ਰੁੜ੍ਹ ਜਾਣੀ ਨਹਿਰ ਅਜੇ ਵੀ ਵਗਦੀ ਐ ! (ਪਿਛਲ ਝਾਤ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਜਦ ਵੀ ਕੋਈ ਪਾਤਰ ਘੜਦਾ ਹਾਂ ਤਾਂ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਮ ਜਨਜੀਵਨ ਵਿਚੋਂ ਹੀ ਲਿਆ ਜਾਵੇ । ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕਿਸੇ ਪਾਤਰ ਬਾਰੇ ਅਸੀਂ ਸੋਚਦੇ ਵੀ ਨਹੀਂ ਪਰ ਉਹ ਪਾਤਰ ਸਾਡਾ ਖਹਿੜਾ ਹੀ ਨਹੀਂ ਛਡਦਾ।ਜਦੋਂ ਵੀ ਕਿਸੇ ਘਟਨਾ ਬਾਰੇ ਸੋਚ ਰਹੇ ਹੋਈਏ ਤਾਂ ਉਹ ਪਾਤਰ ਫੇਰ ਅੱਖਾਂ ਸਾਹਮਣੇ ਆ ਜਾਂਦਾ ਹੈ।ਪਤਾ ਨਹੀਂ ਦਿਮਾਗ ਦੀ ਕਿਸ ਨੁਕਰੇ ਉਹ ਲੁਕਿਆ ਹੁੰਦਾ ਹੈ।ਅੱਜ ਕ@ਲ ਮੇਰੇ ਦਿਮਾਗ ਵਿਚ ਇਕ ਨਾਵਲ ਦਾ ਖਾਕਾ ਹੈ ਜਿਸਦੇ ਪਾਤਰਾਂ ਬਾਰੇ ਮੈਂ ਸੋਚ ਰਿਹਾ ਹਾਂ।ਇਕ ਬਹੁਤ ਬਿਰਧ ਔਰਤ ਜੋ ਚੱਲ ਫਿਰ ਨਹੀਂ ਸਕਦੀ ਮੇਰੇ ਸੁਫ਼ਨਿਆਂ ਵਿਚ  ਵੀ ਤੇ ਮੇਰੀਆਂ ਸੋਚਾਂ ਵਿਚ ਵੀ ਹਾਵੀ ਰਹਿੰਦੀ ਹੈ।ਮੈਨੂੰ ਸਮਝ ਨਹੀਂ ਲਗਦੀ ਕਿ ਇਸਨੂੰ ਕਿਥੇ ਫਿੱਟ ਕਰਾਂ ਪਰ ਉਹ ਮੇਰਾ ਖਹਿੜਾ ਹੀ ਨਹੀਂ ਛਡਦੀ।ਅਖੀਰ ਮੈਂ ਸੋਚਿਆ ਕਿ ਇਸ ਨੂੰ ਕਿਸੇ ਵਾਧੂ ਪਾਤਰ ਵਾਂਗ ਰੱਖ ਲਿਆ ਜਾਵੇ ਜੋ ਭਾਵੁਕ ਹੋਵੇ।ਇਹ ਸੋਚ ਆਉਂਦਿਆਂ ਹੀ ਮੇਰੇ ਕੰਨਾਂ ਵਿਚ ਜਿਵੇਂ ਆਵਾਜ਼ ਗੂੰਜੀ ਹੋਵੇ ,'ਉਹ ਰੁੜ੍ਹ ਜਾਣੀ ਨਹਿਰ ਅਜੇ ਵੀ ਵਗਦੀ ਐ ?' ਇਹ ਸੋਚ ਆਉਂਦਿਆਂ ਹੀ ਮੇਰਾ ਧਿਆਨ ਬਹੁਤ ਸਾਲ ਪਹਿਲਾਂ ਵਾਪਰੀ ਘਟਨਾ ਵੱਲ ਚਲਾ ਗਿਆ।

