ਗੱਲਾਂ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਰੇ ਨਾਲ ਜੋ ਕਰੀਆਂ ਗੱਲਾਂ
ਹਾਸਿਆਂ ਦੇ ਸੰਗ ਭਰੀਆਂ ਗੱਲਾਂ
ਰੋਸਿਆਂ ਨਾਲ ਜੋ ਜਰੀਆਂ ਗੱਲਾਂ
ਕਿਤੇ ਕਿਤੇ ਪਰ ਖਰੀਆਂ ਗੱਲਾਂ
ਚੇਤੇ ਆ ਰੂਹ ਖਿੜ ਜਾਂਦੀ ਏ 
ਤਾਰ ਅਗੰਮੀ ਛਿੜ ਜਾਂਦੀ ਏ ।

ਹੌਲੀ ਹੌਲੀ ਚੁਪਕੇ ਚੁਪਕੇ
ਉਹਲੇ ਉਹਲੇ ਛੁਪਕੇ ਛੁਪਕੇ
ਕਾਹਲੀ ਕਾਹਲੀ ਰੁਕਕੇ ਰੁਕਕੇ
ਪਰਦੇ ਰੱਖ ਕਦੀ ਖੁਲ੍ਹਕੇ ਖੁਲ੍ਹਕੇ
       ਸਾਥੋਂ ਹੀ ਕਿਉਂ ਡਰੀਆਂ ਗੱਲਾਂ
      ਤੇਰੇ ਨਾਲ ਜੋ ਕਰੀਆਂ ਗੱਲਾਂ।

ਗੱਲਾਂ ਵਿਚੋਂ ਨਿਕਲੀਆਂ ਗੱਲਾਂ
ਖਿੜੀਆਂ ਵਾਂਗਰ ਕਲੀਆਂ ਗੱਲਾਂ
ਕਿੱਥੇ ਗਈਆਂ ਚਲੀਆਂ ਗੱਲਾਂ
ਦਿਲਾਂ ਦੇ ਵਿਹੜੇ ਪਲੀਆਂ ਗੱਲਾਂ
      ਹੰਝੂਆਂ ਵਿਚ ਕਿਉਂ ਤਰੀਆਂ ਗੱਲਾ
     ਤੇਰੇ ਨਾਲ ਜੋ ਕਰੀਆਂ ਗੱਲਾਂ।
ਹੁਣ ਜਦ ਕੋਈ ਗੱਲ ਕਰਦਾ ਏ
ਲਗਦਾ ਏ ਉਹ ਛਲ ਕਰਦਾ ਏ
ਅੱਜ ਕਰਦਾ ਜਾਂ ਕੱਲ੍ਹ ਕਰਦਾ ਏ 
ਕਰਾਂ ਯਾਦ ਤਾਂ ਸੱਲ ਭਰਦਾ ਏ
       ਦਿੰਦੀਆਂ ਸੀ ਦਿਲਬਰੀਆਂ ਗੱਲਾਂ
       ਤੇਰੇ ਨਾਲ ਜੋ ਕਰੀਆਂ ਗੱਲਾਂ। 

ਆ ਮੁੜ ਫਿਰ ਕੋਈ ਗੱਲ ਕਰ ਲਈਏ
ਹਾੜਾ ਦਿਲ ਦੇ ਸੱਲ ਭਰ ਲਈਏ
ਜਿਉਣ ਦਾ ਕੋਈ ਹੱਲ ਕਰ ਲਈਏ
ਲੰਘਦੇ ਟਪਦੇ ਪਲ ਭਰ ਬਹੀਏ
      ਜਿਉਂਦੀਆਂ ਹਨ ਨਹੀਂ ਮਰੀਆਂ ਗੱਲਾਂ
      ਤੇਰੇ ਨਾਲ ਜੋ ਕਰੀਆਂ ਗੱਲਾਂ।