ਯਾਹੀ ਕਾਜ ਧਰਾ ਹਮ ਜਨਮ (ਲੇਖ )

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੋਹ ਮਹੀਨੇ ਦੀ ਸਰਦੀ ਭਰ ਜੋਬਨ ਤੇ ਸੀ। ਦਿਨ ਭਰ ਤਾਂ ਪਟਨਾ ਦੇ ਵਾਸੀ ਪਸ਼ੂ ਪੰਛੀ ਸੂਰਜ ਦੀ ਧੁਪ ਤੋਂ  ਨਿਘ ਲੈ ਰਹੇ ਸਨ। ਸਮਾਂ ਕਦ ਰੁਕਦਾ ਹੈ ਆਖਰ ਆਪਣੇ ਵਿਧਾਨ ਅਨੁਸਾਰ ਸੂਰਜ ਦੇਵਤਾ ਦਿਨ ਭਰ ਦਾ ਸਫਰ ਕਰਕੇ  ਆਪਣੀਆਂ ਕਿਰਨਾਂ ਸਮੇਟਦਾ ਹੋਇਆ ਪਛੱਮ ਵਿਚ ਅਲੋਪ ਹੋ ਗਿਆ, ਠਰੂਂ ਠਰੂਂ ਕਰਦਾ ਪਾਲਾ ਆਪਣਾ ਰਾਜ ਕਾਲ ਜਮਾ ਬੈਠਾ। ਲੋਕਾਈ ਨੇ ਤਾਂ ਰਾਤ ਦੀ ਸਰਦੀ ਤੋਂ ਬਚਣ ਲਈ ਘਰਾਂ ਵਿਚ  ਜਾ ਸ਼ਰਨ ਲਈ ਅਤੇ ਪਸ਼ੂ ਪੰਛੀ ਵੀ ਰਾਤ ਦੀ ਠੰਡ ਤੋਂ ਬਚਣ ਲਈ ਕੋਈ ਨਾ ਕੋਈ ਓਟ ਲੈ ਕੇ ਦੜ ਗਏ। ਘਰਾਂ ਵਿਚ ਦੀਵੇ ਜਗਣ ਲਗੇ। ਪੋਹ ਸੁਦੀ ਦਾ ਚੰਦ੍ਰਮਾ ਜੋ ਜਵਾਨ ਹੁੰਦ ਹੂੰਦਾ ਸੱਤਾਂ ਦਿਨਾਂ ਦਾ ਹੋ ਗਿਆ ਸੀ ਅਧੇ ਰੂਪ ਵਿਚ ਸਿਖਰ ਅਸਮਾਨੇ ਆਪਣੀਆਂ ਚਾਂਦੀ ਰੰਗੀਆਂ ਠੰਡੀਆਂ ਰਿਸ਼ਮਾਂ ਨਾਲ ਠੰਡ ਨੂੰ ਹੋਰ ਬੜ੍ਹਾਂਵਾ ਦੇਣ ਲੱਗਾ। ਪਸ਼ੂਆਂ ਪੰਛੀਆਂ, ਬਿਰਛਾਂ ਅਤੇ ਪਟਨੇ ਸਹਿਰ ਦੇ ਕੰਧਾ ਕੋਠਿਆਂ ਨੇ ਦਿਨ ਭਰ ਦੀ ਸੂਰਜ ਤੋਂ ਹੁਧਾਰ ਲਈ ਗਰਮੀ ਨਾਲ ਰਾਤ ਦੀ ਠੰਡ ਤੋਂ ਬਚਣ ਲਈ ਆਪਣੇ ਉਦਾਲੇ ਕਿਲਾ੍ਹ ਉਸਾਰਨ ਦਾ ਯਤਨ ਕੀਤਾ ਹੋਇਆ ਸੀ। ਹੇਠੋਂ ਗਰਮੀ ਉਤੋਂ ਠੰਡ ਨੇ ਧੁੰਦ ਨੂੰ ਜਨਮ ਦਿੱਤਾ ਤਾਂ ਧੁੰਦ ਦੇ ਕਿਣਕਿਆਂ ਨੇ ਚੰਦ੍ਰਮਾਂ ਦੀ ਲੋ ਨੂੰ ਆਪਣੇ ਵਿਚ ਸਮੋ ਲਿਆ। ਦੇਖਦਿਆਂ ਦੇਖਦਿਆਂ ਸਾਰਾ ਪਟਨਾ ਸ਼ਹਿਰ ਦੁੱਧ ਚਿੱਟੀ ਪੁਸ਼ਾਕ ਓੜ੍ਹ ਖੜਾ੍ਹ ਹੋਇਆ, ਜਿਵੇਂ ਇਹ ਸਭ ਕੁਝ ਕਿਸੇ ਪਵਿਤ੍ਰ ਆਤਮਾਂ ਦੀ ਆਓ ਭਗਤ ਲਈ  ਸਜਾਵਟ ਕੀਤੀ ਗਈ ਹੋਵੇ।
ਇਕ ਇਕ ਕਰਕੇ ਦੀਵੇ ਬੁਝਣੇ ਸ਼ੁਰੂ ਹੋ ਗਏ।  