ਖ਼ਬਰਸਾਰ

 •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
 •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
 •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
 •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
 •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
 •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਸਾਈਕਲ ਦੀ ਸਵਾਰੀ (ਕਹਾਣੀ)

  ਹਰਭਜਨ ਸਿੰਘ   

  Email: hasing41@gmail.com
  Cell: +91 95820 64151
  Address: 17/30 ਗੀਤਾ ਕਾਲੋਨੀ
  ਦਿਲੀ India 110 031
  ਹਰਭਜਨ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  amitriptyline pain dosage

  amitriptyline pain relief dosage
  ਬਲਬੀਰ ਸਿੰਘ ਦਾ ਦੋ ਮੰਜ਼ਿਲਾ ਮਕਾਨ ਹੈ। ਹੇਠਾਂ ਤਾਂ ਉਸ ਨੇ ਆਪਣਾ ਦਫਤਰ ਬਣਾਇਆ ਹੋਇਆ ਹੈ। ਉਪਰਲੀ ਮੰਜ਼ਿਲ 'ਤੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦੇ ਪਰਿਵਾਰ ਵਿਚ ਉਹ ਆਪ, ਉਸ ਦੀ ਪਤਨੀ ਤੇ ਇਕ ਬੱਚਾ ਹੈ। ਹੇਠਾਂ ਕੰਪਨੀ ਦੇ ਸੇਲਜ਼ਮੈਨ ਆਉਂਦੇ ਰਹਿੰਦੇ ਹਨ। ਅੱਜ ਐਤਵਾਰ ਹੈ। ਇਸ ਕਰਕੇ ਕੰਪਨੀ ਦੇ ਬੰਦੇ ਵੀ ਅੱਜ ਨਹੀਂ ਆਏ ਸੀ। ਬਲਬੀਰ ਹੇਠਾਂ ਹੀ ਬਹਿ ਕੇ ਆਪਣਾ ਕੁਝ ਹਿਸਾਬ-ਕਿਤਾਬ ਕਰ ਰਿਹਾ ਸੀ। ਤਦੇ ਗੁਰਪ੍ਰੀਤ ਪੌੜੀਆਂ ਤੋਂ ਉਤਰਦੀ ਹੋਈ ਕਹਿਣ ਲੱਗੀ, "ਸੁਣੋ ਜੀ ! ਤੁਸੀਂ ਹੁਣ ਵੱਡੀ ਗੱਡੀ ਲੈ ਆਉ। ਹੁਣ ਤਾਂ ਇਕ ਵੱਡੀ ਤੇ ਚੰਗੀ ਕੰਪਨੀ ਦੀ ਡਿਸਟ੍ਰੀਬਿਊਸ਼ਨਸ਼ਿਪ ਮਿਲ ਗਈ ਏ।"

  "ਹਰ ਜਗ੍ਹਾ ਤਾਂ ਟ੍ਰੈਫ਼ਿਕ ਜਾਮ ਰਹਿੰਦਾ ਹੈ। ਦਿੱਲੀ ਦੀਆਂ ਸੜਕਾਂ 'ਤੇ ਚਲਣ ਜੋਗੀ ਥਾਂ ਤਾਂ ਹੈ ਨਹੀਂ, ਇੰਜ ਲਗਦਾ ਹੈ ਜਿਵੇਂ ਦਿੱਲੀ ਵਿਚ ਕਾਰਾਂ ਦਾ ਹੜ੍ਹ ਵਗ ਰਿਹਾ ਹੋਵੇ। ਦੋ ਕਦਮ ਗੱਡੀ ਵਧ ਕੇ ਖੜੋ ਜਾਊ ਜਾਂ ਫਿਰ ਰੈੱਡ ਲਾਈਟ ਆ ਜਾਊ। ਤੂੰ ਗੱਡੀ ਲਿਆਉਣ ਦੀ ਗੱਲ ਕਰਦੀ ਏਂ।" ਬਲਬੀਰ ਆਪਣੀ ਵਹੁਟੀ ਦੀ ਗੱਲ ਦਾ ਜਵਾਬ ਦੇਂਦਾ ਹੋਇਆ ਕਹਿ ਰਿਹਾ ਸੀ, "ਮੈਨੂੰ ਤਾਂ ਮੋਟਰ ਸਾਈਕਲ ਹੀ ਚੰਗਾ ਲੱਗੂ। ਜਿਧਰੋਂ ਮਰਜ਼ੀ ਕੱਢ ਕੇ ਲੈ ਜਾਈਏ, ਫਿਰ ਪਟਰੌਲ ਵੀ ਘੱਟ ਪੀਂਦਾ ਏ।"

