁੱਜ ਗਏ ਸਨ । ਦੋ ਘੰਟੇ ਬਾਬੂ ਜੀ ਨੇ ਅਰਾਮ ਕੀਤਾ । ਫੇਰ ਘੰਟਾ ਫ਼ੋਨ ਘੁਮਾਏ । ਫਰੈਸ਼ ਹੋਏ, ਨਾਸ਼ਤਾ ਕੀਤਾ ਅਤੇ ਕੰਮਾਂਕਾਰਾਂ
ਲਈ ਨਿਕਲ ਪਏ ।
ਸਨਅਤ-ਮੰਤਰੀ ਨੂੰ ਸ਼ਾਮ ਨੂੰ ਛੇ ਵਜੇ ਮਿਲਣਾ ਸੀ ।
ਪੰਜ ਵਜੇ ਤਕ ਪੰਕਜ ਆਪਣਾ ਮੁਆਇਨਾ ਕਰਵਾ ਲਏ। ਤਦ ਤਕ ਬਾਬੂ ਜੀ ਛੋਟੇਮੋਟੇ ਕੰਮ ਨਬੇੜ ਲੈਣਗੇ ।
ਪੰਜ ਵਜੇ ਤਕ ਪੰਕਜ ਦੇ ਹਸਪਤਾਲ ਵਿਚ ਟੈਸਟ ਹੁੰਦੇ ਰਹੇ । ਖ਼ੂਨ ਤੋਂ ਲੈ ਕੇ ਗੁਰਦੇ ਤਕ ਦੀ ਜਾਂਚ ਹੋਈ । ਹਰ ਟੈਸਟ ਦੀ ਰਿਪੋਰਟ ਠੀਕ ਆ ਰਹੀ ਸੀ । ਆਏ ਸਨ ਤਾਂ ਕੰਮ ਨਬੇੜਿਆ ਜਾਵੇ। ਕਿਸੇ ਸਿੱਧਟੇ 'ਤੇ ਪੁੱਧਜਿਆ ਜਾਵੇ । ਡਾਕਟਰ ਟੈਸਟਾਂ ਦੀ ਲਿਸਟ ਲੰਬੀ ਕਰਦੇ ਗਏ । ਪੰਕਜ ਬਿਨਾਂ ਝਿਜਕ ਪੈਸੇ ਭਰਦਾ ਰਿਹਾ ।
ਕੋਈ ਨੁਕਸ ਲੱਭੇ ਤਾਂ ਡਾਕਟਰ ਕਿਸੇ ਸਿੱਧਟੇ 'ਤੇ ਪੁੱਜਣ । ਸਿੱਧਟੇ 'ਤੇ ਪੁੱਜਣ ਲਈ ਹੋਰ ਟੈਸਟ ਜ਼ਰੂਰੀ ਸਨ ।
ਅਗਲੇ ਦਿਨ ਇਕ ਵਾਰ ਫਿਰ ਆਉਣ ਲਈ ਆਖਿਆ ਗਿਆ ।
ਸਨਅਤ-ਮੰਤਰੀ ਨਾਲ ਤੈਅ ਹੋਈ ਮੁਲਾਕਾਤ ਛੇ ਤੋਂ ਅੱਠ ਅਤੇ ਅੱਠ ਤੋਂ ਗਿਆਰਾਂ ਤਕ ਖਿਸਕ ਗਈ । ਮੰਤਰੀ ਵਿਦੇਸ਼ ਤੋਂ ਆਏ ਕਿਸੇ ਵਫ਼ਦ ਨਾਲ ਹੋ ਰਹੀ ਮੀਟਿੰਗ ਵਿਚ ਰੁੱਝਾ ਹੋਇਆ ਸੀ ।
ਮੰਤਰੀ ਦੇ ਦਫ਼ਤਰ ਪੁੱਜਣ ਵਿਚ ਹੋ ਰਹੀ ਦੇਰੀ ਕਾਰਨ ਮੁਲਾਕਾਤੀਆਂ ਦੀ ਗਿਣਤੀ ਸੈਂਕੜਿਆਂ ਤਕ ਪੁੱਜ ਗਈ । ਸੂਬਿਆਂ ਦੇ ਕੁਝ ਮੰਤਰੀ ਅਤੇ ਹੋਰ ਐਮ.ਪੀ. ਮੁਲਾਕਾਤੀਆਂ ਵਿਚ ਸ਼ਾਮਲ ਹੋ ਗਏ । ਬਾਬੂ ਜੀ ਨੂੰ ਅਜਿਹੇ ਮਾਹੌਲ ਵਿਚ ਹੋਣ ਵਾਲੀ ਮੁਲਾਕਾਤ ਵਿਚੋਂ
