ਗ਼ਜ਼ਲ (ਗ਼ਜ਼ਲ )

ਅਮਰਜੀਤ ਢਿਲੋਂ   

Email: bajakhanacity@gmail.com
Cell: +91 94171 20427
Address: Baja Khana
Bhatinda India
ਅਮਰਜੀਤ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੰਦਾ ਹੋਵੇ ਆਮ ਲੇਕਿਨ ਖਾਸ ਵੀ ਬਣਿਆ ਰਹੇ,
ਖੁਦ ਲਈ ਹਾਕਮ ਦੂਜਿਆਂ ਲਈ ਦਾਸ ਵੀ ਬਣਿਆ ਰਹੇ।।

ਵਿਛੜ ਕੇ ਕੋਈ ਹਮੇਸ਼ਾ ਦੇ ਲਈ ਨਹੀਂ ਵਿਛੜਦਾ,
ਜਾਣ ਵਾਲਾ ਦੂਰ ਜਾ ਕੇ ਪਾਸ ਵੀ ਬਣਿਆ ਰਹੇ।।

ਨਜ਼ਰਾਂ ਮਿਲਾ ਕੇ, ਮੁਸਕਰਾ ਕੇ ਰੁਖਸਤ ਹੋਵੀਂ ਇਸ ਤਰਾਂ,
ਤੇਰੇ ਇੱਥੇ ਹੋਣ ਦਾ ਅਹਿਸਾਸ ਵੀ ਬਣਿਆ ਰਹੇ।।

ਵਗਦੀ ਰਹੇ ਸੰਭਾਵਨਾਵਾਂ ਦੀ ਸਦਾ ਅੱਥਰੀ ਨਦੀ,
ਖੂਬਸੂਰਤ ਜੀਣ ਦਾ ਵਿਸ਼ਵਾਸ ਵੀ ਬਣਿਆ ਰਹੇ।।

ਚੱਲਦਾ ਰਹੇ ਮ੍ਰਿਗਤ੍ਰਿਸ਼ਨਾ ਦਾ ਵੀ ਇਹ ਅਮੁੱਕ ਸਫਰ,
ਨੇੜੇ ਤੇੜੇ ਮੰਜ਼ਿਲਾਂ ਦਾ ਕਿਆਸ ਵੀ ਬਣਿਆ ਰਹੇ।।

ਕਿਸੇ ਨਾ ਆਉਣ ਵਾਲੇ ਦੀ ਕਦੇ ਵੀ ਨਾ ਮੁੱਕੇ ਉਡੀਕ,
ਜ਼ਿੰਦਗੀ ਵਿੱਚ ਇਹ ਵਿਰੋਧਾਭਾਸ ਵੀ ਬਣਿਆ ਰਹੇ।

ਮੇਰੇ ਮਨ ਦਾ ਹੈ ਸੰਕਲਪ ਬੁੱਧ ਦਾ ਨਿਰਵਾਣ ਪਦ,
ਪਰ ਮੇਰਾ ਰਾਹੁਲ ਮੇਰੀ ਇੱਕ ਆਸ ਵੀ ਬਣਿਆ ਰਹੇ।

ਖਾਹਿਸ਼ਾਂ ਦੇ ਰੁੱਖ ਤਾਈਂ ,ਛਾਂਗੀ ਚੱਲ, ਛਾਂਗੀ ਹੀ ਚੱਲ,
ਮÎਨ 'ਚ ਤੇਰੇ ਖਾਹਿਸ਼ਾਂ ਦਾ ਵਾਸ ਵੀ ਬਣਿਆ ਰਹੇ।।

ਜ਼ਿੰਦਗੀ ਵਿੱਚ ਢਿੱਲੋਂ ਕਾਇਮ ਰੱਖੀਂ ਏਦਾਂ ਸਾਵਾਂਪਨ,
ਹਰ ਖੁਸ਼ੀ ਵਿੱਚ ਤੇਰਾ ਮਨ ਉਦਾਸ ਵੀ ਬਣਿਆ ਰਹੇ।।