  "ਹਾਂ ਮੋਟਰ ਸਾਈਕਲ ਤੋਂ ਯਾਦ ਆਇਆ ਕਿ ਤੁਸਾਂ ਪੁਰਾਣਾ ਸਾਈਕਲ ਕੱਢਦੇ ਕਿਉਂ ਨਹੀਂ, ਇੰਝੇ ਕਬਾੜ 'ਕਠਾ ਕੀਤਾ ਹੋਇਆ।" ਗੁਰਪ੍ਰੀਤ ਦੀ ਇਹ ਗੱਲ ਸੁਣਦੇ ਹੀ ਬਲਬੀਰ ਨੂੰ ਗੁੱਸਾ ਆ ਗਿਆ ਤੇ ਕਹਿਣ ਲਗਾ, "ਦੇਖ ਮੈਂ ਤੈਨੂੰ ਕਈ ਵਾਰ ਆਖ ਚੁੱਕਾ ਹਾਂ ਕਿ ਤੂੰ ਇਸ ਸਾਈਕਲ ਨੂੰ ਕਬਾੜ ਨਾ ਸਮਝ, ਅਤੇ ਨਾ ਹੀ ਉਸ ਨੂੰ ਵੇਚਣ ਦੀ ਗੱਲ ਆਖਿਆ ਕਰ।"
  "ਓ ਹੋ ! ਕੀ ਹੋ ਗਿਆ ਤੁਹਾਨੂੰ ਦੋਹਾਂ ਨੂੰ, ਫਿਰ ਝਗੜਣ ਲੱਗ ਪਏ ਹੋ।" ਗੇਟ ਤੋਂ ਅੰਦਰ ਆਉਂਦੇ ਹੋਏ ਬੀਬੀ ਕਹਿਣ ਲਗੀ।
  "ਬੀਬੀ ਜੀ", ਗੁਰਪ੍ਰੀਤ ਫਿਰ ਕਹਿਣ ਲੱਗੀ, "ਮੈਂ ਤਾਂ ਸਿਰਫ਼ ਇਹੀ ਕਿਹਾ ਸੀ ਕਿ ਹੁਣ ਵੱਡੀ ਗੱਡੀ ਲੈ ਲਉ ਅਤੇ ਉਸ ਪੁਰਾਣੇ ਸਾਈਕਲ ਨੂੰ ਬਾਹਰ ਕੱਢੋ ਜਾਂ ਫਿਰ ਕਿਸੇ ਨੂੰ ਦੇ ਦਿਉ। ਇਹ ਤਾਂ ਬਸ ਐਵੇਂ ਹੀ ਗਰਮ ਹੋ ਜਾਂਦੇ ਨੇ।"
  "ਦੇਖ ਗੁਰਪ੍ਰੀਤ ਕੌਰ", ਬੀਬੀ ਗੁਰਪ੍ਰੀਤ ਨੂੰ ਸਮਝਾਉਂਦਿਆਂ ਕਹਿਣ ਲਗੀ, "ਮੈਂ ਤੈਨੂੰ ਪਹਿਲਾਂ ਵੀ ਸਮਝਾ ਚੁਕੀ ਹਾਂ ਕਿ ਤੂੰ ਇਸ ਸਾਈਕਲ ਬਾਰੇ ਮੇਰੇ ਪੁੱਤ ਨੂੰ ਕੁਝ ਨਾ ਕਿਹਾ ਕਰ, ਫਿਰ ਤੂੰ ਸਮਝਦੀ ਕਿਉਂ ਨਹੀਂ।"
  "ਚਲੋ ਬੀਬੀ ਜੀ, ਉਪਰ ਚੱਲ ਕੇ ਗੱਲ ਕਰਦੇ ਹਾਂ।" ਗੁਰਪ੍ਰੀਤ ਬੀਬੀ ਜੀ ਦਾ ਹੱਥ ਫੜਦੇ ਹੋਏ ਕਹਿ ਰਹੀ ਸੀ, "ਇਹਨਾਂ ਦਾ ਤਾਂ ਮੂੰਹ ਹੀ ਬਣਿਆ ਰਹੂ।"
  ਪੌੜੀਆਂ ਚੜ੍ਹਦੇ ਬੀਬੀ ਜੀ ਕਹਿਣ ਲਗੀ, "ਚੰਗਾ ਫਿਰ ਚਾਹ ਵੀ ਬਣਾ ਛੱਡ। ਹੁਣ ਤਾਂ ਬੁਢਾਪੇ 'ਚ ਚਾਹ ਪੀ ਕੇ ਹੀ ਗੁਜ਼ਾਰਾ ਕਰਨਾ ਹੈ।"
  "ਲਉ ਬੀਬੀ ਜੀ, ਚਾਹ ਤਾਂ ਤਿਆਰ ਹੀ ਹੈ। ਮੈਂ ਤਾਂ ਚਾਹ ਦਾ ਪਾਣੀ ਪਹਿਲਾਂ ਹੀ ਰੱਖ ਕੇ ਗਈ ਸੀ। ਹੁਣ ਦੱਸੋ ਬੀਬੀ ਜੀ, ਪਿਛਲੇ ਸਾਲ ਦੀਵਾਲੀ ਤੇ ਜਦੋਂ ਸਫੈਦੀਆਂ ਕਰਵਾਈਆਂ ਸਨ, ਮੈਂ ਉਦੋਂ ਵੀ ਸਾਈਕਲ ਵੇਚਣ ਦੀ ਗੱਲ ਕੀਤੀ ਤਾਂ ਲੜਾਈ ਏਨੀ ਵਧ ਗਈ ਸੀ ਕਿ ਇਹ ਤਾਂ ਮੈਨੂੰ ਮਾਰ ਹੀ ਛੱਡਦੇ। ਉਹ ਤਾਂ ਚੰਗਾ ਸੀ, ਤੁਸੀਂ ਟਾਈਮ ਸਿਰ ਘਰ ਪਰਤ ਆਏ। ਪਰ ਮੈਨੂੰ ਇਹ ਦਸੋ ਤਾਂ ਸਹੀ ਕਿ ਆਖਿਰ ਇਹੋ-ਜਿਹੀ ਕਿਹੜੀ ਗੱਲ ਏ, ਜਿਹੜੀ ਮੈਨੂੰ ਨਹੀਂ ਪਤਾ। ਮੈਂ ਜਦੋਂ ਵੀ ਸਾਈਕਲ ਦੀ ਗੱਲ ਛੇੜਦੀ ਆਂ, ਤਾਂ ਨਾਲ ਹੀ ਝਗੜਾ ਸ਼ੁਰੂ ਹੋ ਜਾਂਦੈ।" 