ਬਹੁਤਾ ਕੁਝ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ । ਉਨ੍ਹਾਂ ਕੱਲ੍ਹ ਤਿੰਨ ਵਜੇ ਦਾ ਸਮਾਂ ਨਿਸ਼ਚਤ ਕਰਵਾਇਆ ਅਤੇ ਵਾਪਸ ਫਲੈਟ 'ਤੇ ਆ ਗਏ ।
ਅਗਲਾ ਦਿਨ ਇਸੇ ਤਰ੍ਹਾਂ ਲੰਘਿਆ । ਇਕ ਵਜੇ ਤਕ ਦੋਵੇਂ ਭਰਾ ਹਸਪਤਾਲ ਵਿਚ ਰਹੇ । ਫੇਰ ਕੁਝ ਅਸਾਮੀਆਂ ਨਾਲ ਹਿਸਾਬ ਕਰਨ ਚਲੇ ਗਏ । ਬਾਬੂ ਜੀ ਦਫ਼ਤਰਾਂ ਵਿਚ ਘੁੰਮਦੇ ਰਹੇ ।
ਸਨਅਤ-ਮੰਤਰੀ ਨਾਲ ਚਲਦੀ ਮੁਲਾਕਾਤ ਦੌਰਾਨ ਹੀ ਉਨ੍ਹਾਂ ਨੂੰ ਮਾਇਆ ਨਗਰ ਵਿਚ ਹੋਈ ਵਾਰਦਾਤ ਦੀ ਖ਼ਬਰ ਮਿਲੀ ਸੀ । ਬਾਬੂ ਜੀ ਦਾ ਲੋਕਾਂ ਦਾ ਨੁਮਾਇੰਦਾ ਹੋਣ ਕਾਰਨ ਅਤੇ ਪੰਕਜ ਹੋਰਾਂ ਦਾ ਵੇਦ ਨਾਲ ਭਾਈਚਾਰਾ ਹੋਣ ਕਾਰਨ ਉਨ੍ਹਾਂ ਦਾ ਮਾਇਆ ਨਗਰ ਪੁੱਜਣਾ ਜ਼ਰੂਰੀ ਸੀ ।
ਬਾਬੂ ਜੀ ਨੇ ਬਾਕੀ ਦੇ ਪ੍ਰੋਗਰਾਮ ਮੁਲਤਵੀ ਕੀਤੇ ਅਤੇ ਗੱਡੀ ਮਾਇਆ ਨਗਰ ਵੱਲ ਮੋੜ ਲਈ ।
ਵਾਰਦਾਤ ਤੋਂ ਕਰੀਬ ਚੌਵੀ ਘੰਟੇ ਪਹਿਲਾਂ ਤੋਂ ਦੋਵੇਂ ਭਰਾ ਬਾਬੂ ਜੀ ਦੇ ਨਾਲ ਸਨ।
ਉਨ੍ਹਾਂ ਦੀ ਹਾਜ਼ਰੀ ਅਸਕਾਰਟ ਵਰਗੇ ਹਸਪਤਾਲ ਵਿਚ ਲੱਗੀ ਹੋਈ ਸੀ । ਉੱਥੇ ਪੰਕਜ ਦੇ ਸਰੀਰ ਦੇ ਅੰਗ-ਅੰਗ ਦਾ ਮੁਆਇਨਾ ਹੋਇਆ ਸੀ । ਇਸਦਾ ਸਬੂਤ ਕੰਪਿਊਟਰਾਂ ਵਿਚ ਦਰਜ ਸੀ । ਸਨਅਤ-ਮੰਤਰੀ ਦੀ ਕੋਠੀ ਦਾਖ਼ਲ ਹੁੰਦੇ ਸਮੇਂ ਉਨ੍ਹਾਂ ਦੇ ਗੇਟ-ਪਾਸ ਬਣੇ ਸਨ ।
ਉਨ੍ਹਾਂ ਪਾਸਾਂ ਉਪਰ ਉਨ੍ਹਾਂ ਦੇ ਫੋਟੋ ਲੱਗੇ ਸਨ । ਸਭ ਤੋਂ ਵੱਡਾ ਸਬੂਤ ਬਾਬੂ ਜੀ ਖ਼ੁਦ ਸਨ ।
ਇਕ ਐਮ.ਪੀ. ਝੂਠ ਥੋੜ੍ਹਾ ਬੋਲ ਸਕਦਾ ਸੀ ।
ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਬਾਬੂ ਜੀ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿਵਾਇਆ । ਲੋੜ ਪਈ ਉਹ ਮੁੱਖ-ਮੰਤਰੀ ਨਾਲ ਗੱਲ ਕਰਨਗੇ । ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਤੋਂ ਦਖ਼ਲ ਦਿਵਾਉਣਗੇ ।
