ਰੂਹ ਤੇ ਪਈਆਂ ਬੂੰਦਾਂ (ਕਵਿਤਾ)

ਪਰਨਦੀਪ ਕੈਂਥ    

Email: parandeepkainth@yahoo.com
Cell: +91 80544 18929
Address: 1725/5 ਨੇੜੇ 21 ਨੰ:ਫਾਟਕ, ਗਰੀਨ-ਵਿਊ
ਪਟਿਆਲਾ India
ਪਰਨਦੀਪ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਾਜੀਆਂ ਵਿਰਸੇ
ਵਿਚ ਹੀ ਮਿਲ
ਗਈਆਂ ਸਨ-
 
ਹਰ
ਪਹਿਰ ਇਕ ਨਵੀਂ
ਬਾਜੀ ਪਾਉਣ ਦਾ
ਯਤਨ ਹੁੰਦਾ ਰਹਿੰਦਾ
ਸੀ-
 
ਜਿੰਦਗੀ ਦਾ
ਇਕੋ-ਇਕ
ਮਕਸਦ ਸੀ
ਕਿ
ਇਕ ਐਸੀ
ਬਾਜੀ ਪਾਈਏ
ਜੋ ਸਾਨੂੰ
ਬਾਜੀਆਂ ਤੋਂ
ਮੁਕਤ ਕਰ
ਦੇਵੇ-
 
ਬਾਜੀਆਂ
ਵਾਲਾ ਮਕਾਨ
ਸੀ
ਜਿਸ ਅੰਦਰ
ਬਾਜੀਆਂ ਅਸੀਂ 
ਨਹੀਂ ਬਲਕਿ
ਮੀਂਹ ਦੇ ਪਾਣੀ
ਦੀਆਂ ਬੂੰਦਾਂ
ਬਾਜੀਆਂ ਪਾਉਦੀਆਂ
ਸਨ-
 
ਬੂੰਦਾਂ
ਕੇਵਲ ਬੂੰਦਾਂ ਨਹੀਂ ਸਨ
ਬੂੰਦਾਂ ਸਨ
ਹਫ਼ਲਿਆ ਹੋਇਆ
ਉਹ ਤੂਫ਼ਾਨ
ਜੋ ਪੱਲ-ਪੱਲ
ਜ਼ਾਰੋ-ਜ਼ਾਰ
ਕਰਦਾ ਰਹਿੰਦਾ
ਸੀ
ਕਮਾਏ ਹੋਏ
ਪ੍ਰਮਾਣ-ਪੱਤਰਾਂ ਨੂੰ-
 
ਪ੍ਰਮਾਣ-ਪੱਤਰ
ਸੰਦੂਕ ਵਿਚ
ਬੰਦ ਹੋ ਕੇ ਵੀ
ਬੰਦ ਨਹੀਂ ਸਨ
ਕਿਉਂ ਕਿ
ਸੰਦੂਕ ਰੌਸ਼ਣਦਾਨ
ਦਾ
ਰੂਪ ਅਖਤਿਆਰ
ਕਰ ਚੁੱਕਾ ਸੀ-
 
ਰੌਸ਼ਣਦਾਨ ਸੀ
ਬੂੰਦਾਂ ਲਈ
ਪ੍ਰਵੇਸ਼ ਦੁਆਰ-
 
ਤੇ
ਬੂੰਦਾਂ ਨੱਚਦੀਆ
ਸਨ ਇਕ 
ਤਾਂਡਵੀ ਨਾਚ
ਪ੍ਰਮਾਣ-ਪੱਤਰਾਂ ਦੀਆਂ
ਛਾਤੀਆਂ ੳੁੱਤੇ-
 
ਬੂੰਦਾਂ
ਅੱਖਾਂ ਦੇ
ਵਿਚ ਵੀ ਸਨ
ਪਰ ਓਨਾਂ ਦੀ
ਕੋਈ ਔਕਾਤ ਨਹੀਂ
ਸੀ ਇਹਨ੍ਹਾਂ
ਤੂਫਾਨੀ ਬੂੰਦਾਂ ਸਾਹਵੇਂ-
 
ਬੂੰਦਾਂ
ਕੇਵਲ
ਪ੍ਰਮਾਣ-ਪੱਤਰਾਂ
ਤੇ ਪਈਆਂ ਬੂੰਦਾਂ ਨਹੀਂ ਸਨ
ਬਲਕਿ
ਰੂਹ ਤੇ ਪਈਆਂ
ਬੂੰਦਾਂ ਸਨ
ਜੋ ਕਰਦੀਆਂ ਰਹਿੰਦੀਆਂ
ਹਮੇਸ਼ਾਂ ਸ਼ੋਸ਼ਣ 
ਆਸ ਦੀ ਪਹਿਲੀ
ਕਿਰਨ ਦਾ-