ਪੰਜਾਬੀ ਲੋਕ ਕਾਵਿ - ਬੋਲੀਆਂ -1 (ਸਾਡਾ ਵਿਰਸਾ )

ਪੰਜਾਬੀਮਾਂ ਬਿਓਰੋ   

Email: info@punjabimaa.com
Cell: 12017097071
Address: 1329, Littleton Road, Morris Plain,New Jersey
United States 07950
ਪੰਜਾਬੀਮਾਂ ਬਿਓਰੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


1
ਨਾਮ ਅੱਲ੍ਹਾ ਦਾ ਸਭ ਤੋਂ ਚੰਗਾ,
ਸਭ ਨੂੰ ਇਹੋ ਸੁਹਾਏ ।
ਗਿੱਧੇ 'ਚ ਉਸਦਾ ਕੰਮ ਕੀ ਵੀਰਨੋ,
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ ।
ਦੋਹਾਂ ਜਹਾਨਾਂ ਦਾ ਅੱਲ੍ਹਾ ਹੀ ਵਾਲੀ,
ਉਹਦੀ ਸਿਫਤ ਕਰੀ ਨਾ ਜਾਏ ।
ਅੱਲ੍ਹਾ ਦਾ ਨਾਉਂ ਲੈ ਲਏ,
ਜਿਹੜਾ ਗਿੱਧੇ ਵਿੱਚ ਆਏ ।


2

ਗੁਰ ਧਿਆ ਕੇ ਮੈਂ ਪਾਵਾਂ ਬੋਲੀ,
ਸਭ ਨੂੰ ਫਤ੍ਹੇ ਬੁਲਾਵਾਂ ।
ਬੇਸ਼ਕ ਮੈਨੂੰ ਮਾੜਾ ਆਖੋ,
ਮੈਂ ਮਿੱਠੇ ਬੋਲ ਸੁਣਾਵਾਂ ।
ਭਾਈਵਾਲੀ ਮੈਨੂੰ ਲੱਗੇ ਪਿਆਰੀ,
ਰੋਜ਼ ਗਿੱਧੇ ਵਿਚ ਆਵਾਂ ।
ਗੁਰ ਦਿਆਂ ਸ਼ੇਰਾਂ ਦੇ,
ਮੈਂ ਵਧ ਕੇ ਜਸ ਗਾਵਾਂ ।


3

ਧਰਤੀ ਜੇਡ ਗਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ ।
ਬ੍ਰਹਮਾ ਜੇਡ ਪੰਡਤ ਨਾ ਕੋਈ,
ਸੀਤਾ ਜੇਡ ਨਾ ਮਾਤਾ ।
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ ।
ਸਰਵਣ ਜੇਡ ਪੁੱਤਰ ਨਾ ਕੋਈ,
ਜਿਸ ਰੱਬ ਦਾ ਨਾਮ ਗਿਆਤਾ ।
ਨਾਨਕ ਜੇਡ ਭਗਤ ਨਾ ਕੋਈ,
ਜਿਨ ਹਰ ਦਾ ਨਾਮ ਪਛਾਤਾ ।
ਦੁਨੀਆਂ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ ।


4

ਪਿੰਡ ਤਾਂ ਸਾਡੇ ਡੇਰਾ ਸਾਧ ਦਾ,
ਮੈਂ ਸੀ ਗੁਰਮੁਖੀ ਪੜ੍ਹਦਾ ।
ਬਹਿੰਦਾ ਸਤਿਸੰਗ ਦੇ ਵਿੱਚ,
ਮਾੜੇ ਬੰਦੇ ਕੋਲ ਨੀ ਖੜ੍ਹਦਾ ।
ਜੇਹੜਾ ਫੁੱਲ ਵਿੱਛੜ ਗਿਆ,
ਮੁੜ ਨੀ ਬੇਲ 'ਤੇ ਚੜ੍ਹਦਾ ।
ਬੋਲੀਆਂ ਪੌਣ ਦੀ ਹੋਗੀ ਮਨਸ਼ਾ,
ਆ ਕੇ ਗਿੱਧੇ ਵਿੱਚ ਵੜਦਾ ।
ਨਾਲ ਸ਼ੌਕ ਦੇ ਪਾਵਾਂ ਬੋਲੀਆਂ,
ਮੈਂ ਨੀ ਕਿਸੇ ਤੋਂ ਡਰਦਾ ।
ਨਾਉਂ ਪਰਮੇਸ਼ਰ ਦਾ,
ਲੈ ਕੇ ਗਿੱਧੇ ਵਿੱਚ ਵੜਦਾ ।


