ਗੰਗਾ ਮਾਂ (ਨਾਵਲ) (ਪੁਸਤਕ ਪੜਚੋਲ )

ਨਿਰੰਜਨ ਬੋਹਾ    

Email: niranjanboha@yahoo.com
Cell: +91 89682 82700
Address: ਪਿੰਡ ਤੇ ਡਾਕ- ਬੋਹਾ
ਮਾਨਸਾ India
ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੂਲ ਲੇਖਕ- ਭੈਰਵ ਪ੍ਰਸ਼ਾਦ ਗੁਪਤ 
     ਪੰਜਾਬੀ ਅਨੁਵਾਦ- ਬਲਦੇਵ ਸਿੰਘ ਬੱਦਨ 
     ਨੈਸ਼ਨਲ ਬੁਕ ਟਰੱਸਟ , ਇੰਡੀਆ 

ਹਿੰਦੀ ਭਾਸ਼ਾ ਦੇ ਕਲਾਸਿਕ ਸਾਹਿਤ ਵਿਚ ਭੈਰਵ ਪ੍ਰਸ਼ਾਦ ਗੁਪਤ ਦੇ  ਨਾਵਲ' ਗੰਗਾ ਮਾਂ' ਦੀ ਅਹਿਮੀਅਤ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਨਾਵਲ ਭਾਰਤੀ ਭਸ਼ਾਵਾਂ ਤੋਂ ਇਲਾਵਾ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਲੱਖਾਂ ਪਾਠਕਾਂ ਦੇ ਹੱਥਾਂ ਵਿਚ ਪਹੁੰਚਿਆ ਹੈ। ਹਿੰਦੀ ਭਾਸ਼ਾ ਵਿਚ ਹੁਣ ਤੀਕ ਇਸ ਦੇ 14 ਤੋਂ ਵੱਧ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ।  ਇਹ ਨਾਵਲ ਆਜਾਦੀ ਪ੍ਰਾਪਤੀ ਤੋਂ ਬਾਦ ਭਾਰਤੀ ਪੇਂਡੂ ਜਨ- ਜੀਵਨ ਵੱਲੋਂ ਆਪਣੇ ਪੜਾਅਵਾਰ ਵਿਕਾਸ ਲਈ ਗ੍ਰਹਿਣ ਕੀਤੀ ਨਵੀਂ ਸਮਾਜਿਕ ਚੇਤਨਾਂ  ਦੀਆਂ ਕਈ ਪਰਤਾ ਉਘੇੜਦਾ ਹੈ। ਨਾਵਲ ਦੀ ਵਿਸ਼ੇਸ਼ਤਾ  ਹੈ ਕਿ  ਪੇਂਡੂ ਸਮਾਜਿਕ ਉਸਾਰ ਦੀ ਇਹ ਪ੍ਰੀਕ੍ਰਿਆ ਮੂਲ ਰੂਪ ਵਿਚ ਭਾਰਤੀ ਪਰੰਪਰਾ ਤੋ ਹੀ ਸਿਰਜਨਾਤਮਕ ਊਰਜ਼ਾ ਪ੍ਰਾਪਤ ਕਰਦੀ ਹੈ । ਇਹ ਉਸਾਰ ਪ੍ਰਕ੍ਰਿਆ ਕਿਸੇ ਭਾਰਤੀ ਪਰੰਪਰਾ ਨੂੰ ਤੋੜਦੀ ਨਹੀਂ ਸਗੋਂ ਉਸ ਨੂੰ ਜੀਵਨ ਵਿਕਾਸ ਦੇ ਅਨੁਕੂਲ ਢਾਲ ਕੇ ਉਸ ਦਾ ਹੋਰ ਵਿਸਥਾਰ ਕਰਦੀ ਹੈ। 
