ਤਿੰਨ ਕਵਿਤਾਵਾਂ (ਕਵਿਤਾ)

ਸਤਬੀਰ ਸਿੰਘ ਨੂਰ   

Email: satbirnoor@gmail.com
Address: 112 Raja Garden, Phagwara
Kapurthala India
ਸਤਬੀਰ ਸਿੰਘ ਨੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


1,ਮੇਰਾ ਅਕਸ


ਧੂੰਏਂ 'ਚੋਂ ਬਣੀ ਡਾਵਾਂਡੋਲ ਤਸਵੀਰ
ਕਿਤੇ ਮੇਰਾ ਅਕਸ ਤਾਂ ਨਹੀਂਂ

ਪਰਬਤ ਵਿਚੋਂ ਫੁੱਟਦਾ ਜਵਾਲਾਮੁਖੀ
ਮੈਂ  ਗਟ-ਗਟ ਪੀ ਲਵਾਂ
ਜੋ ਮੇਰੇ ਅੰਦਰ ਦੀ ਤਰਤੀਬ ਨੂੰ ਹਿਲਾ ਦੇਵੇ
ਸਥਿਰਤਾ ਮੇਰਾ ਅੰਤ ਹੈ
ਮੈਂ ਚੱਕਰਵਿਊ 'ਚੋਂ ਬਾਹਰ ਨਿਕਲ
ਪਿਆਸਾ ਮਿਰਗ ਬਣ
ਮਾਰੂਥਲ ਦੀ ਸੁੱਕੀ ਰੇਤ ਚੂਸ ਲਵਾਂ

ਗਰੂਰਤਾ ਦਾ ਦਾਇਰਾ ਚੀਰ
ਇਕ ਖੁੱਲੀ ਉਡਾਣ ਅਸਮਾਨ ਦੇ ਨਾਮ ਕਰ ਦੇਵਾਂ
ਫਿਰ ਖੰਭਾਂ ਤੋਂ ਬਲਿਹਾਰ ਜਾ ਕੇ
ਮੂਧੇ ਮੂੰਹ ਡਿੱਗਾਂ
ਔੜਾਂ ਮਾਰੀ ਜ਼ਮੀਨ 'ਤੇ

ਭਰਮ ਦਾ ਸਿਰ ਮਿੱਧ 
ਚਾਨਣ ਦਾ ਲਿਬਾਸ ਪਹਿਨ
ਹਨੇਰੇ ਨੂੰ ਜੱਫੀ ਪਾ ਲਵਾਂ

ਮੈਂ ਆਪਣੇ ਵਿਚੋ ਸ਼ੀਸ਼ਾ ਢੂੰਡ
ਆਪਣਾ ਅਕਸ ਆਪ ਚਿਤਰਨਾ ਹੈ....2. ਸ਼ਬਦ ਯਾਤਰਾ 

ਅੱਖਰਾਂ ਦੀ ਅਗਰਬੱਤੀ ਨੂੰ ਮਹਿਕਾਉਣ ਲਈ
ਜਗਿਆਸਾ ਨੂੰ ਵਿਵੇਕ ਦੀ ਰਗੜ ਸਹਿਣੀ ਪਵੇਗੀ 
ਅਕਾਸ਼ੀਂ ਤੈਰਦੇ ਜਜ਼ਬਿਆਂ ਦੀ ਮਤਾਬੀ 
ਸ਼ਬਦ ਦੀ ਤੀਰਥ ਯਾਤਰਾ ਹੈ 

ਮਖਮਲੀ ਰੁਮਾਲਿਆਂ 'ਚ ਅਲੀਲ ਸੰਗਿਆਨਾਤਮਕ ਸੂਝਾਂ 
ਕੋਮਲ ਪੱਤਰਿਆਂ ਤੇ ਛਪਿਆ ਸ਼ਰੇਆਮ ਹੰਕਾਰ ਹੈ 

ਕੋਈ ਕਵਿਤਾ ਅੰਤਿਮ ਨਹੀਂ 
ਕੋਈ ਅੱਖਰ ਅੰਤਿਮ ਨਹੀਂ 
ਸ਼ਬਦਾਂ ਦੀ ਆਵੇਦਨਾ ਤੇ ਅਰਾਧਨਾ 
ਨਿਰੁਕਤੀ ਦਾ ਜਿਹਾਦ ਹੈ 

ਲਿਸ਼ਕਣਾ, ਡੁਲ੍ਹਕਣਾ, ਜਗਮਗਾਉਣਾ
ਅਖੀਰ ਜਲਾਵਤਨ ਹੋ ਕੇ 
ਫਿਰ ਅਰਥਾਂ ਚ ਚਮਕਣਾ 
ਸ਼ਬਦ ਵੀ ਅਨੋਖੇ ਸ਼ਰਾਫ ਹਨ 3. ਮਹਾਂ-ਅਰਥ

ਜਿੰਦਗੀ ਦੇ ਕੋਈ ਅਰਥ ਨਹੀਂ ਹੁੰਦੇ 
ਅਰਥ ਤਾਂ ਘਾਹ ਤੇ ਸਰਘੀ ਵੇਲੇ ਪਈ ਤ੍ਰੇਲ ਦੇ ਹੁੰਦੇ ਨੇ 
ਜਾਂ ਬਰਸਾਤ ਚ ਵਹਿੰਦੇ ਹੰਝੂਆਂ ਦੇ
ਸੁਪਨਿਆਂ ਦੇ ਗੁਲਾਨਾਰੀ ਵਸਤਰਾਂ ਦੇ 
ਸੁੰਨੀ ਸਰਦਲ ਤੇ ਬੈਠੀ ਨਿੱਕੀ ਧੁੱਪੜੀ ਦੇ
ਝੂਲਦੇ ਪਰਛਾਵੇਂ, ਪਸਰੀ ਸੁੰਨ-ਸਰਾਂ  
ਪਤਝੜ ਦੇ ਪੱਤੇ, ਬਸੰਤ ਦੀ ਉਡੀਕ 
ਰੁੱਖਾਂ, ਫੁੱਲਾਂ, ਕੁਦਰਤੀ ਅਸੀਸਾਂ ਦੀ ਕਲਪ 

ਭਾਵਾਂ 'ਚ ਅਰਥ ਹੁੰਦੇ ਨੇ 
ਅਰਥਾਂ 'ਚ ਜਿੰਦਗੀ ਹੁੰਦੀ ਹੈ  
ਜਿੰਦਗੀ ਦੇ ਕੋਈ ਅਰਥ ਨਹੀਂ ਹੁੰਦੇ