ਲੋਕੀਂ ਅੰਦਰੀਂ ਬਿਸਤ੍ਰਿਆਂ ਦਾ ਨਿੱਘ ਮਾਣ ਰਹੇ ਸਨ। ਪਟਨੇ ਦੀਆਂ ਗਲੀਆਂ ਵਿਚ ਸੁਨਾਟੇ ਨੂੰ ਚੀਰਦੀ ਹੋਈ ਪਹਿਰੇਦਾਰ ਦੀ ਗੂੰਜਦੀ ਆਵਾਜ਼ ( ਜਾਗਦੇ ਰਹੋ ) ਜਾਂ ਫੇਰ ਉਸ ਦੇ ਹਥ ਫੜਿਆ ਖੂੰਡਾ ਰਾਤ ਦੇ ਇਕੱਲ ਵਿਚ ਜਿਸ ਦੇ ਆਸਰੇ ਪਹਿਰੇਦਾਰ ਤੁਰਿਆ ਜਾ ਰਿਹਾ ਸੀ ਜਦ ਧਰਤੀ ਨਾਲ ਟਕਰਰਉਂਦਾ ਤਾਂ ਥੱਡ ਦੀ ਆਵਾਜ਼ ਪੈਦਾ ਕਰਦਾ ਸੀ। ਪਹਿਰੇਦਾਰ ਦੀ ਆਵਾਜ਼ ਤੋਂ ਕਈ  ਨੀਂਦ ਦੇ ਪ੍ਰੇਮੀ ਝੁੰਜਲਾ ਕੇ ਮੂੰਹ ਵਿਚ ਹੀ ਕੁਝ ਬੁੜ ਬੁੜ ਕਰਕੇ ਫੇਰ ਨੀਂਦ ਦੀ ਆਗੋਸ਼ ਵਿਚ ਚਲੇ ਜਾਂਦੇ। ਪਹਿਰੇਦਾਰ ਦਾ ਕੰਮ ਲੋਕਾਈ ਨੂੰ ਸੁਚੇਤ ਰਖਣ ਦਾ ਹੁੰਦਾ ਹੈ ਅਗੇ ਲੋਕਾਈ ਦੀ ਮਰਜ਼ੀ ਹੈ ਉਹਨਾ ਸੁਚੇਤ ਹੋਣਾ ਹੈ ਜਾਂ ਅਵੇਸਲੇ।
ਸਾਲਸ ਰਾਏ ਦੀ ਹਵੇਲੀ ਵਿਚੋਂ ਕੁਝ ਲੋ ਝੀਤਾਂ ਰਾਹੀਂ ਬਾਹਰ ਝਾਤ ਮਾਰਦੀ ਤੱਕਕੇ ਪਹਿਰੇਦਾਰ, ਕਿਊਂ? ਦਾ ਉਤਰ ਲੱਭਦਾ ਹੋਇਆ ਅਗੇ ਲੰਘ ਜਾਂਦਾ।  ਨਿਯਮ ਵਿਚ ਵੱਧਾ ਚੰਦ੍ਰਮਾ ਸੂਰਜ ਦੀ ਪੈੜ ਨੱਪਦਾ ਨੱਪਦਾ ਪਛਮ ਵਿਚ ਅਲੋਪ  ਗਿਆ। ਤਿਨ ਪਹਿਰ ਰਾਤ ਬੀਤ ਚੁਕੀ ਸੀ । ਸਿਤਾਰਿਆਂ ਦੀ ਦਿਸ਼ਾ ਦਸ ਰਹੀ ਸੀ ਕਿ ਸੂਰਜ ਦੇਵਤਾ ਵੀ ਆਪਣੇ ਜਾਹੋ ਜਲਾਲ ਨਾਲ ਕੁਝ ਹੀ ਸਮੇਂ ਵਿਚ ਹਾਜ਼ਰ ਹੋ ਜਾਵੇਗਾ। ਹਰ ਰੋਜ਼ ਦੀ ਤਰਾਂ੍ਹ ਪਸ਼ੂ ਪੰਛੀ ਵੀ ਨਿੱਘ ਦੇਣ ਵਾਲੇ ਦੇਵਤੇ ਦੀ ਤੀਬ੍ਰਤਾ ਨਾਲ ਉਡੀਕ ਕਰ ਰਹੇ ਸਨ।  ਕੁਝ ਹੀ ਸਮੇਂ ਵਿਚ ਉਹਨਾਂ ਨੂੰ ਕੱਕਰ ਤਂੋ ਛੁਟਕਾਰਾ ਮਿਲਣ ਵਾਲਾ ਸੀ ਦੀਵੇ ਦੀ ਲੋ ਵਿਚ ਪਿਲਤਣ ਘਟ ਕੇ ਸਫੇਦੀ ਆ ਗਈ ਸੀ ( ਅਧੀ ਰਾਤ ਤੋੰ ਉਪਰੰਤ ਦੀਵੇ ਦੀ ਲੋ ਵਿਚ ਸਫੇਦੀ ਆ ਜਾਂਦੀ ਹੈ) ਇਹ ਇਸ ਗੱਲ ਦੀ ਨਿਸ਼ਾਨੀ ਸੀ ਕਿ ਅੰਧੇਰੀ ਅਤੇ ਠਰੂਂ ਠਰੂਂ ਕਰਦੀ ਰਾਤ ਦਾ ਅੰਤ ਹੋਣ ਵਾਲਾ ਸੀ। ਘਰ ਦੇ ਵਸਨੀਕ ਦੀਵੇ ਦੀ ਲੋ ਵਿਚ ਕਿਸੇ ਸੂੱਭ ਘੱੜੀ ਦੀ ਉਡੀਕ ਕਰ ਰਹੇ ਸਨ। ਇਸ ਸ਼ੁਭ ਘੱੜੀ ਆਉਣ ਤੇ ਗੁਰੂ ਤੇਗ ਬਹਾਦਰ ਦੀ ਜੀਵਨ ਸਾਥਣ ਗੁਜਰੀ ਜੀ ਨੂੰ ਮਾਤ ਗੁਜਰੀ ਕਹਾਉਣ ਦਾ ਸੁਭਾਗ ਪ੍ਰਾਪਤ ਹੋਣਾ ਸੀ।
ਬੇਬੇ ਨਾਨਕੀ ਜੀ ਦੇ ਅੰਦਰ ਆਤਮੇਂ ਤੋਂ ਉਤਪਨ ਹੋ ਕੇ ਆਪਣੇ ਗੁਰੂ ਪਤੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵਾਕ ਬਾਰ ਬਾਰ ਯਾਦ ਆ ਰਹੇ ਸਨ।
