ਖ਼ਬਰਸਾਰ

 •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
 •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
 •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
 •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
 •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
 •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਕਾਮਾਗਾਟਾਮਾਰੂ : ਅਣਖ ਤੇ ਸਵੈਮਾਨ ਦਾ ਪ੍ਰਤੀਕ (ਲੇਖ )

  ਪਰਮਵੀਰ ਸਿੰਘ (ਡਾ.)   

  Email: paramvirsingh68@gmail.com
  Address: ਪੰਜਾਬੀ ਯੂਨੀਵਰਸਿਟੀ
  ਪਟਿਆਲਾ India
  ਪਰਮਵੀਰ ਸਿੰਘ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  amoxicillin cost without insurance walmart

  amoxicillin cost without insurance cvs go amoxicillin cost without insurance

  buy amoxicillin-clavulanate

  amoxicillin 500 mg capsules
  ਪੰਜਾਬੀ ਆਪਣੀ ਮਿਹਨਤ, ਲਗਨ ਅਤੇ ਖ਼ਾਤਿਰਦਾਰੀ ਕਰ ਕੇ ਦੁਨੀਆ ਭਰ ਵਿਚ ਪ੍ਰਸਿੱਧ ਹਨ। ਇਹ ਜਿਥੇ ਵੀ ਜਾਂਦੇ ਹਨ, ਆਪਣੀ ਵਿਲੱਖਣ ਪਛਾਣ ਕਾਇਮ ਕਰਨ ਵਿਚ ਪੂਰਾ ਤਾਨ ਲਾ ਦਿੰਦੇ ਹਨ। ਵਿਰਸੇ ਵਿਚ ਇਹਨਾਂ ਨੂੰ ਜਿਹੜੀਆਂ ਕਦਰਾਂ-ਕੀਮਤਾਂ ਪ੍ਰਾਪਤ ਹੋਈਆਂ ਹਨ ਉਹਨਾਂ 'ਤੇ ਗੁਰੂ ਸਾਹਿਬਾਨ ਦੀ ਪ੍ਰੇਰਨਾ ਹਮੇਸ਼ਾਂ ਕਾਰਜਸ਼ੀਲ ਰਹੀ ਹੈ। ਪੰਜਾਬ ਵਿਚ ਵੱਸਣ ਵਾਲੇ ਹਿੰਦੂ, ਮੁਸਲਮਾਨ, ਸਿੱਖ ਆਦਿ ਹਰ ਇਕ ਧਰਮ ਦੇ ਵਸਨੀਕ ਦੇ ਮਨ 'ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਮੋਹਰ ਕਿਸੇ ਨਾ ਕਿਸੇ ਰੂਪ ਵਿਚ ਦਿਖਾਈ ਦਿੰਦੀ ਹੈ। ਗੁਰੂ ਸਾਹਿਬਾਨ ਨੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਲਈ ਸਿੱਖਾਂ ਨੂੰ ਅਣਖ ਤੇ ਸਵੈਮਾਨ ਵਾਲਾ ਜੀਵਨ ਬਸਰ ਕਰਨ ਦੀ ਪ੍ਰੇਰਨਾ ਹੀ ਪੈਦਾ ਨਹੀਂ ਕੀਤੀ ਬਲਕਿ ਇਸ ਮਾਰਗ 'ਤੇ ਚੱਲਦੇ ਹੋਏ ਉਹਨਾਂ ਨੇ ਆਪ ਵੀ ਸ਼ਹਾਦਤਾਂ ਦਿੱਤੀਆਂ ਸਨ। ਗੁਰੂ ਸਾਹਿਬਾਨ ਦਾ ਉਦੇਸ਼ ਸਮਾਜ ਵਿਚ ਸੱਚਾਈ ਅਤੇ ਸਦਾਚਾਰ ਦੀ ਭਾਵਨਾ ਪੈਦਾ ਕਰਨ ਲਈ ਪ੍ਰਭੂ-ਮੁਖੀ ਕਾਰਜ ਕਰਨ, ਸਰਬੱਤ ਦਾ ਭਲਾ ਮੰਗਣ, ਨਿਮਾਣਿਆਂ ਅਤੇ ਨਿਤਾਣਿਆਂ ਦੀ ਰਾਖੀ ਅਤੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਸਮਾਜ ਦੀ ਸਿਰਜਨਾ ਕਰਨਾ ਸੀ। ਪਹਿਲੇ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਵਾਜ਼ ਬੁਲੰਦ ਕਰਦੇ ਹੋਏ ਜ਼ੁਲਮ ਖ਼ਿਲਾਫ਼ ਡੱਟ ਕੇ ਖੜ੍ਹੇ ਹੋਣ ਲਈ ਆਮ ਲੋਕਾਂ ਨੂੰ ਵੰਗਾਰ ਦਿੰਦੇ ਹੋਏ ਕਿਹਾ ਸੀ: 
  ਜੇ ਜੀਵੈ ਪਤਿ ਲਥੀ ਜਾਇ॥ 
  ਸਭੁ ਹਰਾਮੁ ਜੇਤਾ ਕਿਛੁ ਖਾਇ॥੧
  ਬਾਦਸ਼ਾਹ ਅਕਬਰ ਦੇ ਸਮੇਂ ਭਾਰਤ ਵਿਚ ਇਕ ਮਜ਼ਬੂਤ ਮੁਗ਼ਲ ਹਕੂਮਤ ਦਾ ਗਠਨ ਹੋਇਆ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਇਹ ਭਰਮ ਪੈਦਾ ਹੋ ਗਿਆ ਸੀ ਕਿ ਉਹ ਅਜਿੱਤ ਹਨ ਅਤੇ ਕੋਈ ਵੀ ਉਨ੍ਹਾਂ ਤੇ ਜਿੱਤ ਪ੍ਰਾਪਤ ਨਹੀ ਕਰ ਸਕਦਾ। ਅੰਗਰੇਜ਼ਾਂ ਦੇ ਰਾਜ ਵਿਚ ਕਦੇ ਵੀ ਸੂਰਜ ਨਹੀਂ ਸੀ ਡੁੱਬਦਾ। ਉਨ੍ਹਾਂ ਨੂੰ ਦੁਨੀਆ ਤੇ ਕਾਇਮ ਕੀਤੇ ਆਪਣੇ ਵਿਸ਼ਾਲ ਰਾਜ ਦਾ ਨਸ਼ਾ ਸੀ। ਏਸੇ ਕਰਕੇ ਤਾਕਤ ਦੇ ਨਸ਼ੇ ਵਿਚ ਦੋਵਾਂ ਹਕੂਮਤਾਂ ਨੇ ਲੋਕਾਂ ਤੇ ਜਬਰ ਅਤੇ ਜ਼ੁਲਮ ਅਰੰਭ ਕਰ ਦਿੱਤਾ ਸੀ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਅਜਿਹੀ ਚਿਣਗ ਪੈਦਾ ਕਰ ਦਿੱਤੀ ਸੀ ਜਿਸ ਨੇ ਆਮ ਲੋਕਾਂ ਦੇ ਮਨ ਨੂੰ ਅਜ਼ਾਦੀ ਦਾ ਹਲੂਣਾ ਦਿੱਤਾ ਸੀ।
