ਪੰਜਾਬੀ ਸੂਫ਼ੀ ਕਵਿਤਾ ਵਿਚ ਵਿਦਰੋਹੀ ਸੁਰ (ਖੋਜ-ਪੱਤਰ) (ਆਲੋਚਨਾਤਮਕ ਲੇਖ )

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


(ਬਾਬਾ ਫ਼ਰੀਦ, ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਦੀ ਕਵਿਤਾ ਦੇ ਸੰਦਰਭ ਵਿਚ)

 ਇਸਲਾਮ ਧਰਮ ਤੋਂ ਨਿਕਲੀ ਸੁਫ਼ੀ ਸ਼ਾਖਾ ਆਪਣੇ ਆਪ ਵਿਚ ਕੋਈ ਸਿਧਾਂਤਕ ਧਰਮ ਨਹੀਂ ਹੈ ਬਲਕਿ ਇਹ ਇਕ ਵਿਚਾਰਧਾਰਾ ਹੈ। ਕਿਸੇ ਵੀ ਧਰਮ ਦਾ ਮਨੁੱਖ ਜਦੋਂ ਇਸ ਵਿਚਾਰਧਾਰਾ ਨੂੰ ਅਪਣਾ ਲੈਂਦਾ ਹੈ ਤਾਂ ਉਹ ਸੂਫ਼ੀ ਹੋ ਜਾਂਦਾ ਹੈ। ਜਦੋਂ ਮਨੁੱਖ ਸੂਫ਼ੀ ਹੋ ਜਾਂਦਾ ਹੈ ਤਾਂ ਉਹ ਧਰਮ ਦੇ ਨਾਂ ਤੇ ਹੁੰਦੇ ਬਾਹਰੀ ਵਿਖਾਵੇ ਅਤੇ ਫ਼ੋਕੇ ਕਰਮ-ਕਾਡਾਂ ਤੋਂ ਪਾਸਾ ਵੱਟ ਲੈਂਦਾ ਹੈ। ਉਹ ਬਾਹਰੀ ਭੇਖ ਅਤੇ ਵਹਿਮਾਂ-ਭਰਮਾਂ ਨੂੰ ਛੱਡ ਕੇ ਪ੍ਰਭੂ ਨਾਲ ਇਸ਼ਕ/ਪ੍ਰੇਮ ਪਾਉਂਦਾ ਹੈ ਉਸ ਦੀ ਇਬਾਦਤ ਕਰਦਾ ਹੈ।
      ਸੂਫ਼ੀ ਵਿਚਾਰਧਾਰਾ ਅਸਲ ਵਿਚ ਕੀ ਕਹਿੰਦੀ ਹੈ? ਇਸ ਦੇ ਮੁੱਖ ਸਿਧਾਂਤ ਕੀ ਹਨ ਅਤੇ ਇਹ ਮਨੁੱਖ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਂਦੀ ਹੈ? ਇਸ ਬਾਰੇ ਗੱਲ ਕਰਦਿਆਂ ਡਾ· ਕੁਲਦੀਪ ਕੌਰ ਆਪਣੇ ਲੇਖ ਵਿਚ ਆਖਦੇ ਹਨ:-
      “ਸੂਫ਼ੀ ਵਿਚਾਰਧਾਰਾ ਅਨੁਸਾਰ ਹਰ ਪ੍ਰਾਣੀ ਸਰਬ-ਸ਼ਕਤੀਮਾਨ ਪ੍ਰਭੂ ਦਾ ਅੰਸ਼ ਮਾਤਰ ਹੈ ਅਤੇ ਹਰ ਜੀਵ ਨੂੰ ਮਰਨ ਪਿੱਛੋਂ ਉਸ ਦੇ ਦਰਬਾਰ ਵਿਚ ਪੇਸ਼ ਹੋਣਾ ਪੈਣਾ ਹੈ। ਜੀਵਾਤਮਾ ਉਸ ਪ੍ਰਭੂ ਤੋਂ ਵਿਛੜੀ ਹੋਈ ਹੈ ਅਤੇ ਉਸ ਨੂੰ ਮੁੜ ਮਿਲ ਸਕਣ ਲਈ ਤਰਲੇ ਕਰਦੀ ਹੈ। ਉਸ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ‘ਇਸ਼ਕ’ ਹੈ, ਜੋ ਜੀਵ-ਆਤਮਾ ਉਸ ਪ੍ਰਭੂ ਨੂੰ ਇਸ਼ਕ ਕਰਦੀ ਹੈ ਉਹ ਹਮੇਸ਼ਾ ਪ੍ਰਭੂ ਦੇ ਰੰਗ ਵਿਚ ਰੰਗੀ ਰਹਿੰਦੀ ਹੈ।”1
