ਮੇਰੀ ਮਾਂ (ਕਵਿਤਾ)

ਪਲਵਿੰਦਰ ਸੰਧੂ   

Email: sandhupalwinder08@gmail.com
Address: C-56/1, Sector 62
NOIDA India 201307
ਪਲਵਿੰਦਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੋਇਆਂ ਦੇ ਵਿਚ ਪਥਰਾਏ
ਸੁਪਨਿਆਂ ਦੀ ਦਾਸਤਾਨ
ਕਦੇ ਵੀ ਨਾ ਮੈਂ ਪੜ ਸਕਿਆ

ਉਸਦੀ ਚੁੱਪ ਵਿਚ ਕਿੰਨਾ
ਖੌਰੂ ਸੀ ਮਰੀਆਂ ਸੱਧਰਾਂ ਦਾ
ਅਤੇ ਮੈਂ ਹਮੇਸ਼ਾਂ ਇਸ ਨੂੰ
ਸੰਤੁਸ਼ਟੀ ਆਖਦਾ ਰਿਹਾ।

ਬੋਝਲ ਹੋਏ ਫਰਜ਼ਾਂ ਦੀ
ਲਾਸ਼ ਚੁੱਕੀ ਓਹ
ਕੁੱਬੀ ਹੋ ਕੇ ਚੱਲਦੀ
ਮੈਂਨੂੰ ਉਮਰ ਦਾ ਤਕਾਜ਼ਾ ਲੱਗੀ।

ਕਿੰਨਾ ਤਾਜ਼ੁਬ ਹੈ
ਉਸ ਦੀ ਹੋਂਦ ਦੇ ਅਰਥ
ਨਿਰਜੀਵ ਰਹੇ ਸਦਾ ਹੀ

ਪੱਥਰ ਦੇ ਨਾਂ ਨਾਲ ਪੈਦਾ ਹੋ ਕੇ
ਘਰਾਂ ਦੀ ਨੀਂਹ ਤੋਂ ਅੱਗੇ
ਪਰਿਵਾਰ ਦੀ ਛੱਤ ਤੱਕ
ਉਸ ਦਾ ਸਫਰ ਸਥੂਲ ਰਿਹਾ

ਬਲੀਦਾਨ ਦੀ ਸਿੱਖਿਆ
ਜੰਮਦੇ ਥੋਪ ਦਿੱਤੀ
ਦੁੱਧ ਦੇ ਕਰਜ਼ ਨਾਲ ਨਾਲ

ਹੁਣ ਲੱਗਦਾ ਉਸ ਨੇ
ਕੀ ਕੀ ਮਾਰ ਦਿੱਤਾ
ਅਪਦੀ ਜਿੰਦਗੀ ਦਾ ਮੇਰੇ ਜਿਉਣ ਲਈ