ਜਨਮ ਸੁਹੇਲਾ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਨਸਾਨ ਰੋਂਦਾ ਹੋਇਆ ਇਸ ਧਰਤੀ ਤੇ ਆਉਂਦਾ ਹੈ, ਤੰਗੀਆਂ, ਤੁਰਸ਼ੀਆਂ, ਕਮੀਆਂ ਦੀਆਂ ਸ਼ਿਕਾਇਤਾਂ ਕਰਦਾ ਹੋਇਆ ਜਿਉਂਦਾ ਹੈ ਅਤੇ ਅੰਤ ਪਛਤਾਵੇ ਵਿਚ ਮਰ ਜਾਂਦਾ ਹੈ। ਕੀ ਇਹ ਹੀ ਹੈ ਇਨਸਾਨ ਦੀ ਜ਼ਿੰਦਗੀ? ਕੀ ਪ੍ਰਮਾਤਮਾ ਨੇ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਹੀ ਸਾਨੂੰ ਮਨੁੱਖਾ ਜਨਮ ਦਿੱਤਾ ਹੈ? ਕੀ ਅਸੀੰ ਮਨੁੱਖ ਹੋਣ ਦਾ ਮੁੱਲ ਚੁਕਾ ਰਹੇ ਹਾਂ? ਕੀ ਅਸੀ ਜਾਨਵਰਾਂ ਤੋਂ ਕੁਝ ਬਿਹਤਰ ਜ਼ਿੰਦਗੀ ਜੀਅ ਰਹੇ ਹਾਂ? …..ਇਸ ਦਾ ਜੁਆਬ ਹੈ ਨਹੀਂ। ਸ਼ਾਇਦ ਜਾਨਵਰ ਬਹੁਤ ਸਾਰੇ ਮਨੁੱਖਾਂ ਤੋਂ ਚੰਗੀ ਜ਼ਿੰਦਗੀ ਬਸਰ ਕਰਦੇ ਹਨ। ਇਹ ਠੀਕ ਹੈ ਕਿ ਮਨੁੱਖ ਦਾ ਦਿਮਾਗ ਜਾਨਵਰਾਂ ਤੋਂ ਜਿਆਦਾ ਵਿਕਸਤ ਹੈ ਇਸ ਲਈ ਉਸਨੇ ਬੇਇੰਤਹਾ ਦੌਲਤ ਇਕੱਠੀ ਕਰ ਕੇ ਇਸ ਧਰਤੀ ਤੇ ਗਗਨਚੁੰਬੀ ਇਮਾਰਤਾਂ ਖੜੀਆਂ ਕਰ ਲਈਆਂ ਹਨ ਅਤੇ ਹੋਰ ਸੁੱਖ ਅਰਾਮ ਦੇ ਕਈ ਸਾਧਨ ਪੈਦਾ ਕਰ ਕੇ ਆਪਣਾ ਹੀ ਇਕ ਸੁਪਨਮਈ ਸੰਸਾਰ ਉਸਾਰ ਲਿਆ ਹੈ। ਕੀ ਮਨੁੱਖ ਇਨ੍ਹਾਂ ਸਾਰੇ ਸੁੱਖ ਦੇ ਸਾਧਨਾ ਦੇ ਬਾਵਜੂਦ ਵੀ ਸੱਚੀ ਮੁੱਚੀ ਸੁੱਖੀ ਹੈ? ਉਹ ਤਾਂ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਹੋਰ ਜਿਆਦਾ ਦੀ ਪ੍ਰਾਪਤੀ ਲਈ ਸਾਰੀ ਉਮਰ ਖੱਜਲ-ਖੁਆਰ ਹੁੰਦਾ ਰਹਿੰਦਾ ਹੈ। ਹੋਰ ਦੌਲਤ ਕਮਾਉਣ ਲਈ ਭੱਜਿਆ ਹੀ ਜਾ ਰਿਹਾ ਹੈ। ਉਸ ਨੂੰ ਇਕ ਮਿੰਟ ਵੀ ਅਰਾਮ ਕਰਨ ਦੀ ਫ਼ੁਰਸਤ ਨਹੀਂ ਜੇ ਉਹ ਅਰਾਮ ਕਰਨ ਲਈ ਰੁਕ ਗਿਆ ਤਾਂ ਪੈਸੇ ਦੀ ਦੌੜ ਵਿਚ ਗੁਆਂਢੀਆਂ ਨਾਲੋਂ ਪਿੱਛੇ ਰਹਿ ਜਾਵੇਗਾ। ਉਸ ਪਾਸ ਜ਼ਿੰਦਗੀ ਨੂੰ ਮਾਨਣ ਦੀ ਫ਼ੁਰਸਤ ਹੀ ਨਹੀਂ। ਇਸ ਦੌੜ ਵਿਚ ਬੇਸ਼ੱਕ ਉਸ ਨੂੰ ਦੂਜੇ ਦੀ ਲਾਸ਼ ਤੇ ਹੀ ਪੈਰ ਰੱਖ ਕੇ ਕਿਉਂ ਨਾਂ ਅੱਗੇ ਵਧਣਾ ਪਏ, ਇਸ ਦੀ ਉਸ ਨੂੰ ਕੋਈ ਪਰਵਾਹ ਨਹੀਂ। ਉਸ ਨੇ ਤਾਂ ਮਾਇਆ ਦੇ ਢੇਰ ਇੱਕਠੇ ਕਰਨੇ ਹਨ। ਵੱਧ ਤੋਂ ਵੱਧ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨਾ ਹੈ। ਬੇਸ਼ੱਕ ਉਹ ਇਹ ਵੀ ਜਾਣਦਾ ਹੈ ਕਿ ਮਰਨ ਤੋਂ ਬਾਅਦ ਸਾਰੀ ਦੌਲਤ ਅਤੇ ਜ਼ਮੀਨ ਜਾਇਦਾਦ ਇੱਥੇ ਹੀ ਰਹਿ ਜਾਣੀ ਹੈ। ਉਸ ਨੂੰ ਤਾਂ ਕੇਵਲ ਅੰਤਮ ਸੰਸਕਾਰ ਲਈ ਕੇਵਲ ਛੇ ਫੁੱਟ ਜਗ੍ਹਾਂ ਹੀ ਚਾਹੀਦੀ ਹੈ। 