5

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੱਲੀਆਂ ।
ਉੱਥੋਂ ਦੇ ਦੋ ਬਲ਼ਦ ਸੁਣੀਂਦੇ,
ਗਲ ਵਿੱਚ ਉਨ੍ਹਾਂ ਦੇ ਟੱਲੀਆਂ ।
ਭੱਜ-ਭੱਜ ਕੇ ਉਹ ਮੱਕੀ ਬੀਜਦੇ,
ਗਿੱਠ-ਗਿੱਠ ਲੱਗੀਆਂ ਛੱਲੀਆਂ ।
ਮੇਲਾ ਮੁਕਸਰ ਦਾ,
ਦੋ ਮੁਟਿਆਰਾਂ ਚੱਲੀਆ ।


6

ਕਾਲਿਆ ਹਰਨਾ ਰੋਹੀਏਂ ਫਿਰਨਾ,
ਤੇਰੇ ਪੈਰੀਂ ਝਾਂਜਰਾਂ ਪਾਈਆਂ ।
ਸਿੰਗਾਂ ਤੇਰਿਆਂ 'ਤੇ ਕੀ ਕੁਛ ਲਿਖਿਆ,
ਤਿੱਤਰ ਤੇ ਮੁਰਗਾਈਆਂ ।
ਚੱਬਣ ਨੂੰ ਤੇਰੇ ਮੋਠ ਬਾਜਰਾ,
ਪਹਿਨਣ ਨੂੰ ਮੁਗਲਾਈਆਂ ।
ਅੱਗੇ ਤਾਂ ਟੱਪਦਾ ਨੌਂ-ਨੌਂ ਕੋਠੇ,
ਹੁਣ ਨੀ ਟੱਪੀਦੀਆਂ ਖਾਈਆਂ ।
ਖਾਈ ਟੱਪਦੇ ਦੇ ਵੱਜਿਆ ਕੰਡਾ,
ਦੇਵੇਂ ਰਾਮ ਦੁਹਾਈਆਂ ।
ਮਾਸ-ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰੁਲਾਈਆਂ ।
ਜਿਉਣੇ ਮੌੜ ਦੀਆਂ,
ਸਤ ਰੰਗੀਆਂ ਭਰਜਾਈਆਂ ।


7

ਸੁਣ ਨੀ ਕੁੜੀਏ ! ਸੁਣ ਨੀ ਚਿੜੀਏ !
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ ।
ਵਿੱਚ ਸਖੀਆਂ ਦੇ ਪੈਲਾਂ ਪਾਵੇਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ ।
ਤੂੰ ਹਸਦੀ ਦਿਲ ਰਾਜ਼ੀ ਮੇਰਾ,
ਜਿਉਂ ਬਿਰਛਾਂ ਦੀ ਛਾਇਆ ।
ਨੱਚ-ਨੱਚ ਕੇ ਤੂੰ ਹੋਗੀ ਦੂਹਰੀ,
ਭਾਗ ਗਿੱਧੇ ਨੂੰ ਲਾਇਆ ।
ਪਰੀਏ ਰੂਪ ਦੀਏ,
ਤੈਨੂੰ ਰੱਬ ਨੇ ਆਪ ਬਣਾਇਆ ।


8

ਦੇਸ ਮੇਰੇ ਦੇ ਬਾਂਕੇ ਗੱਭਰੂ,
ਮਸਤ ਅੱਲ੍ਹੜ ਮੁਟਿਆਰਾਂ ।
ਨੱਚਦੇ ਟੱਪਦੇ ਗਿੱਧੇ ਪਾਉਂਦੇ,
ਗਾਉਂਦੇ ਰਹਿੰਦੇ ਵਾਰਾਂ ।
ਪ੍ਰੇਮ ਲੜੀ ਵਿੱਚ ਇੰਜ ਪਰੋਤੇ,
ਜਿਉਂ ਕੂੰਜਾਂ ਦੀਆਂ ਡਾਰਾਂ ।
ਮੌਤ ਨਾਲ ਇਹ ਕਰਨ ਮਖ਼ੌਲਾਂ,
ਮਸਤੇ ਵਿੱਚ ਪਿਆਰਾਂ ।
ਕੁਦਰਤ ਦੇ ਮੈਂ ਕਾਦਰ ਅੱਗੇ,
ਇਹੋ ਅਰਜ਼ ਗੁਜ਼ਾਰਾਂ ।
ਦੇਸ ਪੰਜਾਬ ਦੀਆਂ,
ਖਿੜੀਆਂ ਰਹਿਣ ਬਹਾਰਾਂ ।