ਠੱਠੀ ਭਾਈ ਮੇਰਾ ਨਾਨਕਾ ਪਿੰਡ ਹੈ। ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਸੀ।ਵਿਆਹ ਵਿਚ ਆਏ ਮੇਲ ਵਾਸਤੇ ਅਸੀਂ ਘਰ ਘਰ ਵਿਚੋਂ ਮੰਜੇ ਬਿਸਤਰੇ ਇਕੱਠੇ ਕਰ ਰਹੇ ਸਾਂ।ਕਾਪੀ ਪੈੱਨ ਮੇਰੇ ਹੱਥ ਸੀ।ਜਦੋਂ ਅਸੀਂ ਇਕ ਘਰ ਵਿਚ ਗਏ ਤਾਂ ਅੰਦਰ ਬੈਠੀ ਇਕ ਬਿਰਧ ਔਰਤ ਨੇ ਅੱਖਾਂ ਅੱਗੇ ਆਪਣੇ ਸੱਜੇ ਹੱਥ ਦੀ ਛਾਂ ਜਿਹੀ ਕਰਦਿਆਂ ਸਾਡੇ ਵੱਲ ਵੇਖਿਆ ਜਿਵੇਂ ਪਹਿਚਾਨਣ ਦਾ ਜਤਨ ਕਰ ਰਹੀ ਹੋਵੇ।

' ਵੇ ਭਾਈ ਵਿਆਹ ਆਲੇ ਘਰੋਂ ਆਏ ਓੈਂ ?' ਅਚਾਨਕ ਉਹ ਬੋਲੀ।

' ਹਾਂ ਬੇਬੇ ! ਮੈਂ ਨਿੱਕੇ ਦਾ ਮੁੰਡਾਂ। ਮੰਜਾ ਬਿਸਤਰਾ ਲੈਣ ਆਏ ਆਂ।' ਮੇਰੇ ਮਾਮੇ ਦੇ ਮੁੰਡੇ ਨੇ ਜਵਾਬ ਦਿੱਤਾ।

' ਵੇ ਪੁੱਤ ! ਤੂੰ ਲੁਧਾਣਿਉਂ ਆਇਐਂ ? ਉਹ ਰੁੜ੍ਹ ਜਾਣੀ ਨਹਿਰ ਅਜੇ ਵੀ ਵਗਦੀ ਐ ?'

'ਬੇਬੇ ਉਹ ਤਾਂ ਬੰਦ ਹੋਗੀ ਕਦੋਂ ਦੀ। 'ਮੇਰੇ ਮਾਮੇ ਦੇ ਪੁੱਤ ਨੇ ਜਵਾਬ ਦਿੱਤਾ।ਉਨਾਂ੍ਹ ਦੀ ਵਾਰਤਾਲਾਪ ਨੇ ਮੇਰਾ ਧਿਆਨ ਖਿੱਚਿਆ। ਉਹ ਔਰਤ ਫੇਰ ਨਾ ਬੋਲੀ ਪਰ ਉਸਦੇ ਬੁਲ੍ਹ ਫਰਕ ਰਹੇ ਸਨ, ਜਿਵੇਂ ਰੋ ਰਹੀ ਹੋਵੇ। ਇਹ ਕਿਹੜੀ  ਨਹਿਰ ਦੀ ਗੱਲ ਕਰ ਰਹੇ ਸਨ। ਜਦੋਂ ਮੈਂ ਮਾਮੇ ਦੇ ਮੁੰਡੇ ਨੂੰ ਪੁਛਿਆ ਤਾਂ ਬੋਲਿਆ, 'ਕਮਲੀ ਐ, ਤੂੰ ਨਗ ਲਿਖ ਤੇ ਚੱਲੀਏ।' ਅਸੀਂ ਮੰਜਾ ਬਿਸਤਰਾ ਚਕਵਾਇਆ ਤੇ ਉਥੋਂ ਆ ਗਏ।ਮੇਰਾ ਧਿਆਨ ਅਜੇ ਵੀ ਉਧਰ ਹੀ ਸੀ। ਮੈਂ ਉਸਨੂੰ ਦੁਬਾਰਾ ਪੁਛਿਆ ਤਾਂ ਉਹ ਫੇਰ ਟਾਲ ਗਿਆ। ਭਾਵੇਂ ਵਿਆਹ ਦੀ ਰੌਣਕ ਨਾਲ ਘਰ ਭਰਿਆ ਹੋਇਆ ਸੀ ਪਰ ਮੇਰਾ ਧਿਆਨ ਵਾਰ ਵਾਰ ਉਸ ਔਰਤ ਵੱਲ ਹੀ ਜਾ ਰਿਹਾ ਸੀ। ਵਿਆਹ ਤੋਂ ਵਿਹਲੇ ਹੋ ਕੇ ਅਸੀਂ ਵਾਪਸ ਲੁਧਿਆਣੇ ਆ ਗਏ ਪਰ ਨਹਿਰ ਵਾਲੀ ਗੱਲ ਅਜੇ ਵੀ ਮੇਰੇ ਦਿਮਾਗ ਵਿਚੋਂ ਨਹੀਂ ਸੀ ਨਿਕਲ ਰਹੀ। ਮੈਂ ਇਸਦਾ ਜ਼ਿਕਰ ਆਪਣੀ ਮਾਂ ਕੋਲ ਕੀਤਾ ਤਾਂ ਉਹ ਬੋਲੀ ' ਉਹ ਤਾਂ ਨਿਹਾਲ ਕੁਰ ਐ , ਦਰਸ਼ਨ ਦੀ ਮਾਂ। ਤੈਨੂੰ ਯਾਦ ਐ ਖਵਰੇ ਨਈਂ, ਤੂੰ ਛੋਟਾ ਹੁੰਦਾ ਸੀ ਜਦੋਂ ਦਰਸ਼ਨ ਏਥੇ ਪੜ੍ਹਨ  ਆਇਆ ਸੀ। ਵਿਚਾਰਾ ਨਹਿਰ 'ਚ ਡੁੱਬ ਗਿਆ ਸੀ।ਵਿਚਾਰੀ ਨਾਲ ਜੱਗੋਂ ਤੇਰ੍ਹਵੀਂ ਹੋਈ। ਕੜੀ ਅਰਗਾ ਜਵਾਨ ਪੁੱਤ ਜੀਹਦਾ ਮਰ ਜਾਵੇ ਇਹ ਤਾਂ ਮਾਂ ਦਾ ਹਿਰਦਾ ਈ ਜਾਣਦੈ। ਵਿਚਾਰੀ ਪੁੱਤ ਦੇ ਦੁੱਖ  'ਚ ਕਮਲੀ ਹੋਈ ਫਿਰਦੀ ਐ। ਜਦੋਂ ਮਿਲੋ ਉਦੋਂ ਈ ਪੁਛਦੀ ਐ, ਉਹ ਨਹਿਰ ਅਜੇ ਵੀ ਵਗਦੀ ਐ ?' ਆਪਣੀ ਮਾਂ ਦੀ ਗੱਲ ਸੁਣ ਕੇ ਸਾਰੀ ਘਟਨਾ ਮੈਨੂੰ ਸਮਝ ਆ ਗਈ। ਦਰਸ਼ਨ ਹੋਰੀਂ ਚਾਰ ਭਰਾ ਸਨ।ਦਰਸ਼ਨ ਤੀਜੇ ਨੰਬਰ ਦਾ ਸੀ।ਸੁਭਾਅ ਦਾ ਚੰਗਾ ਤੇ ਪੜ੍ਹਾਈ ਵਿਚ ਹੁਸ਼ਿਆਰ।ਮਾਂ ਸਾਰਿਆਂ ਤੋਂ ਵਧ ਉਸਦਾ ਖਿਆਲ ਰਖਦੀ। ਉਸਨੇ ਬੀ.ਐਸ.ਸੀ ਕਰਨ ਲਈ ਯੂਨੀਵਰਸਿਟੀ ਵਿਚ ਦਾਖਲਾ ਲਿਆ। ਹੋਸਟਲ ਵਿਚ ਥਾਂ ਨਾ ਮਿਲਣ ਕਾਰਣ ਉਹ ਪਰੇਸ਼ਾਨ ਸੀ। ਉਸਦੇ ਨਾਲ ਉਸਦਾ ਚਚੇਰਾ ਭਰਾ ਵੀ ਸੀ। ਉਹ ਦੋਨੋਂ ਸਾਡੇ ਘਰ ਆਏ।