ਐਮ.ਪੀ. ਦੇ ਥਾਪੜੇ ਨਾਲ ਪੰਕਜ ਹੋਰਾਂ ਨੂੰ ਰਾਹਤ ਤਾਂ ਮਿਲੀ ਪਰ ਉਨ੍ਹਾਂ ਦੇ ਧੜਕਦੇ ਦਿਲਾਂ ਨੂੰ ਠੱਲ੍ਹ ਨਾ ਪਈ। ਆਪਣੇ ਮਨ ਦਾ ਚੋਰ ਉਨ੍ਹਾਂ ਨੂੰ ਬੇਚੈਨ ਕਰ ਰਿਹਾ ਸੀ । ਬਾਬੂ ਜੀ ਨਾਲ ਭੇਤ ਸਾਂਝਾ ਕਰਨ ਦਾ ਹਾਲੇ ਵਕਤ ਨਹੀਂ ਸੀ । ਹੋ ਸਕਦਾ ਹੈ ਮਾਮਲਾ ਉਂਝ
ਹੀ ਠੱਪ ਹੋ ਜਾਵੇ। ਆਪਣੇ ਪੈਰ ਆਪ ਕੁਹਾੜਾ ਮਾਰਨ ਦੀ ਜ਼ਰੂਰਤ ਨਹੀਂ ਸੀ ।
ਪਰ ਤਸੱਲੀ ਤਾਂ ਹੀ ਹੋਣੀ ਸੀ ਜਦੋਂ ਕਪਤਾਨ ਵੱਲੋਂ ਕੋਈ ਹੁੰਗਾਰਾ ਮਿਲਣਾ ਸੀ ।
ਘੱਟੋ-ਘੱਟ ਇਹ ਤਾਂ ਪਤਾ ਲੱਗੇ ਕਿ ਤਫ਼ਤੀਸ਼ ਕਿਥੋਂ ਤਕ ਪੁੱਜੀ ਸੀ । ਇਹ ਜਾਨਣ ਲਈ ਬਾਬੂ ਜੀ ਨੇ ਪੁਲਿਸ ਕਪਤਾਨ ਨਾਲ ਸੰਪਰਕ ਕੀਤਾ । ਕੋਠੀਉਂ ਅਤੇ ਦਫ਼ਤਰੋਂ ਇਕੋ ਜਵਾਬ ਮਿਲਣ ਲੱਗਾ । ਸਾਹਿਬ ਬਾਹਰ ਗਏ ਹੋਏ ਹਨ । ਕਪਤਾਨ ਦੇ ਮੋਬਾਇਲ ਫ਼ੋਨ ਬੰਦ ਸਨ । ਵਾਇਰਲੈੱਸ ਸੈੱਟ ਰਾਹੀਂ ਵੀ ਉਨ੍ਹਾਂ ਦੀ ਮੌਜੂਦਗੀ ਵਾਲੀ ਥਾਂ ਬਾਰੇ ਪਤਾ ਨਹੀਂ ਸੀ ਲੱਗਿਆ ।
ਬਾਬੂ ਜੀ ਦੇ ਮਨ ਵਿਚ ਸ਼ੱਕ ਦੇ ਬੀਜ ਪੁੰਗਰਣ ਲੱਗੇ । ਅੱਗੇ ਅਜਿਹਾ ਕਦੇ ਨਹੀਂ ਸੀ ਹੋਇਆ। ਜਦੋਂ ਚਾਹੋ ਕਪਤਾਨ ਨਾਲ ਸੰਪਰਕ ਹੋ ਜਾਂਦਾ ਸੀ । ਕਪਤਾਨ ਕਦੇ ਕੰਮ ਵਿਚ ਰੁੱਝਾ ਹੁੰਦਾ ਤਾਂ ਵਿਹਲਾ ਹੁੰਦੇ ਹੀ ਖੁਦ ਬਾਬੂ ਜੀ ਨੂੰ ਫ਼ੋਨ ਕਰਦਾ । ਕਪਤਾਨ ਨੂੰ ਇਥੇ ਲਿਆਉਣ ਅਤੇ ਫੇਰ ਇਥੇ ਜੰਮੇ ਰਹਿਣ ਵਿਚ ਬਾਬੂ ਜੀ ਦੀ ਅਹਿਮ ਭੂਮਿਕਾ ਸੀ ।