  ਗੁਰੂ ਸਾਹਿਬਾਨ ਦੁਆਰਾ ਦਰਸਾਏ ਆਦਰਸ਼ਾਂ 'ਤੇ ਚੱਲਦੇ ਹੋਏ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਸਨ ਜਿਸ ਦਾ ਪ੍ਰਭਾਵ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ 'ਤੇ ਪੈਣਾ ਸੁਭਾਵਕ ਸੀ। ਸਮੇਂ ਦੀਆਂ ਪ੍ਰਸਥਿਤੀਆਂ ਦੇ ਪ੍ਰਭਾਵ ਅਧੀਨ ਪੰਜਾਬੀ ਆਪਣੀ ਰੋਜ਼ੀ-ਰੋਟੀ ਦੀ ਭਾਲ ਵਿਚ ਦੁਨੀਆ ਦੇ ਕਈ ਮੁਲਕਾਂ ਵਿਚ ਜਾ ਵੱਸੇ ਸਨ। ਉਹ ਜਿਥੇ ਵੀ ਗਏ, ਆਪਣੀ ਮਾਣ ਕਰਨਯੋਗ ਵਿਰਾਸਤ ਨੂੰ ਨਾਲ ਲੈ ਕੇ ਗਏ ਸਨ। ਉਨੀਵੀਂ ਸਦੀ ਵਿਚ ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਉਹਨਾਂ ਮੁਲਕਾਂ ਦਾ ਰੁਖ ਕੀਤਾ ਜਿਥੇ ਅੰਗਰੇਜ਼ਾਂ ਦਾ ਰਾਜ ਸੀ। ਇਕੋ ਹਾਕਮ ਦੇ ਰਾਜ ਅਧੀਨ ਪ੍ਰਵਾਸ੨ ਕਰਨਾ ਸੌਖਾ ਕਾਰਜ ਹੁੰਦਾ ਹੈ। ਕਈ ਵਾਰੀ ਹਾਕਮ ਵੀ ਆਪਣੀ ਸੁਵਿਧਾ ਅਨੁਸਾਰ ਆਪਣੇ ਕਬਜ਼ੇ ਅਧੀਨ ਇਕ ਰਾਜ ਦੇ ਲੋਕਾਂ ਨੂੰ ਦੂਜੇ ਰਾਜਾਂ ਜਾਂ ਦੇਸਾਂ ਵਿਚ ਲੈ ਜਾਂਦੇ ਹਨ। ਕਈ ਵਾਰੀ ਦੂਰ-ਦੁਰਾਡੇ ਦੇਸਾਂ ਜਾਂ ਇਲਾਕਿਆਂ ਵਿਚ ਜਾਣ ਵਾਲੇ ਕਾਮੇ ਅਤੇ ਸਿਪਾਹੀ ਉਸੇ ਸਥਾਨ ਨੂੰ ਆਪਣੀ ਕਰਮ-ਭੂਮੀ ਮੰਨ ਕੇ ਉਥੇ ਵੱਸ ਜਾਂਦੇ ਹਨ। ਮਿਹਨਤੀ ਸੁਭਾਅ ਹੋਣ ਕਰ ਕੇ ਹੱਥੀਂ ਕੰਮ ਕਰਨ ਅਤੇ ਦੂਜਿਆਂ ਤੋਂ ਅੱਗੇ ਲੰਘਣ ਦੀ ਬਿਰਤੀ ਨੇ ਜਿਥੇ ਪੰਜਾਬੀਆਂ ਨੂੰ ਖ਼ੁਸ਼ਹਾਲ ਜੀਵਨ ਬਸਰ ਕਰਨ ਦਾ ਮਾਰਗ ਪ੍ਰਦਾਨ ਕੀਤਾ ਹੈ ਉਥੇ ਉਹਨਾਂ ਨੂੰ ਸਥਾਨਕ ਲੋਕਾਂ ਦਾ ਵਿਰੋਧ ਵੀ ਸਹਿਨ ਕਰਨਾ ਪਿਆ ਹੈ। ਕਾਮਾਗਾਟਾਮਾਰੂ ਪੰਜਾਬੀਆਂ ਦੇ ਇਤਿਹਾਸ ਦੀ ਇਕ ਅਜਿਹੀ ਦੁਖਦ ਘਟਨਾ ਹੈ ਜਿਸ ਨੇ ਮਨੁੱਖੀ ਹੱਕਾਂ ਦੀ ਰਾਖੀ ਦਾ ਹੋਕਾ ਦੇਣ ਵਾਲੇ ਯੂਰਪੀ ਮੁਲਕਾਂ ਦੀ ਅਸਲ ਨੀਤੀ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਹੈ।
  ਬਾਬਾ ਗੁਰਦਿੱਤ ਸਿੰਘ੩ ਇਸ ਘਟਨਾ ਦੇ ਮੁੱਖ ਆਗੂ ਸਨ ਜਿਨ੍ਹਾਂ ਨੇ ਬਹੁਤ ਸਾਰਾ ਧਨ ਖ਼ਰਚ ਕੇ ਅਤੇ ਆਪਣਾ ਜੀਵਨ ਦਾਅ 'ਤੇ ਲਾ ਕੇ ਇਸ ਘਟਨਾ ਨੂੰ ਦੁਨੀਆ ਦੇ ਇਤਿਹਾਸ ਵਿਚ ਉਜਾਗਰ ਕੀਤਾ ਸੀ। ਇਸ ਨੇ ਬਰਤਾਨਵੀ ਹਕੂਮਤ ਦੇ ਰਾਜ ਅਧੀਨ ਵਿਭਿੰਨ ਦੇਸਾਂ ਵਿਚਲੇ ਵੱਖੋ-ਵੱਖਰੇ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਇਕੋ ਹਕੂਮਤ ਅਧੀਨ ਵਿਭਿੰਨ ਦੇਸਾਂ ਵਿਚ ਇਕੋ ਜਿਹੇ ਕਾਨੂੰਨ ਦੀ ਪ੍ਰੋੜਤਾ ਕਰਨ ਦੇ ਯਤਨ ਵੱਜੋਂ ਬਾਬਾ ਗੁਰਦਿੱਤ ਸਿੰਘ ਨੇ ਅਨੇਕਾਂ ਤਸੀਹੇ ਝੱਲੇ ਸਨ ਅਤੇ ਆਪਣਾ ਸਭ ਕੁੱਝ ਤਬਾਹ ਕਰ ਕੇ ਭਾਰਤੀਆਂ ਦੇ ਹੱਕਾਂ ਪ੍ਰਤਿ ਅਵਾਜ਼ ਬੁਲੰਦ ਕੀਤੀ ਸੀ। ਉਸ ਦਾ ਅਜਿਹਾ ਕਰਨਾ ਕੋਈ ਗ਼ੈਰ-ਕੁਦਰਤੀ ਨਹੀਂ ਸੀ। ਉਸ ਦੇ ਮਨ ਵਿਚ ਇਹ ਸਵਾਲ ਸੀ ਕਿ ਜੇਕਰ ਭਾਰਤੀ ਫ਼ੌਜਾਂ ਨੂੰ ਇਕੋ ਹਕੂਮਤ ਦੇ ਅਧੀਨ ਦੂਜੇ ਦੇਸਾਂ ਵਿਚ ਵਰਤਿਆ ਜਾ ਸਕਦਾ ਹੈ ਤਾਂ ਉਹਨਾਂ ਨੂੰ ਉਥੇ ਵੱਸਣ ਦਾ ਅਧਿਕਾਰ ਕਿਉਂ ਨਹੀਂ ਹੈ? ਇਸ ਸਥਿਤੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਗਿਆ ਹੈ ਕਿ, "ਜੇਕਰ ਹਿੰਦੁਸਤਾਨੀ ਮਜ਼ਦੂਰੀ ਵਾਸਤੇ ਲੈ ਜਾ ਕੇ ਗੰਦੀਆਂ ਥਾਵਾਂ ਵਿਚ ਰੱਖ ਕੇ ਮਰਵਾਏ ਜਾਂਦੇ ਹਨ ਤੇ ਫ਼ੌਜਾਂ ਵਿਚ ਲੈ ਜਾ ਕੇ ਗੋਲੀਆਂ ਅੱਗੇ ਡਾਹੇ ਜਾਂਦੇ ਹਨ ਤਾਂ ਉਨ੍ਹਾਂ ਹਿੰਦ ਵਾਸੀਆਂ ਨੂੰ ਕਿਸੇ ਮੁਲਕ ਜਾਂ ਦੇਸ ਵਿਚ ਜਾਣ ਵਾਸਤੇ ਰੋਕ ਨਹੀਂ ਹੋਣੀ ਚਾਹੀਦੀ। ਜੇਕਰ ਹਿੰਦੀਆਂ ਦੇ ਗਿਆਂ ਤੋਂ ਬਰਤਾਨਵੀ ਭਿੱਟੇ ਜਾਂਦੇ ਹਨ ਤਾਂ ਕਿਸੇ ਵੀ ਹਿੰਦੀ ਨੂੰ ਮਜ਼ਦੂਰੀ ਜਾਂ ਲੜਾਈ ਵਾਸਤੇ ਲੈ ਜਾਣਾ ਨਹੀਂ ਚਾਹੀਦਾ"੪ ਜਦੋਂ ਪੰਜਾਬੀਆਂ ਨੇ ਗੰਭੀਰਤਾ ਪੂਰਬਕ ਇਸ ਗੱਲ ਪ੍ਰਤਿ ਚਰਚਾ ਅਰੰਭ ਕੀਤੀ ਤਾਂ ਉਹਨਾਂ ਦੇ ਮਨ ਵਿਚ ਬਰਤਾਨਵੀ ਹਕੂਮਤ ਪ੍ਰਤਿ ਰੋਸ ਪੈਦਾ ਹੋ ਜਾਣਾ ਸੁਭਾਵਕ ਸੀ, ਕਾਮਾਗਾਟਾਮਾਰੂ ਦੀ ਘਟਨਾ ਇਸ ਦਾ ਇਕ ਪ੍ਰਗਟਾਵਾ ਸੀ। 
  ਵੀਹਵੀਂ ਸਦੀ ਦੇ ਅਰੰਭ ਵਿਚ ਕੈਨੇਡਾ ਦੀ ਸਰਕਾਰ ਵੱਲੋਂ ਬਰਤਾਨਵੀ ਹਕੂਮਤ ਦੀ ਸਹਿਮਤੀ ਨਾਲ ਕੁੱਝ ਕਾਨੂੰਨ ਬਣਾਏ ਗਏ ਸਨ ਜਿਨ੍ਹਾਂ ਦਾ ਉਦੇਸ਼ ਭਾਰਤੀਆਂ ਦੇ ਪ੍ਰਵਾਸ ਨੂੰ ਸੀਮਿਤ ਜਾਂ ਬੰਦ ਕਰਨਾ ਸੀ। ਇਸ ਨਵੇਂ ਬਣੇ ਕਾਨੂੰਨ ਵਿਚ ਬਰਤਾਨਵੀ ਹਕੂਮਤ ਵੱਲੋਂ ਕੈਨੇਡਾ ਦੀ ਸਰਕਾਰ ਦੇ ਕੁੱਝ ਵਿਸ਼ੇਸ਼ ਅਧਿਕਾਰਾਂ ਨੂੰ ਮਾਨਤਾ ਦਿੱਤੀ ਗਈ ਸੀ ਕਿ ਉਹ ਆਪਣੇ ਮੁਲਕ ਦੀ ਭਲਾਈ ਵਾਸਤੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਬਣਾ ਸਕਦੇ ਹਨ। ਸਥਾਨਕ ਨਿਵਾਸੀ ਭਾਰਤੀਆਂ ਨੂੰ ਨੀਵੇਂ ਦਰਜੇ ਦੇ ਨਾਗਰਿਕ ਸਮਝਦੇ ਸਨ। ਉਹਨਾਂ ਦੇ ਮਨ ਵਿਚ ਇਹ ਗੱਲ ਬੈਠ ਗਈ ਸੀ ਕਿ ਇਹ ਲੋਕ ਮਾਰੂ ਬੀਮਾਰੀਆਂ ਦੇ ਸ਼ਿਕਾਰ ਹਨ ਅਤੇ ਕਿਸੇ ਵੱਡੀ ਬੀਮਾਰੀ ਨੂੰ ਫੈਲਾਉਣ ਦਾ ਕਾਰਨ ਬਣ ਸਕਦੇ ਹਨ। ਉਹਨਾਂ ਦੁਆਰਾ ਫੈਲਾਈਆਂ ਗਈਆਂ ਅਜਿਹੀਆਂ ਅਫ਼ਵਾਹਾਂ ਦਾ ਮੁੱਖ ਕਾਰਨ ਇਹ ਸੀ ਕਿ ਭਾਰਤੀ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਸਰੀਰਕ ਪੱਖੋਂ ਤਕੜੇ, ਘੱਟ ਉਜਰਤ 'ਤੇ ਮਜ਼ਦੂਰੀ ਅਤੇ ਹਰ ਤਰ੍ਹਾਂ ਦੇ ਮੌਸਮ ਵਿਚ ਕੰਮ ਕਰਨ ਦੇ ਸਮਰੱਥ ਸਨ ਜਿਸ ਨਾਲ ਸਥਾਨਕ ਲੋਕਾਂ ਲਈ ਰੁਜਗਾਰ ਦੇ ਮੌਕੇ ਘੱਟਣ ਲੱਗੇ ਸਨ। ਕੁਦਰਤ ਦੇ ਨਿਯਮਾਂ ਦੇ ਉਲਟ ਕੈਨੇਡਾ ਨੂੰ ਉਹ ਗੋਰਿਆਂ ਦਾ ਦੇਸ ਬਣਾ ਕੇ ਰੱਖਣਾ ਚਾਹੁੰਦੇ ਸਨ ਜਿਸ ਕਰ ਕੇ ਟਕਰਾਉ ਦੀ ਸਥਿਤੀ ਪੈਦਾ ਹੋ ਗਈ ਸੀ। ਉਹ ਕਿਸੇ ਵੀ ਤਰ੍ਹਾਂ ਨਾਲ ਭਾਰਤੀਆਂ ਦੇ ਉਥੇ ਵੱਸ ਜਾਣ ਦੇ ਵਿਰੁੱਧ ਸਨ ਜਿਸ ਦੀ ਸਪਸ਼ਟ ਮਿਸਾਲ ਉਸ ਸਮੇਂ ਦੇਖਣ ਨੂੰ ਮਿਲਦੀ ਹੈ ਜਦੋਂ ਉਥੋਂ ਦੇ ੩੦੦ ਗੋਰਿਆਂ ਨੇ ਗੁਰਦੁਆਰਾ ਬਣਾਉਣ ਦਾ ਵਿਰੋਧ ਕਰ ਦਿੱਤਾ ਸੀ, ਉਹਨਾਂ ਨੇ ਗੁਰਦਵਾਰੇ ਖ਼ਿਲਾਫ਼ ਮਿਉਂਸਪਲ ਕਮੇਟੀ ਨੂੰ ਲਿਖਤੀ ਅਪੀਲ ਕੀਤੀ ਸੀ।੫ 
