ਜਨਰਲ ਮੋਹਨ ਸਿੰਘ ਅਤੇ ਕਾੜ੍ਹਨੀ ਦਾ ਦੁੱਧ (ਪਿਛਲ ਝਾਤ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੰਨ 47 ਦੇ ਬਟਵਾਰੇ ਕਾਰਨ ਪਹਿਲਾਂ ਤਾਂ ਪੰਜਾਬ ਵਿਚ ਕਤਲੋ ਗਾਰਤ ਦਾ ਬਜ਼ਾਰ ਗਰਮ ਰਿਹਾ ਤੇ ਫਿਰ ਰਫਿਊਜੀਆਂ ਦੀ ਆਵਜਾਈ ਸ਼ੁਰੂ ਹੋ ਗਈ, ਜਿਸ ਕਰਕੇ ਸਕੂਲ ਛੇ ਸੱਤ ਮਹੀਨੇ ਬੰਦ ਹੀ ਰਹੇ ਸਨæ ਪੰਜਾਬ ਯੂਨੀਵਰਸਿਟੀ ਤਾਂ ਲਾਹੌਰ ਵਿਚ ਰਹਿ ਗਈ ਸੀ ਤੇ ਪੂਰਬੀ ਪੰਜਾਬ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਦਫਤਰ ਸੋਲਨ ਵਿਚ ਬਣ ਰਹੇ ਸਨ ਜਿਸ ਕਰਕੇ ਸੰਨ 48 ਵਿਚ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਤਾਂ ਹੋਈਆਂ ਹੀ ਨਹੀਂ ਸਨ ਅਤੇ ਸਕੂਲੀ ਪ੍ਰੀਖਿਆਵਾਂ ਵੀ ਲੇਟ ਹੀ ਹੋਈਆਂ ਸਨæ ਵਿਦਿਆਰਥੀਆਂ ਨੂੰ ਇਹ ਦੋ ਸਾਲ ਪੜ੍ਹਾਈ ਦਾ ਸਮਾਂ ਘਟ ਮਿਲਿਆæ ਸੰਨ 48 ਵਿਚ ਹੀ ਸਾਡੇ ਸਕੂਲ ਵਿਚ ਇਕ ਫੋਜੀ ਕੈਂਪ ਲੱਗ ਗਿਆ, ਉਦੋਂ ਮੈਂ ਛੇਵੀਂ ਜਮਾਤ ਵਿਚ ਪੜ੍ਹਦਾ ਸੀ æ ਸਕੂਲ ਦੇ ਮਗਰਲੇ ਪਾਸੇ, ਬੋਰਡਿੰਗ ਹਾਊਸ ਦੇ ਕੋਲ, ਖਾਲੀ ਪਈ ਜ਼ਮੀਨ ਵਿਚ ਪੱਚੀ ਤੀਹ ਫੌਜੀ ਟੈਂਟ ਲੱਗ ਹੋਏ ਸਨ, ਜਿਸ ਨੂੰ ਅਜ਼ਾਦ ਹਿੰਦ ਫੌਜ ਦਾ ਕੈਂਪ ਕਹਿੰਦੇ ਸਨæ 
   ਅਜ਼ਾਦ ਹਿੰਦ ਫੌਜ ਦੂਸਰੀ ਸੰਸਾਰ ਜੰਗ ਵੇਲੇ ਬਣੀ ਸੀæ ਭਾਰਤ ਵਿਚ ਅਜ਼ਾਦੀ ਲਹਿਰ ਤਾਂ ਪਹਿਲਾਂ ਹੀ ਜੋਰਾਂ 'ਤੇ ਸੀ ਪਰ ਜਦੋਂ ਸੰਸਾਰ ਜੰਗ ਅਰੰਭ ਹੋਈ ਤਾਂ ਭਾਰਤ ਨੂੰ ਅਜ਼ਾਦ ਕਰਾਉਣ ਲਈ ਜਦੋ ਜਹਿਦ ਹੋਰ ਤੇਜ਼ ਹੋ ਗਈæ ਜੇ ਭਾਰਤ ਅੰਦਰ ਕਾਂਗਰਸ ਵੱਲੋਂ 'ਅੰਗ੍ਰੇਜ਼ੋ ਭਾਰਤ ਛੱਡ ਜਾਓ' ਦਾ ਅੰਦੋਲਨ ਅਰੰਭ ਹੋ ਗਿਆ ਸੀ ਤਾਂ ਬਾਹਰਲੇ ਦੇਸ਼ਾਂ ਵਿਚ ਵੀ ਦੇਸ਼ ਭਗਤਾਂ ਵੱਲੋਂ ਆਪਣੇ ਅਜ਼ਾਦੀ ਦੇ ਘੋਲ਼ ਨੂੰ ਤੇਜ਼ ਕਰ ਦਿੱਤਾ ਗਿਆ ਸੀæ