ਦੂਜੇ ਪਾਸੇ ਜੇ ਅਸੀਂ ਜਾਨਵਰਾਂ ਦਾ ਸੋਚੀਏੇ ਕਿ ਕੀ ਉਹ ਇਨ੍ਹਾਂ ਦੌਲਤਾਂ ਤੋਂ ਬਿਨਾਂ ਦੁਖੀ ਹਨ? …..ਨਹੀਂ ਬਿਲਕੁਲ ਨਹੀਂ। ਕਿਉਂਕਿ ਉਨ੍ਹਾਂ ਨੂੰ ਤਾਂ ਇਨ੍ਹਾਂ ਦੌਲਤਾਂ ਤੇ ਜਾਇਦਾਦਾਂ ਦੀ ਬਿਲਕੁਲ ਜ਼ਰੂਰਤ ਹੀ ਨਹੀਂ। ਉਹ ਇਨ੍ਹਾਂ ਦੌਲਤਾਂ ਤੋਂ ਬਿਨ੍ਹਾਂ ਹੀ ਸੋਹਣੀ ਜ਼ਿੰਦਗੀ ਬਸਰ ਕਰਦੇ ਹਨ।ਇਸ ਲਈ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਨਾਲ ਕੋਈ ਮੋਹ ਨਹੀਂ। ਉਨ੍ਹਾਂ ਲਈ ਇਹ ਸਭ ਕੁਝ ਬੇਕਾਰ ਹੀ ਹੈ। ਉਨ੍ਹਾਂ ਨੂੰ ਤਾਂ ਕੇਵਲ ਅਜ਼ਾਦੀ ਚਾਹੀਦੀ ਹੈ। ਉਹ ਮਨੱਖ ਦੀ ਤਰ੍ਹਾਂ ਕਦੀ ਚਿੰਤਾ ਵਿਚ ਨਹੀਂ ਪੈਂਦੇ। ਅਸੀਂ ਅੱਜ ਤੱਕ ਕਦੀ ਕਿਸੇ ਜਾਨਵਰ ਨੂੰ ਮਨੁੱਖ ਦੀ ਤਰ੍ਹਾਂ ਰੋਂਦੇ ਹੋਏ ਨਹੀਂ ਦੇਖਿਆ। ਸ਼ਾਇਦ ਉਹ ਮਨੁੱਖ ਨਾਲੋਂ ਬਿਹਤਰ ਜ਼ਿੰਦਗੀ ਜਿਉਂਦੇ ਹਨ। ਹੋਰ ਤਾਂ ਹੋਰ ਜਾਨਵਰਾਂ ਦੀ ਸਿਹਤ ਵੀ ਮਨੁੱਖਾਂ ਨਾਲੋਂ ਬਿਹਤਰ ਹੀ ਹੰਦੀ ਹੈ। ਉਹ ਕੁਦਰਤ ਦੀ ਗੋਦ ਵਿਚ ਪਲ ਕੇ ਤੰਦਰੁਸਤ ਰਹਿੰਦੇ ਹਨ।ਇੱਧਰ ਹਜ਼ਾਰਾਂ ਨਰਸਾਂ ਤੇ ਡਾਕਟਰ ਡਿਗਰੀ ਲੈ ਕੇ ਫਿਰ ਰਹੇ ਹਨ ਪਰ ਬਿਮਾਰੀਆਂ ਘਟਣ ਦਾ ਨਾਮ ਹੀ ਨਹੀਂ ਲੈਂਦੀਆਂ। ਹਸਪਤਾਲਾਂ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਇਤਨੇ ਡਾਕਟਰਾਂ ਤੇ ਦੁਆਈਆਂ ਦੇ ਬਾਵਜੂਦ ਵੀ ਉਹ ਤੰਦਰੁਸਤ ਨਹੀਂ ਹੋ ਰਹੇ। ਆਪਣੀਆਂ ਬਿਮਾਰੀਆਂ ਦੇ ਕਸ਼ਟਾਂ ਕਾਰਨ ਉਹ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ।
ਹੋਰ ਤਾਂ ਹੋਰ ਮਨੁੱਖ ਹਰ ਸਮੇਂ ਆਪਸ ਵਿਚ ਹੀ ਖਹਿਬੜਦੇ ਰਹਿੰਦੇ ਹਨ। ਕਾਮ, ਕ੍ਰੋਧ, ਲਾਲਚ, ਈਰਖਾ, ਸਾੜ੍ਹਾ ਅਤੇ ਹੰਕਾਰ ਉਨ੍ਹਾਂ ਤੇ ਭਾਰੂ ਰਹਿੰਦੇ ਹਨ। ਇਨ੍ਹਾਂ ਔਗੁਣਾ ਕਾਰਨ ਕਈ ਵਾਰੀ ਮਨੁੱਖ ਆਪਣੇ ਪਵਿਤਰ ਰਿਸ਼ਤਿਆਂ ਨੂੰ ਤਾਰ ਤਾਰ ਤੇ ਸ਼ਰਮਸਾਰ ਕਰ ਦਿੰਦਾ ਹੈ। ਇਸੇ ਲਈ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:
ਸਪੇਰੋਂ ਨੇ ਯਹ ਕਹਿ ਕਰ ਨਾਗੋਂ ਕੋ ਪਿਟਾਰੇ ਮੇਂ ਬੰਦ ਕਰ ਲਿਆ,
ਕਿ ਇਨਸਾਨ ਹੀ ਬਹੁਤ ਹੈਂ ਇਨਸਾਨ ਕੋ ਡਸਨੇ ਕੇ ਲਿਏ।

