ਗੁਜ਼ਾਰਾ (ਮਿੰਨੀ ਕਹਾਣੀ)

ਵਰਗਿਸ ਸਲਾਮਤ   

Email: wargisalamat@gmail.com
Cell: +91 98782 61522
Address: 692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
India
ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਅ! ਕਿਹੜਾ ਪਿੰਡ ਆਪਣਾ...?
ਕਦੋਂ ਤੋਂ ਰਿਕਸ਼ਾ ਚਲਾ ਰਿਹਾਂ ?
ਰਿਕਸ਼ੇ 'ਤੇ ਬੈਠਿਆਂ ਮੈਂ ਆਦਤ ਅਨੂਸਾਰ ਪੱਛਿਆ।
ਜੀ, ਜਦੋਂ ਤੋਂ ਹੋਸ਼ ਸੰਭਾਲੀ ਇਹੋ ਕੰਮ ਕਰੀ ਦਾ......
ਵੈਸੇ ਪਿੰਡ ਮੇਰਾ ਸੂਰਤ ਮੱਲੀ ਆ।
ਤੇ ਰਿਕਸ਼ਾ...?
ਰਿੱਕਸ਼ਾ ਮੇਰਾ ਆਪਣਾ ਹੈ ਜੀ, ਤਾਂਹੀ ਤਾਂ ਕੁੱਝ ਬੱਚ ਜਾਂਦਾ....
ਮੇਰੀ ਗੱਲ ਪੁਰੀ ਹੋਣ ਤੋਂ ਪਹਿਲਾਂ ਉਸਨੇ ਜਵਾਬ ਦਿੱਤਾ।
ਕਿਰਾਏ ਦੇ ਰਿਕਸ਼ੇ 'ਤੇ ਕੁੱਝ ਨਹੀ ਬੱਚਦਾ ਬਊਜੀ, ਭਈਏ ਅਤੇ ਕਸ਼ਮੀਰੀ ਤਾਂ ਸਵਾਰੀ ਰਹਿਣ ਹੀ ਨਹੀਂ ਦਿੰਦੇ.....ਸਵਾਰੀ ਜੋ ਦੇਵੇ ਲੈ ਲੈਂਦੇ।
ਮੈਂ ਵੀ ਹੁਣ ਉਹਨਾਂ ਦੀ ਪਾਲਸੀ ਵਰਤਣੀ ਸ਼ੁਰੂ ਕਰ ਦਿੱਤੀ............
ਬਊਜੀ ਜੀ ਜੇ ਅਸੀ ਉਹਨਾਂ ਵਾਂਗ ਨਾ ਕਰੀਏ ਤਾਂ ਭੁੱਖੇ ਮਰਾਂਗੇ...
ਉਹ ਕਿਵੇਂ.....?
ਸਾਬ ਜੀ, ਗਰੀਬ ਅੱਜ ਵੀ ਮਰਿਆ ਤੇ ਕੱਲ ਵੀ......
ਜੇ ਇਕ ਦਿਨ ਵੀ ਛੁੱਟੀ ਕਰ ਲਈਏ ਤਾਂ ਤਿੰਨ ਨਿਆਣਿਆਂ ਤੇ ਘਰਵਾਲੀ ਦਾ ਖਰਚਾ ਕਿਵੇਂ ਕੱਢਣਾ....?
ਫਿਰ ਬੱਚਿਆਂ ਦੀ ਪੜਾਈ , ਰਾਸ਼ਣ-ਭਾਸ਼ਣ , ਕੱਪੜਾ-ਲੱਤਾ , ਵਗੈਰਾ-ਵਗੈਰਾ......
ਸ਼ਾਇਦ ਉਸਦੀ ਦੁਖਦੀ ਰਗ ਫੜਕ ਰਹੀ ਸੀ ਤੇ ਮੈਂ ਵੀ ਅੰਦਰੋ ਅੰਦਰੀ ਬੌਨਾ ਹੁੰਦਾ
ਜਾ ਰਿਹਾ ਸੀ.....
ਰਿਕਸ਼ੇ 'ਚੋ ਕੜਕ ਦੀ ਅਵਾਜ਼ ਆਈ, ਉਸਨੇ ਰਿਕਸ਼ਾ ਪਾਸੇ ਕਰਕੇ ਵੇਖਿਆ.....
ਬਉਜੀ, ਦੁਸਰਾ ਰਿਕਸ਼ਾ ਕਰ ਲਵੋ, ਇਹਦਾ ਕੰਮ ਹੋ ਗਿਆ.... ਐਕਸਲ ਟੁੱਟ ਗਿਆ!
ਉਸਦੀ ਅਵਾਜ਼ 'ਚ ਨੰਮੀ ਤੇ ਚਿਹਰੇ 'ਤੇ ਨਮੋਸ਼ੀ ਸੀ।
ਮੈਂ ਉਸਨੂੰ ਦਸ ਰੁਪਏ ਦੀ ਜਗਾ੍ਹਪੰਜਾਹ ਦਾ ਨੋਟ ਦਿੱਤਾ....ਜਿਨੇ ਜੋਗਾ ਮਂੈ ਸੀ।
ਹੁਣ ਮੇਂ ਵੀ ਹੋਰ ਰਿਕਸ਼ੇ ਜੋਗਾ ਨਹੀਂ ਸੀ......
ਤੁਰਦਾ ਤੁਰਦਾ ਮੈਂ ਸੋਚ ਰਿਹਾ ਸੀ ਕਿ ਇਸਦਾ ਅੱਜ ਦਾ ਗੁਜ਼ਾਰਾ ਕਿਵੇਂ ਚਲੇਗਾ.....???