      ਸੂਫ਼ੀ ਵਿਚਾਰਧਾਰਾ ਨੂੰ ਜੇਕਰ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਗੱਲ ਸਹਿਜੇ ਹੀ ਧਿਆਨਗੋਚਰੇ ਹੁੰਦੀ ਹੈ ਕਿ ਸੂਫ਼ੀ ਅਸਲ ਵਿਚ ਇਸਲਾਮ ਦੇ ਵਿਦਰੋਹੀ ਲੋਕ ਹਨ। ਉਹ ਕੱਟੜ ਮੁੱਲਾਂ-ਮੁਲਾਣਿਆਂ ਦੀ ਸ਼ਰ੍ਹਾਂ ਦੀ ਪਾਲਣਾ ਤੋਂ ਪਾਸਾ ਵੱਟ ਲੈਂਦੇ ਹਨ। ਇਸਲਾਮ ਦੇ ਸਿਧਾਂਤ ਸੂਫ਼ੀ ਸਾਧਕ ਨਹੀਂ ਅਪਣਾਉਂਦੇ ਬਲਕਿ ਉਹ ਹਰ ਹੀਲਾ ਵਰਤ ਕੇ ਪ੍ਰਭੂ ਨੂੰ ਪਾਉਣ ਦੀ ਚੇਸ਼ਟਾ ਕਰਦੇ ਹਨ। ਸ਼ਰੱਈਅਤ ਦੀ ਪਾਬੰਦੀ ਅਤੇ ਗੈ਼ਰ ਮੁਸਲਮਾਨ ਨੂੰ ਕੁਫ਼ਰ ਮਨੰਣ ਦੀ ਪ੍ਰਵਿਤੀ ਸੂਫ਼ੀ ਸਾਧਕ ਲਈ ਅਸਹਿ ਹੈ।
      “ਸੂਫ਼ੀਆਂ ਦੇ ਰੋਸ ਦਾ ਨਿਸ਼ਾਨਾ ਮੁਲਾਣਾ, ਮਸਜਿਦ ਅਤੇ ਮਜ਼੍ਹਬੀ ਜ਼ਾਬਤਾ ਹੈ ਕਿਉਂਕਿ ਮੁਲਾਣੇ ਵਲੋਂ ਕੀਤੀ ਹੋਈ ਇਸਲਾਮ ਦੀ ਨਫ਼ਰਤ ਭਰੀ ਵਿਆਖਿਆ ਸੂਫ਼ੀ ਕਵੀਆਂ ਦੇ ਸੁਲਹ-ਕੁਲ ਸੂਫ਼ੀ ਵਿਸ਼ਵਾਸ ਦੇ ਵਿਰੁੱਧ ਸੀ।”2
      ਸੂਫ਼ੀ ਸਾਧਕ ਫੋਕੇ ਕਰਮ-ਕਾਡਾਂ ਨੂੰ ਨਹੀਂ ਕਰਦੇ। ਉਹ ਸੱਚੇ ਦਿਲ ਨਾਲ ਪ੍ਰਭੂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ। ਸੂਫ਼ੀ ਸਾਧਕ ਪ੍ਰਭੂ ਨਾਲ ‘ਇਸ਼ਕ’ ਕਮਾਉਂਦੇ ਹਨ ਤਾਂ ਕਿ ਇਸ ਮਨੁੱਖਾ ਜਨਮ ਤੋਂ ਬਾਅਦ ਉਹਨਾਂ ਨੂੰ ਪ੍ਰਭੂ ਦੇ ਚਰਨਾਂ ਵਿਚ ਜਗ੍ਹਾ ਮਿਲ ਜਾਏ।
      ਬਾਬਾ ਫ਼ਰੀਦ ਜੀ ਆਪਣੀ ਬਾਣੀ ਵਿਚ ਕਹਿੰਦੇ ਹਨ ਕਿ ਜਿਹੜੇ ਮਨੁੱਖ ਸੱਚੇ ਮਨ ਨਾਲ ਪ੍ਰਭੂ ਨਾਲ ਇਸ਼ਕ ਕਮਾਉਂਦੇ ਹਨ ਉਹ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੇ ਹਨ ਪਰ ਜਿਨ੍ਹਾਂ ਦੇ ਮਨ ਵਿਚ ਕੁੱਝ ਹੋਰ ਹੁੰਦਾ ਹੈ ਅਤੇ ਬਾਹਰ ਕੁੱਝ ਹੋਰ ਉਹ ਮਨੁੱਖ ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ।
      “ਦਿਲਹੁ ਮੁਹਬਤਿ ਜਿੰਨ ਸੇਈ ਸਚਿਆ
      ਜਿੰਨ ਮਨਿ ਹੋਰੁ ਮੁਖਿ ਹੋਰ ਸਿ ਕਾਂਢੇ ਕਚਿਆ।।”3