   ਦੂਜੀ ਸੰਸਾਰ ਜੰਗ ਵਿਚ eਕਿ ਪਾਸੇ ਜਰਮਨੀ, ਜਪਾਨ ਤੇ ਇਟਲੀ ਆਦਿ ਦੇਸ਼ ਸਨ ਅਤੇ ਦੂਜੇ ਪਾਸੇ ਇੰਲੈਂਡ, ਫਰਾਂਸ ਤੇ ਅਮ੍ਰੀਕਾ ਆਦਿ ਦੇਸ਼ ਸਨæ ਪਿੱਛੋਂ ਰੂਸ ਨੂੰ ਵੀ ਮਜਬੂਰਨ ਇਨ੍ਹਾਂ ਦਾ ਸਾਥ ਦੇਣਾ ਪਿਆ ਸੀæ  ਇਨ੍ਹਾਂ ਦੀਆਂ ਫੌਜਾਂ ਨੂੰ ਇਤਹਾਦੀ ਫੌਜਾਂ ਕਿਹਾ ਜਾਂਦਾ ਸੀæ ਭਾਰਤ ਅੰਗ੍ਰੇਜ਼ਾਂ ਦਾ ਗ਼ੁਲਾਮ ਹੋਣ ਕਰਕੇ ਭਾਰਤੀ ਫੌਜ ਇਤਹਾਦੀ ਫੌਜਾਂ ਦੇ ਹੱਕ ਲੜ ਰਹੀ ਸੀæ ਕੋਈ ਸੱਤਰ ਹਜ਼ਾਰ ਦੇ ਕਰੀਬ ਭਾਰਤੀ ਫੌਜ ਮਲਾਇਆ, ਸਿੰਘਾਪੁਰ ਵਿਚ ਹੀ ਜਪਾਨੀ, ਜਰਮਨ ਫੌਜਾਂ ਦੇ ਵਿਰੁੱਧ ਲੜ ਰਹੀ ਸੀæ ਜਦੋਂ ਜਪਾਨੀਆਂ ਦਾ ਸਿੰਘਾਪੁਰ ਉਪਰ ਕਬਜ਼ਾ ਹੋ ਗਿਆ ਤਾਂ ਇਤਹਾਦੀ ਫੌਜੀਆਂ ਨੂੰ ਬੇਹਥਿਆਰ ਕਰਕੇ ਜੰਗੀ ਕੈਦੀ ਬਣਾ ਲਿਆ ਗਿਆ ਜਿਨ੍ਹਾਂ ਵਿਚ 55000 ਹਜ਼ਾਰ ਦੇ ਕਰੀਬ ਭਾਰਤੀ ਫੌਜੀ ਵੀ ਸਨæ ਉਹਨਾਂ ਵਿਚ ਕੈਪਟਨ ਮੋਹਣ ਸਿੰਘ ਵੀ ਸੀæ ਇਸ ਕੈਪਟਨ ਮੋਹਣ ਸਿੰਘ ਨੇ ਜਪਾਨ ਸਰਕਾਰ ਨਾਲ ਸੰਧੀ ਕਰਕੇ ਅਜ਼ਾਦ ਹਿੰਦ ਫੌਜ ਦਾ ਗਠਨ ਕਰ ਲਿਆæ ਬਹੁਤ ਸਾਰੇ ਭਾਰਤੀ ਜੰਗੀ ਕੈਦੀ ਅਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋ ਗਏæ ਜਪਾਨ ਸਰਕਾਰ ਨੇ ਸ। ਮੋਹਣ ਸਿੰਘ ਨੂੰ ਜਨਰਲ ਦੀ ਉਪਾਧੀ ਦੇ ਕੇ ਅਜ਼ਾਦ ਹਿੰਦ ਫੌਜ ਦੀ ਕਮਾਨ ਸੰਭਾਲ ਦਿੱਤੀæ ਅਜ਼ਾਦ ਹਿੰਦ ਫੌਜ ਨੇ ਜਪਾਨੀ ਫੌਜ ਨਾਲ ਮਿਲ ਕੇ ਇਤਹਾਦੀ ਫੌਜਾਂ ਦੇ ਬਰਖਲਾਫ ਲੜਾਈ ਅਰੰਭ ਕਰ ਦਿੱਤੀ ਤਾਂ ਜੋ ਅੰਗ੍ਰੇਜ਼ਾਂ ਨੂੰ ਹਰਾ ਕੇ ਦੇਸ਼ ਅਜ਼ਾਦ ਕਰਵਾਇਆ ਜਾ ਸਕੇæ ਕੁਝ ਸਮੇਂ ਮਗਰੋਂ ਇਸ ਫੌਜ ਦੀ ਕਮਾਂਡ ਸੁਭਾਸ਼ ਚੰਦਰ ਬੋਸ ਦੇ ਹੱਥ ਦੇ ਦਿੱਤੀ ਗਈ ਅਤੇ ਫੌਜ ਦਾ ਨਾਮ ਇੰਡੀਅਨ ਨੈਸ਼ਨਲ ਆਰਮੀ ਜਾਂ ਆਈ। ਐਨ। ਏ। ਹੋ ਗਿਆ ਸੀæ
   ਸੰਨ 1945 ਵਿਚ ਇਤਹਾਦੀ ਫੌਜਾਂ ਨੇ ਜਪਾਨ ਤੇ ਜਰਮਨੀ ਨੂੰ ਹਰਾ ਕੇ ਦੂਸਰੀ ਸੰਸਾਰ ਜੰਗ ਜਿੱਤ ਲਈæ ਹਾਰੇ ਹੋਏ ਦੇਸ਼ਾਂ ਉਪਰ ਮਨ ਮਰਜ਼ੀ ਦੇ ਸਮਝੌਤੇ ਠੋਸ ਕੇ ਉਹਨਾਂ ਦੇਸ਼ਾਂ ਦੇ ਫੌਜੀ ਜਵਾਨਾਂ ਨੂੰ ਉਹਨਾਂ ਦੇ ਦੇਸ਼ਾਂ ਵੱਲ ਤੋਰ ਦਿੱਤਾ ਪਰ ਆਈ। ਐਨ। ਏ। ਦੇ ਫੌਜੀ ਜਵਾਨਾਂ ਨੂੰ ਬੰਦੀ ਬਣਾ ਕੇ ਜੰਗੀ ਕੈਦੀਆਂ ਦੇ ਰੂਪ ਵਿਚ ਭਾਰਤ ਲਿਆਂਦਾ ਗਿਆ ਅਤੇ ਉਹਨਾਂ ਉਪਰ ਮੁਕੱਦਮੇ ਚੱਲਾਏæ ਭਾਵੇਂ ਕਿ ਪੰਡਤ ਜਵਾਹਰ ਲਾਲ ਨਹਿਰੂ ਜਿਹੇ ਚੋਟੀ ਦੇ ਵਕੀਲਾਂ ਨੇ ਉਹਨਾਂ ਦੇ ਮੁਕਦਮਿਆਂ ਦੀ ਪੈਰਵਾਈ ਕੀਤੀæ ਪਰ ਉਹਨਾਂ ਉਪਰ ਮੁਕਦਮੇ ਚਲਾਉਣ ਵਾਲੀ ਗੱਲ ਸੁਣ ਕੇ ਸਾਰਾ ਦੇਸ਼ ਹੀ ਅੰਗ੍ਰੇਜ਼ਾਂ ਵਿਰੁੱਧ ਉਠ ਖੜ੍ਹਾ ਹੋਇਆ ਸੀæ ਇਸ ਲਈ ਭਾਰਤ ਦੀ ਅੰਗ੍ਰੇਜ਼ ਸਕਾਰ ਸੰਭਲ ਸੰਭਲ ਕੇ ਕਦਮ ਚੁੱਕ ਰਹੀ ਸੀæ ਫਿਰ 15 ਅਗਸਤ 1947 ਨੂੰ ਭਾਰਤ ਅੰਗ੍ਰੇਜ਼ਾਂ ਦੇ ਕਬਜ਼ੇ ਤੋਂ ਅਜ਼ਾਦ ਹੋ ਗਿਆ ਅਤੇ ਮੁਕਦਮੇ ਵੀ ਖਤਮ ਹੋ ਗਏæ
   ਭਾਰਤ ਵਿਚੋਂ ਅੰਗ੍ਰੇਜ਼ ਚਲੇ ਗਏ ਤੇ ਦੇਸ਼ ਦੀ ਵਾਗ ਡੋਰ ਕਾਂਗਰਸ ਪਾਰਟੀ ਦੇ ਹੱਥ ਆ ਗਈæ ਕਾਂਗਰਸ ਪਾਰਟੀ ਨੇ ਸਰਕਾਰ ਚਲਾਉਣ ਲਈ ਹੋਰ ਕਿਸੇ ਵੀ ਪਾਰਟੀ ਨੂੰ ਆਪਣੀ ਭਾਈਵਾਲ ਨਾ ਬਣਾਇਆæ ਜਿਹੜੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਉੱਚ ਅਹੁਦੇ ਸੀ ਉਹ ਆਪਣੀ ਪਾਰਟੀ ਦੇ ਚਹੇਤਿਆਂ ਨੂੰ ਬਖਸ਼ ਦਿੱਤੇ ਤੇ ਸੱਤਾ ਦੇ ਨਸ਼ੇ ਵਿਚ ਦੂਸਰੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਰੋਲ਼ ਕੇ ਰੱਖ ਦਿੱਤਾæ ਅਜ਼ਾਦ ਹਿੰਦ ਫੋਜ ਦੇ ਸੈਨਿਕਾਂ ਦੀ ਵੀ ਸਾਰ ਨਾ ਲਈ ਗਈæ ਜਨਰਲ ਮੋਹਨ ਸਿੰਘ ਨੇ ਮਾਯੂਸ ਹੋ ਕੇ ਸੁਭਾਸ਼ ਚੰਦਰ ਬੋਸ ਵਾਲੀ ਪਾਰਟੀ 'ਫਾਰਵਰਡ ਬਲਾਕ' ਨੂੰ ਦੋਬਾਰਾ ਜ਼ਿੰਦਾ ਕਰ ਲਿਆæ ਅਜ਼ਾਦ ਹਿੰਦ ਫੌਜ ਦੇ ਸੈਨਿਕ ਤੇ ਉਹਨਾਂ ਦੇ ਹਮਦਰਦ ਜਨਰਲ ਮੋਹਨ ਸਿੰਘ ਦੀ ਪਾਰਟੀ ਨਾਲ ਜੁੜ ਗਏæ ਪੰਜਾਬ ਵਿਚ ਇਸ ਪਾਰਟੀ ਦਾ ਆਧਾਰ ਬਣਾਉਣ ਲਈ ਉਸ ਨੇ ਪੰਜਾਬ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਕੈਂਪ ਲਾਏæ ਇਕ ਕੈਂਪ ਸਾਡੇ ਸਕੂਲ ਵਿਚ ਵੀ ਲਾਇਆ ਗਿਆ ਸੀ, ਜਿਸ ਵਿਚ ਬਹੁਤੇ ਅਜ਼ਾਦ ਹਿੰਦ ਫੌਜ ਦੇ ਸੈਨਿਕ ਹੀ ਸਨæ ਸਕੂਲ ਵਿਚ ਕੈਂਪ ਲਾਉਣ ਦਾ ਕਾਰਨ ਸਾਡੇ ਸਕੂਲ ਦੇ ਹੈਡਮਾਸਟਰ ਕਰਤਾਰ ਸਿੰਘ ਦਾ ਜਨਰਲ ਮੋਹਨ ਸਿੰਘ ਦੀ ਪਾਰਟੀ ਨਾਲ ਜੁੜੇ ਹੋਏ ਹੋਣਾ ਸੀæ (ਅਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਜਿਹੜੀਆਂ ਸੰਨ 1952 ਵਿਚ ਹੋਈਆਂ ਸਨ, ਹੈਡ ਮਾਸਟਰ ਕਰਤਾਰ ਸਿੰਘ ਨੇ ਪੰਜਾਬ ਅਸੈਂਬਲੀ ਦੀ ਚੋਣ ਫਾਰਵਰਡ ਬਲਾਕ ਦੀ ਟਿਕਟ 'ਤੇ ਲੜੀ ਸੀ, ਜਿਸ ਵਿਚ ਉਹ ਹਾਰ ਗਏ ਸਨæ) 