ਗਊਸ਼ਾਲਾ ਰੋਡ ਤੇ ਜਿਸ ਮਕਾਨ ਵਿਚ ਅਸੀਂ ਕਿਰਾਏ ਤੇ ਰਹਿੰਦੇ ਸਾਂ ਉਥੇ ਇਕ ਕਮਰਾ ਖਾਲੀ ਸੀ। ਉਹੀ ਕਮਰਾ ਉਨਾਂ੍ਹ ਨੇ ਕਿਰਾਏ ਤੇ ਲੈ ਲਿਆ ਤੇ ਦੋਵੇਂ ਭਰਾ ਉਥੇ ਰਹਿਣ ਲੱਗ ਪਏ।ਨਾਨਕਿਆਂ ਦੇ ਹੋਣ ਕਾਰਣ ਅਸੀਂ ਉਨ੍ਹਾਂ ਨੂੰ ਮਾਮਾ ਜੀ ਹੀ ਸਦਦੇ ਸਾਂ। ਦਰਸ਼ਨ ਬਹੁਤ ਹੀ ਸੁਨੱਖਾ ਜਵਾਨ ਸੀ। ਬਹੁਤ ਹੀ ਸੁਹਣੀ ਪੱਗ ਬੰਨ੍ਹਦਾ। ਸਵੇਰ ਵੇਲੇ ਜਦੋਂ ਉਹ ਤਿਆਰ ਹੋ ਰਿਹਾ ਹੁੰਦਾ ਤਾਂ ਮੈਂ ਬੈਠਾ ਉਸਨੂੰ ਦੇਖਦਾ ਰਹਿੰਦਾ।

ਸ਼ਾਮ ਵੇਲੇ ਉਹ ਸੈਰ ਕਰਨ ਨਿਕਲਦਾ ਤਾਂ ਮੈਨੂੰ ਵੀ ਨਾਲ ਲੈ ਜਾਂਦਾ।ਉਦੋਂ ਬੁਢਾ ਦਰਿਆ ਸਾਫ ਪਾਣੀ ਨਾਲ ਭਰਿਆ ਵਗਿਆ ਕਰਦਾ ਸੀ। ਵਗਦੇ ਪਾਣੀ ਨਾਲ ਜਿਵੇਂ ਉਸਨੂੰ ਅੰਤਾਂ ਦਾ ਮੋਹ ਸੀ। ਪਾਣੀ ਵਿਚ ਪੈਰ ਡੁਬੋਈ ਉਹ ਘਾਟ ਤੇ ਬੈਠਾ ਰਹਿੰਦਾ। ਕੁਝ ਚਿਰ ਮਗਰੋਂ ਉਨ੍ਹਾਂ ਨੂੰ ਹੋਸਟਲ ਵਿਚ ਕਮਰਾ ਮਿਲ ਗਿਆ। ਉਹ ਕਮਰਾ ਖਾਲੀ ਕਰਕੇ ਉਥੇ ਰਹਿਣ ਲੱਗ ਪਏ। ਉਨ੍ਹਾਂ ਦੇ ਚਲੇ ਜਾਣ ਨਾਲ ਜਿਵੇਂ ਸਾਰਾ ਵਿਹੜਾ ਉਦਾਸ ਹੋ ਗਿਆ ਹੋਵੇ। ਮੇਰੀ ਮਾਂ ਨੇ ਉਨ੍ਹਾਂ ਨੂੰ ਆਉਂਦੇ ਰਹਿਣ ਦੀ ਤਾਕੀਦ ਵੀ ਕੀਤੀ ਸੀ ਪਰ ਮੇਰਾ ਖਿਆਲ ਹੈ ਕਿ ਸ਼ਾਇਦ ਉਨ੍ਹਾਂ ਨੂੰ ਦੁਬਾਰਾ ਆਉਣ ਦਾ ਮੌਕਾ ਹੀ ਨਹੀਂ ਮਿਲਿਆ। ਤਿੰਨ ਚਾਰ ਮਹੀਨੇ ਬੀਤੇ ਹੋਣਗੇ ਜਦ ਉਸਦੀ ਮੌਤ ਦਾ ਪਤਾ ਲੱਗਿਆ।