9

ਤਾਰਾਂ ਤਾਰਾਂ ਤਾਰਾਂ,
ਬੋਲੀਆਂ ਦਾ ਖੂਹ ਭਰ ਦਿਆਂ ।
ਜਿਥੇ ਪਾਣੀ ਭਰਨ ਮੁਟਿਆਰਾਂ ।
ਬੋਲੀਆਂ ਦੀ ਸੜਕ ਬੰਨ੍ਹਾਂ,
ਜਿੱਥੇ ਚਲਦੀਆਂ ਮੋਟਰਕਾਰਾਂ ।
ਬੋਲੀਆਂ ਦੀ ਰੇਲ ਭਰਾਂ,
ਜਿੱਥੇ ਦੁਨੀਆਂ ਚੜ੍ਹੇ ਹਜ਼ਾਰਾਂ ।
ਬੋਲੀਆਂ ਦੀ ਕਿੱਕਰ ਭਰਾਂ,
ਜਿੱਥੇ ਕਾਟੋ ਲਵੇ ਬਹਾਰਾਂ ।
ਬੋਲੀਆਂ ਦੀ ਨਹਿਰ ਭਰਾਂ,
ਜਿੱਥੇ ਲਗਦੇ ਮੋਘੇ ਨਾਲਾਂ ।
ਜਿਊਂਦੀ ਮੈਂ ਮਰ ਗਈ
ਕੱਢੀਆਂ ਜੇਠ ਨੇ ਗਾਲਾਂ ।


10

ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ ,
ਨਾ ਮੈਂ ਬੈਠੀ ਡੇਰੇ ।
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ,
ਬਹਿ ਕੇ ਮੋਟੇ ਨ੍ਹੇਰੇ ।
ਬੋਲ ਅਗੰਮੀ ਨਿਕਲਣ ਅੰਦਰੋਂ,
ਕੁਝ ਵਸ ਨਹੀ ਮੇਰੇ ।
ਮੇਲਣੇ ਨੱਚ ਲੈ ਨੀ,
ਦੇ ਦੇ ਸ਼ੌਕ ਦੇ ਗੇੜੇ ।
ਮੇਲਣੇ ਨੱਚ ਲੈ ਨੀ,
ਦੇ ਦੇ ਸ਼ੌਕ ਦੇ ਗੇੜੇ ।


11

ਗਿੱਧਾ ਗਿੱਧਾ ਕਰੇਂ ਮੇਲਣੇਂ,
ਗਿੱਧਾ ਪਊ ਬਥੇਰਾ ।
ਨਜ਼ਰ ਮਾਰ ਕੇ ਵੇਖ ਮੇਲਣੇਂ,
ਭਰਿਆ ਪਿਆ ਬਨੇਰਾ ।
ਸਾਰੇ ਪਿੰਡ ਦੇ ਲੋਕੀ ਆ ਗਏ,
ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੈ ਨੀ,
ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚਲੈ ਨੀ,
ਦੇ ਲੈ ਸ਼ੌਕਦਾ ਗੇੜਾ ।


12

ਜੰਗਲ ਦੇ ਵਿੱਚ ਜੰਮੀ ਜਾਈ,
ਚੰਦਰੇ ਪੁਆਧ ਵਿਆਹੀ ।
ਹੱਥ ਵਿੱਚ ਖੁਰਪਾ ਮੋਢੇ ਚਾਦਰ,
ਮੱਕੀ ਗੁੱਡਣ ਲਾਈ,
ਗੁਡਦੀ ਗੁਡਦੀ ਦੇ ਪੈ ਗਏ ਛਾਲੇ,
ਆਥਣ ਨੂੰ ਘਰ ਆਈ,
ਆਉਂਦੀ ਨੂੰ ਸੱਸ ਦੇਵੇ ਗਾਲੀਆਂ,
ਘਾਹ ਦੀ ਪੰਡ ਨਾ ਲਿਆਈ,
ਪੰਜੇ ਪੁੱਤ ਤੇਰੇ ਮਰਨ ਸੱਸੜੀਏ,
ਛੇਵਾਂ ਮਰੇ ਜਵਾਈ,
ਨੀ ਗਾਲ ਭਰਾਵਾਂ ਦੀ,
ਕੀਹਨੇ ਕੱਢਣ ਸਿਖਾਈ,
ਨੀ ਗਾਲ ਭਰਾਵਾਂ ਦੀ,
ਕੀਹਨੇ ਕੱਢਣ ਸਿਖਾਈ ।