      ਜਿਹੜੇ ਮਨੁੱਖ ਦੇ ਮਨ ਵਿਚ ਪ੍ਰਭੂ ਨੂੰ ਪਾਉਣ ਦੀ ਸੱਚੀ ਪ੍ਰੀਤ ਹੀ ਪੈਦਾ ਨਹੀਂ ਹੋਈ, ਜਿਸ ਵਿਚ ਅਜੇ ਵੈਰਾਗ ਪੈਦਾ ਨਹੀਂ ਹੋਇਆ ਉਹ ਮਨੁੱਖ ਅਜੇ ਕੱਚਾ ਹੈ।
      “ਫ਼ਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ
      ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।”4
      ਹੇ ਫ਼ਰੀਦ, ਤੂੰ ਜੰਗਲਾਂ ਵਿਚ ਕਿਸ ਵਾਸਤੇ ਘੁੰਮ ਰਿਹਾ ਹੈਂ ਅਤੇ ਜੰਗਲ ਵਿਚ ਕਿਉਂ ਕੰਡੇ ਲਤਾੜਦਾ ਫਿਰ ਰਿਹਾ ਹੈਂ ਰੱਬ ਤਾਂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਤੂੰ ਜੰਗਲ ਵਿਚ ਕੀ ਲੱਭ ਰਿਹਾ ਹੈਂ?
      ਇਸ ਪ੍ਰਕਾਰ ਬਾਬਾ ਫ਼ਰੀਦ ਜੀ ਆਪਣੀ ਬਾਣੀ ਵਿਚ ਫ਼ੋਕੇ ਕਰਮ-ਕਾਡਾਂ ਨਾਲ ਪ੍ਰਭੂ ਨੂੰ ਪਾਉਣ ਦੀ ਆਸ ਨੂੰ ਸਿਰੇ ਤੋਂ ਨਕਾਰ ਦਿੰਦੇ ਹਨ। ਉਹ ਬਾਹਰੀ ਵਿਖਾਵੇ ਦਾ ਵਿਰੋਧ ਕਰਦੇ ਹਨ। 
                 “ਫ਼ਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ
                 ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ।।”5
      ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਕਪੜੇ ਪਾ ਕੇ ਕੋਈ ਮਨੁੱਖ ਦਰਵੇਸ਼ ਨਹੀਂ ਬਣ ਸਕਦਾ ਭਾਵੇਂ ਲੋਕ ਕਪੜਿਆਂ ਨੁੰ ਦੇਖ ਕੇ ਉਸ ਨੂੰ ਦਰਵੇਸ਼ ਸਮਝ ਰਹੇ ਹਨ ਪਰ ਜਦੋਂ ਤੱਕ ਉਸ ਦਾ ਪ੍ਰੇਮ ਪਰਮਾਤਮਾ ਨਾਲ ਨਹੀਂ ਹੁੰਦਾ ਉਹ ਸੱਚਾ ਦਰਵੇਸ਼ ਨਹੀਂ ਹੋ ਸਕਦਾ। ਉਸ ਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
