ਅਮਰ ਜੋਤ ਜਗ ਰਹੀ ਹੈ (ਲੇਖ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਦੋਂ ਇਹ ਬੋਲ ਮੇਰੇ ਕੰਨਾਂ ਚ'ਪਏ ਤਾਂ ਮੈਂ ਕੰਬ ਜਿਹਾ ਗਿਆ।ਹੈਰਾਨ ਹੋ ਕੇ ਮੈਂ ਪਿੱਛੇ ਮੁੜ ਕੇ ਵੇਖਿਆ ।ਗੱਲ ਹੈ ਹੀ ਇਹੋ ਜਿਹੀ ਸੀ ਕਿ ਮੇਰੇ ਪੈਰ ਅਗਾਂਹ ਨਾ
ਤੁਰੇ।ਉਹ ਮਾਂ ਬੇਟੀ ਮੇਰੇ ਕੋਲ ਦੀ ਅੱਗੇ ਲੰਘ ਗਈਆ।ਜੱਲ੍ਹਿਆਵਾਲੇ ਬਾਗ ਦੀ ਉਹ ਭੀੜੀ ਗਲੀ ,ਜੋ ਇਤਿਹਾਸ ਦਾ ਅਟੁੱਟ ਅੰਗ ਬਣ ਚੁੱਕੀ ਹੈ,ਜਾਗਦੇ ਜਮੀਰ ਵਾਲੇ ਕਿਸੇ ਵੀ ਭਾਰਤੀ ਦੇ ਮਨ ਵਿੱਚੋਂ ਮਨਫੀ ਨਹੀ ਹੋ ਸਕਦੀ।ਜ਼ਦੋ ਉਸ ਲੜਕੀ ,ਜੋ ਕਾਲਜੀਏਟ ਜਿਹੀ ਲੱਗਦੀ ਸੀ ,ਨੇ ਆਪਣੀ ਮਾਂ ਤੋਂ ਇਹ ਪੁੱਛਿਆ "ਮੰਮੀ ,ਜੱਲ੍ਹਿਆਵਾਲੇ ਬਾਗ ਚ'ਕੀ ਹੋਇਆ ਸੀ?ਤਦ ਮੇਰੀ ਧੁਰ ਰੂਹ ਤੱਕ ਨਿਰਾਸ਼ਾ ਜਿਹੀ ਛਾ ਗਈ ਕਿ ਇਹ ਨੌਜਵਾਨ ਪੀੜੀ੍ਹ ਏਨੀ ਛੇਤੀ ਇਸ ਮਹਾਨ ਬਲੀਦਾਨ ਦੀ ਗਾਥਾ ਭੁੱਲ ਗਈ ਹੈ।
    ਇਹਨਾਂ ਨੂੰ ਇਹ ਨਹੀ ਪਤਾ ਕਿ ਇਹੋ ਇਹ ਅਦੁੱਤੀ ਭਾਰਤੀਆ ਦੀ ਸਾਂਝੀ ਸ਼ਹਾਦਤ ਸੀ,ਜਿਸ ਨੇ ਅੰਗਰੇਜ਼ ਸਾਮਰਾਜ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆ ਸਨ ।ਬੇਗੁਨਾਹ ਭਾਰਤ ਵਾਸੀਆ ਦੇ ਖੂਨ ਨੇ ਇੱਕ ਇੱਕ ਅੰਗਰੇਜ਼ ਅਧਿਕਾਰੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ।ਏਸੇ ਜੱਲ੍ਹਿਆਵਾਲੇ ਬਾਗ ਦੀ ਖੂਨ ਭਿੱਜੀ ਮਿੱਟੀ ਸੀ,ਜਿਸ ਦੀ ਸੁੰਹ ਖਾਕੇ ਸ਼ਹੀਦ ਊਧਮ ਸਿੰਘ ਨੇ ਅੰਗਰੇਜ਼ ਦੇ ਘਰ ਜਾ ਕੇ ਉਸ ਨੂੰ ਗੋਲੀ ਨਾਲ ਉਡਾ ਦਿੱਤਾ ਸੀ ਤੇ ਬੇਗੁਨਾਹ ਭਾਰਤੀਆ ਦੇ ਖੂਨ ਦਾ ਬਦਲਾ ਲੈ ਕੇ ਆਪਣਾ ਫਰਜ਼ ਤੇ ਇਸ ਮਿੱਟੀ ਦਾ ਕਰਜ਼ ਲਾਹ ਦਿੱਤਾ ਸੀ।
