ਕਲਮ ਮੇਰੀ ਦਾ ਰਸਤਾ (ਕਵਿਤਾ)

ਲਖਵਿੰਦਰ ਵਾਲੀਆ    

Email: infowwebc@gmail.com
Cell: +91 94176 44211
Address: ਜੋਗਾ ਮਾਨਸਾ Joga
Mansa India
ਲਖਵਿੰਦਰ ਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਿਖਦਾ ਜਾਵਾਂ ਸਫਰ ਕਦੇ ਨਾ ਮੁੱਕੇ
ਇਸ ਪਿਆਸੀ ਕਲਮ ਦਾ
ਕਾਗ਼ਜ ਦੀ ਹਿੱਕੜੀ ਤੇ
ਖੇਡ ਕੇ ਜਵਾਨ ਹੋਣਗੇ
ਕਦੇ ਤਾਂ ਮੇਰੇ ਹਰਫ਼ ...

ਕਦੇ ਕਿਸੇ ਦੀ ਸੁੰਨੀ ਗੋਦ ਦਾ
ਹੁੰਘਾਰਾ ਭਰਦੀ ਹੈ ਮੇਰੀ ਕਲਮ
ਜੋ ਕੁੱਖਾਂ ਵੀ ਬਣੀਆਂ ਸਨ ਕਬਰਾਂ
ਉਨ੍ਹਾਂ ਕਲੀਆਂ ਨੂੰ ਮਸਾਣਾਂ ਵਿਚ
ਜਾ ਕੇ ਮਿਲਦੀ ਹੈ ਮੇਰੀ ਕਲਮ...

ਰਾਹਾਂ ਵਿਚ ਬੁੱਝੇ ਕਈ ਘਰਾਂ ਦੇ ਚਿਰਾਗਾਂ ਨੂੰ 
ਸੁਣ ਮਾਵਾਂ ਦੇ ਹਾਉਂਕੇ ਸੁਪਨਿਆਂ ਵਿਚ
ਰੁਸਨਾਉਂਦੀ ਹੈ ਮੇਰੀ ਕਲਮ..

ਨਿੱਕੇ-ਨਿੱਕੇ ਹੱਥ ਕਾਗਜ਼ ਚੁਗਦੇ
ਰੰਗ-ਬਰੰਗੇ ਸੁਪਨੇ ਬੁਣਦੇ
ਉਹ ਕੰਮੀਆਂ ਤੇ ਮਜ਼ਦੂਰਾਂ ਦੇ
ਗੀਤ ਗੁਣ-ਗਣਾਉਦੀ ਹੈ ਮੇਰੀ ਕਲਮ...

ਛੱਡ ਦੇਸ, ਪਰਾਏ ਹੋਏ ਜੋ 
ਮਾਵਾਂ ਦੇ ਮੋਹ ਤੋਂ ਖੋਏ ਜੋ
ਸੁਣ ਦੁੱਖੜੇ ਉਨਾਂ ਝੱਲਿਆਂ ਦੇ
ਹੰਝੂਆਂ ਵਿਚ ਪਰੋਏ ਜੋ 
ਇਹ ਕਲਮ ਮੇਰੀ ਦਾ ਰਸਤਾ ਹੈ
ਇਸ ਜਿੰਦਗੀ ਦੇ ਰਾਹੀਆਂ ਨੂੰ
ਇਸ਼ਕ ਦਾ ਗੀਤ ਸੁਣਾਉਦੀ ਹੈ ਮੇਰੀ ਕਲਮ..