      ਇੱਥੇ ਇਹ ਨੁਕਤਾ ਬੜੇ ਧਿਆਨ ਦੇਣ ਵਾਲਾ ਹੈ ਕਿ ਸੂਫ਼ੀ ਕਵਿਤਾ ਦੇ ਮੋਢੀ ਬਾਬਾ ਫ਼ਰੀਦ ਜੀ ਨੇ ਸਿੱਧੇ ਤੌਰ ਤੇ ਜਾਂ ਪ੍ਰਤੱਖ ਰੂਪ ਵਿਚ ਇਸਲਾਮੀ ਸ਼ਰ੍ਹਾ ਦੀ ਵਿਰੋਧਤਾ ਨਹੀਂ ਕੀਤੀ। ਇਸ ਦਾ ਇਕ ਕਾਰਨ ਇਹ ਹੋ ਸਕਦਾ ਹੈ ਕਿ ਇਹ ਦੌਰ ਸੂਫ਼ੀ ਵਿਚਾਰਧਾਰਾ ਦੇ ਵਿਕਾਸ ਦਾ ਆਰੰਭਕ ਦੌਰ ਸੀ। ਮੁੱਲਾਂ-ਮੁਲਾਣਿਆਂ ਦੀ ਵਿਰੋਧਤਾ ਸਮਾਜ ਵਿਚੋਂ ਬੇਦਖ਼ਲ ਹੋਣ ਦਾ ਸੰਕੇਤ ਸੀ। ਇਸ ਲਈ ਜਿਹੜੀ ਵਿਰੋਧਤਾ ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਨੇ ਆਪਣੀ ਕਵਿਤਾ ਵਿਚ ਇਸਲਾਮੀ ਸ਼ਰ੍ਹਾ ਪ੍ਰਤੀ ਕੀਤੀ ਹੈ ਉਸ ਹੱਦ ਤੱਕ ਬਾਬਾ ਫ਼ਰੀਦ ਜੀ ਨਹੀਂ ਕਰ ਪਾਏ।
      “ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ
      ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ।।”6
      ਪਰੰਤੂ ਬਾਬਾ ਫ਼ਰੀਦ ਜੀ ਨੇ ਮਨ ਦੀ ਪਵਿੱਤਰਤਾ ਨਾਲ ਪਰਮਾਤਮਾ ਨਾਲ ਇਸ਼ਕ ਕਰਨ ਦਾ ਸੰਦੇਸ਼ ਆਪਣੇ ਕਲਾਮ ਰਾਹੀਂ ਲੋਕਾਂ ਨੂੰ ਦਿੱਤਾ ਹੈ।
      ਬਾਬਾ ਫ਼ਰੀਦ ਜੀ ਤੋਂ ਬਾਅਦ ਪੰਜਾਬੀ ਸੂਫ਼ੀ ਕਵਿਤਾ ਵਿਚ ਦੂਜੇ ਮਕਬੂਲ ਸ਼ਾਇਰ ਸ਼ਾਹ ਹੁਸੈਨ ਹੋਏ ਹਨ। ਉਹਨਾਂ ਆਪਣੇ ਕਲਾਮ ਵਿਚ ਰੱਬ ਨਾਲ ਸਿੱਧਾ ਹੀ ਪਿਆਰ/ਇਸ਼ਕ ਕਮਾਉਣ ਦਾ ਵੱਲ੍ਹ ਦੱਸਿਆ ਹਾਂ। ਉਹ ਆਖਦੇ ਹਨ ਕਿ ਮੈਨੂੰ ਹੁਣ ਕਿਸੇ ਵਿਚ-ਵਿਚੋਲੇ ਦੀ ਕੋਈ ਲੋੜ ਨਹੀਂ ਰਹੀ ਕਿਉਂਕਿ ਮੈਨੂੰ ਸਿੱਧਾ ਪ੍ਰਭੂ ਨਾਲ ਇਸ਼ਕ ਹੋ ਗਿਆ ਹੈ।
                 “ਚਾਰੇ ਨੈਣ ਗਡਾਵਡ ਹੋਏ ਵਿਚ ਵਿਚੋਲਾ ਕੇਹਾ।”7
      ਸ਼ਾਹ ਹੁਸੈਨ ਅਨੁਸਾਰ ਜਿਸ ਸਮੇਂ ਕਿਸੇ ਸਾਧਕ ਨੂੰ ਪ੍ਰਭੂ ਪਿਤਾ ਪਰਮਾਤਮਾ ਨਾਲ ‘ਇਸ਼ਕ’ ਹੋ ਜਾਂਦਾ ਹੈ ਤਾਂ ਮੁਲਾਂ-ਮੁਲਾਣਿਆਂ ਦੀਆਂ ਮੱਤਾਂ ਉਸ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੀਆਂ।
      “ਕਾਜ਼ੀ ਮੁੱਲਾਂ ਮੱਤੀਂ ਦੇਂਦੇ, ਇਸ਼ਕ ਸ਼ਰ੍ਹੇਂ ਦਾ ਰਾਹ ਦਸੇਂਦੇ
      ਇਸ਼ਕ ਕੀ ਲਗੇ ਰਾਹ ਦੇ ਨਾਲਿ, ਮਨ ਅਟਕਿਆ ਬੇਪ੍ਰਵਾਹ ਦੇ ਨਾਲ