ਕਪਤਾਨ ਜੇ ਉਸ ਨਾਲ ਸੰਪਰਕ ਤੋਂ ਟਲ ਰਿਹਾ ਸੀ ਤਾਂ ਇਸ ਪਿੱਛੇ ਕੋਈ ਰਾਜ਼ ਸੀ।
ਮਤਲਬ ਸਾਫ਼ ਸੀ । ਕਪਤਾਨ ਇਸ ਵਾਰਦਾਤ ਬਾਰੇ ਸੂਚਨਾ ਸਾਂਝੀ ਨਹੀਂ ਸੀ ਕਰਨਾ ਚਾਹੁੰਦਾ ।
ਮਸਲਾ ਗੰਭੀਰ ਸੀ । ਲੋਕਾਂ ਦੀ ਸੁਰੱਧਖਿਆ ਅਤੇ ਸਰਕਾਰ ਦੀ ਇੱਜ਼ਤ ਦਾਅ 'ਤੇ ਲੱਗੀ ਹੋਈ ਸੀ । ਸਿਆਸਤ ਮੰਗ ਕਰਦੀ ਸੀ, ਕੌਮੀ ਹਿੱਤਾਂ ਨੂੰ ਨਿੱਜੀ ਹਿੱਤਾਂ ਨਾਲੋਂ ਪਹਿਲ ਦਿੱਤੀ ਜਾਵੇ।
ਬਾਬੂ ਜੀ ਦਾ ਭਲਾ ਟਲ ਜਾਣ ਵਿਚ ਸੀ ।
"ਤੁਸੀਂ ਫਿਕਰ ਨਾ ਕਰੋ । ਮੈਂ ਦਿੱਲੀ ਚਲਿਆ ਹਾਂ । ਮੋਬਾਇਲ ਫ਼ੋਨ ਮੇਰੇ ਕੋਲ ਹੈ ।
ਰਸਤੇ ਵਿਚ ਕਪਤਾਨ ਨਾਲ ਸੰਪਰਕ ਕਰਾਂਗਾ । ਫੇਰ ਤੁਹਾਨੂੰ ਦੱਸਾਂਗਾ । ਬੇ-ਇਨਸਾਫ਼ੀ ਨਹੀਂ ਹੋਣ ਦਿਆਂਗਾ ।"
'ਬੇ-ਇਨਸਾਫ਼ੀ' ਸ਼ਬਦ 'ਤੇ ਜ਼ੋਰ ਦਿੰਦਿਆਂ ਬਾਬੂ ਜੀ ਕੋਠੀ ਵਿਚੋਂ ਬਾਹਰ ਨਿਕਲੇ ਅਤੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਵਿਚ ਬੈਠ ਗਏ । ਬਾਬੂ ਜੀ ਦੇ ਮੂੰਹੋਂ ਨਿਕਲਿਆ 'ਬੇ-ਇਨਸਾਫ਼ੀ' ਸ਼ਬਦ ਪੰਕਜ ਹੋਰਾਂ ਦੇ ਮਨਾਂ ਨੂੰ ਝੰਜੋੜਨ ਲੱਗਾ । ਉਨ੍ਹਾਂ ਨੂੰ ਲੱਗਾ ਜਿਵੇਂ ਬਾਬੂ ਜੀ ਨੂੰ ਸਭ ਕੁਝ ਪਤਾ ਲੱਗ ਗਿਆ ਸੀ । ਉਨ੍ਹਾਂ ਨੇ ਬੇ-ਇਨਸਾਫ਼ੀ ਵਿਰੁੱਧ ਖੜੋਣ ਦਾ ਵਾਅਦਾ ਕੀਤਾ ਸੀ । ਪੰਕਜ ਹੋਰਾਂ ਦੇ ਹੱਕ ਵਿਚ
ਖੜੋਣ ਦਾ ਨਹੀਂ ।
ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਨੂੰ ਬਾਬੂ ਜੀ ਤੋਂ ਬਹੁਤੀ ਆਸ ਨਹੀਂ ਸੀ ਰੱਖਣੀ ਚਾਹੀਦੀ ।
ਆਪਣੇ ਵਿਰੁੱਧ ਆਪ ਹੀ ਨਤੀਜੇ ਕੱਢਦੇ ਪੰਕਜ ਅਤੇ ਨੀਰਜ ਖਾਲੀ ਹੱਥ ਵਾਪਸ ਮੁੜ ਪਏ ।

14
ਹੁਣ ਉਹ ਕਿਧਰ ਜਾਣ? ਕਿਸ ਕੋਲ ਜਾਣ?