  ਕੈਨੇਡਾ ਸਰਕਾਰ ਵੱਲੋਂ ਭਾਰਤੀਆਂ ਨੂੰ ਰੋਕਣ ਵਾਸਤੇ ਬਣਾਏ ਗਏ ਕਾਨੂੰਨ ਨਾਲ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਸਨ। ਇਕ ਤਾਂ ਇਹ ਕਿ ਨਵੇਂ ਪ੍ਰਵਾਸੀਆਂ ਲਈ ਕਾਨੂੰਨੀ ਰੋਕ ਨਾਲ ਵਿਕਸਿਤ ਦੇਸਾਂ ਵਿਚ ਰੁਜ਼ਗਾਰ ਦੇ ਮੌਕੇ ਬੰਦ ਹੋ ਗਏ ਸਨ ਅਤੇ ਜਿਹੜੇ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਜਾਣਾ ਲੋਚਦੇ, ਉਹਨਾਂ ਲਈ ਵਾਪਸ ਜਾਣਾ ਔਖਾ ਹੋ ਗਿਆ ਸੀ। ਉਹ ਜਿਹੜੇ ਮੁਲਕ ਵਿਚ ਫਸੇ ਹੋਏ ਸਨ ਉਥੇ ਹੀ ਮਜ਼ਦੂਰੀ ਜਾਂ ਚੌਕੀਦਾਰੀ ਕਰ ਕੇ ਇਸ ਆਸ ਨਾਲ ਗੁਜ਼ਾਰਾ ਕਰ ਰਹੇ ਸਨ ਕਿ ਕਦੇ ਉਹਨਾਂ ਦੇ ਜੀਵਨ ਵਿਚ ਵੀ ਖ਼ੁਸ਼ਹਾਲੀ ਦੀ ਕਿਰਨ ਪੈਦਾ ਹੋਵੇਗੀ। ਨਵਾਂ ਕਾਨੂੰਨ ਪਾਸ ਹੋਣ ਨਾਲ ਉਹਨਾਂ ਦੀਆਂ ਸਮੂਹ ਆਸਾਂ 'ਤੇ ਪਾਣੀ ਪੈ ਗਿਆ ਸੀ ਅਤੇ ਹੁਣ ਉਹਨਾਂ ਨੂੰ ਆਪਣੇ ਜੀਵਨ ਵਿਚ ਸਿਰਫ਼ ਹਨੇਰਾ ਹੀ ਦਿਖਾਈ ਦੇ ਰਿਹਾ ਸੀ। ਉਹਨਾਂ ਵਿਚੋਂ ਕੁੱਝ ਤਾਂ ਪਹਿਲਾਂ ਤੋਂ ਹੀ ਤੰਗੀ-ਤੁਰਸ਼ੀ ਵਾਲਾ ਜੀਵਨ ਬਸਰ ਕਰ ਰਹੇ ਸਨ ਅਤੇ ਕੁੱਝ ਆਪਣੀ ਜ਼ਮੀਨਾਂ ਆਦਿ ਵੇਚ ਕੇ ਖ਼ੁਸ਼ਹਾਲ ਜੀਵਨ ਦੀ ਆਸ ਵਿਚ ਕੈਨੇਡਾ ਵੱਲ ਤੁਰੇ ਸਨ ਕਿ ਰਾਹ ਵਿਚ ਹੀ ਅਟਕ ਗਏ ਸਨ। ਉਹਨਾਂ ਲਈ ਵਾਪਸ ਜਾ ਕੇ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਤੋਂ ਤਾਹਨੇ-ਮਿਹਣੇ ਸੁਣਨਾ ਕੋਈ ਸੌਖਾ ਕੰਮ ਨਹੀਂ ਸੀ। ਦੂਜਾ ਇਹ ਕਿ ਜਿਹੜੇ ਪਹਿਲਾਂ ਤੋਂ ਹੀ ਉਥੇ ਵੱਸੇ ਹੋਏ ਸਨ, ਉਹਨਾਂ ਨੂੰ ਆਪਣੇ ਪਰਿਵਾਰ ਲਿਆਉਣ ਦੀ ਮਨਾਹੀ ਹੋ ਗਈ ਸੀ ਜਿਸ ਕਰ ਕੇ ਉਹ ਦੋ ਅਜਿਹੇ ਟੁਕੜਿਆਂ ਵਿਚ ਵੰਡੇ ਗਏ ਸਨ ਜਿਨ੍ਹਾਂ ਦੇ ਪੁਨਰ-ਮਿਲਾਪ ਦੀ ਕੋਈ ਆਸ ਬਾਕੀ ਨਹੀਂ ਰਹੀ ਸੀ। 
  ਕੈਨੇਡਾ ਵਿਚ ਵੱਸਦੇ ਹਿੰਦੁਸਤਾਨੀਆਂ ਨੂੰ ਨੀਵੇਂ ਦਰਜੇ ਦੇ ਸ਼ਹਿਰੀ ਸਮਝਿਆ ਜਾਣ ਲੱਗਾ ਸੀ। ਉਹ ਦੇਖਦੇ ਸਨ ਕਿ ਜਿਹੜਾ ਵਿਹਾਰ ਜਪਾਨੀਆਂ ਅਤੇ ਚੀਨੀਆਂ ਨਾਲ ਹੁੰਦਾ ਹੈ, ਉਹ ਹਿੰਦੁਸਤਾਨੀਆਂ ਨਾਲ ਨਹੀਂ ਹੁੰਦਾ। ਉਹ ਸੋਚਣ ਲੱਗੇ ਸਨ ਕਿ ਚੀਨੀ ਅਤੇ ਜਪਾਨੀ ਅਜ਼ਾਦ ਮੁਲਕ ਹਨ ਅਤੇ ਉਹਨਾਂ ਦੇ ਆਪਣੇ ਸਫ਼ਾਰਤਖ਼ਾਨੇ ਮੌਜੂਦ ਹਨ ਜਿਹੜੇ ਉਹਨਾਂ ਨਾਗਰਿਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਦਾ ਨੋਟਿਸ ਲੈਂਦੇ ਹਨ ਪਰ ਹਿੰਦੁਸਤਾਨੀ ਗ਼ੁਲਾਮ ਹਨ ਅਤੇ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਅਜਿਹੇ ਕਾਨੂੰਨਾਂ ਅਤੇ ਨਿੱਤ ਦਿਨ ਦੀਆਂ ਘਟਨਾਵਾਂ ਨੇ ਕੈਨੇਡਾ ਵੱਸਦੇ ਹਿੰਦੁਸਤਾਨੀਆਂ ਦੇ ਮਨ ਵਿਚ ਕੈਨੇਡਾ ਦੀ ਸਰਕਾਰ ਅਤੇ ਬਰਤਾਨਵੀ ਹਕੂਮਤ ਖ਼ਿਲਾਫ਼ ਰੋਸ ਪੈਦਾ ਕਰ ਦਿੱਤਾ ਸੀ। ਹਿੰਦੁਸਤਾਨੀਆਂ ਦੇ ਮਨ ਵਿਚ ਪਹਿਲਾਂ ਤੋਂ ਪੈਦਾ ਹੋਏ ਰੋਸ ਨੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਪ੍ਰਤਿ ਹਮਦਰਦੀ ਦੀ ਭਾਵਨਾ ਪੈਦਾ ਕਰ ਦਿੱਤੀ ਸੀ। ਇਸ ਜਹਾਜ਼ ਦੇ ਕੈਨੇਡਾ ਦੀ ਧਰਤੀ ਵੱਲ ਚੱਲਣ ਦੀ ਸੂਚਨਾ ਨਾਲ ਹੀ ਉਹਨਾਂ ਦੇ ਮਨ ਵਿਚ ਜ਼ੋਸ਼ ਪੈਦਾ ਕਰ ਦਿੱਤਾ ਸੀ।
  ਬਾਬਾ ਗੁਰਦਿੱਤ ਸਿੰਘ ਕੈਨੇਡਾ ਦੇ ਕਾਨੂੰਨ ਦਾ ਪਾਲਣ ਕਰਦੇ ਹੋਏ ਜਹਾਜ਼ ਨੂੰ ਉਥੇ ਲਿਜਾਣ ਦਾ ਚਾਹਵਾਨ ਸੀ। ਪੂਰੇ ਘਟਨਾ-ਕ੍ਰਮ ਅਨੁਸਾਰ ਉਹ ਕਿਤੇ ਵੀ ਬਰਤਾਨਵੀ ਜਾਂ ਕੈਨੇਡਾ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ। ਜਪਾਨੀ ਕੰਪਨੀ ਤੋਂ ਉਹ ਜਹਾਜ਼ ਵੀ ਉਸ ਸਮੇਂ ਕਿਰਾਏ 'ਤੇ ਲੈਂਦਾ ਹੈ ਜਦੋਂ ਉਸ ਨੂੰ ਇਹ ਖ਼ਬਰ ਮਿਲਦੀ ਹੈ ਕਿ ਕੈਨੇਡਾ ਸਰਕਾਰ ਦੇ ਕਾਨੂੰਨ ਖ਼ਿਲਾਫ਼ ਉਥੋਂ ਦੀ ਅਦਾਲਤ ਨੇ ਫ਼ੈਸਲਾ ਦੇ ਦਿੱਤਾ ਹੈ ਜਿਸ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ, "੨੭ ਅਕਤੂਬਰ ੧੯੧੩ ਨੂੰ ੩੯ ਭਾਰਤੀ (ਸਾਰੇ ਸਿੱਖ) ਬੀ.ਸੀ. ਦੀ ਵਿਕਟੋਰੀਆ ਬੰਦਰਗਾਹ ਤੇ ਉਤਰੇ ਤਾਂ ਪਰਵਾਸ ਮਹਿਕਮੇ ਨੇ ਉਹਨਾਂ ਨੂੰ ਵਾਪਸ ਭੇਜਣ ਦਾ ਹੁਕਮ ਜਾਰੀ ਕਰ ਕੇ ਹਿਰਾਸਤ 'ਚ ਲੈ ਲਿਆ। ਉਹਨਾਂ ਵੱਲੋਂ ਹੇਬੀਅਸ ਕਾਰਪਸ (ਨਜਾਇਜ਼ ਹਿਰਾਸਤ) ਪਟੀਸ਼ਨ ਦਾਇਰ ਕਰ ਕੀਤੇ ਜਾਣ ਤੇ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ; ਚੀਫ਼ ਜਸਟਿਸ ਹੰਟਰ ਦੇ ਅਦਾਲਤੀ ਫ਼ੈਸਲੇ ਨੇ ਪਰਵਾਸ ਮਹਿਕਮੇਂ ਦੀ ਇਸ ਕਾਰਵਾਈ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ।"੬     