      ਰਹੁ ਵੇ ਕਾਜ਼ੀ ਦਿਲ ਨਹੀਂਓ ਰਾਜ਼ੀ, ਗੱਲਾਂ ਹੋਈਆਂ ਹੋਵਣ ਵਾਲੀਆਂ
      ਸੋਈ ਰਾਤਾਂ ਲੇਖੇ ਪਉਸਨਿ, ਜੋ ਨਾਲ ਸਾਹਿਬ ਦੇ ਜਾਲੀਆਂ।”8
      ਸ਼ਾਹ ਹੁਸੈਨ ਮੁਲਾਂ-ਮੁਲਾਣਿਆਂ ਦੇ ਕੱਟੜ ਸਿਧਾਂਤਾਂ, ਕਾਜ਼ੀ ਦੀਆਂ ਮੱਤਾਂ ਨੂੰ ਸਿਰੇ ਤੋਂ ਖ਼ਾਰਜ ਕਰਦਾ ਹੈ। ਉਹ ਕਿਸੇ ਪ੍ਰਕਾਰ ਦੇ ਕਰਮ-ਕਾਡਾਂ ਨੂੰ ਨਹੀਂ ਮੰਨਦਾ। ਇਹ ਉਸ ਦੀ ਕਵਿਤਾ ਦਾ ਸੁਰ ਹੈ ਜੋ ਕਿ ਵਿਦਰੋਹੀ ਹੈ।
      ਪ੍ਰੋ· ਬਿਕਰਮ ਸਿੰਘ ਘੁੰਮਣ ਆਪਣੀ ਪੁਸਤਕ ‘ਕਲਾਮ ਸ਼ਾਹ ਹੁਸੈਨ’ ਵਿਚ ਸ਼ਾਹ ਹੁਸੈਨ ਬਾਰੇ ਲਿਖਦਿਆਂ ਕਹਿੰਦੇ ਹਨ ਕਿ:-
      “ਸ਼ਾਹ ਹੁਸੈਨ 36 ਸਾਲ ਦੀ ਉਮਰ ਵਿਚ ਪੁੱਜ ਕੇ ਬਿਲਕੁਲ ਆਜ਼ਾਦ ਹੋ ਕੇ ਮਲ੍ਹਾਮਤੀ ਬਣ ਗਿਆ। ਉਹ ਸ਼ਰ੍ਹਾ ਸ਼ਰ੍ਹੀਅਤ ਤੋਂ ਉਚਾ ਉਠ ਕੇ ਨਿਮਾਜ਼ ਰੋਜ਼ੇ ਦਾ ਤਿਆਗ ਕਰਮ ਲੱਗਾ ਤੇ ਮੂੰਹ ਸਿਰ ਮੁਨਾ ਕੇ ਨੱਚਣ, ਟੱਪਣ ਤੇ ਕਾਫ਼ੀਆਂ ਗਾਉਣ ਲੱਗ ਪਿਆ।”9
      ਆਪਣੇ ਮੁਰਸ਼ਦ ਦੇ ਵਿਛੋੜੇ ਵਿਚ ਸ਼ਾਹ ਹੁਸੈਨ ਨੂੰ ਇਕ-ਇਕ ਪਲ ਹਜ਼ਾਰਾ ਸਾਲਾਂ ਵਾਂਗ ਬਤੀਤ ਹੁੰਦਾ ਮਹਿਸੂਸ ਹੁੰਦਾ ਹੈ। ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਬੀਤ ਰਹੀ ਰਾਤ ਉਸ ਨੂੰ ਬਹੁਤ ਲੰਮੀ ਹੋ ਗਈ ਜਾਪਦੀ ਹੈ।
      “ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ
      ਰਾਂਝਾ ਜੋਗੀ ਮੈਂ ਜੁਗਿਆਣੀ, ਕਮਲੀ ਕਰਿ ਕਰਿ ਸੱਡੀਆਂ।”10
      ਸ਼ਾਹ ਹੁਸੈਨ ਕੇਵਲ ਇਸਲਾਮੀ ਸ਼ਰ੍ਹਾ ਦਾ ਹੀ ਵਿਰੋਧ ਨਹੀਂ ਕਰਦਾ ਬਲਕਿ ਹਿੰਦੂ ਧਰਮ ਦੀਆਂ ਰਹੁ-ਰੀਤਾਂ ਦਾ ਜ਼ਿਕਰ ਕਰਕੇ ਇਹਨਾਂ ਨੂੰ ਭੰਡਦਾ ਵੀ ਹੈ।
      “ਬਾਮ੍ਹਣ ਆਣ ਜਜਮਾਨ ਡਰਾਏ
      ਪਿਤਰ ਭੀੜ ਦਸ ਭਰਮ ਦੁੜਾਏ
      ਆਪੇ ਦਸਕੇ ਯਤਨ ਕਰਾਏ।
      ਪੂਜਾ ਸ਼ੁਰੂ ਕਰਾਈ ਏ।
      ਗੱਲ ਰੌਲੇ ਲੋਕਾਂ ਪਾਈ ਏ।”11