ਬਾਬੂ ਜੀ ਦੀ ਕੋਠੀ ਦੇ ਬਾਹਰ, ਚੌਰਾਹੇ ਕੋਲ ਖੜੋ ਕੇ ਉਹ ਸੋਚਣ ਲੱਗੇ ।
"ਭਾਈ ਸਾਹਿਬ ਕਪਤਾਨ ਕੋਲ ਸਿਫ਼ਾਰਸ਼ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਸਾਡਾ ਨਾਂ ਵਿਚ ਆ ਗਿਆ ਹੈ ਜਾਂ ਹਾਲੇ ਬਚੇ ਹੋਏ ਹਾਂ? ਹੋ ਸਕਦਾ ਹੈ ਠੇਕੇਦਾਰ ਮਾਰ ਸਹਿ ਗਿਆ ਹੋਵੇ?"
ਨੀਰਜ ਕਾਹਲ ਵਿਚ ਕਦਮ ਪੁੱਟਣ ਦੇ ਹੱਕ ਵਿਚ ਨਹੀਂ ਸੀ ।
"ਤੂੰ ਹਲੇ ਛੋਟਾ ਹੈਂ । ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਹਨ । ਹੁਣ ਤਕ ਉਹ ਕਦੋਂ ਦੇ ਮਸਲੇ ਦੀ ਤੈਅ ਤਕ ਪੁੱਜ ਗਏ ਹੋਣਗੇ । ਫੇਰ ਵੀ ਜੇ ਤੂੰ ਕਹਿੰਦਾ ਹੈਂ ਤਾਂ ਪਹਿਲਾਂ ਸ਼ੱਕ ਕੱਢ ਲੈਂਦੇ ਹਾਂ ।"
ਛੋਟੇ ਭਰਾ ਦਾ ਦਿਲ ਰੱਖਣ ਲਈ ਪੰਕਜ ਨੀਰਜ ਨਾਲ ਸਹਿਮਤ ਹੋ ਗਿਆ ।
"ਚੱਲ ਆਪਣੇ ਪ੍ਰਧਾਨ ਵੱਲ ਚੱਲ ! ਉਹ ਆਪੇ ਰਾਹ ਲੱਭ ੂ!"
ਦਿਮਾਗ਼ 'ਤੇ ਬੋਝ ਪਾ ਕੇ ਪੰਕਜ ਨੇ ਅੀਜਹੇ ਮੋਹਤਬਰ ਦਾ ਨਾਂ ਸੋਚਿਆ, ਜਿਹੜਾ ਪੁਲਿਸ ਦੀ ਗੁਪਤ ਸੂਚਨਾ ਨੂੰ ਸੰਨ੍ਹ ਲਾ ਸਕਦਾ ਸੀ । ਨੀਰਜ ਨੂੰ ਪੰਕਜ ਦਾ ਸੁਝਾਅ ਪਸੰਦ ਆਇਆ । ਅਗਲੇ ਹੀ ਪਲ ਉਨ੍ਹਾਂ ਨੇ ਗੱਡੀ 'ਭਾਰੀ ਉਦਯੋਗ ਮਾਲਕ ਸੰਘ' ਦੇ ਪ੍ਰਧਾਨ ਅਨਿਲ ਜੈਨ ਦੀ ਫੈਕਟਰੀ ਅੱਗੇ ਲਾ ਦਿੱਤੀ ।
"ਬੱਚੂ ਕਿਉਂ ਘਬਰਾਉਂਦੇ ਹੋ ? ਥਾਣੇਦਾਰ ਇਥੇ ਆਏਗਾ । ਆਪਣੀ ਜ਼ੁਬਾਨੀ ਸਭ ਕੁਝ ਦੱਸ ਕੇ ਜਾਏਗਾ ।" ਪ੍ਰਧਾਨ ਨੇ ਹੈਂਕੜ ਦਿਖਾਈ ।
