ਮੁਹੱਬਤ (ਕਵਿਤਾ)

ਪੱਪੂ ਰਾਜਿਆਣਾ    

Email: amankori@ymail.com
Cell: +91 99880 51159
Address:
ਮੋਗਾ India
ਪੱਪੂ ਰਾਜਿਆਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਹਿਲਾਂ ਨੀਂਵੀਂ ਪਾ ਕੇ ਲੰਘ ਜਾਣਾ
ਫਿਰ ਪਿੱਛੇ ਮੁੜ-ਮੁੜ ਤੱਕਣਾ ਉਹ
ਬਦਲ ਨਾ ਜਾਵੇ ਤੋਰ ਕਿਤੇ
ਫਿਰ ਬੋਚ ਬੋਚ ਪੱਬ ਰੱਖਣਾ ਉਹ
ਲੱਗਦੇ ਨੇ ਸ਼ਰਾਫਤ ਦੇ ਪੁਤਲੇ
ਅਸਾਂ ਲੁਕੀ ਸ਼ਰਾਰਤ ਵੇਖੀ ਏ
ਨਫਰਤ ਦੀ ਕੜਕਦੀ ਧੁੱਪ ਅੰਦਰ
ਇੱਕ ਪਲ ਦੀ ਰਾਹਤ ਵੇਖੀ ਏ 

ਨਾਲੇ ਪਿਆਰ ਉਹ ਸਾਨੂੰ ਕਰਦੇ ਨੇ
ਇਜਹਾਰ ਵੀ ਕਰਨੋਂ ਉਰਦੇ ਨੇ
ਅੱਗ ਬੜੀ ਗਰਮ ਏ ਹਿਜਰਾਂ ਦੀ
ਕਿਉਂ ਅੰਦਰੋਂ-ਹੰਦਰੀਂ ਸੜਦੇ ਨੇ
ਬੁੱਲੀਆਂ ਤੇ 'ਹਾਂ ' ਵੀ ਹਾਵੀ ਏ
ਖੁਦ ਤੋਂ ਹੀ ਬਗਾਵਤ ਵੇਖੀ ਏ
ਸੱਜਣਾਂ ਦੀ ਉੱਜੜੀ ਕੁੱਲੀ ਵਿੱਚ
ਮਹਿਲਾਂ ਦੀ ਹਿਫਾਜਤ ਵੇਖੀ ਏ

ਮੈਂ ਉਸ ਦੇ ਧੜਕਦੇ ਸੀਨੇ ਵਿੱਚ
ਆਪਣੇ ਲਈ ਚਾਹਤ ਵੇਖੀ ਏ
ਚਿਹਰੇ ਤੇ ਇਬਾਦਤ ਵੇਖੀ ਏ
ਹੋਠਾਂ ਤੇ ਸ਼ਿਕਾਇਤ ਵੇਖੀ ਏ
ਫੁੱਟ-ਫੁੱਟ ਕੇ ਰੋਣ ਲੱਗੇ ਬੱਸ
ਇੰਝ ਹੀ ਗੱਲਾਂ-ਗੱਲਾਂ ਵਿੱਚ
ਆਪਣੇ ਮਹਿਬੂਬ ਦੀਆਂ ਅੱਖਾਂ ਵਿੱਚ
ਪਹਿਲੀ ਵਾਰ ਮੁਹੱਬਤ ਵੇਖੀ ਏ

ਕੋਈ ਅਰਸ਼ੋਂ ਉੱਤਰੀ ਹੂਰ ਜਿਹੀ
ਸਾਵਨ ਦੀ ਪਹਿਲੀ ਭੂਰ ਜਿਹੀ
ਸੋ ਦਰਦਾਂ ਦੀ ਇੱਕ ਮਲਮ ਜਿਹੀ
ਕਿਸੇ ਗੀਤਕਾਰ ਦੀ ਕਲਮ ਜਿਹੀ
ਜਿੰਦਗੀ ਦੇ ਕੋਰੇ ਪੰਨੇ ਤੇ
ਜੰਨਤ ਦੀ ਸਜਾਵਟ ਵੇਖੀ ਏ

ਸੀ ਕੋਈ ਹਕੀਕਤ ਜਾਂ ਵਹਿਮ ਕੋਈ
ਸਾਡੇ ਤੇ ਰੱਬ ਦਾ ਰਹਿਮ ਕੋਈ
ਸੁਪਨਾਂ ਹੀ ਸੀ ਤਾਂ ਕੀ ਹੋਇਆ
ਚਲੋ ਕਿਸੇ ਬਹਾਨੇ ਪੱਪੂ ਨੇ
ਖੁਸ਼ੀਆਂ ਦੀ ਆਹਟ ਵੇਖੀ ਏ
ਆਪਣੇ ਮਹਿਬੂਬ ਦੀਆਂ ਅੱਖਾਂ ਵਿੱਚ
ਪਹਿਲੀ ਵਾਰ ਮੁਹੱਬਤ ਵੇਖੀ ਏ.