  ਇਹ ਮਿੱਟੀ ਅੱਜ ਵੀ ਵੰਗਰਾਦੀ ਹੈ ਕਿ ਏਥੇ ਉਹਨਾਂ ਸ਼ਹੀਦਾਂ ਦਾ ਖੂਨ ਡੁੱਲਿਆ ਹੈ,ਜਿਨਾਂ੍ਹ ਨੂੰ ਆਜ਼ਾਦੀ ਨਾਲ ਪ੍ਰੇਮ ਸੀ।ਭਾਰਤ ਮਾਂ ਦੀਆਂ ਜ਼ੰਜੀਰਾਂ ਲਾਹ ਕੇ ਉਹ ਇਸ ਦੇ ਮੱਥੇ ਤੇ ਸੁਤੰਤਰਤਾ ਦਾ ਟਿੱਕਾ ਲਾਉਣਾ ਚੁਹੰਦੇ ਸਨ।ਇਸ ਖਾਤਿਰ ਉਹਨਾਂ ਆਪਣਾ ਆਪ ਵੀ  ਵਾਰ ਦਿੱਤਾ ਸੀ।
ਜੱਲ੍ਹਿਆ ਵਾਲੇ ਬਾਗ ਵਿੱਚ ਮੈਂ ਭਰੇ ਮਨ  ਨਾਲ ਪ੍ਰਵੇਸ਼ ਕੀਤਾ ਕਿ ਏਨੇ ਪਾਵਨ ਸਥਾਨ ,ਜਿਸ ਨੂੰ ਪ੍ਰਣਾਮ ਕਰਨਾ ਸਾਡਾ ਨਿੱਤ ਕਰਮ ਹੋਣਾ ਚਾਹੀਦਾ ਹੈ ,ਬਾਰੇ ਇਹ ਕੁੜੀ ਆਪਣੀ ਮਾਂ ਤੋਂ ਪੁੱਛ ਰਹੀ ਹੈ ਕਿ ਇਹ ਜੱਲ੍ਹਿਆਂ ਵਾਲਾ ਬਾਗ  ਕੀ ਹੈ।ਮੈਂ ਇਸ ਦੇ ਅੰਦਰ ਗਿਆ ਤਾਂ ਮੈਨੂੰ ਇਸ ਦੇ ਚੱਪੇ ਚੱਪੇ ਚੋਂ ਸ਼ਹਾਦਤ ਦੀ ਖੂਸ਼ਬੋ ਪਈ ਆਉਂਦੀ ਮਹਿਸੂਸ ਹੋਈ।ਅਮਰ ਸ਼ਹੀਦ ਲਾਟ ਦੂਰੋਂ ਹੀ ਕੁਰਬਾਨੀ ਦੀ ਵੱਡਮੁੱਲੀ ਦਾਸਤਾਨ ਦੇ ਰੂਪ ਚ'ਖੜੀ ਹਰ ਆਉਂਦੇ ਜ਼ਾਦੇ ਯਾਤਰੀ ਨੂੰ ਇਹ ਅਹਿਸਾਸ ਦਵਾਉਂਦੀ ਹੈ ਕਿ ਇਹ ਸਿਰਫ ਇੱਕ ਪੱਥਰ ਨੂੰ ਪ੍ਰਣਾਮ ਨਹੀ ਬਲਕਿ ਉਹਨਾਂ ਹਜ਼ਾਰਾਂ ਹਿੰਦੋਸਤਾਨੀਆਂ ਨੂੰ ਪ੍ਰਣਾਮ ਹੈ ਜੋ ਭਾਰਤ ਮਾਤਾ
ਦੀ ਅਜ਼ਾਦ ਹਸਤੀ ਲਈ ਆਪਣੀ ਹਸਤੀ ਕੁਰਬਾਨ ਕਰ ਗਏ।