ਅੱਜ ਮਨੁੱਖ ਮਨੁੱਖ ਦਾ ਵੈਰੀ ਬਣਿਆ ਪਿਆ ਹੈ। ਭਰਾ ਭਰਾ ਦਾ ਵੈਰੀ ਹੈ। ਪਤੀ ਪਤਨੀ ਦੀ ਨਹੀਂ ਬਣਦੀ। ਮਨੁੱਖ ਮਨੁੱਖ ਦੇ ਖੂਨ ਦਾ ਪਿਆਸਾ ਹੈ। ਅੱਜ ਕੋਰਟ ਕਚੈਹਰੀਆਂ ਮੁਕਦਮਿਆਂ ਨਾਲ ਭਰੀਆਂ ਪਈਆਂ ਹਨ। ਹਜ਼ਾਰਾਂ ਜੱਜ ਮਨੁੱਖਾਂ ਦੇ ਝਗੜਿਆਂ ਦੇ ਫੈਸਲੇ ਕਰਨ ਲਈ ਲੱਗੇ ਹੋਏ ਹਨ ਪਰ ਮਨੁੱਖੀ ਦੁਸ਼ਮਣੀ ਵਧਦੀ ਹੀ ਜਾਂਦੀ ਹੈ। ਦੂਜੇ ਪਾਸੇ ਜਾਨਵਰਾਂ ਦੇ ਝਗੜਿਆਂ ਲਈ ਕੋਈ ਕਚੈਹਰੀਆਂ ਦੀ ਜ਼ਰੂਰਤ ਨਹੀਂ। ਉਨ੍ਹਾਂ ਵਿਚ ਅਜੇਹੀਆਂ ਦੁਸ਼ਮਣੀਆਂ ਨਹੀਂ ਹੁੰਦੀਆਂ। ਜੇ ਆਪਸ ਵਿਚ ਕੋਈ ਮਾੜੀ ਮੋਟੀ ਝੜਪ ਹੋ ਵੀ ਜਾਏ ਤਾਂ ਉਸ ਦਾ ਫੈਸਲਾ ਪਲਾਂ ਵਿਚ ਉੱਥੇ ਹੀ ਹੋ ਜਾਂਦਾ ਹੈ। ਫਿਰ ਅਸੀ ਜਾਨਵਰਾਂ ਤੋਂ ਕਿਹੜੀ ਗਲੋਂ ਬਿਹਤਰ ਹਾਂ?
ਸਾਡੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਸਲੀਕਾ ਨਹੀਂ ਸਿਖਿਆ। ਅਸੀਂ ਮਨੁੱਖ ਹੋਣ ਦਾ ਧਰਮ ਨਹੀਂ ਪਾਲਿਆ।ਸ਼ੋਹਣੇ ਕੱਪੜੇ ਪਾ ਕੇ ਅਸੀਂ ਜੰਟਲਮੈਨ ਬਣ ਗਏ ਹਾਂ ਪਰ ਵਿਚੋਂ ਅਸੀਂ ਨੰਗੇ ਹੀ ਹਾਂ। ਅਸੀਂ ਗੰਦੇ ਅਤੇ ਗਲੀਚ ਹਾਂ। ਅਸੀਂ ਇਹ ਮੰਨਦੇ ਹਾਂ ਕਿ ਰੱਬ ਸਭ ਜਗ੍ਹਾਂ ਹਾਜ਼ਰ ਹੈ ਪਰ ਮਾੜਾ ਕੰਮ ਕਰਨ ਲੱਗੇ ਅਸੀਂ ਸੋਚਦੇ ਹਾਂ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ ਭਾਵ ਰੱਬ ਹੈ ਹੀ ਨਹੀਂ। ਅਸੀਂ ਆਪਣੇ ਲਈ ਤਾਂ ਰੋਜ਼ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਾਂ ਕਿ ਸਾਡੇ ਪਰਦੇ ਢੱਕੀਂ ਪਰ ਦੂਸਰੇ ਦਾ ਨੰਗੇਜ਼ ਚੋਰ ਝਾਤੀਆਂ ਰਾਹੀਂ ਦੇਖਦੇ ਹਾਂ। ਦੂਜਿਆਂ ਦੀ ਛੋਟੀ ਛੋਟੀ ਗਲ ਨੂੰ ਲੋਕਾਂ ਵਿਚ ਭੰਡ ਕੇ ਸੁਆਦ ਲੈਂਦੇ ਹਾਂ। ਅਸੀਂ ਲੋਕਾਂ ਨੂੰ ਸਿੱਖਿਆ ਤਾਂ ਬਹੁਤ ਦਿੰਦੇ ਹਾਂ ਪਰ ਆਪ ਉਸ ਤੇ ਅਮਲ ਨਹੀਂ ਕਰਦੇ। ਸ਼ਾਡੀ ਕਥਨੀ ਤੇ ਕਰਨੀ ਵਿਚ ਬਹੁਤ ਫਰਕ ਹੈ। ਇਸੇ ਕਾਰਨ ਅਸੀਂ ਦੁਖੀ ਹਾਂ। ਬੇਹੱਦ ਦੌਲਤ ਹੋਣ ਦੇ ਬਾਵਜੂਦ ਵੀ ਸਾਡੀ ਜ਼ਿੰਦਗੀ ਖੁਸ਼ਹਾਲ ਨਹੀਂ। । ਸਾਡੀ ਜ਼ਿੰਦਗੀ ਵਿਚ ਸ਼ਾਂਤੀ ਅਤੇ ਸਹਿਜ ਨਹੀਂ।  ਸਾਡੀ ਜ਼ਿੰਦਗੀ ਲੈਅ ਬੱਧ ਨਹੀਂ ਕਿਉਂਕਿ ਅਸੀਂ ਮਨੁੱਖਤਾ ਤੋਂ ਰਹਿਤ ਜ਼ਿੰਦਗੀ ਜਿਉਂਦੇ ਹਾਂ। ਅਸੀਂ ਆਪਣੇ ਦੁੱਖਾਂ ਲਈ ਆਪਣੇ ਔਗੁਣ, ਦੋਸ਼ ਅਤੇ ਕੁਕਰਮ ਨਹੀਂ ਦੇਖਦੇ। ਅਸੀਂ ਆਪਣੇ ਦੁੱਖਾਂ ਦਾ ਕਾਰਨ ਦੂਸਰਿਆਂ ਨੂੰ ਜਾਂ ਕਿਸਮਤ ਨੂੰ ਦਸਦੇ ਹਾਂ। ਇਸ ਤਰ੍ਹਾਂ ਅਸੀਂ ਹੋਰ ਦੁਖੀ ਹੁੰਦੇ ਹਾਂ।