" ਇਸ ਕੇ ਪੁਤ੍ਰ ਹੋਵੇ ਬਲਵੰਡ, ਤੇਜ ਪਰਚੰਡ ਧੁੰਦ ਖਲਖੰਡ "
ਗੁਜਰੀ ਜੀ ਨੂੰ ਕਈ ਸਾਲਾਂ ਦੀ ਲਗਨ ਅਤੇ ਅਕਾਲ ਪੁਰਖ ਦੇ ਦਰਬਾਰ ਤੇ ਭਰੋਸਾ ਸੀ। ਜਿਸ ਸੁਭਾਗੀ ਘੱੜੀ ਦੀ ਉਡੀਕ ਵਿਚ ਇਹ ਅੱਠ ਮੁਖੀਆ ਦੀਵਾ ਜਗਦਾ ਰਿਹਾ ਸੀ ਆਖਰ ਉਹ ਸ਼ੁੱਭ ਘੱੜੀ ਆ ਗਈ। ਦਾਈ ਨੇ ਬਾਲ ਦੀ ਸੰਭਾਲ ਕੀਤੀ ਅਤੇ ਮਾਤਾ ਨਾਨਕੀ ਜੀ ਨੂੰ ਵਧਾਈ ਦਿਤੀ। " ਬੇਬੇ ਜੀ ਵਧਾਈ ਹੋਵੇ ਤੁਸੀਂ ਦਾਦੀ ਜੀ ਬਣ ਗਏ ਹ।ੋ " 
ਬਾਲਕ ਦੇ ਚਹਿਰੇ ਵਲ ਤਕਦਿਆਂ ਹੀ ਬੇਬੇ ਨਾਨਕੀ ਜੀ ਵਜਦ ਵਿਚ ਆ ਗਏ। ਲੰਮੀ ਉਡੀਕ ਪੂਰੀ ਹੋਣ ਤੇ ਬੇਬੇ ਨਾਨਕੀ ਨੇ ਇੰਝ ਮਹਿਸੂਸ ਕੀਤਾ ਜਿਵੇਂ ਉਹਨਾਂ ਦਾ ਸਾਰਾ ਘਰ ਨੂਰੋ ਨੂਰ ਹੋ ਗਿਆ ਹੋਵੇ। ਆਪਣੇ ਪੁਤ੍ਰ ਗੁਰੂ ਤੇਗਬਹਾਦਰ ਦੇ ਜਨਮ ਤੋਂ ਬਾਅਦ ਕੋਈ ਪੰਜਤਾਲੀ ਸਾਲ ਬਾਅਦ ਉਹਨਾਂ ਦੇ ਘਰ ਵਿਚ ਇਕ ਨਵ ਜੀਵ ਆਇਆ ਸੀ। ਜਿਸ ਘਰ ਵਿਚ ਨਵ ਜੀਵ ਨਹੀਂ ਆਉਂਦਾ ਉਹ ਘਰ ਦੇ ਜੀਵ ਬੁਢੇ ਹੋ ਜਾਂਦੇ ਹਨ। ਜਿਸ ਕੌਮ ਦੀ ਬਾਗ -ਡੋਰ ਸੰਭਾਲਣ ਲਈ ਨੌਜਵਾਨ ਅਗੇ ਨਹੀਂ ਆਉਂਦੇ ਉਹ ਕੌਮ ਸਮੇਂ ਨਾਲੋਂ ਪਛੜ ਜਾਦੀ ਹੈ।
ਸੁੰਦਰ ਦੁਸ਼ਾਲੇ ਵਿਚ ਵਲ੍ਹੇਟ ਕੇ ਜਦ ਬਾਲਕ ਮਾਤਾ ਗੁਜਰੀ ਜੀ ਦੀ ਝੋਲੀ ਵਿਚ ਪਾਇਆ ਤਾਂ ਉਹਨਾਂ ਦੀ ਖੁਸ਼ੀ ਦਾ ਅੰਦਾਜ਼ਾ ਤਾਂ ਉਹ ਹੀ ਇਸਤ੍ਰੀ ਲਗਾ ਸਕਦੀ ਹੈ ਜਿਸ ਨੂੰ ਗ੍ਰਿਹਸਥ ਵਿਚ ਦਾਖਲ ਹੋਣ ਤੋਂ ਤੀਹ ਬੱਤੀ ਸਾਲ ਬਾਅਦ ਮਾਂ ਕਹਾਉਣ ਦਾ  ਸੁਭਾਗ ਪ੍ਰਾਪਤ ਹੋਇਆ ਹੋਵੇ। ਮਾਤਾ ਗੁਜਰੀ ਜੀ ਦੀਆਂ ਅਖੀਆਂ ਸ਼ਰਧਾ ਨਾਲ ਮੀਟੀਆਂ ਗਈਆਂ। ਮੰਨ ਹੀ ਮੰਨ ਵਿਚ ਉਹਨਾਂ ਨੇ ਆਪਣੇ ਵਡੇ ਵਡੇਰਿਆਂ ਨੂੰ ਯਾਦ ਕੀਤਾ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਚਲੋ ਦੇਰ ਨਾਲ ਹੀ ਸਹੀ ਉਸ ਦੀ ਕੁਖ ਨੂੰ ਵੀ ਭਾਗ  ਤਾਂ ਲੱਗਾ , ਹੁਣ ਉਸ ਨੂੰ ਕੋਈ ਬਾਂਝ ਨਹੀਂ ਕਹਿਗਾ। ਗ੍ਰਿਹਸਥ ਆਸ਼ਰਮ ਵਿਚ ਪ੍ਰਵੇਸ਼ ਕਰਨ ਉਪਰੰਤ ਪ੍ਰਫੁਲਤ ਹੋਇਆਂ ਦੋਵਾਂ ਜੀਵਾਂ ਦਾ ਸਤਕਾਰ ਵਧ ਜਾਂਦਾ ਹੈ। ਪ੍ਰਫੁਲਤ ਹੋਣ ਵਿਚ ਦੇਰ ਹੋ ਜਾਏ ਤਾਂ ਹੀਣਤਾ ਭਾਵ ਹਾਵੀ ਹੋ ਜਾਂਦੀ ਹੈ। ਇਸ ਸੰਸਾਰ ਨੁੰ ਹਰਿਆ ਭਰਿਆ ਰਖਣ ਲਈ ਨਵੀਆਂ ਕਰੂੰਬਲਾਂ ਦਾਂ ਆਉਣਾ ਜਰੂਰੀ ਹੈ।
ਪਹਿਰੇਦਾਰ ਨੇ ਆਪਣੀ ਫੇਰੀ ਸਮੇ ਇਸ ਹਵੇਲੀ ਵਿਚੋਂ ਝੀਤਾ ਰਾਹੀਂ ਬਾਹਰ ਆਉਂਦੀ ਲੋ ਨੂੰ  ਦੇਖਿਆ ਸੀ। ਆਪਣੈ ਕੰਮ ਤੋਂ ਫਾਰਗ ਹੋ ਕੇ ਉਸਨੇ ਇਕ ਵੇਰ ਫਿਰ ਉਸ ਹਵੇਲੀ ਕੋਲ ਦੀ ਲੰਘਣ ਦਾ ਮਨ ਬਣਾ ਲਿਆ। ਜਦ ਉਹ ਉਸ ਹਵੇਲੀ ਪਾਸ ਆਇਆ ਤਾਂ ਉਸ ਦੇਖਿਆ ਦੀਵੇ ਦੀ ਲੋ ਹਾਲੇ ਵੀ ਝੀਤਾਂ ਥਾਣੀ ਬਾਹਰ ਝਾਤ ਮਾਰ ਰਹੀ ਸੀ। ਇਕ ਤਾਂ ਸਾਰੀ ਰਾਤ ਘੀ ਦਾ ਦੀਵਾ ਬਲਦਾ ਰਿਹਾ ਸੀ ਦੂਸਰਾ ਬੇਬੇ ਨਾਨਕੀ ਜੀ ਨੇ ਘਰ ਵਿਚ ਖੁਸ਼ੀ ਆਉਣ ਤੇ ਧੂਫ ਧੁਖਾਈ ਸੀ ਵਾਤਾ ਵਰਣ ਸੁਗੰਦਤ ਸੀ।। ਹਵੇਲੀ ਦੇ ਅੰਦਰੋਂ ਵਧਾਈਆਂ ਦੀਆਂ ਆਵਾਜ਼ਾ ਆ ਰਹੀਆਂ ਸਨ। ਲਾਗੇ ਆਏ ਪਹਿਰੇਦਾਰ ਨੂੰ ਬੜੀ ਹੀ ਮਧੁਰ ਸੁਰ ਵਿਚ ਇਕ ਜ਼ਨਾਨਾ ਆਵਾਜ਼ ਸੁਣਾਈ ਦਿਤੀ।
                                    " ਪਰਮੇਸ਼ਰ ਦਿਤਾ ਬਨਾ ॥ ਦੁਖ ਰੋਗ ਕਾ ਡੇਰਾ ਭਨਾ॥
                                     ਅਬ ਸੁਖੀ ਵਸੋ ਨਰ ਨਾਰੀ॥ ਹਰ ਹਰ ਪ੍ਰਭ ਕ੍ਰਿਪਾ ਧਾਰੀ ॥"
ਪਹਿਰੇਦਾਰ ਸਮਝ ਗਿਆ ਕਿ ਰਾਤ ਭਰ ਦੀਵਾ ਬਲਣ ਦਾ ਕਾਰਨ ਨਵ ਜੀਵ ਦੀ ਆਮਦ ਦੀ ਉਡੀਕ ਸੀ, ਜਿਸ ਦੀ ਆਮਦ ਤੇ ਬੇਬੇ ਜੀ ਅਕਾਲ ਪੁਰਖ ਦਾ ਸ਼ੁਕਰਾਨਾਂ ਕਰ ਰਹੇ ਸਨ। ਉਸਦਾ ਮਨ ਖੁਸ਼ੀ ਵਿਚ ਝੂੰਮ ਉਠਿਆ । ਸੋਚਿਆ ਦਿਨ ਚੜ੍ਹੈ ਵਧਾਈ ਦੇਣ ਆਵਾਂਗਾ। ਉਸ ਵਿਚਾਰੇ ਨੂੰ ਇਹ ਥੋੜੀ੍ਹ ਪਤਾ ਸੀ ਕਿ ਵਧਾਈ ਦਾ ਪਾਤ੍ਰ ਤਾਂ ਉਹ ਆਪ ਵੀ ਹੈ। ਇਹ ਤਾਂ ਉਸ ਦਾ ਇਕ ਸਾਥੀ ਪਹਿਰੇਦਾਰ ਹੀ ਆਇਆ ਸੀ ਪਰ ਉਸਤੋਂ ਕਿਤੇ ਵਡਾ। ਉਹ ਤਾਂ ਲੋਕਾਂ ਦੇ ਧੰਨ ਅਤੇ ਮਾਲ ਦੀ ਰਾਖੀ ਲਈ ਲੋਕਾਂ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦਾ ਸੀ। ਇਹ ਵਡਾ ਪਹਿਰੇਦਾਰ ਤਾਂ ਮਾਨਵੀ ਹਕਾਂ ਦੀ ਰਾਖੀ ਲਈ ਲੋਕਾਈ ਨੂੰ ਜਗਾਈ ਹੀ ਨਹੀਂ ਰਖਿਗਾ ਬਲਕਿ ਜਨਸਾਧਾਰਨ ਨੂੰ ਇਨਾ ਬਲਵਾਨ ਬਣਾ ਦੇਵੇਗਾ ਕਿ ਹਕਾਂ ਤੇ ਛਾਪਾ ਮਾਰਨ ਤੋਂ ਪਹਿਲਾਂ ਜਾਬਰ ਸੋਚਣ ਤੇ ਮਜਬੂਰ ਹੋ ਜਾਵੇ।