ਉਹ ਆਪਣੇ ਦੋਸਤਾਂ ਨਾਲ ਰਲ ਕੇ ਯੂਨੀਵਰਸਿਟੀ ਦੇ ਨਾਲ ਵਗਦੀ ਨਹਿਰ ਵਿਚ ਨਹਾਉਣ ਚਲਿਆ ਗਿਆ।ਉਸਨੇ ਨਹਿਰ ਵਿਚ ਛਾਲ ਮਾਰੀ ਪਰ ਫਿਰ ਬਾਹਰ ਨਾ ਨਿਕਲ ਸਕਿਆ। ਮੌਤ ਤਾਂ ਕਹਿਰ ਦੀ ਸੀ।ਪਰ ਸਭ ਤੋਂ ਵਧ ਸਦਮਾ ਉਸਦੀ ਮਾਂ ਨੂੰ ਲੱਗਿਆ। ਦਸਦੇ ਹਨ ਕਿ ਉਸਨੇ ਨਹਿਰ ਦਾ ਸਿਆਪਾ ਵੀ ਕੀਤਾ ਜਿਸਨੇ ਉਸਦੇ ਪੁੱਤ ਨੂੰ ਨਿਗਲ ਲਿਆ ਸੀ।ਉਸਨੇ ਨਹਿਰ ਦੇ ਕੀਰਨੇ ਪਾਏ। ਉਸਤੋਂ ਮਗਰੋਂ ਉਸਨੂੰ ਜਿਵੇਂ ਇਕ ਸ਼ੁਦਾ ਹੋ ਗਿਆ। ਉਹ ਹਰ ਮਿਲਣ ਵਾਲੇ ਨੂੰ ਪੁਛਦੀ ' ਉਹ ਰੁੜ੍ਹ ਜਾਣੀ ਨਹਿਰ ਅਜੇ ਵੀ ਉਥੇ ਈ ਵਗਦੀ ਐ ?' ਉਹ ਹਰ ਮਾਂ ਨੂੰ ਰੋਕਦੀ ਕਿ ਆਪਣੇ ਪੁੱਤ ਨੂੰ ਨਹਿਰ ਤੇ ਨਾ ਜਾਣ ਦੇਵੇ।ਹਰ ਜਵਾਨ ਨੂੰ ਰੋਕਦੀ ਕਿ ਉਹ ਨਹਿਰ ਤੇ ਨਾ ਜਾਵੇ।

ਅੱਜ ਮੈਨੂੰ ਇਹ ਘਟਨਾ ਯਾਦ ਆਈ ਤਾਂ ਮੇਰਾ ਮਨ ਬੇਚੈਨ ਹੋ ਗਿਆ। ਦਿਲ ਕੀਤਾ ਕਿ ਹੁਣੇ ਹੀ ਜਾ ਕੇ ਉਸਨੂੰ ਦੇਖਾਂ। ਨਹਿਰ ਤਾਂ ਅਜੇ ਵੀ ਵਗਦੀ ਹੈ ਪਰ ਉਸਦੀਆਂ ਅੱਖਾਂ ਦਾ ਪਾਣੀ ਤਾਂ ਕਦੋਂ ਦਾ ਮੁੱਕ ਚੁੱਕਿਆ ਹੋਣੈ। ਮੇਰੀ ਮਾਂ ਕੁਝ ਦਿਨ ਹੋਏ ਪਿੰਡ ਜਾ ਕੇ ਆਈ ਹੈ। ਮੈਂ ਜਦੋਂ ਉਸ ਬਾਰੇ ਪੁਛਿਆ ਤਾਂ ਉਹ ਬੋਲੀ ' ਨਿਹਾਲ ਕੁਰ ? — ਉਹ ਤਾਂ ਵਿਚਾਰੀ ਕਿੰਨੇ ਸਾਲ ਹੋ ਗੇ ਪੂਰੀ ਹੋਈ ਨੂੰ।ਆਖਰੀ ਦਮ ਤਕ ਨੀਂ ਦਰਸ਼ਨ ਨੂੰ ਭੁੱਲੀ।ਆਂਹਦੇ ਜਦੋਂ ਉਸਨੇ ਆਖਰੀ ਸਾਹ ਲਿਆ ਤਾਂ ਇਹੀ ਪੁਛਿਆ ' ਉਹ ਰੁੜ੍ਹ ਜਾਣੀ ਨਹਿਰ ਅਜੇ ਵੀ ਉਥੇ ਵਗਦੀ ਐ ?'