  ਬੀਬੀ ਜੀ ਕਹਿਣ ਲੱਗੇ, "ਚੰਗਾ, ਥੋੜ੍ਹੀ ਨਮਕੀਨ ਵੀ ਫੜ ਲੈ, ਫਿਰ ਦਸਨੀਆਂ ਤੈਨੂੰ।"
  "ਲਉ ਬੀਬੀ ਜੀ, ਬਿਸਕੁਟ ਵੀ ਤੇ ਨਮਕੀਨ ਵੀ, ਹੁਣ ਦੱਸੋ।"
  "ਗੁਰਪ੍ਰੀਤ ! ਅੱਜ ਪਰਮਾਤਮਾ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈ, ਚੰਗਾ ਘਰ ਹੈ, ਕਾਰ ਹੈ ਚਾਹੇ ਛੋਟੀ ਹੀ ਸਹੀ, ਮਿਕਸੀ ਹੈ, ਓਵਨ ਹੈ, ਫਰਿਜ਼ ਹੈ, ਨਵੇਂ ਜ਼ਮਾਨੇ ਦੀ ਰਸੋਈ ਹੈ। ਇਸ ਤਰ੍ਹਾਂ ਦੀ ਰਸੋਈ ਤੂੰ ਮੁਹੱਲੇ 'ਚ ਕਿਸੇ ਦੀ ਵੇਖੀ ਹੈ।"
  "ਨਹੀਂ ਬੀਬੀ ਜੀ।"
  "ਮੈਂ ਤਾਹੀਉਂ ਤਾਂ ਆਖਦੀ ਹਾਂ ਕਿ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਕਿ ਉਸ ਵਲੋਂ ਸਾਨੂੰ ਹਰ ਤਰ੍ਹਾਂ ਦੀ ਸੁੱਖ-ਸਹੂਲਤ ਮਿਲੀ ਹੋਈ ਹੈ।"
  "ਉਹ ਤਾਂ ਠੀਕ ਹੈ ਬੀਬੀ ਜੀ।"
  "ਤੂੰ ਮੇਰੀ ਗੱਲ ਤਾਂ ਸੁਣ ਗੁਰਪ੍ਰੀਤ।" ਬੀਬੀ ਜੀ ਫਿਰ ਕਹਿਣ ਲਗੀ, "ਅਸੀਂ ਉਹ ਦਿਨ ਕਦੇ ਨਹੀਂ ਭੁੱਲ ਸਕਦੇ, ਜਦ ਸਾਡੇ ਕੋਲ ਕੁਝ ਵੀ ਨਹੀਂ ਸੀ। ਅਸੀਂ ਤਾਂ ਆਪਣਾ ਪਿੰਡ ਛੱਡ ਕੇ ਇਸ ਖਾਤਰ ਨਿਕਲੇ ਸਾਂ ਕਿ ਸ਼ਹਿਰ 'ਚ ਆ ਕੇ ਮਿਹਨਤ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਤਾਂ ਢੰਗ ਨਾਲ ਮਿਲ ਜਾਏ। ਸਾਡਾ ਪਿੰਡ ਬੜਾ ਹੀ ਸੁੰਦਰ ਸੀ। ਚਾਰੇ ਪਾਸੇ ਦਰਖ਼ਤਾਂ ਨਾਲ ਘਿਰਿਆ ਹੋਇਆ। ਥੋੜ੍ਹੀ ਦੂਰ ਨਿਕਲ ਜਾਂਦੇ ਤਾਂ ਸਾਨੂੰ ਪਤਾ ਹੀ ਨਾ ਚਲਦਾ ਕਿ ਸਾਡਾ ਪਿੰਡ ਕਿਥੇ ਹੈ। ਇਹ ਬਲਬੀਰ ਤਾਂ ਤਦ ਬੜਾ ਹੀ ਛੋਟਾ ਸੀ। ਉਸ ਸਾਲ ਐਸਾ ਸੋਕਾ ਪਿਆ ਸੀ ਕਿ ਸਾਡੇ ਕੋਲ ਖਾਣ ਨੂੰ ਕੁਝ ਵੀ ਨਹੀਂ ਸੀ। ਅਸੀਂ ਹੀ ਕਿਉਂ ਹੋਰ ਕਿਸਾਨ ਵੀ ਸਨ। ਕਿਸਾਨ ਮਿਹਨਤੀ ਤਾਂ ਹੁੰਦੇ ਹੀ ਹਨ। ਪਰ ਪਹਿਲਾਂ ਆਪਣੇ ਪੇਟ ਵਿਚ ਵੀ ਤਾਂ ਕੁਝ ਹੋਵੇ। ਭੋਜਨ ਬਿਨਾਂ ਤਾਂ ਭਜਨ ਵੀ ਨਹੀਂ ਹੁੰਦਾ। ਇਸੇ ਲਈ ਅਸੀਂ ਦਿੱਲੀ ਆ ਗਏ।