ਚੰਦ੍ਰਮਾ ਨੇ ਤਾਂ ਮਿਥੇ ਵਿਧਾਨ ਅਨੁਸਾਰ ਜਾਣਾ ਹੀ ਜਾਣਾ ਸੀ ਪਰ ਉਸਨੂੰ ਇਹ ਥੋੜਾ  ਗਿਆਨ ਸੀ ਕਿ ਵਿਧਾਤਾ ਉਸ ਰਾਤ ਉਸ ਨੂੰ ਅਮਰ ਪਦਵੀ ਪ੍ਰਦਾਨ ਕਰਨ ਵਾਲਾ ਸੀ। ਪੋਹ ਸ਼ੁਦੀ ਸਤਵੀਂ ਦੇ ਚੰਦ੍ਰਮਾਂ ਦੀ ਸ਼ੀਘਰਤਾ ਨਾਲ ਉਡੀਕ ਹੋਇਆ ਕਰਿਗੀ। ਇਲਾਹੀ ਬਾਣੀ ਦੇ ਕੀਰਤਨ ਦਰਬਾਰ ਸੱਜਿਆ ਕਰਨ ਗੇ। ਪੋਹ ਸ਼ੁਦੀ ਸਤਵੀਂ ਦਾ ਚੰਦਰਮਾਂ ਇਕ ਮੀਲ ਪੱਥਰ ਹੋ ਨਿਬੜੇਗਾ।
ਪਟਨਾ ਜੋ ਕਦੇ ਮੌਰੀਆ ਖਾਨਦਾਨ ਦਾ ਰਾਜ-ਸੱਤਾ ਦਾ ਚਿੰਨ ਹੁੰਦਾ ਸੀ। ਸਮਰਾਟ ਅਸ਼ੋਕ ਦੇ ਅਖਾਂ ਮੀਟਦਿਆਂ ਉਸਦੀ ਤਕਦੀਰ ਵੀ ਸੌਂ ਗਈ ਸੀ। ਪਟਨਾ ਸ਼ਹਿਰ ਨੂੰ ਵੀ ਇਸ ਦਾ ਕੋਈ ਗਿਆਨ ਨਹੀਂ ਸੀ ਕਿ ਉਸਦੀ ਤਕਦੀਰ ਕਰਵੱਟ ਲੈਣ ਵਾਲੀ ਸੀ। ਆਉਣ ਵਾਲੇ ਸਮੇ ਵਿਚ ਉਸਨੂ ਸਤਕਾਰ ਨਾਲ  ਪਟਨਾ ਸਾਹਿਬ ਕਿਹਾ ਜਾਵਿਗਾ। ਸੰਗਤਾਂ ਦੇਸ਼ਾਂ ਪਰਦੇਸ਼ਾਂ ਚੋਂ ਉਸ ਦੇ ਦਵਾਰ ਤੇ ਸਿਜਦਾ ਕਰਨ ਆਇਆ ਕਰਨਗੀਆਂ । ਪਟਨਾ ਸਾਹਿਬ ਦੇ ਨਾਮ ਨਾਲ ਉਸ ਨੂੰ ਕਦੇ ਵੀ ਨਾ ਮਿਟਣ ਵਾਲੀ ਪ੍ਰਸਿਧੀ ਪ੍ਰਾਪਤ ਹੋ ਜਾਵੇਗੀ।
। ਪਸ਼ੂ ਪੰਛੀਆਂ ਦੇ ਜੀਵਨ ਵਿਚ ਹਰ ਰੁਤੇ ਬਾਰਾਂ ਘੰਟਿਆਂ ਦੇ ਅੰਦਰ ਅੰਦਰ  ਅਦਲਾ ਬਦਲੀ ਆ ਜਾਂਦੀ ਹੈ। ਬਨਸਪਤ  ਨੂੰ ਬਾਰਾਂ ਮਹੀਨੇ ਲਗਦੇ ਹਨ ਹਰੀਆਂ ਹਰੀਆਂ ਕਰੂੰਬਲਾਂ ਤੋਂ ਸ਼ੁਰੂ ਹੋਇਆ ਸਫਰ ਪੱਤ ਝੜ ਦੀ ਸੁਨ ਮਸਾਨ ਤੋਂ ਬਾਅਦ ਫੇਰ ਹਰਿਆ ਭਰਿਆ ਹੋਣ ਲਈ। ਰੁੰਡ ਮਰੁੰਡ ਟਾਹਣੀਆਂ ਫੁਲਾਂ ਨਾਲ ਲਦ ਜਾਦੀਆਂ ਹਨ।  ਹਰੀਆਂ ਹਰੀਆਂ ਪੱਤੀਆਂ ਵਿਚ ਪੰਛੀ ਕਲੋਲ ਕਰਨ ਲਗ ਜਾਂਦੇ ਹਨ। ਪਰ ਆਪਣੇ ਆਪ ਨੂੰ ਸਭ ਸ੍ਿਰਸ਼ਟੀ ਦਾ ਸਰਦਾਰ ਗਿਣਨ ਵਾਲਾ ਮਨੁਖ ਜਦ ਗਿਰਾਵਟ ਵਿਚ ਚਲਿਆ ਜਾਂਦਾ ਹੈ ਤਾਂ ਗੁਲਾਮੀ ਕਬੂਲਦਾ ਕਬੂਲਦਾ ਇਨਾ ਡੰ੍ਹੂਘਾ ਨਿਘਰ ਜਾਂਦਾ ਹੈ ਕਿ ਬਾਰਾਂ ਸਾਲ ਤਾਂ ਇਕ ਪਾਸੇ ਕਈ ਵੇਰ ਤਾਂ ਬਾਰਾਂ ਪੀੜ੍ਹੀਆਂ ਗੁਜ਼ਰਨ ਤਕ ਵੀ ਉਹ ਉਸ ਜਿਲ੍ਹਣ ਵਿਚ ਥਲੇ ਹੀ ਥਲੇ ਧੱਸਦਾ ਜਾਂਦਾ ਹੈ। ਭਾਰਤ ਦੀ ਹਾਲਤ ਵੀ ਕੁਝ ਇਹੋ ਜਿਹੀ ਸੀ। ਸਦੀਆਂ ਦੀ ਗੁਲਾਮੀ ਕਾਰਨ ਜਨਸਾਧਾਰਨ ਆਪਣਾ ਮਨੋਬਲ ਹਾਰ ਚੁਕਾ ਸੀ। ਇਤਹਾਸ ਦੀ ਥਾਂ੍ਹ ਮਿਥਹਾਸ ਦਾ ਬੋਲ ਬਾਲਾ ਸੀ। ਮਿਥਹਾਸ ਦੀਆਂ ਨੀਹਾਂ ਤੇ ਉਸਾਰਿਆ ਹੋਇਆ ਸਮਾਜ ਕਮਜ਼ੋਰ ਅਤੇ ਸਾਹਸਹੀਣ ਹੁੰਦਾ ਹੇ। ਜਾਬਰ ਅਤੇ ਮਜਬੂਰ ਵਿਚ ਵੰਡਿਆ ਹੋਇਆਂ ਹੁੰਦਾ ਹੈ। ਬਚਪਨ ਤੋਂ ਮਾਂ ਤੋਂ ਸੁਣੀਆਂ ਮਿਥਹਾਸਕ ਬਾਤਾਂ ਉਸ ਦਾਂ ਜੀਵਨ ਧੁਰਾ ਬਣ ਜਾਂਦੀਆਂ ਹਨ। ਬੜੇ ਹੋ ਕੇ ਜਦ ਇਹ ਬਾਲਕ ਜਨਸਾਧਾਰਨ ਦਾ ਹਿਸਾ ਬਣਦੇ ਹਨ ਤਾਂ ਇਹਨਾਂ ਦੀ ਨੱਥ ਮਿਥਹਾਸ ਦੇ ਹੱਥ ਹੁੰਦੀ ਹੈ ,ਜੋ ਵਰਾਂ ਅਤੇ ਸੱਰਾਪਾਂ ਦੇ ਤੁਣਕਿਆਂ ਨਾਲ ਇਹਨਾਂ ਨੂੰ ਪਾਖੰਡੀ ਸਾਧਾ ਦੇ ਡੇਰਿਆਂ ਵਲ ਲੈ ਤੁਰਦਾ ਹੈ। ਅਗੋਂ ਸਾਧਾਂ ਦੇ ਡੇਰਿਆਂ ਤੋਂ ਮਿਥਹਾਸਕ ਸਬਕ ਹੋਰ ਪਕਾ ਕਰਾਇਆ ਜਾਂਦਾ ਹੈ, ਫਲਸਰੂਪ ਜਨਸਾਧਾਰਨ ਆਪਣਾ ਮਨੋਬਲ ਗਵਾ ਕੇ ਸਭ ਕਿਸਮਤ ਤੇ ਛਡਦਾ ਹੋਇਆ ਵਰ ਪਰਾਪਤ ਕਰਨ ਲਈ ਪਾਖੰਡੀ ਸਾਧਾਂ ਦੇ ਚਰਨ ਪਰਸਦਾ ਹੈ ਅਤੇ ਇਹਨਾ ਦੇ ਸਰਾਪਾਂ ਤੋ ਡਰਦਾ ਇਹਨਾਂ ਪਾਖੰਡੀਆਂ ਦੀ ਹਰ ਜਾਇਜ਼ ਨਾਜਾਇਜ਼ ਮੰਗ ਅੱਗੇ ਗੋਡੇ ਟੇਕ ਦਿੰਦਾ ਹੈ। ਇਸ ਸੁਭਾ ਨੇ ਜ਼ਾਤ ਪਾਤ ਦੀ ਜਕੜ ਨੂੰ ਅਣਟੁਟ ਰਖਣ ਲਈ ਬੜੀ ਭੂਮਕਾ ਨਿਭਾਈ ਸੀ। ਅਜ ਦੇ ਲੋਕ ਤੰਤਰ ਵਿਚ ਇਹ ਸਾਧਾਂ ਦੇ ਡੇਰੇ ਸਿਆਸਤਦਾਨਾਂ ਵਲੌ ਲੋਕਾਈ ਨੂੰ ਬੁਧੂ ਬਣਾਈ ਰਖਣ ਵਿਚ ਚੋਖੀ ਭੁਮਕਾ ਨਿਭਾ ਰਹੇ ਹਨ
ਜਦ ਕੋਈ ਰੋਕ ਟੋਕ ਨਾ ਹੋਵੇ ਤਾਂ ਜਬਰ ਜਨਮ ਲੈਂਦਾ ਹੈ। ਕੁਝ ਸਮਾਂ ਬੇ ਰੋਕ ਟੋਕ ਰਹਿਣ ਉਪਰੰਤ ਜਾਬਰ ਸਭ ਹਦਾਂ ਬੰਨੇ ਟਪ ਜਾਂਦਾ ਹੈ। ਹਾਕਮ ਤੱਬਕੇ ਦੀ ਔਲਾਦ ਵੀ ਮਨ ਮਾਨੀਆਂ ਕਰਨ ਲਗ ਜਾਂਦੀ ਹੈ। ਕਿਸੇ ਦੀ ਵੀ ਜਾਨ ਮਾਲ ਆਬਰੂ ਮਹਿਫੂਜ਼ ਨਹੀਂ ਰਹਿੰਦੀ।  ਹਰ ਪਾਸੇ ਹਾ ਹਾ ਕਾਰ ਮਚ ਜਾਦੀ ਹੈ
ਤਾਂ ਫੇਰ ਕੋਈ ਦੇਵੀ ਪੁਰਸ਼ ਇਸ ਮੰਚ ਤੇ ਆਉਂਦਾ ਹੈ।