  ਇਸ ਘਟਨਾ ਨੇ ਸਮੂਹ ਦੇਸਾਂ ਵਿਚ ਵੱਸਦੇ ਹਿੰਦੁਸਤਾਨੀਆਂ ਅਤੇ ਸਿੱਖਾਂ ਨੇ ਮਨਾਂ ਵਿਚ ਖ਼ੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਸੀ। ਭਾਵੇਂ ਕਿ ਨਵਾਂ ਕਾਨੂੰਨ ਬਣਾਏ ਜਾਣ ਤੱਕ ਕੈਨੇਡਾ ਸਰਕਾਰ ਨੇ ਹਿੰਦੁਸਤਾਨੀਆਂ ਦੇ ਕੈਨੇਡਾ ਵਿਚ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ ਸੀ ਪਰ ਫਿਰ ਵੀ ਲੋਕ ਕਾਨੂੰਨ ਟੁੱਟ ਜਾਣ ਕਾਰਨ ਉਥੇ ਜਾਣ ਲਈ ਤਿਆਰੀ ਕਰ ਚੁੱਕੇ ਸਨ। ਬਾਬਾ ਗੁਰਦਿੱਤ ਸਿੰਘ ਨੇ ਹਿੰਦੁਸਤਾਨੀਆਂ ਦੀ ਇਸ ਇੱਛਾ ਨੂੰ ਬੂਰ ਪਾ ਦਿੱਤਾ ਸੀ। ਦੇਸ-ਦੁਨੀਆ ਸਾਹਮਣੇ ਕਾਨੂੰਨੀ ਤੌਰ 'ਤੇ ਆਪਣਾ ਪੱਖ ਸਹੀ ਤੌਰ 'ਤੇ ਪੇਸ਼ ਕਰਨ ਲਈ ਗੁਰਦਿੱਤ ਸਿੰਘ ਕੈਨੇਡਾ ਦੇ ਕਾਨੂੰਨ ਦਾ ਸਹਾਰਾ ਲੈਂਦਾ ਹੋਇਆ ਕਹਿੰਦਾ ਹੈ ਕਿ ਭਾਵੇਂ ਉਥੇ ਜਾਣ ਲਈ ਸਿੱਧਾ ਸਫ਼ਰ ਅਤੇ ੨੦੦ ਡਾਲਰ ਹੱਥ ਹੋਣੇ ਚਾਹੀਦੇ ਹਨ ਪਰ ਫਿਰ ਵੀ ਇਹ ਨਵਾਂ ਕਾਨੂੰਨ ਪੰਜ ਤਰ੍ਹਾਂ ਦੇ ਪਰਵਾਸੀਆਂ 'ਤੇ ਲਾਗੂ ਨਹੀਂ ਹੁੰਦਾ - ਉਪਦੇਸ਼ਕ, ਵਪਾਰੀ, ਵਿਦਿਆਰਥੀ, ਸੈਰ ਕਰਨ ਵਾਲੇ ਅਤੇ ਸਰਕਾਰੀ ਨੌਕਰ। ਉਹ ਆਪ ਠੇਕੇਦਾਰ ਹੈ ਅਤੇ ਆਪਣੇ ਪੱਖ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਉਸ ਨੇ ਜਪਾਨ ਦੀ ਮੋਜੀ ਬੰਦਰਗਾਹ ਤੋਂ ਕੋਲਾ ਖਰੀਦ ਕੇ ਜਹਾਜ਼ ਵਿਚ ਲੱਦ ਲਿਆ ਜਿਹੜਾ ਕਿ ਕੈਨੇਡਾ ਵਿਚ ਸੌ ਫੀਸਦੀ ਮੁਨਾਫ਼ੇ 'ਤੇ ਵੇਚਿਆ ਜਾ ਸਕਦਾ ਸੀ।੭ 
  ਲਗਪਗ ੩੬੦ ਯਾਤਰੂਆਂ ਨੂੰ ਲੈ ਕੇ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਵੱਲ ਚੱਲ ਪਿਆ ਸੀ ਜਿਸ ਨੂੰ ਵੈਨਕੋਵਰ ਦੀ ਬੰਦਰਗਾਹ ਤੋਂ ਕੁੱਝ ਦੂਰੀ 'ਤੇ ਰੋਕ ਕੇ ਪੁਲਿਸ ਦੇ ਪਹਿਰੇ ਹੇਠ ਲੈ ਲਿਆ ਗਿਆ। ੨੨ ਮਈ ੧੯੧੪ ਤੋਂ ਲੈ ਕੇ ੨੩ ਜੁਲਾਈ ੧੯੧੪ ਨੂੰ ਵਾਪਸ ਮੁੜਨ ਤੱਕ ਲਗਪਗ ਦੋ ਮਹੀਨੇ ਇਹ ਜਹਾਜ਼ ਵੈਨਕੋਵਰ ਦੇ ਪਾਣੀਆਂ ਵਿਚ ਕੈਦ ਰੱਖਿਆ ਗਿਆ ਜਿਥੇ ਮੁਸਾਫ਼ਰਾਂ ਨੂੰ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਭਾਵੇਂ ਕੈਨੇਡਾ ਦੀ ਸਰਕਾਰ ਉਹਨਾਂ ਦੇ ਵਿਰੁੱਧ ਸੀ ਪਰ ਕੈਨੇਡਾ ਵੱਸਦੇ ਹਿੰਦੁਸਤਾਨੀਆਂ ਨੇ ਉਹਨਾਂ ਦੀ ਤਨ, ਮਨ, ਧਨ ਨਾਲ ਸਹਾਇਤਾ ਕੀਤੀ। ੧੧੦੦੦ ਡਾਲਰ ਮਹੀਨੇ ਕਿਰਾਏ 'ਤੇ ਲਏ ਜਹਾਜ਼ ਦੀ ਜਦੋਂ ਦੂਜੇ ਮਹੀਨੇ ਦੀ ਕਿਸ਼ਤ ਅਦਾ ਕਰਨ ਦੀ ਮਿਆਦ ਪੁੱਗਣ ਲੱਗੀ ਤਾਂ ਕੈਨੇਡਾ ਦੀ ਖ਼ਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਯੂਨਾਈਟਿਡ ਇੰਡੀਆ ਲੀਗ ਦੇ ਮੁਖੀ ਸ੍ਰੀ ਹਸਨ ਰਹੀਮ ਨੇ ਜਹਾਜ਼ ਦੇ ਦਸਤਾਵੇਜ਼ਾਂ ਵਿਚ ਲੋੜੀਂਦੀ ਤਬਦੀਲੀ ਕਰ ਕੇ ਜਹਾਜ਼ ਦਾ ਸੰਚਾਲਨ ਪ੍ਰਾਪਤ ਕਰ ਲਿਆ। ਕੈਨੇਡਾ ਦੇ ਹਿੰਦੁਸਤਾਨੀਆਂ ਨੇ ਜਹਾਜ਼ ਵਿਚ ਫਸੇ ਹੋਏ ਆਪਣੇ ਭਰਾਵਾਂ ਦੀ ਸਹਾਇਤਾ ਲਈ ਅਪੀਲਾਂ ਕਰ ਕੇ ਹਜ਼ਾਰਾਂ ਡਾਲਰ ਇਕੱਠੇ ਕਰ ਲਏ ਸਨ ਅਤੇ ਲੱਗਦੀ ਵਾਹ ਉਹ ਜਹਾਜ਼ ਨੂੰ ਵਾਪਸ ਮੁੜਨ ਨਹੀਂ ਦੇਣਾ ਚਾਹੁੰਦੇ ਸਨ। ਇਸ ਸੰਬੰਧ ਵਿਚ ਅਦਾਲਤ 'ਚ ਪਾਈ ਹੇਬੀਅਸ ਕਾਰਪਸ ਪਟੀਸ਼ਨ ਵੀ ਖਾਰਜ ਹੋ ਗਈ ਸੀ। ਹੁਣ ਮੁਸਾਫ਼ਰਾਂ ਕੋਲ ਵਾਪਸ ਮੁੜਨ ਤੋਂ ਬਗ਼ੈਰ ਹੋਰ ਕੋਈ ਚਾਰਾ ਬਾਕੀ ਨਹੀਂ ਸੀ ਪਰ ਇਸ ਸਮੇਂ ਦੌਰਾਨ ਮੁਸਾਫ਼ਰਾਂ ਨਾਲ ਕੀਤਾ ਗਿਆ ਵਿਹਾਰ ਕੈਨੇਡਾ ਸਰਕਾਰ ਦੀ ਧੱਕੇਸ਼ਾਹੀ, ਨਸਲੀ ਵਿਤਕਰੇ, ਜ਼ੁਲਮ ਅਤੇ ਅਨਿਆਂ ਦੀ ਯਾਦ ਦਿਵਾਉਂਦੀ ਹੈ। ਇਸ ਘਟਨਾ ਨੂੰ ਯਾਦ ਕਰਦਿਆਂ ਉਹ ਸੂਰਮੇ ਵੀ ਚੇਤੇ ਆ ਜਾਂਦੇ ਹਨ ਜਿਹੜੇ ਇਸ ਦੁਖਦਾਈ ਘਟਨਾ ਦਾ ਹਿੱਸਾ ਬਣੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸਮੇਂ ਦੀ ਹਕੂਮਤ ਦੇ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਰਾਜ-ਭਾਗ ਦਾ ਹਿੱਸਾ ਬਣਨ ਨਾਲ ਹੀ ਧੱਕੇਸ਼ਾਹੀ ਨਿਆਂ ਦਾ ਰੂਪ ਧਾਰਨ ਨਹੀਂ ਕਰ ਜਾਂਦੀ। ਕੈਨੇਡਾ ਸਰਕਾਰ ਦੁਆਰਾ ਰੰਗ-ਨਸਲ ਦੇ ਆਧਾਰ 'ਤੇ ਲਾਈਆਂ ਪਾਬੰਦੀਆਂ ਨੂੰ ਪਰਖਣ ਅਤੇ ਪ੍ਰਗਟ ਕਰਨ ਲਈ ਗੁਰਦਿੱਤ ਸਿੰਘ ਨੇ ਵਿਸ਼ੇਸ਼ ਯਤਨ ਕੀਤਾ ਸੀ। ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਖੜੀ ਕਰ ਕੇ ਉਸ ਨੇ ਪਹਿਲਾਂ ਕੈਨੇਡਾ ਅਤੇ ਫਿਰ ਉਥੋਂ ਕਲਕੱਤੇ ਦੇ ਬਜ-ਬਜ ਘਾਟ ਦਾ ਸਫ਼ਰ ਤੈਅ ਕੀਤਾ ਸੀ। ਜਹਾਜ਼ ਦਾ ਇਹ ਸਫ਼ਰ ਇਸ ਗੱਲ ਦਾ ਪ੍ਰਤੀਕ ਸੀ ਕਿ ਭਾਰਤ ਤੋਂ ਕੈਨੇਡਾ ਤੱਕ ਸਿੱਧੇ ਤੌਰ 'ਤੇ ਜਹਾਜ਼ ਚਲਾਇਆ ਜਾ ਸਕਦਾ ਹੈ ਪਰ ਨਸਲੀ ਵਿਤਕਰੇ ਅਤੇ ਬੇਈਮਾਨੀ ਵਾਲੀ ਨੀਤੀ ਅਧੀਨ ਇਸ ਪਾਸੇ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ। ਇਸ ਪਿੱਛੇ ਸਰਕਾਰ ਦੀ ਰੰਗ-ਨਸਲ, ਊਚ-ਨੀਚ ਅਤੇ ਭਾਸ਼ਾ ਦੇ ਆਧਾਰ 'ਤੇ ਭੇਦਭਾਵ ਦੀ ਨੀਤੀ ਕੰਮ ਕਰ ਰਹੀ ਸੀ। ਦੂਜਿਆਂ ਨੂੰ ਗ਼ੁਲਾਮ ਬਣਾਉਣਾ ਹੀ ਨਹੀਂ ਬਲਕਿ ਗ਼ੁਲਾਮੀ ਦੀ ਭਾਵਨਾ ਦਾ ਅਹਿਸਾਸ ਕਰਾਉਣਾ ਇਸ ਨੀਤੀ ਦਾ ਪ੍ਰਮੁਖ ਹਿੱਸਾ ਸੀ। ਇਸ ਘਟਨਾ 'ਤੇ ਟਿੱਪਣੀ ਕਰਦੇ ਹੋਏ ਜਗਜੀਤ ਸਿੰਘ ਕਹਿੰਦਾ ਹੈ ਕਿ "ਕੈਨੇਡਾ ਵਿਚ ਹਿੰਦੀਆਂ ਨੂੰ ਨਾ ਦਾਖਲ ਹੋਣ ਦੇਣ ਦੀ ਨੀਤੀ, ਹਿੰਦੀਆਂ ਦੇ ਜਾਤੀ ਲਾਭਾਂ ਅਤੇ ਸਵੈਮਾਨ ਦੋਹਾਂ ਨੂੰ ਸੱਟ ਮਾਰਦੀ ਸੀ ਅਤੇ ਇਸ ਦੀ ਚੋਟ ਦੇ ਸ਼ਿਕਾਰ ਹੋਏ ਅਨੇਕਾਂ ਹਿੰਦੀ ਧੁਰ ਪੂਰਬ ਅਤੇ ਅਮਰੀਕਾ ਵਿਚ ਖਿਲਰੇ ਹੋਏ ਸਨ। ਜਾਤੀ ਲਾਭਾਂ ਅਤੇ ਸਵੈਮਾਨ ਤੋਂ ਵੀ ਵੱਧ ਕੈਨੇਡਾ, ਅਮਰੀਕਾ ਅਤੇ ਧੁਰ ਪੂਰਬ ਦੇ ਹਿੰਦੀਆਂ ਵਿਚ ਕੌਮੀ ਅਣਖ ਦਾ ਜਜ਼ਬਾ ਭਰ ਚੁੱਕਾ ਸੀ। ਕੌਮੀ ਮਾਨ ਅਪਮਾਨ ਦਾ ਸਵਾਲ ਹੁਣ ਉਨ੍ਹਾਂ ਵਾਸਤੇ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਸੀ। 'ਕੌਮਾ ਗਾਟਾ ਮਾਰੂ' ਦੇ ਵਾਕਿਆ ਨੇ ਹਿੰਦੀਆਂ ਦੀ ਕੌਮੀ ਨਿਰਾਦਰੀ ਅਤੇ ਉਨ੍ਹਾਂ ਦੀ ਗੁਲਾਮੀ ਦੇ ਸਵਾਲ ਨੂੰ ਪ੍ਰਤੱਖ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਲੈ ਆਂਦਾ।"੮ 
  ਪੰਜਾਬੀਆਂ ਦੇ ਮਨ ਵਿਚ ਕਦੇ ਵੀ ਇਹ ਖ਼ਿਆਲ ਪੈਦਾ ਨਹੀਂ ਸੀ ਹੋਇਆ ਕਿ ਜਿਸ ਸਰਕਾਰ ਲਈ ਉਹ ਦੂਰ-ਦੁਰਾਡੇ ਦੇਸਾਂ ਵਿਚ ਜਾ ਕੇ ਕੁਰਬਾਨੀਆਂ ਕਰ ਰਹੇ ਹਨ, ਉਹ ਉਹਨਾਂ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਦੀ ਹੈ। ਸਰਕਾਰ ਦੀ ਨਜ਼ਰ ਵਿਚ ਹਿੰਦੁਸਤਾਨੀ ਗ਼ੁਲਾਮ ਜ਼ਿਹਨੀਅਤ ਦੇ ਮਾਲਕ ਸਨ ਅਤੇ ਉਹ ਸਮਝਦੇ ਸਨ ਕਿ ਇਹਨਾਂ ਨਾਲ ਜਿੰਨਾ ਘਟੀਆ ਵਰਤਾਉ ਕੀਤਾ ਜਾਵੇ ਉਨ੍ਹਾ ਹੀ ਥੋੜ੍ਹਾ ਹੈ। ਉਹ ਇਸ ਮੁਲਕ ਵਾਸੀਆਂ ਤੋਂ ਉਹ ਕੰਮ ਕਰਵਾਉਂਦੇ ਸਨ ਜਿਹੜੇ ਉਹਨਾਂ ਦੀ ਨਜ਼ਰ ਵਿਚ ਬਹੁਤ ਨੀਵੇਂ ਦਰਜੇ ਦੇ ਸਮਝੇ ਜਾਂਦੇ ਸਨ। 
  ਪੰਜਾਬੀਆਂ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸਰਕਾਰ ਨਾਲ ਸਿੱਧੀ ਟੱਕਰ ਲੈਣ ਦੀ ਤਿਆਰੀ ਕਰ ਲਈ ਸੀ।ਕਲਕੱਤਾ ਵਿਖੇ ਗੁਰਬਾਣੀ ਦਾ ਪਾਠ ਕਰ ਰਹੇ ਜਹਾਜ਼ ਦੇ ਮੁਸਾਫ਼ਰਾਂ 'ਤੇ ਕੀਤੀ ਗਈ ਗੋਲੀਬਾਰੀ ਇਸ ਗੱਲ ਦਾ ਪ੍ਰਮਾਣ ਸੀ ਕਿ ਸਰਕਾਰ ਨੇ ਆਪਣੀਆਂ ਦੋਹਰੀਆਂ ਨੀਤੀਆਂ ਦੇ ਵਿਰੋਧ ਤੋਂ ਬੁਖਲਾਹਟ ਵਿਚ ਆ ਗਈ ਸੀ। ਬਾਬਾ ਗੁਰਦਿੱਤ ਸਿੰਘ ਨੇ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਨੂੰ ਜੱਗ-ਜ਼ਾਹਰ ਕਰਨ ਦਾ ਬੀੜਾ ਚੁੱਕਿਆ ਸੀ ਅਤੇ ਸਰਕਾਰ ਉਸ ਨੂੰ ਜਾਨ ਤੋਂ ਮਾਰਨ ਲਈ ਪੂਰੀ ਵਾਹ ਲਗਾ ਦਿੱਤੀ ਸੀ। ਬਾਬਾ ਗੁਰਦਿੱਤ ਸਿੰਘ ਕਿਸੇ ਤਰ੍ਹਾਂ ਬਜ-ਬਜ ਘਾਟ ਦੀ ਘਟਨਾ ਉਪਰੰਤ ਬਚ ਨਿਕਲਿਆ ਸੀ ਅਤੇ ਸਰਕਾਰ ਨੇ ਉਸ ਨੂੰ ਫੜ੍ਹਨ ਲਈ ੧੦੦੦ ਰੁਪਏ ਦੇ ਨਗਦ ਇਨਾਮ ਦਾ ਐਲਾਨ ਕਰ ਦਿੱਤਾ ਸੀ।੯ ਬਾਬਾ ਗੁਰਦਿੱਤ ਸਿੰਘ ਸਰਕਾਰ ਦੇ ਹੱਥ ਨਹੀਂ ਆਏ ਸਨ ਅਤੇ ੧੬ ਨਵੰਬਰ ੧੯੨੧ ਨੂੰ ਲਗਪਗ ਸੱਤ ਸਾਲ ਬਾਅਦ ਬਾਬਾ ਜੀ ਆਪ ਹੀ ਗ੍ਰਿਫ਼ਤਾਰੀ ਲਈ ਪੇਸ਼ ਹੋ ਗਏ ਸਨ। ਸਰਕਾਰ ਨੇ ਇਸ ਨੂੰ ਪ੍ਰਾਪਤੀ ਸਮਝ ਕੇ ਬਾਬਾ ਜੀ 'ਤੇ ਮੁਕੱਦਮਾ ਚਲਾਇਆ ਸੀ ਜਿਸ ਵਿਚ ਉਹਨਾਂ ਨੇ ਆਪਣੇ ਲਿਖਤੀ ਬਿਆਨ ਰਾਹੀਂ ਸਰਕਾਰੀ ਜ਼ੁਲਮ ਅਤੇ ਦੋਗਲੀ ਨੀਤੀ ਦੀ ਪੋਲ ਅਦਾਲਤ ਵਿਚ ਖੋਲ੍ਹ ਦਿੱਤੀ ਸੀ। ਜਾਪਦਾ ਹੈ ਕਿ ਬਾਬਾ ਗੁਰਦਿੱਤ ਸਿੰਘ ਵੱਖ-ਵੱਖ ਦੇਸਾਂ ਦੇ ਕਾਨੂੰਨਾਂ ਦੀਆਂ ਬਾਰੀਕੀਆਂ ਤੋਂ ਜਾਣੂ ਸਨ ਅਤੇ ਕਾਨੂੰਨ ਪੱਖੋਂ ਆਪਣਾ ਪੱਖ ਸਹੀ ਰੱਖਣ ਲਈ ਉਹਨਾਂ ਨੇ ਆਪਣਾ ਹਰ ਫ਼ੈਸਲਾ ਸੋਚ-ਸਮਝ ਕੇ ਲਿਆ ਸੀ। ਕੈਨੇਡਾ ਜਾਣ ਸਮੇਂ ਤੋਂ ਹੀ ਕਾਮਾਗਾਟਾਮਾਰੂ ਜਹਾਜ਼ ਚਰਚਾ ਵਿਚ ਰਿਹਾ ਸੀ ਕਿਉਂਕਿ ਇਸ ਨੂੰ ਚਲਾਏ ਜਾਣ ਦੇ ਸਮੇਂ ਤੋਂ ਇਹ ਕਿਸੇ ਨਾ ਕਿਸੇ ਰੂਪ ਵਿਚ ਅਖ਼ਬਾਰੀ ਸੁਰਖੀਆਂ ਦਾ ਹਿੱਸਾ ਬਣਦਾ ਰਿਹਾ ਸੀ। ਭਾਰਤ ਪਰਤ ਆਉਣ 'ਤੇ ਇਸ ਨੇ ਦੁਨੀਆ ਦੇ ਸੂਝਵਾਨ ਲੋਕਾਂ ਵਿਚ ਨਵੀਂ ਚਰਚਾ ਛੇੜ ਦਿੱਤੀ ਸੀ।    