ਜੇ ਅਸੀਂ ਪੰਛੀਆਂ ਦੇ ਜੀਵਨ ਵਲ ਝਾਤ ਮਾਰੀਏ ਤਾਂ ਉਨ੍ਹਾਂ ਦਾ ਜੀਵਨ ਵੀ ਮਨੁੱਖਾ ਜੀਵਨ ਤੋਂ ਉੱਤਮ ਨਜ਼ਰ ਆਵੇਗਾ।ਉਹ ਸਵੇਰੇ ਦਾਨਾ ਚੁਗਨ ਲਈ ਉਡਾਰੀਆਂ ਮਾਰਦੇ ਹਨ। ਸ਼ਾਮ ਨੂੰ ਉਹ ਆਪਣੇ ਬੱਚਿਆਂ ਲਈ ਦਾਨਾ ਲੈ ਕੇ ਆਪਣੇ ਆਲ੍ਹਣਿਆਂ ਵਿਚ ਵਾਪਸ ਮੁੜਦੇ ਹਨ। ਪਰ ਸਾਰਾ ਦਿਨ ਉਹ ਕੇਵਲ ਆਪਣਾ ਪੇਟ ਭਰਨ ਲਈ ਹੀ ਨਹੀਂ ਲੱਗੇ ਰਹਿੰਦੇ। ਸਾਰਾ ਦਿਨ ਉਹ ਕੁਦਰਤ ਨਾਲ ਅਭੇਦ ਹੋ ਕੇ ਨੀਲੇ ਅਕਾਸ਼ ਦੀ ਠੰਡੀ ਫਿਜ਼ਾ ਮਾਣਦੇ ਹਨ। ਉਹ ਜੰਗਲ ਵਿਚ ਜਾ ਕੇ ਜਾਂ ਪੇੜਾਂ ਤੇ ਬੈਠ ਕੇ ਆਪਣੀ ਸੰਗੀਤਮਈ ਅਵਾਜ਼ ਵਿਚ ਮਿੱਠਾ ਰਾਗ ਛੇੜਦੇ ਹਨ। ਕੋਇਲ ਦੀ ਮਿੱਠੀ ਕੂ ਕੂ ਦਿਲ ਨੂੰ ਖਿੱਚ ਪਾਉਂਦੀ ਹੈ।ਮੋਰ ਨੂੰੰ ਪੈਲਾਂ ਪਾਉਂਦੇ ਦੇਖ ਕੇ ਮਨੁੱਖ ਦਾ ਮਨ ਵੀ ਝੂਮ ਉਠਦਾ ਹੈ। ਜਦ ਬਰਸਾਤ ਹੁੰਦੀ ਹੈ ਤਾਂ ਉਹ ਖੁਸ਼ੀ ਮਨਾਉਂਦੇ ਹਨ। ਪਾਣੀ ਦੇ ਛੱਪੜਾਂ ਵਿਚ ਛੜੱਪੇ ਮਾਰਦੇ ਹਨ। ਆਪਣਾ ਸਰੀਰ ਅਤੇ ਖੰਭ ਧੋਂਦੇ ਹਨ। ਉਨ੍ਹਾਂ ਦਾ ਜੀਵਨ ਕਿੰਨਾ ਦਿਲਕਸ਼ ਅਤੇ ਬੇਪ੍ਰਵਾਹ ਹੁੰਦਾ ਹੈ? ਕੋਈ ਕਹਿ ਸਕਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਮਨੁੱਖ ਨਾਲੋਂ ਕਿਸੇ ਗਲੋਂ ਘਟੀਆ ਹੁੰਦੀ ਹੈ? ਮਨੁੱਖ ਨੇ ਤਾਂ ਦਵੇਸ਼ ਕਰ ਕੇ ਜ਼ਮੀਨ ਤੇ ਅਲੱਗ ਅਲੱਗ ਮੁਲਕਾਂ ਦੀਆਂ ਵੰਡੀਆਂ ਪਾ ਲਈਆਂ। ਜੇ ਕਿਸੇ ਮੱਨੁਖ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਪਵੇ ਤਾਂ ਉਸ ਨੂੰ ਪਾਸਪੋਰਟ ਅਤੇ ਵੀਜ਼ੇ ਆਦਿ ਦੀਆਂ ਸਖਤ ਅਕਾਉ ਅਤੇ ਖਰਚੀਲੀਆਂ ਪਰਕ੍ਰਿਰਿਆਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਦੂਸਰੇ ਮੁਲਕ ਵਿਚ ਵੀ ਜਾ ਕੇ ਵਿਦੇਸ਼ੀਆਂ ਨੂੰ ਹਮੇਸ਼ਾਂ ਸ਼ੱਕ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ। ਪੰਛੀਆਂ ਲਈ ਇਹ ਸਰਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ। ਉਨ੍ਹਾਂ ਨੂੰ ਕਿਸੇ ਪਾਸਪੋਰਟ ਜਾਂ ਵੀਜ਼ੇ ਦੀ ਜ਼ਰੂਰਤ ਨਹੀਂ। ਫਿਰ ਮੱਨੁਖ ਕਿਹੜੀ ਗਲੋਂ ਪੰਛੀਆਂ ਨਾਲੋਂ ਬਿਹਤਰ ਹੈ?ਪੰਛੀਆਂ ਲਈ ਤਾਂ ਸਾਰਾ ਅਕਾਸ਼ ਅਤੇ ਸਾਰੀ ਧਰਤੀ ਹੀ ਉਨ੍ਹਾਂ ਦੀ ਆਪਣੀ ਹੈ। ਉਹ ਕੁਦਰਤ ਨਾਲ ਇਕ ਮਿਕ ਹੋ ਕੇ ਅਜ਼ਾਦੀ ਦਾ ਪੂਰਾ ਅਨੰਦ ਲੈਂਦੇ ਹਨ ਅਤੇ ਕੁਦਰਤ ਦੀ ਸੁੰਦਰਤਾ ਨੂੰ ਵਧਾਉਂਦੇ ਹਨ। 