  "ਅਸੀਂ ਦਿੱਲੀ ਤਾਂ ਆ ਪੁਜੇ, ਪਰ ਬਲਬੀਰ ਦੇ ਪਿਉ ਨੂੰ ਕੋਈ ਢੰਗ ਦਾ ਕੰਮ ਨਾ ਮਿਲਿਆ। ਕਦੇ ਰਿਕਸ਼ਾ ਚਲਾਉਣਾ, ਕਦੇ ਹਲਵਾ ਵੇਚਣਾ ਅਤੇ ਕਦੇ ਮੱਝਾਂ ਦੀਆਂ ਧਾਰਾਂ ਕੱਢਣੀਆਂ। ਬਸ ਇਹ ਸਮਝ ਲਉ, ਮਿਹਨਤ ਮਜ਼ਦੂਰੀ ਕਰਕੇ ਮਸਾਂ ਦੋ ਵਕਤ ਦੀ ਰੋਟੀ ਹੀ ਮਿਲਦੀ। ਜ਼ਿੰਦਗੀ ਦੀ ਹਰ ਲੋੜ ਸਮੇਂ ਉਸ ਦਾ ਹੱਥ ਤੰਗ ਹੀ ਰਹਿੰਦਾ ਸੀ, ਨਾਲੇ ਦੇ ਪਾਰ ਜੋ ਸਕੂਲ ਹੈ, ਬਲਬੀਰ ਉਥੇ ਪੜ੍ਹਨ ਜਾਇਆ ਕਰਦਾ ਸੀ। ਛੁੱਟੀ ਹੁੰਦੀ ਤਾਂ ਉਹ ਸੜਕ ਪਾਰ ਕਰਕੇ ਆਪਣੇ ਦੋਸਤਾਂ ਨਾਲ ਘਰ ਨੂੰ ਪਰਤਦਾ। ਦਿਨ ਨਿਕਲਦੇ ਗਏ ਬਲਬੀਰ ਪੰਜਵੀਂ ਜਮਾਤ ਵਿਚ ਆ ਗਿਆ ਸੀ। ਆਪਣੇ ਦੋਸਤਾਂ ਨੂੰ ਸਾਈਕਲ ਚਲਾਉਂਦਿਆਂ ਵੇਖ ਕੇ ਉਹ ਵੀ ਸਾਈਕਲ ਚਲਾਉਣ ਦੀ ਜ਼ਿੱਦ ਕਰਦਾ। ਉਸ ਵੇਲੇ ਭੀਮ ਦੀ ਦੁਕਾਨ ਤੋਂ ਕਿਰਾਏ 'ਤੇ ਸਾਈਕਲ ਮਿਲ ਜਾਇਆ ਕਰਦਾ ਸੀ। ਡਿਗਦਾ-ਢਹਿੰਦਾ ਉਹ ਸਾਈਕਲ ਚਲਾਉਣਾ ਸਿਖ ਗਿਆ ਸੀ। ਜਦ ਉਹ ਸਕੂਲ ਤੋਂ ਘਰ ਨੂੰ ਪਰਤਦਾ ਤਾਂ ਕਈ ਵਾਰ ਆਪਣੇ ਪਿਉ ਅੱਗੇ ਨਵਾਂ ਸਾਈਕਲ
  ਖਰੀਦਣ ਦੀ ਜ਼ਿੱਦ ਕਰ ਬਹਿੰਦਾ। ਉਸ ਨੂੰ ਸਾਈਕਲ ਚਲਾਉਣ ਦਾ ਬੜਾ ਝੱਲ ਪੈ ਗਿਆ ਸੀ। ਇਕ-ਦੋ ਵਾਰ ਤਾਂ ਉਸ ਨੇ ਪਿਉ ਕੋਲੋਂ ਚੰਗੀ ਕੁੱਟ ਵੀ ਖਾਧੀ। ਦਿਨ ਨਿਕਲਦੇ ਗਏ। ਉਹ ਪੰਜਵੀਂ ਪਾਸ ਕਰ ਗਿਆ। ਛੁੱਟੀਆਂ ਖਤਮ ਹੋਣ ਦੇ ਬਾਵਜੂਦ ਉਹ ਨਵੀਂ ਜਮਾਤ 'ਚ ਪੁਜਾ ਤਾਂ ਸਾਰੇ ਬੱਚੇ ਬੜੇ ਖੁਸ਼ ਸਨ। ਸਕੂਲ ਤੋਂ ਘਰ ਵਾਪਸ ਆਉਂਦੇ ਬੱਚੇ ਜਦ ਸੜਕ ਪਾਰ ਕਰਦੇ ਤਾਂ ਪਹਿਲਾਂ ਨੁੱਕਰ 'ਤੇ ਹੀ ਸਬਜ਼ੀ ਮੰਡੀ ਹੁੰਦੀ ਸੀ, ਜੋ ਅੱਜ ਕੱਲ੍ਹ ਕਾਰਪੋਰੇਸ਼ਨ ਵਾਲਿਆਂ ਨੇ ਤੋੜ ਦਿਤੀ ਹੈ। ਉਸ ਮੰਡੀ ਵਿਚ ਹਿੰਦੂ-ਮੁਸਲਮਾਨ ਸਾਰੇ ਮਿਲ ਕੇ ਰਹਿੰਦੇ ਸਨ ਅਤੇ ਸਬਜ਼ੀ ਵੇਚਿਆ ਕਰਦੇ ਸਨ। ਜਦ ਬਲਬੀਰ ਆਪਣੇ ਘਰ ਵਲ ਪਰਤ ਰਿਹਾ ਸੀ ਤਾਂ ਉਸ ਨੇ ਕੁਝ ਦੋਸਤਾਂ ਨੂੰ ਮੰਡੀ ਵਿਚ ਖੜੋਤੇ ਵੇਖਿਆ। ਉਸ ਦਾ ਇਕ ਦੋਸਤ ਮੇਸੂ ਜਿਸ ਨੂੰ ਹੁਣ ਵੇਦ ਪ੍ਰਕਾਸ਼ ਕਹਿੰਦੇ ਹਨ, ਇਕ ਸਾਈਕਲ ਤੇ ਹੱਥ ਰੱਖ ਕੇ ਖੜ੍ਹਾ ਸੀ। ਬਲਬੀਰ ਵੀ ਉਹਨਾਂ ਖੜੋਤੇ ਦੋਸਤਾਂ ਕੋਲ ਪਹੁੰਚਿਆ ਤੇ ਮੇਸੂ ਨੂੰ ਪੁੱਛਣ ਲਗਾ ਕੀ ਇਹ ਸਾਈਕਲ ਤੇਰਾ ਹੈ।
  "ਮੇਸੂ ਨੇ ਝਟ 'ਹਾਂ' ਭਰ ਦਿਤੀ। ਤਦ ਬਲਬੀਰ ਉਸ ਨੂੰ ਆਖਣ ਲਗਾ,'ਦੋ ਮਿੰਟ ਵਾਸਤੇ ਸਾਈਕਲ ਦੇ ਦੇ, ਮੈਂ ਇਕ ਚੱਕਰ ਲਗਾ ਆਉਂਦਾ ਹਾਂ।' ਉਸ ਨੂੰ ਸਾਈਕਲ ਚਲਾਉਣ ਦਾ ਝੱਲ ਸੀ। ਮੇਸੂ ਨੇ ਕਿਹਾ, 'ਲੈ ਜਾ, ਲੈ ਜਾ।' 