   ਇਸ ਕੈਂਪ ਵਿਚ ਰਹਿਣ ਵਾਲੇ ਬਹੁਤ ਆਦਮੀ ਫੌਜੀ ਵਰਦੀ ਪਾ ਕੇ ਰਖਦੇ ਸਨæ ਕਈ ਸਾਦਾ ਕਪੜਿਆਂ ਵਿਚ ਵੀ ਹੁੰਦੇ ਸਨæ ਉਹ ਸਵੇਰੇ ਉਠ ਕੇ ਪਹਿਲਾਂ ਪਰੇਡ ਕਰਦੇ ਅਤੇ ਫਿਰ ਆਪੋ ਆਪਣੀਆਂ ਡਿਉਟੀਆਂ ਸਾਂਭ ਲੈਂਦੇæ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਅਨਪੜ੍ਹਤਾ, ਸਮੂਹ ਸਫਾਈ, ਸਿਹਤ ਸੰਭਾਲ, ਸਵੈਰੱਖਿਆ ਲਈ ਜਾਗ੍ਰਿਤ ਕਰਨਾ ਉਹਨਾਂ ਦੀਆਂ ਡਿਉਟੀਆਂ ਵਿਚ ਸ਼ਾਮਲ ਸੀæ ਉਹ ਪਿੰਡਾਂ ਦੇ ਬਹੁਤੇ ਗਭਰੂਆਂ ਨੂੰ ਰਾਈਫਲ ਟਰੇਨਿੰਗ ਵੀ ਦਿੰਦੇ ਸਨæ
   ਸਵੇਰ ਦੀ ਪਾਰਥਣਾ ਤੋਂ ਮਗਰੋਂ ਅਜ਼ਾਦ ਹਿੰਦ ਫੌਜ ਦਾ ਕੋਈ ਨਾ ਕੋਈ ਕੈਪਟਨ, ਮੇਜਰ, ਬਰਗੇਡਅਰ ਜਾਂ ਕਰਨਲ ਸਾਨੂੰ ਉਪ੍ਰੋਕਤ ਵਿਸ਼ਿਆਂ ਉਪਰ ਲੈਕਚਰ ਦਿਆ ਕਰਦੇ ਸਨæ ਕਦੀ ਕਦੀ ਜਨਰਲ ਮੋਹਣ ਸਿੰਘ ਵੀ ਸਾਨੂੰ ਲੈਕਚਰ ਦਿਆ ਕਰਦੇ ਸਨæ ਉਹਨਾਂ ਇਕ ਕਿਤਾਬ ਵੀ ਲਿਖੀ ਸੀ 'ਕਾਂਗਰਸ ਨਾਲ ਖਰੀਆਂ ਖਰੀਆਂ' ਜਿਹੜੀ ਅੰਗ੍ਰੇਜ਼ੀ 'ਚੋਂ ਅਨੁਵਾਦ ਹੋ ਕੇ ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਛਪਵਾਈ ਗਈ ਸੀæ ਪੰਜਾਬੀ ਅਡੀਸ਼ਨ ਦੀਆਂ ਕਾਪੀਆਂ ਸਾਨੂੰ ਚਾਰ ਚਾਰ ਆਨੇ ਵਿਚ ਵੇਚੀਆਂ ਸਨæ ਉਹਨਂ ਦੇ ਲੈਕਚਰ ਬਹੁਤੇ ਰਾਜਨੀਤਕ ਹੁੰਦੇ ਜਿਸ ਦੀ ਸਾਨੂੰ ਘੱਟ ਹੀ ਸਮਝ ਆਉਂਦੀæ ਪਰ ਡਸਿਪਲਨ, ਆਗਿਆ ਪਾਲਣ ਅਤੇ ਸਿਹਤ ਸੰਭਾਲ ਬਾਰੇ ਕਹੀਆਂ ਉਹਨਾਂ ਦੀਆਂ ਕੁਝ ਗੱਲਾਂ ਅੱਜ ਵੀ ਯਾਦ ਹਨæ
   ਡਸਿਪਲਨ ਅਤੇ ਆਗਿਆ ਪਾਲਣ ਬਾਰੇ ਗੱਲਾਂ ਕਰਦਿਆਂ ਉਹਨਾਂ ਇਹ ਵੀ ਕਿਹਾ ਸੀ, "ਜੇ ਤੁਸੀਂ ਕਿਸੇ ਬਹੁਤ ਜਰੂਰੀ ਕੰਮ ਵਿਚ ਲੱਗੇ ਹੋਏ ਹੋ ਅਤੇ ਤੁਹਾਡਾ ਉਸਤਾਦ ਜਾਂ ਕੋਈ ਵੱਡ ਵਡੇਰਾ ਤੁਹਾਨੂੰ ਬੁਲਾ ਰਿਹਾ ਹੈ ਤਾਂ ਆਪਣਾ ਅੱਤਿ ਜਰੂਰੀ ਕੰਮ ਵਿਚਾਲੇ ਛੱਡ ਕੇ ਉਸ ਦੀ ਗੱਲ ਸੁਣਨੀ ਚਾਹੀਦੀ ਹੈæ ਇਹ ਗੱਲ ਦੱਸ ਕੇ ਉਹਨਾਂ ਬੜੀ ਉੱਚੀ ਅਵਾਜ਼ ਮਾਰੀ, "ਕੰਧਾਰਾ ਸਿੰਘ!"
  ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕੁਝ ਸੈਕਿੰਡ ਦੇ ਅੰਦਰ ਹੀ ਕਿਸੇ ਪਾਸਿਓੁਂ ਆਕੇ ਇਕ ਜਵਾਨ ਨੇ, ਜਿਸ ਦੇ ਹੱਥ ਗਾਰੇ ਨਾਲ ਲਿਬੜੇ ਹੋਏ ਸਨ, ਆ ਸਲੂਟ ਮਾਰਿਆæ ਜਨਰਲ ਮੋਹਣ ਸਿੰਘ ਨੇ ਵੀ ਅੱਗੋਂ ਉਵੇਂ ਸਲੂਟ ਮਾਰਿਆ ਅਤੇ ਉਸ ਕੋਲੋਂ ਕੁਝ ਸਵਾਲ ਪੁੱਛ ਕੇ ਬਿਨਾਂ ਕੋਈ ਕੰਮ ਦੱਸਿਆਂ ਉਹਨੂੰ ਵਾਪਸ ਮੋੜ ਦਿੱਤਾæ ਉਹ ਜਿਸ ਤਰ੍ਹਾਂ ਭੱਜ ਕੇ ਤੇਜੀ ਨਾਲ ਆਇਆ ਸੀ, ਓਨੀ ਤੇਜੀ ਨਾਲ ਹੀ ਵਾਪਸ ਮੁੜ ਗਿਆæ ਉਸ ਨੇ 'ਯੈਸ ਸਰ' ਤੋਂ ਬਿਨਾਂ ਹੋਰ ਕੋਈ ਸ਼ਬਦ ਵੀ ਮੂੰਹੋਂ ਨਹੀਂ ਸੀ ਕੱਢਿਆæ ਭਾਵੇਂ ਕਿ ਸਾਨੂੰ ਅਧਿਆਪਕ ਵੀ ਡਸਿਪਲਨ ਸਿਖਾਉਂਦੇ ਅਤੇ ਡਸਿਪਲਨ ਬਾਰੇ ਦਸਦੇ ਰਹਿੰਦੇ ਸਨ ਪਰ ਵਿਦਿਆਰਥੀਆਂ ਉਪਰ ਇਸ ਗੱਲ ਦਾ ਬਹੁਤ ਚੰਗਾ ਅਸਰ ਹੋਇਆæ ਅਸੀਂ ਕਤਾਰਾਂ ਬਣਾ ਕੇ ਤੁਰਦੇ, ਜਮਾਤ ਵਿਚ ਰੌਲ਼ਾ ਘੱਟ ਪਾਉਂਦੇ ਅਤੇ 'ਹਾਂ ਜੀ, 'ਹਾਂ ਜੀ' ਕਹਿ ਕੇ ਆਪਣੇ ਉਸਤਾਦਾਂ ਤੇ ਵੱਡਿਆਂ ਦੇ ਹੁਕਮ ਮੰਨਦੇ ਰਹੇ ਪਰ ਜਨਰਲ ਸਾਹਿਬ ਦੇ ਇਸ ਲੈਕਚਰ ਦਾ ਸਾਡੇ ਉਸਤਾਦਾਂ ਉਪਰ ਕਿੰਨਾ ਕੁ ਅਸਰ ਹੋਇਆ, ਉਹ ਵੀ ਦੱਸਣਾ ਜਰੂਰੀ ਸਮਝਦਾ ਹਾਂæ
   ਸਾਡੇ ਡਰਿਲ ਮਾਸਟਰ ਸ। ਮਿਹਰ ਸਿੰਘ ਕੁਝ ਗਰਮ ਸੁਭਾਅ ਦੇ ਸਨæ ਡਰਿਲ ਕਰਾਉਂਦੇ ਜਾਂ ਖੇਡਾਉਂਦੇ ਸਮੇਂ ਕੋਈ ਗਲਤੀ ਹੋ ਜਾਣੀ ਤਾਂ ਉਹ ਗਾਲ੍ਹ ਦੇ ਨਾਲ ਸਾਨੂੰ ਧੌਲ ਧੱਫਾ ਵੀ ਕਰ ਦਿੰਦੇ ਸਨæ ਉਹ ਸ਼ਾਮ ਵੇਲੇ ਵਿਦਿਆਰਥੀਆਂ ਨੂੰ ਹਾਕੀ ਖਿਡਾਇਆ ਕਰਦੇ ਸਨæ ਕੋਈ ਮੁੰਡਾ ਉਹਨਾਂ ਅੱਗੇ ਕੁਸਕਦਾ ਨਹੀਂ ਸੀ ਹੁੰਦਾæ
   ਉਨ੍ਹਾਂ ਦਿਨਾਂ ਵਿਚ ਹੀ ਸਾਡੇ ਸਕੂਲ ਵਿਚ ਇਕ ਨਵੇਂ ਅਧਿਆਪਕ ਆਏ ਸਨ ਜਿਹੜੇ ਸਾਨੂੰ ਅੰਗ੍ਰੇਜ਼ੀ ਪੜ੍ਹਾਉਂਦੇæ ਉਹ ਬਹੁਤ ਹੀ ਚੁੱਪ ਰਹਿਣ ਵਾਲੇ ਅਤੇ ਗਹਿਰ ਗੰਭੀਰ ਸੁਭਾਅ ਦੇ ਸਨæ ਮਾਸਟਰ ਨਿਰੰਜਨ ਸਿੰਘ ਤਾਂ ਉਹਨਾਂ ਨੂੰ ਮਖੌਲ ਨਾਲ 'ਬੰਦ ਗੋਬੀ ਦਾ ਫੁੱਲ' ਕਹਿ ਦਿੰਦੇ ਸਨ ਪਰ ਅਸੀਂ ਉਨ੍ਹਾਂ ਨੂੰ ਨਿਊ ਮਾਸਟਰ ਕਹਿੰਦੇ ਸਾਂæ ਉਹ ਆਥਣ ਵੇਲੇ ਫੁਟਬਾਲ ਖਿਡਾਇਆ ਕਰਦੇ ਸਨæ ਗਰਾਉਂਡ ਇਕ ਹੋਣ ਕਰਕੇ ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਵਾਰੀ ਨਾਲ ਗਰਾਊਂਡ ਵਿਚ ਖੇਡਦੀਆਂ ਸਨæ
