ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਮੁਕੰਮਲ (ਖ਼ਬਰਸਾਰ)


ਲੁਧਿਆਣਾ  -- ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਅਮਨ ਅਮਾਨ ਨਾਲ ਸਿਰੇ ਚੜ੍ਹ ਗਈਆਂ ਅਤੇ ਮੈਂਬਰਾਂ ਨੇ ਲੰਮੀਆਂ ਲੰਮੀਆਂ ਲਾਈਨਾਂ 'ਚ ਲੱਗ ਕੇ ਵੋਟਾਂ ਪਾਈਆਂ | ਪੰਜਾਬ ਦੇ ਕੋਨੇ ਕੋਨੇ ਚੋਂ ਲੇਖਕ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਬੜੇ ਉਤਸ਼ਾਹ ਨਾਲ ਵੋਟ ਪਾਉਣ ਵਾਸਤੇ ਆਏ | ਪ੍ਰਬੰਧਕਾਂ ਵੱਲੋਂ ਟੈਂਟ ਅਤੇ ਪਾਣੀ ਦਾ ਲੋੜੀਂਦਾ ਇੰਤਜਾਮ ਨਾ ਹੋਣ ਕਰਕੇ ਮੈਂਬਰਾਂ ਨੂੰ ਵੋਟ ਪਾਉਣ ਲਈ ਧੁੱਪੇ ਹੀ ਲਾਈਨਾਂ 'ਚ ਲੱਗਣਾ ਪਿਆ | ਇਸ ਦੌਰਾਨ ਬਾਅਦ ਦੁਪਹਿਰ 2.30 ਕੁ ਵਜੇ ਲਾਈਨ 'ਚ ਖੜ੍ਹੇ ਦੋ ਵਿਅਕਤੀਆਂ ਦੇ ਬੇਹੋਸ਼ ਹੋਣ ਦਾ ਵੀ ਸਮਾਚਾਰ ਹੈ | ਇਸ ਚੋਣ 'ਚ ਜਿਥੇ ਲਾਭ ਸਿੰਘ ਖੀਵਾ ਪਹਿਲਾਂ ਹੀ ਬਿਨਾਂ ਮੁਕਾਬਲਾ ਪ੍ਰਧਾਨ, ਮਨਜੀਤ ਕੌਰ ਮੀਤ ਬਿਨਾ ਮੁਕਾਬਲਾ ਮੀਤ ਪ੍ਰਧਾਨ ਅਤੇ ਅੰਮਿ੍ਤਬੀਰ ਕੌਰ ਬਿਨਾ ਮੁਕਾਬਲਾ ਸਕੱਤਰ ਚੁਣੇ ਗਏ ਸਨ ਉਥੇ ਪਈਆਂ ਵੋਟਾਂ 'ਚ ਅਤਰਜੀਤ ਸਿੰਘ 517 ਵੋਟਾਂ ਲੈ ਕੇ ਆਪਣੇ ਵਿਰੋਧੀ ਸੁਲੱਖਣ ਸਰੱਹਦੀ (516) ਨੂੰ ਇਕ ਵੋਟ ਦੇ ਫਰਕ ਨਾਲ ਹਰਾ ਕੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ | ਡਾ. ਕਰਮਜੀਤ ਸਿੰਘ ਨੇ 581 ਵੋਟਾਂ ਲੈ ਕੇ ਆਪਣੇ ਵਿਰੋਧੀ ਦੇਸ ਰਾਜ ਕਾਲੀ ਨੂੰ 132 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਅਤੇ ਜਨਰਲ ਸਕੱਤਰ ਚੁਣੇ ਗਏ | ਮੀਤ ਪ੍ਰਧਾਨ ਦੇ 4 ਅਹੁਦਿਆਂ ਲਈ ਪਈਆਂ ਵੋਟਾਂ 'ਚ ਖੜ੍ਹੇ ਉਮੀਦਵਾਰਾਂ ਚੋਂ ਜਸਬੀਰ ਸਿੰਘ ਝੱਜ 654, ਦੀਪ ਦਵਿੰਦਰ ਸਿੰਘ 640, ਤਰਲੋਚਨ ਝਾਂਡੇ 575 ਅਤੇ ਮਾਨ ਸਿੰਘ ਢੀਂਡਸਾ 531 ਵੋਟਾਂ ਲੈ ਕੇ ਜੇਤੂ ਰਹੇ | ਸਕੱਤਰ ਦੇ 3 ਅਹੁਦਿਆਂ ਲਈ ਹੋਈ ਚੋਣ 'ਚ ਸੁਰਿੰਦਰਪ੍ਰੀਤ ਘਣੀਆ 809, ਕਰਮ ਸਿੰਘ ਵਕੀਲ 653 ਅਤੇ ਸ੍ਰੀ ਵਰਗਸ ਸਲਾਮਤ 513 ਵੋਟਾਂ ਜੇਤੂ ਰਹੇ | ਸਭਾ ਦੇ ਮੈਂਬਰਾਂ ਦੀਆਂ ਕੁੱਲ 3417 ਵੋਟਾਂ ਸਨ ਜਿਨ੍ਹਾਂ ਚੋਂ ਕੇਵਲ 1463 ਵੋਟਾਂ ਹੀ ਭੁਗਤੀਆਂ | ਰਵਿੰਦਰ ਰਵੀ ਨੇ ਮੈਂਬਰਾਂ ਦੀਆਂ ਮੁਫਤ ਫੋਟੋਆਂ ਵੀ ਖਿੱਚੀਆਂ ਤਾਂ ਜੋ ਲੇਖਕਾਂ ਦੀ ਡਾਇਰੈਕਟਰੀ ਤੇ ਲਾਈਆਂ ਜਾ ਸਕਣ | ਮੁੱਖ ਚੋਣ ਅਧਿਕਾਰੀ ਜਨਮੇਜਾ ਜੌਹਲ ਦੀ ਅਗਵਾਈ ਹੇਠ ਹੋਈ ਚੋਣ ਦਾ ਨਤੀਜਾ ਵੋਟਾਂ ਸਮਾਪਤ ਹੋਣ ਮਗਰੋਂ 10 ਮਿੰਟ 'ਚ ਹੀ ਕੱਢ ਦਿੱਤਾ ਗਿਆ, ਜਦੋਂਕਿ ਇਸ ਤੋਂ ਪਹਿਲਾਂ ਇਥੇ ਪੈਂਦੀਆਂ ਵੱਖ-ਵੱਖ ਲੇਖਕ ਸਭਾਵਾਂ ਚੋਣਾਂ ਦੇ ਨਤੀਜੇ ਦੇਰ ਰਾਤ ਨੂੰ ਜਾਂ ਦੂਸਰੇ ਦਿਨ ਨਿਕਲਦੇ ਰਹੇ ਹਨ |


ਰਵਿੰਦਰ ਸਿੰਘ ਨਿੱਝਰ