  "ਬਸ ਫਿਰ ਕੀ ਸੀ, ਬਲਬੀਰ ਅਜੇ ਸਾਈਕਲ 'ਤੇ ਚੜ੍ਹ ਕੇ ਮੰਡੀ 'ਚੋਂ ਨਿਕਲਿਆ ਵੀ ਨਹੀਂ ਸੀ ਕਿ ਰਾਮ ਲਾਲ ਸਬਜ਼ੀ ਵਾਲਾ ਦੌੜਦਾ ਹੋਇਆ ਆਇਆ ਅਤੇ ਬਲਬੀਰ ਨੂੰ ਖਿੱਚ ਕੇ ਦੋ ਚਪੇੜਾਂ ਮਾਰਦੇ ਹੋਏ ਕਹਿਣ ਲਗਾ, 'ਤੇਰੀ ਇੰਨੀ ਹਿੰਮਤ ਕਿ ਤੂੰ ਸਾਡੇ ਸਾਹਮਣੇ ਹੀ ਸਾਡਾ ਸਾਈਕਲ ਚੁੱਕ ਕੇ ਭੱਜ ਰਿਹਾ ਹੈਂ।'
  'ਨਹੀਂ ਚਾਚਾ ਜੀ, ਮੈਂ ਤਾਂ ...।'
  'ਮੈਂ ਤਾਂ, ਮੈਂ ਤਾਂ ਕੀ, ਇਕ ਚੋਰੀ ਕਰਦਾ ਹੈਂ ਤੇ ...।'
  ਕੁਝ ਲੋਕ ਹੋਰ ਵੀ ਇਕੱਠੇ ਹੋ ਗਏ ਸਨ। ਰਾਮ ਲਾਲ ਤਾਂ ਅੱਗ ਭਬੂਕਾ ਹੋ ਰਿਹਾ ਸੀ। ਉਹ ਕਹਿਣ ਲਗਾ, 'ਚਲ ਤੈ ਪੁਲਿਸ ਦੇ ਹਵਾਲੇ ਕਰਦਾ ਹਾਂ।'
  'ਨਹੀਂ ਅੰਕਲ, ਮੈਂ ਚੋਰ ਨਹੀਂ ਹਾਂ।'
  'ਮੈਂ ਤਾਂ ...।'
  'ਮੈਂ ਤਾਂ, ਮੈਂ ਤਾਂ ਕੀ ...।'
  'ਮੈਂ ਤਾਂ ਉਸ ਤੋਂ ਪੁੱਛ ਕੇ ਸਾਈਕਲ ਚਲਾਉਣ ਵਾਸਤੇ ਲਿਆ ਸੀ।'
  ਭੀੜ ਵਿਚੋਂ ਆਵਾਜ਼ਾਂ ਆਉਣ ਲੱਗੀਆਂ, ਹੁਣ ਛੱਡ ਵੀ ਦਿਉ ਬੱਚਾ ਹੈ।
  ਉਸ ਦੀ ਪਿੱਠ 'ਤੇ ਮਾਰਦੇ ਹੋਏ ਰਾਮ ਲਾਲ ਨੇ ਕਿਹਾ, 'ਦੌੜ ਜਾ ਸਹੁਰੀ  ਦਿਆ, ਹੁਣ ਨਜ਼ਰ ਨਾ ਆਈਂ ਏਥੇ।'
  "ਉਸ ਦੇ ਦੋਸਤ ਸਾਰਾ ਤਮਾਸ਼ਾ ਵੇਖ ਰਹੇ ਸਨ ਅਤੇ ਹੱਸੀ ਜਾ ਰਹੇ ਸਨ। ਉਹਨਾਂ ਨੂੰ ਤਾਂ ਬੜਾ ਮਜ਼ਾ ਆ ਰਿਹਾ ਸੀ, ਪਰ ਬਲਬੀਰ ਤਾਂ ਰੋਂਦਾ ਰੋਂਦਾ ਉਸ ਦਿਨ ਘਰ ਪਹੁੰਚਿਆ ਸੀ। 
  "ਜਦ ਸਾਰੀ ਘਟਨਾ ਦਾ ਪਤਾ ਬਲਬੀਰ ਦੇ ਪਿਉ ਵਰਿਆਮ ਸਿੰਘ ਨੂੰ ਲਗਾ, ਤਾਂ ਉਸ ਨੂੰ ਬੜਾ ਬੁਰਾ ਲੱਗਿਆ ਕਿ ਸਾਈਕਲ ਪਿੱਛੇ ਮੇਰੇ ਮੁੰਡੇ ਨੂੰ ਚੋਰ ਕਿਹਾ ਅਤੇ ਕੁੱਟਿਆ ਤਦੇ ਹੀ ਉਸ ਨੇ ਧਾਰ ਲਿਆ ਕਿ ਹੁਣ ਤਾਂ ਆਪਣੇ ਪੁੱਤ ਨੂੰ ਸਾਈਕਲ ਲੈ ਕੇ ਹੀ ਦਊਗਾ ਚਾਹੇ ਉਹ ਕੁਝ ਵੀ ਕਰੇ। 
  "ਸਾਡੇ ਘਰ ਦੇ ਪਿਛਵਾੜੇ ਜਿਥੇ ਹੁਣ ਕਮਿਊਨਿਟੀ ਸੈਂਟਰ ਹੈ, ਉਥੇ ਪਹਿਲਾਂ ਸਾਰੀ ਜਗ੍ਹਾ ਖਾਲੀ ਪਈ ਹੋਈ ਸੀ। ਬੜਾ ਵੱਡਾ ਗਰਾਊਂਡ ਸੀ। ਉਸ ਵਕਤ ਤਾਂ ਸ਼ਾਮ ਪੈਂਦੇ ਹੀ ਗਊਆਂ-ਮਝਾਂ ਧੂੜ ਉਡਾਉਂਦੀਆਂ ਆਉਂਦੀਆਂ ਸਨ। ਔਰਤਾਂ ਤਾਂ ਗੋਹੇ ਲਗਾ ਕੇ ਮੈਦਾਨ ਦੀ ਕਾਫੀ ਜਗ੍ਹਾ ਘੇਰ ਲੈਂਦੀਆਂ ਸਨ। ਸ਼ਾਮ ਹੁੰਦੇ ਹੀ ਪੰਛੀਆਂ ਦੀ ਚਹਿਚਹਾਟ ਵੀ ਬੜੀ ਚੰਗੀ ਲਗਦੀ ਸੀ। ਹੁਣ ਤਾਂ ਕੋਈ ਥਾਂ ਹੀ ਨਹੀਂ ਰਹਿ ਗਈ। ਗਊਆਂ ਤੇ ਮੱਝਾਂ ਵੀ ਏਥੇ ਨਹੀਂ ਆਉਂਦੀਆਂ। ਸਰਕਾਰ ਨੇ ਸ਼ਹਿਰੋਂ ਬਾਹਰ ਜੋ ਕੱਢ ਦਿਤੀਆਂ ਹਨ। ਹੁਣ ਤਾਂ ਕੋਈ ਚਿੜੀ ਵੀ ਚਹਿਕਦੀ ਦਿਖਾਈ ਨਹੀਂ ਦੇਂਦੀ। ਕਦੇ ਕਾਨੇ ਲਗੇ ਨਜ਼ਰ ਆਉਂਦੇ ਸਨ, ਕਦੇ ਝਾੜੀਆਂ ਅਤੇ ਫੁੱਲ। ਹੁਣ ਤਾਂ ਪਕੀਆਂ ਸੜਕਾਂ ਬਣ ਗਈਆਂ ਹਨ। ਲੰਘਣ ਦੀ ਥਾਂ ਹੀ ਨਹੀਂ। ਹੁਣ ਤਾਂ ਸ਼ਾਮ ਨੂੰ ਅਵਾਰਾਗਰਦ ਮੁੰਡੇ ਮੋਟਰ ਸਾਈਕਲਾਂ 'ਤੇ ਸਟੰਟ ਕਰਦੇ ਹਨ।"
  ਓਦੋਂ ਤਕ ਬਲਬੀਰ ਵੀ ਆਪਣਾ ਕੰਮ ਖਤਮ ਕਰਕੇ ਉਥੇ ਆ ਗਿਆ। ਸੋਨੂੰ ਦੇ ਰੋਣ ਦੀ ਆਵਾਜ਼ ਵੀ ਆਉਣ ਲਗੀ। ਪਤਾ ਲੱਗਿਆ ਕਿ ਉਹ ਵੀ ਸੌਂ ਕੇ ਉਠ ਚੁਕਾ ਹੈ।
  "ਕੀ ਗੱਲ ਗੁਰਪ੍ਰੀਤ, ਸਾਨੂੰ ਕੁਝ ਨਹੀਂ ਦੇਣਾ।" ਬਲਬੀਰ ਨੇ ਆਖਿਆ।
  ਮੱਥੇ 'ਤੇ ਹੱਥ ਰਖਦੀ ਹੋਈ ਬੋਲੀ, "ਓ ਹੋ, ਗੱਲਾਂ-ਗੱਲਾਂ ਵਿਚ ਤੁਹਾਡੀ ਚਾਹ ਤਾਂ ਪਈ-ਪਈ ਠੰਢੀ ਹੀ ਹੋ ਗਈ, ਤੁਹਾਨੂੰ ਦੇਣੀ ਯਾਦ ਹੀ ਨਹੀਂ ਰਹੀ।"
  "ਹਾਂ ਕਿਉਂ ਯਾਦ ਰਹੂਗੀ, ਲੜਨ ਤੋਂ ਫੁਰਸਤ ਮਿਲੇ, ਤਾਂ ਨਾ।"
  "ਮੈਂ ਕਦ ਲੜਨੀ ਆਂ ਜੀ ਤੁਹਾਡੇ ਨਾਲ। ਤੁਹਾਡੇ ਕੋਲੋਂ ਕੁਝ ਵੀ ਪੁੱਛੋ, ਤਾਂ ਤੁਸੀਂ ਠੀਕ ਤਰ੍ਹਾਂ ਦਸਦੇ ਹੀ ਨਹੀਂ।"
  "ਚੰਗਾ ਜਾਹ, ਚਾਹ ਗਰਮ ਕਰ ਲਿਆ, ਪਾਪੜ ਵੀ ਲੈ ਆਈਂ।"
  "ਹੋਰ ਬੀਬੀ ਜੀ ! ਤੁਸੀਂ ਸੁਣਾਓ ਕੀ ਹਾਲ ਏ।"
  "ਠੀਕ ਹੈ, ਪੁੱਤ ! ਹੁਣ ਸਾਡੀ ਜ਼ਿੰਦਗੀ ਤਾਂ ਦਵਾਈਆਂ 'ਤੇ ਹੀ ਚਲੂ।"
  "ਲਉ ਜੀ, ਤੁਸੀਂ ਵੀ ਚਾਹ ਲਉ।" ਕਹਿੰਦੀ ਹੋਈ ਗੁਰਪ੍ਰੀਤ ਵੀ ਆ ਗਈ।
  "ਬੜੀ ਜਲਦੀ ਲੈ ਆਈ ਏਂ।"
  "ਮੈਂ ਕਿਹੜਾ ਹਲ ਵਾਹੁਣਾ ਸੀ। ਚਾਹ ਹੀ ਤਾਂ ਗਰਮ ਕਰਨੀ ਸੀ, ਕਰ ਕੇ ਲੈ ਆਈ।" ਫਿਰ ਉਹ ਬੀਬੀ ਜੀ ਵਲ ਮੂੰਹ ਕਰਕੇ ਕਹਿਣ ਲਗੀ, "ਹਾਂ, ਹੁਣ ਦਸੋ ਬੀਬੀ ਜੀ।"
  "ਹੁਣ ਤਾਂ ਇਹ ਬਲਬੀਰ ਹੀ ਦਸੂ ਤੈਨੂੰ, ਮੈਂ ਤਾਂ ਚਲੀ ਆਂ ਆਪਣੇ ਪੋਤੇ ਕੋਲ।"
  "ਕੀ ਦਸਣਾ ਏ ਬੇਬੇ ?"
  "ਇਸ ਨੂੰ ਉਹ ਤੇਰੇ ਪਿਉ ਦੀ ਸਾਈਕਲ ਦੀ ਸਵਾਰੀ ਤੋਂ ਇਨਾਮ ਜਿੱਤਣ ਦੀ ਗੱਲ ਦਸਣੀ ਏ।"
  "ਚੰਗਾ, ਚੰਗਾ।"
  "ਕਿਉਂ ਜੀ, ਹੁਣ ਤੁਸੀਂ ਦਸੋਗੇ, ਜਾਂ ਫਿਰ ...।"
          "ਹਾਂ, ਦਸਦਾਂ, ਮੇਰੀ ਮਾਂ, ਦਸਦਾਂ।"
  "ਮਾਂ ਤਾਂ ਤੁਹਾਡੀ ਉਧਰ ਬੈਠੀ ਹੈ।"
  ਤਦੇ ਹਾਸੇ-ਹਾਸੇ ਵਿਚ ਗੱਲ ਸ਼ੁਰੂ ਹੋ ਗਈ।
  "ਚੰਗਾ ਬਾਬਾ, ਸੁਣ :