ਮੱਛੀਆਂ ਅਤੇ ਦੂਜੇ ਸਮੁੰਦਰੀ ਜਾਨਵਰਾਂ ਨੂੰ ਹੀ ਲੈ ਲਉ। ਪਾਣੀ ਉਨ੍ਹਾਂ ਦਾ ਸੰਸਾਰ ਹੈ। ਉਹ ਪਾਣੀ ਵਿਚ ਹੀ ਪੈਦਾ ਹੁੰਦੇ ਹਨ, ਪਾਣੀ ਵਿਚ ਹੀ ਜ਼ਿੰਦਗੀ ਜਿਉਂਦੇ ਹਨ ਅਤੇ ਅੰਤ ਪਾਣੀ ਵਿਚ ਹੀ ਮਰ ਜਾਂਦੇ ਹਨ। ਪਾਣੀ ਹੀ ਉਨ੍ਹਾਂ ਦਾ ਜੀਵਨ ਹੈ। ਉਨ੍ਹਾਂ ਨੂੰ ਮੱਨੁਖੀ ਦੌਲਤਾਂ ਅਤੇ ਜ਼ਮੀਨ ਜਾਇਦਾਦਾਂ ਦੀ ਕੋਈ ਜ਼ਰੂਰਤ ਨਹੀਂ।ਸਿੱਪੀ ਸਮੁੰਦ੍ਰ ਵਿਚ ਰਹਿ ਕਿ ਵੀ ਕੀਮਤੀ ਮੋਤੀ ਪੈਦਾ ਕਰਦੀ ਹੈ। ਅੱਜ ਕੱਲ ਟੈਲੀਵੀਜ਼ਨ ਦੇ ਡਿਸਕਵਰੀ ਅਤੇ ਐਨੀਮਲ ਚੈਨਲਾਂ ਤੇ ਜਾਨਵਰਾਂ ਅਤੇ ਪਾਣੀ ਦੇ ਜੀਵਾਂ ਦੇ ਐਸੈ ਨਜ਼ਾਰੇ ਦਿਖਾਏ ਜਾਂਦੇ ਹਨ ਕਿ ਮੱਨੁਖ ਦੰਗ ਰਹਿ ਜਾਂਦਾ ਹੈ।
ਇਹ ਠੀਕ ਹੈ ਕਿ ਹਮੇਸ਼ਾਂ ਵੱਡੀ ਮਛਲੀ ਛੋਟੀ ਮਛਲੀ ਨੂੰ ਖਾਂਦੀ ਹੈ। ਇਹ ਕੁਦਰਤ ਦਾ ਅਸੂਲ ਹੈ ਕਿ ਹਰ ਜੀਵ ਨੂੰ ਨਿਗਲਨ ਲਈ ਉਸ ਤੋਂ ਵੱਡਾ ਜੀਵ ਘਾਤ ਲਾ ਕੇ ਬੈਠਾ ਹੈ। ਇਸ ਦੀ ਉਨ੍ਹਾਂ ਨੂੰ ਕੋਈ ਫਿਕਰ ਨਹੀਂ। ਉਹ ਇਸੇ ਵਿਚ ਹੀ ਖੁਸ਼ ਹਨ। ਉਨ੍ਹਾਂ ਨੂੰ ਮੌਤ ਦੀ ਕੋਈ ਪ੍ਰਵਾਹ ਨਹੀਂ। ਜਦ ਮੌਤ ਆਵੇਗੀ ਤਾਂ ਆਵੇਗੀ। ਮੌਤ ਤੋਂ ਪਹਿਲਾਂ ਜੋ ਜ਼ਿੰਦਗੀ ਹੈ ਉਸ ਨੂੰ ਉਹ ਪੂਰੀ ਤਰ੍ਹਾਂ ਮਾਣਦੇ ਹਨ। ਮੱਨੁਖ ਦੀ ਤਰ੍ਹਾਂ ਉਹ ਜ਼ਿੰਦਗੀ ਵਿਚ ਬਾਰ ਬਾਰ ਨਹੀਂ ਮਰਦੇ। ਨਾ ਹੀ ਉਹ ਗਿਲੇ ਸ਼ਿਕਵੇ ਅਤੇ ਹੌਕਿਆਂ ਅਤੇ ਆਹਾਂ ਨਾਲ ਆਪਣਾ ਖੂਨ ਸਾੜਦੇ ਹਨ। ਉਹ ਜਿਤਨੀ ਜ਼ਿੰਦਗੀ ਜਿਉਂਦੇ ਹਨ ਕੁਦਰਤ ਨਾਲ ਅਭੇਦ ਹੋ ਕੇ ਜਿਉਂਦੇ ਹਨ। 
ਮਨੁੱਖ ਨੇ ਪੰਛੀਆਂ ਨੰੂੰ ਦੇਖ ਕੇ ਹਵਾਈ ਜਹਾਜ਼ ਅਤੇ ਰਾਕਟ ਬਣਾ ਲਏ ਅਤੇ ਅਸਮਾਨ ਵਿਚ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਇਸੇ ਤਰ੍ਹਾਂ ਮੱਛੀਆਂ ਅਤੇ ਮਗਰਮੱਛਾਂ ਨੂੰ ਦੇਖ ਕੇ ਸਮੁੰਦਰੀ ਜਹਾਜ਼ ਬਣਾ ਲਏ ਅਤੇ ਪਾਣੀ ਵਿਚ ਤੈਰਨ ਲਗੇ। ਇਕ ਤਰ੍ਹਾਂ ਜਲ, ਥੱਲ ਅਤੇ ਅਕਾਸ਼ ਆਦਿ ਤਿੰਨਾਂ ਲੋਕਾਂ ਤੇ ਆਪਣਾ ਕਬਜ਼ਾ ਜਮਾ ਲਿਆ।ਪਰ ਮੱਨੁਖ ਨੇ ਇਨ੍ਹਾਂ ਜੀਵਾਂ ਤੋਂ ਕੁਦਰਤੀ ਜੀਵਨ ਜਿਉਣਾ ਨਹੀਂ ਸਿੱਖਿਆ। ਸਗੋਂ ਕੁਦਰਤ ਵਿਚ ਪਰਦੂਸ਼ਨ ਫੈਲਾ ਕੇ ਸ੍ਰਿਸ਼ਟੀ ਵਿਚ ਇਕ ਤਰ੍ਹਾਂ ਦਾ ਜ਼ਹਿਰ ਘੋਲ ਦਿੱਤਾ। ਬੇਇੰਤਹਾ ਸ਼ੋਰ ਨਾਲ ਕੁਦਰਤ ਦੀ ਸ਼ਾਂਤੀ ਨੂੰ ਭੰਗ ਕੀਤਾ। ਗੰਦੀਆਂ ਗੈਸਾਂ ਨਾਲ ਪਵਿਤਰ ਵਾਤਾਵਰਨ ਨੂੰ ਪਲੀਤ ਕੀਤਾ। ਹੁਣ ਇਥੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ। ਲੱਖਾਂ ਲੋਕ ਸਾਹ ਅਤੇ ਛਾਤੀ ਦੀਆਂ ਬਿਮਾਰੀਆਂ ਨਾਲ ਪ੍ਰੇਸ਼ਾਨ ਹਨ। ਇਨ੍ਹਾਂ ਨੇ ਪਵਿਤਰ ਨਦੀਆਂ ਨੂੰ ਵੀ ਆਪਣੀ ਗੰਦਗੀ ਅਤੇ ਦੁਸ਼ਿਤ ਰਸਾਇਨਿਕ ਪਾਣੀ ਮਿਲਾ ਕੇ ਪਲੀਤ ਕੀਤਾ। ਮਨੁੱਖ ਨੇ ਕੁਦਰਤ ਨੂੰ ਕੁਦਰਤ ਨਹੀਂ ਰਹਿਣ ਦਿੱਤਾ। ਜਦ ਕੇ ਇਨਸਾਨ ਦੇ ਵਿਕਾਸ ਲਈ ਕੁਦਰਤ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁਦਰਤ ਦੀ ਗੋਦੀ ਵਿਚ ਪਲ ਕੇ ਹੀ ਇਨਸਾਨ ਵੱਡਾ ਹੁੰਦਾ ਹੈ ਅਤੇ ਵਿਕਾਸ ਕਰਦਾ ਹੈ। ਕੁਦਰਤ ਇਨਸਾਨ ਨੂੰ ਸਭ ਸੁੱਖ ਸਹੁਲਤਾਂ ਦਿੰਦੀ ਹੈ। ਜਰਾ ਸੋਚੋ ਜੇ ਇਹ ਜਾਨਵਰ, ਪਸ਼ੂ, ਪੰਛੀ, ਸਮੁੰਦਰੀ ਜੀਵ ਵਨਸਪਤੀ, ਸਮੁੰਦਰ, ਦਰਿਆ, ਝਰਨੇ ਅਤੇ ਨਦੀਆਂ ਨਾ ਹੋਣ ਤਾਂ ਮੱਨੁਖ ਦੀ ਜ਼ਿੰਦਗੀ ਇਸ ਧਰਤੀ ਤੇ ਕਿਸ ਤਰ੍ਹਾਂ ਦੀ ਹੋਵੇਗੀ। ਕੀ ਮੱਨੁਖ ਧਰਤੀ ਤੇ ਕੁਦਰਤ ਤੋਂ ਬਿਨਾਂ ਇਕ ਪਲ ਵੀ ਜਿੰਦਾ ਰਹਿ ਸਕਦਾ ਹੈ? ਜੇ ਨਹੀਂ ਤਾਂ ਮੱਨੁਖ ਨੂੰ ਕੁਦਰਤ ਨੂੰ ਪਲੀਤ ਕਰਨ ਦਾ ਕੋਈ ਹੱਕ ਨਹੀਂ। 
ਵਾਤਾਵਰਨ ਨੂੰ ਸ਼ੁੱਧ ਰੱਖ ਕੇ, ਧਰਤੀ ਨੂੰ ਸੁੰਦਰ ਬਣਾ ਕੇ ਅਤੇ ਕੁਦਰਤ ਨਾਲ ਤਾਲਮੇਲ ਰੱਖ ਕੇ ਹੀ ਮੱਨੁਖ ਦੀ ਜ਼ਿੰਦਗੀ ਸੁਖੀ ਰਹਿ ਸਕਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਕਾਦਰ ਦੀ ਕੁਦਰਤ ਦਾ ਬਹੁਤ ਸੁੰਦਰ ਬਿਆਨ ਕੀਤਾ ਹੈ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੁਪ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥
ਅਕਾਸ਼ ਇਕ ਥਾਲ ਦੀ ਤਰ੍ਹਾਂ ਹੈ, ਸੂਰਜ ਤੇ ਚੰਨ ਉਸ ਵਿਚ ਦੀਵੇ ਬਣੇ ਹੋਏ ਹਨ। ਤਾਰੇ ਉਸ ਥਾਲ ਵਿਚ ਮੋਤੀਆਂ ਦੀ ਤਰ੍ਹਾਂ ਸਜੇ ਪਏ ਹਨ। ਚੰਦਨ ਦੀ ਮਹਿਕ  ਧੂਪ ਹੈ, ਹਵਾ ਚਵਰ ਕਰ ਰਹੀ ਹੈ। ਸਾਰੀ ਬਨਸਪਤੀ ਇਸ ਥਾਲ ਵਿਚ ਮਾਨੋ ਪ੍ਰਮਾਤਮਾ ਦੀ ਆਰਤੀ ਕਰਨ ਲਈ ਫੁੱਲ ਪਏ ਹਨ।ਹੇ ਸੱਚੇ ਪਾਤਸ਼ਾਹ ਤੇਰੀ ਇਹ ਅਦਭੂਤ ਆਰਤੀ ਹਰ ਸਮੇਂ ਹੋ ਰਹੀ ਹੈ। ਬੰਗਾਲ ਦੇ ਮਹਾਨ ਕਵੀ ਰਬਿੰਦਰ ਨਾਥ ਟੈਗੋਰ ਨੇ ਲਿਖਿਆ ਹੈ ਕਿ ਗੁਰੁ ਨਾਨਾਕ ਦੇਵ ਜੀ ਦੇ ਕੁਦਰਤ ਦੀ ਵਡਿਆਈ ਬਾਰੇ ਇਹ ਸੁੰਦਰ ਸ਼ਬਦ ਪ੍ਰਮਾਤਮਾ ਦੀ ਸਭ ਤੋਂ ਸੁੰਦਰ ਆਰਤੀ ਹੈ। ਇੱਥੇ ਹੀ ਬਸ ਨਹੀਂ ਗੁਰੁ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਅੱਗੇ ਜਾ ਕੇ ਕੁਦਰਤ ਦਾ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ:
ਪਵਣੁ ਗੁਰੁ ਪਾਣੀ ਪਿਤਾ 
ਮਾਤਾ ਧਰਤਿ ਮਹਤੁ
ਦਿਵਸੁ ਰਾਤਿ ਦੋਇ
ਦਾਈ ਦਾਇਆ ਖੇਲੈ ਸਗਲ ਜਗਤੁ॥

ਭਾਵ ਕੁਦਰਤ ਦੀ ਦਿੱਤੀ ਹੋਈ ਹਵਾ ਸਾਡਾ ਗੁਰੁ ਹੈ, ਪਾਣੀ ਪਿਤਾ ਅਤੇ ਇਹ ਧਰਤੀ ਸਭ ਤੋਂ ਵੱਡੀ ਮਾਤਾ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵੀ ਅਤੇ ਖਿਡਾਵਾ ਹਨ ਜਿਸ ਦੀ ਗੋਦ ਵਿਚ ਸਾਰਾ ਸੰਸਾਰ ਖੇਡ ਰਿਹਾ ਹੈ। ਧਰਮਰਾਜ ਪ੍ਰਮਾਤਮਾ ਦੇ ਸਾਹਮਣੇ ਸਾਡੀਆਂ ਚੰਗਿਆਈਆ ਅਤੇ ਬੁਰਿਆਈਆਂ ਦੀ ਪੜਤਾਲ ਕਰਦਾ ਹੈ। ਜੇ ਸਾਡੀਆਂ ਚੰਗਿਆਈਆਂ ਬੁਰਿਆਈਆਂ ਦੀ ਪੜਤਾਲ ਹੋਣੀ ਹੈ ਤਾਂ ਕਿਉਂ ਨਹੀਂ ਅਸੀਂ ਚੰਗੇ ਗੁਣ ਧਾਰਨ ਕਰਦੇ? ਜੇ ਅਸੀ ਚੰਗੇ ਗੁਣ ਧਾਰਨ ਕਰਾਂਗੇ ਤਾਂ ਆਪ ਵੀ ਸੁਖੀ ਹੋਵਾਂਗੇ ਅਤੇ ਬਾਕੀ ਦੁਨੀਆਂ ਨੂੰ ਵੀ ਸੁਖੀ ਕਰਾਂਗੇ ਤਾਂ ਹੀ ਅਸੀ ਇਸ ਧਰਤੀ ਤੇ ਇਕ ਸੁੰਦਰ ਅਤੇ ਸੁੱਖਮਈ ਸੰਸਾਰ ਦੀ ਰਚਨਾ ਕਰ ਸਕਾਂਗੇ।ਜੂਵਾ ਖੇਡਣਾ, ਨਸ਼ੇ ਕਰਨਾ ਅਤੇ ਵਿਭਚਾਰ ਕਰਨਾ ਸਭ ਗਲਤ ਹੈ। ਸਾਨੂੰ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਕਿਸੇ ਦਾ ਦਿਲ ਦੁਖਾਣਾ, ਕਿਸੇ ਦਾ ਹੱਕ ਮਾਰਨਾ, ਠੱਗੀ ਠੋਰੀ ਕਰਨਾ, ਰਿਸ਼ਵਤ ਲੈਣਾ ਅਤੇ ਚੋਰੀ ਕਰਨਾ, ਬਹੁਤ ਗਲਤ ਹੈ। ਇਨਸਾਨ ਨੂੰ ਆਪਣੀ ਕਮਾਈ ਦਾ ਕੁਝ ਹਿੱਸਾ ਲੋਕ ਭਲਾਈ ਲਈ ਵੀ ਲਾਣਾ ਚਾਹੀਦਾ ਹੈ। ਹਰ ਸਮੇਂ ਆਪਣੇ ਆਪ ਵਿਚ ਹੀ ਨਹੀਂ ਰੁਝਿਆ ਰਹਿਣਾ ਚਾਹੀਦਾ। ਕੁਝ ਸਮਾਂ ਕੱਢ ਕੇ ਦੀਨ ਦੁਖੀ ਅਤੇ ਲੋਕ ਸੇਵਾ ਵੀ ਕਰਨੀ ਚਾਹੀਦੀ ਹੈ। 
ਜਿਸ ਕੁਦਰਤ ਦੀ ਗੋਦ ਵਿਚ ਪਲ ਕੇ ਅਸੀਂ ਵੱਡੇ ਹੁੰਦੇ ਹਾਂ ਉਸ ਨਾਲ ਜਿਆਦਾ ਛੇੜ ਛਾੜ ਨਹੀਂ ਕਰਨੀ ਚਾਹੀਦੀ। ਸਗੋਂ ਕੁਦਰਤ ਨੂੰ ਹੋਰ ਮਨਮੋਹਕ ਅਤੇ ਦਿਲਕਸ਼ ਬਣਾਉਣਾ ਚਾਹੀਦਾ ਹੈ। ਅੰਨ੍ਹੇ ਵਾਹ ਜੰਗਲ ਨਹੀਂ ਕੱਟਣੇ ਚਾਹੀਦੇ ਸਗੋਂ ਹੋਰ ਪੇੜ ਅਤੇ ਫੁੱਲ ਬੂਟੇ ਲਾਉਣੇ ਚਾਹੀਦੇ ਹਨ ਅਤੇ ਕੁਦਰਤ ਦੀ ਸੁੰਦਰਤਾ ਨੂੰ ਵਧਾਉਣਾ ਚਾਹੀਦਾ ਹੈ।