   ਇਕ ਦਿਨ ਪਤਾ ਨਹੀਂ ਕੀ ਗੱਲ ਹੋਈ, ਵਾਰੀ ਤਾਂ ਫੁੱਟਬਾਲ ਖੇਡਣ ਵਾਲਿਆਂ ਦੀ ਸੀ ਪਰ ਡਰਿਲ ਮਾਸਟਰ ਆਪਣੀ ਟੀਮ ਨੂੰ ਗਰਾਊਂਡ ਵਿਚ ਲਿਆ ਕੇ ਖਿਡਾਉਣ ਲੱਗ ਪਏæ ਕੁਝ ਦੇਰ ਮਗਰੋਂ ਨਿਊ ਮਾਸਟਰ ਵੀ ਆਪਣੇ ਫੁੱਟਬਾਲ ਖਿਡਾਰੀਆਂ ਨੂੰ ਲੈ ਕੇ ਆ ਗਏæ ਕੁਝ ਚਿਰ ਦੋਹਾਂ ਅਧਿਆਪਕਾਂ ਦੀ ਆਪਸ ਵਿਚ ਗੱਲ ਬਾਤ ਹੁੰਦੀ ਰਹੀæ ਫਿਰ ਗੱਲਾਂ ਤੋਂ ਗੱਲ ਤਕਰਾਰ ਤਕ ਚਲੀ ਗਈ ਅਤੇ ਡਰਿਲ ਮਾਸਟਰ ਨੇ ਨਿਊ ਮਾਸਟਰ ਨੂੰ ਗਾਲ੍ਹ ਕੱਢ ਦਿੱਤੀæ ਨਿਊ ਮਾਸਟਰ ਨੇ ਅੱਗੋਂ ਕੋਈ ਗਾਲ੍ਹ ਨਹੀਂ ਕੱਢੀ ਪਰ ਡਰਿਲ ਮਾਸਟਰ ਦੇ ਮੂੰਹ ਉਪਰ ਦੋ ਘਸੁੰਨ ਅਜੇਹੇ ਮਾਰੇ ਕਿ ਉਹ ਉੱਥੇ ਹੀ ਫੁੜਕ ਕੇ ਡਿੱਗ ਪਏæ ਮੁੰਡਿਆਂ ਨੇ ਉਹਨਾਂ ਦੇ ਮੂੰਹ ਵਿਚ ਪਾਣੀ ਪਾ ਕੇ ਸੁਰਤ ਵਿਚ ਲਿਆਂਦਾæ ਦੋਹਾਂ ਟੀਮਾਂ ਦੀ ਖੇਡ ਖਤਮ ਹੋ ਗਈ ਅਤੇ ਗਰਾਊਂਡ ਵਿਹਲੀ ਪਈ ਰਹੀæ
   ਅਗਲੇ ਦਿਨ ਸਕੂਲ ਕਮੇਟੀ ਦੀ ਮੀਟਿੰਗ ਹੋਈ ਅਤੇ ਨਿਊ ਮਾਸਟਰ ਨੂੰ ਸਕੂਲ ਵਿਚੋਂ ਕੱਢ ਦਿੱਤਾæ ਪਰ ਜਿਹੜੀ ਡਸਿਪਲਨ ਦੀ ਸਿਖਿਆ ਸਾਨੂੰ ਜਨਰਲ ਮੋਹਣ ਸਿੰਘ ਕੋਲੋਂ ਮਿਲੀ ਸੀ ਉਹ ਵੀ ਕਿਧਰੇ ਛਾਈ ਮਾਈਂ ਹੋ ਗਈæ ਮੁੰਡੇ ਡਰਿਲ ਮਾਸਟਰ ਦਾ ਰੋਅਬ ਮਨਣੋ ਹਟ ਗਏæ ਫਿਰ ਨਿਮੋਸ਼ੀ ਦੇ ਮਾਰੇ ਉਹ ਆਪ ਹੀ ਸਕੂਲ ਛੱਡ ਗਏæ
ਜਨਰਲ ਮੋਹਣ ਸਿੰਘ ਨੇ ਚੰਗੀ ਸਿਹਤ ਬਾਰੇ ਲੈਕਚਰ ਦਿੰਦਿਆਂ ਸਰੀਰ ਨੂੰ ਤਕੜਾ ਤੇ ਤੰਰੁਸਤ ਰੱਖਣ ਕਈ ਗੁਰ ਦੱਸ ਕੇ ਖੁਰਾਕ ਬਾਰੇ ਵੀ ਦੱਸਿਆ ਸੀ ਜਿਸ ਦਾ ਸਾਰ ਕੁਝ ਇਸ ਤਰ੍ਹਾਂ ਹੈ, 'ਚੰਗੀ ਸਿਹਤ ਲਈ ਚੰਗੀ ਖੁਰਾਕ ਵੀ ਬਹੁਤ ਜਰੂਰੀ ਹੈæ ਗੰਨੇ, ਮੂਲੀ, ਗਾਜਰ, ਸ਼ਲਗਮ, ਸਾਗ, ਬੇਰ, ਪੀਅਲਾਂ, ਪੇਂਜੂ ਆਦਿ ਖੇਤਾਂ ਵਿਚੋਂ ਮਿਲ ਜਾਂਦੇ ਹਨæ ਜਿਹੜੇ ਮੌਸਮ ਵਿਚ ਇਹ ਹੋਣ ਉਹ ਰੱਜ ਕੇ ਖਾਓæ ਪਰ ਇਕ ਗੱਲ ਯਾਦ ਰੱਖਣੀ ਕਿ ਖੁਰਾਕ ਵਿਚ ਦੁੱਧ ਸਭ ਤੋਂ ਜਰੂਰੀ ਹੈæ ਮਾਵਾਂ ਤੁਹਾਨੂੰ ਪੰਜੀਰੀ ਰਲ਼ਾ ਕੇ ਦੇ ਦੇਣਗੀਆਂ, ਖੋਆ ਮਾਰ ਕੇ ਵੀ ਦੇ ਦੇਣਗੀਆਂ ਪਰ ਦੁੱਧ ਪਲ਼ਾ ਦੋ ਪਲ਼ੇ ਤੋਂ ਵੱਧ ਨਹੀਂ ਦਿੰਦੀਆਂ|' ਫਿਰ ਉਹਨਾਂ ਆਪਣੀ ਮਸਾਲ ਦਿੱਤੀ ਸੀ, 'ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੇਰੀ ਮਾਂ ਵੀ ਮੇਰੇ ਨਾਲ ਇਹੋ ਸਲੂਕ ਕਰਦੀ ਹੁੰਦੀ ਸੀæ ਪਰ ਮੈਂ ਇਸ ਹੱਲ ਕੱਢ ਲਿਆ ਸੀæ ਮਾਂ ਕਾੜ੍ਹਨੀ ਵਿਚ ਦੁੱਧ ਪਾ ਕੇ ਹਾਰੇ ਵਿਚ ਰੱਖ ਦਿੰਦੀ ਸੀæ ਆਥਣ ਤਾਈਂ ਉਹ ਕੜ੍ਹ ਕੇ ਲਾਲ ਹੋ ਜਾਂਦਾ ਸੀ ਅਤੇ ਉਸ ਉਪਰ ਮੋਟੀ ਮਲਾਈ ਦੀ ਤਹਿ ਬਣ ਜਾਂਦੀ ਸੀæ ਮੈਂ ਮਲਾਈ ਪਾਸੇ ਕਰ ਕੇ ਨੜੇ ਰਾਹੀਂ ਦੁੱਧ ਪੀ ਜਾਂਦਾ ਸੀ|' ਫਿਰ ਉਹਨਾਂ ਹੱਸ ਕੇ ਕਾੜ੍ਹਨੀ ਵਿਚੋਂ ਦੁੱਧ ਪੀਣ ਦਾ ਗੁਰ ਦੱਸਿਆ ਸੀ, "ਘਰਾਂ ਵਿਚ ਵੱਡੇ ਗਲੋਟੇ ਬਣਾਉਣ ਲਈ ਨੜੇ ਹੁੰਦੇ ਹਨæ ਕੁਝ ਪਤਲੇ ਤੇ ਮੋਟੇ ਨੜੇ ਲੈ ਲਓ ਜਿੜੇ ਇਕ ਦੂਜੇ ਵਿਚ ਫਿੱਟ ਹੋ ਜਾਣæ ਚਾਰ ਪੰਜ ਨੜੇ ਜੋੜ ਵਲੋ ਜਿਸ ਨਾਲ ਤੁਹਾਡਾ ਮੂੰਹ ਕਾੜ੍ਹਨੀ ਤੋਂ ਬਾਹਰ ਰਹੇ ਤੇ ਨੜਾ ਕਾੜ੍ਹਨੀ ਦੇ ਥੱਲੇ ਚਲਿਆ ਜਾਵੇæ ਆਥਣ ਵੇਲੇ ਅੱਗਾ ਪਿੱਛਾ ਦੇਖ ਕੇ ਮਲਾਈ ਨੂੰ ਜ਼ਰਾ ਕੁ ਪਾਸੇ ਕਰਕੇ ਦੁੱਧ ਸੁੜ੍ਹਾਕ ਜਾਓæ ਓਨਾ ਕੁ ਪੀਓ ਕਿ ਮਾਂ ਨੂੰ ਪਤਾ ਨਾ ਲੱਗੇæ ਡਰਨ ਦੀ ਲੋੜ ਨਹੀਂ, ਘਰੋਂ ਖਾਣ ਪੀਣ ਵਾਲੀ ਚੀਜ਼ ਖਾ ਪੀ ਲੈਣੀ ਚੋਰੀ ਨਹੀਂ ਅਖਵਾਉਂਦੀ|"
   ਇਕ ਦਿਨ ਜਨਰਲ ਮੋਹਣ ਦੇ ਗੁਰ ਨੂੰ ਮੈਂ ਵੀ ਅਜਮਾ ਕੇ ਦੇਖਿਆ ਸੀæ ਸਾਡੇ ਘਰ ਇਕ ਟੋਕਰੀ ਵਿਚ ਬਹੁਤ ਸਾਰੇ ਨੜੇ ਰੱਖੇ ਹੋਏ ਹੁੰਦੇ ਸਨæ ਜੁਲਾਹੇ ਤੋਂ  ਖੱਦਰ ਬਣਾਉਣ ਲਈ, ਤਾਣਾ ਤਣਨ ਸਮੇਂ, ਚਰਖ਼ੇ 'ਤੇ ਵੱਡਾ ਤਕਲਾ ਚੜ੍ਹਾ ਕੇ, ਇਨ੍ਹਾਂ ਨੜਿਆਂ ਉਪਰ ਸੂਤ ਲਪੇਟਿਆ ਜਾਂਦਾ ਸੀæ ਮੈਂ ਚਾਰ ਨੜੇ ਜੋੜ ਕੇ ਸੰਦੂਕ ਦੇ ਪਿੱਛੇ ਰੱਖ ਦਿੱਤੇæ ਜਦੋਂ ਕੋਈ ਘਰ ਨਹੀਂ ਸੀ ਤਾਂ ਮੈਂ ਅੱਗਾ ਪਿੱਛਾ ਦੇਖ ਕੇ ਝਟ ਅੰਦਰੋਂ ਨੜੇ ਚੁੱਕ ਲਿਆਇਆ ਤੇ ਕਾੜ੍ਹਨੀ ਵਿਚੋਂ ਦੁੱਧ ਪੀਣ ਲੱਗਾæ ਮੈਂ ਅਜੇ ਇਕੋ ਘੁੱਟ ਹੀ ਭਰੀ ਸੀ ਕਿ ਮੇਰੀ ਬਦਕਿਸਮਤੀ ਨੂੰ ਉਦੋਂ ਹੀ ਮੇਰੀ ਮਾਂ ਆ ਗਈæ ਉਸ ਮੈਨੂੰ ਗਲ਼ਮੇ ਤੋਂ ਫੜ ਕੇ ਪਿਛਾਂਹ ਧੂਅ ਲਿਆ ਅਤੇ ਦੋ ਚਪੇੜਾਂ ਮਾਰ ਕੇ ਕਿਹਾ, "ਤੇਰਾ ਢਿੱਡ ਬਹੁਤਾ ਲੱਗੈ, ਦੂਜੇ ਜੁਆਕ ਵੀ ਤੇਰੇ ਵਰਗੇ ਐæ ਉਹਨਾਂ ਦਾ ਚਿੱਤ ਨਈ ਕਰਦਾ ਦੁੱਧ ਪੀਣ ਨੂੰ!" 