ਝੱਟ ਉਸਨੇ ਮੁੱਖ ਅਫ਼ਸਰ ਨੂੰ ਫ਼ੋਨ ਕੀਤਾ । ਨਾਲ ਇਸ਼ਾਰਾ ਵੀ । ਥਾਣੇਦਾਰ ਦਾ ਦਸ ਹਜ਼ਾਰ ਉਸਦੇ ਦਰਾਜ ਵਿਚ ਪਿਆ ਸੀ । ਨਾਲੇ ਉਹ ਆਪਣਾ ਨਜ਼ਰਾਨਾ ਲੈ ਜਾਏ ਨਾਲੇ ਤਾਜ਼ੀ ਸਥਿਤੀ ਉਪਰ ਰੋਸ਼ਨੀ ਪਾ ਜਾਏ ।
ਮੁੱਖ ਅਫ਼ਸਰ ਤਫ਼ਤੀਸ਼ ਵਿਚ ਰੁੱਝਾ ਹੋਇਆ ਸੀ । ਇਕ ਮਿੰਟ ਦੀ ਫੁਰਸਤ ਨਹੀਂ ਸੀ । ਪਰ ਉਹ ਪ੍ਰਧਾਨ ਨੂੰ ਨਰਾਜ਼ ਵੀ ਨਹੀਂ ਸੀ ਕਰ ਸਕਦਾ । ਉਪਰੋਂ ਜਦੋਂ ਵੱਡੀ ਵਗਾਰ ਪੈਂਦੀ ਸੀ ਤਾਂ ਅੜਿਆ ਗੱਡਾ ਪ੍ਰਧਾਨ ਹੀ ਕੱਢਦਾ ਸੀ । ਵੱਡੇ ਸਨਅਤਕਾਰਾਂ ਦਾ ਉਹ
ਪ੍ਰਧਾਨ ਸੀ । ਸਨਅਤਕਾਰਾਂ ਨੂੰ ਜਦੋਂ ਭੀੜ ਪੈਂਦੀ ਸੀ ਉਹ ਅਨਿਲ ਵੱਲ ਭੱਜਦੇ ਸਨ ।
ਪ੍ਰਧਾਨ ਮੁੱਖ ਅਫ਼ਸਰ ਨੂੰ ਫ਼ੀਸ ਪਹਿਲਾਂ ਦਿਵਾਉਂਦਾ ਸੀ ਕੰਮ ਪਿੱਛੋਂ ਦੱਸਦਾ ਸੀ । ਪ੍ਰਧਾਨ ਦੀ ਪਹੁੰਚ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਤਕ ਸੀ । ਕਦੇ ਬਦਲੀ ਹੁੰਦੀ ਦਿੱਧਸੇ ਜਾਂ ਕਿਸੇ ਪੁੱਛ-ਪੜਤਾਲ ਦਾ ਖ਼ਤਰਾ ਹੋਵੇ, ਉਹ ਝੱਟ ਫ਼ੋਨ ਖੜਕਾ ਕੇ ਠੱਲ੍ਹ ਪਾ ਦਿੰਦਾ ਸੀ ।
ਮੁੱਖ ਅਫ਼ਸਰ ਪ੍ਰਧਾਨ ਨੂੰ ਨਾਂਹ ਨਹੀਂ ਸੀ ਕਰ ਸਕਦਾ ।
ਰੇਡ ਕਰਨ ਦਾ ਬਹਾਨਾ ਲਾ ਕੇ ਉਹ ਪ੍ਰਧਾਨ ਦੀ ਫੈਕਟਰੀ ਪੁੱਜ ਗਿਆ ।
ਪੰਕਜ ਅਤੇ ਨੀਰਜ ਮੁੱਖ ਅਫ਼ਸਰ ਦੇ ਮੱਧਥੇ ਨਹੀਂ ਸਨ ਲੱਗਣਾ ਚਾਹੁੰਦੇ । ਉਹ ਨਾਲ ਦੇ ਕਮਰੇ ਵਿਚ ਚਲੇ ਗਏ ।
ਪ੍ਰਧਾਨ ਨੇ ਠੰਡਾ ਪਿਛੋਂ ਪੁੱਧਛਿਆ, ਨੋਟ ਪਹਿਲਾਂ ਪੇਸ਼ ਕੀਤੇ ।
ਫੇਰ ਆਪਣੀ ਗਰਜ਼ ਦੱਸੀ ।
