ਜਿੰਦ ਇੱਕਲੀ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੰਦ ਇੱਕਲੀ ਰਾਤ ਦਾ ਵੇਲਾ 
ਡਰ ਡਰ ਕੇ ਹੀ ਰਹਿਣਾ ।...
ਕਰ ਦਰਵਾਜ਼ੇ ਬੰਦ ਮੈਂ ਬੈਠੀ 
ਸਾਂਭ ਕੇ ਤੰਨ ਦਾ ਗਹਿਣਾ ।
ਆਸ ਪਰਾਈ ਉਡ ਨਾਂ ਜਾਵੇ 
ਵਿੱਚ ਪਿੰਜਰੇ ਦੇ ਪਾਵਾਂ ।
ਹੰਝੂਆ ਦਾ ਮੈਂ ਚੋਗਾ ਦੇਵਾਂ 
ਵੱਡੀ ਕਰਦੀ ਜਾਵਾਂ ।
ਵਿੱਚ ਗਵਾਂਢੇ ਖੜਕਾ ਹੋਇਆ
ਕੌਣ ਪਰਾਉਣਾ ਆਇਆ ।
ਮੇਰਾ ਵੀ ਮੰਨ ਰੱਖਨ ਦੇ ਲਈ
ਹਵਾ ਨੇ ਭਿੱਤ ਖੜਕਾਇਆ ।
ਸਿਖਰ ਦੁਪਹਿਰੇ ਛਾਂ ਲੱਭਣ ਲਈ
ਘਰੋਂ ਬਾਹਰ ਮੈਂ ਟੁਰ ਪਈ ।
ਰਾਹ ਦੀ ਮਿੱਟੀ ਸਿਰ ਮੂੰਹ ਪੈ ਗਈ
ਛਡ ਰਾਹ ਨੂੰ ਮੁੜ ਗਈ ।
ਜਿਸ ਤਾਰੇ ਵੱਲ ਗਗਨੀ ਤੱਕਿਆ 
ਉਹੀ ਸੜ ਕੇ ਮੋਇਆ ।
ਹਰ ਬਿਰਹਨ ਦੇ ਭਾਗ ਨੇ ਕਾਲੇ 
ਉਹੀ ਮੇਰੇ ਨਾਲ ਹੋਇਆ ।
ਦਿੰਨ ਦਾ ਚਾਨਣ ਪਿੰਡੇ ਚੁੱਬੇ
ਕਿਉਂ ਸੂਰਜ ਨੂੰ ਕੋੱਸਾਂ ।
ਆਪਣੇ ਲੇਖ ਮੈਂ ਆਪੇ ਲਿਖ ਕੇ 
ਆਪਣੇ ਲਈ ਪਰੋਸਾਂ ।
ਝੋਲੀ ਮੇਰੀ ਛੇਦ ਨੇ ਲੱਖਾਂ 
ਕੀ ਮੰਗਾਂ ਕੀ ਸਾਂਭਾਂ ।
ਕਿਹੜੇ ਵੇਲੇ ਕੀ ਗਵਾਚਾ
ਕਿਸ ਨੂੰ ਦੇਵਾਂ ਉਲਾਂਭਾ  ।