      ਇਕ ਪਾਸੇ ਸ਼ਾਹ ਹੁਸੈਨ ਕਰਮ-ਕਾਡਾਂ ਦਾ ਵਿਰੋਧ ਕਰਦਾ ਹੈ ਤਾਂ ਦੂਜੇ ਪਾਸੇ ਬੁੱਲੇ ਸ਼ਾਹ ਵੀ ਆਪਣੀ ਕਵਿਤਾ ਵਿਚ ਇਸਲਾਮ ਦੀ ਸ਼ਰ੍ਹਾ ਦੀ ਉਲੰਘਣਾ ਕਰਦਾ ਦਿਖਾਈ ਦਿੰਦਾ ਹੈ। ਬੁੱਲੇ ਸ਼ਾਹ ਕਹਿੰਦਾ ਹੈ:-
                 “ਪੜ੍ਹ-ਪੜ੍ਹ ਮੁੱਲਾਂ ਹੋਇ ਕਾਜ਼ੀ, ਅਲਾਹ ਇਲਮਾਂ ਬਾਹਝੋਂ ਰਾਜ਼ੀ
                 ਹੋਏ ਹਿਰਸ ਦਿਨੋਂ ਦਿਨ ਰਾਜ਼ੀ, ਨਫ਼ਾ ਨੀਅਤ ਵਿਚ ਗੁਜ਼ਾਰ।”12
      ਬੁੱਲੇ ਸ਼ਾਹ ਕਹਿੰਦਾ ਹੈ ਕਿ ਅਲਾਹ ਕਿਸੇ ਕਰਮ-ਕਾਡ ਤੋਂ ਖੁਸ਼ ਨਹੀਂ ਹੁੰਦਾ ਬਲਕਿ ਉਹ ਤਾਂ ਸੱਚੇ ਇਸ਼ਕ ਨਾਲ ਹੀ ਖੁਸ਼ ਹੁੰਦਾ ਹੈ। ਹੇ ਕਾਜ਼ੀ,  ਤੂੰ ਆਪਣਾ ਜੀਵਨ ਤਾਂ ਫੋਕੇ ਕਰਮ-ਕਾਡਾਂ ਵਿਚ ਹੀ ਗੁਜ਼ਾਰ ਰਿਹਾ ਹੈਂ ਅਤੇ ਨਫ਼ੇ-ਨੁਕਸਾਨ ਦੀ ਗੱਲ ਹੀ ਕਰ ਰਿਹਾ ਹੈਂ।
      ਬੁੱਲੇ ਸ਼ਾਹ ਦੀ ਇਸ ਵਿਚਾਰਧਾਰਾ ਕਾਰਨ ਮੁੱਲੇ-ਮੁਲਾਣੇ ਉਸ ਦਾ ਵਿਰੋਧ ਕਰਦੇ ਹਨ।
      “ਮੁੱਲਾਂ ਮੈਨੂੰ ਮਾਰਦਾ ਈ ਮੁੱਲਾਂ ਮੈਨੂੰ ਮਾਰਦਾ ਈ
      ਮੁੱਲਾਂ ਮੈਨੂੰ ਸਬਕ ਪੜਾਇਆ ਅਲਫ਼ੋਂ ਅੱਗੇ ਕੁਝ ਨਾ ਆਇਆ
      ਉਹ ਬੇ ਈ ਬੇ ਪੁਕਾਰਦਾ ਈ, ਮੁੱਲਾਂ ਮੈਨੂੰ ਮਾਰਦਾ ਈ।”13
      ਪਰੰਤੂ ਬੁੱਲੇ ਸ਼ਾਹ ਉਪਰ ਇਸ ਵਿਰੋਧ ਦਾ ਕੋਈ ਪ੍ਰਭਾਵ ਨਹੀਂ ਦਿੱਸਦਾ ਬਲਕਿ ਉਹ ਤਾਂ ਪਰਮਾਤਮਾ ਨਾਲ ਇਸ਼ਕ ਕਰਦਾ ਹੋਇਆ ਆਪ ਹੀ ਉਸ ਵਰਗਾ ਹੋ ਜਾਂਦਾ ਹੈ। ਬੁੱਲੇ ਸ਼ਾਹ ਪ੍ਰਭੂ ਦੇ ਇਸ਼ਕ/ਪ੍ਰੇਮ ਵਿਚ ਇਤਨਾ ਮਸਤ ਹੋ ਜਾਂਦਾ ਹੈ ਕਿ  ਉਸ ਵਿਚ ਅਤੇ ਪਰਮਾਤਮਾ ਵਿਚ ਫਿਰ ਕੋਈ ਭੇਦ ਨਹੀਂ ਰਹਿੰਦਾ। ਉਹ ਖੁ਼ਦ ਪਰਮਾਤਮਾ ਵਰਗਾ ਹੋ ਜਾਂਦਾ ਹੈ।
                 “ਰਾਂਝਾ ਰਾਂਝਾ ਕਰਦੀ ਨੀਂ ਮੈਂ ਆਪੇ ਰਾਂਝਾ ਹੋਈ
                 ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।”14