  "ਉਹ ਦਿਨ ਤਾਂ ਮੈਂ ਅੱਜ ਵੀ ਨਹੀਂ ਭੁੱਲ ਸਕਦਾ। ਸਾਡੇ ਸਾਰੇ ਮੁਹਲੇ ਵਿਚ ਇਹ ਢਿੰਡੋਰਾ ਢੋਲ ਵਜਾ ਕੇ ਪਿਟਿਆ ਗਿਆ ਸੀ ਕਿ ਜਿਹੜਾ ਤਿੰਨ ਦਿਨ ਲਗਾਤਾਰ, ਮਤਲਬ ਕਿ ਬਹੱਤਰ ਘੰਟੇ ਸਾਈਕਲ ਚਲਾਊਗਾ, ਉਸ ਨੂੰ ਇਕ ਹਜ਼ਾਰ ਰੁਪਏ ਇਨਾਮ ਵਜੋਂ ਦਿਤੇ ਜਾਣਗੇ। ਉਸ ਵਕਤ ਇਕ ਹਜ਼ਾਰ ਰੁਪਿਆ ਬਹੁਤ ਹੁੰਦਾ ਸੀ। ਅੱਜ ਤਾਂ ਲਾਊਡਸਪੀਕਰ ਹਨ, ਢੋਲ ਤੇ ਢਿੰਡੋਰਾ ਪਿੱਟਣਾ ਤਾਂ ਅੱਜ ਦੂਰ ਦੀ ਗੱਲ ਹੋ ਗਈ ਹੈ। ਅੱਜ ਤਾਂ ਪੋਸਟਰ ਲਗਾਏ ਜਾਂਦੇ ਹਨ। ਵੱਡੇ ਵੱਡੇ ਬੈਨਰ ਲਗਦੇ ਹਨ। ਟੈਲੀਵਿਜ਼ਨ 'ਤੇ ਇਸ਼ਤਿਹਾਰ ਦਿਤੇ ਜਾਂਦੇ ਹਨ। ਉਸ ਵਕਤ ਤਾਂ ਇਹ ਸਭ ਕੁਝ ਨਹੀਂ ਸੀ। ਖੈਰ ਜੋ ਵੀ ਹੈ। ਇਹ ਢਿੰਡੋਰਾ ਸੁਣ ਕੇ ਮੇਰੇ ਪਾਪਾ ਜੀ ਨੇ ਮੁਕਾਬਲੇ ਲਈ ਆਪਣਾ ਨਾਮ ਲਿਖਾ ਦਿਤਾ। ਬਸ ਫਿਰ ਕੀ ਸੀ, ਮੁਕਾਬਲੇ ਦਾ ਦਿਨ ਵੀ ਆ ਗਿਆ। ਚਾਰ ਬੰਦੇ ਸੀ ਮੁਕਾਬਲੇ ਵਿਚ, ਜਿਹਨਾਂ ਵਿਚੋਂ ਦੋ ਨੇ ਤਾਂ ਪਹਿਲੇ ਦਿਨ ਹੀ ਜਵਾਬ ਦੇ ਦਿਤਾ ਤੇ ਤੀਜਾ ਜਿਹੜਾ ਸੀ, ਦੋ ਦਿਨ ਪੂਰੇ ਕਰਦਿਆਂ ਹੀ ਢਹਿ ਪਿਆ। ਮੇਰੀ ਬੇਬੇ ਕਦੇ ਮੇਰੇ ਪਿਉ ਦੀਆਂ ਅੱਖਾਂ ਤੇ ਪਾਣੀ ਪਾਉਂਦੀ, ਕਦੇ ਤੌਲੀਏ ਨਾਲ ਉਸ ਦੇ ਪਿੰਡੇ 'ਤੇ ਆਇਆ ਪਸੀਨਾ ਪੂੰਝਦੀ, ਖਾਣ-ਪੀਣ ਲਈ ਤਾਂ ਘੱਟ ਹੀ ਦਿਤਾ ਜਾਂਦਾ। ਹਰੀਆਂ ਮਿਰਚਾਂ ਕਿਉਂ ਖਾਂਦੇ ਸਨ ਇਹ ਮੈਨੂੰ ਨਹੀਂ ਪਤਾ। ਮੈਂ ਤਾਂ ਬਹੁਤ ਛੋਟਾ ਸਾਂ। ਤੀਜੇ ਦਿਨ ਪਿਤਾ ਜੀ ਨੂੰ ਤਾਂ ਲੋਕਾਂ ਨੇ ਹਾਰ ਪਾ-ਪਾ ਕੇ ਉਹਨਾਂ ਦਾ ਹੌਂਸਲਾ ਵਧਾਉਣਾ ਸ਼ੁਰੂ ਕਰ ਦਿਤਾ। ਉਸ ਦਿਨ ਤਾਂ ਪੂਰੀ ਰੌਣਕ ਸੀ, ਜਿਵੇਂ ਕਿ ਮੇਲਾ ਲਗਾ ਹੋਇਆ। ਮੋਢੋ ਨਾਲ ਮੋਢਾਂ ਖਹਿ ਰਿਹਾ ਸੀ। ਇਕ ਨਿਵੇਕਲੀ ਜਿਹੀ ਸਟਾਲ ਉਤੇ ਬਹੁਤ ਸਾਰਾ ਭਕਾਣੇ ਭਰ ਕੇ ਟੰਗੇ ਹੋਏ ਸਨ। ਜਿਉਂ-ਜਿਉਂ ਸਮਾਂ ਪੂਰਾ ਹੋਣ ਦੇ ਨਜ਼ਦੀਕ ਆ ਰਿਹਾ ਸੀ, ਰਿਕਾਰਡ ਜ਼ੋਰ ਦਾ ਵਜਦਾ, ਸੰਗੀਤ ਚਲਦਾ ਰਿਹਾ, ਭੀੜ ਵੀ ਵਧਦੀ ਰਹੀ। ਸਮਾਂ ਪੂਰਾ ਹੋਇਆ ਤਾਂ ਤਾੜੀਆਂ ਦੀ ਗੂੰਜ ਵਿਚ ਮੇਰੇ ਪਾਪਾ ਵਰਿਆਮ ਸਿੰਘ ਜੀ ਨੂੰ ਇਕ ਹਜ਼ਾਰ ਰੁਪਏ ਦਾ ਇਨਾਮਮਿਲਿਆ। ਉਹਨਾਂ ਦੀ ਹਾਲਤ ਠੀਕ ਨਹੀਂ ਸੀ ਉਹਨਾਂ ਦੇ ਹੱਥ ਪੈਰ ਸੁਜ ਗਏਸਨ ਅਤੇ ਪੈਰਾਂ ਵਿਚ ਛਾਲੇ ਪਏ ਹੋਏ ਸਨ। ਫਿਰ ਵੀ ਥੋੜ੍ਹਾ ਆਰਾਮ ਕਰਕੇ ਮੇਰੇ ਨਾਲ ਬਜ਼ਾਰ ਗਏ ਅਤੇ ਮੈਨੂੰ ਇਕ ਨਵਾਂ ਸਾਈਕਲ ਖਰੀਦ ਕੇ ਦੇ ਦਿੱਤਾ। ਮੈਂ ਕਿਹਾ,'ਪਾਪਾ ਜੀ! ਤੁਸੀਂ ਇਹ ਸਭ ਕੁਝ ਕਿਉਂ ਕੀਤਾ? ਆਪਣੀ ਹਾਲਤ ਤਾਂ ਵੇਖੋ।' ਉਹ ਕਹਿਣ ਲਗੇ, 'ਓਹ ਪੁੱਤਰਾ, ਬੱਚਿਆਂ ਦੀ ਖੁਸ਼ੀ ਵਿਚ ਹੀ ਮਾਂ-ਪਿਉ ਦੀ ਖੁਸ਼ੀ ਹੁੰਦੀ ਹੈ। ਬੱਚੇ ਦੁਖੀ ਹੋਣ ਤਾਂ ਮਾਂ ਪਿਉ ਵੀ ਦੁਖੀ ਹੁੰਦੇ ਹਨ। ਪੁੱਤ ਤਾਂ ਪਿਉ ਦੀ ਸ਼ਾਨ ਹੁੰਦਾ ਹੈ। ਪਿਉ ਦਾ ਫਰਜ਼ ਪੁੱਤਰ ਦੀਆਂ ਇਛਾਵਾਂ ਨੂੰ ਪੂਰਾ ਕਰਨਾ ਹੁੰਦਾ ਹੈ। ਫਿਰ ਤੂੰ ਤਾਂ ਮੇਰਾ ਸਿਆਣਾ ਪੁੱਤਰ ਹੈਂ। ਤਾਂ ਹੀ ਤਾਂ ਇਹ ਸਾਈਕਲ ਤੇਰੇ ਲਈ ਹੀ ਹੈ। ਹੁਣ ਕਿਸੇ ਕੋਲੋਂ ਮੰਗਣ ਦੀ ਜ਼ਰੂਰਤ ਨਹੀਂ। ਜਾ ਸਾਈਕਲ ਚਲਾ, ਮੈਂ ਵੀ ਤਾਂ ਦੇਖੂੰ।' ਜਦ ਮੈਨੂੰ ਸਾਈਕਲ ਚਲਾਂਦੇ ਹੋਏ ਵੇਖਿਆ, ਤਾਂ ਉਹ ਖੁਸ਼ੀ 'ਚ ਹੀ ਡਿਗ ਪਏ। ਤਦ ਮੈਨੂੰ ਸਮਝ ਨਹੀਂ ਆਈ। ਜਦ ਸਮਝ ਆਈ ਤਾਂ ਬੜੀ ਦੇਰ ਹੋ ਚੁਕੀ ਸੀ। ਇਹ ਉਹੀ ਸਾਈਕਲ ਹੈ, ਜਿਸ ਨੂੰ ਤੂੰ ਵਾਰ-ਵਾਰ ਕੱਢਣ ਨੂੰ ਕਹਿੰਦੀ ਹੈਂ। ਮੇਰੇ ਵਾਸਤੇ ਇਹ ਸਾਈਕਲ ਹੀ ਨਹੀਂ, ਮੇਰੇ ਪਿਉ ਦੀ ਮਿਹਨਤ, ਇਨਾਮ, ਜਜ਼ਬਾਤ ਅਤੇ ਮੇਰੇ ਪ੍ਰਤੀ ਉਹਨਾਂ ਦੇ ਪਿਆਰ ਦੀ ਨਿਸ਼ਾਨੀ ਹੈ।ਲੋਕ ਮਾਵਾਂ ਨੂੰ ਤਾਂ ਯਾਦ ਕਰ ਲੈਂਦੇ ਹਨ, ਪਰ ਮੈਂ ਆਪਣੇ ਪਿਉ ਨੂੰ ਨਹੀਂ ਭੁੱਲ ਸਕਦਾ। ਇਹ ਸਾਈਕਲ ਹੀ ਤਾਂ ਹੈ, ਜਿਸ ਨੂੰ ਵੇਖਦਿਆਂ ਹੀ ਮੈਨੂੰ ਆਪਣੇ ਪਿਉ ਦਾ ਪਿਆਰ ਨਜ਼ਰ ਆਉਂਦਾ ਹੈ, ਜਿਸ ਨੇ ਮੇਰੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਤਿੰਨ ਦਿਨ ਤੇ ਤਿੰਨ ਰਾਤਾਂ ਸਾਈਕਲ ਦੀ ਸਵਾਰੀ ਕਰਦੇ ਹੋਏ ਹੀ ਖਾਧਾ-ਪੀਤਾ, ਇਸ਼ਨਾਨ ਕੀਤਾ, ਪਰ ਹਰ ਹਾਲ ਵਿਚ ਰਿਕਾਰਡ ਬਣਾ ਕੇ, ਮੈਨੂੰ ਇਹ ਸਾਈਕਲ ਖਰੀਦਕੇ ਲਿਆ ਦਿੱਤਾ।"
  ਇਹ ਸਭ ਸੁਣ ਕੇ ਗੁਰਪ੍ਰੀਤ ਦੀਆਂ ਅੱਖਾਂ 'ਚੋਂ ਹੰਝੂ ਵਗ ਪਏ, ਤੇ ਕਹਿਣ ਲੱਗੀ, "ਧੰਨ ਹੈ ਤੁਹਾਡੇ ਪਾਪਾ ਜੀ, ਧੰਨ ਹੈ ਤੁਹਾਡਾ ਪਿਆਰ। ਮੈਂ ਤਾਂ ਪਿਉਪੁੱ ਤਰ ਦੇ ਇਸ ਪਿਆਰ ਤੋਂ ਅਨਜਾਣ ਸਾਂ। ਮੈਂ ਹੁਣ ਤੁਹਾਨੂੰ ਕੁਝ ਨਹੀਂ ਕਹਾਂਗੀ। ਇਹ ਕਹਿੰਦੇ ਹੋਏ ਉਹ ਆਪਣੇ ਗਲ੍ਹਾਂ 'ਤੇ ਆਏ ਅੱਥਰੂਆਂ ਨੂੰ ਪੂੰਝਦੀ ਹੋਈ ਚਾਹਦੇ ਕੱਪ ਚੁਕ ਕੇ ਕਮਰੇ ਤੋਂ ਬਾਹਰ ਹੋ ਗਈ।