ਨਾਵਲ ਦੇ ਵਿਸ਼ਲੇਸ਼ਣੀ ਸਿੱਟੇ ਅਨੁਸਾਰ 'ਜਿਸ ਦੀ ਲਾਠੀ ਉਸ ਦੀ ਮੱਝ' ਦੀ ਮਾਨਸਿਕਤਾ ਰੱਖਣ ਵਾਲੇ 1947 ਤੋਂ ਬਾਦ ਦੇ ਪੇਂਡੂ ਸਮਾਜ ਦੀਆਂ ਸਮਾਜਿਕ, ਆਰਥਿਕ, ਸਭਿਆਚਾਰਕ ਤੇ ਰਾਜਨੀਤਕ ਕੀਮਤਾਂ ਦਾ ਵਿਸਥਾਪਨ ਉਸ ਵੇਲੇ ਦੇ ਸਾਧਨ ਸੰਪੰਨ ਤੇ ਤਾਕਤਵਰ ਲੋਕਾਂ ਵੱਲੋਂ ਹੀ ਕੀਤਾ  ਜਾਂਦਾ ਸੀ , ਇਸ ਲਈ  ਜਿੰਮੀਦਾਰੀ ਪ੍ਰਥਾ ਵਾਲੇ ਉਸ ਸਮਾਜ  ਵਿਚ  ਲੋਕ ਪੱਖੀ ਜਾਂ ਮਨੁੱਖਤਾ ਹਿੱਤੂ  ਬਦਲਾਵ ਲਿਆਉਣ ਲਈ ਵੀ ਸਰੀਰਕ ਤਾਕਤ ਤੇ ਬਾਹੂਬਲ ਦੀ  ਲੋੜ ਸੀ। ਜਦੋਂ ਗੰਗਾ ਨਦੀ ਦੇ ਤੱਟ ਦੀਆਂ ਜ਼ਮੀਨਾਂ 'ਤੇ ਜਿੰਮੀਦਾਰਾਂ ਵੱਲੋਂ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਆਪਣੇ ਸਮੇਂ ਦਾ ਨਾਮੀ ਪਹਿਲਵਾਨ ਮਟਰੂ ਹੀ ਆਪਣੇ ਬਾਹੂਬਲ ਦੇ ਜ਼ੋਰ 'ਤੇ  ਲੋਕ ਪੱਖੀ ਪੈਂਤੜੇ ਤੋਂ ਇਸ ਦਾ ਵਿਰੋਧ ਕਰਦਾ ਹੈ। ਪਹਿਲੋਂ ਉਹ ਆਪਣੀ ਸਰੀਰਕ ਤਾਕਤ ਦੇ ਬਲਬੂਤੇ 'ਤੇ ਜਿੰਮੀਦਾਰਾਂ ਨਾਲ ਟੱਕਰ ਲੈਂਦਾ ਹੈ ਪਰ ਆਪਣੀ ਗ੍ਰਿਫਤਾਰੀ ਤੋਂ ਬਾਦ ਉਸ ਨੂੰ ਸਮਝ ਪੈਂਦੀ ਹੈ ਕਿ ਉਹ ਆਪਣੀ ਨਿੱਜ਼ੀ ਤਾਕਤ ਨੂੰ ਸਾਂਝੀ ਲੋਕ ਤਾਕਤ ਦਾ ਹਿੱਸਾ ਬਣਾ ਕੇ ਹੀ  ਆਪਣੇ ਜਮਾਤੀ ਦੁਸ਼ਮਣ ਨੂੰ ਮਾਤ ਦੇ ਸਕਦਾ ਹੈ। 
   ਦਿਹਾਤੀ ਸਮਾਜਿਕ ਪ੍ਰਗਤੀ ਵਿਚ ਬਾਧਕ ਬਣੀਆਂ ਉਸ ਸਮੇਂ ਦੀਆਂ ਸਮਾਜਿਕ ਰੂੜੀਆਂ ਨੂੰ ਚਾਨੌਤੀ ਦੇਣ ਦਾ ਕਾਰਜ਼  ਇਕ ਹੋਰ ਪਹਿਲਵਾਨ ਪਾਤਰ ਗੋਪੀ ਵੱਲੋਂ ਕਿਤਾ ਜਾਂਦਾ ਹੈ । ਭਰਾ ਦੇ ਕਤਲ ਦਾ ਬਦਲਾ ਲੈਂਦਿਆਂ ਉਹ ਜੇਲ੍ਹ ਚਲਾ ਜਾਂਦਾ ਹੈ ਤੇ ਪਿੱਛੋਂ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ।ਭਾਵੇਂ ਵਿਧਵਾ ਭਰਜਾਈ ਨਾਲ ਵਿਆਹ ਕਰਾਉਣ ਦੀ ਸੋਚ ਰੱਖਣਾ ਵੀ ਉਸ ਵੇਲੇ ਸਮਾਜਿਕ ਵਿੱਵਸਥਾ ਨਾਲ ਸਿੱਧੇ ਰੂਪ ਵਿਚ ਟੱਕਰ ਲੈਣ ਦੇ ਬਰਾਬਰ ਸੀ ਪਰ ਗੋਪੀ ਮਟਰੂ ਪਹਿਲਵਾਨ ਦੀ ਮਦੱਦ ਨਾਲ ਸੱਭ ਸਮਾਜਿਕ ਮੁਸ਼ਕਿਲਾਂ 'ਤੇ ਪਾਰ ਪਾ ਕੇ ਆਪਣੀ ਭਰਜਾਈ ਦੇ ਬੇ-ਰੰਗ ਜੀਵਨ ਵਿਚ ਫਿਰ ਤੋਂ ਰੰਗ ਭਰਨ ਵਿਚ ਕਾਮਯਾਬ ਹੋ ਜਾਦਾ ਹੈ । ਮਾਂ- ਬਾਪ , ਰਿਸ਼ਤੇਦਾਰਾਂ ਤੇ ਭਾਈਚਾਰੇ ਵੱਲੋਂ ਵਿਧਵਾ ਵਿਆਹ ਦਾ ਕੀਤਾ ਵਿਰੋਧ ਆਖਿਰ ਗੋਪੀ ਤੇ ਮਟਰੂ ਦੀ ਦ੍ਰਿੜ ਇੱਛਾ ਸ਼ਕਤੀ ਅੱਗੇ ਹਾਰ ਜਾਂਦਾ ਹੈ। 
  ਨਾਵਲ ਕੁਦਰਤ ਨਾਲ ਮਨੁੱਖ ਦੇ ਸਦੀਵੀ  ਪ੍ਰੇਮ ਨੂੰ ਪ੍ਰਤੀਕਾਤਮਕ ਅਰਥ ਦੇਣ ਲਈ ਗੰਗਾ ਨਦੀ ਨਾਲ ਜੁੜੀ ਲੋਕ ਆਸਥਾ ਦੀ ਵਰਤੋਂ ਕਰਦਾ ਹੈ ਤਾਂ ਨਵੇਂ ਯੁਗ ਦੇ ਪਾਠਕਾਂ ਅੰਦਰ ਵੀ ਕੁਦਰਤੀ ਜੀਵਨ ਸਰੋਤਾਂ ਪ੍ਰਤੀ ਮੋਹ ਦੀ ਭਾਵਨਾਂ ਜਾਗਦੀ ਹੈ। ਨਾਵਲ ਦੀ ਕਥਾ ਭਾਸ਼ਾ ਲੋਕ ਮੁਹਾਵਰੇ ਵਾਲੇ ਸਰਲ ਬਿਰਤਾਂਤ ਸਿਰਜ ਕੇ ਆਪਣੇ ਪਾਠਕੀ ਘੇਰੇ ਨੂੰ ਵਿਸ਼ਾਲ ਕਰਨ ਵਿਚ ਸਹਾਈ ਬਣਦੀ ਹੈ। ਡਾ: ਬਲਦੇਵ ਸਿੰਘ ਬੱਦਨ ਵੱਲੋਂ ਕੀਤਾ ਇਸ ਨਾਵਲ ਦਾ ਪੰਜਾਬੀ ਅਨੁਵਾਦ ਬਹੁਤ ਸੁਚੱਜਾ ਹੈ।ਇਸ ਤਰਾਂ ਲੱਗਦਾ ਹੈ ਜਿਵੇਂ ਇਹ ਨਾਵਲ ਮੂਲ ਰੂਪ ਵਿਚ ਪੰਜਾਬੀ ਭਾਸ਼ਾ ਵਿਚ ਹੀ ਲਿੱਖਿਆ ਗਿਆ ਹੋਵੇ। ਇਹ ਅਨੁਵਾਦ ਨਾਵਲ ਦੀ ਖੇਤਰੀ ਆਂਚਲਿਕਤਾ ਤੇ ਮੌਲਕਿਤਾ ਨੂੰ ਵੀ ਪੂਰੀ ਤਰਾਂ ਬਰਕਰਾਰ ਰੱਖਦੀ ਹੈ।