ਮੈਂ ਮਾਂ ਕੋਲੋਂ ਆਪਣਾ ਝੱਗਾ ਛੁਡਾ ਕੇ ਬਾਹਰ ਭੱਜਣ ਲੱਗਾ ਤਾਂ ਉਸ ਨੇ ਮੇਰੀ ਬਾਂਹ ਫੜ ਕੇ ਮੇਰੇ ਮੌਰਾਂ ਉਪਰ ਦੋ ਧੱਫੇ ਹੋਰ ਠੋਕ ਦਿੱਤੇ ਅਤੇ ਫੜ ਕੇ ਕੋਠੜੀ ਵਿਚ ਤਾੜ ਦਿੱਤਾæ ਮੈਨੂੰ ਡਰ ਸੀ ਕਿ ਹੁਣ ਮਾਂ ਮੈਨੂੰ ਮੇਰੇ ਬਾਪ ਤੋਂ ਵੀ ਕੁਟਵਾਵੇਗੀ ਪਰ ਪੰਜ ਕੁ ਮਿੰਟ ਬਾਅਦ ਹੀ ਉਸ ਮੈਨੂੰ ਕੋਠੜੀ ਵਿਚੋਂ ਬਾਹਰ ਕੱਢ ਲਿਆ ਅਤੇ ਸਮਝਾਉਣ ਲੱਗੀ, "ਮੇਰਾ ਵੀ ਜੀਅ ਕਰਦੈ ਵਈ ਮੇਰੇ ਜੁਆਕ ਰੱਜਵਾਂ ਖਾਣ ਤੇ ਚੰਗਾ ਪਹਿਨਣ ਪਰ ਕੀ ਕਰਾਂ! 'ਕੱਲੇ ਦੀ ਕਮਾਈ ਐ ਤੇ ਸੌ ਮੋਰੀਆਂ ਮੁੰਦਣ ਵਾਲੀਆਂ ਪਈਆਂ ਐæ ਥੋਨੂੰ ਪਲ਼ਾ ਪਲ਼ਾ  ਦੇ ਕੇ ਜਿਹੜਾ ਗੜਵੀ ਦੁੱਧ ਬਚਦੈ, ਉਹਦੀ ਸਵੇਰੇ ਲੱਸੀ ਵੀ ਬਣਾਉਣੀ ਹੁੰਦੀ ਐ ਤੇ ਰੋਟੀਆਂ ਦੀ ਸਵਾਹ ਝਾੜਨ ਵਾਸਤੇ ਭੋਰਾ ਘਿਉ ਵੀ ਚਾਹੀਦੈæ ਵੇਖ, ਮੇਰਾ ਪੁੱਤ, ਮੁੜ ਕੇ ਇਹੋ ਜਿਹੀ ਇੱਲਤ ਨਾ ਕਰੀਂ|" ਇੰਨਾ ਕਹਿ ਕੇ ਮਾਂ ਰੋਣ ਲੱਗ ਪਈæ 
   ਜਨਰਲ ਮੋਹਣ ਸਿੰਘ ਨੇ ਜਿਹੜਾ ਡਸਿਪਲਨ ਦਾ ਪਾਠ ਪੜ੍ਹਾਇਆ ਸੀ, ਉਸ ਦਾ ਅਸਰ ਸਾਡੇ ਨਿਊ ਮਾਸਟਰ ਤੇ ਡਰਿਲ ਮਾਸਟਰ ਨੇ ਚੰਗਾ ਗਰਹਿਣ ਕੀਤਾ ਸੀ ਅਤੇ ਕਾੜ੍ਹਨੀ ਦੇ ਦੁੱਧ ਦਾ ਮੇਰੇ ਉਪਰ ਅਸਰ ਇਹ ਪੈ ਗਿਆ ਸੀ ਕਿ ਫਿਰ ਕਦੀ ਮੈਂ ਚੋਰੀ ਦੁੱਧ ਤਾਂ ਕੀ ਪੀਣਾ ਸੀ, ਪੁੱਛੇ ਤੋਂ ਬਿਨਾਂ ਛਾਬੇ ਵਿਚ ਵਾਧੂ ਪਈ ਰੋਟੀ ਖਾਣ ਦੀ ਹਿੰਮਤ ਨਹੀਂ ਕੀਤੀæ