ਪ੍ਰਧਾਨ ਕਤਲ ਕਾਂਡ ਬਾਰੇ ਕੁਝ ਜਾਨਣਾ ਚਾਹੁੰਦਾ ਸੀ । ਇਹ ਸੁਣ ਕੇ ਮੁੱਖ ਅਫ਼ਸਰ ਨੂੰ ਕਾਂਬਾ ਛਿੜ ਗਿਆ ।
ਅਸਲੀਅਤ ਇਹ ਸੀ ਕਿ ਇਸ ਕੇਸ ਦੀ ਤਫ਼ਤੀਸ਼ ਕਪਤਾਨ ਖ਼ੁਦ ਕਰ ਰਿਹਾ ਸੀ ।
ਕਿਸੇ ਗੱਲੋਂ ਕਪਤਾਨ ਨੂੰ ਮੁੱਖ ਅਫ਼ਸਰ 'ਤੇ ਸ਼ੱਕ ਹੋ ਗਿਆ ਸੀ । ਕਾਰਵਾਈ ਉਸ ਤੋਂ ਗੁਪਤ ਰੱਖੀ ਜਾ ਰਹੀ ਸੀ ।
ਦਸ ਹਜ਼ਾਰ ਦੇ ਨੋਟ ਉਸਦੀ ਜੇਬ ਵਿਚ ਪੈ ਚੁੱਕੇ ਸਨ । ਇਨ੍ਹਾਂ ਨੂੰ ਹਜ਼ਮ ਕਰਨ ਲਈ ਉਸਨੂੰ ਝੂਠ ਬੋਲਣਾ ਪੈਣਾ ਸੀ ।
"ਪੰਕਜ ਹੋਰਾਂ ਬਾਰੇ ਹਾਲੇ ਤਕ ਕੁਝ ਵੀ ਮਿਸਲ 'ਤੇ ਨਹੀਂ ਆਇਆ । ਉਂਗਲ ਉਨ੍ਹਾਂ ਵੱਲ ਉਠ ਰਹੀ ਹੈ । ਪਰ ਹਾਲੇ ਕੋਈ ਖ਼ਤਰਾ ਨਹੀਂ । ਵੈਸੇ ਸਾਵਧਾਨ ਰਹਿਣਾ ਚਾਹੀਦਾ ਹੈ ।"
ਖ਼ੂਹ ਵਿਚ ਇੱਟ ਸੁੱਟ ਕੇ ਮੁੱਖ ਅਫ਼ਸਰ ਖਿਸਕ ਗਿਆ ।
ਪ੍ਰਧਾਨ ਖੁਸ਼ ਸੀ । ਥਾਣੇ ਦਾ ਮੁੱਖ ਅਫ਼ਸਰ ਉਸ ਕੋਲ ਖੁਦ ਚੱਲ ਕੇ ਆਇਆ ਸੀ ।
ਪ੍ਰਧਾਨ ਲਈ ਇਹ ਫ਼ਖਰ ਵਾਲੀ ਗੱਲ ਸੀ। ਜੇ ਉਹ ਕਹਿੰਦਾ ਸੀ ਕੋਈ ਖ਼ਤਰਾ ਨਹੀਂ ਤਾਂ ਸਮਝੋ ਕੋਈ ਖ਼ਤਰਾ ਨਹੀਂ ।
ਪਰ ਪੰਕਜ ਹੋਰਾਂ ਦਾ ਮਨ ਟਿਕ ਨਹੀਂ ਸੀ ਰਿਹਾ । ਉਹ ਉਂਗਲ ਉਨ੍ਹਾਂ ਵੱਲ ਉੱਠਣ ਅਤੇ ਸਾਵਧਾਨ ਰਹਿਣ ਬਾਰੇ ਵੀ ਕਹਿ ਕੇ ਗਿਆ ਸੀ । ਇਨ੍ਹਾਂ ਸੰਕੇਤਾਂ ਦਾ ਮਤਲਬ ਸਮਝਣਾ ਚਾਹੀਦਾ ਸੀ ।
ਪਹਿਲਾਂ ਠੇਕੇਦਾਰਾ ਦੇ ਫੜੇ ਜਾਣ ਅਤੇ ਉਸਦੇ ਘਰੋਂ ਚੋਰੀ ਹੋਏ ਸਮਾਨ ਦੇ ਫੜੇ ਜਾਣ ਦੀ ਖ਼ਬਰ ਨਿਕਲੀ ਸੀ । ਹੁਣੇ-ਹੁਣੇ ਨਵੀਂ ਖ਼ਬਰ ਆਈ ਸੀ । ਪੁਲਿਸ ਨੇ ਠੇਕੇਦਾਰ ਕੋਲੋਂ ਇਕ ਜੇਬੀ ਡਾਇਰੀ ਫੜੀ ਸੀ । ਉਸ ਡਾਇਰੀ ਵਿਚ ਪੰਕਜ ਦਾ ਫ਼ੋਨ ਨੰਬਰ ਦਰਜ
ਸੀ । ਉਸਦੀ ਜੇਬ ਵਿਚੋਂ ਉਨ੍ਹਾਂ ਦਾ ਵਿਜ਼ਟਿੰਗ ਕਾਰਡ ਵੀ ਨਿਕਲਿਆ ਸੀ । ਇਹ ਸਮਾਚਾਰ ਸ਼ੁਭ ਨਹੀਂ ਸਨ ।
ਪ੍ਰਧਾਨ ਕੋਲ ਬੈਠੇ-ਬੈਠੇ ਮੋਬਾਇਲ ਕੰਪਨੀ ਦੇ ਮੈਨੇਜ਼ਰ ਦਾ ਫ਼ੋਨ ਆ ਗਿਆ । ਪੁਲਿਸ ਪੰਕਜ ਹੋਰਾਂ ਦੇ ਫ਼ੋਨ ਨੰਬਰਾਂ ਦੀ ਲਿਸਟ ਅਤੇ ਉਨ੍ਹਾਂ ਵੱਲੋਂ ਪਿਛਲੇ ਇਕ ਮਹੀਨੇ ਵਿਚ ਕੀਤੇ ਫ਼ੋਨਾਂ ਦੀ ਸੂਚਨਾ ਲੈਣ ਆਈ ਸੀ । ਕੰਪਨੀ ਨੂੰ ਸ਼ੱਕ ਸੀ ਪੁਲਿਸ ਉਨ੍ਹਾਂ ਦੇ ਫ਼ੋਨ ਟੇਪ ਕਰ ਰਹੀ ਸੀ । ਉਹ ਕੰਪਨੀ ਦੇ ਪੱਕੇ ਗਾਹਕ ਸਨ। ਇਸ ਲਈ ਫ਼ੋਨ ਕੰਪਨੀ ਨੇ ਉਨ੍ਹਾਂ ਨੂੰ ਸੂਚਿਤ ਕਰਕੇ ਆਪਣਾ ਫਰਜ਼ ਨਿਭਾਇਆ ਸੀ । ਅੱਗੇ ਉਹ ਜੋ ਠੀਕ ਸਮਝਣ ਕਰਨ ।
ਨੀਰਜ ਨੇ ਵੱਡੇ ਭਰਾ ਨੂੰ ਸਮਝਾਇਆ । ਹੁਣ ਹਵਾਈ ਕਿਲ੍ਹੇ ਉਸਾਰਨ ਦਾ ਸਮਾਂ ਨਹੀਂ ਸੀ । ਉਨ੍ਹਾਂ ਨੂੰ ਅੰਡਰ-ਗਰਾਊਂਡ ਹੋ ਜਾਣਾ ਚਾਹੀਦਾ ਸੀ ।
ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਭਰੋਸੇ ਵਿਚ ਲੈ ਕੇ ਆਪਣੇ ਬਚਾਅ ਦੇ ਢੰਗ ਤਰੀਕੇ ਸੋਚਣੇ ਚਾਹੀਦੇ ਸਨ ।
ਕਿਸੇ ਵਧੀਆ ਵਕੀਲ ਰਾਹੀਂ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਸੀ ।
ਪੰਕਜ ਨੀਰਜ ਨਾਲ ਸਹਿਮਤ ਸੀ ।
ਝੱਟ ਉਨ੍ਹਾਂ ਨੇ ਆਪਣੀ ਗੱਡੀ ਗੈਰਜ ਵਿਚ ਲਾ ਦਿੱਤੀ । ਮੋਬਾਈਲ ਫ਼ੋਨ ਬੰਦ ਕਰ ਦਿੱਤੇ ।
ਅਗਲੀ ਨੀਤੀ ਘੜਨ ਲਈ ਉਹ ਪੰਕਜ ਦੇ ਸਾਂਢੂ ਦੇ ਭਰਾ ਅਜੇ ਦੀ ਫੈਕਟਰੀ ਜਾ ਬੈਠੇ ।

....ਚਲਦਾ....