 ਉਸ ਵੇਲੇ ਉੱਥੇ ਲੱਗੇ ਇੱਕ ਪੱਥਰ ਤੇ ਮੇਰੀ ਨਜ਼ਰ ਗਈ ਤਾਂ ਮੇਰੀ ਨਿਰਾਸ਼ਾ ਘੋਰ ਉਦਾਸੀ ਚ ਤਬਦੀਲ ਹੋ ਗਈ ,ਕਿਉਂਕਿ ਕੁਰਬਾਨੀ ਤੇ ਸਿਆਸਤ ਭਾਰੀ ਸੀ ।ਇਹ ਸਿਆਸਤ ਫੁੱਟ ਪਾ ਕੇ ਰਾਜ ਕਰਨਾ ਚੁੰਹਦੀ ਹੈ।ਚਾਹੇ ਦੇਸੀ ਹੋਵੇ ਜਾਂ ਵਿਦੇਸ਼ੀ ।ਸਾਂਝੀ ਸ਼ਹਾਦਤ ਨੂੰ ਸਾਂਝੀ ਵਿਰਾਸਤ ਨੂੰ,ਸਾਂਝੇ ਖੂਨ ਨੂੰ ਵੀ ਇਹਨਾਂ ਹਿੰਦੂ,ਮੁਸਲਿਮਤੇ ਸਿੱਖ ਦਾ ਖੂਨ ਬਣਾ ਦਿੱਤਾ,ਜ਼ਦੋ ਕਿ ਏਥੇ ਤਾਂ ਬਿਨਾਂ ਭੇਦਭਾਵ ਤੋਂ ਭਾਰਤ ਮਾਂ ਦੇ ਸਾਰੇ ਧੀਆਂ ਪੁੱਤਰਾਂ ਦਾ ਖੂਨ ਦੇਸ਼ ਦੀ ਅਜ਼ਾਦੀ ਦੀ ਮੰਗ ਕਰਨ ਕਾਰਨ  ਅੰਗਰੇਜ਼ਾ ਨੇ ਅੰਨੇਵਾਹ ਗੋਲੀਆਂ ਚਲਾ ਕੇ ਰੋੜ੍ਹ ਦਿੱਤਾ ਸੀ,ਜਿਸ ਦੇ ਨਿਸ਼ਾਨ ਅੱਜ ਵੀ ਬਾਗ ਦੀਆ ਕੰਧਾਂ ਤੇ ਲੱਗੇ ਹੋਏ ਹਨ।ਇਹਨਾਂ ਨਿਸ਼ਾਨਾ ਦੀ ਖਾਸ ਹਿਫਾਜ਼ਤ ਨਹੀ ਕੀਤੀ ਗਈ।ਸਾਡੀ ਨੌਜੁਆਨ ਪੀੜ੍ਹੀ ਤਾਂ ਏਕਤਾ ਦਾ ਪਾਠ ਪੜਨਾ ਚੁਹੰਦੀ ਹੈ,ਪਰ ਕੁੱਝ ਸੁਆਰਥੀ ਲੋਕ ਅਜਿਹਾ ਨਹੀ ਚੁੰਹਦੇ।ਤਦੇ ਤਾਂ ਉਹਨਾਂ ਨੂੰ ਸਾਂਝੇ ਖੂਨ ਚੋਂ ਵੀ ਅੱਲਗ ਅੱਲਗ ਰੰਗ ਨਜ਼ਰ ਆਉਂਦੇ ਹਨ।ਉਸ ਨੀਂਹ ਪੱਥਰ ਤੋਂ ਨਜ਼ਰ ਹਟਾ ਕੇ ਮੈ ਚੁਫੇਰੇ ਬਾਗ ਵੱਲ ਵੇਖਣ ਲੱਗ ਪਿਆ।ਫਿਰ ਸ਼ਹੀਦੀ ਖੂਹ ਨੂੰ ਵੀ ਪ੍ਰਣਾਮ ਕੀਤਾ।
   ਇਹ ਬਾਗ ਸਫਾਈ ਨੂੰ ਤਰਸ ਰਿਹਾ ਹੈ।ਸਫਾਈ ਦਾ ਕੋਈ ਵੀ ਯੋਗ ਪ੍ਰਬੰਧ ਨਹੀ।ਇਹ ਵੀ ਸਾਡਾ ਪੱਵਿਤਰ ਤੀਰਥ ਅਸਥਾਨ ਹੈ।ਇਹ ਵੀ ਕਿਸੇ ਧਾਰਮਿਕ ਸਥਾਨ ਵਾਂਗ ਪੂਜਣ ਯੋਗ ਹੈ।