  ਕਾਮਾਗਾਟਾਮਾਰੂ ਜਹਾਜ਼ ਦਾ ਕੈਨੇਡਾ ਤੋਂ ਵਾਪਸ ਮੁੜਨਾ, ਬਜ-ਬਜ ਘਾਟ 'ਤੇ ਹੋਈ ਗੋਲੀਬਾਰੀ ਦੀ ਘਟਨਾ ਅਤੇ ਇਸ ਉਪਰੰਤ ਜਹਾਜ਼ ਦੇ ਮੁਸਾਫ਼ਰਾਂ 'ਤੇ ਚੱਲੇ ਕੇਸਾਂ ਨੇ ਆਮ ਲੋਕਾਂ ਅਤੇ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਘਟਨਾ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਕੰਮ ਕਰਨ ਵਾਲੇ ਹਰ ਇਕ ਵਿਅਕਤੀ ਅਤੇ ਸੰਸਥਾ ਦੇ ਮਨ ਵਿਚ ਜਹਾਜ਼ ਦੇ ਮੁਸਾਫ਼ਰਾਂ ਪ੍ਰਤਿ ਹਮਦਰਦੀ ਦੀ ਭਾਵਨਾ ਪੈਦਾ ਕਰ ਦਿੱਤੀ ਸੀ। ਇਸ ਜਹਾਜ਼ ਦੇ ਮੁਸਾਫ਼ਰਾਂ ਪ੍ਰਤਿ ਆਮ ਲੋਕਾਂ ਦੀ ਹਮਦਰਦੀ ਦਾ ਇਕ ਵੱਡਾ ਕਾਰਨ ਇਹ ਸੀ ਕਿ ਨਾ ਤਾਂ ਇਹ ਜਹਾਜ਼ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਨਾ ਹੀ ਇਸ ਦਾ ਭਾਰਤ ਵਿਰੁੱਧ ਉੱਠ ਰਹੀਆਂ ਬਗਾਵਤੀ ਸੁਰਾਂ ਨਾਲ ਕੋਈ ਸੰਬੰਧ ਸੀ। ਕਾਮਾਗਾਟਾਮਾਰੂ ਉਸ ਜਹਾਜ ਦਾ ਨਾਂ ਸੀ ਜਿਸ ਨੇ ਤਵਾਰੀਖ਼ ਦੇ ਪੰਨਿਆਂ ਤੇ ਕਾਨੂੰਨ ਦੀਆਂ ਹੱਦਾਂ ਵਿਚ ਰਹਿ ਕੇ ਬਰਤਾਨਵੀ ਹਕੂਮਤ ਦੀਆਂ ਦੋਹਰੀਆਂ ਨੀਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਸੀ। ਇਸ ਨੇ ਹਕੂਮਤ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਜਿਨ੍ਹਾਂ ਲਈ ਕਾਨੂੰਨ ਬਣਾਇਆ ਗਿਆ ਹੈ, ਉਹ ਤਾਂ ਕਾਨੂੰਨ ਦਾ ਬਾਖ਼ੂਬੀ ਪਾਲਣ ਕਰ ਰਹੇ ਹਨ ਪਰ ਜਿਨ੍ਹਾਂ ਨੇ ਕਾਨੂੰਨ ਬਣਾਇਆ ਹੈ ਉਹ ਇਸ ਦਾ ਪਾਲਣ ਕਰਨ ਤੋਂ ਅਸਮਰੱਥ ਹਨ। ਬਾਬਾ ਗੁਰਦਿੱਤ ਸਿੰਘ ਅਤੇ ਕਾਮਾਗਾਟਾਮਾਰੂ ਇਕੋ ਸਿੱਕੇ ਦੇ ਦੋ ਪਹਿਲੂ ਬਣ ਗਏ ਹਨ ਅਤੇ ਦੋਵਾਂ ਨੂੰ ਇਕ-ਦੂਜੇ ਦੇ ਨਾਲ ਹੀ ਯਾਦ ਰੱਖਿਆ ਜਾਂਦਾ ਹੈ। ਇਸ ਜਹਾਜ਼ ਨੇ ਇਤਿਹਾਸ ਵਿਚ ਨਾ ਕੇਵਲ ਆਪਣਾ ਨਾਂ ਹੀ ਲਿਖਾਇਆ ਬਲਕਿ ਆਪਣੇ ਪਿੱਛੇ ਇਕ ਅਜਿਹੀ ਪੈੜ ਛੱਡ ਗਿਆ ਜਿਸ ਨੇ ਅਜ਼ਾਦੀ ਲਈ ਜੂਝਣ ਵਾਲੇ ਸੂਰਮਿਆਂ ਵਿਚ ਚਿਣਗ ਪੈਦਾ ਕਰ ਦਿੱਤੀ।
  ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਨੇ ਜਿਥੇ ਬਰਤਾਨਵੀ ਹਕੂਮਤ ਦੇ ਜਬਰ, ਜ਼ੁਲਮ ਅਤੇ ਦੋਗਲੀ ਨੀਤੀ ਨੂੰ ਲੋਕਾਂ ਸਾਹਮਣੇ ਪ੍ਰਗਟ ਕੀਤਾ ਸੀ ਉਥੇ ਇਸ ਘਟਨਾ ਰਾਹੀਂ ਪੰਜਾਬੀਆਂ ਅਤੇ ਸਿੱਖਾਂ ਦੀ ਸ਼ਖ਼ਸੀਅਤ ਵੀ ਦੁਨੀਆ ਸਾਹਮਣੇ ਵਿਸ਼ੇਸ਼ ਤੌਰ 'ਤੇ ਉਜਾਗਰ ਹੋਈ ਸੀ। ਪੰਜਾਬੀਆਂ ਦਾ ਜੋਸ਼, ਦਲੇਰੀ, ਸਬਰ, ਜਬਰ-ਜ਼ੁਲਮ ਖ਼ਿਲਾਫ਼ ਡੱਟ ਖਲੋਣਾ, ਧਾਰਮਿਕ ਸਦਭਾਵਨਾ, ਭਾਈਚਾਰਿਕ ਸਾਂਝ ਆਦਿ ਗੁਣ ਇਸ ਘਟਨਾ-ਕ੍ਰਮ ਵਿਚੋਂ ਪ੍ਰਗਟ ਹੁੰਦੇ ਹਨ। ਜਹਾਜ਼ ਦੇ ਮੁਸਾਫ਼ਰਾਂ ਵਿਚੋਂ ੯੦ ਪ੍ਰਤਿਸ਼ਤ ਦੇ ਲਗਪਗ ਸਿੱਖ ਸਨ ਪਰ ਉਹ ਦੂਜੇ ਧਰਮ ਵਾਲਿਆਂ ਦੀਆਂ ਭਾਵਨਾਵਾਂ ਦਾ ਪੂਰਨ ਸਤਿਕਾਰ ਕਰਦੇ ਸਨ। ਸਰਬਸਾਂਝੀਵਾਲਤਾ ਵਾਲੀਆਂ ਭਾਵਨਾਵਾਂ ਦਾ ਪ੍ਰਗਟਾਵਾ ਜਹਾਜ਼ 'ਤੇ ਲੱਗੇ ਝੰਡਿਆਂ ਤੋਂ ਹੁੰਦਾ ਹੈ ਜਿਨ੍ਹਾਂ ਵਿਚੋਂ ਇਕ 'ਤੇ ਬੰਦੇ ਮਾਤਰਮ, ਦੂਜੇ 'ਤੇ ਅੱਲਾ ਹੂ ਅਕਬਰ ਅਤੇ ਤੀਜੇ ਤੇ ਸਤਿ ਸ੍ਰੀ ਅਕਾਲ ਲਿਖਿਆ ਹੋਇਆ ਸੀ। ਸਮੂਹ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲੇ ਸਿੱਖ ਆਪਣੇ ਧਰਮ ਵਿਚ ਦ੍ਰਿੜਤਾ ਦਾ ਪ੍ਰਗਟਾਵਾ ਅਨੇਕ ਥਾਵਾਂ ਤੇ ਕਰਦੇ ਹਨ ਜਿਵੇਂ ਸਮੂਹ ਮੁਸਾਫ਼ਰਾਂ ਦਾ ਹਾਂਗਕਾਂਗ ਦੇ ਗੁਰਦਵਾਰੇ ਵਿਚ ਇਕੱਤਰ ਹੋਣਾ, ਉਥੇ ਮੀਟਿੰਗਾਂ ਕਰਨੀਆਂ ਅਤੇ ਜਹਾਜ਼ ਚੱਲਣ ਸਮੇਂ ਜਹਾਜ਼ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਹਰ ਕਾਰਜ ਅਰੰਭ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈਣਾ ਅਤੇ ਆਪਣੀਆਂ ਲਿਖਤਾਂ ਵਿਚ ਗੁਰਬਾਣੀ ਦੀ ਵਰਤੋਂ ਕਰਨਾ ਆਦਿ। ਬਾਬਾ ਗੁਰਦਿੱਤ ਸਿੰਘ ਦੱਸਦੇ ਹਨ ਕਿ ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਵਾਪਰਨ ਦਾ ਸਭ ਤੋਂ ਵੱਡਾ ਕਾਰਨ ਰਿਸ਼ਵਤ ਦੇ ਕੇ ਉਸ ਦੇ ਪ੍ਰਗਟ ਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੂਠੀ ਸੌਂਹ ਨਾ ਖਾਣਾ ਸੀ। ਉਹ ਦੱਸਦੇ ਹਨ ਕਿ, "ਮੇਰਾ ਤੇ ਮਿਸਟਰ ਹਾਫਕਿਨਸਨ ਦਾ ਅਖੀਰੀ ਫ਼ੈਸਲਾ ੨੦੦੦/- ਪੌਂਡ ਪੂਜਾ ਕਰ ਕੇ ਮੇਰਾ ਕਾਮਯਾਬ ਹੋਣਾ ਮਨਜ਼ੂਰ ਹੋ ਗਿਆ। ਸ਼ਰਤ ਇਹ ਹੋ ਗਈ ਕਿ ੧੦੦੦/- ਪੌਂਡ ਉਸ ਨੂੰ ਪਹਿਲਾਂ ਦੇਣਾ ਹੈ ਜੋ ਮੇਰੇ ਪਾਸ ਤਿਆਰ ਸੀ ਅਤੇ ੧੦੦੦/- ਪੌਂਡ ਜਿਸ ਵੇਲੇ ਸਾਰੇ ਹੀ ਆਦਮੀ ਉਤਰ ਜਾਣ, ਉਸ ਵੇਲੇ ਦੇਣਾ ਕੀਤਾ। ਬਦਕਿਸਮਤੀ ਨਾਲ ਇਹ ਸੌਦਾ ਪੱਕਾ ਹੋ ਕੇ ਭੀ ਇਸ ਵਜ੍ਹਾ ਟੁੱਟ ਗਿਆ ਕਿ ਮਿਸਟਰ ਹਾਫਕਿਨਸਨ ਨੇ ਮੈਨੂੰ ਇਹ ਕਿਹਾ ਕਿ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕਸਮ ਖਾਣੀ ਪਵੇਗੀ ਕਿ ਮੈਂ ਏਸ ਰਕਮ ਦਾ ਕਿਸੇ ਪਾਸ ਜ਼ਿਕਰ ਨਹੀਂ ਕਰਾਂਗਾ। ਮੈਂ ਇਸ ਗੱਲ ਦਾ ਜਵਾਬ ਦਿੱਤਾ ਕਿ ਅੱਜ ਤੱਕ ਮੈਂ ਆਪਣੇ ਇਸ਼ਟ ਦੇਵ ਦੇ ਹਜ਼ੂਰ ਖਲੋ ਕੇ ਕਦੇ ਕਸਮ ਨਹੀਂ ਖਾਧੀ ਅਤੇ ਇਹ ੨੦੦੦/- ਪੌਂਡ ਦਾ ਮੁਆਮਲਾ ਹੈ, ਜੇਹੜਾ ਸ੍ਰੀ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਦੇ ਖ਼ਜ਼ਾਨੇ ਵਿਚੋਂ ਨਿਕਲਣਾ ਹੈ, ਜਿਸ ਨੂੰ ਕਿ ਮੈਂ ਕਿਸੇ ਤਰ੍ਹਾਂ ਵੀ ਕੌਮ ਦੇ ਪਾਸੋਂ ਗੁੱਝਾ ਨਹੀਂ ਰੱਖ ਸਕਦਾ। ਇਸ ਗੱਲ ਪਰ ਮਿਸਟਰ ਹਾਫਕਿਨਸਨ ਗੁੱਸੇ ਵਿਚ ਆ ਗਿਆ ਅਤੇ ਏਹ ਕਹਿੰਦਾ ਹੋਇਆ ਚਲਿਆ ਗਿਆ ਕਿ 'ਆਈ ਵਿਲ ਸੀ ਯੂ'। ਇਹ ਗੱਲ ਆਖ਼ਰ ਸਾਡੇ ਵਾਸਤੇ ਮੁਸੀਬਤ ਦਾ ਸਬੱਬ ਬਣ ਗਈ।"੧੦ ਬਾਬਾ ਗੁਰਦਿੱਤ ਸਿੰਘ ਦੀ ਸਿੱਖੀ ਭਾਵਨਾ ਦਾ ਪ੍ਰਗਟਾਵਾ ਉਸ ਦੁਆਰਾ ਅਦਾਲਤ ਵਿਚ ਦਿੱਤੇ ਬਿਆਨ ਦੇ ਸਿਰਲੇਖ਼ ਤੋਂ ਹੀ ਹੋ ਜਾਂਦਾ ਹੈ ਜਿਸ ਵਿਚ ਉਹ 'ੴਸ੍ਰੀ ਵਾਹਿਗੁਰੂ ਜੀ ਕੀ ਫਤਹ' ਲਿਖਦਾ ਹੋਇਆ ਗੁਰਬਾਣੀ ਦੀ ਇਸ ਪੰਕਤੀ ਦੀ ਵਰਤੋਂ ਕਰਦਾ ਹੈ - ਕੂੜ ਨਿਖੁਟੇ ਨਾਨਕਾ ਓੜਕ (ਓੜਕਿ) ਸਚ (ਸੱਚ) ਰਹੀ॥ ਉਸ ਦੁਆਰਾ ਅਦਾਲਤ ਵਿਚ ਦਿੱਤੇ ਲਿਖਤੀ ਬਿਆਨ ਵਿਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਘਟਨਾਵਾਂ ਦੇ ਹਵਾਲੇ ਉਸ ਦੀ ਸਿੱਖ ਧਰਮ ਪ੍ਰਤਿ ਦ੍ਰਿੜਤਾ ਦਾ ਪ੍ਰਗਟਾਵਾ ਕਰਦੇ ਹਨ    
  ਆਪਣੀਆਂ ਧਾਰਮਿਕ, ਸਮਾਜਿਕ ਅਤੇ ਭਾਈਚਾਰਿਕ ਭਾਵਨਾਵਾਂ ਦੇ ਜੋਸ਼ ਵਿਚ ਵੱਡਾ ਫ਼ੈਸਲਾ ਕਰਨਾ ਅਤੇ ਫਿਰ ਉਸ 'ਤੇ ਪਹਿਰਾ ਦੇਣ ਲਈ ਆਪਣਾ ਜੀਵਨ ਦਾਅ 'ਤੇ ਲਾ ਦੇਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਬਾਬਾ ਗੁਰਦਿੱਤ ਸਿੰਘ ਇਕ ਪੱਕੇ ਇਰਾਦੇ ਵਾਲਾ ਸਿੱਖ ਸੀ ਜਿਸ ਨੇ ਸਮੂਹ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਇੰਨਾ ਵੱਡਾ ਫ਼ੈਸਲਾ ਲਿਆ ਸੀ ਇਕ ਵੱਡੀ ਹਕੂਮਤ ਦੀਆਂ ਦੁਰ-ਭਾਵਨਾਵਾਂ ਨੂੰ ਦੁਨੀਆ ਸਾਹਮਣੇ ਉਜਾਗਰ ਕਰਨ ਵਿਚ ਸਫ਼ਲ ਹੋ ਗਿਆ ਸੀ। ਉਸ ਦੁਆਰਾ ਇੰਨੀ ਵੱਡੀ ਘਟਨਾ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਜਿਹੜਾ ਸਿੱਟਾ ਸਾਹਮਣੇ ਆਇਆ ਉਸ ਦਾ ਵਰਨਨ ਕਰਦੇ ਹੋਏ ਸੋਹਣ ਸਿੰਘ ਜੋਸ਼ ਦੱਸਦਾ ਹੈ, "ਗੁਰਦਿਤ ਸਿੰਘ ਨੇ ਅਸਲ ਵਿਚ ਇਹ ਬੜਾ ਜੋਖੋਂ ਦਾ ਕੰਮ ਸਹੇੜ ਲਿਆ ਸੀ ਪਰ ਇਸ ਨੇ ਸਾਮਰਾਜ ਦੀ ਬਰਤਾਨਵੀ ਪਰਜਾ ਦਾ ਗੋਰੇ ਨਾਗਰਿਕਾਂ ਨਾਲ ਬਰਾਬਰ ਦਾ ਰੁਤਬਾ ਹੋਣ ਦੇ ਹੱਕ ਦੀਆਂ ਗੱਲਾਂ ਦਾ ਅਸਲ ਭੇਤ ਸਾਮ੍ਹਣੇ ਰੱਖਣ ਵਿਚ ਬੜਾ ਲਾਭਕਾਰੀ ਮੰਤਵ ਪੂਰਾ ਕੀਤਾ, ਸਾਡੇ ਲੋਕਾਂ ਵਿਚ ਨਵੀਂ ਸਿਆਸੀ ਚੇਤਨਾ ਪੈਦਾ ਕੀਤੀ ਅਤੇ ਬਰਤਾਨਵੀ ਕ੍ਰਾਊਨ ਪ੍ਰਤਿ ਉਨ੍ਹਾਂ ਦੀ ਵਫ਼ਾਦਾਰੀ ਤੇ ਸੱਟ ਮਾਰੀ।"੧੧
  ਕਾਮਾਗਾਟਾਮਾਰੂ ਦੀ ਘਟਨਾ ਨੇ ਬਰਤਾਨਵੀ ਹਕੂਮਤ ਅਤੇ ਕੈਨੇਡਾ ਸਰਕਾਰ ਖ਼ਿਲਾਫ਼ ਜਿਹੜਾ ਰੋਸ ਪੈਦਾ ਕੀਤਾ ਸੀ ਉਹ ਲੰਮੇ ਸਮੇਂ ਤੱਕ ਕਾਇਮ ਰਿਹਾ। ਮੌਜੂਦਾ ਸਮੇਂ ਵਿਚ ਕੈਨੇਡਾ ਵਿਖੇ ਪੰਜਾਬੀਆਂ ਦੀ ਬਹੁ-ਗਿਣਤੀ ਹੈ ਅਤੇ ਉਹ ਸਰਕਾਰ ਵਿਚ ਭਾਈਵਾਲ ਵੱਜੋਂ ਕੰਮ ਕਰ ਰਹੇ ਹਨ। ਉਹਨਾਂ ਦੁਆਰਾ ਬਣਾਏ ਗਏ ਲੰਮੇ ਦਬਾਅ ਉਪਰੰਤ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਸਰਕਾਰ ਨੇ ਇਸ ਘਟਨਾ ਸੰਬੰਧੀ ਮਾਫ਼ੀ ਮੰਗ ਲਈ ਗਈ ਹੈ। ਭਾਵੇਂ ਇਹ ਇਕ ਬਹੁਤ ਹੀ ਦੁਖਦਾਈ ਘਟਨਾ ਹੈ ਜਿਸ ਨੇ ਕਈ ਜਾਨਾਂ ਲੈ ਲਈਆਂ ਸਨ ਪਰ ਇਸ ਘਟਨਾ ਨਾਲ ਪੈਦਾ ਹੋਈ ਜਾਗਰਤੀ ਨੇ ਸਮੂਹ ਪੰਜਾਬੀਆਂ ਅਤੇ ਭਾਰਤੀਆਂ ਨੂੰ ਆਪਣੇ ਹੱਕਾਂ ਪ੍ਰਤਿ ਚੇਤੰਨ ਕਰ ਦਿੱਤਾ ਸੀ।          
  --------------------------------------------
  ਹਵਾਲੇ ਤੇ ਟਿੱਪਣੀਆਂ

  ਗੁਰੂ ਗ੍ਰੰਥ ਸਾਹਿਬ, ਪੰਨਾ ੧੪੨.