      ਇਬਾਦਤ ਵਿਚ ਲੀਨ ਬੁੱਲੇ ਸ਼ਾਹ ਨੂੰ ਦੁਨੀਆਂ ਦੀ ਕੋਈ ਪ੍ਰਵਾਹ ਹੀ ਨਹੀਂ ਰਹਿੰਦੀ। ਉਹ ਆਪਣੇ ਪ੍ਰੀਤਮ ਦੇ ਮਿਲਾਪ ਦੀ ਤਾਂਘ ਵਿਚ ਨੱਚਣ-ਟੱਪਣ ਲੱਗ ਪੈਂਦਾ ਹੈ।
                 “ਬਹੁੜੀਂ ਵੇ ਤਬੀਬਾ, ਮੈਂਡੀ ਜਿੰਦ ਗਈਆ
                 ਤੇਰੇ ਇਸ਼ਕ ਨਚਾਇਆ, ਕਰ ਥੱਈਆ ਥੱਈਆ।”15
      ਬੁੱਲੇ ਸ਼ਾਹ ਅਨੁਸਾਰ ਜਿਸ ਮਨੁੱਖ ਨੂੰ ਪ੍ਰਭੂ ਦੇ ਨਾਲ ਇਸ਼ਕ ਹੋ ਜਾਂਦਾ ਹੈ ਉਹ ਪ੍ਰਭੂ ਦੇ ਇਸ਼ਕ ਰੰਗ ਵਿਚ ਰੰਗਿਆ ਜਾਂਦਾ ਹੈ ਤੇ ਨੱਚਣ-ਟੱਪਣ ਲੱਗ ਪੈਂਦਾ ਹੈ:-
      “ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ।”16
      ਸੂਫ਼ੀ ਸਾਧਕ ਦਾ ਅੰਤਮ ਲਕਸ਼ ਪਰਮਾਤਮਾ ਵਿਚ ਅਭੇਦ ਹੋ ਜਾਣਾ ਹੈ ਅਤੇ ਇਸ ਲਈ ਉਹ ਇਸ਼ਕ ਹਕੀਕੀ ਤੋਂ ਇਸ਼ਕ ਮਜਾਜੀ ਤੱਕ ਦਾ ਸਫ਼ਰ ਤੈਅ ਕਰਦਾ ਹੈ। ਸੂਫ਼ੀ ਸਾਧਕ ਦੀ ਜਿੰਦ ਪ੍ਰਭੂ ਨੂੰ ਮਿਲਣ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਪ੍ਰੋ· ਕਿਸ਼ਨ ਸਿੰਘ ਵੀ ਇਹ ਸਵੀਕਾਰ ਕਰਦਾ ਹੈ ਕਿ;
      “ਸੂਫ਼ੀ ਦਾ ਲਖਸ਼ ਉਸ ਸਰਬ ਸ਼ਕਤੀਮਾਨ, ਸਰਬ ਵਿਆਪਕ ਰੱਬ ਵਿਚ ਇਕ-ਮਿਕ ਹੋਣਾ ਹੈ। ਇਸ ਪ੍ਰਾਪਤੀ ਦਾ ਸਾਧਨ ਸੂਫ਼ੀ ਦੇ ਮੁਤਾਬਿਕ ਪ੍ਰੇਮ/ਇਸ਼ਕ ਹੈ।”17
      ਇਸ ਪ੍ਰਕਾਰ ਉਪਰ ਕੀਤੀ ਗਈ ਵਿਚਾਰ ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸੂਫ਼ੀ ਉਹ ਲੋਕ ਸਨ ਜਿਹੜਾ ਬਾਹਰੀ ਭੇਖ, ਵਿਖਾਵੇ, ਵਹਿਮਾਂ-ਭਰਮਾਂ ਦਾ ਵਿਰੋਧ ਅਤੇ ਕੱਟੜ ਸ਼ਰੱਈਅਤ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਦੇ ਸਨ। ਬਾਬਾ ਫ਼ਰੀਦ, ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਦੀ ਕਵਿਤਾ ਵਿਚ ਇਸਲਾਮੀ ਸ਼ਰ੍ਹਾ ਦੇ ਵਿਰੁੱਧ ਭਾਵ ਸਹਿਜੇ ਹੀ ਦੇਖੇ ਜਾ ਸਕਦੇ ਹਨ। ਸੂਫ਼ੀ ਸਾਧਕ ਦਾ ਇਕੋ ਹੀ ਲਕਸ਼ ਹੈ:- ਪ੍ਰਭੂ ਦੀ ਪ੍ਰਾਪਤੀ। ਇਸ ਪ੍ਰਾਪਤੀ ਲਈ ਉਸ ਪਰਮਾਤਮਾ ਨਾਲ ਇਸ਼ਕ ਕੀਤਾ ਜਾਣਾ ਚਾਹੀਦਾ ਹੈ।