   ਭਾਈ ਗੁਰਦਾਸ ਜੀ ਲਿਖਦੇ ਹਨ ਕਿ " ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਓ "
ਗੁਰੂ ਨਾਨਕ ਜੀ ਨੇ ਦੇਸ਼ ਦਿਸ਼ਾਂਤਰਾਂ ਦਾ ਰਟਨ ਕੀਤਾ ਵਕਤ ਦੇ ਹਿੰਦੂ ਧਰਮ ਅਸਥਾਨਾਂ ,ਬੋਧੀਆਂ ਦੇ ਮਠਾਂ ਤੇ ਅਤੇ ਮੁਸਲਮ ਭਾਈ ਚਾਰੇ ਦੇ ਮਜਹਬੀ ਠਿਕਾਣਿਆਂ ਤੇ ਪੁਜੇ। ਹਰ ਥ੍ਹਾਂ ਤੇ ਜਾ ਕੇ ਭਰਮ, ਵਹਿਮ ,ਪਾਖੰਡ  ਅਤੇ ਜਬਰ ਦੇ ਖਿਲਾਫ ਬੜੀ ਹੀ ਦਲੇਰੀ ਨਾਲ ਆਵਾਜ਼ ਬਲੰਦ ਕੀਤੀ। ਜਨ ਸਾਧਾਰਨ ਵਿਚ ਵਿੱਚਰਕੇ ਉਸਨੂੰ ਸੂਝਵਾਨ ਬਣਾਉਣ ਦਾ ਬੀੜਾ ਚੁੱਕਿਆ। ਪੂਰਬ ਦਾ ਪ੍ਰਸਿਧ ਸ਼ਾਇਰ ਇਲਾਮਾ ਇਕਬਾਲ ਆਪਣੀ ਇਤਹਾਸਕ ਨਜ਼ਮ ਵਿਚ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਬਾਰੇ ਬੜੇ ਸਤਕਾਰ ਨਾਲ ਇਕ ਸ਼ੇਅਰ ਇਵੇਂ ਕਲਮ ਬੰਦ ਕਰਦਾ ਹੈ।
                  "   ਫਿਰ ਉਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਰਦ-ਏ-ਕਾਮਲ ਨੇ ਜਗਾਇਆ ਖ਼ਾਬ ਸੇ। "
ਸਦੀਆਂ ਤੋਂ ਰਜਵਾੜਾ ਸ਼ਾਹੀ ਦਵਾਰਾ ਅਤੇ ਜ਼ਾਤ ਪਾਤ ਦੇ ਬੰੰਧਨਾ ਵਿਚ ਜੱਕੜੀ ਹੋਈ ਲੁਕਾਈ ਲਈ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਕੁਝ ਸਾਲ ਕਾਫੀ ਨਹੀਂ ਸਨ ਇਸੇ ਲਈ ਬਾਬਾ ਨਾਨਕ ਜੀ  ਨੇ ਆਪਣੇ ਹੁੰਦਿਆਂ ਹੋਇਆਂ ਹੀ ਗੁਰੂ ਅੰਗਦ ਦੇਵ ਜੀ ਨੂੰ ਇਸ ਮਿਸ਼ਨ ਦੀ ਵਾਗ ਡੁਰ ਸੰਭਾਲ ਦਿਤੀ।
ਇਕ ਨਿਰਵੈਰ ਸਮਾਜ ਦੀ ਉਸਾਰੀ ਸ਼ੁਰੂ  ਹੋ ਗਈ ਅਤੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਉਪਰੰਤ  ਗੁਰੂ ਹਰਗੋਬਿੰਦ ਜੀ ਨੇ ਇਸ ਨਿਰਵੈਰ ਸਮਾਜ ਨੂੰ ਨਿਰਭੋ ਬਣਾਉਣਾ ਸ਼ੁਰੂ ਕਰ ਦਿਤਾ।  ਨੋਵੇਂ ਨਾਨਕ ਗੁਰੂ ਤੇਗਬਹਾਦਰ ਜੀ ਨੇ ਵੀ ਬੜੀ ਹੀ ਨਿਰਭੈਤਾ ਨਾਲ ਦੂਰ ਦੁਰਾਡੇ ਤਕ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕੀਤਾ।
ਉਸ ਨਿਰਭੈਤਾ ਦਾ ਸਬੂਤ ਭਾਈ ਮਤੀ ਦਾਸ ਭਾਈ ਜਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਹਨ।
ਕੁਰੂਖਸ਼ੇਤਰ ਦੇ ਮੈਦਾਨ ਵਿਚ ਸੀ੍ਰ ਕ੍ਰਿਸ਼ਨ ਜੇ ਅਰਜਣ ਨੂੰ ਯੁਧ ਲਈ ਪ੍ਰੇਰਨਾ ਦਿੰਦੇ ਹੋਏ ਆਖਦੇ ਹਨ। " ਸੁਣੋ ਭਾਰਤ। ਜਦ ਜਦ ਇਸ ਸੰਸਾਰ ਵਿਚ ਪਾਪ ਦਾ ਪਸਾਰਾ ਹੁੰਦਾ ਹੈ , ਅਤਿਆਚਾਰ ਹੁੰਦਾ ਹੈ। ਤਦ ਮੈਂ ਹਰ ਯੁਗ ਵਿਚ ਹਰ ਜ਼ਮਾਨੇ ਵਿਚ ਜ਼ਾਲਮਾਂ ਪਾਪੀਆਂ ਦਾ ਨਾਸ਼ ਕਰਨ ਲਈ ਅਤੇ ਧਰਮ ਦੀ ਰਖਿਆ ਲਈ  ਆਪਣੇ ਆਪ ਨੂੰ ਸਿਰਜਣ ਕਰਦਾ ਹਾਂ। "
ਗੁਰੂ ਗੋਬਿੰਦ ਸਿੰਘ ਜੀ ਆਪਣੇ ਮਿਸ਼ਨ ਬਾਰੇ ਆਖਦੇ ਹਨ।
" ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨ ਪਕਰ ਪਛਾਰੋ॥ 
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਪੰਥ ਉਬਾਰਨ। ਦੁਸ਼ਟ ਸਭਨ ਕੋ ਮੂਲ ਉਪਾਰਨ॥
ਦੋਵਾਂ ਵਿਚ ਇਕ ਅੰਤਰ ਹੈ ਕ੍ਰਿਸ਼ਨ ਜੀ ਆਪਣੇ ਆਪ ਨੂੰ ਭਗਵਾਨ ਆਖਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ।
" ਜ ੋਹਮ ਕੋ ਪਰਮੇਸ਼ਰ ਉਚਰਿ ਹੈਂ ॥ ਤੇ ਸਭ ਨਰਕ ਕੁੰਡ ਮਹਿ ਪਰਿ ਹੈਂ॥"
ਆਪਣੇ ਮਿਸ਼ਨ ਦੀ ਪੂਰਤੀ ਲਈ 30 ਮਾਰਚ ਸੰਨ 1699 ਨੁੰ ਕੋਹ ਸ਼ਿਵਾਲਕ ਦੀ ਪਹਾੜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵੰਗਾਰ ਨੁੰ  ਬੜੇ ਸੁੰਦਰ ਸ਼ਬਦਾਂ ਵਿਚ ਇਕ ਕਵੀ ਦੀਆਂ ਲਿਖੀਆਂ ਲਾਈਨਾਂ ਨਾਲ ਮੈਂ ਸਮੁਚੇ ਸੰਸਾਰ ਨੁੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲਖ ਲਖ  ਵਧਾਈਆਂ ਪੇਸ਼ ਕਰਦਾ ਹਾਂ।
" ਆ ਉਰਾਂ ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲਿਆ, ਅਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਦੇਖਣਾ।
ਤੇਰੇ ਨਿਰਬਲ ਡੌਲਿਆ ਵਿਚ ਪਾ ਕੇ ਹਿਮੰਤ ਦੀ ਕਣੀ, ਤੇਰੇ ਹਥੋਂ ਦੇਸ਼ ਦਾ ਦੁਖ ਦੂਰ ਹੁੰਦਾ ਦੇਖਣਾ।
ਬਾਲ ਕੇ ਜੋਤੀ ਹਨੇਰੇ ਵਿਚ ਦਇਆ ਤੇ ਧਰਮ ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਦੇਖਣਾ