' ਬਾਲ ਪ੍ਰੀਤ' ਦਾ ਵਿਸਾਖੀ ਨੂੰ ਸਮਰਪਿਤ ਅੰਕ ਜਾਰੀ (ਖ਼ਬਰਸਾਰ)


ਬੱਚਿਆਂ ਵਿੱਚ ਰਚਨਾਤਮਕ  ਰੁਚੀਆਂ ਪੈਦਾ ਕਰਨ ਦੇ ਉਦੇਸ਼  ਨਾਲ ਜ਼ਿਲ੍ਹਾ ਬਾਲ ਭਲਾਈ ਕੌਂਸਲ  ਵੱਲੋਂ ਸ਼ੁਰੂ ਕੀਤੇ ਗਏ ਦੋ ਮਾਸਿਕ  ਰਸਾਲੇ 'ਬਾਲ ਪ੍ਰੀਤ' ਦਾ ਵਿਸਾਖੀ ਨੂੰ ਸਮਰਪਿਤ ਅੰਕ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਰੀ ਕੀਤਾ ਗਿਆ। ਖੁਸ਼ੀਆਂ ਤੇ ਖੇੜਿਆਂ ਦੇ ਪ੍ਰਤੀਕ ਤਿਓਹਾਰ 'ਵਿਸਾਖੀ' ਨੂੰ ਸਮਰਪਿਤ ਇਸ ਅੰਕ ਨੂੰ ਸਾਰੇ ਬੱਚਿਆਂ ਲਈ ਰੌਚਕ ਤੇ ਗਿਆਨ ਭਰਪੂਰ ਆਖਦਿਆਂ ਸ਼ੀ੍ਰ ਜੀ.ਕੇ. ਸਿੰਘ ਨੇ ਕਿਹਾ ਕਿ ਇਹ ਰਸਾਲਾ ਜਿਥੇ ਬੱਚਿਆਂ ਨੂੰ ਮਿਆਰੀ ਸੇਧ ਦੇਣ ਵਿੱਚ ਸਫਲ ਸਾਬਤ ਹੋਵੇਗਾ ਉਥੇ ਹੀ ਵੱਖ-ਵੱਖ ਉਮਰ ਵਰਗ ਦੇ ਪਾਠਕ ਵੀ ਇਸ ਰਸਾਲੇ ਨੂੰ ਪਸੰਦ ਕਰਨਗੇ। ਇਸ ਦੌਰਾਨ ਏ.ਡੀ.ਸੀ. ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ 'ਬਾਲ ਪ੍ਰੀਤ' ਰਸਾਲੇ ਪ੍ਰਤੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਰਵਾਂ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਹਰ ਅੰਕ ਨੂੰ ਵਿਸ਼ੇਸ਼ ਵਿਸ਼ੇ ਮੁਤਾਬਕ ਤਿਆਰ ਕੀਤਾ ਜਾਵੇਗਾ ਤਾਂ ਜੋ ਸਬੰਧਤ ਵਿਸ਼ੇ ਬਾਰੇ ਬੱਚਿਆਂ ਸਮੇਤ ਸਾਰੇ ਪਾਠਕਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਰਸਾਲਾ ਜਾਰੀ ਕਰਨ ਮੌਕੇ ਸਹਾਇਕ ਕਮਿਸ਼ਨਰ ਮਿਸ ਅਨੁਪ੍ਰਿਤਾ ਜੌਹਲ, ਸ਼੍ਰੋਮਣੀ ਬਾਲ ਸਾਹਿਤ ਲੇਖਕ ਅਤੇ ਰਸਾਲੇ ਦੇ ਆਨਰੇਰੀ ਸੰਪਾਦਕ ਡਾ. ਦਰਸ਼ਨ ਸਿੰਘ ਆਸ਼ਟ, ਬਾਲ ਰੋਗਾਂ ਦੇ ਮਾਹਿਰ ਡਾ. ਹਰਸ਼ਿੰਦਰ ਕੌਰ, ਡਾ. ਪ੍ਰਿਤਪਾਲ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਬਲਬੀਰ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼੍ਰੀਮਤੀ ਹਰਿੰਦਰ ਕੌਰ, ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਡਾ. ਰਾਜਵੰਤ ਕੌਰ ਪੰਜਾਬੀ ਤੋਂ ਇਲਾਵਾ ਸੀ.ਡੀ.ਪੀ.ਓਜ਼ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Photo
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ 'ਬਾਲ ਪ੍ਰੀਤ' ਰਸਾਲੇ ਨੂੰ ਜਾਰੀ ਕਰਦੇ ਹੋਏ। ਉਨ੍ਹਾਂ ਨਾਲ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਮਿਸ ਅਨੁਪ੍ਰਿਤਾ ਜੌਹਲ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਹਰਸ਼ਿੰਦਰ ਕੌਰ ਤੇ ਹੋਰ ਸਖ਼ਸ਼ੀਅਤਾਂ।