  ਪ੍ਰਵਾਸ ਕੁਦਰਤ ਦਾ ਨਿਯਮ ਹੈ। ਹਰ ਇਕ ਜੀਵ (ਮਨੁੱਖ, ਪਸ਼ੂ, ਪੰਛੀ ਆਦਿ) ਵਿਚ ਪ੍ਰਵਾਸ ਦੀ ਬਿਰਤੀ ਦੇਖਣ ਨੂੰ ਮਿਲਦੀ ਹੈ। ਪਸ਼ੂ-ਪੰਛੀਆਂ ਦਾ ਪ੍ਰਵਾਸ ਕੁਦਰਤ ਦੇ ਨਿਯਮ 'ਤੇ ਨਿਰਭਰ ਕਰਦਾ ਹੈ। ਪਸ਼ੂ ਬਹੁਤਾ ਦੂਰ ਤੱਕ ਪ੍ਰਵਾਸ ਨਹੀਂ ਕਰ ਸਕਦੇ ਪਰ ਪੰਛੀਆਂ ਦੀ ਪ੍ਰਵਾਸ ਉਡਾਨ ਬਹੁਤ ਉੱਚੀ ਅਤੇ ਦੂਰ-ਦੇਸਾਂ ਤੱਕ ਹੁੰਦੀ ਹੈ। ਵਧੀਆ ਆਹਾਰ ਅਤੇ ਅਨੁਕੂਲ ਮੌਸਮ ਉਹਨਾਂ ਦੇ ਪ੍ਰਵਾਸ ਦਾ ਪ੍ਰਮੁਖ ਕਾਰਨ ਹੁੰਦੇ ਹਨ। ਮਨੁੱਖਾਂ ਦੇ ਪ੍ਰਵਾਸ ਦੇ ਬਹੁਤੇ ਲੱਛਣ ਪਸ਼ੂ-ਪੰਛੀਆਂ ਨਾਲ ਮਿਲਦੇ ਹਨ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਗ਼ੈਰ-ਕੁਦਰਤੀ ਕਾਰਨ ਵੀ ਉਹਨਾਂ ਦੇ ਪ੍ਰਵਾਸ ਦਾ ਕਾਰਨ ਬਣਦੇ ਹਨ ਜਿਨ੍ਹਾਂ ਵਿਚ ਧੱਕੇ ਨਾਲ ਮਜ਼ਦੂਰੀ ਅਤੇ ਯੁੱਧਾਂ ਲਈ ਕਾਮੇ ਅਤੇ ਫ਼ੌਜੀ ਦੂਜੇ ਮੁਲਕਾਂ ਵਿਚ ਲਿਜਾਏ ਜਾਂਦੇ ਹਨ। ਜਦੋਂ ਇਹ ਮਜ਼ਦੂਰ ਅਤੇ ਫ਼ੌਜੀ ਦੂਜੇ ਦੇਸਾਂ ਵਿਚ ਖ਼ੁਸ਼ਹਾਲੀ ਦਾ ਜੀਵਨ ਬਸਰ ਕਰਨ ਲੱਗ ਪੈਂਦੇ ਹਨ ਤਾਂ ਆਪਣੇ ਪਰਿਵਾਰਾਂ ਨੂੰ ਵੀ ਉਹ ਪ੍ਰਵਾਸ ਲਈ ਪ੍ਰੇਰਿਤ ਕਰ ਲੈਂਦੇ ਹਨ। ਆਦਿ ਕਾਲ ਤੋਂ ਹੀ ਪ੍ਰਵਾਸ ਦਾ ਨਿਯਮ ਪ੍ਰਚਲਿਤ ਹੈ ਅਤੇ ਇਸ ਨੂੰ ਘਟਾਇਆ ਤਾਂ ਜਾ ਸਕਦਾ ਹੈ ਪਰ ਬੰਦ ਨਹੀਂ ਕੀਤਾ ਜਾ ਸਕਦਾ।  
  ਬਾਬਾ ਗੁਰਦਿੱਤ ਸਿੰਘ ਦਾ ਜਨਮ ੧੮੬੦ ਵਿਚ ਅੰਮ੍ਰਿਤਸਰ ਜ਼ਿਲੇ ਦੇ ਸਰਹਾਲੀ ਪਿੰਡ ਵਿਖੇ ਹੋਇਆ ਸੀ। ਇਸ ਦੇ ਦੋ ਛੋਟੇ ਭਰਾ ਅਤੇ ਇਕ ਭੈਣ ਸੀ। ਇਸ ਦਾ ਪਿਤਾ ਸ. ਹੁਕਮ ਸਿੰਘ ਇਕ ਛੋਟਾ ਕਿਸਾਨ ਸੀ। ਇਸ ਦਾ ਦਾਦਾ ਸ. ਰਤਨ ਸਿੰਘ ਖ਼ਾਲਸਾ ਫ਼ੌਜ ਦਾ ਇਕ ਉੱਚ ਫ਼ੌਜੀ ਅਫ਼ਸਰ ਸੀ ਅਤੇ ਉਸ ਨੇ ਅੰਗਰੇਜ਼ਾਂ ਵਿਰੁੱਧ ਕੀਤੇ ਗਏ ਐਂਗਲੋ-ਸਿੱਖ ਯੁੱਧਾਂ ਵਿਚ ਹਿੱਸਾ ਲਿਆ ਸੀ। ਅੰਗਰੇਜ਼ਾਂ ਦਾ ਪੰਜਾਬ 'ਤੇ ਕਬਜ਼ਾ ਹੋ ਜਾਣ ਉਪਰੰਤ ਸਰਕਾਰ ਨੇ ਸ. ਰਤਨ ਸਿੰਘ ਨੂੰ ਜਾਗੀਰ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਉਸ ਨੇ ਠੁਕਰਾ ਦਿੱਤਾ ਸੀ। ਹੁਕਮ ਸਿੰਘ ਪੰਜਾਬ ਤੋਂ ਕੈਨੇਡਾ ਚਲਾ ਗਿਆ ਸੀ ਜਿਥੇ ਉਸ ਨੇ ਠੇਕੇਦਾਰੀ ਅਰੰਭ ਕਰ ਦਿੱਤੀ ਸੀ। ੧੨-੧੩ ਸਾਲ ਦੀ ਉਮਰ ਵਿਚ ਗੁਰਦਿੱਤ ਸਿੰਘ ਵੀ ਪਿੰਡ ਤੋਂ, ਪੜ੍ਹਾਈ ਛੱਡ ਕੇ, ਆਪਣੇ ਪਿਤਾ ਕੋਲ ਮਲਾਇਆ ਚਲਾ ਗਿਆ ਸੀ। ਫੌਜਾ ਸਿੰਘ, ਐਮੀਨੈਂਟ ਫਰੀਡਮ ਫਾਇਟਰਜ਼ ਆਫ਼ ਪੰਜਾਬ, ਪੰਨੇ ੧੦੧-੧੦੩   
  ਕੋਮਾਗਾਟਾ ਮਾਰੂ ਦੀ ਕਹਾਣੀ: ਬਾਬਾ ਗੁਰਦਿੱਤ ਸਿੰਘ ਦੀ ਜ਼ਬਾਨੀ, ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ, ਪੰਨਾ ੧੮੩.
  ਜਸਮਿੰਦਰ ਸਿੰਘ ਘੁਮਾਣ, ਕਾਮਾਗਾਟਾਮਾਰੂ: ਨਸਲੀ ਵਿਤਕਰੇ ਵਿਰੁੱਧ ਵਿਦਰੋਹ ਦਾ ਪ੍ਰਤੀਕ, ਪੰਨਾ ੩੦.
  ਮਲਵਿੰਦਰ ਜੀਤ ਸਿੰਘ ਵੜੈਚ, ਸਾਕਾ ਕੋਮਾਗਾਟਾ ਮਾਰੂ, ਪੰਨਾ ੨੯.
  ਉਹੀ, ਪੰਨਾ ੩੯.
  ਜਗਜੀਤ ਸਿੰਘ, ਗਦਰ ਪਾਰਟੀ ਲਹਿਰ, ਪੰਨਾ ੨੮੪.
  ਦ ਗ਼ਦਰ ਡਾਇਰੈਕਟਰੀ, ਪੰਨਾ ੯੨.
  ਕੋਮਾਗਾਟਾ ਮਾਰੂ ਦੀ ਕਹਾਣੀ: ਬਾਬਾ ਗੁਰਦਿੱਤ ਸਿੰਘ ਦੀ ਜ਼ਬਾਨੀ, ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ, ਪੰਨਾ ੭੬.
  ਸੋਹਣ ਸਿੰਘ ਜੋਸ਼, ਸਾਕਾ ਕਾਮਾਗਾਟਾ ਮਾਰੂ, ਪੰਨੇ ੩੮-੩੯.