    --------------------------------------------------------------------------------------------
        ਟਿੱਪਣੀਆਂ ਅਤੇ ਹਵਾਲੇ
1· ਕੁਲਦੀਪ ਕੌਰ (ਡਾ·), ਖੋਜ ਪੱਤ੍ਰਿਕਾ, ਸੂਫ਼ੀ ਕਾਵਿ ਵਿਸ਼ੇਸ਼ ਅੰਕ-33, ਮਾਰਚ 1989, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-30
2· ਜੀ· ਐਲ· ਸ਼ਰਮਾ, ਬੁੱਲੇ ਸ਼ਾਹ:- ਵਿਵੇਚਨ ਤੇ ਰਚਨਾ, ਪੰਨਾ-138
3· ਆਦਿ ਗ੍ਰੰਥ, ਰਾਗ ਆਸਾ, ਪੰਨਾ-488
4 ਸੋਢੀ, ਤੇਜਾ ਸਿੰਘ, ਸਲੋਕ ਫ਼ਰੀਦ ਜੀ ਸਟੀਕ, ਭਾਈ ਚਤਰ ਸਿੰਘ ਜੀਵਨ ਸਿੰਘ ਪ੍ਰਕਾਸ਼ਨ ਅੰਮ੍ਰਿਤਸਰ, ਪੰਨਾ-15
5· ਉਹੀ, ਸਲੋਕ 61, ਪੰਨਾ-36
6· ਆਦਿ ਗ੍ਰੰਥ, ਸਲੋਕ 71, ਪੰਨਾ-1381
7· ਡਾ· ਮੋਹਨ ਸਿੰਘ ਦੀਵਾਨਾ, ‘ਸ਼ਾਹ ਹੁਸੈਨ’, ਕਾਫ਼ੀ 144, ਪੰਨਾ-215
8· ਘੁੰਮਣ, ਬਿਕਰਮ ਸਿੰਘ, ਕਲਾਮ ਸ਼ਾਹ ਹੁਸੈਨ, ਰੂਹੀ ਪ੍ਰਕਾਸ਼ਨ ਅੰਮ੍ਰਿਤਸਰ 1997, ਕਾਫ਼ੀ 119, ਪੰਨਾ 65
9· ਉਹੀ, ਪੰਨਾ-5
10· ਉਹੀ, ਕਾਫ਼ੀ 93, ਪੰਨਾ-52
11· ਜਗਤਾਰ (ਡਾ·), ਮਿੱਤਰਾਂ ਦੀ ਮਿਜਮਾਨੀ ਖ਼ਾਤਰ, ਸ਼ਾਹ ਹੁਸੈਨ; ਜੀਵਨ ਤੇ ਰਚਨਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ-48
12· ਜੀ· ਐਲ· ਸ਼ਰਮਾ, ਬੁੱਲੇ ਸ਼ਾਹ:- ਵਿਵੇਚਨ ਤੇ ਰਚਨਾ, ਕਾਫ਼ੀ 27, ਪੰਨਾ-160
13· ਮਨਜੀਤ ਸਿੰਘ (ਡਾ·), ਖੋਜ ਪੱਤ੍ਰਿਕਾ, ਸੂਫ਼ੀ ਕਾਵਿ ਵਿਸ਼ੇਸ਼਼ ਅੰਕ-33, ਮਾਰਚ 1989, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-184
14· ਉਹੀ, ਪੰਨਾ-185 
15· ਉਹੀ, ਪੰਨਾ-186
16· ਉਹੀ, ਪੰਨਾ-190
17· ਕਿਸ਼ਨ ਸਿੰਘ (ਪ੍ਰੋ·), ਸੂਫ਼ੀਮੱਤ ਅਤੇ ਸੂਫ਼ੀ ਕਵਿਤਾ, ਪੰਨਾ-22