ਗੰਦੀਆਂ ਗੈਸਾਂ ਅਤੇ ਸ਼ੋਰ ਦਾ ਪ੍ਰਦੂਸ਼ਣ ਨਹੀਂ ਫੈਲਾਉਣਾ ਚਾਹੀਦਾ। ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਮਨੱਖ ਤੇ ਹੋਰ ਜੀਵਾਂ ਨੂੰ ਸਾਹ ਲੈਣ ਵਿਚ ਦਿੱਕਤ ਪੇਸ਼ ਆਉਂਦੀ ਹੈ ਅਤੇ ਬਿਮਾਰੀਆਂ ਫੈਲਦੀਆਂ ਹਨ।ਆਪਣੇ ਮਲ ਦਾ ਅਤੇ ਕਾਰਖਾਨਿਆਂ ਦਾ ਰਸਾਇਨਿਕ ਅਤੇ ਗੰਦਾ ਪਾਣੀ ਪਵਿਤਰ ਨਦੀਆਂ ਵਿਚ ਨਹੀਂ ਮਿਲਾਉਣਾ ਚਾਹੀਦਾ। ਟ੍ਰੀਟਮੈਂਟ ਪਲਾਂਟ ਲਗਾ ਕੇ ਇਸ ਗੰਦੇ ਪਾਣੀ ਨੂੰ ਸਾਫ ਕੀਤਾ ਜਾ ਸਕਦਾ ਹੈ। ਇਸ ਤੋਂ ਘਰੇਲੂ ਵਰਤਣ ਦੀ ਗੈਸ ਤੇ ਖਾਦ ਬਣਾਈ ਜਾ ਸਕਦੀ ਹੈ ਅਤੇ ਬਚਿਆ ਹੋਆਿ ਸਾਫ ਪਾਣੀ ਖੇਤਾਂ ਨੂੰ ਦੇ ਕੇ ਪੈਦਾਵਾਰ ਦਾ ਵਾਧਾ ਕੀਤਾ ਜਾ ਸਕਦਾ ਹੈ।ਜਾਨਵਰਾਂ ਦਾ ਮੀਟ, ਖੱਲ, ਹਾਥੀ ਦੰਦ ਅਤੇ ਸਿੰਗਾਂ ਦੇ ਲਾਲਚ ਕਰਕੇ ਉਨ੍ਹਾਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ। ਜਾਨਵਰਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੇਣੀ ਚਾਹੀਦੀ ਹੈ ਤਾਂ ਕਿ ਕੁਦਰਤ ਦੀ ਵਨਸੁਵੰਨਤਾ ਬਣੀ ਰਹੇ।
ਸ਼ਭ ਤੋਂ ਵੱਡੀ ਗੱਲ ਇਹ ਕਿ ਸਾਨੂੰ ਮਨੱਖ ਹੋ ਕੇ ਮਨੁੱਖਾਂ ਦੀ ਤਰ੍ਹਾਂ ਜਿਉਣਾ ਚਾਹੀਦਾ ਹੈ। ਮਨੁੱਖਤਾ ਦਾ ਸਬੂਤ ਦੇਣਾ ਚਾਹੀਦਾ ਹੈ। ਨਿੰਦਾ, ਚੁਗਲੀ, ਝੂਠ, ਲਾਲਚ, ਕਾਮ, ਕ੍ਰੋਧ, ਈਰਖਾ ਅਤੇ ਦਵੇਸ਼ ਨੂੰ ਆਪਣੇ ਵੱਸ ਵਿਚ ਰੱਖ ਕੇ ਇਨ੍ਹਾਂ ਬਿਰਤੀਆਂ ਨੂੰ ਉਸਾਰੂ ਪਾਸੇ ਲਾਣਾ ਚਾਹੀਦਾ ਹੈ। ਦੂਜਿਆਂ ਦੇ ਹੱਕਾਂ ਅਤੇ ਜਜ਼ਬਿਆਂ ਦਾ ਧਿਆਨ ਰੱਖ ਕੇ ਉਨ੍ਹਾਂ ਨਾਲ ਸ਼ਾਲੀਨਤਾ ਵਾਲਾ ਵਿਉਹਾਰ ਕਰਨਾ ਚਾਹੀਦਾ ਹੈ ਤਾਂ ਕਿ ਸਭ ਦੀ ਜ਼ਿੰਦਗੀ ਸੁੰਦਰ, ਸਹਿਜਮਈ, ਸ਼ਾਂਤੀ ਪੂਰਕ ਅਤੇ ਸੁੱਖ ਮਈ ਬਣ ਸੱਕੇ। ਇਸ ਤਰ੍ਹਾਂ ਅਸੀਂ ਮਨੁੱਖ ਹੋਣ ਦਾ ਸਬੂਤ ਦੇ ਸਕਾਂਗੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਹਰ ਮੈਦਾਨ ਫਤਹਿ ਹੋਵੇ ਤਾਂ ਇਸ ਦੁਨੀਆਂ ਵਿਚ ਇਕ ਯੋਧੇ ਦੀ ਤਰ੍ਹਾਂ ਸਫ਼ਲ ਜ਼ਿੰਦਗੀ ਜੀਓ ਅਤੇ ਇਕ ਯੋਧੇ ਦੀ ਤਰ੍ਹਾਂ ਹੀ ਜੇਤੂ ਬਣ ਕੇ ਸ਼ਾਂਤਮਈ ਢੰਗ ਨਾਲ ਮਰੋ ਤਾਂ ਕਿ ਤੁਹਾਡਾ ਇਹ ਜਨਮ ਸੁਹੇਲਾ ਹੋ ਸਕੇ।