ਜੇ ਹਰੇਕ ਧਾਰਮਿਕ ਸਥਾਨ ਦੇ ਸੰਗਮਰਮਰ ਚਮਚਮ ਕਰਦੇ ਹਨ ਤਾਂ ਏਥੇ ਵੀ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ।ਏਥੇ ਵੀ ਤਾਂ ਅਮਰ ਜੋਤ ਜਗ ਰਹੀ ਹੈ।ਏਥੇ ਵੀ ਉਹਨਾਂ ਪਾਕ ਪੱਵਿਤਰ ਰੂਹਾਂ ਦਾ ਬਸੇਰਾ ਹੈ ਜੋ ਦੇਸ਼ ਦੀ ਸੰਪੂਰਨ ਅਜ਼ਾਦੀ ਲਈ ਅੰਗਰੇਜ਼ੀ ਹਕੂਮਤ ਦੀਆਂ ਜ਼ਾਲਮਾਨਾ ਪਾਬੰਦੀਆ ਦੀ ਉਲੰਘਣਾ ਕਰਦੇ ਹੋਏ ਸਿਰ ਧੜ ਦੀ ਬਾਜ਼ੀ ਲਾ ਕੇ ਏਥੇ ਆਪਣੇ ਕੌਮੀ ਲੀਡਰਾਂ ਦੇ ਵਿਚਾਰ ਸੁਨਣ ਲਈ ਇੱਕਠੇ ਹੋਏ ਸਨ।
 ਹੁਣ ਕੌਣ ਯਾਦ ਕਰੇ ਉਹ ਲਾਸਾਨੀ ਸ਼ਹਾਦਤ?ਕੌਣ ਕਰੇ ਪਾਕ ਪੱਵਿਤਰ ਅਸਥਾਨ ਦੀ ਸਫਾਈ?ਕੀ ਪਿਆ ਇਸ ਅਸਥਾਨ ਤੇ ?ਬੱਸ ਇਹੋ ਸਵਾਰਥੀ ਸੋਚ ਭਾਰੂ ਹੈ।ਨਾ ਏਥੇ ਕੋਈ ਵੋਟ ਬੈਂਕ,ਜਿਸ ਦੀ ਖਾਤਿਰ ਲੀਡਰ ਇੱਧਰ ਗੇੜੇ ਮਾਰਨ,ਜੋ ਵੀ ਨਾਮੀ ਗਰਾਮੀ ਹਸਤੀ,ਨੇਤਾ,ਅਧਿਕਾਰੀ ,ਦਰਬਾਰੀ ਅੰਮ੍ਰਿਤਸਰ ਦਾ ਚੱਕਰ ਲਾਉਂਦਾ ਹੈ ਹਰ ਧਾਰਮਿਕ ਅਸਥਾਨ ਤੇ ਸੀਸ ਝੁਕਾਉਂਦਾ ਹੈ ਤੇ ਅਖਬਾਰ ਚ ਫੋਟੋ ਵੀ ਲੱਗ ਜ਼ਾਦੀ ਹੈ।
  ਕਦੇ ਕਿਸੇ ਹਸਤੀ ਨੇ ਜੱਲ੍ਹਿਆ ਵਾਲੇ ਬਾਗ ਦਾ ਗੇੜਾ ਨਾ ਲਾਇਆ,ਨਾ ਇਸ ਦੀ ਦੁਰਦਸ਼ਾ ਬਾਰੇ ਅਵਾਜ਼ ਉੱਚੀ ਕੀਤੀ।ਕੀ ਸਾਡੇ ਸ਼ਹੀਦ ਸਾਡੇ ਚੇਤਿਆ ਚੋ ਵਿਸਰ ਗਏ ਨੇ ?ਜੇ ਉਸ ਕੁੜੀ ਂਨੂੰ ਜੱਲ੍ਹਿਆਵਾਲੇ ਬਾਗ ਦੀ ਮੱਹਤਤਾ ਬਾਰੇ ਨਹੀ ਪਤਾ ਤਾਂ ਉਸ ਦਾ ਕਸੂਰ ਨਹੀ।
  ਇਹ ਕਸੂਰ ਸਾਡਾ ਆਪਣਾ ਹੈ।ਇਹ ਅਪਰਾਧ ਬੋਧ ਲੈ ਕੇ ਤੇ ਸ਼ਹੀਦੀ ਲਾਟ ਨੂੰ ਮਸਤਕ ਝੁਕਾ ਕੇ ਮੈਂ ਵਾਪਿਸ ਬੱਸ ਅੱਡੇ ਵੱਲ ਆ ਗਿਆ।